ਸਮੱਗਰੀ 'ਤੇ ਜਾਓ

ਪਰਮਾਣੂ ਮਾਡਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਰਮਾਣੂ ਮਾਡਲ ਦੀ ਗੱਲ ਹੈ ਤਾਂ ਇਹ ਗਰੀਕ ਚਿੰਤਕ ਡੈਮੋਕਰੀਟਸ ਤੇ ਭਾਰਤੀ ਰਿਸ਼ੀ ਕਨਾਦ ਤਕ, ਡਾਲਟਨ ਤੋਂ ਹੁੰਦੀ ਹੋਈ ਉਨ੍ਹੀਵੀਂ ਸਦੀ ਦੇ ਆਖਰੀ ਦਹਾਕਿਆਂ ਤਕ ਜੋ ਪਰਮਾਣੂ ਬਾਰੇ ਨਿੱਤ ਨਵੀਆਂ ਖੋਜਾਂ ਦੇ ਵਰ੍ਹੇ ਸਨ। ਬੋਲਟਜ਼ਮੈਨ ਦੇ ਪਰਮਾਣੂ ਦੀ ਹੋਂਦ ਵਿੱਚ ਵਿਸ਼ਵਾਸ ਦੀ ਇੰਨੀ ਬੁਰੀ ਤਰ੍ਹਾਂ ਆਲੋਚਨਾ ਹੋਈ ਕਿ ਉਸ ਨੇ ਖ਼ੁਦਕੁਸ਼ੀ ਹੀ ਕਰ ਲਈ। ਸੰਨ 1905 ਵਿੱਚ ਅਲਬਰਟ ਆਈਨਸਟਾਈਨ ਦੇ ਪਰਮਾਣੂਆਂ ਦੀ ਉੱਘੜ-ਦੁਘੜੀ ਗਤੀ ਬਾਰੇ ਖੋਜ ਪੱਤਰ ਦੇ ਪ੍ਰਕਾਸ਼ਨ ਨੇ ਇਨ੍ਹਾਂ ਦੀ ਹੋਂਦ ਬਾਰੇ ਸ਼ੰਕਾ ਕਰਨ ਵਾਲਿਆਂ ਦੇ ਮੂੰਹ ਕਾਫ਼ੀ ਹੱਦ ਤਕ ਬੰਦ ਕਰ ਦਿੱਤੇ। ਜੇ.ਜੇ. ਥਾਮਸਨ ਵੱਲੋਂ ਇਲੈਕਟ੍ਰਾਨ ਦੀ ਖੋਜ ਨੇ ਇਹ ਵੀ ਸਾਬਤ ਕਰ ਦਿੱਤਾ ਕਿ ਨਾ ਸਿਰਫ਼ ਪਰਮਾਣੂ ਦੀ ਹੋਂਦ ਹੈ ਸਗੋਂ ਇਸ ਵਿੱਚ ਹੋਰ ਸੂਖ਼ਮ ਉਪ-ਕਣ ਵੀ ਹਨ। ਇਨ੍ਹਾਂ ਕਣਾਂ ਉੱਤੇ ਬਿਜਲਈ ਚਾਰਜ ਹੈ। ਜਿੰਨੇ ਕਣ ਮਨਫ਼ੀ ਬਿਜਲਈ ਚਾਰਜ ਵਾਲੇ ਹਨ, ਓਨੇ ਹੀ ਜਮ੍ਹਾਂ ਚਾਰਜ ਵਾਲੇ ਹਨ ਕਿਉਂਕਿ ਪਰਮਾਣੂ ਉੱਤੇ ਤਾਂ ਕੋਈ ਚਾਰਜ ਹੁੰਦਾ ਨਹੀਂ।

ਪਰਮਾਣੂ ਮਾਡਲਾਂ ਦੀ ਅਸਲ ਕਹਾਣੀ

[ਸੋਧੋ]

ਪਰਮਾਣੂ ਦੇ ਮਨਫ਼ੀ ਤੇ ਜਮ੍ਹਾਂ ਬਿਜਲਈ ਵਾਲੇ ਕਣਾਂ ਦੀ ਸਥਿਤੀ ’ਤੇ ਪ੍ਰਬੰਧ ਕੀ ਹੈ? ਇਹ ਪਰਮਾਣੂ ਵਿੱਚ ਕਿਵੇਂ ਪਏ ਹਨ?

