ਸਮੱਗਰੀ 'ਤੇ ਜਾਓ

ਪੰਜਾਬੀ ਭਾਸ਼ਾ ਉੱਤੇ ਮੀਡੀਆ ਦੇ ਪ੍ਰਭਾਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬੀ ਭਾਸ਼ਾ ਵਿਚ ਟੀ.ਵੀ., ਇੰਟਰਨੈੱਟ, ਮੋਬਾਇਲ, ਲੈਂਡ-ਲਾਈਨ,ਅਤੇ ਅਖ਼ਬਾਰ, ਰੇਡੀਉ ਆਦਿ ਕੁਝ ਅਜਿਹੀਆਂ ਕੇਂਦਰੀ ਮਦਾਂ ਹਨ, ਜੋ ਸੂਚਨਾ ਅਤੇ ਸੰਚਾਰ ਤਕਨਾਲੋਜੀ ਦੀ ਸ਼ਬਦਾਵਲੀ ਦਾ ਮੁੱਖ ਹਵਾਲਾ-ਬਿੰਦੂ ਕਹੀਆਂ ਜਾ ਸਕਦੀਆਂ ਹਨ। ਇਨ੍ਹਾਂ ਨੂੰ ਸਮੂਹਿਕ ਰੂਪ ਵਿਚ 'ਮੀਡੀਆ' ਮਦ ਰਾਹੀਂਂ ਵੀ ਅੰਕਿਤ ਕੀਤਾ ਜਾ ਸਕਦਾ ਹੈ। ਪਿਛਲੇ ਤਕਰੀਬਨ ਦੋ ਦਹਾਕਿਆਂ ਤੋਂ ਵੀ ਘੱਟ ਸਮੇਂ ਦੌਰਾਨ ਇਨ੍ਹਾਂ ਮਦਾਂ ਨਾਲ ਸੰਬੰਧਿਤ ਤੰਤਰ ਨੇ ਨਾ ਸਿਰਫ਼ ਪੰਜਾਬੀ, ਬਲਕਿ ਵਿਸ਼ਵ ਦੇ ਸਾਰੇ ਵਿਕਾਸਸ਼ੀਲ ਸਮਾਜਾਂ ਨੂੰ ਆਪਣੇ ਪ੍ਰਭਾਵ ਘੇਰੇ ਵਿਚ ਜਕੜ ਲਿਆ ਹੈ।[1],ਮਾਨਵੀ ਭਾਸ਼ਾ ਇੱਕ ਸੰਚਾਰ ਮਾਧਿਅਮ ਹੈ। ਠੀਕ ਇਸੇ ਤਰ੍ਹਾਂ ਮੀਡੀਆਂ ਵੀ ਇੱਕ ਸੰਚਾਰ ਮਾਧਿਅਮ ਹੈ। ਪ੍ਰਿੰਟ ਮੀਡੀਆ ਭਾਸ਼ਾ ਦੇ ਲਿਖਤ ਸਰੂਪ ਅਤੇ ਰੇਡੀਉ ਅਤੇ ਲੈਂਡ ਲਾਈਨ 'ਭਾਸ਼ਾਈ ਬੋਲਾਂ' ਦੇ ਹਵਾਲੇ ਨਾਲ ਵਜੂਦ ਗ੍ਰਹਿਣ ਕਰਦੇ ਹਨ।[2]

