ਸਮੱਗਰੀ 'ਤੇ ਜਾਓ

ਪੰਜਾਬੀ ਲੋਕਧਾਰਾ ਦੇ ਸੰਗ੍ਰਹਿ, ਸੰਪਾਦਨ ਤੇ ਮੁਲਾਂਕਣ ਵਿੱਚ ਅੰਗਰੇਜ਼ੀ ਵਿਦਵਾਨਾਂ ਦਾ ਯੋਗਦਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭੂਮਿਕਾ-:

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਲਾਹੌਰ ਦਰਬਾਰ ਸ਼ਾਜਿਸਾਂ ਸੂਹਾ ਤੇ ਚਾਪਲੂਸੀਆ ਦਾ ਸ਼ਿਕਾਰ ਹੋ ਗਿਆ, ਅਤੇ ਥੋੜੇ ਸਮੇਂ ਵਿੱਚ ਹੀ ਪੰਜਾਬ ਵਿੱਚ ਅੰਗਰੇਜ਼ਾਂ ਦਾ ਪੂਰਨ ਕਬਜ਼ਾ ਹੋ ਗਿਆ। ਉਹ ਤਾਂ ਪਹਿਲਾਂ ਹੀ ਪੰਜਾਬ ਨੂੰ ਲਲਚਾਈਆਂ ਨਜ਼ਰਾਂ ਨਾਲ ਵੇਖਦੇ ਸਨ। ਪੰਜਾਬ ਵਿੱਚ ਰਾਜਨੀਤਕ ਕਬਜ਼ਾ ਕਰਨ ਮਗਰੋਂ ਦੇਸ਼ ਦੇ ਬਾਕੀ ਸੂਬਿਆਂ ਵਾਂਗ ਇੱਥੋਂ ਦੇ ਲੋਕਾਂ ਦੀ ਮਾਨਸਿਕਤਾ ਨੂੰ ਸਮਝਣਾ ਤੇ ਆਪਣੀਆਂ ਨੀਤੀਆਂ ਦਾ ਪਾਸਾਰ ਕਰਨਾ ਲਾਜਮੀ ਸੀ। ਇਸ ਲਈ ਜਨਸਾਧਾਰਨ ਦੀ ਮਾਨਸਿਕਤਾ ਤੱਕ ਪਹੁੰਚਣ ਦਾ ਵਧੀਆ ਸੌਖਾ ਤੇ ਲੁਕਵਾਂ ਤਰੀਕਾ ਇੱਥੋ ਦੀ ਲੋਕਧਾਰਾ ਨੂੰ ਸਮਝਣਾ ਹੀ ਹੋ ਸਕਦਾ ਸੀ।ਇਸ ਕਾਰਜ ਵਿੱਚ ਬਹੁਤ ਸਾਰੇ ਅੰਗਰੇਜ਼ ਅਫ਼ਸਰਾਂ ਅਤੇ ਉਹਨਾਂ ਦੀਆਂ ਪਤਨੀਆਂ, ਕਰਮਚਾਰੀਆਂ, ਸਹਾਇਕ ਅਫ਼ਸਰਾਂ ਨੇ ਵਿਸ਼ੇਸ਼ ਯੋਗਦਾਨ ਪਾਇਆ।[1]

ਲੋਕਧਾਰਾ ਦੇ ਅਧਿਐਨ ਦਾ ਰੁਝਾਨ ਭਾਰਤ ਵਿੱਚ1872 ਵਿੱਚ ਬੰਬਈ ਤੋਂ ਇੰਡੀਅਨ ਐਂਟੀਕ -ਅਰੀਜ਼ ਨਾਲ ਸ਼ੁਰੂ ਹੋਇਆ, ਜਿਸ ਦਾ ਸੰਪਾਦਕ ਜੇਮਜ ਬਰਗਸ ਸੀ। ਇਸ ਵਿੱਚ ਵਾਰਤਾ ਬ੍ਰਿਤਾਂਤ ਅਤੇ ਪ੍ਰਚੱਲਿਤ ਰੀਤੀ ਰਿਵਾਜ, ਕਲਾ, ਮਿੱਥਾਂ, ਦਿਨ, ਤਿਉਹਾਰ ਅਤੇ ਮੇਲਿਆਂ ਆਦਿ ਦਾ ਵਿਸ਼ਲੇਸ਼ਣ ਹੁੰਦਾ ਸੀ। ਜਿਥੇ ਵੀ ਲੋਕਾਂ ਦਾ ਇਕੱਠ ਹੁੰਦਾ ਸੀ, ਅੰਗਰੇਜ਼ ਉੱਥੇ ਪਹੁੰਚ ਕੇ ਆਪਣੇ ਸੂਚਕਾਂ ਦੀ ਭਾਲ ਕਰਦੇ ਸਨ।[2]

ਆਰ.ਸਿ.ਟੈਪਲ ਦਾ ਜੀਵਨ :

ਰਿਚਰਡ ਟੈਂਪਲ ਦਾ ਜਨਮ ਭਾਰਤ ਦੇ ਇਲਾਹਾਬਾਦ ਸ਼ਹਿਰ ਵਿੱਚ 15 ਅਕਤੂਬਰ, 1850 ਨੂੰ ਅੰਗਰੇਜ਼ ਅਫਸਰ ਰਿਚਰਡ ਟੈਂਪਲ ਦੇ ਘਰ ਚਾਰਟ ਫਰਾਂਸਿਸ ਦੀ ਕੁੱਖੋਂ ਹੋਇਆ ਇਹ ਪਰਿਵਾਰ ਸ਼ੁਰੂ ਤੋਂ ਹੀ ਬਰਤਾਨਵੀ ਸਰਕਾਰ ਲਈ ਕੰਮ ਕਰਦਾ ਸੀ।

ਵਿਦਿਆਂ ਅਤੇ ਨੋਕਰੀ:

ਉਹਨਾਂ ਨੇ ਆਪਣੀ ਵਿਦਿਆ ਟ੍ਰਿਨਟੀ ਹਾਲ ਕੈਂਮਬ੍ਰਿਜ਼ ਤੋਂ ਪ੍ਰਾਪਤ ਕੀਤੀ | ਵਿਦਿਆ ਪ੍ਰਾਪਤੀ ਤੋਂ ਬਾਅਦ ਉਸ ਨੇ ਵੀ ਆਪਣੇ ਪਿਤਾ ਵਾਂਗ ਫੌਜ ਵਿੱਚ ਭਰਤੀ ਹੋਣਾ ਬਿਹਤਰ ਸਮਝਿਆ| 1871 ਵਿੱਚ ਉਹ ਇੰਡੀਅਨ ਆਰਮੀ ਵਿੱਚ ਆਇਆ ਅਤੇ ਕਾਫੀ ਸਮਾਂ 38 ਸਾਲ ਡੋਗਰਾ ਤੇ ਫਸਟ ਗੋਰਖਾ ਰੈਜੀਮੈਂਟ ਵਿੱਚ ਸੇਵਾ ਕਰਦਾ ਰਿਹਾ | 1887 ਵਿੱਚ ਬਰਮਾ ਦੀ ਲੜਾਈ ਲੜੀ | 1891 ਵਿੱਚ ਉਹ ਗਜ਼ਟਿਡ ਹੋਇਆ ਤੇ 1897 ਵਿੱਚ ਉਹ ਲੈਂਫਟੀਨੈਂਟ ਕਰਨਲ ਬਣ ਗਿਆ|

ਪ੍ਬੰਧਕਿ ਪੇੇਸ਼ਾ :

