ਪੰਜਾਬੀ ਲੋਕ ਕਲਾਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੋਕ ਕਲਾਵਾਂ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਇਹ ਗੱਲ ਸਮਝ ਪੈਂਦੀ ਹੈ ਕਿ ਪੰਜਾਬ ਦੇ ਲੋਕ,ਕਲਾਕਾਰ ਤੇ ਸਧਾਰਨ ਲੋਕ ਵੀ ਜਦੋਂ ਆਪਣੀ ਕਲਾ ਦੀ ਪੇਸ਼ਕਾਰੀ ਕਰਦੇ ਹਨ ਚਾਹੇ ਉਹ ਲੱਕੜੀ ਦਾ ਕੰਮ ਹੋਵੇ,ਸਿਲਾਈ ਕਢਾਈ ਵਿੱਚ ਸੂਈ, ਕਰੋਛੀਏ ਅਤੇ ਧਾਗੇ ਦੀਆਂ ਯਗਤਾਂ ਨਾਲ ਮਿੱਟੀ ਦੇ ਬਰਤਨਾਂ ਦੀ ਬਣਾਵਟ ਅਤੇ ਸਜਾਵਟ ਜਾਂ ਘਰ ਦੇ ਚੁੱਲੇ ਚੌਕਿਆਂ ਆਹਰਿਆਂ ਅਤੇ ਕੰਧਾਂ ਉੱਪਰ ਹੋਵੇ। ਉਹਨਾਂ ਦੀਆਂ ਕਲਾਂ ਵਿੱਚ ਯੁਗਤਾਂ, ਰੂੜ੍ਹੀਆਂ ਅਤੇ ਸਾਜੋ ਸਮਾਨ ਅਤੇ ਨਿੱਜੀ ਦ੍ਰਿਸ਼ਟੀ ਉੱਪਰ ਹੀ ਨਹੀਂ ਹੁੰਦੀ ਸਗੋਂ ਇਸ ਕਲਾ ਵਿੱਚ ਸੱਭਿਆਚਾਰ ਸਮੂਹ ਦੀ ਸਾਝੀ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਲੋਕਾਂ ਵੱਲੋਂ ਇਸ ਪ੍ਰਗਟਾਵੇ ਲਈ ਵਰਤੀਆਂ ਯੁਗਤਾਂ ਰੂੜ੍ਹੀਆਂ ਅਤੇ ਬਿਨ੍ਹਾਂ ਪ੍ਰਤੀਕ ਆਤਮਿਕ ਵਸਤੂਆਂ ਅਤੇ ਜੀਵਾਂ ਨੂੰ ਕਿਸੇ ਸਖਿਅਤ ਕਲਾਕਾਰ ਵਾਂਗ ਹੂ-ਬ-ਹੂ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੁੰਦੀ ਸਗੋਂ ਇਨ੍ਹਾਂ ਦੀ ਬਣਾਟ ਦਾ ਖੁਦਰਾਪਣ ਹੀ ਇਸ ਦੀ ਖੂਬਸ਼ੁਰਤੀ ਅਤੇ ਸੋਜ ਦਾ ਗੁਣ ਹੈ। ਜੇਕਰ ਇਸ ਕਲਾ ਨੂੰ ਗੋਰ ਨਾਲ ਵੇਖਿਆ ਜਾਵੇ ਤਾਂ ਇਹ ਗੱਲ ਸਮਝ ਪਵੇਗੀ ਕਿ ਕੱਪੜਿਆ ਦਾ ਕਢਾਈ, ਬਰਤਨਾਂ ਦੀ ਸਜਾਵਟ ਲਈ ਬਣਾਏ ਇਨ੍ਹਾਂ ਚਿੱਤਰਾਂ ਮੋਟਿਫਾ ਗ੍ਰਾਫਾਂ, ਅਤੇ ਖਾਨਿਆਂ ਵਿਚੋਂ ਸਾਨੰ ਪੂਰੇ ਬ੍ਰਹਿਮੰਡ ਦੇ ਦਰਸ਼ਨ ਹੁੰਦੇ ਹਨ। ਇਹ ਲੋਕਾਂ ਦਾ ਬ੍ਰਹਿਮੰਡ ਹੈ ਨਾ ਕਿ ਕਿਸੇ ਵਿਗਿਆਨੀ ਦਾ ਨਹੀਂ। ਜਿਹੜਾ ਕਦੀ ਸਾਡੇ ਪੁਰਖਿਆ ਨੇ ਦੇਖਿਆ ਸੋਚਿਆ ਅਤੇ ਸਿਰਜਿਆ ਹੋਵੇਗਾ ਇਸ ਚਿੱਤਰਕਾਰੀ ਵਿੱਚ ਕਾਂ, ਤੋਤੇ, ਚਿੜ੍ਹਿਆ, ਮੋਰ, ਘੁੱਗੀਆਂ, ਕੁੱਤੇ ਆਦਿ ਜਾਨਵਰ ਪੰਜਾਬੀ ਮਨੁੱਖ ਨਾਲ ਉਹਨਾਂ ਦੇ ਰਿਸ਼ਤਿਆਂ ਦੀ ਗਵਾਹੀ ਭਰਦੇ ਹਨ। ਇਹ ਪਸ਼ੂ ਪੰਛੀ ਅਤੇ ਜੀਵ ਸਾਡੀਆਂ ਹੀ ਮਿੱਥਾਂ, ਦੰਦ ਕਥਾਵਾਂ, ਪਰੀ ਕਹਾਣੀਆਂ ਵਿਚੋਂ ਰੂਪਾਂਤਰਿਤ ਹੋ ਲੋਕ ਰੂੜ੍ਹੀਆਂ ਵਿੱਚ ਸਾਡੀ ਚਿੱਤਰਕਾਰੀ ਕਲਾ ਵਿੱਚ ਪੇਸ਼ ਹੋਏ ਹਨ। ਲੋਕ ਕਲਾ ਬਾਰੇ ਅਰਨਿਸਟਰ ਫੀਸਰ ਲਿਖਦੇ ਹਨ-ਸਭਿਅਤਾ ਦੇ ਮੁੱਢਲੇ ਪੜਾਵਾ ਉੱਤੇ ਕਲਾ ਦਾ ਸੁਹਜ ਨਾਲ ਕੋਈ ਲਾਗਾ ਦੇਗਾ ਨਹੀਂ ਸੀ।[1]

