ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਿਸ਼ਾਨ-ਏ-ਸਿੱਖੀ ਖਡੂਰ ਸਾਹਿਬ ਵਿੱਖੇ ਅੱਠ-ਮੰਜ਼ਿਲੀ ਇਮਾਰਤ ਦੀਆਂ 8 ਮੰਜ਼ਿਲਾਂ ਇਸ ਕਰ ਕੇ ਬਣਾਈਆਂ ਗਈਆਂ ਕਿ ਇਸ ਧਰਤੀ ਨੂੰ 8 ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ ਤੇ ਇਸ ਦੇ ਪੰਜ ਕੋਨੇ ਸਿੱਖ ਧਰਮ ਵਿੱਚ ਪੰਜਾਂ ਦੀ ਮਹਾਨਤਾ ਦੀ ਤਰਜਮਾਨੀ ਕਰਦੇ ਹਨ। 18 ਅਪਰੈਲ, 2004 ਨੂੰ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਗੁਰਪੁਰਬ ਦੇ ਮੌਕੇ ‘ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ (ਰਜਿ) ਖਡੂਰ ਸਾਹਿਬ’ ਵੱਲੋਂ ਨੀਂਹ ਪੱਥਰ ਰੱਖਿਆ ਗਿਆ ਸੀ। ਇਹ ਪੰਜ-ਭੁਜ ਆਕਾਰ ਵਾਲੀ ਇਮਾਰਤ ਲਗਪਗ 5 ਸਾਲਾਂ ਵਿੱਚ ਬਣ ਕੇ ਤਿਆਰ ਹੋਈ ਸੀ। ਇਮਾਰਤ ਮੂਹਰੇ ਕੀਤੀ ਗਈ ਲੈਂਡਸਕੇਪਿੰਗ ਤੇ ਹਰਿਆ-ਭਰਿਆ ਵਾਤਾਵਰਨ ਅਲੋਕਿਕ ਤੇ ਦਿਲ-ਟੁੰਬਵਾਂ ਹੈ। ਇਮਾਰਤ ਦੇ ਹੇਠਲੇ ਹਿੱਸੇ (ਬੇਸਮੈਂਟ) ਵਿੱਚ ਅਤਿ-ਆਧੁਨਿਕ ਆਡੀਟੋਰੀਅਮ ਬਣਾਇਆ ਗਿਆ ਹੈ, ਜਿਸ ਵਿੱਚ ਗੋਸ਼ਟੀਆਂ ’ਤੇ ਸੈਮੀਨਾਰ ਕਰਾਏ ਜਾਂਦੇ ਹਨ। ਜ਼ਮੀਨੀ ਮੰਜ਼ਿਲ ਉੱਪਰ ਸਵਾਗਤੀ ਦਫ਼ਤਰ, ਪ੍ਰਬੰਧਕੀ ਬਲਾਕ ਅਤੇ ਉੱਚ ਪੱਧਰੀ ਕਾਨਫਰੰਸ ਹਾਲ ਦੀ ਸਥਾਪਨਾ ਕੀਤੀ ਗਈ ਹੈ। ਉੱਪਰਲੀ ਮੰਜ਼ਿਲ ’ਤੇ ਡਿਜੀਟਲ ਲਾਇਬਰੇਰੀ ਵਿੱਚ ਹਰ ਖ਼ੇਤਰ ਨਾਲ ਸੰਬੰਧਤ ਕਿਤਾਬਾਂ ਅਤੇ ਵਿਦਿਅਕ ਸੌਫ਼ਟਵੇਅਰ ਉਪਲਬਧ ਕਰਾਏ ਗਏ ਹਨ। ਬਾਕੀ ਦੀਆਂ ਮੰਜ਼ਿਲਾਂ ਉੱਪਰ ਕੌਮ ਦੇ ਭਵਿੱਖ ਨੂੰ ਆਧੁਨਿਕ ਲੀਹਾਂ ’ਤੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਵਿੱਦਿਆ ਅਤੇ ਸਿਖਲਾਈ ਪ੍ਰਦਾਨ ਕਰਨ ਲਈ ਇੰਸਟੀਚਿਊਟ ਚਲਾਏ ਜਾ ਰਹੇ ਹਨ।[1]
- ↑ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ (ਰਜਿ) ਖਡੂਰ ਸਾਹਿਬ