ਪੰਜਾਬੀ ਪ੍ਰਾਹੁਣਾਚਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰਾਹੁਣਾਚਾਰੀ ਸ਼ਬਦ ਦੇ ਅਰਥ[ਸੋਧੋ]

ਪੰਜਾਬੀ ਸਭਿਆਚਾਰ ਵਿੱਚ ਆਮ ਤੌਰ 'ਤੇ ਪ੍ਰਾਹੁਣਾਚਾਰੀ ਅਤੇ ਮਹਿਮਾਨ ਨਿਵਾਜ਼ੀ ਦੋਵਾਂ ਸ਼ਬਦਾਂ ਨੂੰ ਇਕੋ ਭਾਵ ਲਈ ਵਰਤ ਲਿਆ ਜਾਂਦਾ ਹੈ ਪਰ ਬੁਨਿਆਦੀ ਤੌਰ 'ਤੇ ਇਹਨਾਂ ਵਿੱਚ ਬਹੁਤ ਅੰਤਰ ਹੈ। ਪੰਜਾਬੀ ਸਭਿਆਚਾਰ ਦੀ ਗੱਲ ਕਰਦੇ ਸਮੇਂ 'ਪ੍ਰਾਹੁਣਾ' ਸ਼ਬਦ ਮੁੱਢਲੇ ਰੂਪ ਵਿੱਚ ਕੁੜਮਾਂ, ਕੁੜਮਾਂ ਦੇ ਪਰਿਵਾਰ ਜਾਂ ਕੁੜਮਾਂ ਦੇ ਪੁੱਤ ਭਾਵ ਜਵਾਈ ਲਈ ਵਰਤਿਆ ਜਾਂਦਾ ਸੀ। ਮੌਜੂਦਾ ਸਮੇਂ ਇਸ ਸ਼ਬਦ ਦੇ ਅਰਥ ਵਸੀਹ ਹੋ ਗਏ ਹਨ ਅਤੇ ਘਰ ਵਿੱਚ ਆਉਣ ਵਾਲੇ ਸਭ ਮਹਿਮਾਨਾਂ ਨੂੰ ਹੀ ਪ੍ਰਾਹੁਣਾ ਆਖ ਕੇ ਸੰਬੋਧਿਤ ਕਰ ਲਿਆ ਜਾਂਦਾ ਹੈ। ਇਸ ਤਰ੍ਹਾਂ ਕੁੜਮਾਂ ਜਾਂ ਜਵਾਈ ਦੇ ਆਉਣ 'ਤੇ ਉਹਨਾਂ ਦੀ ਕੀਤੀ ਸੇਵਾ-ਸੰਭਾਲ ਪ੍ਰਾਹੁਣਾਚਾਰੀ ਅਖਵਾਉਂਦੀ ਸੀ। ਮੂਲ ਭਾਵ ਅਨੁਸਾਰ ਮਹਿਮਾਨ ਨਿਵਾਜ਼ੀ ਪ੍ਰਾਹੁਣਾਚਾਰੀ ਤੋਂ ਵੱਖਰਾ ਸੰਕਲਪ ਹੈ।

ਮਹਿਮਾਨ ਨਿਵਾਜ਼ੀ[ਸੋਧੋ]

ਮੱਧ ਪੂਰਬ ਏਸ਼ੀਆ ਤੋਂ ਜਦੋਂ ਹਾਕਮਾਂ ਨੇ ਪੰਜਾਬ ਜਾਂ ਭਾਰਤ ਆਉਣਾ ਸ਼ੁਰੂ ਕੀਤਾ ਤਾਂ ਉਸ ਵੇਲੇ ਬਾਹਰੋਂ ਆਏ ਹਾਕਮਾਂ ਦੀ ਸਾਡੇ ਇਧਰਲੇ ਲੋਕਲ ਹਾਕਮਾਂ ਦੁਆਰਾ ਕੀਤੀ ਖ਼ਿਦਮਤ, ਆਓ ਭਗਤ ਮਹਿਮਾਨ ਨਿਵਾਜ਼ੀ ਅਖਵਾਉਂਦੀ ਹੈ। ਬਾਅਦ ਵਿੱਚ ਇਹੀ ਖ਼ਿਦਮਤ ਜਾਂ ਆਓ ਭਗਤ ਬਾਹਰੋਂ ਆਉਣ ਵਾਲੇ ਸਭ ਲੋਕਾਂ ਲਈ ਕੀਤੀ ਜਾਣ ਲੱਗੀ ਅਤੇ ਆਮ ਲੋਕਾਂ ਵਿੱਚ ਪ੍ਰਚਲਿਤ ਹੋ ਗਈ। ਇਸੇ ਨੂੰ ਮਹਿਮਾਨ ਨਿਵਾਜ਼ੀ ਕਿਹਾ ਜਾਣ ਲੱਗਾ।

ਉਪਰੋਕਤ ਤੋਂ ਸਪਸ਼ਟ ਹੈ ਕਿ ਇਕੋ ਹੀ ਅਰਥ ਲਈ ਵਰਤੀਆਂ ਜਾਂਦੀਆਂ ਦੋ ਟਰਮਾਂ 'ਪ੍ਰਾਹੁਣਾਚਾਰੀ' ਅਤੇ 'ਮਹਿਮਾਨ ਨਿਵਾਜ਼ੀ' ਵੱਖ-ਵੱਖ ਹਨ। ਸਧਾਰਨ ਤੌਰ 'ਤੇ ਪੰਜਾਬੀ ਸਮਾਜ ਵਿੱਚ ਇੱਕ ਹੋਰ ਗੱਲ ਵੀ ਕੀਤੀ ਜਾਂਦੀ, ਜਦੋਂ ਆਪਣੇ ਕਿਸੇ ਖ਼ਾਸ ਨੂੰ ਕਿਹਾ ਜਾਂਦਾ ਹੈ ਕਿ ਉਹ ਮਹਿਮਾਨਾਂ ਦੀ ਤਰ੍ਹਾਂ ਮਹਿਸੂਸ ਨਾ ਕਰੇ। ਉਦੋਂ ਸਾਹਮਣੇ ਵਾਲੇ ਇਨਸਾਨ ਨੂੰ ਆਪਣੀ ਨੇੜਤਾ ਦਿਖਾਈ ਜਾਂਦੀ ਹੈ ਅਤੇ ਕਿਸੇ ਅਜਨਬੀ ਨੂੰ ਇਹ ਕਹਿਣਾ ਕਿ "ਤੂੰ ਸਾਡਾ ਮਹਿਮਾਨ ਹੈ" ਸਰਸਰੀ ਨਜ਼ਰੇ ਭਾਵੇਂ ਉਸਨੂੰ ਮੋਹ, ਪਿਆਰ, ਇੱਜ਼ਤ ਦੇਣਾ ਲੱਗਦਾ ਹੈ ਪਰ ਇਸ ਦੇ ਪਿੱਛੇ ਜੋ ਭਾਵ ਛੁੱਪਿਆ ਹੋਇਆ ਹੈ ਉਹ ਉਸ ਵਿਅਕਤੀ ਵਿਸ਼ੇਸ਼ ਨੂੰ ਪਰਾਇਆ ਦਰਸਾਉਣ ਦਾ ਹੀ ਹੈ। ਇਸ ਤਰ੍ਹਾਂ ਮਹਿਮਾਨ ਕਹਿਣਾ, ਮਹਿਮਾਨਾਂ ਵਾਂਗ ਵਿਵਹਾਰ ਜਾਂ ਮਹਿਮਾਨ ਨਿਵਾਜ਼ੀ ਕਰਨਾ ਆਪਣੇ ਆਪ ਵਿੱਚ ਕੋਈ ਅਪਣੱਤ ਵਾਲੀ ਗੱਲ ਨਹੀਂ ਹੈ।

ਪ੍ਰਾਹੁਣਾਚਾਰੀ ਅਤੇ ਮਹਿਮਾਨ ਨਿਵਾਜ਼ੀ ਦੀ ਮਹੱਤਤਾ[ਸੋਧੋ]