ਇਸ ਲਈ ਕਿਹਾ ਜਾ ਸਕਦਾ ਕਿ ਲੋਕ ਕਲਾਵਾਂ ਦੀ ਖੂਬਸ਼ੁਰਤੀ ਉਸਦੀ ਰੂੜ੍ਹੀਆਂ ਵਿੱਚ ਨਾ ਕਿ ਬਣਾਵਟ ਵਿਚ। ਲੋਕ ਕਲਾਂ ਜਨਮ ਜੀਵਨ ਦੀਆਂ ਮੁਢਲੀਆਂ ਪਦਾਰਥਕ, ਆਰਥਿਕ ਲੋੜਾ ਦੀ ਪੂਰਤੀ ਹਿੱਤ ਹੋਇਆ। ਆਦਿਮ ਕਲਾਂ ਮਨੁੱਖ ਦੀ ਉਤਪਾਦਿਕ ਜਾ ਆਰਥਿਕ ਕਾਰਗੁਜ਼ਾਰੀ ਦਾ ਅਨਿੱਖੜ ਅੰਗ ਸੀ।[2]

ਲੋਕ ਕਲਾ ਮਨੁੱਖ ਵਿਚਾਰ ਪ੍ਰਕਿਰਤੀ ਦੇ ਵਰਤਾਰਿਆਂ ਦੀ ਮਨੁੱਖੀ ਵਿਹਾਰ ਦੀ ਨਕਲ ਹੈ ਆਦਿ ਕਾਲ ਤੋਂ ਮਨੁੱਖ ਪ੍ਰਕਿਰਤੀਕ ਵਰਤਾਰਿਆਂ ਤੋਂ ਭੈ-ਭੀਤ ਹੁੰਦਾ ਆਇਆ ਹੈ। ਇਨ੍ਹਾਂ ਵਰਤਾਰਿਆ ਨੂੰ ਉਸ ਨੂੰ ਦੇਵੀ ਸ਼ਕਤੀ ਦੇ ਰੂਪ ਵਿੱਚ ਲਿਆ ਹੈ ਅਤੇ ਉਹਨਾਂ ਦੀ ਉਪਾਸਨਾ ਆਰੰਭ ਕੀਤੀ। ਇਸ ਉਪਾਸਨਾ ਵਿੱਚ ਉਹਨਾਂ ਦੀ ਪੂਜਾ ਤੇ ਨਕਲਾ ਦੇ ਰੂਪ ਸ਼ੁਰੂ ਹੋਏ। ਜਿਹਨਾਂ ਨੂੰ ਉਸਨੇ ਆਪਣੀ ਕਲਾ ਰਾਹੀ ਸਾਰਥਿਕ ਅਤੇ ਪਰਤੱਖ ਰੂਪ ਦੇਣ ਦੀ ਕੋਸ਼ਿਸ਼ ਕੀਤੀ। ਲੋਕ ਕਲਾਂ ਜੀਵਨ ਦੀਆਂ ਲੋੜਾਂ ਵਿਚੋਂ ਉਪਜੀ ਹੋਣ ਕਰਕੇ ਜਨ ਜੀਵਨ ਅਤੇ ਸੱਭਿਆਚਾਰ ਨਾਲ ਇਕਸਾਰ ਹੁੰਦੀ ਹੈ।ਇਸ ਦਾ ਸੁਹਜ ਫ਼ਸਲ ਜਾਤੀ ਦੀਆਂ ਕਲਾ ਰੁਚੀਆਂ ਦਾ ਬੋਧਿਕ ਹੈ। ਲੋਕ ਕਲਾ ਪਿੰਡਾਂ ਦੇ ਅੱਲੜ ਲੋਕਾਂ ਦੀਆਂ ਅੰਤਰੀਵ ਖਾਹਿਸ਼ਾਂ, ਭਾਵਨਾਵਾਂ ਤੇ ਤਜਰਬਿਆਂ ਦਾ ਸੁਭਾਵਿਕ ਪ੍ਰਗਟਾਵਾ ਹੈ ਅਤੇ ਇਹ ਸਦੀਆਂ ਤੋਂ ਚੱਲੀਆਂ ਆ ਰਹੀਆਂ ਕਲਾ ਰੁਚੀਆਂ ਸਹਿਜ ਭਾਵ ਵਿੱਚ ਹੀ ਪ੍ਰਫੁਲਤ ਹੁੰਦੀਆਂ ਰਹੀਆਂ ਹਨ। ਪੀੜੀ ਦਾ ਅਨੁਭਵ ਖੁਰ-ਖੁਰ ਕੇ ਇਸ ਕਲਾ ਨੂੰ ਸੰਵਾਰਦਾ ਰਿਹਾ ਹੈ ਭਾਵੇਂ ਲੋਕ ਕਲਾ ਵੇਖਣ ਵਿੱਚ ਸਾਦੀ ਜਹੀ ਲੱਗਦੀ ਹੈ। ਪਰ ਇਸ ਵਿੱਚ ਕਲਾ ਦਾ ਇੱਕ ਪ੍ਰਬਲ ਕਵੀ ਹੁੰਦਾ ਹੈ। ਜੋ ਇਸ ਦੀ ਛਵੀ ਨੂੰ ਮਨਮੋਹਣਾ ਤੇ ਪ੍ਰਭਾਵਸ਼ਾਲੀ ਬਣਾਉਂਦਾ ਹੈ।[3] ਇਸ ਲਈ ਲੋਕ ਕਲਾ ਸਰੀਰਕ ਲੋੜਾਂ, ਮਨੁੱਖ ਦੀਆਂ ਕੁਝ ਮਾਨਸਿਕ ਲੋੜਾਂ ਵੀ ਹਨ, ਜਿਨ੍ਹਾਂ ਦੀ ਤ੍ਰਿਪਤੀ ਸੁਹਜ ਰਸ ਨਾਲ ਹੁੰਦੀ ਹੈ। ਸੁਹਜ ਨੂੰ ਮਾਨਣ ਦੀ ਇੱਛਾ ਨੇ ਕਲਾ ਨੂੰ ਜਨਮ ਦਿੱਤਾ। ਉਹ ਕਲਾ, ਜਿਸ ਨੂੰ ਆਦਿ ਕਾਲ ਤੋਂ ਅਨੇਕਾਂ ਕਿਰਤੀਆਂ ਨੇ ਆਪਣੇ ਅਨੁਭਵ ਨਾਲ ਸਿੰਜ ਕੇ ਰਸਾਇਆ, ਪਕਾਇਆ ਤੇ ਨਿਖਾਰਿਆ ਅਤੇ ਜੋ ਪਰੰਪਰਾਂ ਦੀ ਧਾਰਾ ਦਾ ਅੰਗ ਬਣ ਕੇ ਵਿਗਸੀ, ਲੋਕ ਕਲਾ ਅਖਵਾਈ।[4] ਲੋਕ ਕਲਾ ਨੂੰ ਕਿਸੇ ਵਿਸ਼ੇਸ਼ ਸਿਖਲਾਈ ਦੁਆਰਾ ਨਹੀਂ ਸਿੱਖਿਆ ਜਾਂਦਾ ਸਗੋਂ ਇਸ ਨਾਲ ਅਸੀਂ ਪਰੰਪਰਾਂ ਤੋਂ ਆਤਮਸਾਤ ਕਰਦੇ ਹਾਂ। ਲੋਕ ਕਲਾ ਦਾ ਮੁਲਾਂਕਣ ਨਹੀਂ ਹੁੰਦਾ ਇਸ ਕਰਕੇ ਇਸ ਵਿੱਚ ਕੋਈ ਦਰਜੇਬੰਦੀ ਨਹੀਂ ਹੁੰਦੀ। ਲੋਕ ਕਲਾ ਪਰੰਪਰਾਂ ਤੋਂ ਚਲੇ ਆ ਰਹੇ ਮੋਟਿਫਾ ਦੀ ਪੇਸ਼ਕਾਰੀ ਕਰਦੀ ਹੈ।

