ਸਮੱਗਰੀ 'ਤੇ ਜਾਓ

ਨਿਕੋਲਾਈ ਚੇਰਨੀਸ਼ੇਵਸਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਿਕੋਲਾਈ ਚੇਰਨੀਸ਼ੇਵਸਕੀ

ਨਿਕੋਲਾਈ ਗਵਰੀਲੋਵਿਚ ਚੇਰਨੀਸ਼ੇਵਸਕੀ (ਰੂਸੀ: Никола́й Гаври́лович Черныше́вский, 12 ਜੁਲਾਈ 1828 – 17 ਅਕਤੂਬਰ 1889) ਰੂਸੀ ਇਨਕਲਾਬੀ ਜਮਹੂਰੀਅਤਪਸੰਦ, ਭੌਤਿਕਵਾਦੀ ਦਾਰਸ਼ਨਿਕ, ਆਲੋਚਕ ਅਤੇ ਸਮਾਜਵਾਦੀ ਚਿੰਤਕ ਸੀ (ਕੁਝ ਲੋਕ ਉਸ ਨੂੰ ਯੁਟੋਪੀਆਈ ਸਮਾਜਵਾਦੀ ਖਿਆਲ ਕਰਦੇ ਹਨ)।ਉਹ 1860ਵਿਆਂ ਦੀ ਇਨਕਲਾਬੀ ਜਮਹੂਰੀ ਲਹਿਰ ਦਾ ਆਗੂ ਸੀ ਅਤੇ ਲੈਨਿਨ, ਐਮਾ ਗੋਲਡਮਾਨ ਅਤੇ ਸੇਰਬੀਆਈ ਰਾਜਨੀਤਕ ਲੇਖਕ ਅਤੇ ਸਮਾਜਵਾਦੀ ਸਵੈਤੋਜ਼ਾਰ ਮਾਰਕੋਵਿਚ (Svetozar Marković) ਉਸ ਤੋਂ ਡੂੰਘੀ ਤਰ੍ਹਾਂ ਪ੍ਰਭਾਵਿਤ ਵਿਅਕਤੀਆਂ ਵਿੱਚੋਂ ਕੁਝ ਹਨ।

ਜੀਵਨ[ਸੋਧੋ]

ਇੱਕ ਪੁਜਾਰੀ ਦਾ ਪੁੱਤਰ, ਚੇਰਨੀਸ਼ੇਵਸਕੀ ਸਾਰਾਤੋਵ ਵਿੱਚ 1828 ਵਿੱਚ ਪੈਦਾ ਹੋਇਆ ਸੀ, ਅਤੇ 1846 ਤੱਕ ਉੱਥੇ ਹੀ ਰਿਹਾ। ਉਹਨੇ ਇੱਕ ਮਕਾਮੀ ਸਕੂਲ ਵਿੱਚ ਅੰਗਰੇਜ਼ੀ, ਫ਼ਰਾਂਸੀਸੀ, ਜਰਮਨ, ਇਤਾਲਵੀ, ਲੈਟਿਨ, ਗਰੀਕ ਅਤੇ ਪੁਰਾਣੀ ਸਲਾਵ ਭਾਸ਼ਾ ਦੀ ਸਿੱਖਿਆ ਪ੍ਰਾਪਤ ਕੀਤੀ। ਉੱਥੇ ਹੀ ਉਹਦਾ ਸਾਹਿਤ ਨਾਲ ਪ੍ਰੇਮ ਹੋ ਗਿਆ।[1] ਸੇਂਟ ਪੀਟਰਸਬਰਗ ਯੂਨੀਵਰਸਿਟੀ ਵਿੱਚ ਉਹਨੂੰ ਅਕਸਰ ਆਪਣੇ ਕਮਰੇ ਨੂੰ ਗਰਮ ਕਰਨ ਲਈ ਸੰਘਰਸ਼ ਕਰਨਾ ਪੈਂਦਾ ਸੀ। ਉਸ ਨੇ ਇੱਕ ਮੋਏ ਦੋਸਤ ਉੱਤੇ ਅਥਰੂਆਂ ਦੀ ਗਿਣਤੀ ਵਰਗੀਆਂ ਨਿੱਕੀਆਂ ਨਿੱਕੀਆਂ ਗੱਲਾਂ ਲਈ ਇੱਕ ਡਾਇਰੀ ਰੱਖੀ ਹੋਈ ਸੀ। ਇੱਥੇ ਹੀ ਸੀ ਕਿ ਉਹ ਇੱਕ ਨਾਸਤਿਕ ਬਣ ਗਿਆ।[2] ਉਹ ਲੁਡਵਿਗ ਫਿਊਰਬਾਖ ਅਤੇ ਚਾਰਲਸ ਫੂਰੀਅਰ ਦੀਆਂ ਰਚਨਾਵਾਂ ਤੋਂ ਪ੍ਰਭਾਵਿਤ ਹੋਇਆ। 1850 ਵਿੱਚ ਸੇਂਟ ਪੀਟਰਸਬਰਗ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹ ਸਾਰਾਤੋਵ ਵਿੱਚ ਇੱਕ ਜਿਮਨੇਜ਼ੀਅਮ ਵਿੱਚ ਸਾਹਿਤ ਪੜ੍ਹਾਉਣ ਲੱਗ ਪਿਆ। 1853 ਤੋਂ 1862 ਤੱਕ ਉਹ ਸੇਂਟ ਪੀਟਰਸਬਰਗ ਵਿੱਚ ਰਹਿੰਦਾ ਰਿਹਾ, ਅਤੇ 'ਸੋਵਰੇਮੈਨਿਕ' (ਸਮਕਾਲੀ) ਦਾ ਮੁੱਖ ਸੰਪਾਦਕ ਬਣ ਗਿਆ, ਜਿਸ ਵਿੱਚ ਉਸ ਨੇ ਆਪਣੇ ਮੁੱਖ ਸਾਹਿਤਕ ਰੀਵਿਊ ਅਤੇ ਦਰਸ਼ਨ ਉੱਤੇ ਆਪਣੇ ਨਿਬੰਧ ਪ੍ਰਕਾਸ਼ਿਤ ਕੀਤੇ। thumb|left|180px|ਸਰਾਤੋਵ ਵਿੱਚ ਚੇਰਨੀਸ਼ੇਵਸਕੀ ਦੀ ਯਾਦਗਾਰ

