ਪਰੰਪਰਾ ਅਤੇ ਵਿਅਕਤੀਗਤ ਯੋਗਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪਰੰਪਰਾ ਅਤੇ ਵਿਅਕਤੀਗਤ ਯੋਗਤਾ (1919) ਅੰਗਰੇਜ਼ੀ ਕਵੀ, ਨਾਟਕਕਾਰ ਅਤੇ ਸਾਹਿਤ ਆਲੋਚਕ ਟੀ ਐਸ ਈਲੀਅਟ ਦਾ ਇੱਕ ਲੇਖ ਹੈ। ਇਹ ਲੇਖ ਪਹਿਲੀ ਵਾਰ ਦ ਈਗੋਟਿਸਟ (1919) ਵਿੱਚ ਅਤੇ ਬਾਅਦ ਵਿੱਚ ਈਲੀਅਟ ਦੀ ਪਹਿਲੀ ਆਲੋਚਨਾ ਪੁਸਤਕ, ਦ ਸੇਕਰਡ ਵੁੱਡ (The Sacred Wood) (1920)]] ਵਿੱਚ ਛਪਿਆ ਸੀ।[1] ਇਹ ਲੇਖ ਈਲੀਅਟ ਦੀ "ਚੋਣਵੀਂ ਵਾਰਤਕ" (Selected Prose) ਅਤੇ "ਚੋਣਵੇਂ ਲੇਖ" (Selected Essays), (1917-1932) ਵਿੱਚ ਵੀ ਮਿਲਦਾ ਹੈ।

ਈਲੀਅਟ ਸਭ ਤੋਂ ਪਹਿਲਾਂ ਕਵਿਤਾ ਲਈ ਜਾਣਿਆ ਜਾਂਦਾ ਹੈ, ਪਰ ਉਸ ਦਾ ਸਾਹਿਤ-ਆਲੋਚਨਾ ਦੇ ਖੇਤਰ ਵਿੱਚ ਵੀ ਯੋਗਦਾਨ ਹੈ। ਇਸ ਦੋਹਰੀ ਭੂਮਿਕਾ ਵਿੱਚ, ਉਹ ਸਰ ਫਿਲਿਪ ਸਿਡਨੀ ਅਤੇ ਸ਼ੈਮੂਅਲ ਟੇਲਰ ਕਾਲਰਿਜ ਦੇ ਤੁਲ ਕਵੀ ਆਲੋਚਕ ਹੈ। ਪਰੰਪਰਾ ਅਤੇ ਵਿਅਕਤੀਗਤ ਯੋਗਤਾ ਆਲੋਚਕ ਵਜੋਂ ਈਲੀਅਟ ਦੇ ਵਧੇਰੇ ਜਾਣੇ ਜਾਂਦੇ ਕੰਮਾਂ ਵਿੱਚੋਂ ਇੱਕ ਹੈ। ਇਸ ਵਿੱਚ ਈਲੀਅਟ ਕਵੀ ਅਤੇ ਉਸ ਤੋਂ ਪਹਿਲੀ ਸਾਹਿਤਕ ਪਰੰਪਰਾ ਨਾਲ ਉਸ ਦੇ ਰਿਸ਼ਤੇ ਦੀ ਪ੍ਰਭਾਵਸ਼ਾਲੀ ਧਾਰਨਾ ਦਾ ਨਿਰਮਾਣ ਕਰਦਾ ਹੈ।

ਨਿਬੰਧ ਦਾ ਸਾਰ[ਸੋਧੋ]

ਇਸ ਨਿਬੰਧ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ:

  • ਭਾਗ ਇੱਕ: ਪਰੰਪਰਾ ਦੀ ਧਾਰਨਾ
  • ਭਾਗ ਦੋ: ਅਵਿਅਕਤੀਕ ਕਵਿਤਾ ਦਾ ਸਿਧਾਂਤ
  • ਭਾਗ ਤਿੰਨ: ਸਿੱਟਾ ਜਾਂ ਸੰਖੇਪ ਸਾਰ