ਵਿਸ਼ਾ ਸੂਚੀ[ਸੋਧੋ]

ਲੋਕ ਕਲਾਵਾਂ ਦੀਆਂ ਵੰਨਗੀਆ[ਸੋਧੋ]

ਮੂਰਤੀ ਕਲਾ[ਸੋਧੋ]

ਮੂਰਤੀ ਕਲਾ ਵਿੱਚ ਪੰਜਾਬ ਦੀ ਗੰਧਾਰ ਸ਼ੈੱਲੀ ਬੜੀ ਪ੍ਰਸਿੱਧ ਹੈ। ਇਹ ਮੂਲ ਵਿੱਚ ਲੋਕ ਸ਼ੈਲੀ ਜੋ ਯੂਨਾਨੀ ਤੇ ਈਰਾਨੀ ਸ਼ੈਲੀਆਂ ਦੇ ਪ੍ਰਭਾਵ ਹੇਠ, ਬੁੱਧ ਕਾਲ ਵਿੱਚ ਨਿਖਰੀ। ਗੰਧਾਰ ਸ਼ੈਲੀ ਦੀ ਵੱਡੀ ਵਿਸ਼ੇਸਤਾ ਇਹ ਸੀ ਕਿ ਮੂਰਤੀਆਂ ਵਿੱਚ ਨਕਸ਼ਾਂ ਤੇ ਅੰਗਾ ਨੂੰ ਬੜੀ ਮਿਹਨਤ ਨਾਲ ਘੜਿਆ ਤੇ ਨਿਖਾਰਿਆ ਜਾਂਦਾ ਸੀ।

ਚਿੱਤਰਕਲਾ[ਸੋਧੋ]

ਜਨ ਸਧਾਰਨ ਵਲੋਂ ਲੋਕ ਨਮੂਨਿਆਂ ਵਿੱਚ ਕੀਤੀ ਚਿੱਤਰਕਾਰੀ ਜਾਂ ਕਲਾਕਾਰਾਂ ਵਲੋਂ ਲੋਕ-ਨਮੂਨਿਆਂ ਅਤੇ ਸਮੱਗਰੀ ਦੀ ਚਿੱਤਰਕਾਰੀ ਨੂੰ ਹੀ ਲੋਕ ਚਿੱਤਰਕਾਰੀ ਕਿਹਾ ਜਾਂਦਾ ਹੈ। ਪੰਜਾਬ ਵਿੱਚ ਚਿੱਤਰਕਾਰੀ ਦੀਆਂ ਦੋ ਵੰਨਗੀਆਂ ਮਿਲਦੀਆਂ ਹਨ:[5]

ਸਧਾਰਨ ਚਿੱਤਰਕਾਰੀ[ਸੋਧੋ]

ਇਹ ਚਿੱਤਰਕਾਰੀ ਸਾਧਾਰਨ ਪੇਂਡੂ ਔਰਤਾਂ ਵੱਲੋਂ ਪਾਂਡੂ ਨਾਲ ਲਿਪੀਆਂ ਕੰਧਾਂ ਉੱਪਰ ਚੂਨੇ, ਗੇਰੂ ਜਾਂ ਕਾਲੇ ਰੰਗ ਨਾਲ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚ ਹੋਈ ਮਾਤਾ ਜਾਂ ਚੰਡੀ ਮਾਈ ਤੋਂ ਇਲਾਵਾ ਬਿੱਲੀਆਂ ਦਾ ਜੋੜਾਂ, ਖਰਗੋਸਾਂ ਦਾ ਜੋੜਾਂ, ਮੋਰ, ਹਿਰਨ, ਚਿੜੀਆਂ, ਬਰੋਟਾ, ਭਲਵਾਨ, ਸ਼ੇਰ, ਹਾਥੀ, ਮਿਰਗ ਜਾਂ ਮਜ਼ਾਕੀਆ ਲਹਿਜੇ ਵਿੱਚ ਮੁੱਛਾਂ ਵਾਲਾ ਮਨੁੱਖ, ਭੱਜਿਆ ਜਾਂਦਾ ਕੁੱਤਾ, ਕਬੂਤਰ ਆਦਿ ਵੱਖ ਵੱਖ ਨਮੂਨੇ ਚਿੱਤਰੇ ਜਾਂਦੇ ਹਨ। ਇਨ੍ਹਾਂ ਚਿੱਤਰਾਂ ਵਿੱਚ ਨਮੂਨੇ ਪ੍ਰਤੀਕ ਰੂਪ ਵਿੱਚ ਪੇਸ਼ ਕੀਤੇ ਜਾਂਦੇ ਹਨ।

ਪਰਬੀਨ ਚਿੱਤਰਕਾਰੀ[ਸੋਧੋ]