ਪੰਜਾਬੀ ਸਭਿਆਚਾਰ ਵਿੱਚ ਪ੍ਰਾਹੁਣਾਚਾਰੀ ਦੀ ਖ਼ਾਸ ਮਹੱਤਤਾ ਹੈ। ਬਾਹਰੋਂ ਆਏ ਪ੍ਰਾਹੁਣੇ ਨੂੰ ਆਦਰ ਸਤਿਕਾਰ ਨਾਲ ਅੰਦਰ ਲੰਘਾਉਣਾ, ਵੱਧ ਤੋਂ ਵੱਧ ਆਰਾਮ ਦਾ ਪ੍ਰਾਹੁਣੇ ਲਈ ਪ੍ਰਬੰਧ ਕਰਨਾ, ਚੰਗਾ-ਚੋਖਾ ਖਾਣ ਨੂੰ ਦੇਣਾ, ਹਰ ਭਾਂਤ ਦੀ ਸੇਵਾ ਕਰਨਾ, ਬੜੇ ਸਤਿਕਾਰ ਨਾਲ ਹੱਥ ਜੋੜ ਕੇ ਵਿਦਾ ਕਰਨਾ ਅਤੇ ਪਿੰਡ ਦੀ ਜੂਹ ਤੱਕ ਛੱਡਣ ਜਾਣਾ ਆਦਿ ਪੰਜਾਬੀ ਸਭਿਆਚਾਰ ਵਿੱਚ ਪ੍ਰਾਹੁਣਾਚਾਰੀ ਦੇ ਵਿਸ਼ੇਸ਼ ਲੱਛਣ ਹਨ ਭਾਵੇਂ ਕਿ ਸਮੇਂ ਦੇ ਬੀਤਣ ਨਾਲ ਹੁਣ ਰਵਾਇਤੀ ਪ੍ਰਾਹੁਣਾਚਾਰੀ ਜਾਂਦੀ ਰਹੀ।

ਪ੍ਰਾਹੁਣਚਾਰੀ ਬੁਨਿਆਦੀ ਕਦਰ ਵਜੋਂ[ਸੋਧੋ]

ਪੰਜਾਬੀ ਸਭਿਆਚਾਰ ਦੇ ਸੰਬੰਧ ਵਿੱਚ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਉਹ ਕਿਹੜੀ ਬੁਨਿਆਦੀ ਕਦਰ ਹੈ, ਜਿਹੜੀ ਪੰਜਾਬੀ ਸਭਿਆਚਾਰ ਦਾ ਖਾਸਾ ਨਿਰਧਾਰਿਤ ਕਰਦੀ ਹੈ ਅਤੇ ਇਸ ਨੂੰ ਦੂਜੇ ਸਭਿਆਚਾਰਾਂ ਤੋਂ ਨਿਖੇੜਦੀ ਹੈ? ਇਸ ਦੇ ਕਈ ਜਵਾਬ ਵੀ ਦਿੱਤੇ ਜਾਂਦੇ ਹਨ ਕਿ ਉਹ ਬੁਨਿਆਦੀ ਕਦਰ ਹੈ- ਬਹਾਦਰੀ, ਪ੍ਰਾਹੁਣਾਚਾਰੀ, ਸਖੀਪੁਣਾ ਜਾਂ ਧਾਰਮਿਕ ਆਦਿ ਪਰ ਅਸੀਂ ਇਹਨਾਂ ਵਿਚੋਂ ਕਿਸੇ ਨੂੰ ਵੀ ਬੁਨਿਆਦੀ ਨੁਕਤੇ ਵਜੋਂ ਉਭਾਰ ਨਹੀਂ ਸਕਦੇ, ਕਿਉਂਕਿ ਇਹ ਗੁਣ ਥੋੜੇ-ਬਹੁਤੇ ਫ਼ਰਕ ਜਾਂ ਵਾਧੇ ਘਾਟੇ ਨਾਲ ਹੋਰਾਂ ਕੌਮਾਂ, ਨਸਲਾਂ, ਸਭਿਆਚਾਰਾਂ 'ਚ ਵੀ ਮਿਲ ਜਾਂਦੇ ਹਨ। ਪੰਜਾਬੀ ਪ੍ਰਾਹੁਣਾਚਾਰੀ/ਮਹਿਮਾਨ ਨਿਵਾਜ਼ੀ ਦੇ ਸੰਬੰਧੀ ਇਹ ਕਹਿ ਸਕਦੇ ਹਾਂ ਕਿ ਇਹ ਸਾਂਝ ਪਾਉਣ ਦਾ ਯਤਨ ਹੈ। 'ਘਰ ਆਏ ਪ੍ਰਾਹੁਣੇ ਨੂੰ ਇੱਕ ਪਲ ਲਈ ਵੀ "ਬਾਰਿ ਪਰਾਇਐ ਬੈਸਣਾ" ਦਾ ਅਹਿਸਾਸ ਨਾ ਹੋਵੇ, ਇਸੇ ਲਈ ਉਸ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ "ਆਪਣਾ ਘਰ ਹੀ ਸਮਝੋ"।'[1] ਇਸ ਟਰਮ ਨੂੰ ਅਸੀਂ ਬੁਨਿਆਦੀ ਕਦਰ ਨਹੀਂ ਆਖ ਸਕਦੇ।

