ਪੁਰਾਤਨ ਜਨਮ ਸਾਖੀ ਦਾ ਰਚਨਾ ਕਾਲ
ਜਨਮ ਸਾਖੀ ਸ਼ਬਦ ਜਨਮ+ਸਾਖੀ ਤੋਂ ਬਣਿਆ ਹੈ। ਜਨਮ ਤੋਂ ਭਾਵ ਜਨਮ ਤੋਂ ਲੈ ਕੇ ਅੰਤਿਮ ਸਮੇਂ ਤੱਕ ਦਾ ਜੀਵਨ ਹੈ। ਅਤੇ ਸਾਖੀ ਤੋਂ ਭਾਵ ਅਜਿਹੀ ਘਟਨਾ ਜਿਸ ਤੋਂ ਉਸ ਮਹਾਂਪੁਰਸ਼ ਦੇ ਜਿਸ ਬਾਰੇ ਇਹ ਸਾਖੀ ਲਿਖੀ ਗਈ ਹੋਵੇ ਅਵਤਾਰ ਹੋਣ ਦੀ ਗਵਾਹੀ ਮਿਲੇ।[1]
ਰਚਨਾ ਕਾਲ
[ਸੋਧੋ]ਇਸ ਜਨਮ ਸਾਖੀ ਦੇ ਰਚਨਾ ਕਾਲ ਬਾਰੇ ਹੁਣ ਤਕ ਹੋਈਆਂ ਖੋਜਾਂ ਕਿਸੇ ਇਕ ਨਿਰਨੇ ਤੇ ਨਹੀਂ ਪਹੁੰਚਦੀਆਂ। ਇਸ ਔਕੜ ਦੇ ਕਈ ਕਾਰਨ ਹਨ।ਇਹਨਾਂ ਵਿੱਚੋਂ ਇਕ ਤਾਂ ਇਹ ਹੈ ਕਿ ਇਸ ਜਨਮ ਸਾਖੀ ਵਿੱਚ ਇਸ ਦੇ ਲਿਖੇ ਜਾਣ ਦਾ ਸਮਾਂ ਨਹੀਂ ਦਿੱਤਾ ਹੋਇਆ। ਭਾਈ ਗੁਰਮੁਖ ਸਿੰਘ ਜੀ ਨੂੰ 1855 ਈ: ਵਿਚ ਹਫਿਜ਼ਬਾਦ ਦੇ ਵਾਸੀ ਭਾਈ ਜਵਾਹਰ ਸਿੰਘ ਤੋਂ ਪ੍ਰਾਪਤ ਹੋਇਆ ਉਸ ਦੇ ਅੰਤਲੇ ਕੁਝ ਪੰਨੇ ਨਹੀਂ ਸਨ। ਆਮ ਤੌਰ ਤੇ ਕਿਸੇ ਕਿਰਤ ਦਾ ਰਚਨਾ ਕਾਲ ਅੰਤ ਵਿਚ ਦਿੱਤਾ ਜਾਂਦਾ ਸੀ। ਉਹਨਾ ਪੰਨਿਆ ਦੇ ਨਾ ਹੋਣ ਕਾਰਨ ਇਸ ਔਕੜ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ।
ਦੂਜੇ ਇਸ ਜਨਮ ਸਾਖੀ ਦਾ ਅਸਲੀ ਨੁਸਖਾ ਹਾਲੇ ਤਕ ਉਪਲਬਧ ਨਹੀਂ ਹੋ ਸਕਿਆ। ਭਾਈ ਵੀਰ ਸਿੰਘ ਨੇ ਵਲਾਇਤ ਵਾਲੇ ਨੁਸਖੇ ਅਤੇ ਹਾਫਜ਼ਬਾਦੀ ਨੁਸਖੇ ਦਾ ਟਾਕਰੇ ਉਪਰੰਤ ਇਹ ਸਿੱਧ ਕੀਤਾ ਹੈ ਕਿ ਇਹ ਦੋਵੇਂ ਨੁਸਖੇ ਕਿਸੇ ਹੋਰ ਨਾਲ ਦੇ ਉਤਾਰੇ ਹਨ ਹੋ ਹਾਲੇ ਤਕ ਪ੍ਰਾਪਤ ਨਹੀਂ ਹੈ