ਇਹ ਕਲਾਕਾਰੀ ਕਿਸੇ ਖਾਸ਼ ਚਿੱਤਰਪਟ ਤੇ ਰੰਗਾਂ ਦੁਆਰਾ ਪਰਬੀਨ ਤੇ ਹੁਨਰਮੰਦ ਕਲਾਕਾਰਾਂ ਵਲੋਂ ਕੀਤੀ ਜਾਂਦੀ ਹੈ। ਇਸ ਦੁਆਰਾ ਲੋਕ ਪਰੰਪਰਾਂ ਦਾ ਚਿੱਤਰਨ ਕੀਤਾ ਜਾਂਦਾ ਹੈ। ਮਹਾਂਭਾਰਤ ਅਤੇ ਰਮਾਇਣ ਵਿੱਚੋਂ ਝਾਕੀਆਂ ਚਿੱਤਰੀਆਂ ਜਾਂਦੀਆਂ ਹਨ।

ਸਿੱਖ ਰਾਜ ਸਮੇਂ ਚਿੱਤਰਕਾਰੀ[ਸੋਧੋ]

ਸਿੱਖ ਰਾਜ ਸਮੇਂ ਪੰਜਾਬ ਦੀ ਪ੍ਰਬੀਨ ਚਿੱਤਰਕਾਰੀ ਬਹੁਤ ਪ੍ਰਚਲਤ ਹੋਈ।ਪਹਾੜੀ ਕਲਾਕਾਰਾਂ ਨੇ ਆਪਣੇ ਸਿੱਖ ਸਰਪ੍ਸਤਾਂ ਦੇ ਸੁਹਜ-ਸੁਆਦ ਨੂੰ ਮੁੁੱਖ ਰੱਖਦੇ ਚਿੱਤਰ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਉਹਨਾਂ ਵਿਚੋਂ ਕੁਝ ਲਾਹੌਰ ਵੀ ਆ ਵਸੇ ਪਹਾੜੀ ਕਲਾਕਾਰਾਂ ਦੀਆਂ ਵਿਭਿੰਨ ਕਲਾ ਸ਼ੈੈੈਲੀਆਂ ਜਿਹਨਾਂ ਵਿੱਚ ਕਾਂਗੜਾ,ਬਸੋਲੀ ਅਤੇ ਨੂਰਪੁਰ ਦੀਆਂ ਕਲਾ ਸ਼ੈੈੈਲੀਆਂ ਪ੍ਰਸਿੱਧ ਹਨ।ਪਰ ਛੇਤੀ ਹੀ ਪਰਬੀਨ ਕਲਾਂ ਨੇ ਢਹਿੰਦੀ ਕਲਾ ਵਲ ਵਧਣਾ ਸ਼ੁਰੂ ਕਰ ਦਿੱਤਾ। ਇਸਦਾ ਕਾਰਨ ਇਹ ਸੀ ਕਿ ਪਹਾੜੀ ਚਿੱਤਰਕਲਾ ਆਪਣੀ ਅਧਿਆਤਮਕ ਪਰੰਪਰਾ ਨਾਲੋਂ ਪੂਰੀ ਤਰ੍ਹਾਂ ਟੁੱਟ ਗਈ ਹੈ।

ਕੁੰਭਕਾਰੀ ਕਲਾ[ਸੋਧੋ]

ਮਿੱਟੀ ਨਾਲ ਭਾਂਡੇ ਘੜਨ ਦੀ ਕਲਾ ਨੂੰ ਕੁੰਭਕਾਰੀ ਦੀ ਕਲਾ ਦਾ ਨਾਂ ਦਿੱਤਾ ਜਾਂਦਾ ਹੈ, ਮੁਸਲਮਾਨਾ ਤੇ ਆਉਣ ਨਾਲ ਕੁੰਭਕਾਰੀ ਦੀ ਕਲਾ ਕਾਫੀ ਵਿਗਸੀ ਤੇ ਪ੍ਰਫੁੱਲਿਤ ਹੋਈ ਕਿਉਂਕਿ ਮੁਸਲਮਾਨ ਧਾਤ ਦੇ ਭਾਂਡਿਆਂ ਨਾਲੋਂ ਮਿੱਟੇ ਦੇ ਭਾਂਡੇ ਵਧੇਰੇ ਵਰਤਦੇ ਹਨ। ਮੁਸਲਮਾਨੀ ਵਿਸ਼ਵਾਸਾਂ ਨੇ ਕੁੰਭਕਾਰੀ ਦੀ ਕਲਾ ਨੂੰ ਵਿਗਸਾਣ ਵਿੱਚ ਚੌਖਾ ਹਿੱਸਾ ਪਾਇਆ। ਪਹਿਲਾਂ ਪੰਜਾਬ ਦੇ ਮਿੱਟੀ ਦੇ ਭਾਂਡੇ ਰੋਗਨੀ ਨਹੀਂ ਹੁੰਦੇ ਸਨ। ਰੋਗਨੀ ਤੇ ਰੰਗਦਾਰ ਬਰਤਨਾਂ ਦਾ ਰਿਵਾਜ ਵੀ ਮੁਸਲਮਾਨਾਂ ਦੇ ਵੇਲੇ ਪਿਆ ਤੇ ਇਹ ਕਲਾ ਮੂਲ ਵਿੱਚ ਈਰਾਨੀ ਹੈ।[6] ਸਾਡੀਆਂ ਬਹੁਤ ਸਾਰੀਆਂ ਲੋਕ-ਕਲਾਵਾਂ ਅਜਿਹੀਆਂ ਹਨ, ਜੋ ਮਿੱਟੀ ਨਾਲ ਸੰਬੰਧਿਤ ਹਨ। ਪੰਜਾਬੀ ਸੁਆਣੀਆਂ ਮਿੱਟੀ ਨੂੰ ਆਧਾਰ ਬਣਾ ਕੇ ਹੀ ਇਨ੍ਹਾਂ ਲੋਕ-ਕਲਾਵਾਂ ਨੂੰ ਪ੍ਰਗਟ ਕਰਦੀਆਂ ਹਨ। ਜਿੱਥੇ ਇਹ ਕਲਾਵਾਂ ਉਨ੍ਹਾਂ ਅੰਦਰਲੇ ਗੁਣਾਂ ਨੂੰ ਬਾਹਰ ਕੱਢਦੀਆਂ ਸਨ, ਉੱਥੇ ਮਾਨਸਿਕ ਤੇ ਸਰੀਰਕ ਤੌਰ `ਤੇ ਵਧੇਰੇ ਚੇਤੰਨ ਵੀ ਕਰਦੀਆਂ ਸਨ। ਇਸ ਵਰਗ ਅਧੀਨ ਆਉਣ ਵਾਲੀਆਂ ਲੋਕ ਕਲਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ:

