ਪੰਜਾਬੀ ਰਾਜਨੀਤਿਕ ਸੱਭਿਆਚਾਰ
ਭੂਮਿਕਾ
[ਸੋਧੋ]ਚਿੰਨ੍ਹ ਵਿਗਿਆਨ ਦੀ ਦ੍ਰਿਸ਼ਟੀ ਤੋਂ ਸੱਭਿਆਚਾਰ ਇੱਕ ਚਿੰਨ੍ਹਾਤਮਕ ਵਤੀਰਾ ਹੈ। ਇਸ ਦੇ ਚਿੰਨ੍ਹ ਭਾਵੇਂ ਭਾਸ਼ਾਈ ਹੋਣ ਜਾਂ ਪਦਾਰਥਕ ਬਰਾਬਰ ਦੀ ਮਹੱਤਤਾ ਰੱਖਦੇ ਹਨ। ਇਸ ਤਰ੍ਹਾਂ ਭਾਸ਼ਾ ਦੇ ਸ਼ਬਦ ਭਾਵਾਂ ਦਾ ਸੰਚਾਰ ਕਰਦੇ ਹਨ।[1] ਸੱਭਿਆਚਾਰ ਪੈਦਾਵਾਰ ਦੀਆਂ ਸ਼ਕਤੀਆਂ ਅਤੇ ਪੈਦਾਵਾਰ ਦੇ ਰਿਸ਼ਤਿਆਂ ਦੀ ਟੱਕਰ ਦੀ ਸਿਰਜਣਾ ਹੈ। ਇਸ ਟੱਕਰ ਵਿੱਚ ਮਨੁੱਖ ਦੀ ਸਿਰਜਣਾਤਮਕ ਸ਼ਕਤੀ ਵਿਸ਼ੇਸ਼ ਸਾਂਚੇ ਵਿੱਚ ਢਲਦੀ ਹੈ। ਜਦੋਂ ਪੈਦਾਵਾਰੀ ਰਿਸ਼ਤਿਆਂ ਵਿੱਚ ਦਰਾੜ ਪੈ ਜਾਵੇ ਤਾਂ ਸਮਾਜ ਜਮਾਤਾਂ ਵਿੱਚ ਵੰਡਿਆ ਜਾਂਦਾ ਹੈ।[2]
1) ਪ੍ਰਾਚੀਨ ਕਾਲ ਵਿੱਚ ਰਾਜਸੀ ਹਾਲਾਤ:
[ਸੋਧੋ]ਪ੍ਰਾਚੀਨ ਕਾਲ ਵਿੱਚ ਰਾਜਸੀ ਹਾਲਾਤ ਕੁਝ ਅਜਿਹੇ ਹਨ ਕਿ ਦੇਸ਼ ਨੂੰ ਅਖੰਡਤਾ ਨਸ਼ੀਬ ਨਹੀਂ ਹੋ ਸਕੀ ਪਰੰਤੂ ਸੱਭਿਆਚਾਰਕ ਪੱਖ ਤੋਂ ਇਹ ਅਖੰਡਤਾ ਉਸ ਸਮੇਂ ਵੀ ਕਾਹਿਮ ਸੀ। ਵੱਖ-ਵੱਖ ਭਾਗਾਂ ਵਿੱਚ ਰਹਿਣ ਵਾਲੇ ਵਿਦਵਾਨਾਂ ਦੀਆਂ ਵਿਚਾਰਧਾਰਾ ਸਾਹਿਤਕਾਰਾਂ ਦੀਆਂ ਕਿਰਤਾਂ ਉਹਨਾਂ ਦੀ ਸੋਚਣੀ ਅਤੇ ਦ੍ਰਿਸ਼ਟੀਕੋਣ ਵਿੱਚ ਬੁਨਿਆਦੀ ਸਾਂਝ ਸਦਾ ਪ੍ਰਵੇਸ਼ ਕਰ ਰਹੀ ਹੈ। ਸਾਰੇ ਦੇਸ਼ ਦੇ ਸਮਾਜਿਕ ਜੀਵਨ ਦਾ ਬੁਨਿਆਦੀ ਧੂਰਾ ਇੱਕੋ ਜਿਹਾ ਹੈ। ਉੱਤਰੀ ਭਾਰਤ ਹੋਵੇ ਜਾਂ ਦੱਖਣੀ, ਸਮਾਜਿਕ ਰਸਮਾਂ-ਰੀਤਾਂ, ਧਾਰਮਿਕ ਰੀਤਾਂ, ਤਿਉਹਾਰ ਮਹੱਤਤਾ ਸਭ ਵਿੱਚ ਸਾਂਝ ਹੈ।[3]