ਜੇ. ਜੇ. ਥਾਮਸਨ ਦਾ ਮਾਡਲ

[ਸੋਧੋ]
ਪਲੱਮ ਪੁਡਿੰਗ ਮਾਡਲ
ਹੀਲੀਅਮ ਦਾ ਮਾਡਲ

ਜੇ.ਜੇ. ਥਾਮਸਨ ਨੇ ਹੀ ਸਭ ਤੋਂ ਪਹਿਲਾਂ ਮਾਡਲ ਦਿੱਤਾ। ਉਸ ਦੇ ਮਾਡਲ ਨੂੰ ਪਲੱਮ ਪੁਡਿੰਗ ਮਾਡਲ ਕਹਿੰਦੇ ਹਨ। ਖੀਰ ਦੇ ਗੋਲ ਚੱਕ ਉੱਤੇ ਬਰਾਬਰ ਰੂਪ ਵਿੱਚ ਜਮ੍ਹਾਂ ਬਿਜਲਈ ਚਾਰਜ ਵੰਡਿਆ ਪਿਆ ਹੈ। ਇਸ ਵਿੱਚ ਥਾਂ-ਥਾਂ ਇਲੈਕਟ੍ਰਾਨ ਇਉਂ ਖਿੰਡੇ ਪਏ ਹਨ ਜਿਵੇਂ ਸਟਰਾਬਰੀ ਜਾਂ ਸੌਗੀ ਦੇ ਦਾਣੇ। ਇਲੈਕਟ੍ਰਾਨ ਇਸ ਖੀਰ ਵਿੱਚ ਟਿਕ ਕੇ ਨਹੀਂ ਪਏ ਰਹਿੰਦੇ। ਇਹ ਇਧਰ-ਉਧਰ ਝੂਲਦੇ ਰਹਿੰਦੇ ਹਨ। ਜੇ.ਜੇ. ਥਾਮਸਨ ਨੇ ਇੰਗਲੈਂਡ ਦੀ ਕਵਿੰਡਸ਼ ਪ੍ਰਯੋਗਸ਼ਾਲਾ ਵਿੱਚ ਤਜਰਬੇ ਕਰਦੇ ਕਰਵਾਉਂਦੇ ਹੋਏ ਇਹ ਮਾਡਲ ਦਿੱਤਾ ਸੀ।

ਉੱਪਰ: ਨਤੀਜ਼ਾ: ਐਲਫਾ ਕਣ ਇਉਂ ਸਿੱਧੇ ਅੱਗੇ ਲੰਘ ਗਏ ਜਿਵੇਂ ਰਸਤੇ ਵਿੱਚ ਕੋਈ ਰੁਕਾਵਟ ਨਾ ਹੋਵੇ
ਹੇਠਾ: ਪਰਖ ਨਾਲ ਨਤੀਜ਼ਾ: ਐਲਫਾ ਕਣ ਇੰਜ ਵਾਪਸ ਪਰਤੇ ਜਿਵੇਂ ਅੱਗੇ ਜਾਣ ਨੂੰ ਰਾਹ ਹੀ ਨਾ ਹੋਵੇ। ਅਜਿਹੇ ਵਾਪਸ ਪਰਤਣ ਵਾਲੇ ਕਣ ਗਿਣਤੀ ਦੇ ਹੀ ਸਨ।

. ਚਿੱਤਰ ਸਕੇਲ ਮੁਤਾਬਕ ਨਹੀਂ ਹੈ]]