ਮਿੱਟੀ ਦੀ ਕੰਧ `ਤੇ ਬੂਟੀਆਂ ਪਾਉਣਾ[ਸੋਧੋ]

ਸਾਡੇ ਵਿਰਸੇ ਦੀ ਇਹ ਬਹੁਤ ਹੀ ਹਰਮਨ ਪਿਆਰੀ ਕਲਾ ਰਹੀ ਹੈ। ਇਹ ਕਲਾ ਸੁਆਣੀਆਂ ਆਪਣੇ ਘਰ ਦੀਆਂ ਕੰਧਾਂ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਬੂਟੀਆਂ ਵਾਹ ਕੇ ਪ੍ਰਗਟ ਕਰਦੀਆਂ ਸਨ। ਔਰਤਾਂ ਘਰ ਦੀਆਂ ਕੱਚੀਆਂ ਕੰਧਾਂ `ਤੇ ਗੋਹਾ ਫੇਰ ਕੇ ਇਸ ਉੱਤੇ ਸਫ਼ੈਦੀ ਨਾਲ ਕਈ ਪ੍ਰਕਾਰ ਦੇ ਕਬੂਤਰ, ਤੋਤੇ, ਮੋਰ, ਚਿੜੀਆਂ, ਗੁੱਡੀਆਂ, ਗੁੱਡੇ ਉਲ੍ਹੀਕਦੀਆਂ ਸਨ। ਇਸ ਤਰ੍ਹਾ ਜਿੱਥੇ ਉਹ ਆਪਣੇ ਘਰਾਂ ਦੀਆਂ ਕੰਧਾਂ ਨੂੰ ਵੱਖ-ਵੱਖ ਚਿੱਤਰਾਂ ਨਾਲ ਸਿੰ਼ਗਾਰਦੀਆਂ ਸਨ, ਉਥੇ ਉਹ ਆਪਣੇ ਅੰਦਰ ਛੁਪੀ ਕਲਾ ਦੇ ਨਮੂਨੇ ਵੀ ਬਿਖ਼ਰਦੀਆਂ ਨਜ਼ਰ ਆਉਂਦੀਆ ਸਨ, ਪਰ ਅੱਜ ਜਦ ਮਿੱਟੀਆਂ ਨਾਲ ਬਣੀਆਂ ਕੰਧਾਂ ਹੀ ਨਹੀਂ ਰਹੀਆਂ, ਤਾਂ ਬੂਟੀਆਂ ਕਿੱਥੇ ਪਾਊਣੀਆ ਨੇ =;ਵਸ

ਚੁੱਲੇ ਨੂੰ ਮਿੱਟੀ ਲਾਉਣਾ[ਸੋਧੋ]

ਚੁੱਲੇ ਦੀ ਆਮਦ ਹਰ ਘਰ ਵਿੱਚ ਸਥਿਰ ਰਹੀ ਹੈ। ਚੁੱਲ੍ਹਾ ਉਹ ਥਾਂ ਜਾਂ ਜਗ੍ਹਾਂ ਹੈ, ਜਿੱਥੇ ਅੰਨ, ਪਾਣੀ ਤਿਆਰ ਕੀਤਾ ਜਾਂਦਾ ਹੈ। ਜਿਸ `ਤੇ ਆਪਾਂ ਏਨਾ ਕੁਝ ਤਿਆਰ ਕਰਦੇ ਹਾਂ ਉਸ ਨੂੰ ਸ਼ਿੰਗਾਰ ਕੇ ਰੱਖਿਆ ਜਾਵੇ। ਉਸ ਦੀ ਟੁੱਟ-ਭੱਜ ਮੁਰੰਮਤ ਕੀਤੀ ਜਾਵੇ। ਚੁੱਲ੍ਹੇ ਦੀ ਮੁਰੰਮਤ ਅਸੀਂ ਮਿੱਟੀ ਲਾ ਕੇ ਹੀ ਕਰ ਸਕਦੇ ਹਾਂ। ਜਿਸ ਥਾਂ ਤੋਂ ਚੁੱਲ੍ਹਾਂ ਭੁਰਿਆ ਹੋਵੇ ਅਸੀਂ ਉੁਥੇ ਹੀ ਮਿੱਟੀ ਲਾਉਂਦੇ ਹਾਂ। ਅੱਜ ਦੇ ਆਧੁਨਿਕ ਯੁੱਗ ਵਿੱਚ ਚੁੱਲ੍ਹੇ ਹੀ ਨਾ ਰਹੇ, ਤਾਂ ਮਿੱਟੀਆਂ ਕਿਵੇਂ ਲਾਉਣੀਆ ਨੇ। ਇਨ੍ਹਾਂ ਚੁੱਲਿਆਂ ਦੀ ਥਾਂ ਹੁਣ ਗੈਸੀ ਚੁੱਲ੍ਹਿਆਂ ਨੇ ਭਾਵੇਂ ਲੈ ਲਈ ਹੈ। ਪਰ ਇਨ੍ਹਾਂ ਦੀ ਮਹੱਤਤਾ ਹਾਲੇ ਵੀ ੳਨੀ ਹੈ, ਜਿੰਨੀ ਪਹਿਲੇ ਸਮਿਆਂ ਵਿੱਚ ਸੀ। ਕਿਉਂਕਿ ਗੈਸ ਦੀ ਕਮੀ ਕਰਕੇ ਇਨ੍ਹਾਂ ਦਾ ਆਸਰਾ ਸਾਡੇ ਟੁੱਟੇ ਸਰੀਰ ਨੂੰ ਸਿਆਲ ਵਿੱਚ ਨਿੱਘ ਦੇਂਦਾ ਹੈ।

ਮੱਟੀਆਂ ਬਣਾਉਣੀਆਂ[ਸੋਧੋ]

