ਪੰਜਾਬੀ ਟੈਬੂ (ਵਰਜਣਾਵਾਂ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਟੈਬੂ: ਜਾਣ ਪਛਾਣ[ਸੋਧੋ]

ਕਿਸੇ ਅਜਿਹੇ ਕਾਰਜ ਨੂੰ ਕਰਨ ਦੀ ਪ੍ਰਬਲ ਮਨਾਹੀ ਨੂੰ ਕਹਿੰਦੇ ਹਨ। ਜਿਸ ਬਾਰੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਉਹ ਕਾਰਜ ਜਾਂ ਤਾਂ ਬਹੁਤ ਪਵਿਤਰ ਹੈ ਜਾਂ ਸਰਾਪਿਆ ਕਿ ਸਧਾਰਨ ਲੋਕਾਂ ਦੇ ਕਰਨ ਲਈ ਨਹੀਂ ਹੈ। ਅਤੇ ਅਗਰ ਕੋਈ ਵਿਅਕਤੀ ਅਜਿਹਾ ਕੰਮ ਕਰਦਾ ਹੈ ਤਾਂ ਉਹ ਯਾਦਗਾਰੀ ਸਜ਼ਾ ਦਾ ਭਾਗੀ ਬਣਦਾ ਹੈ। ਇਸ ਤਰ੍ਹਾਂ ਦੇ ਟੈਬੂ ਆਮ ਤੌਰ ਤੇ ਹਰ ਸਮੁਦਾਏ ਵਿੱਚ ਮੌਜੂਦ ਹਨ। ਸਮਾਜਕ ਵਿਗਿਆਨ ਵਿੱਚ ਟੈਬੂ ਸ਼ਬਦ ਦਾ ਪ੍ਰਯੋਗ ਕੁੱਝ ਹੱਦ ਤੱਕ ਉਨ੍ਹਾਂ ਮਨੁੱਖ ਗਤੀਵਿਧੀਆਂ ਜਾਂ ਪ੍ਰਥਾਵਾਂ ਦੀ ਮਨਾਹੀ ਹੈ ਜਿਹਨਾਂ ਨੂੰ ਨੈਤਿਕ ਅਤੇ ਧਾਰਮਿਕ ਮਾਨਤਾਵਾਂ ਦੇ ਆਧਾਰ ਉੱਤੇ ਪਵਿਤਰ ਅਤੇ ਨਿਸ਼ਿੱਧ ਮੰਨਿਆ ਜਾਂਦਾ ਹੈ। ਟੈਬੂ ਤੋੜਨ ਨੂੰ ਆਮ ਤੌਰ ਤੇ ਕਿਸੇ ਵੀ ਸਭਿਆਚਾਰ ਵਿੱਚ ਬਿਪਤਾ ਦਾ ਜਨਕ ਮੰਨਿਆ ਜਾਂਦਾ ਹੈ। ਇਹ ਸਭਿਆਚਾਰ ਦੇ ਖੇਤਰ ਦਾ ਬੇਹੱਦ ਪ੍ਰਚਲਿਤ ਵਰਤਾਰਾ ਹੈ।