ਈਲੀਅਟ ਆਪਣੀ ਪਰੰਪਰਾ ਦੀ ਧਾਰਨਾ ਅਤੇ ਇਸ ਦੇ ਸੰਬੰਧ ਵਿਚ ਕਵੀ ਅਤੇ ਕਵਿਤਾ ਦੀ ਪਰਿਭਾਸ਼ਾ ਪੇਸ਼ ਕਰਦਾ ਹੈ। ਉਹ ਇਸ ਬਾਰੇ ਮਿਲਦੀ ਪੇਤਲੀ ਸਮਝ ਨੂੰ ਸਹੀ ਕਰਨਾ ਚਾਹੁੰਦਾ ਹੈ, "ਅੰਗਰੇਜ਼ੀ ਸਾਹਿਤ ਵਿਚ ਅਸੀਂ ਬਹੁਤ ਘੱਟ ਕਦੇ ਪਰੰਪਰਾ ਦੀ ਗੱਲ ਕਰਦੇ ਹਾਂ, ਭਾਵੇਂ ਅਸੀਂ ਪਰੰਪਰਾ ਦੇ ਨਾ ਹੋਣ ਦਾ ਰੋਣਾ ਰੋਣ ਲਈ ਇਸਦੇ ਨਾਂ ਦੀ ਵਰਤੋਂ ਬਹੁਤ ਵਾਰ ਕਰਦੇ ਹਾਂ।" ਈਲੀਅਟ ਦਾ ਕਹਿਣਾ ਹੈ ਕਿ ਹਾਲਾਂਕਿ ਅੰਗਰੇਜ਼ੀ ਪਰੰਪਰਾ ਆਮ ਤੌਰ 'ਤੇ ਇਸ ਵਿਸ਼ਵਾਸ ਤੇ ਕਾਇਮ ਹੈ ਕਿ ਕਲਾ ਪਰਿਵਰਤਨ ਰਾਹੀਂ - ਅਰਥਾਤ ਪਰੰਪਰਾ ਤੋਂ ਵੱਖ ਹੋਣ ਰਾਹੀਂ ਅੱਗੇ ਵੱਧਦੀ ਹੈ, ਪਰ ਸਾਹਿਤਕ ਨਵੀਨਤਾਵਾਂ ਨੂੰ ਉਦੋਂ ਹੀ ਮਾਨਤਾ ਮਿਲਦੀ ਹੈ ਜਦੋਂ ਉਹ ਪਰੰਪਰਾ ਦੇ ਅਨੁਕੂਲ ਹੁੰਦੀਆਂ ਹਨ। ਕਲਾਸੀਕੀਵਾਦੀ ਈਲੀਅਟ ਮਹਿਸੂਸ ਕਰਦਾ ਸੀ ਕਿ ਸਾਹਿਤ ਵਿੱਚ ਪਰੰਪਰਾ ਦੀ ਅਸਲ ਹੋਂਦ ਦੀ ਪਛਾਣ ਨਹੀਂ ਕੀਤੀ ਗਈ। ਪਰੰਪਰਾ, ਇੱਕ ਅਜਿਹਾ ਸ਼ਬਦ ਹੈ ਜਿਹੜਾ "... ਨਿਖੇਧ ਦੇ ਵਾਕਾਂ ਨੂੰ ਛੱਡ ਕੇ ਕਿਤੇ ਹੀ ਵਿਖਾਈ ਦਿੰਦਾ ਹੈ।" ਅਸਲ ਵਿੱਚ ਸਾਹਿਤ ਆਲੋਚਨਾ ਦਾ ਇੱਕ ਤਰ੍ਹਾਂ ਸਾਕਾਰ ਨਾ ਹੋਇਆ ਤੱਤ ਸੀ। ਸਾਹਿਤ ਦੀ ਸਮਝ ਲਈ ਇਸ ਧਾਰਨਾ ਦੀ ਸਮਰਥਾ ਨੂੰ ਸਮਝਿਆ ਨਹੀਂ ਗਿਆ।

ਹਵਾਲੇ[ਸੋਧੋ]

  1. Gallup, Donald. T. S. Eliot: A Bibliography (A Revised and Extended Edition) Harcourt, Brace & World, New York, 1969. pp. 27-8, 204-5 (listings A5, C90, C7)