ਰਚਨਾਵਾਂ[ਸੋਧੋ]

ਕੀ ਕਰਨਾ ਲੋੜੀਏ[ਸੋਧੋ]

ਮੂਲ ਰੂਸੀ: (Что делать, ਗੁਰਮੁਖੀ:ਸ਼ਤੋ ਦੇਲਾਤ), 1905 ਅਡੀਸ਼ਨ ਦਾ ਟਾਈਟਲ ਪੰਨਾ

ਇਹ ਦੁਨੀਆ ਦੀਆਂ ਕੁੱਝ ਚੁਨੀਂਦਾ ਕਿਤਾਬਾਂ ਵਿੱਚੋਂ ਇੱਕ ਹੈ। ਇਹ ਲੈਨਿਨ ਦੀਆਂ ਸਭ ਤੋਂ ਪਿਆਰੀਆਂ ਕਿਤਾਬਾਂ ਵਿੱਚੋਂ ਇੱਕ ਸੀ। ਇਸ ਨਾਵਲ ਵਿੱਚ ਰਹਮੇਤੋਵ, ਲੋਪੁਖੋਵ ਅਤੇ ਕਿਰਤਾਨੇਵ ਵਰਗੇ ਉਦਾੱਤ ਨਾਇਕਾਂ ਦੀ ਸਿਰਜਣਾ ਕੀਤੀ ਗਈ ਹੈ ਜੋ ਨਵੇਂ ਮਨੁੱਖ ਦੇ ਆਦਰਸ਼ ਨੂੰ ਨਿਰੂਪਿਤ ਕਰਦੇ ਹਨ। ਇਸ ਨਾਵਲ ਦੀ ਭੂਮਿਕਾ ਵਿੱਚ ਦੱਸਿਆ ਗਿਆ ਹੈ, “ਜੀਵਨ ਦੀ ਸੱਚ ਨੂੰ ਚੇਰਨੀਸ਼ੇਵਸਕੀ ਸਾਹਿਤਕ ਰਚਨਾ ਦੀ ਮੂਲ ਕਸੌਟੀ ਮੰਨਦੇ ਸਨ ਅਤੇ ਉਹਨਾਂ ਦਾ ਇਹ ਨਾਵਲ ਇਸ ਕਸੌਟੀ ਉੱਤੇ ਖਰਾ ਉਤਰਦਾ ਹੈ। ਇਸ ਨਾਵਲ ਦਾ ਸਭ ਤੋਂ ਪਹਿਲਾ ਲਕਸ਼ ਲੋਕਾਂ ਲਈ ਸੱਚੇ ਅਰਥਾਂ ਵਿੱਚ ਸੱਚੀ ਮਾਨਵੀ ਨੈਤਿਕਤਾ ਅਤੇ ਸੱਚੇ ਅਰਥਾਂ ਵਿੱਚ ਰੂਹਾਨੀਅਤ ਨਾਲ ਭਰਪੂਰ ਜੀਵਨ ਦਾ ਪ੍ਰਚਾਰ ਕਰਨਾ ਹੈ। ਇਹ ਰਾਜਨੀਤਕ, ਸਮਾਜਕ ਅਤੇ ਦਾਰਸ਼ਨਕ ਨਾਵਲ…ਵਾਸਤਵ ਵਿੱਚ ਪ੍ਰੇਮ ਦੀ ਕਿਤਾਬ ਹੈ। ਪਿਆਰ-ਮੁਹੱਬਤ ਦਾ ਨਾਵਲ ਨਹੀਂ, ਸਗੋਂ ਸੱਚੇ ਅਰਥਾਂ ਵਿੱਚ ਪ੍ਰੇਮ ਦੀ ਕਿਤਾਬ ਜੋ ਇਹ ਦੱਸਦੀ ਹੈ ਕਿ ਅਸਲੀ, ਸੱਚਾ ਪਿਆਰ ਕੀ ਹੁੰਦਾ ਹੈ ਅਤੇ ਲੋਕਾਂ ਨੂੰ ਮਨੁੱਖ ਦੀ ਤਰ੍ਹਾਂ ਜੀਣ ਅਤੇ ਪ੍ਰੇਮ ਕਰਨ ਲਈ ਕਿਸ ਚੀਜ ਦੀ ਜ਼ਰੂਰਤ ਹੈ। ਇਹ ਕਿਤਾਬ ਮਨੋਰੰਜਨ ਅਤੇ ਮਨਪਰਚਾਵੇ ਲਈ ਨਹੀਂ ਹੈ। ਇਹ ਨਿਪੁੰਨ ਅਤੇ ਚਿੰਤਨਸ਼ੀਲ ਪਾਠਕ ਲਈ ਹੈ।”