ਕਬੀਲਾ ਸਮਾਜ ਵਿੱਚ ਟੈਬੂ ਵੀ ਵਿਸ਼ੇਸ਼ ਮਹੱਤਤਾ ਰੱਖਦੇ ਹਨ। ਟੈਬੂ ਕਿਸੇ ਕਬੀਲੇ ਵਿੱਚ ਵਿਸ਼ੇਸ਼ ਮਨਾਹੀ ਵਾਲੇ ਕਾਰਜ ਹੁੰਦੇ ਹਨ ਜਿਨ੍ਹਾਂ ਦੀ ਉਸ ਜਨ-ਸਮੂਹ ਦੁਆਰਾ ਹਰ ਹਾਲਤ ਵਿੱਚ ਪਾਲਣਾ ਕਰਨੀ ਜ਼ਰੂਰੀ ਸਮਝੀ ਜਾਂਦੀ ਹੈ। ਟੈਬੂ ਮੂਲ ਰੂਪ ਵਿੱਚ ਪੋਲੀਨੀਸ਼ੀਅਨ ਸ਼ਬਦ ਹੈ ਜਿਸ ਸੰਬੰਧੀ ਕਪਤਾਨ ਕੁੱਕ ਨੂੰ ਪਹਿਲੀ ਵਾਰ ਸਾਂਤ ਸਾਗਰ ਦੇ ਇਲਾਕੇ ਟਾਗਾਂ ਦੇ ਸਥਾਨ ਤੇ 1771 ਈ. ਵਿੱਚ ਜਾਣਕਾਰੀ ਪ੍ਰਾਪਤ ਹੋਈ। ਇਹ ਮਨੁੱਖ ਦੀ ਅਪਹੁੰਚਤਾ ਦੇ ਲੱਛਣ ਅਤੇ ਆਦਮ ਲਈ ਕਿਸੇ ਅਦਿੱਖ ਖਤਰੇ ਨੂੰ ਪ੍ਰਗਟ ਕਰਦਾ ਹੈ। ਇਹ ਰੱਬੀ ਜਾਂ ਮਾਨਵੀ ਹੁਕਮ ਨਾਲ਼ੋਂ ਵੱਧ ਹੈ।[1]

ਟੈਬੂ ਦਾ ਸੰਬੰਧ ਟੋਟਮ ਨਾਲ ਵੀ ਜੋੜ ਕੇ ਵੇਖਿਆ ਜਾਂਦਾ ਹੈ। ਟੋਟਮ ਨੂੰ ਕਿਸੇ ਕਬੀਲੇ ਵਿੱਚ ਪ੍ਰਵਾਨਿਤ ਚਿੰਨ੍ਹ ਬਣਾਉਣ ਲਈ ਉਸ ਕਬੀਲੇ ਵਿਸ਼ੇਸ਼ ਵੱਲੋਂ ਆਪਣੇ ਮੈਂਬਰਾਂ ਤੇ ਕਈ ਤਰ੍ਹਾਂ ਦੀਆਂ ਮਨਾਹੀਆਂ ਲਾਗੂ ਕੀਤੀਆਂ ਜਾਂਦੀਆਂ ਹਨ। ਇਹਨਾਂ ਮਨਾਹੀਆਂ ਦੇ ਸਿਖਰਲੇ ਪੜਾਅ ਨੂੰ ਟੈਬੂ ਦਾ ਨਾਮ ਦਿੱਤਾ ਜਾਂਦਾ ਹੈ।[2]

ਟੈਬੂ ਨੂੰ ਮਨੁੱਖੀ ਕਾਨੂੰਨ ਦਾ ਸਭ ਤੋਂ ਪੁਰਾਣਾ ਅਣ-ਲਿਖਤ ਜ਼ਾਬਤਾ ਕਿਆਸ ਕੀਤਾ ਜਾਂਦਾ ਹੈ ਅਤੇ ਮਨਾਹੀ ਨੂੰ ਦੇਵਤਿਆਂ ਤੋਂ ਪੂਰਵ ਧਾਰਮਕ ਅਵਸਥਾ ਦੇ ਸਮੇਂ ਦੀ ਖ਼ਿਆਲ ਕੀਤਾ ਜਾਂਦਾ ਹੈ। ਕਈ ਪ੍ਰਸਿੱਧ ਮਾਨਵ-ਵਿਗਿਆਨੀ,ਮਨਾਹੀ ਦੀ ਪਰਿਭਾਸ਼ਾ ਪਵਿੱਤਰ ਭੈਅ ਮਿਥਦੇ ਹਨ। ਦਾਨਵੀ ਸ਼ਕਤੀ ਦਾ ਜ਼ਾਹਰਾ ਭੈਅ ਜੋ ਕੇ ਵਰਜਿਤ ਵਸਤੂ ਵਿੱਚ ਲੁਪਤ ਰਹਿੰਦਾ ਹੈ। ਜਦ ਕੇ ਟੈਬੂ ਬਾਰੇ ਇਹ ਧਾਰਨਾਵਾਂ ਪ੍ਰਚਲਿਤ ਹਨ ਕਿ ਇਸ ਵਿੱਚ ਬਦਲਾ ਲੈਣ ਦੀ ਸ਼ਕਤੀ ਵਿਦਮਾਨ ਹੁੰਦੀ ਹੈ ਜੋ ਆਪਣੀਆਂ ਵਰਜਿਤ ਸਿਮਾਵਾਂ ਦੀ ਉਲੰਘਣਾ ਕਰਨ ਤੇ ਕਰੋਪੀ ਦੀ ਸ਼ਕਲ ਅਖ਼ਤਿਆਰ ਕਰ ਸਕਦੀ ਹੈ। ਕਈ ਵਿਦਮਾਨ ਟੈਬੂ ਦਾ ਮੂਲ, ਅਤਿ ਪ੍ਰਾਕ੍ਰਿਤਿਕ ਦੱਸਦੇ ਹਨ ਕਿਉਂਕਿ ਜਾਣ ਬੁਝ ਕੇ ਜਾਂ ਕਿਸੇ ਹੋਰ ਤਰ੍ਹਾਂ ਮਨਾਹੀਆਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਉਪਰ ਦੇਵਤਿਆਂ ਜਾਂ ਰੂਹਾਂ ਦੀ ਇੱਛਾ ਲਾਗੂ ਕੀਤੀ ਜਾਂਦੀ ਹੈ।[3]