2) ਗੁਰੂ ਸਾਹਿਬਾਨਾਂ ਸਮੇਂ ਰਾਜਸੀ ਹਾਲਾਤ:
[ਸੋਧੋ]ਗੁਰੂ ਸਾਹਿਬਾਨਾਂ ਨੇ ਆਪਣੇ ਸਮੇਂ ਦੀਆਂ ਪ੍ਰਚਲਿਤ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਕੀਮਤਾਂ ਦਾ ਡੂੰਘਾ ਵਿਸ਼ਲੇਸ਼ਣ ਕੀਤਾ ਤੇ ਹਰ ਤਰ੍ਹਾਂ ਦੀ ਗੁਲਾਮੀ ਦੂਰ ਕਰਨ ਲਈ ਕੁੱਝ ਅਸਲੀ ਸੁਝਾਅ ਦਿੱਤੇ। ਸਦੀਆਂ ਦੀ ਲੰਬੀ ਗੁਲਾਮੀ ਅਤੇ ਸੁਤੰਤਰ ਜੀਵਨ ਦਾ ਸੁਆਦ ਭੁਲਾ ਦਿੱਤਾ ਸੀ ਛੋਟੇ-ਮੋਟੇ ਰਾਜਸੀ ਆਗੂ ਜਨਤਕ ਮੁੱਖੀ ਤੇ ਸਹਾਇਕ ਅਦਾਰੇ ਹਾਕਮ ਸ਼੍ਰੇਣੀ ਦਾ ਠੋਕਾ ਬਣਾ ਕੇ ਰਹਿ ਗਏ ਸਨ। ਇਨਾਮ ਜਾਗੀਹਾਂ ਆਦਿ ਨਿੱਜ ਸੁਆਰਥ ਨੇ ਸਭ ਫਰਜ਼ ਪੁਲਾ ਛੱਡੇ ਸਨ। ਗੁਰੂ ਨਾਨਕ ਨੇ ਜਨਤਾ ਨਾਲ ਸਾਂਝ ਪਾਈ ਅਤੇ ਉਹਨਾਂ ਦੀ ਰਚਨਾ ''ਬਾਬਰਵਾਣੀ'' ਸੈਦਪੁਰ ਉੱਤੇ ਬਾਬਰ ਦੇ ਹੱਲੇ ਸਮੇਂ ਦੁਖੀ ਜਨਤਾ ਦੀ ਅਵਾਜ ਬਣੀ।[4]
3) ਮੌਜੂਦਾ ਸਮੇਂ ਦੇ ਰਾਜਸੀ ਹਾਲਾਤ:
[ਸੋਧੋ]ਪੰਜਾਬ ਦੀ ਪ੍ਰਮੁੱਖ ਖੇਤਰੀ ਪਾਰਟੀ ਅਕਾਲੀ ਦਲ ਮੱਧ ਵਰਗੀ ਜਮਾਤਾਂ ਦੇ ਸੰਗਠਨ ਵਿੱਚੋਂ ਮੱਧ ਵਰਗੀ ਕਿਰਸਾਣੀ ਨੂੰ ਕਿਰਸਾਣੀ ਦੇ ਦੂਸਰੇ ਵਰਗਾਂ ਸਮੇਤ ਉਹਨਾਂ ਦਾ ਦਾਅਵਾ ਕਰਦੀ ਹੈ। ਪਰ ਅਸਲ ਵਿੱਚ ਇਸ ਨੇ ਨਵੀਂ ਜਮਾਤ ਦੇ ਵਿਕਾਸ ਤੇ ਰਚਨਾ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ। ਪੰਜਾਬ ਸਮਾਜ ਦੇ ਵਿਕਾਸ ਲਈ ਇਹ ਨਵੀਂ ਜਮਾਤ ਨੂੰ ਇੱਕ ਆਰਥਿਕ-ਰਾਜਨੀਤਿਕ ਲਹਿਰ ਪੈਦਾ ਕਰਨ ਵਾਸਤੇ ਤਿਆਰ ਕਰਨ ਦੀ ਥਾਂ ਉਸਨੂੰ ਫਿਰਕੂ-ਲੀਹਾਂ ਉੱਪਰ ਵੰਡਣ ਦੀ ਕੋਸ਼ਿਸ਼ ਕੀਤੀ, ਜਿਸ ਦੇ ਨਤੀਜੇ ਪੰਜਾਬ ਅੱਜ ਸਰੇਆਮ ਭੁਗਤ ਰਿਹਾ ਹੈ।