ਜੇ.ਜੇ.ਥਾਮਸਨ ਦੇ ਵਿਦਿਆਰਥੀ ਅਰਨੈਸਟ ਰਦਰਫੋਰਡ ਨੇ ਮਾਨਚੈਸਟਰ ਵਿੱਚ ਆਪਣੇ ਉਸਤਾਦ ਦੇ ਮਾਡਲ ਉੱਤੇ ਤਜਰਬੇ ਸ਼ੁਰੂ ਕੀਤੇ। ਰੈਂਸ ਗੀਗਰ ਅਤੇ ਅਰਨੈਸਟ ਮਾਰਸਡਨ ਉਸ ਦੇ ਸਹਾਇਕ ਸਨ। ਰੈਂਸ ਗੀਗਰ ਤੇ ਅਰਨੈਸਟ ਮਾਰਸਡਨ ਨੇ ਸੋਨੇ ਦਾ ਬਾਰੀਕ ਪੱਤਰਾ ਲੈ ਕੇ ਉਸ ਉੱਤੇ ਐਲਫਾ ਕਣਾਂ ਦੀ ਵਾਛੜ ਕੀਤੀ। ਐਲਫਾ ਕਣ ਜਮ੍ਹਾਂ ਚਾਰਜ ਵਾਲੇ ਦੋ ਕਣਾਂ ਦੇ ਗੋਲੇ ਹੁੰਦੇ ਹਨ। ਇਹ ਗੋਲੇ ਸੋਨੇ ਦੇ ਪਰਮਾਣੂਆਂ ਉੱਤੇ ਸੁੱਟ ਕੇ ਅਰਨੈਸਟ ਰਦਰਫੋਰਡ ਨੇ ਸਿੱਟੇ ਵੇਖੇ। ਕੁਝ ਐਲਫਾ ਕਣ ਇੰਜ ਵਾਪਸ ਪਰਤੇ ਜਿਵੇਂ ਅੱਗੇ ਜਾਣ ਨੂੰ ਰਾਹ ਹੀ ਨਾ ਹੋਵੇ। ਅਜਿਹੇ ਵਾਪਸ ਪਰਤਣ ਵਾਲੇ ਕਣ ਗਿਣਤੀ ਦੇ ਹੀ ਸਨ। ਬਹੁਤੇ ਐਲਫਾ ਕਣ ਇਉਂ ਸਿੱਧੇ ਅੱਗੇ ਲੰਘ ਗਏ ਜਿਵੇਂ ਰਸਤੇ ਵਿੱਚ ਕੋਈ ਰੁਕਾਵਟ ਨਾ ਹੋਵੇ। ਇਨ੍ਹਾਂ ਦੀ ਦਿਸ਼ਾ ਵਿੱਚ ਮਾਮੂਲੀ ਫ਼ਰਕ ਪਿਆ। ਸੋਚ-ਸੋਚ ਕੇ ਰਦਰਫੋਰਡ ਨੇ ਨਤੀਜਾ ਕੱਢਿਆ ਕਿ