ਉਪਰੋਕਤ ਪਰਿਪੇਖ ਵਿੱਚ ਜਦੋਂ ਅਸੀਂ ਮੀਡੀਆ ਦੇ ਪ੍ਰਭਾਵਾਂ ਨੂੰ ਪੰਜਾਬੀ ਭਾਸ਼ਾ ਦੇ ਪ੍ਰਸੰਗ ਵਿੱੱਚ ਦੇਖਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਅਜੇ ਤੀਕ ਇਸ ਸੰਬੰਧੀ ਵਿਧਿਵਤ ਅਧਿਐਨ ਨਹੀਂ ਕੀਤਾ ਗਿਆ। ਸਤਹੀ ਪੱਧਰ ਤੇ ਜਾਪਦਾ ਹੈ ਕਿ ਮੀਡੀਆ ਕਰਕੇ ਪੰਜਾਬੀ ਬੁਲਾਰਿਆਂ ਦੀ ਸ਼ਬਦਾਵਲੀ ਵਿੱਚ ਵੱਡੇ ਪਰਿਵਰਤਨ ਹੋਏ ਹਨ। ਮੀਡੀਆ ਦੇ ਪ੍ਰਭਾਵ ਅਧੀਨ ਨਵੀਂ ਸ਼ਬਦਾਵਲੀ ਦੀ ਗਿਣਤੀ ਸੈਂਕੜਿਆਂ ਵਿੱੱਚ ਹੋ ਸਕਦੀ ਹੈ। ਇਹ ਸ਼ਬਦਾਵਲੀ ਵਧੇਰੇ ਕਰਕੇ ਨਾਂਵੀ ਪੱਧਰ ਦੀ ਹੈ, ਕਿਉਂਕਿ ਸ਼ਬਦਾਵਲੀ ਦੇ ਪਰਿਵਰਤਨਾਂ ਵਿੱਚ ਵਧੇਰੇ ਕਰਕੇ ਨਾਵੀਂ ਸ਼ਬਦਾਵਲੀ ਦੀ ਹੀ ਆਮਦ ਹੋਈ ਹੈ। ਪਰ ਇਹ ਤੱਥ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ, ਕਿ ਇਹ ਨਵੀਂ ਸ਼ਬਦਾਵਲੀ ਬਹੁਤ ਤੇਜ਼ ਗਤੀ ਨਾਲ ਆਉਂਦੀ ਹੈ ਅਤੇ ਕੁਝ ਦੇਰ ਮਗਰੋਂ ਇਸ ਵਿੱਚੋਂ ਕੁਝ ਕੁ ਹਿੱਸੇ ਖਾਰਜ ਹੋ ਜਾਂਦੇ ਹਨ।[3]