ਪ੍ਰਾਹੁਣਚਾਰੀ ਦਾ ਇਤਿਹਾਸ[ਸੋਧੋ]

'ਭਾਰਤੀ ਸਭਿਆਚਾਰ ਵਿੱਚ ਭੇਟ ਦੇਣ ਦੀ ਬੜੀ ਮਹੱਤਤਾ ਹੈ। ਇਥੇ ਪੰਜ ਭਾਂਤ ਦੀਆਂ ਭੇਟਾਂ ਮੰਨੀਆਂ ਜਾਂਦੀਆਂ ਹਨ। ਦੇਵਤਿਆਂ, ਰਿਸ਼ੀਆਂ, ਪਿੱਤਰਾਂ, ਪਸ਼ੂ-ਪੰਛੀਆਂ ਅਤੇ ਆਪਣੇ ਸਾਥੀਆਂ ਨੂੰ ਭੇਟਾ। ਇਹਨਾਂ ਭੇਟਾਂ ਤੋਂ ਹੀ ਧਾਰਮਿਕ ਰਸਮਾਂ, ਪੂਜਾ ਵਿਧੀਆਂ ਜਨਮੀਆਂ ਅਤੇ ਪ੍ਰਾਹੁਣਾਚਾਰੀ, ਦਾਨ ਦੇਣਾ ਆਦਿ ਸ਼ੁਭ ਕੰਮ ਪ੍ਰਚਲਿਤ ਹੋਏ।'[2] ਉਂਝ ਵੀ ਪੰਜਾਬ ਵਿੱਚ ਮੁੱਢੋਂ ਹੀ ਖਾਣ ਪੀਣ ਅਤੇ ਰਹਿਣ ਸੰਬੰਧੀ ਬਹੁਤੇ ਪਰਹੇਜ਼ ਕਰਨ ਵਾਲੇ ਆਦਮੀ ਦੇ ਜੀਣ ਦੀ ਬਹੁਤੀ ਗੁੰਜ਼ਾਇਸ਼ ਨਹੀਂ ਸੀ[3] ਪੰੰਜਾਬ ਭਾਰਤ ਦਾ ਪ੍ਰਵੇਸ਼ ਦੁਆਰ ਹੋਣ ਕਰਕੇ ਵਿਦੇਸ਼ੀ ਹਮਲਾਵਰਾਂ ਦਾ ਸਭ ਤੋਂ ਪਹਿਲਾਂ ਅਤੇ ਵੱਡੇ ਪੱਧਰ 'ਤੇ ਸ਼ਿਕਾਰ ਹੁੰਦਾ ਰਿਹਾ ਹੈ, ਇਸ ਕਰਕੇ ਵਾਰ-ਵਾਰ ਉਜੜਨ, ਲੁੱਟੇ ਜਾਣ ਕਰਕੇ ਹੀ ਪੰਜਾਬੀਆਂ ਦੀ ਮਾਨਸਿਕਤਾ 'ਚ ਇਹ ਗੱਲ ਘਰ ਕਰ ਗਈ ਕਿ ਜੋ ਖਾ-ਪੀ ਲਿਆ ਉਹ ਹੀ ਆਪਣਾ ਹੈ ਬਾਕੀ ਬਾਹਰੋਂ ਆਏ ਧਾੜਵੀਆਂ ਨੇ ਲੁੱਟ ਲੈ ਜਾਣਾ ਹੈ। ਇਸੇ ਕਰਕੇ ਇਸ ਤਰ੍ਹਾਂ ਦੇ ਵਾਕ ਲੋਕ ਮੂੰਹਾਂ 'ਤੇ ਚੜ੍ਹ ਗਏ:

'ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ।'[4]