  1. ਜੇ.ਜੇ.ਥਾਮਸਨ ਦਾ ਮਾਡਲ ਗ਼ਲਤ ਹੈ। ਪਰਮਾਣੂ ਦੇ ਜਮ੍ਹਾਂ ਬਿਜਲਈ ਚਾਰਜ ਵਾਲੇ ਸਾਰੇ ਕਣ ਇੱਕੋ ਥਾਂ ਉਸ ਦੀ ਨਾਭੀ ਵਿੱਚ ਪਏ ਹਨ। ਇਹੀ ਐਲਫਾ ਕਣਾਂ ਨੂੰ ਵਾਪਸ ਪੁੱਠੇ ਪੈਰੀਂ ਮੋੜਦੇ ਹਨ। ਪਰਮਾਣੂ ਦੀ ਨਿੱਕੀ ਜਿਹੀ ਨਾਭੀ ਤੋਂ ਇਲਾਵਾ ਸਾਰਾ ਐਟਮ ਖੋਖਲਾ ਅਤੇ ਨਾਭੀ ਦੇ ਮੁਕਾਬਲੇ ਬਹੁਤ ਵੱਡਾ ਹੈ।
  2. ਮਨਫ਼ੀ ਚਾਰਜ ਵਾਲੇ ਇਲੈਕਟ੍ਰਾਨ ਗ੍ਰਹਿਆਂ ਵਾਂਗ ਆਪਣੇ ਸੂਰਜ ਭਾਵ ਨਾਭੀ ਦੁਆਲੇ ਚੱਕਰ ਕੱਟਦੇ ਰਹਿੰਦੇ ਹਨ। ਪਰਿਕਰਮਾ ਕਰਦੇ ਰਹਿੰਦੇ ਹਨ। ਆਕਾਰ ਅਤੇ ਪਸਾਰੇ ਪੱਖੋਂ ਇਉਂ ਸਮਝੋ ਕਿ ਪਰਮਾਣੂ ਦੀ ਨਾਭੀ ਫੁੱਟਬਾਲ ਜਿੰਨੀ ਹੈ। ਪਰਮਾਣੂ ਦਾ ਪਸਾਰ ਫੁੱਟਬਾਲ ਦੇ ਮੈਦਾਨ ਜਿੰਨਾ ਹੈ। ਇਹ ਜਮ੍ਹਾਂ ਚਾਰਜ ਵਾਲਾ ਫੁੱਟਬਾਲ ਇਸ ਮੈਦਾਨ ਦੇ ਕੇਂਦਰ ਵਿੱਚ ਹੈ ਅਤੇ ਇਲੈਕਟ੍ਰਾਨ ਇਸ ਮੈਦਾਨ ਵਿੱਚ ਫੁੱਟਬਾਲ ਦੁਆਲੇ ਦੂਰ-ਦੂਰ ਪਰਿਕਰਮਾ ਕਰ ਰਹੇ ਹਨ।

ਮਾਡਲ ਦੀ ਘਾਟ

[ਸੋਧੋ]

ਇਹ ਮਾਡਲ ਸ਼ੁਰੂ-ਸ਼ੁਰੂ ਵਿੱਚ ਠੀਕ ਲੱਗਿਆ ਪਰ ਛੇਤੀ ਹੀ ਇਸ ਉੱਤੇ ਇਤਰਾਜ਼ ਹੋਣ ਲੱਗੇ। ਇਤਰਾਜ਼ ਸਨ ਵੀ ਵਾਜਬ। ਭੌਤਿਕ ਵਿਗਿਆਨ ਦਾ ਸਿਧਾਂਤ ਹੈ ਕਿ ਚਾਰਜ ਵਾਲਾ ਕੋਈ ਵੀ ਕਣ ਪਰਿਕਰਮਾ ਕਰੇ ਤਾਂ ਇਸ ਵਿੱਚੋਂ ਬਿਜਲ-ਚੁੰਬਕੀ ਤਰੰਗਾਂ ਦੇ ਰੂਪ ਵਿੱਚ ਊਰਜਾ ਦਾ ਵਿਕੀਰਨ ਹੁੰਦਾ ਹੈ। ਇੰਜ ਇਸ ਦੀ ਊਰਜਾ ਨਿਰੰਤਰ ਘਟਦੀ ਹੈ। ਜਿਉਂ-ਜਿਉਂ ਊਰਜਾ ਘਟੇਗੀ ਤਿਉਂ-ਤਿਉਂ ਪਰਿਕਰਮਾ ਕਰ ਰਹੇ ਕਣ ਦਾ ਪਰਿਕਰਮਾ ਚੱਕਰ ਨਿੱਕਾ ਹੋਈ ਜਾਵੇਗਾ। ਕਣ ਨਾਭੀ ਦੇ ਨੇੜੇ ਆਈ ਜਾਵੇਗਾ ਅਤੇ ਅੰਤ ਨਾਭੀ ਵਿੱਚ ਡਿੱਗ ਕੇ ਖਤਮ ਹੋ ਜਾਵੇਗਾ। ਇੰਜ ਸਿਧਾਂਤਕ ਤੌਰ ’ਤੇ ਹਰ ਪਰਮਾਣੂ ਨਿਰੰਤਰ ਅਸੰਤੁਲਨ ਵਿੱਚ ਹੋਣਾ ਚਾਹੀਦਾ ਹੈ ਅਤੇ ਪਰਮਾਣੂ ਆਪੇ ਨਸ਼ਟ ਹੋਈ ਜਾਣੇ ਚਾਹੀਦੇ ਹਨ। ਇੰਜ ਹੋ ਨਹੀਂ ਰਿਹਾ। ਇਸ ਲਈ ਇਸ ਮਾਡਲ ਵਿੱਚ ਕੋਈ ਨਾ ਕੋਈ ਗੜਬੜ ਤਾਂ ਹੈ ਹੀ। ਇਸ ਗੱਲ ਦਾ ਪਤਾ ਵਿਗਿਆਨੀਆਂ ਨੂੰ ਲੱਗ ਗਿਆ। ਇਸ ਸਮੱਸਿਆ ਉੱਤੇ ਤਜਰਬੇ ਸ਼ੁਰੂ ਹੋ ਗਏ। ਗੀਸਲਰ ਟਿਊਬ ਵਿੱਚ ਪਰਮਾਣੂਆਂ ਉੱਤੇ ਤਜਰਬਿਆਂ ਨੇ ਦੱਸਿਆ ਕਿ ਪਰਮਾਣੂਆਂ ਵਿੱਚੋਂ ਰੋਸ਼ਨੀ ਦੀਆਂ ਬਿਜਲ-ਚੁੰਬਕੀ ਤਰੰਗਾਂ ਹਰ ਸਮੇਂ, ਹਰ ਫਰੀਕੁਐਂਸੀ ਉੱਤੇ ਨਹੀਂ ਨਿਕਲਦੀਆਂ। ਇਹ ਕੁਝ ਖ਼ਾਸ ਫਰੀਕੁਐਂਸੀਆਂ ਉੱਤੇ ਨਿਕਲਦੀਆਂ ਹਨ।