ਹੈਰੋ ਸਕੂਲ ਅਤੇ ਟੈਂਰੇਟੀ ਹਾਲ ਕੈਂਬਰਿਜ਼ ਵਿੱਚ ਪੜ੍ਹਾਈ ਤੋਂ ਬਾਅਦ ਉਸਨੂੰ 1877 ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਨੌਕਰੀ ਮਿਲ ਗਈ।1879 ਵਿੱਚ ਉਸਨੂੰ ਛਾਉਣੀ ਦੇ ਮੇਜੀਸਟ੍ਰੇਟ ਦੇ ਤੌਰ 'ਤੇ ਪੰਜਾਬ ਵਿੱਚ ਟਰਾਂਸਫਰ ਕਰ ਦਿੱਤਾ ਗਿਆ।ਇੱਥੇ ਉਸਦੀ ਭਾਰਤ ਦੀ ਲੋਕਧਾਰਾ ਅਤੇ ਇਤਿਹਾਸ ਵਿੱਚ ਰੁਚੀ ਪੈਦਾ ਹੋਈ।ਟੈਂਪਲ 1891 ਵਿੱਚ ਮੇਜਰ ਬਣਿਆ ਅਤੇ ਉਸਨੂੰ ਰੰਗੂਨ ਮਿਉਸੀਪਿਲਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ।ਉਹ ਆਪਣੀ ਰਿਟਾਇਰਮੇਂਟ ਤੋਂ ਪਹਿਲਾਂ 1895 ਤੋਂ 1904 ਤੱਕ ਅੰਡੇਮਾਨ ਅਤੇ ਨਿਕੋਬਾਰ ਦਾ ਚੀਫ ਕਮੀਸ਼ਨਰ ਰਿਹਾ ।[3]


ਲੋਕਧਾਰਾ ਦਾ ਇਕੱਤਰੀਕਰਨ-:

[ਸੋਧੋ]

ਲੋਕਧਾਰਾ ਦੇ ਇਕੱਤਰੀਕਰਨ ਦੇ ਕਾਰਜ ਵਿੱਚ ਕੁੱਝ ਲੋਕ ਤਾਂ ਨਿੱਠ ਕੇ ਜੁੜ ਗਏ। ਜਿਨ੍ਹਾਂ ਵਿਚੋਂ ਫਲੋਰਾ, ਐਨੀ ਸਟੀਲ, ਚਾਰਲਸ ਸਵਿਨਰਟਨ, ਰਿਚਰਡ ਕਾਰਨੋਕ ਟੈਂਪਲ, ਸੀ ਐਫ਼ ਉਸਬਰੋਨ ਮੈਕਲਾਊਡ ਵਰਗੇ ਅਫ਼ਸਰ ਤੇ ਪਾਦਰੀ ਸਨ।

ਇਨ੍ਹਾਂ ਵਿਚੋਂ ਫਲੋਰਾ ਐਨੀ ਸਟੀਲ ਦੀ ਪੁਸਤਕ 'ਟੇਲਜ਼ ਆਫ਼ ਦਾ ਪੰਜਾਬ' ਚਾਰਲਸ ਸਵਿਨਰਟਨ ਦੀ' ਰੋਮਾਂਟਿਕ ਟੇਲਜ਼ ਫਰਾਮ ਪੰਜਾਬ' ਅਤੇ 'ਪੰਜਾਬ ਹੀਰੋ ਰਾਜਾ ਰਸਾਲੂ',ਸੀ.ਐੱਫ਼ ਉਸਬਰੋਨ 'ਪੰਜਾਬੀ ਲਿਰਕਸ ਐੱਡ ਪ੍ਰੋਵਰਬਜ਼(1905) ਦੀਆਂ ਰਚਨਾਵਾਂ ਹਨ।[4]

ਲੋਕਧਾਰਾ ਸਾ਼ਸਤਰੀਆ ਵਿਚੋ ਆਰ.ਸੀ.ਟੈਪਲ ਦਾ ਨਾ ਸਭ ਤੋਂ ਉਚੇਰਾ ਹੈ। ਉਸਨੇ ਭਾਰਤੀ ਕਥਾਵਾਂ ਦਾ ਸਿਲਸਿਲੇਵਾਰ "ਇਤਿਹਾਸਕ " ਦਿਸ਼ਟੀ ਤੋਂ ਤੁਲਨਾਤਮਕ ਅਧਿਐਨ ਕੀਤਾ ਹੈ। ਆਰ ਸੀ ਟੈਂਪਲ ਆਪਣੇ ਸਮੇਂ ਦੇ ਲੋਕਧਾਰਾ ਉਪਰ ਹੋ ਰਹੇ ਕੰਮ ਤੋਂ ਵਾਕਿਫ ਸੀ। ਉਸ ਨੇ ਆਪਣੇ ਵੇਲੇ ਦੇ ਅਮਰੀਕੀ ਲੋਕਧਾਰਾ ਸ਼ਾਸਤਰੀ ਦੇ ਪਰਭਾਵ ਨੂੰ ਕਬੂਲਿਆ ਹੈ। ਉਸ ਦੇ ਆਪਣੇ ਕਹੇ ਅਨੁਸਾਰ ਉਸ ਦੇ ਸਮੇਂ ਸਾਰਾ ਵਿਸ਼ਵ ਅਮਰੀਕਨ ਪ੍ਰਭਾਵ ਨੂੰ ਕਬੂਲ ਕਰ ਰਿਹਾ ਸੀ। ਇਸ ਪ੍ਰਭਾਵ ਦਾ ਇਕ ਸਿੱਟਾ ਇਹ ਸੀ ਕਿ ਕਾਵਿ ਕਥਾ ਨੂੰ ਵਧੇਰੇ ਸੁਚੇਤ ਪੱਧਰ ਤੇ ਵੱਧ ਤੋਂ ਵੱਧ ਸਹੀ ਰੂਪ ਵਿੱਚ ਸੰਭਾਲਣ ਦਾ ਯਤਨ ਹੋ ਰਿਹਾ ਸੀ। ਟੈਂਪਲ ਨੇ ਕਰਵਈ ਨਾਲ ਇਸ ਪ੍ਰਵਿਰਤੀ ਨੂੰ ਅਪਣਾਇਆ ਵੀ।[5]

ਰਿਚਰਡ ਕਾਰਨੈਕ ਟੈਂਪਲ ਤੇ ਪੰਜਾਬੀ ਲੋਕਧਾਰਾ-:

[ਸੋਧੋ]

ਪੰਜਾਬੀ ਲੋਕਧਾਰਾ ਦਾ ਨਾਂ ਆਉਦਿਆਂ ਹੀ ਆਰ. ਸੀ. ਟੈਂਪਲ ਦਾ ਨਾਂ ਸਾਡੇ ਦਿਮਾਗ ਵਿੱਚ ਆਉਂਦਾ ਹੈ, ਕਿਉਂਕਿ ਪੰਜਾਬੀ ਲੋਕਧਾਰਾ ਦੇ ਸੰਗ੍ਰਹਿ ਸੰਪਾਦਨ ਤੇ ਮੁਲਾਂਕਣ ਸੰਬੰਧੀ ਜਿਹੜੀਆਂ ਮੱਲਾਂ ਮਾਰਨ ਦੀ ਗੱਲ ਅਸੀਂ ਕਰਦੇ ਹਾਂ। ਉਸ ਦਾ ਆਗਾਜ਼ ਕਰਨ ਵਾਲਿਆਂ ਵਿੱਚ ਟੈਪਲ ਦੀ ਅਹਿਮ ਭੂਮਿਕਾ ਰਹੀ ਹੈ। ਭਾਵੇਂ ਅੰਗਰੇਜ਼ਾਂ ਦੇ ਪੰਜਾਬੀ ਲੋਕਧਾਰਾ ਸੰਬੰਧੀ ਕੰਮ ਕਰਨ ਦੇ ਆਪਣੇ ਲੁਕਵੇਂ ਮੰਤਵ ਹੋਣ, ਪਰ ਉਨ੍ਹਾਂ ਦੇ ਕੰਮ ਤੋਂ ਉਨ੍ਹਾਂ ਦੇ ਕੰਮ ਪ੍ਰਤੀ ਲਗਨ, ਬਾਰੀਕੀਆਂ ਨੂੰ ਜਾਨਣ, ਕਿਸੇ ਗੱਲ ਦੀ ਤਹਿ ਤੱਕ ਪਹੁੰਚਣ ਵਿੱਚ, ਉਨ੍ਹਾਂ ਦੀ ਆਪਣੀ ਵੱਖਰੀ ਮਿਸਾਲ ਹੈ।