ਪੁਰਾਣੇ ਸਮਿਆਂ ਵਿੱਚ ਆਟਾ, ਚੌਲ, ਦਾਣੇ ਪਾਉਣ ਲਈ ਮੱਟੀਆਂ ਦੀ ਵਰਤੋਂ ਕਰਿਆ ਕਰਦੇ ਸਨ। ਇਨ੍ਹਾਂ ਮੱਟੀਆਂ ਬਣਾਉਣ ਦੀ ਕਲਾ ਸਾਡੀਆਂ ਸੁਆਣੀਆਂ ਭਲੀ-ਭਾਂਤੀ ਜਾਣੂ ਸਨ। ਉਹ ਇੱਕਲੀ ਜਾਂ ਦੋ ਮੱਟੀਆਂ ਨੂੰ ਜੋੜ ਕੇ ਵੀ ਬਣਾਉਂਦੀਆ ਸਨ। ਮੱਟੀਆਂ ਬਣਾਉਣ ਲਈ ਚੀਕਣੀ ਮਿੱਟੀ ਲਈ ਜਾਂਦੀ ਹੈ। ਚੀਕਣੀ ਮਿੱਟੀ ਨੂੰ ਭਿੱਜਣੀ ਪਾਇਆ ਜਾਂਦਾ ਹੈ। ਜਦੋਂ ਮਿੱਟੀ ਪਾਣੀ ਨਾਲ ਪੂਰੀ ਤਰ੍ਹਾਂ ਭਰ ਜਾਂਦੀ ਹੈ,ਤਾਂ ਇਸ ਵਿੱਚ ਥੋੜ੍ਹੀ ਜਿਹੀ ਤੂੜੀ ਪਾ ਦਿੱਤੀ ਜਾਂਦੀ ਹੈ। ਬਾਅਦ ਵਿੱਚ ਇਸ ਨੂੰ ਪੂਰੀ ਤਰ੍ਹਾਂ ਘਾਣੀ ਕੀਤਾ ਜਾਂਦਾ ਹੈ। ਮੱਟੀਆਂ ਦੀ ਉਸਾਰੀ ਉਸ ਥਾਂ `ਤੇ ਕੀਤੀ ਜਾਂਦੀ ਹੈ ਜਿੱਥੇ ਮੀਂਹ ਕਣੀ ਦਾ ਡਰ ਨਾ ਹੋਵੇ। ਸਭ ਤੋਂ ਪਹਿਲਾ ਮੱਟੀਆਂ ਦਾ ਥੱਲਾ ਪਾਇਆ ਜਾਂਦਾ ਹੈ। ਥੱਲੇ ਹੇਠ ਥੋੜ੍ਹੀ ਜਿਹੀ ਤੂੜੀ ਖਿਲਾਰ ਲਈ ਜਾਂਦੀ ਹੈ ਤਾਂ ਥੱਲੇ ਨੂੰ ਜ਼ਮੀਨ ਤੋਂ ਆਸਾਨੀ ਨਾਲ ਛੁਡਵਾਇਆ ਜਾਵੇ। ਥੱਲੇ ਉੱਤੇ ਵਰਗਾਕਾਰ ਰੂਪ/ਸ਼ਕਲ ਵਿੱਚ ਮੱਟੀਆ ਦੀ ਉਤਾਂਹ ਵੱਲ ਨੂੰ ਉਸਾਰੀ ਕੀਤੀ ਜਾਂਦੀ ਹੇ। 3-4 ਫੁੱਟ ਤੱਕ ਪਹੁੰਚ ਕੇ ਮੱਟੀਆਂ ਦੇ ਮੂੰਹ ਬਣਾਏ ਜਾਂਦੇ ਹਨ। ਇਨ੍ਹਾਂ ਦੇ ਮੂੰਹ 3-4 ਇੰਚ ਅਰਧ ਵਿਆਸ ਵਾਲੇ ਚੱਕਰੀ ਰੂਪ ਹੁੰਦੇ ਹਨ। ਇਨ੍ਹਾਂ ਦੇ ਮੂੰਹਾਂ ਉੱਤੇ ਚਾਟੀ, ਘੜੇ ਜਾਂ ਦਧੂਨੇ ਦਾ ਉਪਰਲਾ ਹਿੱਸਾ ਤੋੜ ਕੇ ਲਾਇਆ ਜਾਂਦਾ ਹੈ। ਪੂਰੀ ਸਿਰਜਣਾ ਤੋਂ ਬਾਅਦ ਇਨ੍ਹਾਂ ਨੂੰ ਨਮੀ ਰਹਿਤ ਕੀਤਾ ਜਾਂਦਾ ਹੇ। ਫਿਰ ਇਸ ਉੱਤੇ ਗੋਲੂ ਫੇਰਿਆਂ ਜਾਂਦਾ ਹੈ ਤੇ ਕਈ ਪ੍ਰਕਾਰ ਦੀ ਡਿਜ਼ਾਇਨਿੰਗ ਵੇਲ਼ ਬੂਟੀਆਂ ਪਾ ਕੇ ਕੀਤੀ ਜਾਂਦੀ ਹੈ। ਪਰ ਅੱਜ ਇਹ ਲੋਕ-ਕਲਾ ਸਾਡੀਆਂ ਸੁਆਣੀਆਂ ਦੇ ਮਨੋਂ ਵਿਸਰਦੀ ਜਾ ਰਹੀ ਹੈ। ਉਹ ਘਰੇਲੂ ਵਰਤੋਂ ਲਈ ਮੱਟੀਆ ਬਣਾਉਣ ਦੀ ਕਲਾ ਤੋਂ ਬਿਲਕੁਲ ਅਣਜਾਣ ਹੋ ਰਹੀਆਂ ਹਨ।

ਭੜੋਲੇ ਬਣਾਉਣਾ[ਸੋਧੋ]