ਇਸ ਜਨਮ ਸਾਖੀ ਦੇ ਅੰਤ ਤੇ ਇਕ ਟੂਕ ' ਬੋਲੇ ਵਾਹਿਗੁਰੂ ਜੀ ਕੀ ਫਤਹਿ ਹੋਈ" ਆਉਂਦੀ ਹੈ ਜਿਸ ਕਾਰਨ ਇਸ ਭੁਲੇਖਾ ਪੈਂਦਾ ਹੈ ਕਿ ਸ਼ਾਇਦ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪਿਛਲੇ ਸਮੇਂ ਦੀ ਰਚਨਾ ਹੋਵੇ। ਕਿਉਂਕਿ ਇਹ ਟੂਕ ਅੰਮ੍ਰਿਤ ਸੰਚਾਰ ਸਮੇਂ ਹੀ ਪ੍ਰਚਲਤ ਹੋਈ ਸੀ। ਪਰ ਇਸ ਜਨਮ ਸਾਖੀ ਦੀ ਭਾਸ਼ਾ ਤੇ ਕੁਝ ਅਧੀਐਨ ਤੋਂ ਇਹ ਕਿਰਤ ਪੁਰਾਣੀ ਚੀਜ਼ ਜਾਪਦੀ ਹੈ।
ਸੋਢੀ ਮਿਹਰਬਾਨ ਵਾਲੀ ਜਨਮ ਸਾਖੀ ਬਾਰੇ ਪ੍ਰੋ. ਪਿਆਰ ਸਿੰਘ ਕਿ ਦਾ ਵਿਚਾਰ ਹੈ ਕਿ ਇਹ 1650 ਈ: ਵਿਚ ਲਿਖੀ ਜਾਂ ਲਿਖਵਾਈ ਗਈ। ਮਿਹਰਬਾਨ ਵਾਲੀ ਸਾਖੀ ਉਤੇ ਨਜ਼ਰ ਮਾਰਿਆ ਇਉ ਜਾਪਦਾ ਹੈ ਜਿਵੇਂ ਜਨਮ ਸਾਖੀ ਦਾ ਕਰਤਾ ਪੁਰਾਤਨ ਜਨਮ ਸਾਖੀ ਦਾ ਜਾਣੂ ਹੋਵੇ। ਇਸ ਤੱਥ ਅਤੇ ਸਾਖੀਆਂ ਦੀ ਗਿਣਤੀ ਦੇ ਆਧਾਰ ਤੇ ਅਸੀਂ ਇਹ ਸਹਿਜੇ ਹੀ ਕਹਿ ਸਕਦੇ ਹਾਂ ਕਿ ਪੁਰਾਤਨ ਜਨਮ ਸਾਖੀ 1650ਈ: ਤੋਂ ਪਹਿਲਾਂ ਹੋਂਦ ਵਿਚ ਆ ਚੁਕੀ ਹੋਵੇਗੀ।
ਇਸ ਸਾਰੇ ਵਿਚਾਰ ਦਾ ਸਿੱਟਾ ਤਾਂ ਇਹ ਨਿਕਲਦਾ ਹੈ ਕਿ ਇਸ ਜਨਮ ਸਾਖੀ ਦੇ ਰਚਨਾ ਕਾਲ ਬਾਰੇ ਅਸੀ ਨਿਸਚੇ ਨਾਲ ਕੁਝ ਨਹੀਂ ਕਹਿ ਸਕਦੇ। ਇਹ ਅਨੁਮਾਨ ਅਵਸ਼ ਲਗਦਾ ਹੈ ਕਿ ਇਸ ਦਾ ਰਚਨਾ ਕਾਲ ਗੁਰੂ ਅਰਜਨ ਦੇਵ ਜੀ ਦੇ ਗਦੀ ਉਤੇ ਬੈਠਣ ਦੇ ਸਮੇਂ 1581 ਈ: ਅਤੇ ਗੁਰੂ ਗ੍ਰੰਥ ਸਾਹਿਬ ਦੇ ਸੰਕਲਣ ਕਾਲ 1604 ਈ: ਦੇ ਵਿਚਕਾਰਲੇ ਸਮੇਂ ਜਾਂ ਇਸ ਦੇ ਲਾਗੇ ਹੋਵੇ।