ਲੋਕਧਾਰਾ ਟੈਂਪਲ ਦਾ ਮਨਭਾਉਂਦਾ ਵਿਸ਼ਾ ਸੀ। ਇਸੇ ਲਈ ਉਹ ਕਿਸੇ ਕੌਮ ਜਾਂ ਜਾਤੀ ਦੇ ਨਾਲ ਸੰਬੰਧਿਤ ਹਰ ਉਹ ਗੱਲ ਜਾਣਨਾ ਚਾਹੁੰਦਾ ਸੀ, ਜਿਹੜੀ ਕਿ ਉਸ ਨਾਲ ਸੰਬੰਧਿਤ ਹੈ।ਉਹ ਇਝ ਵੀ ਜਾਣਦਾ ਹੈ ਕਿ ਜੇਕਰ ਲੋਕਧਾਰਾ ਦੇ ਅਧਿਐਨ ਦੇ ਲੰਮੇ ਸਮੇਂ ਤੱਕ ਜਿਉਣਾ ਹੈ ਤਾਂ ਇਸ ਨੂੰ ਵਿਗਿਆਨਕ ਬਣਾਉਣਾ ਪਵੇਗਾ।ਇਸ ਬਾਰੇ ਅਸੀਂ ਉਸਦਾ ਪ੍ਰਧਾਨਗੀ ਭਾਸ਼ਣ ਜਿਹੜਾ ਕਿ ਫੋਕਲੋਰ ਜੁਬਲੀ ਕਾਂਗਰਸ ਆਫ਼ ਦਾ ਫੋਕਲੋਰ ਸੁਸਾਇਟੀ ਲੰਡਨ ਵਿੱਚ 20 ਸਤੰਬਰ 1928 ਨੂੰ ਦਿੱਤਾ ਵੇਖਦੇ ਹਾਂ। ਉਹ ਕਹਿੰਦਾ ਹੈ " ਜੇਕਰ ਲੋਕਧਾਰਾ ਨੇ ਲੰਮੇ ਸਮੇਂ ਤੱਕ ਜਿਊਣਾ ਹੈ ਤਾਂ ਇਸ ਦੀ ਵਿੱਦਿਆ ਵਿਗਿਆਨਕ ਹੋਣੀ ਚਾਹੀਦੀ ਹੈ " ।[6]

ਟੈਂਪਲ ਭਾਵੇਂ ਕਿਤੇ ਵੀ ਰਿਹਾ ਲੋਕਧਾਰਾ ਨਾਲ ਜੁੜਿਆ ਰਿਹਾ, ਅਤੇ ਉਹ ਵਿਸ਼ਵ ਪੱਧਰ ਤੇ ਲੋਕਧਾਰਾ ਸੰਬੰਧੀ ਕੀ ਹੋ ਰਿਹਾ ਹੈ, ਜਾਣਕਾਰੀ ਰੱਖਦਾ ਸੀ। ਉਹ ਪਹਿਲਾਂ ਵਿਦਵਾਨ ਹੈ ਜਿਹੜਾ ਲੋਕਧਾਰਾ ਦੀ ਮਹੱਤਤਾ ਦੇ ਵਿੱਚ ਮੂਲ ਜਾਂ ਸਥਾਨਕ ਭਾਸ਼ਾ ਦਾ ਕੀ ਸਥਾਨ ਹੋ  ਸਕਦਾ ਹੈ, ਜਾਣਦਾ ਸੀ। ਉਸ ਤੋਂ ਪਹਿਲਾਂ ਜਿਤਨੇ ਵੀ ਲੇਖ ਜਾਂ ਸਮੱਗਰੀ ਸਾਨੂੰ ਲੋਕਧਾਰਾ ਬਾਰੇ ਉਪਲੱਬਧ ਹੈ ਕੇਵਲ ਅਨੁਵਾਦ ਮਾਤਰ ਹੀ ਹੈ, ਜਿਸ ਨਾਲ ਇਹਨਾਂ ਪ੍ਰਸ਼ਾਸਕੀ ਅਫ਼ਸਰਾਂ ਜਾਂ ਅੰਗਰੇਜ਼ਾਂ ਬਾਰੇ ਕਈ ਪ੍ਰਕਾਰ ਦੇ ਸ਼ੰਕੇ ਉੱਭਰ ਆਉਂਦੇ ਹਨ ਕਿ ਕਿੱਧਰੇ ਇਹ ਆਪਣੇ ਮੰਤਵ ਦੀ ਪੂਰਤੀ ਲਈ ਤਾਂ ਅਜਿਹਾ ਨਹੀਂ ਕਰ ਰਹੇ। ਪਰ ਟੈਪਲ ਤਾਂ ਸੁਚੇਤ ਪੱਧਰ  ਨਾ ਸਿਰਫ ਆਪਣੇ ਕੰਮ ਕਰਨ ਦਾ ਢੰਗ ਤਰੀਕਾ ਹੀ ਦੱਸਦਾ ਹੈ, ਸਗੋਂ ਦੂਸਰਿਆਂ ਨੂੰ ਸੁਚੇਤ ਵੀ ਕਰਦਾ ਹੈ।[7]

ਨਾਲ ਹੀ ਆਪਣੀਆਂ ਲਿਖਤਾਂ ਵਿੱਚ ਮੂਲ ਭਾਸ਼ਾ ਦਾ ਰੋਮਨ ਲਿਪੀ ਵਿੱਚ ਲਿਪੀਅੰਤਰ ਵੀ ਪੇਸ਼ ਕਰਦਾ ਹੈ। ਉਹ ਜਾਣਦਾ ਹੈ ਕਿ ਅਜਿਹਾ ਨਾ ਕਰਨ ਨਾਲ ਕਥਾ ਦੀ ਰਵਾਨਗੀ ਅਤੇ ਆਤਮਾ ਨੂੰ ਸੱਟ ਜ਼ਰੂਰ ਵੱਜਦੀ ਹੈ।

ਪੰਜਾਬ ਵਿੱਚ ਲੰਮਾ ਸਮਾਂ ਰਹਿਣ ਕਾਰਨ ਅਤੇ ਇਸ ਕੰਮ ਪ੍ਰਤੀ ਲਗਨ ਕਾਰਨ  ਉਹ ਇਹ ਵੀ ਜਾਣ ਗਿਆ ਸੀ ਕਿ ਲੋਕਧਾਰਾ ਨਾਲ ਸੰਬੰਧਿਤ ਸਮੱਗਰੀ ਕਿੱਥੋਂ ਤੇ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ।ਉਹ ਭਾਵੇਂ ਜਾਣਦਾ ਸੀ ਕਿ ਮੇਲੇ ਹੋਣ ਜਾ ਵਿਆਹ ਸਾਦੀਆਂ, ਇਕੱਠ ਜਾ ਤਿਉਹਾਰ ਉੱਥੇ ਜ਼ਰੂਰ ਭੰਡ ਮਰਾਸੀ ਪਹੁੰਚਦੇ ਹਨ।ਉਹ ਕਿਵੇਂ ਕਿਸੇ ਲਈ ਰਚਨਾ ਨੂੰ ਪੇਸ਼ ਕਰ ਸਕਦੇ ਹਨ। ਉਹਨਾਂ ਪਾਸੋਂ ਕੀਮਤੀ ਖਜਾਨਾ ਕਿਵੇਂ ਬਾਹਰ ਕਢਵਾਉਣਾ ਹੈ ਉਹ ਇਸ ਬਾਰੇ ਜਾਣਦਾ ਸੀ। ਉਹ ਤਾ ਪੰਜਾਬੀ ਲੋਕਧਾਰਾ ਨਾਲ ਅਜਿਹਾ ਰਿਸ਼ਤਾ ਬਣਾ ਬੈਠਾ ਸੀ ਕਿ ਪੰਜਾਬੀ ਸਾਹਿਤ ਦੀਆਂ ਅਜਿਹੀਆਂ ਸਾਰੀਆਂ ਵੰਨਗੀਆਂ ਜਿਹੜੀਆਂ ਲੋਕਧਾਰਾ ਦਾ ਹਿੱਸਾ ਹਨ, ਕਿੱਸੇ, ਗੀਤ, ਸਵਾਂਗ, ਲੋਕ-ਗਾਥਾ, ਕੁਰਸੀਨਾਮਾ ਆਦਿ ਬਾਰੇ ਜਾਣਕਾਰੀ ਰੱਖਦਾ ਸੀ।[8]