ਟੈਬੂ ਦਾ ਮੂਲ ਆਧਾਰ ਅਤੇ ਉਪਯੋਗੀ ਪੱਖ, ਪ੍ਰਾਰੰਭਕ ਸਮਿਆਂ ਵਿਚਕਾਰ, ਸਮਾਜਿਕ ਨਿਯੰਤ੍ਰਣ, ਸਮਾਜਿਕ ਸੁਤੰਤ੍ਰਤਾ ਦੀ ਮਾਤਰਾ, ਅਤੇ ਨੈਤਿਕਤਾ ਵਿਚਕਾਰ ਸੰਬੰਧਾਂ ਨੂੰ ਨਿਸ਼ਚਿਤ ਕਰਨਾ ਸੀ।[4]

ਤਾਬੂ: ਇਹ ਸ਼ਬਦ ਪੋਲੀਨੇਸ਼ੀਆ ਤੋਂ ਉਧਾਰਾ ਲੈ ਕੇ ਸਮਾਜ-ਵਿਗਿਆਨ ਦੇ ਖੇਤਰ ਵਿੱਚ ਉਨ੍ਹਾਂ ਸਮਾਜਕ ਨਿਯਮਾਂ ਲਈ ਵਰਤਿਆ ਜਾਂਦਾ ਹੈ ਜਿੰਨ੍ਹਾਂ ਬਾਰੇ ਸਮਾਜ ਇਹ ਕਿਆਸ ਹੀ ਨਹੀਂ ਕਰਦਾ ਕਿ ਉਨ੍ਹਾਂ ਦੀ ਉਲੰਘਣਾ ਵੀ ਕੀਤੀ ਜਾ ਸਕਦੀ ਹੈ। ਤਾਬੂ ਹਰ ਸਮਾਜ ਵਿੱਚ ਸਾਂਝੇ ਮੰਨੇ ਗਏ ਹਨ। ਮੂਲ ਪਰਿਵਾਰ ਵਿੱਚ ਪਤੀ-ਪਤਨੀ ਤੋਂ ਬਿਨਾਂ ਜਿਨਸੀ ਸੰਬੰਧ ਰੱਖਣਾ, ਮਨੁੱਖ ਵੱਲੋਂ ਮਨੁੱਖ ਦਾ ਮਾਸ ਖਾਧਾ ਜਾਣਾ ਆਦਿ, ਹਰ ਸਮਾਜ ਵਿੱਚ ਤਾਬੂ ਹੈ। ਧਰਮ ਦੇ ਖੇਤਰ ਵਿੱਚ ਤਾਬੂ ਵੱਖਰੇ-ਵੱਖਰੇ ਵੀ ਹੋ ਸਕਦੇ ਹਨ, ਜਿਵੇਂ ਹਿੰਦੂ ਸਮਾਜ ਵਿੱਚ ਗਊ ਹੱਤਿਆ, ਮੁਸਲਮਾਨਾਂ ਵਿੱਚ ਸੂਰ ਦੀ ਹੱਤਿਆ ਤਾਬੂ ਹੈ।[5]