ਪੁਰਾਣੇ ਸਮਿਆਂ ਵਿੱਚ ਅਨਾਜ ਦੀ ਸੰਭਾਲ ਲਈ ਭੜੋਲੇ ਵਰਤੇ ਜਾਂਦੇ ਸਨ। ਉਸ ਸਮੇਂ ਅੱਜ ਦੇ ਸਮੇਂ ਵਾਂਗ ਵੱਖ-ਵੱਖ ਧਾਤਾਂ ਦੇ ਬਣੇ ਹੋਏ ਡਰੰਮ ਨਹੀਂ ਸਨ ਮਿਲਦੇ। ਲੋਕ ਆਪਣੀ ਕਲਾ ਕ੍ਰਿਤੀ ਦੇ ਅਨੁਸਾਰ ਹੀ ਅਨਾਜ ਦੀ ਸੰਭਾਲ ਲਈ ਭੜੋਲੇ ਬਣਾ ਲੈਂਦੇ ਸਨ। ਭੜੋਲਾ ਬਣਾੳਣਾ ਲਈ ਚੀਕਣੀ ਮਿੱਟੀ ਲਈ ਜਾਂਦੀ ਹੈ ਤੇ ਮਿੱਟੀ ਨੂੰ ਖੂਬ ਗਿੱਲਾ ਕੀਤਾ ਜਾਂਦਾ ਹੈ।ਗਿੱਲੀ ਮਿੱਟੀ ਵਿੱਚ ਤੂੜੀ ਪਾਈ ਜਾਂਦੀ ਹੈ। ਇਸ ਨੂੰ ਬਾਅਦ ਵਿੱਚ ਘਾਣੀ ਕੀਤਾ ਜਾਂਦਾ ਹੈ। ਘਾਣੀ ਕੀਤੀ ਮਿੱਟੀ ਭੜੋਲਾ ਬਣਾਉਣ ਲਈ ਵਰਤੀ ਜਾਂਦੀ ਹੈ।ਭੜੋਲਾ ਬਣਾਉਣ ਲਈ ਸਭ ਤੋਂ ਪਹਿਲਾ ਇਸ ਦਾ ਥੱਲਾ ਰੱਖਿਆ ਜਾਂਦਾ ਹੈ। ਥੱਲੇ ਵਾਲੀ ਜਗ੍ਹਾਂ ਸਮਤਲ ਰੱਖੀ ਜਾਂਦੀ ਹੈ। ਇਸ ਜਗ੍ਹਾਂ ਤੇ ਥੋੜ੍ਹੀ ਜਿਹੀ ਤੂੜੀ ਖਿਲਾਰੀ ਜਾਂਦੀ ਹੈ, ਤਾਂ ਜੋ ਭੜੋਲਾ ਜ਼ਮੀਨ ਨਾਲ ਨਾ ਚਿੰਬੜੇ। ਭੜੋਲੇ ਦੇ ਘੇਰੇ ਦੀ ਚੌੜਾਈ ਅਨਾਜ ਦੀ ਸਮੱਰਥਾ ਤੇ ਆਪਣੀ ਮਰਜ਼ੀ ਮੁਤਾਬਿਕ ਰੱਖਿਆ ਜਾਂਦਾ ਹੈ। ਭੜੋਲੇ ਦੀ ਪਰਤ ਦੀ ਮੋਟਾਈ ਇੱਕ-ਡੇਢ ਇੰਚ ਰੱਖੀ ਜਾਂਦੀ ਹੈ, ਤਾਂ ਜੋ ਇਸ ਵਿੱਚ ਆਸਾਨੀ ਨਾਲ ਸਿੱਲ ਨਾ ਜਾ ਸਕੇ। ਇਸ ਦੀ ਉਸਾਰੀ ਹਰ ਰੋਜ਼ ਥ’ੜੀ-ਥੋੜੀ ਕੀਤੀ ਜਾਂਦੀ ਹੈ ਤੇ ਤਿੱਖੀ ਧੁੱਪ ਵਿੱਚ ਸੁਕਾਇਆ ਜਾਂਦਾ ਹੈ।ਇਸ ਵਿੱਚ ਇੱਕ ਛੇਕ ਉਪਰਲੇ ਤੱਲ `ਤੇ ਦੋ-ਢਾਈ ਇੰਚ ਅਰਧ ਵਿਆਸ ਦਾ ਤੇ ਹੇਠਲੇ ਤੱਲ ਤੋਂ 4-5 ਇੰਚ ਉੱਪਰ ਇੱਕ ਇੱਕ ਛੇਕ ਡੇਢ-ਦੋ ਇੰਚ ਅਰਧ ਵਿਆਸ ਦਾ ਰੱਖਿਆ ਜਾਂਦਾ ਹੈ ਇਸ ਉੱਤੇ ਗੋਲੂ ਫੇਰਿਆ ਜਾਂਦਾ ਤੇ ਕਈ ਪ੍ਰਕਾਰ ਦੇ ਬੂਟੇ ਪਾਏ ਜਾਂਦੇ ਹਨ। ਪਰ ਅੱਜ ਇਸ ਦੀ ਸਾਡੇ ਘਰਾਂ ਵਿੱਚੋਂ ਅਣਹੋਂਦ ਸਪਸ਼ਟ ਨਜਰ ਆਉਂਦੀ ਹੈ।ਭੜੋਲੇ ਸਾਡੀਆਂ ਜਰੂਰਤਾਂ ਨੂੰ ਪੂਰੀਆ ਕਰਦੇ ਸਨ। ਸਾਡੇ ਸਮੁੱਚੇ ਪੰਜਾਬੀ ਜਗਤ ਵਿਚੋਂ ਇਹ ਲੋਕ-ਕਲਾ ਵਿਸਰ ਚੁੱਕੀ ਹੈ। ਭੜੋਲੇ ਦੀ ਥਾਂ ਅੱਜ ਕਈ ਪ੍ਰਕਾਰ ਦੇ ਧਾਤਾਂ ਦੇ ਡਰੰਮਾਂ ਨੇ ਲੈ ਲਈ ਹੈ।

ਫੁਲਕਾਰੀ[ਸੋਧੋ]

ਫੁਲਕਾਰੀ ਪੰਜਾਬੀ ਦੀ ਸ਼ਿਲਪ ਕਲਾ ਦਾ ਉੱਤਮ ਨਮੂਨਾ ਹੈ। ਫੁਲਕਾਰੀ ਦੇ ਪੈਟਰਨ ਤੇ ਡਿਜ਼ਾਇਨ ਹੋਰ ਕਸੀਦਾਕਾਰੀ ਲਈ ਵੀ ਅਪਣਾਏ ਗਏ ਹਨ। ਫੁੁੁਲਕਾਰੀ ਸ਼ਬਦ ਹਰ ਤਰ੍ਹਾਂ ਦੀ ਕਸੀਦਾਕਾਰੀ ਲਈ ਵਰਤਿਆ ਜਾਂਦਾ ਹੈ। ਇਸ ਸ਼ਬਦ ਦੇ ਅਰਥ ਹਨ -ਫੁੱਲ ਕੱਢਣੇ

ਵਿੱਚ ਦਰਵਾਜ਼ੇ ਦੇ ਕੋਈ ਫੁੱਲ ਕੱਢਦਾ ਫੁਲਕਾਰੀ।

ਮਿੱਤਰਾਂ ਦੇ ਪਿੰਡ ਜਾਣ ਦੀ ਕੋਈ,ਕਰਦਾ ਏ ਭੌਰ ਤਿਆਰੀ।[7]