ਇਲੈਕਟ੍ਰਾਨ ਵਡੇਰੇ/ਦੁਰਾਡੇ ਪਰਿਕਰਮਾ ਪੱਥ ਤੋਂ ਛੋਟੇ/ਨੇੜਲੇ ਪਰਿਕਰਮਾ ਪੱਥ ਵਿੱਚ ਛਾਲ ਮਾਰੇ ਤਾਂ ਇਹ ਇੱਕ ਫੋਟਾਨ ਊਰਜਾ ਛੱਡਦਾ ਹੈ

ਨੀਲਜ਼ ਬੋਹਰ[1], ਡੈਨਿਸ਼ ਪਿਤਾ ਤੇ ਯਹੂਦੀ ਮਾਤਾ ਦੇ ਬੇਟੇ ਨੀਲਜ਼ ਬੋਹਰ ਨੇ ਕੋਪਨਹੈਗਨ ਯੂਨੀਵਰਸਿਟੀ ਤੋਂ ਡਾਕਟਰੇਟ ਲੈ ਕੇ ਤੁਰੰਤ ਸੰਨ 1911 ਵਿੱਚ ਕਵਿੰਡਸ਼ ਪ੍ਰਯੋਗਸ਼ਾਲਾ ਵਿੱਚ ਖੋਜ ਕਾਰਜ ਸ਼ੁਰੂ ਕਰ ਦਿੱਤਾ ਸੀ। ਉਦੋਂ ਜੇ.ਜੇ.ਥਾਮਸਨ ਆਪਣੇ ਪਲੱਮ ਪੁਡਿੰਗ ਮਾਡਲ ਦਾ ਪੱਕਾ ਸਮਰਥਕ ਸੀ। ਇਸ ਮਾਡਲ ਦਾ ਕੋਈ ਵਿਰੋਧੀ ਉਸ ਨੂੰ ਚੰਗਾ ਨਹੀਂ ਸੀ ਲੱਗਦਾ। ਨੀਲਜ਼ ਬੋਹਰ, ਜੇ.ਜੇ.ਥਾਮਸਨ ਨੂੰ ਛੱਡ ਕੇ ਅਰਨੈਸਟ ਰਦਰਫੋਰਡ[2] ਨਾਲ ਕੰਮ ਕਰਨ ਲੱਗਾ। ਅਰਨੈਸਟ ਰਦਰਫੋਰਡ ਦਾ ਪਲੇਨੈਟਰੀ ਮਾਡਲ ਉਸ ਨੂੰ ਜੇ.ਜੇ.ਥਾਮਸਨ ਦੇ ਮਾਡਲ ਤੋਂ ਠੀਕ ਜਾਪਿਆ। ਬਸ ਇਸ ਵਿੱਚ ਕੁਝ ਸਿਧਾਂਤਕ ਸੋਧਾਂ ਦੀ ਲੋੜ ਸੀ। ਨੀਲਜ਼ ਬੋਹਰ ਨੇ ਹਾਈਡਰੋਜਨ ਦੇ ਪਰਮਾਣੂ ਨੂੰ ਲੈ ਕੇ ਇਸ ਮਾਡਲ ਵਿੱਚ ਸੋਧ ਦੇ ਕੁਝ ਸਿਧਾਂਤ ਜੋੜੇ।

