ਪਲੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਲੰਘ ਨੂੰ ਕਈ ਇਲਾਕਿਆਂ ਵਿਚ ਵੱਡਾ ਮੰਜਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਪਲੰਘ ਉਸ ਵੱਡੇ ਮੰਜੇ ਨੂੰ ਕਹਿੰਦੇ ਹਨ ਜਿਸ ਦੇ ਸਰਾਣੇ ਵਾਲੇ ਪਾਸੇ ਅਤੇ ਪੈਂਦ ਵਾਲੇ ਪਾਸੇ ਢੋ ਲਾਉਣ ਲਈ ਲੱਕੜਾਂ ਲੱਗੀਆਂ ਹੁੰਦੀਆਂ ਹਨ। ਇਕ ਨਵਾਰੀ ਪਲੰਘ ਹੁੰਦਾ ਹੈ ਜੋ ਸੂਤ ਦੀ ਨਵਾਰ ਨਾਲ ਬੁਣਿਆ ਜਾਂਦਾ ਹੈ। ਮੰਜਾ ਚਾਰ ਪਾਵਿਆਂ ਵਾਲਾ ਲੱਕੜੀ ਦਾ ਉਹ ਢਾਂਚਾ ਹੁੰਦਾ ਹੈ ਜਿਸ ਨੂੰ ਵਾਣ, ਸੂਤ ਜਾਂ ਨਵਾਰ ਨਾਲ ਬੁਣਿਆ ਜਾਂਦਾ ਹੈ ਬੈਠਣ ਤੇ ਸੌਣ ਲਈ ਵਰਤਿਆ ਜਾਂਦਾ ਹੈ। ਪਰ ਪਲੰਘ ਉਹ ਵੱਡਾ ਮੰਜਾ ਹੁੰਦਾ ਹੈ ਜਿਹੜਾ ਆਮ ਮੰਜੇ ਨਾਲੋਂ ਲੰਬਾਈ ਤੇ ਚੌੜਾਈ ਵਿਚ ਵੱਡਾ ਹੁੰਦਾ ਹੈ। ਪਲੰਘ ਉਪਰ ਇਕ ਤੋਂ ਵੱਧ ਵਿਅਕਤੀ ਸੌਂ ਸਕਦੇ ਹਨ। ਪਲੰਘ ਨੂੰ ਆਮ ਤੌਰ 'ਤੇ ਇਕ ਥਾਂ ਪੱਕੇ ਤੌਰ 'ਤੇ ਰੱਖਿਆ ਜਾਂਦਾ ਸੀ। ਜ਼ਿਆਦਾ ਘਰਾਂ ਦੀਆਂ ਬੈਠਕਾਂ ਵਿਚ ਰੱਖਿਆ ਜਾਂਦਾ ਸੀ।

ਆਮ ਪਲੰਘ ਦੇ ਪਾਵੇ ਆਮ ਤੌਰ 'ਤੇ ਢਾਈ ਕੁ ਫੁੱਟ ਲੰਮੇ ਹੁੰਦੇ ਸਨ। ਖਰਾਦੇ ਹੁੰਦੇ ਸਨ। ਰੰਗੇ ਹੁੰਦੇ ਸਨ। ਬਾਹੀਆਂ ਸੱਤ ਕੁ ਫੁੱਟ ਦੀਆਂ ਹੁੰਦੀਆਂ ਸਨ। ਸੇਰਵੇ ਚਾਰ ਕੁ ਫੁੱਟ ਦੇ ਹੁੰਦੇ ਸਨ। ਪਹਿਲਾਂ ਸਾਰੇ ਪਲੰਘ ਵਾਣ ਨਾਲ ਬੁਣੇ ਜਾਂਦੇ ਸਨ। ਫੇਰ ਰੰਗਬਰੰਗੇ ਸੂਤ ਨਾਲ ਵੱਖ-ਵੱਖ ਬੁਣਤੀਆਂ ਪਾ ਕੇ ਪਲੰਘ ਬਣਾਏ ਜਾਣ ਲੱਗੇ। ਉਸਤੋਂ ਪਿਛੋਂ ਸੂਤੀ ਨਵਾਰ ਨਾਲ ਪਲੰਘ ਬੁਣੇ ਜਾਣ ਲੱਗੇ। ਸੂਤੀ ਨਵਾਰ ਨਾਲ ਬੁਣੇ ਪਲੰਘ ਲੜਕੀਆਂ ਨੂੰ ਦਾਜ ਵਿਚ ਵੀ ਦਿੱਤੇ ਜਾਂਦੇ ਸਨ। ਹੁਣ ਤਾਂ ਦਾਜ ਵਿਚ ਬੈੱਡ ਜਾਂ ਬੌਕਸ ਬੈੱਡ ਦਿੱਤੇ ਜਾਂਦੇ ਹਨ।

ਹੁਣ ਕਿਸੇ ਵੀ ਪਰਿਵਾਰ ਕੋਲ ਵਾਣ ਨਾਲ ਬੁਣੇ ਪਲੰਘ ਨਹੀਂ ਹਨ। ਹਾਂ, ਸੂਤ ਜਾਂ ਸੂਤੀ ਨਵਾਰ ਨਾਲ ਬਣੇ ਪੁਰਾਣੇ ਪਲੰਘ ਜ਼ਰੂਰ ਕਈ ਪਰਿਵਾਰਾਂ ਕੋਲ ਹਨ। ਹੁਣ ਸੂਤੀ ਨਵਾਰ ਦੀ ਥਾਂ ਨਾਈਲਨ ਦੀ ਨਵਾਰ ਨੇ ਲੈ ਲਈ ਹੈ। ਹੁਣ ਪਲੰਘਾਂ ਦਾ ਯੁੱਗ ਬੀਤ ਗਿਆ ਹੈ। ਹੁਣ ਬੈੱਡਾਂ ਅਤੇ ਬਕਸ ਬੈੱਡਾਂ ਦਾ ਯੁੱਗ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.