ਪੰਜਾਬੀ ਸੱਭਿਆਚਾਰ ਵਿਚਲੇ ਟੈਬੂ[ਸੋਧੋ]

ਖਾਣ-ਪੀਣ ਨਾਲ ਸੰਬੰਧਤ[ਸੋਧੋ]

ਮੁਸਲਮਾਨ ਜਾਤੀ ਗਊ ਦਾ ਮਾਸ ਬੜੇ ਚਾਅ ਨਾਲ ਖਾਂਦੀ ਹੈ, ਪਰੰਤੂ ਹਿੰਦੂ ਸਿੱਖ ਜਾਤੀ ਲਈ ਅਜਿਹਾ ਕਰਨਾ ਤਾਬੂ ਹੈ। ਹਿੰਦੂ- ਸਿੱਖ ਸੂਰ ਦਾ ਮਾਸ ਬੜੇ ਖੁਸ਼ ਹੋ ਕੇ ਖਾਂਦੇ ਹਨ, ਜਿਹੜਾ ਕੇ ਮੁਸਲਮਾਨਾਂ ਲਈ ਤਾਬੂ ਹੈ। ਹਿੰਦੂ ਲੋਕਾਂ ਵਿੱਚ ਸਿਗਰਟ, ਹੁਕਾ,ਚਿਲਮ,ਤਮਾਕੂ ਪੀਣਾ ਤੇ ਪੇਸ਼ ਕਰਨਾ ਮਹਿਮਾਨ ਨਿਮਾਜ਼ੀ ਦਾ ਲੱਛਣ ਹੈ,ਜਦੋਂ ਕਿ ਸਿੱਖਾਂ ਲਈ ਅਜਿਹਾ ਕਰਨਾ ਨਿਸ਼ੇਧ ਹੈ। ਹਿੰਦੂ-ਸਿੱਖ ਆਪਣੀ ਪ੍ਭੂ-ਪੂਜਾ ਢੋਲਕ, ਛੈਣੇ ਜਾਂ ਟੱਲੀਆਂ ਵਜਾ ਕੇ ਕਰਦੇ ਹਨ। ਪਰੰਤੂ, ਇਸਲਾਮ ਧਰਮ ਵਿੱਚ ਸੰਗੀਤਕ ਧੁਨਾਂ ਵਿਵਰਜਿਤ ਹਨ। ਹਲਾਲ ਕੀਤਾ ਕੁੱਕੜ ਹਿੰਦੂ-ਸਿੱਖ ਨਹੀਂ ਖਾਂਦੇ। ਝਟਕਾਏ ਬੱਕਰੇ ਦਾ ਮਾਸ ਮੁਸਲਮਾਨ ਕਬੂਲ ਨਹੀਂ ਕਰਦੇ। ਮੁਸਲਮਾਨ ਮਾਸ ਨੂੰ ਗੋਸ਼ਤ ਅਤੇ ਹਿੰਦੂ-ਸਿੱਖ ਗੋਸ਼ਤ ਨੂੰ ਮਾਸ। ਜਿਸ ਬਰਤਨ ਵਿੱਚ ਪਕਾ ਕੇ ਖਾਂਦੇ ਹਨ ਮੁਸਲਮਾਨ ਉਸਨੂੰ 'ਕਟਵੀ' ਕਹਿੰਦੇ ਹਨ। ਹਿੰਦੂ-ਸਿੱਖ 'ਪਤੀਲਾ' ਆਖਦੇ ਹਨ।ਮਾਸ ਦਾ ਰਸਾ ਮੁਸਲਮਾਨਾਂ ਲਈ ਸ਼ੋਰਬਾ ਹੈ, ਹਿੰਦੂ-ਸਿੱਖ ਇਸਨੂੰ ਤਰੀ ਕਹਿੰਦੇ ਹਨ। ਖਾਣ-ਪੀਣ ਦੇ ਢੰਗ ਤਰੀਕੇ ਵਿੱਚ ਵੀ ਬਹੁਤ ਅੰਤਰ ਮਿਲਦਾ ਹੈ। ਮੁਸਲਮਾਨਾਂ ਦੀ ਰੋਟੀ ਵੱਡੀ ਹੁੰਦੀ ਹੈ, ਉਨ੍ਹਾਂ ਦੇ ਗੋਸ਼ਤ ਦੀਆਂ ਬੋਟੀਆਂ ਵੀ ਮੋਟੀਆਂ ਮੋਟੀਆਂ ਹੁੰਦੀਆਂ ਹਨ। ਉਹ ਸਾਲਣ ਟਾਸ਼ ਵਿੱਚ ਰੱਖ ਕੇ ਖਾਂਦੇ ਹਨ। ਸਾਰੇ ਇੱਕੋ ਟਾਸ ਵਿਚੋਂ ਹੱਥ ਵਧਾ ਵਧਾ ਖਾਂਦੇ ਜਾਂਦੇ ਹਨ। ਪਾਣੀ ਪੀਣ ਲਈ ਘੜੇ ਦੇ ਕੋਲ ਇੱਕੋ ਹੀ ਕਟੋਰਾ ਹੁੰਦਾ ਹੈ, ਸਾਰੇ ਉਸ ਨੂੰ ਲੋੜ ਅਨੁਸਾਰ ਵਰਤ ਲੈਂਦੇ ਹਨ। ਜਦੋਂ ਕਿ ਹਿੰਦੂ-ਸਿੱਖਾਂ ਵਿੱਚ 'ਜੂਠ' 'ਸੁੱਚ' ਦਾ ਵਿਚਾਰ ਵਧੇਰੇ ਸਖ਼ਤ ਰਿਹਾ।[6]