ਕਿਉਂਕਿ ਮੱਧ ਵਰਗੀ ਕਿਰਸਾਣੀ ਦਾ ਵੱਡਾ ਹਿੱਸਾ ਜੱਟ ਸਿੱਖਾਂ ਵਿਚੋਂ ਹੈ ਇਸ ਲਈ ਅਕਾਲੀਆਂ ਨੇ ਆਪਣਾ ਮਨੋਰਥ ਸਿੱਧ ਕਰਨ ਲਈ ਮੱਧ ਵਰਗੀ ਕਿਰਸਾਣੀ ਦੀਆਂ ਪੈਦਾਵਾਰੀ ਸਮੱਸਿਆਵਾਂ ਨੂੰ ਸਿੱਖ ਸਮੱਸਿਆਵਾਂ ਬਣਾ ਕੇ ਪੇਸ਼ ਕੀਤਾ। ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਰਾਜ ਵਿੱਚ ਜਗੀਰੂ ਸੋਚ ਦੀ ਪ੍ਰਤੀਨਿਧਤਾ ਕਰਨ ਵਾਲੀ ਰਾਜਨੀਤਿਕ ਪਾਰਟੀ ਇਸ ਨਵੀਂ ਜਮਾਤ ਨੂੰ ਕੀ ਸੇਧ ਦੇ ਸਕਦੀ ਹੈ। ਜਦੋਂ ਕਿ ਇਸ ਨਵੀਂ ਜਮਾਤ ਦਾ ਮੁੱਖ ਵਿਰੋਧ ਹੀ ਜਗੀਰੂ ਸੋਚ ਨਾਲ ਹੈ। ਧਾਰਮਿਕ ਸੰਸਥਾਵਾਂ ਤੇ ਧਾਰਮਿਕ ਚਿਨ੍ਹਾਂ ਨੂੰ ਵਰਤ ਕੇ ਆਪਣੇ ਆਰਥਿਕ ਅਤੇ ਰਾਜਨੀਤਿਕ ਮਨਸੂਬੇ ਪੂਰੇ ਕਰਨ ਲਈ ਧਨਾਡ ਕਿਰਸਾਣੀ ਨੇ ਸਭ ਤੋਂ ਪਹਿਲਾਂ 1962 ਵਿੱਚ ਸ਼ਹਿਰੀ ਸਿੱਖ ਮੱਧ ਸ਼੍ਰੇਣੀ ਦੇ ਪ੍ਰਤੀਨਿੱਧ ਮਾਸਟਰ ਤਾਰਾ ਸਿੰਘ ਕੋਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੋਹੀ। ਇਸ ਤੋਂ ਬਾਅਦ ਅੱਜ ਤੱਕ ਧਨਾਡ ਕਿਰਸਾਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਰਾਜ ਦੀਆਂ ਤਮਾਮ ਸਿੱਖ ਧਾਰਮਿਕ ਸੰਸਥਾਵਾਂ, ਗੁਰਦੁਆਰੇ, ਚਿੰਨ੍ਹਾਂ, ਦਿਹਾੜੇ ਅਤੇ ਸਿੱਖ ਇਤਿਹਾਸ ਨੂੰ ਆਪਣੇ ਪਿਛਾਂਹ ਖਿੱਚੂ ਹਿੱਤਾਂ ਲਈ ਸਰੇਆਮ ਵਰਤਦੀ ਚੱਲੀ ਆ ਰਹੀ ਹੈ। ਸੋ ਪੰਜਾਬ ਵਿੱਚ ਧਨੀ ਕਿਰਸਾਣੀ ਨੇ ਸਿੱਖ ਸੰਸਥਾਵਾਂ ਤੇ ਸਿੱਖ ਚਿੰਨ੍ਹਾਂ ਪਰ ਕਬਜ਼ਾ ਕਰਕੇ ਸਿੱਖ ਸੰਪਰਦਾਇਕ ਚੇਤਨਾ ਨੂੰ ਉਤਸਾਹਿਤ ਕਰਕੇ ਸਿੱਖਾਂ ਦੇ ਹਕੂਮਤ ਵਿਰੋਧੀ ਇਤਿਹਾਸ ਦਾ ਪ੍ਰਚਾਰ ਕਰਕੇ ਅਤੇ ਆਪਣੀਆਂ ਜਮਾਤੀ ਮੰਗਾਂ ਨੂੰ ਧਾਰਮਿਕ ਰੰਗਤ ਦੇ ਕੇ ਸਮੁੱਚੀ ਕਿਰਸਾਣੀ ਮੰਧ ਵਰਗੀ, ਸ਼ਹਿਰੀ ਸਿੱਖ ਜਮਾਤ ਨੌਕਰਸ਼ਾਹੀ ਅਤੇ ਬੁੱਧੀਜੀਵੀ ਵਰਗ ਆਦਿ ਸਭ ਨੂੰ ਆਪਣੇ ਜਗੀਰੂ ਹਿੱਤਾਂ ਦੀ ਰਾਖੀ ਲਈ ਧਰਮ ਦੇ ਨਾਮ ਉੱਪਰ ਇਕੱਠਿਆ ਕਰਕੇ
ਵਰਤਿਆ।
ਇਸ ਤਰ੍ਹਾਂ ਇਨ੍ਹਾਂ ਰਾਜਨੀਤਿਕ ਪਾਰਟੀਆਂ ਦੀ ਰਾਜਾਂ ਲਈ ਵਧੇਰੇ ਹੱਕ ਲੈਣ ਦੀ ਸਟਰੈਟਿਜੀ (ਰਣਨੀਤੀ) ਵੀ ਅਸਲ ਵਿੱਚ ਕੌਮੀ ਸਰਮਾਇਦਾਰੀ ਦੀ ਕੇਂਦਰੀ ਸਕਤੀ ਦੇ ਵਿਰੋਧ ਵਿੱਚ ਧਨੀ ਕਿਰਸਾਣੀ ਰਾਹੀਂ ਜਗੀਰੂ ਸ਼ਕਤੀਆਂ ਨੂੰ ਤਕੜਿਆਂ ਕਰਨ ਦੀ ਪਾਲਿਸੀ ਹੀ ਹੈ।
ਉੱਪਰ ਕਾਂਗਰਸ ਪਾਰਟੀ ਜਿਸ ਨੇ ਕੇਂਦਰ ਰਾਜ ਵਿੱਚ ਆਪਣੀਆਂ ਸਰਕਾਰਾਂ ਰਾਹੀਂ ਇਸ ਨਵੀਂ ਮੱਧ ਵਰਗੀ ਜਮਾਤ ਨੂੰ ਖੜਿਆ ਕੀਤਾ, ਇਸ ਵਕਤ ਖੁਦ ਹੀ ਪੰਜਾਬ ਵਿੱਚ ਇਸ ਜਮਾਤ ਦੇ ਖਾਸੇ ਅਤੇ ਸ਼ਕਤੀ ਨੂੰ ਸਮਝਣ ਤੋਂ ਅਸਮਰਥ ਹੈ। ਕਾਂਗਰਸ ਜਿਸ ਨੇ ਜਮੀਨੀ ਸੁਧਾਰਾਂ ਮੁਰੱਬੇਬੰਦੀ ਵਿਕਾਸ ਸਕੀਮਾਂ, ਤਕਨੀਕੀ ਸਮਾਜਵਾਦੀ ਪਾਲਿਸੀਆਂ, ਲੋਕਰਾਜੀ ਅਦਾਰਿਆਂ ਅਤੇ ਧਰਮ ਨਿਰਪੱਖ ਸੋਚ ਰਾਹੀਂ ਇਸ ਨਵੀਂ ਜਮਾਤ ਨੂੰ ਇੱਕ ਠੋਸ ਨਿੱਤੀ ਸੀ। ਅੱਜ ਖੁਦ ਹੀ ਇਸ ਹੋਂਦ ਤੋਂ ਮਾਵਾਕਿਫ ਹੈ।