ਇਸ ਜਨਮਸਾਖੀ ਦਾ ਸੰਪਾਦਨ ਭਾ.ਵੀਰ ਸਿੰਘ ਨੇ 1926 ਈ.ਕੀਤਾ ਅਤੇ ਇਸ ਬਾਰੇ ਇਹ ਮੱਤ ਪ੍ਰਗਟ ਕੀਤਾ ਕਿ ਇਹ ਸਭ ਤੋਂ ਪੁਰਾਤਨ ਜਨਮਸਾਖੀ ਹੈ ।ਇਸ ਧਾਰਨਾ ਪਿੱਛੇ ਇਹ ਗੱਲ ਕੰਮ ਕਰ ਰਹੀ ਜਾਪਦੀ ਹੈ ਕਿ ਮਿਹਰਬਾਨ ਪ੍ਰਿਥਵੀ ਚੰਦ ਦਾ ਸਪੁੱਤਰ ਹੋਣ ਕਰ ਕੇ ਗੁਰੂ ਘਰ ਦਾ ਵਿਰੋਧੀ ਸੀ ਤੇ ਉਸ ਨੇ ਆਪਣੀ ਜਨਮ ਸਾਖੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਬਾਰੇ ਜ਼ਰੂਰ ਗਲਤ ਬਿਆਨ ਕੀਤੀ ਹੋਵੇਗੀ।[2]
ਭਾਈ ਵੀਰ ਸਿੰਘ ਦਾ ਮੱਤ
[ਸੋਧੋ]1.ਭਾਈ ਵੀਰ ਸਿੰਘ ਨੇ ਸਾਖੀ 3 ਵਿਚ ਗੁਰੂ ਸਾਹਿਬ ਦੇ ਤੋਰਕ ਪੜ੍ਹਨ ਪਾਉਣ ਬਾਰੇ ਟਿੱਪਣੀ ਕਰਦਿਆਂ ਕਿਹਾ ਹੈ। ਹਰ ਹਾਲਤ ਵਿੱਚ ਤੁਰਕੀ ਦਾ ਵਰਤਾਓ ਯਵਨ ਭਾਸ਼ਾ ਵਾਸਤੇ ਤਾਂ ਹੀ ਹੋ ਸਕਦਾ ਹੈ ਜਦੋਂ ਕਿ ਤੁਰਕਾਂ ਦਾ ਰਾਜ ਪੱਕਾ ਹੋ ਗਿਆ ਹੋਵੇ ਤਾਂ ਇਹ ਸਾਖੀ ਮੁਗਲਾਂ ਦੇ ਰਾਜ ਹੋ ਚੁੱਕੇ ਨੂੰ ਚੋਖਾ ਚਿਰ ਬਾਅਦ ਲਿਖੀ ਗਈ ।
2.ਇਸ ਦੀ ਬੋਲੀ ਤੇ ਅੱਖਰਾਂ ਦੇ ਖ਼ਿਆਲ ਕਰ ਕੇ ਇਸ ਨੂੰ ਛੇਵੀਂ ਪਾਤਸ਼ਾਹੀ ਦੇ ਸਮੇਂ ਦੀ ਵੀ ਕਈ ਸਿਆਣਿਆਂ ਸਹੀ ਕੀਤਾ ਹੈ।
3.ਅੰਤਲੇ ਪੰਨੇ ਉੱਤੇ ਲਿਖਿਆ ਹੈ- ਅਭੁਲ ਗੁਰੂ ਬਾਲਾ ਜੀ ਬੋਲਹੁ ਵਾਹਿਗੁਰੂ ਜੀ ਕੀ ਫ਼ਤਿਹ ਹੋਈ ।
ਭਾ.ਵੀਰ ਸਿੰਘ ਨੇ ਕਰਮ ਸਿੰਘ ਹਿਸਟੋਰੀਅਨ ਦੇ ਦੱਸੇ ਤਰੀਕੇ ਅਨੁਸਾਰ ਪੁਰਾਤਨ ਜਨਮ ਸਾਖੀ ਦੇ ਰਚੇ ਦਾ ਸੰਪੰਨ 1695 ਬਿਕ੍ਰਮੀ -1635ਈ.ਮਿਥਿਆ ਹੈ ।
ਡਾ.ਰਤਨ ਸਿੰਘ ਜੱਗੀ ਦਾ ਮੱਤ
[ਸੋਧੋ]ਭਾਈ ਗੁਰਦਾਸ ਦੀ ਪਹਿਲੀ ਵਾਰ ਵਿੱਚ ਗੁਰੂ ਨਾਨਕ ਜੰਮਦੇ ਬਗਦਾਦ ਜਾਣ ਦਾ ਉਲੇਖ ਹੈ।ਪੁਰਾਤਨ ਜਨਮ ਸਾਖੀ ਵਿਚ ਇਹ ਸਾਖੀ ਨਹੀਂ ।ਇਸ ਤੋਂ ਇਹ ਸਿਧ ਹੁੰਦਾ ਹੈ ਕਿ ਜਨਮ ਸਾਖੀ ਦੀ ਰਚਨਾ ਵੇਲੇ ਭਾਈ ਗੁਰਦਾਸ ਦੀ ਪਹਿਲੀ ਵਾਰ ਅਜੇ ਰਚੀ ਨਹੀਂ ਸੀ ਗਈ।
ਇਸ ਜਨਮ ਸਾਖੀ ਵਿਚ ਭਗਤ ਕਬੀਰ ਅਤੇ ਹੋਰ ਗੁਰੂਆਂ ਦੀ ਬਾਣੀ ਨੂੰ ਗੁਰੂ ਨਾਨਕ ਦੇਵ ਦੀ ਬਾਣੀ ਦੇ ਤੌਰ ਤੇ ਪੇਸ਼ ਕੀਤਾ ਹੈ । ਇਸ ਕਰਕੇ ਇਸ ਜਨਮ ਸਾਖੀ ਦੀ ਰਚਨਾ ਉਸ ਕਾਲ ਵਿੱਚ ਹੋਈ ਜਦੋਂ ਅਜੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਹੀਂ ਬਣੀ ਸੀ।ਇਸ ਲਈ ਇਸ ਦੀ ਰਚਨਾ 1604ਈ.ਤੋ ਪਹਿਲਾਂ ਹੋ ਗਈ ਸੀ।
ਡਾ.ਰਤਨ ਸਿੰਘ ਜੱਗੀ ਨੇ ਜਨਮ ਸਾਖੀ ਨੂੰ ਮਿਹਰਬਾਨ ਵਾਲੀ ਤੇ ਹੋਰਨਾ ਜਨਮ ਸਾਖੀਆਂ ਤੋਂ ਪਹਿਲਾਂ ਦੀ ਸਿਧ ਕਰਕ ਲਈ ਮੈਕਾਲਫ ਸਾਹਿਬ ਦੀ ਸ਼ਰਨ ਲਈ ਹੈ।ਉਨ੍ਹਾਂ ਲਿਖਿਆਂ ਹੈ ਕਿ ਮੈਕਾਲਫ ਸਾਹਿਬ ਨੇ 1588ਈ.ਦੇ ਇਕ ਉਤਾਰੇ ਦਾ ਹਵਾਲਾ ਪੇਸ਼ ਸੀ।ਇਸ ਲਈ ਪੁਰਾਤਨ ਜਨਮ ਸਾਖੀ 1588ਈ.ਦੀ ਰਚਨਾ ਹੈ ।
ਡਾ.ਜਗਜੀਤ ਸਿੰਘ ਦਾ ਮੱਤ
[ਸੋਧੋ]ਪੁਰਾਤਨ ਜਨਮ ਸਾਖੀ ਵਿੱਚ ਗੁਰੂ ਅੰਗਦ ਦੇਵ ਜੀ ਦੀ ਬਾਣੀ ਦਰਜ ਹੈ:-
ਸਾਖੀ ਨੰਬਰ 32. ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ
ਏਤੇ ਚਾਨਣ ਹੋਇਆ ਗੁਰ ਬਿਨ ਘੋਰ ਅੰਧਾਰ।
ਸਾਖੀ ਨੰਬਰ 42.(ੳ)ਅੱਡੀ ਪਹਰੀ ਅਠ ਖੰਡ ਨਾਮਾ ਖੰਡ ਸਰੀਰੂ