ਹੋਰ ਆਮ ਵਰਜਣਾਵਾਂ[ਸੋਧੋ]

ਜਣੇਪੇ ਦੇ ਦਿਨਾਂ ਦੌਰਾਨ ਗਰਭਵਤੀ ਔਰਤ ਦਾ ਹਿੱਲਣਾ ਜੁਲਣਾ ਮਨ੍ਹਾਂ ਹੁੰਦਾ ਹੈ। ਜੂਆ ਦੇਖਣ ਦੀ ਮਨਾਹੀ ਹੁੰਦੀ ਹੈ। ਨਹੁੰਆਂ ਨਾਲ ਜ਼ਮੀਨ ਖੁਰਚਣੀ ਵਰਜਿਤ ਹੁੰਦੀ ਹੈ। ਕਿਸੇ ਮੌਤ ਜਾਂ ਜਣੇਪੇ ਵਾਲੇ ਘਰ ਜਾਣ ਦੀ ਮਨਾਹੀ ਹੁੰਦੀ ਹੈ। ਵਿਆਹ ਦੇ ਨਜ਼ਦੀਕੀ ਦਿਨਾਂ ਵਿੱਚ ਮਾਈਂਏਂ ਪਏ ਮੁੰਡੇ ਕੁੜੀ ਨੂੰ ਵੀ ਬਾਹਰ ਜਾਣ ਦੀ, ਜਾਨ ਜ਼ੋਖ਼ਮ ਵਾਲਾ ਕੰਮ ਕਰਨ ਦੀ ਮਨਾਹੀ ਹੁੰਦੀ ਹੈ। ਤੀਆਂ ਦੇ ਤਿਉਹਾਰ ਸਮੇਂ ਸੱਸ-ਨੂੰਹ ਦਾ ਇਕੱਠੇ ਰਹਿਣਾ ਮਨ੍ਹਾਂ ਹੁੰਦਾ ਹੈ। ਵਿਸ਼ਵਾਸ ਇਹ ਹੈ ਕਿ ਜੇ ਸਾਵਣ ਦੇ ਮਹੀਨੇ ਨੂੰਹ ਸੱਸ ਦੇ ਮੱਥੇ ਲੱਗੇਗੀ ਤਾਂ ਇਹ ਸੱਸ ਲਈ ਭਾਰੂ ਹੋਵੇਗਾ।[7]