ਆਰ. ਸੀ. ਟੈਪਲ ਦਾ ਕੰਮ-:

[ਸੋਧੋ]

ਆਰ ਸੀ ਟੈਂਪਲ ਵਰਗੇ ਵਿਦਵਾਨ ਅਤੇ ਰੁੱਝੇ ਹੋਏ ਵਿਅਕਤੀ ਲਈ ਲੋਕਧਾਰਾ ਦੀ ਸਾਂਭ ਸੰਭਾਲ, ਇਕੱਤਰੀਕਰਨ ਅਤੇ ਮੁਲਾਂਕਣ ਕਰਨ ਦਾ ਸਮਾਂ ਕੱਢਣਾ ਕਿੰਨਾ ਮੁਸ਼ਕਿਲ ਹੋਵੇਗਾ ਇਸ ਬਾਰੇ ਉਹ ਆਪ ਵੀ ਮੰਨਦਾ ਹੈ, ਅਤੇ ਇਸ ਕੰਮ ਲਈ ਉਹ ਬੰਦਿਆਂ ਦੀ ਸਹਾਇਤਾ ਲੈਦਾ ਹੈ, ਜਿਹਨਾਂ ਨੂੰ ਇਸ ਬਾਰੇ ਥੋੜਾ ਬਹੁਤ ਗਿਆਨ ਹੈ, ਜਾ ਫਿਰ ਉਹ ਉਹਨਾਂ ਨੂੰ ਇਸ ਕੰਮ ਲਈ ਤਿਆਰ ਕਰਦਾ ਹੈ, ਪਰ ਕੰਮ ਉਹਨਾਂ ਟਾਈਮ ਪੁਸਤਕ ਦੀ ਸੂਰਤ ਵਿੱਚ ਬਾਹਰ ਨਹੀਂ ਨਿਕਲਦਾ ਜਿਹਨਾਂ ਚਿਰ ਉਹ ਆਪ ਤਸੱਲੀ ਨਹੀਂ ਕਰ ਲੈਂਦਾ। ਅਸੀਂ ਉਸਦੇ ਕੰਮ ਨੂੰ ਹੇਠ ਲਿਖੇ ਤਰੀਕੇ ਨਾਲ ਵੰਡ ਕੇ ਵੇਖ ਸਕਦੇ ਹਾਂ-:

1.ਮੂਲ ਲਿਖਤਾਂ

2.ਸੰਪਾਦਨਾ

3. ਭੂਮਿਕਾਵਾਂ

4.ਮੁਲਾਂਕਣ

5.ਵਿਸ਼ੇਸ਼ ਕਥਨ

6. ਸਮਾਗਮਾਂ ਦੇ ਪ੍ਰਧਾਨਗੀ ਭਾਸ਼ਣ[9]

ਲੋਕ ਕਥਾ

[ਸੋਧੋ]

ਟੈਪਲ ਦਾ ਤੁਲਨਾਤਮਕ ਅਧਿਐਨ ਸਾਡੇ ਲਈ ਵਧੇਰੇ ਮਹੱਤਵਪੂਰਨ ਹੈ।"ਦੀ ਲਿਜੈੈਡ ਆਫ ਦੀ ਪੰਜਾਬ " ਦੀ ਪਹਿਲੀ ਜਿਲਦ ਛਪਣ ਸਮੇਂ ਉਸ ਨੇ ਪੰਜਾਬ ਦੀਆਂ ਦੰਤ ਕਥਾਵਾਂ ਦਾ"ਓਲਡ ਡਕਨ ਡੇਜ" ,"ਇੰਡੀਅਨ ਫੇਅਰੀ ਟੇਲਜ", ਫੋਕ ਟੇਲਜ ਆਫ ਬੈੈਂਗਾਲ",ਅਤੇ "ਵਾਈਡ ਅਨੇਕ ਸਟੋਰੀਜ ਦੀਆਂ 120 ਕਥਾਵਾਂ ਨਾਲ ਤੁਲਨਾਤਮਕ ਅਧਿਐਨ ਕੀਤਾ ਹੈ। ਇਥੇ ਉਸ ਨੇ ਸਵਿਨਟਰਨ ਵਲੋਂ 'ਰਾਜਾ ਰਸਾਲੂ' ਦੀ ਦਾਤ ਕਥਾ ਛਾਪੇ ਜਾਣ ਦਾ ਜ਼ਿਕਰ ਵੀ ਕੀਤਾ ਹੈ, ਪਰ ਉਸ ਨੂੰ ਇਹ ਪ੍ਰਾਪਤ ਨਹੀਂ ਸੀ ਹੋ ਸਕਿਆ। ਟੈਂਪਲ ਦੁਆਰਾ ਕੀਤੀ ਤੁਲਨਾ ਦਾ ਆਧਾਰ ਰੂਲੜੀਆਂ ਹਨ।ਰੂੜੀਆਂ ਦੇ ਆਧਾਰ ਤੇ ਤੁਲਨਾਤਮਕ ਅਧਿਐਨ ਅਜ ਵੀ ਸਵੀਕਾਰ ਕੀਤਾ ਜਾਂਦਾ ਹੈ, ਪਰ ਇਸ ਤਰ੍ਹਾਂ ਦੇ ਅਧਿਐਨ ਦੀ ਆਪਣੀ ਸੀਮਾ ਹੈ।ਤੁਲਨਾਤਮਕ ਅਧਿਐਨ ਨਾਲ ਪੰਜਾਬ ਦੀਆਂ ਕਥਾਵਾਂ, ਭਾਰਤੀ ਕਥਾਵਾਂ ਦੇ ਇਕ ਹਿੱਸੇ ਵਜੋਂ ਨਜ਼ਰ ਆਉਂਦੀਆਂ ਹਨ। [10] ਲੋੋਕ ਕਥਾ ਤੇ ਕਾਾਵਿ ਕਥਾ ਦੋੋਨੋ ਲਿਖਤ ਰੂੂਪ ਵਿਚ ਨਹੀਂ ਹੁੁੰਦੀਆ। ਇਥੇ ਯਾਦਾਂ ਸਤ ਉਪਰ ਹੀ ਵਿਸਵਾਸ ਕੀਤਾ ਜਾਂਦਾ ਹੈ। ਇਸ ਲਈ ਇਨ੍ਹਾਂ ਉਪਰ ਗਾਾਇਕ ਦੀ ਵਿਅਕਤੀਗਤ ਸਖਸ਼ੀਅਤ ਆਮ ਹੀ ਭਾਰੂ ਹੋ ਜਾਦੀ ਹੈ । ਦੋ ਕਥਾਕਾਰਾ ਵੱੱਲੋ ਕਹੀ ਇਕੋ ਕਥਾ ਕਈ ਵਾਰ ਦੋ ਵਖ ਵਖ ਕਥਾਵਾਂ ਦਾ ਰੂੂਪ ਲੈਦੀ ਹੈ।ਟੈਂਪਲ ਲੋਕ ਕਥਾ ਨੂੰ ਇਕ ਦ੍ਰਿਸ਼ ਚਿਤਰਣ ਜਾਁ ਕੁਝ ਦ੍ਰਿਸ਼ਾਂ ਦਾ ਇਕੱਠ ਮਾਤਰ ਮੰਨਦਾ ਹੈ। [11] ਟੈਂਪਲ ਮੁਤਾਬਿਕ ਵਿਸ਼ਵ ਦੀ ਲੋਕ ਕਥਾ ਦਾ ਇਹ ਗੁਣ ਹੈ ਕਿ ਪਾਤਰਾਂ ਨੂੰ ਪਹਿਲਾਂ ਮੁਸ਼ਕਿਲਾ ਵਿਚ ਪਾਇਆ ਜਾਂਦਾ ਹੈ ਤੇ ਫਿਰ ਉਸ ਨੂੰ ਮੁਸ਼ਕਿਲਾ ਤੋਂ ਬਾਹਰ ਕੱੱਢਿਆ ਜਾਂਦਾ ਹੈ ਪਰੰਤੂ ਭਾਰਤੀ ਤੇ ਪੰਜਾਬੀ ਲੋਕ ਕਥਾਵਾਂ ਵਿਚ ਪਾਾਤਰਾਂ ਨੂੰ ਮੁਸ਼ਕਿਲਾਂ ਵਿਚ ਦਾਾਖਲ ਕਰਵਾਉਣ ਤੇ ਮੁਸ਼ਕਿਲਾਂ ਤੋ ਬਾਹਰ ਕੱਢਣ ਦੇ ਆਪਣੇ ਢੰਗ ਤਰੀਕੇ ਹਨ[12]