(ਅ)ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤਿਮਹਤੁ
ਇਸ ਲਈ ਇਹ ਗੁਰੂ ਅੰਗਦ ਸਾਹਿਬ ਦੇ ਸਮੇਂ ਜਾ ਉਹਨਾਂ ਤੋਂ ਬਾਅਦ ਦੀ ਰਚਨਾ ਹੈ ।ਇਸ ਤੋਂ ਸਾਬਿਤ ਹੁੰਦਾ ਹੈ ਕਿ ਇਹ ਜਨਮ ਸਾਖੀ ਗੁਰੂ ਅਮਰਦਾਸ ਦੇ ਜੀਵਨ ਕਾਲ ਜਾ ਉਹਨਾਂ ਤੋਂ ਬਾਅਦ ਰਚੀ ਗਈ ।[3]
ਪੁਰਾਤਨ ਜਨਮਸਾਖੀ ਦਾ ਰਚਨਾ ਕਾਲ ਸੰਦਿਗਦ ਹੈ। ਇਸ ਦੀ ਕਿਸੇ ਵੀ ਪੁਰਾਣੀ ਹੱਥ ਲਿਖਤ ਵਿਚ ਇਸ ਦੇ ਰਚੇ ਜਾਣ ਦਾ ਸੰਮਤ ਨਹੀਂ ਦਿੱਤਾ ਹੋਇਆ। ਕਿਸੇ ਠੋਸ ਸਬੂਤ ਦੇ ਅਭਾਵ ਕਰ ਕੇ ਜਨਮਸਾਖੀ ਦੀਆਂ ਅੰਦਰ ਲੀਆਂ ਅਤੇ ਬਾਹਰਲੀਆਂ ਗਵਾਹੀਆਂ ਦੇ ਆਧਾਰ ਤੇ ਹੀ ਇਸ ਦੇ ਰਚਨਾ ਕਾਲ ਬਾਰੇ ਜਾਣਨ ਦਾ ਯਤਨ ਕੀਤਾ ਜਾ ਸਕਦਾ ਹੈ। ਇਸ ਸੰਬੰਧ ਵਿਚ ਪਹਿਲਾ ਉਹਨਾ ਤਰਕਾਂ ਦਾ ਵਿਸ਼ਲੇਸ਼ਣ ਕਰਾਂਗੇ ਜੋਂ ਹੁਣ ਤਕ ਵਿਦਵਾਨਾਂ ਨੇ ਪ੍ਰਸਤੁਤ ਕੀਤੇ ਹਨ।
ਭਾਈ ਵੀਰ ਸਿੰਘ ਨੇ ' ਪੁਰਾਤਨ ਜਨਮਸਾਖੀ, ਦੇ ਸ਼ੁਰੂ ਵਿਚ ਇਸ ਦੇ ਲਿਖੇ ਜਾਣ ਦੇ ਸਮੇਂ ਬਾਰੇ ਦਸਿਆ ਹੈ।
1. ਤੀਜੀ ਸਾਖੀ ਵਿੱਚ ਗੁਰੂ ਜੀ ਨੂੰ ਤੋਰਕੀ ਪੜ੍ਹਨ ਪਾਇਆ ਗਿਆ।ਤੋਰਕੀ ਪਦ ਦਾ ਵਰਤਾਓ ਯਵਨ ਭਾਸ਼ਾ ਵਾਸਤੇ ਤਾਂ ਹੋ ਹੀ ਸਕਦਾ ਹੈ। ਜਦੋਂ ਕਿ ਤੁਰਕਾਂ ਦ ਰਾਜ ਪਕਾ ਹੋ ਗਿਆ ਹੋਵੇ ਤਾਂ ਇਹ ਸਾਖੀ ਮੁਗ਼ਲਾਂ ਦੇ ਰਾਜ ਕਾਇਮ ਹੋ ਚੁੱਕੇ ਤੋਂ ਚੋਥੇ ਚਿਰ ਬਾਅਦ ਲਿਖੀ ਗਈ।
2. ਇਸ ਸਾਖੀ ਵਿਚ ਪੰਚਮ ਪਾਤਸ਼ਾਹ ਦੇ ਸ਼ਬਦ ਆਏ ਹਨ, ਇਸ ਕਰ ਕੇ ਇਹ ਸਾਖੀ ਪੰਚਵੇ ਸਤਿਗੁਰਾਂ ਦੇ ਸਮੇਂ ਜਾ ਮੰਗਰੋ ਲਿਖੀ ਗਈ।
3. ਸ. ਕਰਮ ਸਿੰਘ ਹਿਸਟੋਰਿਅਨ ਨੇ ' ਜੁਗਾਵਲੀ' ( ਸ.ਖੀ29) ਵਿਚ ਲਿਖੇ ਕਲਿਯੁਗ ਦੇ ਬੀਤਣ ਦੇ ਸਮੇਂ ਦੇ ਆਧਾਰ ਤੇ ਇਸ ਜਨਮਸਾਖੀ ਦੇ ਲਿਖਣ ਦਾ ਸਮੰਤ 1692 ( 1635 ਈ: ) ਸਿੱਧ ਕੀਤਾ ਹੈ ਛੇਵੇਂ ਗੁਰੂ ਦਾ ਸਮਾਂ ਹੈ।
ਭਾਈ ਵੀਰ ਸਿੰਘ ਤੋਂ ਬਆਦ ਪ੍ਰੋ. ਸਾਹਿਬ ਨੇ ਇਸ ਦੇ ਰਚਨਾ ਕਾਲ ਬਾਰੇ ਜਨਵਰੀ 1951 ਦੀ ' ਪੰਜਾਬੀ ਦੁਨੀਆ' ਵਿਚ ਇਕ ਲੇਖ ਛਪਵਾ ਕੇ ਆਪਣਾ ਮਤ ਵਿਅਕਤ ਕੀਤਾ ਹੈ।
ਸੋ ' ਪੁਰਾਤਨ ਜਨਮਸਾਖੀ' ਗੁਰੂ ਅਰਜਨ ਦੇ ਜੋਤੀ ਜੋਤ ਸਮਾਉਣ (1606 ਈ:) ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੇਹਾਂਤ (1708 ਈ:) ਦੇ ਵਿਚਲੇ ਸਮੇਂ ਦੀ ਰਚਨਾ ਹੈ।[4]
ਹਵਾਲੇ
[ਸੋਧੋ]- ↑ ਸਿੰਘ, ਡਾ. ਜਗਜੀਤ. ਪੁਰਾਤਨ ਜਨਮਸਾਖੀ (ਮੂਲ ਪੁਸਤਕ ਅਤੇ ਆਲੋਚਨਾ). ਘੰਟਾ ਘਰ, ਲੁਧਿਆਣਾ: ਲਾਹੌਰ ਬੁੱਕ ਸ਼ਾਪ. pp. Chapter 7.
- ↑ ਸਿੰਘ, ਡਾ. ਜਗਜੀਤ. ਪੁਰਾਤਨ ਜਨਮਸਾਖੀ (ਮੂਲ ਪੁਸਤਕ ਅਤੇ ਆਲੋਚਨਾ). ਘੰਟਾ ਘਰ ਲੁਧਿਆਣਾ: ਲਾਹੌਰ ਬੁੱਕ ਸ਼ਾਪ. pp. 64–70.
- ↑ ਐੱਮ.ਏ., ਸੰਪਾਦਕ ਜੀਵਨ ਸਿੰਘ (1981). ਪ੍ਰਸਿੱਧ ਪੰਜਾਬੀ ਵਾਰਤਕ ਕਾਰ. ਲੁਧਿਆਣਾ: ਲਾਹੌਰ ਬੁੱਕ ਸ਼ਾਪ. pp. 147–150.
- ↑ ਜੱਗੀ, ਡਾ. ਰਤਨ ਸਿੰਘ (1977). ਪੁਰਾਤਨ ਜਨਮਸਾਖੀ ਵਿਸ਼ੇਸ਼ਣਾਤਮਿਕ ਅਧਿਐਨ. ਪਟਿਆਲਾ: ਪੈਪਸੂ ਬੁੱਕ ਡੀਪੂ. pp. 41–50.