ਹਰ ਸੱਭਿਆਚਾਰ ਵਿੱਚ ਵੱਖ ਵੱਖ ਟੈਬੂ ਮੰਨੇ ਜਾਂਦੇ ਹਨ। ਕਿਸੇ ਸਮਾਜ ਵਿੱਚ ਜੋ ਆਮ ਗੱਲ ਹੈ ਉਹੀ ਗੱਲ ਦੂਜੇ ਸਮਾਜ ਵਿੱਚ ਟੈਬੂ ਮੰਨੀ ਜਾਂਦੀ ਹੈ। ਪੰਜਾਬੀ ਸੱਭਿਆਚਾਰ ਵਿੱਚ ਮੰਨੇ ਜਾਣ ਵਾਲ਼ੇ ਟੈਬੂਜ਼ ਦਾ ਜ਼ਿਕਰ ਹੇਠ ਲਿਖਤ ਹੈ:

1. ਗਰਭਪਾਤ(Abortion): ਗਰਭ ਅਵਸਥਾ ਨੂੰ ਖ਼ਤਮ ਕਰਨਾ।

2. ਗੈਰ ਕਾਨੂੰਨੀ ਨਸ਼ੀਲੇ ਪਦਾਰਥ(Illegal drugs): ਗੈਰ ਕਾਨੂੰਨੀ ਨਸ਼ਿਆਂ ਦੀ ਵਰਤੋਂ ਜਾਂ ਦੁਰਵਰਤੋਂ।

3. ਹਰਾਮਕਾਰੀ(Fornication): ਬਿਨਾਂ ਵਿਆਹ ਤੋਂ ਨਾਜਾਇਜ਼ ਸਬੰਧ ਬਣਾਉਣਾ।

4. ਪ੍ਰਰਾਭਨਤਾ ਜਾਂ ਜ਼ੋਈਫਿਲਿਆ(Bestiality or Zoophilia): ਕਿਸੇ ਮਨੁੱਖ ਅਤੇ ਜਾਨਵਰ ਵਿਚਕਾਰ ਜਿਨਸੀ ਸੰਬੰਧ ਦਾ ਹੋਣਾ।