ਫੁਲਕਾਰੀ ਦੀਆਂ ਅੱਗੇ ਕਈ ਕਿਸਮਾਂ ਹਨ ਜਿਵੇਂ ਤਿਲ -ਪਤਰਾਂ,ਚੌਪ,ਸੱਬਰ, ਬਾਗ ਫੁਲਕਾਰੀ ਨਿਕਲ ਤੇ ਛਮਾਸ ਆਦਿ। ਪੰਜਾਬੀ ਚਰਿੱਤਰ ਤੇ ਭਾਵਨਾ ਇਸ ਦੀ ਨੁਹਾਰ,ਅਕਾਰ,ਰੰਗ ਤੇ ਸੁਹਜ ਵਿੱਚ ਸਮਾਈ ਹੋਈ ਹੈ।

ਫੁਲਕਾਰੀ ਦਾ ਅੰਤ[ਸੋਧੋ]

ਉਨੀਵੀਂ ਸਦੀ ਦੇ ਅੱਧ ਵਿੱਚ ਅੰੰਗਰੇਜ਼ ਪੰੰਜਾਬ ਵਿੱਚ ਆਏ। ਉਨੀਵੀਂ ਸਦੀ ਦੇ ਅੰਤ ਤੱਕ ਪੰੰਜਾਬ ਨੇ ਅੰਗਰੇਜ਼ਾਂ ਦਾ ਪ੍ਰਭਾਵ ਕਬੂਲਣਾ ਸ਼ੁਰੂ ਕਰ ਦਿੱਤਾ। ਪੰਜਾਬ ਵਿੱਚ ਰੀਤੀ ਰਿਵਾਜ ਬਦਲਣ ਲਗੇ।ਇਸੇ ਤਰ੍ਹਾਂ ਬਾਾਹਰੀ ਕਪੜੇ ਨੇ ਖਾਦੀ ਦਾ ਰਿਵਾਜ ਵੀ ਘੱਟ ਕਰ ਦਿੱਤਾ। ਸਨਅਤਾਂ ਦੇ ਲੱਗਣ ਨਾਲ ਵਧੀਆ ਮਹੀਨ ਕੱਪੜਾ ਚਾਲੂ ਹੋਇਆ। ਦੇੇਸ਼ ਦੀ ਵੰਡ ਨੇ ਫੁੁਲਕਾਰੀ ਦੇ ਉਸਰੇ ਕੇਂਦਰ ਤਬਾਹ ਕਰ ਦਿੱਤੇ। ਇਸ ਤਰ੍ਹਾਂ ਸਮੁੱਚਾ ਪੰਜਾਬੀ ਭਾਈਚਾਰਾ ਉਥੱਲ-ਪੁੱੱਥਲ ਦੇ ਦੌਰ ਵਿਿੱਚੋ ਲੰਘਿਆ। ਇਸ ਸਭਿਆਚਾਰ ਉਥੱਲ-ਪੁੱੱਥਲ ਸਦਕਾ,ਦੂਸਰਾ ਮਸ਼ੀਨੀ ਯੁੁੱਗ ਦੀ ਸ਼ੁਰੂਆਤ ਹੋਣ ਸਦਕਾ ਹੱਥ ਨਾਲ ਕਸੀਦਾਕਾਰੀ ਦਾ ਰਿਵਾਜ ਘੱਟਦਾ ਗਿਆ। ਅਜ ਸ਼ਾਇਦ ਹੀ ਕੋਈ ਫੁਲਕਾਰੀ ਕਢਦਾ ਹੋਵੇ।[8]

ਹਵਾਲੇ

  1. Ernst fischer,the necessity of art. pp. 35–36.
  2. ਡਾ., ਨਾਹਰ ਸਿੰਘ. ਪੰਜਾਬੀ ਲੋਕ ਨਾਚ,ਸਭਿਆਚਾਰ ਦੀ ਭੂਮਿਕਾ ਤੇ ਸਾਰਥਿਕਤਾ.
  3. ਡਾ., ਵਣਜਾਰਾ ਬੇਦੀ. ਪੰਜਾਬ ਦੀ ਲੋਕਧਾਰਾ.
  4. ਡਾ, ਭੁਪਿੰਦਰ ਬੇਦੀ. ਪੰਜਾਬੀ ਦੀ ਲੋਕਧਾਰਾ. ਨਵੀਂ ਦਿੱਲੀ: ਨੈਸ਼ਨਲ ਬੁੱਕ ਟਰੱਸਟ ਇੰਡੀਆ. p. 214.
  5. ਡਾ, ਭੁਪਿੰਦਰ ਸਿੰਘ ਖਹਿਰਾ (1986). ਲੋਕਧਾਰਾ ਭਾਸ਼ਾ ਅਤੇ ਸਭਿਆਚਾਰ. ਪਟਿਆਲਾ: ਪੈਪਸੂ ਬੁੱਕ ਡਿਪੂ ਬੁੱਕਸ ਮਾਰਕੀਟ. p. 115.
  6. ਡਾ, ਭੁਪਿੰਦਰ ਸਿੰਘ ਖਹਿਰਾ (1986). ਲੋਕਧਾਰਾ ਭਾਸ਼ਾ ਅਤੇ ਸਭਿਆਚਾਰ. ਪਟਿਆਲਾ: ਪੈਪਸੂ ਬੁੱਕ ਡਿਪੂ ਬੁੱਕਸ ਮਾਰਕੀਟ.
  7. ਡਾ, ਸਹਿੰਦਰ ਸਿੰਘ ਬੇਦੀ. ਪੰਜਾਬੀ ਦੀ ਲੋਕਧਾਰਾ. ਨਵੀਂ ਦਿੱਲੀ: ਨੈਸ਼ਨਲ ਬੁੱਕ ਟਰੱਸਟ ਇੰਡੀਆ.
  8. ਡਾ, ਭੁਪਿੰਦਰ ਸਿੰਘ ਖਹਿਰਾ (1986). ਲੋਕਧਾਰਾ ਭਾਸ਼ਾ ਅਤੇ ਸਭਿਆਚਾਰ. ਪਟਿਆਲਾ: ਪੈਪਸੂ ਬੁੱਕ ਡਿਪੂ ਬੁੱਕਸ ਮਾਰਕੀਟ. p. 114.