ਪੰਜਾਬੀ ਲੋਕ ਬੋਲੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੰਜਾਬ ਦੇ ਲੋਕ ਸਾਹਿਤ ਦੀ ਇਸ ਵੰਨਗੀ ਵਿੱਚ ਬਹੁਤ ਕੁਝ ਏ, ਪੰਜਾਬ ਦੀਆਂ ਇਨ੍ਹਾਂ ਬੋਲੀਆਂ ਵਿੱਚ ਪੂਰੀ ਪੰਜਾਬੀ ਕੌਮ ਦਾ ਦਿਲ ਧੜਕਦਾ ਹੈ ਸਮਾਜ ਦਾ  ਚਿਹਰਾ, ਸਮਾਂ -ਕਾਲ ਝਾਤੀ ਮਾਰਦਾ ਹੈ। ਇਹ ਬੋਲੀਆਂ ਪੰਜਾਬੀ ਕੌਮ ਦਾ ਮੁਹਾਂਦਰਾ ਨੇ। ਇਹਨਾਂ ਵਿੱਚ ਪਿਆਰ ਦੇ ਭਾਵ, ਨਫ਼ਰਤ ਦੇ ਭਾਵ , ਮੇਲ - ਮਿਲਾਪ ਅਤੇ ਜੁਦਾਈ ਹੈ। ਬੋਲੀਆਂ ਵਿੱਚ ਲੜਾਈ ਹੈ ਸੁਲਹ ਹੈ। ਇਸ ਵਿੱਚ ਗਰੂਰ ਹੈ ਤਾਬੋਰ ਹੈ ਦੇਸ਼ ਭਗਤੀ ਹੈ। [1] ਇਨ੍ਹਾਂ ਵਿੱਚ ਹੰਝੂਆਂ ਦੀਆਂ ਬਰਸਾਤਾਂ ਤੇ ਹਾਸਿਆਂ ਦੀ ਚਮਕਾਰ ਏ। ਰੁਸਣ ਤੇ ਮਨਾਉਣ ਦੀ ਗੱਲ੍ਹ ਕਰਦੀਆਂ ਏਹ ਬੋਲੀਆਂ ਕਿਤੇ ਢੋਲ ਨੂੰ ਤੋਰ ਕੇ ਵਿਹੜੇ ਵਿੱਚ ਬੈਠੀਆਂ ਐਸੀਆਂ ਪਾਟਦੀਆਂ ਨੇ। ਇਨ੍ਹਾਂ ਬੋਲੀਆਂ ਵਿੱਚ ਜ਼ਾਲਮ ਹਾਕਮਾਂ ਲਈ ਵੰਗਾਰ ਅਤੇ ਬੇਸਹਾਰਿਆਂ ਪ੍ਰਤੀ ਹਮਾਇਤ ਦੇ ਭਾਵ ਵੀ ਸ਼ਾਮਿਲ ਹੁੰਦੇ ਹਨ ਹਾਸ-ਵਿਅੰਗ, ਮਿੱਠੀਆਂ ਤੇ ਪਿਆਰੀਆਂ ਗਾਲ੍ਹਾਂ ਵੀ ਨੇ। ਹਰੀਆਂ ਫਸਲਾਂ, ਸੋਕੇ ਦੀਆਂ ਗੱਲ੍ਹਾਂ ਆ ਜਾਂਦੀਆਂ ਹਨ। ਬੋਲੀਆਂ ਵਿੱਚ ਪੰਜਾਬੀ ਸਭਿਆਚਾਰ ਦੇ ਕੀਮਤੀ ਲਿਬਾਸ ਵੱਡਮੁੱਲੇ ਗਹਿਣਿਆਂ ਦਾ ਜ਼ਿਕਰ ਛੇਡ- ਛਾੜ ਤੇ ਰੁਮਾਂਸ, ਦੁਆਲੇ ਤੇ ਬੱਦ ਦੁਆਵਾਂ ਵੀ ਸ਼ਾਮਿਲ ਹਨ। ਇਨ੍ਹਾਂ ਵਿੱਚ ਰਿਸ਼ਤੇ ਨਾਤੇ ਤੇ ਉਨ੍ਹਾਂ ਦੇ ਗੁਣ ਤੇ ਅਉਗੁਣ ਵੀ ਦਿਖਾਈ ਦਿੰਦੇ ਹਨ। ਇਨ੍ਹਾਂ ਵਿੱਚ ਪੰਛੀਆਂ ਦੀਆਂ ਓਸਾਰੀਆ ਤੇ ਰੁੱਖਾਂ ਦੀਆਂ ਗੱਲਾਂ ਨੇ। ਪਿਆਰ ਦੇ ਗਿਲੇ- ਸ਼ਿਕਵੇ ਤੇ ਇਸ਼ਕੀਆ ਤਰਲੇ ਵੀ ਨੇ। ਇਨ੍ਹਾਂ ਵਿੱਚ ਸੁਰਾਂ ਵੀ ਨੇ ਤਾਲ ਹੋਕੇ ਤੇ ਹਟਕੋਰੇ ਵੀ ਨੇ। [2] ਸਰਘੀ ਵੇਲੇ ਤੋਂ ਲੈਕੇ ਰਾਤ ਦੇ ਪਿਛਲੇ ਪਹਿਰ ਤੱਕ ਪੰਜਾਬੀ ਕੌਮ ਜੋ ਘਾਲਣਾ ਘਾਲਦੀ ਹੈ ਉਹ ਇੰਨ੍ਹਾਂ ਬੋਲੀਆਂ ਵਿੱਚ ਹੈ। ਗਿੱਧਾ ਅਤੇ ਕਈ ਹੋਰ ਲੋਕ ਨਾਚਾਂ ਨੂੰ ਮਹਾਨ ਕਲਾਕ੍ਰਿਤ ਬਣਾਉਣ ਵਿੱਚ ਲੋਕ ਬੋਲੀਆਂ ਦਾ ਵਿਸ਼ੇਸ਼ ਸਥਾਨ ਹੈ। ਖ਼ਾਸ ਕਰਕੇ ਗਿੱਧਾ ਪਾਉਣ ਸਮੇਂ ਮੁਟਿਆਰਾਂ ਇਨ੍ਹਾਂ ਬੋਲੀਆਂ ਰਾਹੀਂ ਹੀ ਜ਼ਿੰਦਗੀ ਦੇ ਹਰ ਰੰਗ ਨੂੰ ਪੇਸ਼ ਕਰਦੀਆਂ ਹਨ [3] ਲੋਕ ਬੋਲੀਆਂ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ  ਹਨ। ਇੰਨ੍ਹਾਂ ਵਿੱਚ ਜ਼ਿੰਦਗੀ ਦੇ ਕਈ ਤਜ਼ਰਬੇ, ਸਮਾਜਿਕ ਆਰਥਿਕ ਅਤੇ ਇਤਿਹਾਸਕ ਜਾਣਕਾਰੀ ਸਮਾਈ ਹੋਈ ਹੈ। ਬੋਲੀਆਂ ਕਿਸੇ ਵਿਸ਼ੇਸ਼ ਲੇਖਕ ਦੀਆਂ ਲਿਖੀਆਂ ਨਹੀਂ ਹੁੰਦੀਆਂ ਇੰਨ੍ਹਾਂ ਵਿੱਚ ਸਮੇਂ ਅਤੇ ਸਥਾਨ ਦੇ ਹਿਸਾਬ ਨਾਲ ਵਾਧਾ - ਘਾਟਾ ਹੁੰਦਾ ਰਹਿੰਦਾ ਹੈ। ਤ੍ਰਿੰਞਣਾ ਵਿੱਚ ਕੱਤਦੀਆਂ ਮੁਟਿਆਰਾਂ ਦੁੱਧ ਰਿੜਕਦੀਆਂ ਸੁਆਣੀਆਂ, ਫੁਲਕਾਰੀਆਂ ਕੱਢਦੀਆਂ ਨੱਢੀਆਂ ਪਤਾ ਨਹੀਂ ਲੋਕ ਬੋਲੀਆਂ ਰੂਪੀ ਖਜ਼ਾਨਾ ਕਿੰਨਾ ਵਧਾ ਦਿੰਦੀਆਂ ਹਨ।