5. ਕੈਨੀਬਲੀਜ਼ਿਮ(Cannibalism): ਇੱਕ ਮਨੁੱਖ ਵੱਲੋਂ ਦੂਜੇ ਮਨੁੱਖ ਦਾ ਮਾਸ ਖਾਣਾ।

6. ਸਮਲਿੰਗਤਾ(Homosexuality): ਇੱਕੋ ਲਿੰਗ ਦੇ ਲੋਕਾਂ ਵੱਲ ਝੁਕਾਅ ਹੋਣਾ ਜਾਂ ਸਬੰਧ ਰੱਖਣਾ।

7. ਰਿਸ਼ਤਿਆਂ ਦਾ ਦਾਇਰਾ(Incest):  ਕੁੱੱਝ ਰਿਸ਼ਤਿਆਂ ਵਿਚਕਾਰ ਇੱਕ ਵਿੱਥ ਕਾਇਮ ਰੱਖਣੀ।

8. ਹੱਥਰਸੀ(Masturbation): ਆਪਣੀ ਖ਼ੁਦ ਦੀ ਜੈਨੇਲੀਆ ਦੀ ਹੇਰਾ ਫੇਰੀ ਕਰਨੀ।

9. ਕਤਲ(Murder): ਸਵੈ-ਰੱਖਿਆ ਤੋਂ ਬਗੈਰ ਕੀਤਾ ਕਤਲ ਟੈਬੂ ਮੰਨਿਆ ਜਾਂਦਾ ਹੈ।

10. ਨਿਕਰੋਫਿਲੀਆ(Necrophilia): ਇੱਕ ਲਾਸ਼ ਨਾਲ ਜਿਨਸੀ ਖਿੱਚ ਜਾਂ ਸੰਬੰਧ।

11. ਬਹੁ-ਵਿਆਹ(Polygamy): ਇੱਕ ਹੀ ਸਮੇਂ ਇੱਕ ਤੋਂ ਵੱਧ ਪਤੀ ਜਾਂ ਪਤਨੀ ਦਾ ਹੋਣਾ।

12. ਅਸ਼ਲੀਲਤਾ(Pornography):  ਜਿਨਸੀ ਉਤਸ਼ਾਹ ਲਈ ਸਰੀਰ ਦੇ ਹਿੱਸੇ ਦਿਖਾਉਣਾ ਜਾਂ ਦੇਖਣਾ।

13. ਗਰਭਵਤੀ ਲਾੜੀ(Pregnant bride):  ਵਿਆਹ ਵੇਲੇ ਕੁੜੀ ਦਾ ਗਰਭਵਤੀ ਹੋਣਾ।

14. ਆਤਮ ਹੱਤਿਆ(Suicide):  ਆਪਣੀ ਜਾਨ ਲੈ ਲੈਣਾ।

15. ਮਹਾਵਾਰੀ(Menstruation):  ਇੱਕ ਔਰਤ ਆਪਣੇ ਮਾਸਿਕ ਚੱਕਰ ਨੂੰ ਗੁਪਤ ਰੱਖਦੀ ਹੈ।

16. ਧਾਰਮਿਕ ਸ਼ਾਕਾਹਾਰੀ: ਮੁਸਲਮਾਨੀ ਨਿਯਮਾਂ ਅਨੁਸਾਰ ਹਲਾਲ ਕੀਤਾ ਮਾਸ ਹੀ ਖਾਧਾ ਜਾਂਦਾ ਹੈ, ਜਦਕਿ ਸਿੱਖ ਧਰਮ ਵਿੱਚ ਇਸ ਦੀ ਮਨਾਹੀ ਹੈ।

17. ਜ਼ਾਤ-ਪਾਤ(Castism):  ਅਲੱਗ ਅਲੱਗ ਜਾਤਾਂ ਨੂੰ ਉੱਚਾ ਜਾਂ ਨੀਵਾਂ ਸਮਝਣਾ।

ਹਵਾਲੇ[ਸੋਧੋ]

  1. ਡਾ., ਹਰਿੰਦਰ ਸਿੰਘ (2015). ਪੰਜਾਬ ਦੇ ਬੌਰੀਆ ਕਬੀਲੇ ਦਾ ਸਭਿਆਚਾਰ. ਚੰਡੀਗੜ੍ਹ: ਲੋਕਗੀਤ ਪ੍ਰਕਾਸ਼ਨ. p. 78. ISBN 9789352041916.
  2. Sigmund, Fruid. Totem & Taboo. p. 105.
  3. ਕਿਰਪਾਲ, ਕਜ਼ਾਕ (1990). ਸਿਕਲੀਗਰ ਕਬੀਲੇ ਦਾ ਸਭਿਆਚਾਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ. p. 11.
  4. ਕਿਰਪਾਲ, ਕਜ਼ਾਕ (1990). ਸਿਕਲੀਗਰ ਕਬੀਲੇ ਦਾ ਸਭਿਆਚਾਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ. p. 12.
  5. ਜੀਤ ਸਿੰਘ, ਜੋਸ਼ੀ (1997). ਸਭਿਆਚਾਰ ਅਤੇ ਲੋਕਧਾਰਾ. ਅੰਮ੍ਰਿਤਸਰ: ਵਾਰਿਸ ਸ਼ਾਹ ਫਾਉਂਡੇਸ਼ਨ. p. 92.
  6. ਡਾ ., ਜੀਤ ਸਿੰਘ ਜੋਸ਼ੀ (1997). ਸੱਭਿਆਚਾਰ ਅਤੇ ਲੋਕਧਾਰਾ. ਅੰਮ੍ਰਿਤਸਰ: ਵਾਰਿਸ਼ ਸ਼ਾਹ ਫਾਉਂਡੇਸ਼ਨ. pp. 93, 94.
  7. ਪ੍ਰੋ., ਜੀਤ ਸਿੰਘ ਜੋਸ਼ੀ (2009). ਲੋਕਧਾਰਾ ਸਿਧਾਂਤ ਤੇ ਵਿਸ਼ਲੇਸ਼ਣ. ਅੰਮ੍ਰਿਤਸਰ: ਵਾਰਿਸ਼ ਸ਼ਾਹ ਫ਼ਾਉਂਡੇਸ਼ਨ. p. 127. ISBN 978-81-7856-228-5.