ਨਿਓਂਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਿਓਂਦਾ ਪੰਜਾਬੀ ਵਿਆਹ ਪ੍ਰਣਾਲੀ ਦੀ ਇੱਕ ਅਹਿਮ ਤੇ ਸਾਰਥਕ ਰਸਮ ਹੈ। ਇਹ ਇੱਕ ਤਰ੍ਹਾਂ ਨਾਲ ਵਿਆਹ ਦੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਆਰਥਿਕ ਸਹਾਇਤਾ ਦੇਣ ਵਾਲੀ ਰਸਮ ਹੈ। ਇਹ ਉਹ ਰਕਮ ਹੁੰਦੀ ਹੈ ਜੋ ਸਾਰਿਆਂ ਦੁਆਰਾ ਦਿੱਤੇ ਥੋੜੇ ਥੋੜੇ ਪੈਸਿਆਂ ਨਾਲ ਇਕੱਠੀ ਹੋ ਜਾਂਦੀ ਹੈ ਤੇ ਵਿਆਹ ਕਰਨ ਵਾਲਾ ਪਰਿਵਾਰ ਨਿਓਂਦਾ ਪਾਉਣ ਵਾਲੇ ਨੂੰ ਉਹਨਾਂ ਦੇ ਵਿਆਹ ਮੌਕੇ ਵਾਪਸ ਕਰ ਦਿੰਦਾ ਹੈ। ਮੁੰਡੇ ਜਾਂ ਕੁੜੀ ਦੇ ਵਿਆਹ ਵੇਲੇ ਹੀ ਨਿਓਂਦਾ ਪਾਉਣ ਦੀ ਰਸਮ ਕੀਤੀ ਜਾਂਦੀ ਹੈ ਜਿਸ ਵਿੱਚ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਪਿੰਡਾਂ ਵਿੱਚ ਅਕਸਰ ਗੁਰੂਦੁਆਰੇ ਬੇਨਤੀ ਬੁਲਾਈ ਜਾਂਦੀ ਹੈ ਕਿ ਫਲਾਣੇ ਦੇ ਘਰ ਨਿਓਂਦਾ ਪੈ ਰਿਹਾ ਹੈ ਜਿਸ ਦਾ ਵੀ ਉਹਨਾਂ ਨਾਲ ਨਿਓਂਦਾ ਚਲਦਾ ਹੈ ਉਹ ਨਿਓਂਦਾ ਪਾ ਆਉਣ।

ਰਸਮੀ ਪ੍ਰਕਿਰਿਆ[ਸੋਧੋ]

ਪੁਰਾਣੇ ਸਮੇਂ ‘ਚ ਘਰ ਦੇ ਵੇਹੜੇ ਵਿੱਚ ਚਾਦਰਾਂ ਵਿਛਾ ਕੇ ਪਿੰਡ ਦੀ ਪੰਚਾਇਤ, ਸ਼ਰੀਕੇ ਕਬੀਲੇ ਤੇ ਰਿਸ਼ਤੇਦਾਰਾਂ ਨੂੰ ਬਿਠਾ ਦਿੱਤਾ ਜਾਂਦਾ ਸੀ। ਨਿਓਂਦਾ ਲੈਣ ਵੇਲੇ ਰੁਪਇਆਂ ਨੂੰ ਖੋਟਾ ਖਰਾ ਪਰਖਣ ਲਈ ਪਿੰਡ ਦਾ ਸੁਨਿਆਰ ਬੁਲਾਇਆ ਜਾਂਦਾ ਸੀ। ਪਿੰਡ ਦਾ ਪਾਂਧਾ ਜਾਂ ਬਾਣੀਆ ਜਾਂ ਲਿਖਤ ਪੜ੍ਹਤ ਕਰਨ ਲਈ ਬੁਲਾਇਆ ਜਾਂਦਾ ਸੀ। ਪਾਂਧਾ ਵਹੀ ਖੋਲ ਕੇ ਹਲਦੀ ਕੇਸਰ ਨਾਲ ਓਮ ਦਾ ਨਿਸ਼ਾਨ ਬਣਾ ਕੇ ਫੇਰ ਲਿਖਤ ਸ਼ੁਰੂ ਕਰਦਾ ਸੀ। ਪਹਿਲਾਂ ਨਾਨਕਿਆਂ ਦਾ ਨਿਓਂਦਾ ਲਿਖਿਆ ਜਾਂਦਾ ਸੀ ਜੋ ਇੱਕੀ, ਇਕੱਤੀ ਜਾਂ ਇਕਵੰਜਾ ਰੁਪਏ ਪਾਉਂਦੇ ਸਨ। ਜੇ ਵਿਆਹ ਵਾਲਿਆਂ ਨੇ ਪਹਿਲਾਂ ਇੱਕੀ ਰੁਪਏ ਪਾਏ ਹੁੰਦੇ ਤਾਂ ਅਗਲਾ ਬਦਲੇ ‘ਚ ਇਕੱਤੀ ਰੁਪਏ ਪਾਉਂਦਾ। ਇਹ ਇੱਕ ਤਰਾਂ ਦਾ ਵਾਧਾ ਕੀਤਾ ਜਾਂਦਾ ਸੀ। ਵਾਧੇ ਦਾ ਮਤਲਬ ਪਹਿਲਾਂ ਵਾਲੇ ਮੂਲ ਰੁਪਏ ਚੁਕਾ ਕੇ ਅਗਲੇ ਕਾਰਜ ਲਈ ਅਗਾਊਂ ਹੀ ਰੁਪਏ ਪਾ ਦਿੱਤੇ ਜਾਂਦੇ ਸੀ। ਨਿਓਂਦੇ ਵੇਲੇ ਰੁਪਇਆਂ ਦੇ ਨਾਲ ਨਾਲ ਟੂਮਾਂ (ਸੋਨੇ) ਦਾ ਵੀ ਲੈਣ ਦੇਣ ਕੀਤਾ ਜਾਂਦਾ ਸੀ। ਅੱਜ ਕੱਲ੍ਹ ਇਹ ਰਸਮ ਟਾਵੇਂ ਟਾਵੇਂ ਘਰ ਹੀ ਕਰਦੇ ਹਨ ਜਾਂ ਫਿਰ ਲੋਕ ਪੁਰਾਣਾ ਨਿਓਂਦਾ ਹੀ ਵਾਪਸ ਕਰਦੇ ਹਨ, ਵਾਧਾ ਨਹੀਂ ਕਰਦੇ।

ਮਹੱਤਵ[ਸੋਧੋ]

ਇਸ ਰਸਮ ਦਾ ਮਨੋਰਥ ਵਿਆਹ ਕਰਨ ਵਾਲੇ ਪਰਿਵਾਰ ਨੂੰ ਆਰਥਿਕ ਪੱਖੋਂ ਸਹਾਰਾ ਦੇਣਾ ਹੁੰਦਾ ਹੈ। ਸਾਕ ਸੰਬੰਧੀਆਂ ਦੁਆਰਾ ਦਿੱਤੇ ਥੋੜੇ ਥੋੜੇ ਪੈਸੇ ਕਾਫੀ ਵੱਡੀ ਰਕਮ ਬਣ ਜਾਂਦੇ ਹਨ ਜਿਸ ਨਾਲ ਵਿਆਹ ਕਰਨ ਵਾਲੇ ਨੂੰ ਵਿਆਹ ਦਾ ਖਰਚ ਚੁੱਕਣਾ ਅਸਾਨ ਹੋ ਜਾਂਦਾ ਹੈ।