ਲੈਨਿਨ ਨੇ ਇਸ ਨਾਵਲ ਦੇ ਸੰਬੰਧ ਵਿੱਚ ਲਿਖਿਆ ਹੈ, “ਚੇਰਨੀਸ਼ੇਵਸਕੀ ਦਾ ਇਹ ਨਾਵਲ ਇੰਨਾ ਮੁਸ਼ਕਲ ਅਤੇ ਗਹਿਰਾ ਹੈ ਕਿ ਇਸਨੂੰ ਛੋਟੀ ਉਮਰ ਵਿੱਚ ਸਮਝਣਾ ਅਸੰਭਵ ਹੈ। ਮੈਂ ਖੁਦ ਆਪ, ਜਿੱਥੇ ਤੱਕ ਯਾਦ ਹੈ, 14 ਸਾਲ ਦੀ ਉਮਰ ਵਿੱਚ ਇਸਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਸੀ। ਉਦੋਂ ਇਹ ਵਿਅਰਥ, ਸਤਹੀ ਅਧਿਐਨ ਸੀ। ਪਰ ਵੱਡੇ ਭਰਾ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਬਾਅਦ ਮੈਂ ਇਸਨੂੰ ਫਿਰ ਤੋਂ ਧਿਆਨ ਨਾਲ ਪੜ੍ਹਨ ਦਾ ਫੈਸਲਾ ਕੀਤਾ ਕਿਉਂਕਿ ਮੈਨੂੰ ਪਤਾ ਸੀ ਕਿ 'ਕੀ ਕਰਨਾ ਲੋੜੀਏ' ਨਾਵਲ ਮੇਰੇ ਭਰਾ ਦੀ ਪਿਆਰੀ ਕਿਤਾਬ ਸੀ। ਅਤੇ ਤਦ ਮੈਂ ਇਸਨੂੰ ਕਈ ਦਿਨ ਨਹੀਂ, ਕਈ ਹਫ਼ਤੇ ਪੜ੍ਹਦਾ ਰਿਹਾ। ਉਦੋਂ ਮੈਂ ਇਸਦੀ ਗਹਿਰਾਈ ਨੂੰ ਸਮਝਿਆ। ਇਹ ਇੱਕ ਅਜਿਹੀ ਕਿਤਾਬ ਹੈ ਜੋ ਜੀਵਨ-ਭਰ ਉਤਸ਼ਾਹ ਪ੍ਰਦਾਨ ਕਰਦੀ ਹੈ।”[3]

ਡਾਕ ਟਿਕਟਾਂ ਵਿੱਚ[ਸੋਧੋ]

ਹਵਾਲੇ[ਸੋਧੋ]

  1. Ana Siljak, Angel of Vengeance, page 57
  2. Ana Siljak, Angel of Vengeance, page 58
  3. Lenin, His Youth, and His Formation