ਸਿਧਾਂਤ

[ਸੋਧੋ]
  1. ਨਾਭੀ ਦੀ ਪਰਿਕਰਮਾ ਕਰ ਰਿਹਾ ਇਲੈਕਟ੍ਰਾਨ ਨਾਭੀ ਤੋਂ ਦੂਰ-ਨੇੜੇ ਹਰ ਪਰਿਕਰਮਾ ਪੱਥ ਉੱਤੇ ਚੱਕਰ ਕੱਟਣ ਲਈ ਸੁਤੰਤਰ ਨਹੀਂ ਹੈ। ਇਹ ਹੁਕਮ ਦਾ ਬੱਝਾ ਨਿਸ਼ਚਿਤ ਅਰਧ-ਵਿਆਸ ਵਾਲੇ ਚੱਕਰ ਵਿੱਚ ਹੀ ਪਰਿਕਰਮਾ ਕਰ ਸਕਦਾ ਹੈ।
  2. ਇਸ ਚੱਕਰ ਵਿੱਚ ਪਰਿਕਰਮਾ ਕਰਦੇ ਇਲੈਕਟ੍ਰਾਨ ਵਿੱਚੋਂ ਊਰਜਾ ਦੀ ਰੇਡੀਏਸ਼ਨ ਨਹੀਂ ਹੁੰਦੀ।
  3. ਇਲੈਕਟ੍ਰਾਨ ਦਾ ਪੁੰਜ (ਮਾਸ) ਮਾਮੂਲੀ ਹੈ। ਨਾਭੀ ਬੜੀ ਭਾਰੀ ਹੈ। ਸਾਰਾ ਭਾਰ ਨਾਭੀ ਦਾ ਹੀ ਹੈ।
  4. ਇਲੈਕਟ੍ਰਾਨ ਜਾਂ ਪਰਮਾਣੂ ਨੂੰ ਬਾਹਰੋਂ ਊਰਜਾ ਦੇਈਏ ਤਾਂ ਇਲੈਕਟ੍ਰਾਨ ਵਡੇਰੇ ਅਰਧ ਵਿਆਸ ਵਾਲੇ ਨਵੇਂ ਪਰਿਕਰਮਾ ਪੱਥ ਵਿੱਚ ਚੱਕਰ ਕੱਢਣ ਲੱਗਦਾ ਹੈ। ਹੋਰ ਊਰਜਾ ਦੇਈਏ ਤਾਂ ਹੋਰ ਵਡੇਰੇ ਅਰਧ ਵਿਆਸ ਵਾਲੇ ਪਰਿਕਰਮਾ ਪੱਥ ਵਿੱਚ ਛਾਲ ਮਾਰ ਦਿੰਦਾ ਹੈ ਅਤੇ ਉੱਥੇ ਹੀ ਘੁੰਮਣ ਲੱਗਦਾ ਹੈ। ਵੱਖ-ਵੱਖ ਅਰਧ ਵਿਆਸਾਂ ਵਾਲੇ ਇਹ ਪਰਿਕਰਮਾ ਪੱਥ ਬਾਕਾਇਦਾ ਨਿਸ਼ਚਿਤ ਹਨ। ਇਨ੍ਹਾਂ ਵਿੱਚ ਨਿਸ਼ਚਿਤ ਦੂਰੀ ਉੱਤੇ ਹੀ ਛਾਲ ਵੱਜਦੀ ਹੈ। ਵਿੱਚ-ਵਿਚਾਲੀ ਦੂਰੀ ਉੱਤੇ ਇਲੈਕਟ੍ਰਾਨ ਨਹੀਂ ਰਹਿ ਸਕਦਾ।
  5. ਜਦੋਂ ਇਲੈਕਟ੍ਰਾਨ ਵਡੇਰੇ/ਦੁਰਾਡੇ ਪਰਿਕਰਮਾ ਪੱਥ ਤੋਂ ਛੋਟੇ/ਨੇੜਲੇ ਪਰਿਕਰਮਾ ਪੱਥ ਵਿੱਚ ਛਾਲ ਮਾਰੇ ਤਾਂ ਇਹ ਇੱਕ ਫੋਟਾਨ ਊਰਜਾ ਛੱਡਦਾ ਹੈ।
  6. ਹਰ ਇਲੈਕਟ੍ਰਾਨ ਦਾ ਕੁਦਰਤ ਨੇ ਇੱਕ ਨਿਮਨਤਮ ਊਰਜਾ ਪੱਧਰ ਨਿਸ਼ਚਿਤ ਕਰ ਰੱਖਿਆ ਹੈ। ਗਰਾਊਂਡ ਸਟੇਟ ਐਨਰਜੀ ਲੈਵਲ। ਇਹ ਹੀ ਨਿਸ਼ਚਿਤ ਕਰਦਾ ਹੈ ਕਿ ਸਾਧਾਰਨ ਹਾਲਾਤ ਵਿੱਚ ਇਲੈਕਟ੍ਰਾਨ ਕਿੰਨੀ ਦੂਰੀ ਵਾਲੇ ਪਰਿਕਰਮਾ ਪੱਥ (ਆਰਬਿਟ) ਵਿੱਚ ਪਰਿਕਰਮਾ ਕਰੇਗਾ। ਇਸ ਆਰਬਿਟ ਵਿੱਚ ਘੁੰਮ ਰਹੇ ਇਲੈਕਟ੍ਰਾਨ ਵਿੱਚੋਂ ਊਰਜਾ ਦੀ ਰੇਡੀਏਸ਼ਨ ਬਿਲਕੁਲ ਨਹੀਂ ਹੁੰਦੀ। ਇਸ ਲਈ ਪਰਮਾਣੂ ਸੰਤੁਲਤ ਰਹਿੰਦੇ ਹਨ ਅਤੇ ਇਹ ਆਪਣੇ ਆਪ ਖ਼ਤਮ ਨਹੀਂ ਹੋ ਸਕਦੇ।

ਨੀਲਜ਼ ਬੋਹਰ ਦੇ ਇਸ ਮਾਡਲ ਦੀ ਸਿਧਾਂਤਕ ਤੇ ਪ੍ਰਯੋਗਕ ਪੱਧਰ ਉੱਤੇ ਸਫ਼ਲਤਾ ਨੇ ਇਸ ਨੂੰ ਤੇਜ਼ੀ ਨਾਲ ਵਿਗਿਆਨਕ ਹਲਕਿਆਂ ਵਿੱਚ ਮਾਨਤਾ ਦਿਵਾਈ। ਇਹ ਬੋਹਰ-ਰਦਰਫੋਰਡ ਮਾਡਲ ਵਜੋਂ ਹੀ ਪ੍ਰਸਿੱਧ ਹੋਇਆ। ਸੰਨ 1885 ਤੋਂ 1962 ਤਕ ਦੇ ਜੀਵਨ ਕਾਲ ਵਾਲੇ ਨੀਲਜ਼ ਬੋਹਰ ਨੂੰ ਸੰਨ 1922 ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਹਵਾਲੇ

[ਸੋਧੋ]