ਮੀਡੀਆ ਦੇ ਹਵਾਲੇ ਨਾਲ ਆ ਰਹੀ ਸ਼ਬਦਾਵਲੀ ਦੇ ਸਰੋਤ ਤਿੰਨ ਤਰ੍ਹਾਂ ਦੇ ਹਨ:- 1. ਅੰਗ੍ਰੇਜ਼ੀ ਸ਼ਬਦਾਵਲੀ:- ਤਕਨਾਲੋਜੀ ਦੇ ਵਿਕਾਸ ਸਦਕਾ ਮੀਡੀਆ ਰਾਹੀਂ ਪ੍ਰਦਰਸ਼ਿਤ ਅਤੇ ਸੰਚਾਰਿਤ ਵਸਤੂ-ਜਗਤ ਵਧੇਰੇ ਕਰਕੇ ਅੰਗ੍ਰੇਜ਼ੀ ਮੂਲ ਵਾਲਾ ਹੈ। ਇਸ ਲਈ ਟੀ.ਵੀ ਨਾਲ ਜੁੜੀ ਹੋਈ ਸਾਰੀ ਤਕਨੀਕੀ ਸ਼ਬਦਾਵਲੀ(ਟੀ.ਵੀ. ਚੈਨਲ, ਡਿਸ਼ ਚੈਨਲਾਂ ਦੇ ਨਾਂ, ਇੰਟਰਨੈੱਟ, ਮੋਬਾਈਲ, ਸਰਫਿੰਗ, ਸੈਟਿੰਗ, ਸੀਰੀਅਲ, ਲਾਈਵ ਟੈਲੀਕਾਸਟ, ਰੀਐਲਟੀ ਸ਼ੋ, ਡੇਲੀ ਸ਼ੋ) ਆਦਿ ਅੰਗ੍ਰੇਜ਼ੀ ਮੂਲ ਵਾਲੀ ਹੈ।[4] 2 ਸਥਾਨਕ ਸ਼ਬਦਾਵਲੀ:- ਦੂਜੀ ਤਰ੍ਹਾਂ ਦੇ ਸ਼ਬਦਾਵਲੀ ਸਰੋਤ ਸਥਾਨਕ ਭਾਸ਼ਾਵਾਂ ਨਾਲ ਸੰਬੰਧਤ ਹਨ। ਇਹ ਸ਼ਬਦਾਵਲੀ ਵਧੇਰੇ ਕਰਕੇ ਕਲਾਸੀਕਲ ਸਾਹਿਤ ਰਾਹੀਂ ਸੰਚਾਰਤ ਯੋਗ-ਸ਼ਿਵਰਾਂ ਤੇ ਮਹਾਂਪੁਰਸ਼ਾਂ ਦੇ ਪ੍ਰਵਚਨਾਂ, ਨਿਊਜ ਚੈਨਲਾਂ ਦੁਆਰਾ ਟੈਲੀਕਾਸਟ ਰੋਜ਼ਾਨਾ ਭਵਿੱਖ-ਬਾਣੀਆਂ ਸਥਾਨਕ ਮਨਤਾ ਵਾਲੇ ਸਥਾਨਾਂ ਦੀ ਜਾਣਕਾਰੀ ਅਤੇ ਕੁਝ ਚੈਨਲਾਂ(ਈ.ਟੀ.ਸੀ. ਪੰਜਾਬੀ, ਪੀ.ਟੀ.ਸੀ. ਪੰਜਾਬੀ) ਦੁਆਰਾ ਇਤਿਹਾਸਿਕ ਧਰਮ ਸਥਾਨਾਂ ਦੇ ਰੋਜ਼ਾਨਾ ਪੂਜਾ ਕਰਮ-ਕਾਂਡਾਂ ਆਦਿ ਦਾ ਸਿੱਧਾ ਟੈਲੀਕਾਸਟ ਕਰਨ ਦੇ ਮਾਧਿਅਮ ਰਾਹੀਂ ਆ ਰਹੀ ਹੈ।[4] 3. ਅਨੁਵਾਦਿਤ ਸ਼ਬਦਾਵਲੀ:- ਨਵੀਂ ਸ਼ਬਦਾਵਲੀ ਦਾ ਤੀਜਾ ਸ੍ਰੋਤ ਅੰਗਰੇਜ਼ੀ ਚੈਨਲਾਂ(ਡਿਸਕਵਰੀ, ਐਨੀਮਲ ਚੈਨਲ, ਡਿਜ਼ਨੀ) ਦੇ ਹਿੰਦੀ ਵਿਚ ਡਬ ਕੀਤੇ ਪ੍ਰੋਗਰਾਮਾਂ ਦੇ ਮਾਧਿਅਮ ਰਾਹੀਂ ਆ ਰਹੀ ਹੈ।

ਐੱਮ.ਏ. 2

  1. ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਮੀਡੀਆ ਅੰਤਰ-ਸੰਵੀਦ, ਰਜਿੰਦਰਪਾਲ ਬਰਾੜ, ਗੁਰਮੁਖ ਸਿੰਘ, ਬਲਦੇਵ ਸਿੰਘ ਚੀਮਾ, ਪਬਲਿਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ ਨੰਬਰ 91
  2. ਮੀਡੀਆ ਔਰ ਸੰਸਕ੍ਰਿਤੀ, ਰੂਪਚੰਦ ਗੌਤਮ, ਸ਼੍ਰੀ ਨਟਰਾਜ ਪ੍ਰਕਾਸ਼ਨ ਦਿੱਲੀ, 2008, ਪੰਨਾ ਨੰਬਰ 137
  3. ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਮੀਡੀਆ ਅੰਤਰ-ਸੰਵਾਦ, ਰਜਿੰਦਰਪਾਲ ਬਰਾੜ, ਗੁਰਮੁਖ ਸਿੰਘ, ਬਲਦੇਵ ਸਿੰਘ ਚੀਮਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ ਨੰਬਰ 94
  4. 4.0 4.1 ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਮੀਡੀਆ ਅੰਤਰ-ਸੰਵਾਦ, ਰਜਿੰਦਰਪਾਲ ਬਰਾੜ, ਗੁਰਮੁਖ ਸਿੰਘ, ਬਲਦੇਵ ਸਿੰਘ ਚੀਮਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ ਨੰਬਰ 91