ਆਰ . ਸੀ.ਟੈਪਲ ਦਾ ਲੋਕਯਾਨ ਸ਼ਾਸਤਰ-:

[ਸੋਧੋ]

ਆਰ ਸੀ . ਟੈਂਪਲ ਦੇ ਆਪਣੇ ਕਹਿਣ ਮੁਤਾਬਿਕ ਉਸਨੇ ਪੰਜਾਬ ਦੀਆਂ118 ਦੰਤ ਕਥਾਵਾਂ ਨੂੰ ਇਕੱਤਰ ਕੀਤਾ ਸੀ, ਪ੍ਰਤੂੰ ਸਾਡੇ ਤੱਕ ਤਿੰਨ ਜਿਲਦਾਂ ਵਿੱਚ 58ਦੰਤ ਕਥਾਵਾਂ ਹੀ ਪਹੁੰਚੀਆਂ ਹਨ। ਲੀਜੰਡ ਆਫ਼ ਪੰਜਾਬ ਦੀ ਤੀਸਰੀ ਜਿਲਦ ਵਿਚੋਂ ਦੋ ਸਲਿੱਪਾ ਮਿਲੀਆਂ ਜਿਸ ਵਿੱਚ ਲਿਖਿਆ ਸੀ, ਕਿ ਦੰਤ ਕਥਾਵਾਂ ਪ੍ਰਕਾਸ਼ਨ ਅਧੀਨ ਹਨ-:

1.ਦਾ ਲੀਜੰਡ ਆਫ਼ ਹਰੀ ਚੰਦ

2.ਦਾ ਲੀਜੰਡ ਆਫ਼ ਸਪਸ਼ਤਬਰੇਜ਼

3.ਸਰਵਰ ਐਂਡ ਨੀਰ

4. ਜਲੰਧਰ ਦੇ ਸੰਤ[13]

ਟੈਂਪਲ ਵੱਲੋਂ ਇਕੱਤਰ ਦੰਤ ਕਥਾਵਾਂ ਵਿੱਚ ਵਿਸ਼ਵਾਸ ਪਰਕ

[ਸੋਧੋ]

1.ਕਥਾਨਕ ਰੂੜੀਆਂ-:

[ਸੋਧੋ]

1.1ਭਵਿੱਖ ਬਾਣੀ-:

[ਸੋਧੋ]

ਭਵਿੱਖ ਬਾਰੇ ਜਾਣਨ ਦੀ ਇੱਛਾ ਹਰ ਵਿਅਕਤੀ ਦੀ ਹੁੰਦੀ ਹੈ। ਪਰ ਮੱਧਕਾਲ ਵਿੱਚ ਜਦੋਂ ਵਿਗਿਆਨ ਨੇ ਇੰਨੀ ਤਰੱਕੀ ਨਹੀਂ ਸੀ ਕੀਤੀ, ਤਾਂ ਉਦੋਂ ਲੋਕਾਂ ਦਾ ਵਿਸ਼ਵਾਸ ਜੋਤਸ਼ੀਆਂ, ਪੰਡਿਤਾਂ ਉਤੇ ਅਟੱਲ ਹੁੰਦਾ ਸੀ। ਭਵਿੱਖ ਬਾਣੀ ਬਾਰੇ ਕਿਹਾ ਜਾਂਦਾ ਹੈ ਕਿ ਸੱਸੀ ਪੁੰਨੂੰ ਦੇ ਪਾਠ ਵਿੱਚ ਨਜੂਮੀ ਨੇ ਦੱਸਿਆ ਕਿ ਲੜਕੀ ਵੱਡੀ ਹੋ ਕੇ ਕੁੱਲ ਨੂੰ ਦਾਗ ਲਾਵੇਗੀ।

1.2.ਸ਼ਗਨ ਅਪਸ਼ਗਨ-:

[ਸੋਧੋ]

ਇਹ ਰੂੜੀ ਭਾਰਤੀ ਕਥਾਕਾਰਾਂ ਦੀ ਹਰਮਨ ਪਿਆਰੀ ਰੂੜੀ ਹੈ,ਤੇ ਹਰ ਕਥਾਕਾਰ ਚੰਗੇ-ਮੰਦੇ ਕਾਰਜ ਦੀ ਭਵਿੱਖ ਬਾਣੀ ਇਸ ਜੁਗਤ ਰਾਹੀਂ ਪੇਸ਼ ਕੀਤੀ ਜਾਂਦੀ ਹੈ।ਜਿਵੇਂ ਨਿੱਛ ਮਾਰਨ ਨੂੰ ਹੋਰਨਾਂ ਦੇਸ਼ਾਂ ਵਿੱਚ ਚੰਗਾ ਸਮਝਿਆਂ ਜਾਂਦਾ ਹੋਵੇਗਾ ਤੇ ਭਾਰਤ ਵਿੱਚ ਇਸਨੂੰ ਅਪਸ਼ਗਨ ਸਮਝਿਆਂ ਜਾਂਦਾ ਹੈ।

1.3 ਵਰ ਤੇ ਸਰਾਪ-:

[ਸੋਧੋ]

ਮੱਧਕਾਲ ਸਾਹਿਤ ਵਿੱਚ ਇਸ ਤਰ੍ਹਾਂ ਦੇ ਵਰ ਤੇ ਸਰਾਪ ਦੀਆਂ ਅਨੇਕਾਂ ਉਦਾਹਰਣਾਂ ਮਿਲਦੀਆਂ ਹਨ। ਮਹਾਭਾਰਤ, ਰਾਮਚਰਿਤ ਮਾਨਸ, ਪਵਿੱਤਰ ਬਾਈਬਲ ਵਿੱਚ ਵੀ ਵਰ ਤੇ ਸਰਾਪ ਦੀਆਂ ਉਦਾਹਰਣਾਂ ਵੇਖੀਆਂ ਜਾ ਸਕਦੀਆਂ ਹਨ। ਇਨ੍ਹਾਂ ਦੰਤ ਕਥਾਵਾਂ ਵਿੱਚ ਵਰ ਤੇ ਸਰਾਪ ਦਾ ਆਮ ਜਨਤਾ ਨਾਲ ਨੇੜੇ ਦਾ ਰਿਸਤਾ ਲੱਗਦਾ ਹੈ।ਜਿਵੇ-: ਜਦੋਂ ਬਾਸ਼ਕ ਰਾਜਾ 300ਮਿਰਗਾਨੀਆਂ ਦੇ ਮਿਰਗ ਸੋਹਨ ਮਿਰਗ ਨੂੰ ਮਾਰ ਦਿੰਦਾ ਹੈ ਜਿਸਨੂੰ ਛੱਡਣ ਲਈ ਮਿਰਗਾਨੀਆਂ ਨੇ ਬੜਾ ਤਹਨਾ ਮਾਰਿਆ ਸੀ ਤਾਂ ਉਸਦੀ ਮੌਤ ਤੇ ਮਿਰਗਾਨੀਆਂ ਰਾਜਿ ਬਾਸ਼ਕ ਨੂੰ ਸਰਾਪ ਦਿੰਦੀਆਂ ਹਨ, ਇਸੇ ਤਰ੍ਹਾਂ ਤੇਰੀ ਰਾਣੀ ਨਿਉਲ ਦੇਈ ਵੀ ਵਰਲਾਪ ਕਰੇ।

ਚਾਰਲਸ ਸਵਿਨਰਟਨ ਤੇ ਪੰਜਾਬੀ ਲੋਕਧਾਰਾ-:

[ਸੋਧੋ]