ਪੰਜਾਬ ਦੀ ਇਸ ਨਵੀਂ ਮੱਧ ਵਰਗੀ ਜਮਾਤ ਹੀ ਇੱਕ ਅਜਿਹੀ ਇਨਕਲਾਬੀ ਜਮਾਤ ਹੈ ਜੋ ਨਵੀਂ ਸੋਚ ਚੇਤਨਾ ਅਤੇ ਅਗਾਂਹਵਧੂ ਉਤਪਾਦਨ ਪ੍ਰਣਾਲੀ ਨਾਲ ਜੁੜੀ ਹੋਣ ਕਾਰਨ ਪੰਜਾਬ ਨੂੰ ਮੁੜ ਖੁਸ਼ਹਾਲ ਅਤੇ ਪਿਆਰ ਮੁਹੱਬਤ ਦੇ ਰਸ਼ਤੇ ਤੇ ਲਿਆ ਸਕਦੀ ਹੈ। ਪਰ ਸਿਆਸੀ ਪਾਰਟੀਆਂ ਦਾ ਅਜੋਕਾ ਮਾਹੌਲ ਇਸ ਗੱਲ ਲਈ ਨਾ ਖੁਸ਼ਗਵਾਰ ਹੈ। ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਜੋ ਹਲੇ ਫਿਰਕੂ, ਜਗੀਰੂ, ਉੱਪ-ਨਿਵੇਸ਼ਵਾਦੀ, ਭ੍ਰਿਸ਼ਟਾਚਾਰੀ, ਅਦਰਸ਼ਹੀਣ ਅਤੇ ਕਮਦਰਸ਼ੀ ਸੋਚ ਨਾਲ ਮਲੀਨ ਹਨ। ਕਿੰਜ ਮੱਧ ਵਰਗੀ ਜਮਾਤਾਂ ਦੇ ਸੰਗਠਨ ਨੂੰ ਸੇਧ ਦੇ ਸਕਣਗੀਆਂ? ਉਹ ਸੇਧ ਤਾਂ ਕੇਵਲ ਧਰਮ ਨਿਰਪੱਖ ਲੋਕਰਾਜੀ ਅਤੇ ਅਗਾਹਵਧੂ ਸ਼ਕਤੀਆਂ ਹੀ ਦੇ ਸਕਦੀਆਂ ਹਨ ਕਿਉਂਕਿ ਉਪਰੋਕਤ ਸੰਗਠਨ ਦੀ ਹੋਂਦ ਹੀ ਇਨ੍ਹਾਂ ਅਗਾਹਵਧੂ ਸ਼ਕਤੀਆਂ ਦੇ ਤਕੜੇ ਹੋਣ ਵਿੱਚ ਹੈ। ਜੋ ਪੰਜਾਬ ਦਾ ਅਜੋਕਾ ਰਾਜਨੀਤਿਕ ਮਾਹੌਲ ਜੋ ਪ੍ਰਮੁੱਖ ਤੌਰ 'ਤੇ ਖੱਬੇਪੱਖੀ ਪਾਰਟੀਆਂ ਅਕਾਲੀਆਂ, ਕਾਂਗਰਸੀਆਂ ਅਤੇ ਜਨ ਸੰਘੀਆਂ ਦੀ ਸਾਂਝੀ ਦੇਣ ਹੈ। ਪੰਜਾਬ ਨੂੰ ਇਸ ਜਲਨ ਵਿੱਚੋਂ ਬਾਹਰ ਨਹੀਂ ਕੱਢ ਸਕਦਾ। ਅਜਿਹਾ ਕਰਨ ਲਈ ਪੰਜਾਬ ਦੀਆਂ ਰਾਜਨੀਤਿਕ ਸ਼ਕਤੀਆਂ ਨੂੰ ਆਪਣਾ ਪੁਨਰ ਸੰਗਠਨ ਕਰਨਾ ਪਵੇਗਾ। ਪੰਜਾਬ ਦੀਆਂ ਲੋਕਰਾਜੀ, ਧਰਮ ਨਿਰਪੰਖ ਅਤੇ ਅਗਾਂਹਵਧੂ ਸ਼ਕਤੀਆਂ ਨੂੰ ਮੁੜ ਸੰਗਠਿਤ ਹੋਣਾ ਪਵੇਗਾ। ਤਾਂ ਜੋ ਉਹ ਇਸ ਨਵੀਂ ਜਮਾਤ ਦੇ ਫਿਰਕੂ, ਜਗੀਰੂ ਅਤੇ ਪਿਛਾਂਹ ਖਿੱਚੂ ਸ਼ਕਤੀਆਂ ਵਿਰੁੱਧ ਜਹਦ ਨੂੰ ਸਹੀ ਅਗਵਾਈ ਦੇ ਸਕਣ। ਇਹ ਜਹਾਦ ਹੀ ਪੰਜਾਬ ਦੀ ਤਰੱਕੀ, ਖੁਸ਼ਹਾਲੀ ਅਤੇ ਅਮਨ ਅਮਾਨ ਜ਼ਿੰਦਗੀ ਦਾ ਮਾਰਗ ਹੈ ਤੇ ਇਹ ਜਹਾਦ ਕੇਵਲ ਪੰਜਾਬ ਦੇ ਰਾਜਨੀਤਿਕ ਪੁਨਰ ਸੰਗਠਨ ਨਾਲ ਹੀ ਸ਼ੁਰੂ ਹੋ ਸਕਦਾ ਹੈ।[5]
4) ਰਾਜਸੀ ਕੀਮਤਾਂ ਦੇ ਹੋਰ ਪੱਖ:
[ਸੋਧੋ]ਪੰਜਾਬੀ ਲੋਕਾਂ ਦੇ ਰੀਤੀ-ਰਿਵਾਜ਼ਾਂ ਵਿੱਚ ਵੀ ਲੋਕਤੰਤਰ ਦੀ ਝਲਕ ਮਿਲਦੀ ਹੈ। ਭਿੰਨ-ਭਿੰਨ ਪ੍ਰਕਾਰ ਦੇ ਉਤਸਵਾਂ, ਮੇਲਿਆਂ ਤੇ ਜਨ ਸਮੂਹਾਂ ਵਿੱਚ ਲੋਕ ਰਾਜੀ ਕੀਮਤਾਂ ਨਜ਼ਰ ਆਉਂਦੀਆਂ ਹਨ। ਪੰਜਾਬ ਵਿੱਚ ਕਈ ਪ੍ਰਕਾਰ ਦੇ ਸਮਾਜਿਕ ਉਤਸਵ ਮਨਾਏ ਜਾਂਦੇ ਹਨ ਜਿਹਨਾਂ ਵਿੱਚ ਬਿਨ੍ਹਾਂ ਕਿਸੇ ਭੇਦ-ਭਾਵ ਦੇ ਹਰ ਕੋਈ ਵਸਨੀਕ ਹਿੱਸਾ ਲੈ ਸਕਦਾ ਹੈ। ਇਨ੍ਹਾਂ ਉਤਸਵਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਭੇਦ-ਭਾਵ ਨਹੀਂ ਹੁੰਦਾ ਅਤੇ ਸਭਨਾਂ ਨੂੰ ਸਮਾਨ ਮੰਨਿਆ ਜਾਂਦਾ ਹੈ। ਰੱਖੜੀ, ਦੀਵਾਲੀ, ਦੁਸ਼ਹਿਰਾ, ਹੋਲੀ ਆਦਿ ਤਿਉਹਾਰ ਸਾਰੇ ਹੀ ਮਨਾਉਂਦੇ ਹਨ, ਮਨਾਵੁਣ ਦੇ ਢੰਗ ਵਿੱਚ ਵਿਲੱਖਣਤਾ ਹੋ ਸਕਦੀ ਹੈ। ਧਾਰਮਿਕ ਖੇਤਰ ਵਿੱਚ ਵੀ ਲੋਕ ਰਾਜੀ ਕੀਮਤਾਂ ਦੀ ਹੋਂਦ ਹੈ। ਸਮੁੱਚੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਪੰਜਾਬ ਸੱਭਿਆਚਾਰ ਦੇ ਸਾਰੇ ਪੱਖਾਂ ਤੇ ਇਨ੍ਹਾਂ ਦੇ ਇਤਿਹਾਸਕ ਪਿਛੋਕੜ ਵਿੱਚ ਲੋਕਰਾਜੀ ਕੀਮਤਾਂ ਨੂੰ ਅਹਿਮ ਸਥਾਨ ਪ੍ਰਾਪਤ ਹੈ। ਰਾਜਨੀਤਿਕ, ਸਮਾਜਿਕ, ਧਾਰਮਿਕ ਤੇ ਨੈਤਿਕ ਜੀਵਨ ਦੇ ਅਸਲੀ ਰੂਪ ਵਿੱਚ ਲੋਕ ਰਾਜੀ ਭਾਵ ਬੋਧ ਨੂੰ ਸੱਚੀ ਅਤੇ ਸੁੱਚੀ ਭਾਵਨਾ ਦੁਆਰਾ ਅਪਣਾਇਆ ਗਿਆ ਹੈ।[6]
ਹਵਾਲੇ
[ਸੋਧੋ]- ↑ ਖਹਿਰਾ, ਭੁਪਿੰਦਰ ਸਿੰਘ (2014). ਸੱਭਿਆਚਾਰ: ਸੰਕਲਪ, ਲੱਛਣ ਅਤੇ ਪਰਿਭਾਸ਼ਾ, ਸੱਭਿਆਚਾਰ ਤੇ ਵਿਚਾਰ. ਪਬਲੀਕੇਸ਼ਨ ਬਿਓਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 7. ISBN 81-302-0206-9.
- ↑ ਖਹਿਰਾ, ਭੁਪਿੰਦਰ ਸਿੰਘ (2014). ਸੱਭਿਆਚਾਰ: ਸੰਕਲਪ, ਲੱਛਣ ਅਤੇ ਪਰਿਭਾਸ਼ਾ, ਸੱਭਿਆਚਾਰ ਤੇ ਵਿਚਾਰ. ਪਬਲੀਕੇਸ਼ਨ ਬਿਓਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 5. ISBN 81-302-0206-9.
- ↑ ਜਸ (ਸੰਪਾਦਕ ਤੀਰਥ ਸਿੰਘ ਸਵਤੰਤ੍ਰ), ਡਾਕਟਰ ਜਸਵੰਤ ਸਿੰਘ. ਪੰਜਾਬੀ ਸੱਭਿਆਚਾਰ. p. 85.
- ↑ ਜਸ, ਡਾਕਟਰ ਜਸਵੰਤ ਸਿੰਘ (ਸੰਪਾਦਕ ਤੀਰਥ ਸਿੰਘ). ਪੰਜਾਬੀ ਸੱਭਿਆਚਾਰ. p. 99.
- ↑ ਅਮਰਜੀਤ ਗਰੇਵਾਲ. ਪੰਜਾਬੀ ਸੱਭਿਆਚਾਰ ਦਾ ਭਵਿੱਖ. pp. 77–85.
- ↑ ਕੇ.ਕੇ., ਪੁਰੀ. ਦੂਜੀ ਪੰਜਾਬੀ ਵਿਕਾਸ ਕਾਨਫ਼ਰੰਸ:ਪੰਜਾਬ ਸੱਭਿਆਚਾਰ ਵਿੱਚ ਲੋਕ ਰਾਜੀ ਕੀਮਤਾਂ.