ਪਾਖੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਖੜਾ ਉਹ ਕਾਠੀ ਹੁੰਦੀ ਹੈ ਜਿਸ ਨੂੰ ਬੋਤੇ ਦੀ ਸਵਾਰੀ ਕਰਨ ਵੇਲੇ ਉਸ ਦੀ ਪਿੱਠ ਤੇ ਪਾਇਆ ਜਾਂਦਾ ਹੈ। ਇਸੇ ਕਰਕੇ ਇਸ ਨੂੰ ਊਠ ਦੀ ਕਾਠੀ ਵੀ ਕਿਹਾ ਜਾਂਦਾ ਹੈ। ਕਈ ਇਲਾਕਿਆਂ ਵਿੱਚ ਇਸਨੂੰ ਪਾਖਰਾ ਵੀ ਕਿਹਾ ਜਾਂਦਾ ਹੈ। ਪਾਖੜੇ ਵਿੱਚ ਦੋ ਸਵਾਰੀਆਂ ਬੈਠ ਸਕਦੀਆਂ ਹਨ। ਪੰਜਾਬੀ ਲੋਕ ਸਵਾਰੀ ਕਰਨ ਨਾਲੋਂ ਊਠ ਨੂੰ ਖੇਤੀ ਲਈ ਵਧੇਰੇ ਵਰਤਦੇ ਸਨ ਤੇ ਪਾਖੜਾ ਹੀ ਸਮਾਨ ਲੱਦਣ ਲਈ ਸਹਾਈ ਹੁੰਦਾ ਸੀ।

ਬਣਤਰ[ਸੋਧੋ]

ਪਾਖੜਾ ਬਣਾਉਣ ਲਈ ਦੋ ਪੰਜ ਫੁੱਟ ਲੰੰਮੀਆਂ, ਚਾਰ ਇੰਚ ਚੌੜੀਆਂ ਅਤੇ ਦੋ ਕੁ ਇੰਚ ਮੋਟੀਆਂ ਗੋਲਾਈ ਵਾਲੀਆਂ ਫੱਟੀਆਂ ਨੂੰ ਆਪਸ ਵਿੱਚ ਡੇਢ ਦੋ ਫੁੱਟ ਦੀ ਦੂਰੀ ਤੇ ਰੱਖ ਕੇ ਇਨ੍ਹਾਂ ਉੱਪਰ ਤਿੰਨ ਅਰਧ ਗੋਲ ਚੱਕਰ ਵਾਲੀਆਂ ਫੱਟੀਆਂ ਨੂੰ ਜੋੜ ਦਿੱਤਾ ਜਾਂਦਾ ਹੈ। ਇਹਨਾਂ ਵਿੱਚ ਇੱਕ ਮੁੱਠੇ ਵਾਲੀ ਫੱਟੀ ਹੁੰਦੀ ਹੈ ਜਿਸ ਨੂੰ ਪਾਖੜੇ ਦੇ ਅਗਲੇ ਸਿਰੇ ਜੋੜਿਆ ਜਾਂਦਾ ਹੈ ਕਿਉਂਕਿ ਇਹ ਮੁੱਠਾ ਹੱਥ ਪਾਉਣ ਲਈ ਹੁੰਦਾ ਹੈ। ਇਹਨਾਂ ਤਿੰਨਾਂ ਫੱਟੀਆਂ ਦੀ ਆਪਸੀ ਦੂਰੀ ਦੋ ਕੁ ਫੁੱਟ ਹੁੰਦੀ ਹੈ ਤਾਂ ਜੋ ਅਸਾਨੀ ਨਾਲ ਬੈਠਿਆ ਜਾ ਸਕੇ। ਇਹਨਾਂ ਸਾਰੀਆਂ ਫੱਟੀਆਂ ਨੂੰ ਚੰਗੀ ਤਰਾਂ ਲੋਹੇ ਦੀਆਂ ਪੱਤੀਆਂ ਨਾਲ ਮੜ੍ਹਿਆ ਜਾਂਦਾ ਹੈ। ਇਹਨਾਂ ਦੇ ਵਿਚਕਾਰ ਬੈਠਣ ਲਈ ਚਮੜੇ ਦੀਆਂ ਗੱਦੀਆਂ ਰੱਖੀਆਂ ਜਾਂਦੀਆਂ ਹਨ।

ਹਵਾਲੇ[ਸੋਧੋ]

ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਚੰਡੀਗੜ੍ਹ, 2013, ਪੰਨਾ 215-216