[14] ਪੰਜਾਬੀ ਲੋਕਧਾਰਾ ਦੇ ਸੰਗ੍ਰਹਿ ਸੰਪਾਦਨ ਵਿੱਚ ਅੰਗਰੇਜ਼ਾਂ ਵਿਦਵਾਨਾਂ ਨੇ ਪੰਜਾਬ ਦੇ ਬਹੁਮੁੱਲੇ ਖਜਾਨੇ ਨੂੰ ਮਿਰਾਸੀਆਂ, ਫ਼ਕੀਰਾਂ, ਭੱਟਾਂ ਤੇ ਭੰਡਾ ਆਦਿ ਕੋਲੋਂ ਸੁਣ ਕੇ ਸੰਭਾਲਿਆ ਹੈ।ਇਹਨਾਂ ਵਿਚੋਂ ਪਾਦਰੀ ਚਾਰਲਸ ਸਵਿਨਰਟਨ ਦਾ ਨਾ ਬੜਾ ਅਹਿਮ ਹੈ, ਉਸਦੀ ਜੀਵਨੀ ਨੂੰ ਲੱਭਣ ਦਾ ਬੜਾ ਯਤਨ ਕੀਤਾ ਗਿਆ, ਪਰ ਸਿਵਾਏ ਇਸ ਗੱਲ ਦੇ ਕੇ ਉਹ ਇੱਕ ਰਿਟਾਇਰਡ ਪਾਦਰੀ ਸੀ। ਹੋਰ ਕੋਈ ਜਾਣਕਾਰੀ ਨਹੀਂ ਮਿਲੀ।

ਪਾਦਰੀ ਤੇ ਇਸਾਈ ਧਰਮ ਦਾ ਪ੍ਰਚਾਰਕ ਹੋਣ ਦਾ ਪ੍ਰਮਾਣ ਤੇ ਉਸਦੀ ਧਾਰਮਿਕ ਵਿੱਦਿਆ ਦੀ ਪੇਸ਼ਕਾਰੀ ਉਸ ਵੱਲੋ ਪੰਜਾਬੀ ਲੋਕਧਾਰਾ ਦੀ ਬਾਈਬਲ ਨਾਲ ਕੀਤੀ ਤੁਲਨਾ ਤੋਂ ਵੀ ਪਤਾ ਲੱਗਦਾ ਹੈ।

"ਰੁਮਾਂਟਿਕ ਟੇਲਜ਼ ਫਰਾਮ ਪੰਜਾਬ" ਦੀ ਕਹਾਣੀ"ਲਵ ਸਟੋਰੀ ਆਫ਼ ਹੀਰ ਐਂਡ ਰਾਂਝਾ" ਵਿੱਚ ਉਹ ਦੱਸਦਾ ਹੈ। ਕਿ ਹੀਰ ਯਿਸੂ ਦੀ ਭਗਤਣੀ ਸੀ,ਤੇ ਹਰ ਐਤਵਾਰ ਯਿਸੂ ਨੂੰ ਮੰਨਦੀ ਸੀ। ਸੁਪਨੇ ਵਿੱਚ ਜਦ ਉਸਨੂੰ ਪਤਾ ਲੱਗਿਆ ਕਿ ਉਹ ਰਾਂਝੇ ਨਾਲ ਵਿਆਹੀ ਗਈ ਹੈ ਤਾਂ ਇਸ ਗੱਲ ਦੀ ਪ੍ਰਵਾਨਗੀ ਵੀ ਯਿਸੂ ਮਸ਼ੀਹ ਕੋਲੋ ਲੈਂਦੀ ਹੈ।

ਚਾਰਲਸ ਪਾਦਰੀ ਦੀ ਪੰਜਾਬੀ ਲੋਕਧਾਰਾ ਨੂੰ ਦੇਣ-:

[ਸੋਧੋ]

[15] ਉੱਘੇ ਵਿਦਵਾਨ ਚਾਰਲਸ ਪਾਦਰੀ, ਆਲੋਚਕ, ਇਤਿਹਾਸਕਾਰ ਵਿਅਕਤੀ ਨੇ ਪੰਜਾਬ ਦੀਆਂ ਅਨੇਕ ਥਾਵਾਂ ਤੇ ਤੁਰ ਫਿਰ ਕੇ ਪੰਜਾਬੀ ਲੋਕਧਾਰਾ ਦੇ ਇਕੱਤਰੀਕਰਨ ਦਾ ਕੰਮ ਆਰੰਭ ਕੀਤਾ ਤੇ ਪੰਜਾਬੀ ਲੋਕਧਾਰਾ ਦੀ ਝੋਲੀ ਹੇਠ ਲਿਖੀਆਂ ਪੁਸਤਕਾਂ ਪਾ ਦਿੱਤੀਆਂ-:

1."ਫੋਰ ਲੀਜੰਡ ਆਫ਼ ਕਿੰਗ ਰਸਾਲਖ ਆਫ਼ ਸਿਆਲਕੋਟ", ਦਾ ਫੋਕਲੋਰ ਜਨਰਲ, ਫੋਕਲੋਰ ਸੁਸਾਇਟੀ ਲੰਡਨ1883

2."ਦਾ ਐਡਵੈਚਰਸ ਆਫ਼ ਦਾ ਪੰਜਾਬ ਹੀਰੋ ਰਾਜਾ ਰਸਾਲੂ: ਐਡ ਅਦਰ ਫੋਕ ਟੇਲਜ਼ ਆਫ਼ ਦਾ ਪੰਜਾਬ1884

3.ਰੁਮਾਂਟਿਕ ਟੇਲਜ਼ ਫਰਾਮ ਦਾ ਪੰਜਾਬ: ਵਿਦ ਇਲਸਟਕੇਸ਼ਨ ਬਾਏ ਨੇਟਿਵ ਹੈਡਜ਼ 1903

4. ਰੋਮਾਂਟਿਕ ਟੇਲਜ਼ ਫਰਾਮ ਦਾ ਪੰਜਾਬ: ਵਿਦ ਇੰਡੀਅਨ ਨਾਈਟਸ ਐਨਟਰਟੇਨਮੈਂਟ 1908

ਫਲੌਰਾ ਐਨੀ ਸਟੀਲ ਤੇ ਪੰਜਾਬੀ ਲੋਕਧਾਰਾ-:

[ਸੋਧੋ]