ਖਾ ਗਏ, ਰੰੰਗ ਲਾ ਗਏ, ਜੋੋੜ ਗਏ ਸੋ ਰੋੋੋੋੜ੍ਹ ਗਏ

ਸ਼ਾਇਦ ਇਸ ਤਰ੍ਹਾਂ ਦੀ ਮਨੋਬਿਰਤੀ ਕਰਕੇ ਵੀ ਪੰਜਾਬੀ ਲੋਕ ਪ੍ਰਾਹੁਣੇ ਜਾਂ ਮਹਿਮਾਨ ਦੀ ਆਓ ਭਗਤ ਕਰਦੇ ਸਨ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਵੈਸੇ ਵੀ ਧਾੜਵੀਆਂ ਨੇ ਲੁੱਟ ਲੈ ਜਾਣਾ ਹੈ।

ਪੰਜਾਬੀ ਪ੍ਰਾਹੁਣਾਚਾਰੀ ਦਾ ਬਦਲ ਰਿਹਾ ਸਰੂਪ[ਸੋਧੋ]

ਅੱਜ ਪੰਜਾਬੀ ਪ੍ਰਾਹੁਣਾਚਾਰੀ ਦਾ ਸਰੂਪ ਪਹਿਲਾਂ ਵਰਗਾ ਨਹੀਂ ਰਿਹਾ। ਇਸ ਦੇ ਬੁੁਨਿਆਦੀ ਰੂੂਪ ਵਿੱਚ ਕਈ ਕਿਸਮ ਦੇ ਬਦਲਾਓ ਆ ਗਏ ਹਨ। ਪੰਜਾਬ ਦੇ ਪੇੇਂਡੂ ਜਨ-ਜੀਵਨ ਵਿੱਚ ਅੱਜ ਪਹਿਲਾਂ ਨਾਲੋਂ ਕਾਫੀ ਅੰਤਰ ਆ ਗਿਆ ਹੈ, ਜਿਸ ਨੇ ਪੰਜਾਬੀ ਪ੍ਰਾਹੁਣਾਚਾਰੀ ਦੇ ਪਰੰਪਰਾਗਤ ਸਰੂਪ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਪਰ "ਇਸ ਇਲਾਕੇ ਦੇ ਵਾਸੀਆਂ ਦੀ ਪ੍ਰਹੁਣਾਚਾਰੀ ਬਹੁਤ ਪ੍ਰਸਿੱਧ ਹੈ। ਇਹ ਆਏ ਗਏ ਭੈਣ-ਭਾਈ ਦੀ ਸੇਵਾ ਕਰਕੇ ਬਹੁਤ ਖ਼ੁਸ਼ ਹੁੰਦੇ ਹਨ। ਰਿਸ਼ਤੇਦਾਰ ਤੋਂ ਬਿਨ੍ਹਾਂ ਓਪਰੇ ਆਦਮੀ ਦੀ ਸੇਵਾ ਵੀ ਬਹੁਤ ਕਰਦੇ ਹਨ।"[5] 'ਪਹਿਲਾਂ ਪਿੰਡ ਦੇ ਕਿਸੇ ਘਰ ਵਿੱਚ ਆਏ ਪ੍ਰਾਹੁਣੇ ਦੀ ਟਹਿਲ ਸੇਵਾ ਕਰਨ ਵੇਲੇ ਪਹਿਲਾਂ ਉਸ ਦੇ ਅੱਗੇ ਦੁੱਧ ਦਾ ਗੜਵਾ ਅਤੇ ਛੰਨਾ ਜਾਂ ਕੜਿਆਂ ਵਾਲਾ ਗਲਾਸ ਰੱਖਿਆ ਜਾਂਦਾ ਸੀ। ਪ੍ਰਾਹੁਣਾ ਲੋੜ ਅਨੁਸਾਰ ਦੁੱਧ ਪਾ ਕੇ ਪੀ ਲੈਂਦਾ ਸੀ ਜਾਂ ਮੇਜ਼ਬਾਨ ਕੋਲ ਬੈਠ ਕੇ ਖਾਂਦਾ ਸੀ ਪਰ ਹੁਣ ਪਿੰਡਾਂ ਵਿੱਚ ਵੀ ਪ੍ਰਾਹੁਣਿਆਂ ਨੂੰ ਚਾਹ ਪਾਣੀ ਪੱਛਮੀ ਸਭਿਅਤਾ ਦਾ ਪ੍ਰਭਾਵ ਕਬੂਲ ਕਰ ਚੁੱਕੇ ਸ਼ਹਿਰੀ ਢੰਗ ਨਾਲ ਪਿਆਇਆ ਜਾਂਦਾ ਹੈ। ਹੁਣ ਦੁੱਧ ਦੇ ਗੜਵੇ ਦੀ ਥਾਂ ਪਿਆਲੀ ਵਿੱਚ ਚਾਹ ਪੇਸ਼ ਕੀਤੀ ਜਾਂਦੀ ਹੈ, ਕਈ ਘਰਾਂ ਵਿੱਚ ਪਿਆਲੀਆਂ ਟਰੇਅ ਵਿੱਚ ਰੱਖ ਕੇ ਪੇਸ਼ ਕੀਤੀਆਂ ਜਾਂਦੀਆਂ ਹਨ। ਸਾਦਗੀ ਅਤੇ ਖੁਲ੍ਹ ਦਿਲੀ ਦੀ ਥਾਂ ਦਿਖਾਵਾ ਅਤੇ ਸੰਜਮ ਵਧਦਾ ਜਾ ਰਿਹਾ ਹੈ, ਇਹ ਦੋਵੇਂ ਪੱਖ ਪੰਜਾਬੀ ਪੇਂਡੂਆਂ ਦੇ ਸੁਭਾਅ ਦੇ ਵਿਪਰੀਤ ਹਨ।'[6] ਇਸ ਤਰ੍ਹਾਂ ਇਹ ਕਹਿ ਸਕਦੇ ਹਾਂ ਕਿ ਅੱਜਕਲ੍ਹ ਪੰੰਜਾਬੀਆਂਂ ਦੁੁਆਰਾ ਕੀਤੀ ਜਾਣ ਵਾਲੀ ਖ਼ਿਦਮਤ, ਆਓ ਭਗਤ, ਮਹਿਮਾਨ ਨਿਵਾਜ਼ੀ ਜਾਂ ਪ੍ਰਾਹੁਣਾਚਾਰੀ ਦਾ ਢੰਗ ਜਾਂ ਸਲੀਕਾ ਪਹਿਲਾਂ ਵਰਗਾ ਨਹੀਂ ਰਿਹਾ।

ਹਵਾਲੇ[ਸੋਧੋ]

  1. ਫ਼ਰੈਂਕ, ਪ੍ਰੋ. ਗੁਰਬਖ਼ਸ਼ ਸਿੰਘ (2017). ਸਭਿਆਚਾਰ ਅਤੇ ਪੰਜਾਬੀ ਸਭਿਆਚਾਰ. ਅੰਮ੍ਰਿਤਸਰ: ਵਾਰਿਸ ਸ਼ਾਹ ਫ਼ਾਉਂਡੇਸ਼ਨ. p. 132. ISBN 978-81-7856-365-7.
  2. ਫੁੱਲ, ਡਾ. ਗੁਰਦਿਆਲ ਸਿੰਘ (2013). ਪੰਜਾਬੀ ਸਭਿਆਚਾਰ ਇੱਕ ਦ੍ਰਿਸ਼ਟੀਕੋਣ. ਪਟਿਆਲਾ: ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 12. ISBN 978-81-302-0108-5.
  3. ਸਿੰਘ, ਅਮਰਜੀਤ (1988). ਪੰਜਾਬੀ ਸਭਿਆਚਾਰ ਇੱਕ ਵਿਸ਼ਲੇਸ਼ਣ (ਦੂਸਰੀ ਪੰਜਾਬੀ ਵਿਕਾਸ ਕਾਨਫ਼ਰੰਸ). ਪਟਿਆਲਾ: ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 74.
  4. ਚੀਮਾ, ਡਾ. ਬਲਦੇਵ ਸਿੰਘ (2011). ਸਭਿਆਚਾਰ ਤੇ ਵਿਚਾਰ. ਪਟਿਆਲਾ: ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 42. ISBN 81-302-0206-9.
  5. ਬਿਰਦੀ, ਮਹਿੰਦਰ ਸਿੰਘ (2000). ਮਾਲਵੇ ਦਾ ਲੋਕ ਸਾਹਿਤ. ਪਟਿਆਲਾ: ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 19. ISBN 81-7380-702-7.
  6. ਸ਼ੇਰਗਿੱਲ, ਡਾ. ਸੁਰਿੰਦਰ ਸਿੰਘ (1986). ਪੰਜਾਬ ਦਾ ਸਭਿਆਚਾਰਕ ਵਿਰਸਾ. ਲੁਧਿਆਣਾ: ਲਾਹੌਰ ਬੁਕ ਸ਼ਾਪ. p. 93.