ਪ੍ਰਸਿੱਧ ਅੰਗਰੇਜ਼ੀ ਵਿਦਵਾਨ  ਫਲੋਰਾ ਐਨੀ ਸਟੀਲ ਦਾ ਨਾਂ ਪ੍ਰਮੁੱਖ ਵਿਦਵਾਨਾਂ ਵਿੱਚ ਆਉਂਦਾ ਹੈ।ਉਸਨੇ ਦੂਸਰੇ ਅੰਗਰੇਜ਼ ਵਿਦਵਾਨਾਂ ਨਾਲ ਮਿਲ ਕੇ ਵੀ ਕੰਮ ਕੀਤਾ ਤੇ ਵਿਅਕਤੀਗਤ ਤੌਰ ਤੇ ਵੀ। ਇਸ ਵਿਦਵਾਨ ਦੀ ਜੀਵਨੀ ਬਾਰੇ ਹੋਰ ਬਹੁਤ ਕੁੱਝ ਪ੍ਰਾਪਤ ਨਹੀਂ ਉਸ ਦਾ ਜਨਮ 2ਅਪ੍ਰੈਲ 1847 ਮਡਬਰੀ ਮਾਰਦ ਹੈਰੇ ਵਿੱਚ ਹੋਇਆ।   ਉਹ ਬੜੇ ਤੇਜ ਦਿਮਾਗ ਦਾ ਸੀ। ਉਸ ਦੇ ਪੰਜ ਬੱਚੇ ਸਨ। ਉਹ ਆਪਣੇ ਪਤੀ ਨਾਲ ਲੰਮੇ ਸਮੇਂ ਲਈ ਭਾਰਤ ਵਿੱਚ ਰਹੀ। ਇਥੋਂ ਦੇ ਵੱਖ ਵੱਖ ਥਾਵਾਂ ਤੇ  ਰਹਿ ਕੇ ਭਾਰਤੀ ਜੀਵਨ ਨੂੰ ਬੜੀ ਨੇੜਿਓਂ ਤੱਕਿਆ।ਉਸ ਦੇ ਭਾਰਤੀ ਪ੍ਰਵਾਸ ਦੌਰਾਨ ਹੀ ਲੋਕਧਾਰਾ ਦਾ ਇਕੱਤਰੀਕਰਨ ਦਾ ਦੌਰ ਚੱਲਿਆ।ਸ਼ਟੀਲ ਮੂਲ ਰੂਪ ਵਿੱਚ ਨਾਵਲਕਾਰ ਸੀ, ਲਗਪਗ9 ਅੰਗਰੇਜ਼ੀ ਨਾਵਲ ਉਸਨੇ ਲਿਖੇ।ਭਾਰਤੀ ਸੱਭਿਆਚਾਰ, ਇਤਿਹਾਸ, ਭੂਗੋਲ, ਰੀਤੀ - ਰਿਵਾਜ, ਰਹਿਣ ਸਹਿਣ ਕਥਾ ਕਹਾਣੀਆਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ।ਸ਼ੁਰੂ ਵਿੱਚ ਇੰਡੀਅਨ ਐਂਟੀਕੁਅਰੀਜ਼ ਵਿੱਚ ਉਸ ਨੇ ਛੋਟੀਆਂ ਛੋਟੀਆਂ ਲਿਖਤਾਂ ਛਪਵਾਈਆਂ, ਪਰ ਆਪਣੀ ਪ੍ਰੌੜ ਸੂਝ ਤੇ ਸਿਆਣਪ ਦੀ ਪਹਿਚਾਣ, ਜਿਹੜੀ ਲੋਕਧਾਰਾ ਦੇ ਖੇਤਰ ਵਿੱਚ ਬਣਾਈ, ਉਹ ਉਸਦੀ ਪੁਸਤਕ ਟੇਲਜ਼ ਆਫ਼ ਦਾ ਪੰਜਾਬ ਨਾਲ ਬਣੀ ਹੈ। ਇਸ ਵਿੱਚ 43 ਲੋਕ ਕਹਾਣੀਆਂ ਹਨ। ਲੋਕਧਾਰਾ ਦੇ ਇੱਕ ਬੁਨਿਆਦੀ ਅੰਗ ਕਥਾਨਕ ਰੂੜੀਆਂ ਰਾਹੀਂ ਉਹ ਭਾਰਤੀ ਸੱਭਿਆਚਾਰ ਨੂੰ ਸਮਝਣ ਦਾ ਯਤਨ ਕਰਦੀ ਹੈ।

ਇਨ੍ਹਾਂ ਕਹਾਣੀਆਂ ਵਿੱਚ ਸਾਧਾਰਨ ਵਿਅਕਤੀ ਦੀ ਜਟਿਲ ਕਹਾਣੀ ਕੰਮ ਧੰਦੇ, ਰੀਤੀ-ਰਿਵਾਜ, ਵਿਆਹ ਸ਼ਾਦੀਆਂ ਆਦਿ ਤੋਂ ਲੈ ਕੇ ਰਾਜੇ ਮਹਾਰਾਜਿਆਂ ਤੱਕ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਲੋਕਾਂ ਦੀ ਮਾਨਸਿਕਤਾ ਨੂੰ ਪਕੜਨ ਦਾ ਵਧੀਆ ਢੰਗ ਸਥਾਨਕ ਲੋਕਾਂ ਦੇ ਸੱਭਿਆਚਾਰ ਤੇ ਲੋਕਧਾਰਾ ਤੋਂ ਜਾਣੂ ਹੋਣਾ ਹੈ।

ਟੇਲਜ਼ ਆਫ਼ ਦਾ ਪੰਜਾਬ ਦੀ ਭੂਮਿਕਾ ਵਿੱਚ ਉਸਨੇ ਆਪਣੇ ਕੰਮ ਕਰਨ ਦੇ ਤਰੀਕੇ ਨੂੰ ਵੀ ਪੇਸ਼ ਕੀਤਾ ਹੈ, ਇਹ ਵੀ ਦੱਸਿਆ ਹੈ ਕਿ ਇਹ ਕਹਾਣੀਆਂ ਉਸਨੇ ਕਿਨ੍ਹਾਂ ਲੋਕਾਂ ਕੋਲੋਂ ਕਿਵੇਂ ਇਕੱਤਰ ਕੀਤੀਆਂ। ਜਦੋਂ ਫਲੌਰਾ ਐਨੀ ਸਟੀਲ ਦੇ ਲੋਕਧਾਰਾ ਸੰਬੰਧੀ ਕੀਤੇ ਕੰਮਾਂ ਨੂੰ ਵੇਖਦੇ ਹਾਂ ਤਾਂ ਇਨ੍ਹਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ-:

1.ਆਰ.ਸੀ.ਟੈਪਲ ਨਾਲ ਮਿਲ ਕੇ

2.ਵਿਅਕਤੀਗਤ ਤੌਰਤੇ

1.ਆਰ ਸੀ ਟੈਪਲ ਨਾਲ ਮਿਲ ਕੇ ਕੀਤਾ ਕੰਮ-:

1.ਫੋਕਲੋਰ ਇਨ ਦਾ ਪੰਜਾਬ ਸੰਗ੍ਰਹਿ ਕਰਤਾ ਫਲੋਰਾ ਐਨੀ ਸਟੀਲ ਜਿਸ ਬਾਰੇ ਟੈਂਪਲ ਨੇ ਨੋਟ ਲਿਖੇ।ਇਹ ਇੰਡੀਅਨ ਐਟੀਕੁਅਰੀਜ ਦੀ ਜਿਲਦ 9 (1880)ਪੰਨਾ ਨੰ: 205, 207, 280,302

2.ਵਾਇਡ ਅਵੇਕ ਸਟੋਰੀਜ਼ ਏ ਕੁਲੈਕਸ਼ਨ ਆਫ਼ ਪੰਜਾਬ ਕਸ਼ਮੀਰ ਏਲਜ਼ ਬੰਬਈ1884[16]

2.ਫਲੋਰਾ ਐਨੀ ਸਟੀਲ ਦੇ ਵਿਅਕਤੀਗਤ ਤੌਰ'ਤੇ ਕੀਤੇ ਕੰਮ-:

[ਸੋਧੋ]

1.ਟੇਲਜ਼ ਆਫ਼ ਦਾ ਪੰਜਾਬ ਟੋਲਡ ਬਾਇ ਦਾ ਪੀਪਲ, ਵਿਦ ਇਲਸਟਰੇਸ਼ਨ ਬਾਇ 1884. ਅਸੀਂ ਆਪਣੇ ਆਧਿਆਇ ਵਿੱਚ ਉਸਦੀ ਵਿਅਕਤੀਗਤ ਪੁਸਤਕ" ਟੇਲਜ਼ ਆਫ਼ ਦਾ ਪੰਜਾਬ" ਨੂੰ ਚੁਣਿਆ ਹੈ।ਇਸਦੀਆਂ43 ਕਹਾਣੀਆਂ ਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਉਸ ਵਿੱਚ ਪ੍ਰਸਤੁਤ ਕਥਾਨਕ ਰੂੜੀਆਂ ਦਾ ਅਧਿਐਨ ਕੀਤਾ ਹੈ। ਇਸ ਸਮੇਂ ਲੋਕਾਂ ਦੀ ਮਾਨਸਿਕਤਾ ਕਿੰਨਾ ਰੂਪਾਂ ਵਿੱਚ ਪੇਸ਼ ਹੋਈ ਹੈ।ਅੰਗਰੇਜ਼ਾਂ ਨੇ ਇਹਨਾਂ ਨੂੰ ਕਿਵੇਂ ਆਪਣੇ ਰਾਜ ਦੇ ਪੱਕਿਆਂ ਕਰਨ ਲਈ ਵਰਤਿਆਂ ਬਾਰੇ ਚਰਚਾ ਕੀਤੀ ਗਈ ਹੈ। ਪੰਜਾਬੀ ਦੀ ਇਸ ਵਿਦਵਾਨ ਦਾ ਅੰਤ12 ਅਪ੍ਰੈਲ 1929 ਨੂੰ ਹੋਇਆ। [17]

ਹਵਾਲੇ-:

[ਸੋਧੋ]
  1. ਗਿੱਲ, ਸੈਮੂਅਲ (2014). ਪੰਜਾਬੀ ਲੋਕਧਾਰਾ ਦੇ ਸੰਗ੍ਰਹਿ, ਸੰਪਾਦਨ ਤੇ ਮੁਲਾਂਕਣ ਵਿੱਚ ਅੰਗਰੇਜ਼ੀ ਵਿਦਵਾਨਾਂ ਦਾ ਯੋਗਦਾਨ. ਜਲੰਧਰ: ਪੰਜ ਆਬ ਪ੍ਰਕਾਸ਼ਨ ਜਲੰਧਰ. p. 9. ISBN 978-93-84306-04-5.
  2. ਗਿੱਲ, ਸੈਮੁਅਲ (2014). ਪੰਜਾਬੀ ਲੋਕਧਾਰਾ ਦੇ ਸੰਗ੍ਰਹਿ, ਸੰਪਾਦਨ ਤੇ ਮੁਲਾਂਕਣ ਵਿੱਚ ਅੰਗਰੇਜ਼ੀ ਵਿਦਵਾਨਾਂ ਦਾ ਯੋਗਦਾਨ. ਜਲੰਧਰ: ਪੰਜ ਆਬ ਪ੍ਰਕਾਸ਼ਨ ਜਲੰਧਰ. p. 11. ISBN 978-93-84306-04-5.
  3. "ਆਰ ਸੀ ਟੈਂਪਲ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼". pa.wikipedia.org. Retrieved 2021-04-01.
  4. ਗਿੱਲ, ਸੈਮੁਅਲ (2014). ਪੰਜਾਬੀ ਲੋਕਧਾਰਾ ਦੇ ਸੰਗ੍ਰਹਿ, ਸੰਪਾਦਨ ਤੇ ਮੁਲਾਂਕਣ ਵਿੱਚ ਅੰਗਰੇਜ਼ੀ ਵਿਦਵਾਨਾਂ ਦਾ ਯੋਗਦਾਨ. ਜਲੰਧਰ: ਪੰਜ ਆਬ ਪ੍ਰਕਾਸ਼ਨ ਜਲੰਧਰ. p. 80. ISBN 978-93-84306-04-5.
  5. ਸਿੰਘ, ਡਾ ਗੁਰਮੀਤ ਸਿੰਘ, ਡਾ ਸੁਰਜੀਤ (2020). ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ. ਪੰਜਾਬੀ ਭਵਨ,ਲੁਧਿਆਣਾ ਵ: ਚੇਤਨਾ ਪ੍ਰਕਾਸ਼ਨ. pp. 100–101. ISBN 978-93-89997-73-6.{{cite book}}: CS1 maint: multiple names: authors list (link)
  6. Temple, R.c. (1928). Presidential address to the folklore jubli congress off da folklore society in London.
  7. ਕੈਰੋਂ, ਜੋਗਿੰਦਰ ਸਿੰਘ (2000). ਪੰਜਾਬੀ ਲੋਕਧਾਰਾ ਸੰਗ੍ਰਹਿ ਤੇ ਸਮੀਖਿਆ, ਚਿਰਾਗ. p. 47.
  8. ਗਿੱਲ, ਸੈਮੁਅਲ (2014). ਪੰਜਾਬੀ ਲੋਕਧਾਰਾ ਦੇ ਸੰਗ੍ਰਹਿ, ਸੰਪਾਦਨ ਤੇ ਮੁਲਾਂਕਣ ਵਿੱਚ ਅੰਗਰੇਜ਼ੀ ਵਿਦਵਾਨਾਂ ਦਾ ਯੋਗਦਾਨ. ਜਲੰਧਰ: ਪੰਜ ਆਬ ਪ੍ਰਕਾਸ਼ਨ ਜਲੰਧਰ. pp. 94, 95. ISBN 978-93-84306-04-5.
  9. ਗਿੱਲ, ਸੈਮੁਅਲ (2014). ਪੰਜਾਬੀ ਲੋਕਧਾਰਾ ਦੇ ਸੰਗ੍ਰਹਿ, ਸੰਪਾਦਨ ਤੇ ਮੁਲਾਂਕਣ ਵਿੱਚ ਅੰਗਰੇਜ਼ੀ ਵਿਦਵਾਨਾਂ ਦਾ ਯੋਗਦਾਨ. ਜਲੰਧਰ: ਪੰਜ ਆਬ ਪ੍ਰਕਾਸ਼ਨ ਜਲੰਧਰ. p. 110. ISBN 978-93-84306-04-5.
  10. ਡਾ ਸੁਰਜੀਤ ਸਿੰਘ, ਡਾ ਗੁਰਮੀਤ ਸਿੰਘ (2020). ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ. ਪੰਜਾਬੀ ਭਵਨ ਲੁਧਿਆਣਾ: ਚੇਤਨਾ ਪ੍ਰਕਾਸ਼ਨ. p. 103. ISBN 978-93-89997-73-6.
  11. ਡਾ ਸੁਰਜੀਤ ਸਿੰਘ, ਡਾ ਗੁਰਮੀਤ ਸਿੰਘ (2020). ਸਭਿਆਚਾਰਕ ਅਤੇ ਲੋਕਧਾਰਾ ਵਿਸ਼ਵ ਚਿੰਤਨ. ਪੰਜਾਬੀ ਭਵਨ ਲੁਧਿਆਣਾ: ਚੇਤਨਾ ਪ੍ਰਕਾਸ਼ਨ. p. 109. ISBN 978-93-89997-73-6.
  12. ਡਾ ਸੁਰਜੀਤ ਸਿੰਘ, ਡਾ ਗੁਰਮੀਤ ਸਿੰਘ (2020). ਸਭਿਆਚਾਰਕ ਅਤੇ ਲੋਕਧਾਰਾ ਵਿਸ਼ਵ ਚਿੰਤਨ. ਪੰਜਾਬੀ ਭਵਨ ਲੁਧਿਆਣਾ: ਚੇਤਨਾ ਪ੍ਰਕਾਸ਼ਨ. pp. 121–122. ISBN 978-93-89997-73-6.
  13. ਸਿੰਘ, ਕਰਮਜੀਤ (1987). ਆਰ.ਸੀ.ਟੈਂਪਲ ਦਾ ਲੋਕਯਾਨ ਸ਼ਾਸਤਰ; ਪਰਖ.
  14. ਗਿੱਲ, ਸੈਮੁਅਲ (2014). ਪੰਜਾਬੀ ਲੋਕਧਾਰਾ ਦੇ ਸੰਗ੍ਰਹਿ, ਸੰਪਾਦਨ ਤੇ ਮੁਲਾਂਕਣ ਵਿੱਚ ਅੰਗਰੇਜ਼ੀ ਵਿਦਵਾਨਾਂ ਦਾ ਯੋਗਦਾਨ. ਜਲੰਧਰ: ਪੰਜ ਆਬ ਪ੍ਰਕਾਸ਼ਨ ਜਲੰਧਰ. p. 132. ISBN 978-93-84306-04-5.
  15. ਸਵਿਨਰਟਨ, ਚਾਰਲਸ. ਫੋਰ ਲੀਜੰਡ ਆਫ਼ ਕਿੰਗ ਰਸਾਲੂ ਆਫ਼ ਸਿਆਲਕੋਟ, ਕਹਾਣੀ ਨੰਬਰ 1. p. 129.
  16. ਗਿੱਲ, ਸੈਮੁਅਲ (2014). ਪੰਜਾਬੀ ਲੋਕਧਾਰਾ ਦੇ ਸੰਗ੍ਰਹਿ ਸੰਪਾਦਨ ਤੇ ਮੁਲਾਂਕਣ ਵਿੱਚ ਅੰਗਰੇਜ਼ੀ ਵਿਦਵਾਨਾਂ ਦਾ ਯੋਗਦਾਨ. ਜਲੰਧਰ: ਪੰਜ ਆਬ ਪ੍ਰਕਾਸ਼ਨ ਜਲੰਧਰ. p. 167. ISBN 978-93-84306-04-5.
  17. ਟੈਂਪਲ, ਆਰ.ਸੀ. ਪੰਜਾਬ ਦੀਆਂ ਲੋਕ ਗਥਾਵਾਂ, ਜਿਲਦ ਪਹਿਲੀ. p. 13.