ਦੁਹਰੀਆਂ ਬੋਲੀਆਂ ਜਾਂ ਨਿੱਕੀਆਂ ਬੋਲੀਆਂ[ਸੋਧੋ]

ਦੁਹਰੀਆਂ ਬੋਲੀਆਂ ਨੂੰ ਗਾਉਣ ਲਈ ਕੁੜੀਆਂ ਦੋ ਟੋਲੀਆਂ ਬਣਾ ਲੈਂਦੀਆਂ ਹਨ, ਇੱਕ ਟੋਲੀ ਪਹਿਲੀ ਤੁਕ ਬੋਲਦੀ ਹੈ ਤੇ ਨਾਲ ਗਿੱਧਾ ਪਾਉਂਦੀ ਹੈ ਅਤੇ ਦੂਜੀ ਟੋਲੀ ਦੂਜੀ ਤੁਕ ਬੋਲਦੀ ਹੈ ਤੇ ਗਿੱਧਾ ਪਾਉਂਦੀਆਂ ਹਨ। ਪਰ ਨੱਚਿਆ ਨਹੀਂ ਜਾਂਦਾ ਇਨ੍ਹਾਂ ਛੋਟੀਆਂ ਬੋਲੀਆਂ ਨੂੰ ਗਾਉਣ ਲਈ ਕਿਉਂ ਕਿ ਕੁੜੀਆਂ ਦੇ ਦੋ ਗਰੁੱਪ ਚਾਹੀਦੇ ਹਨ , ਇਸ ਲਈ ਇੰਨ੍ਹਾਂ ਨੂੰ ਦੁਹਰੀਆਂ ਬੋਲੀਆਂ ਵੀ ਕਿਹਾ ਜਾਂਦਾ ਹੈ।

ਇੰਨ੍ਹਾਂ ਦਾ ਅਸਰ ਸਿੱਧਾ, ਸਪਸ਼ਟ ਤੇ ਭਾਵਪੂਰਤ ਹੁੰਦਾ ਹੈ। ਇੰਨ੍ਹਾਂ ਬੋਲੀਆਂ ਦੁਆਰਾ ਪੰਜਾਬੀ ਨੱਢੇ ਨੱਢੀਆਂ ਬਿਨ੍ਹਾਂ ਕਿਸੇ ਸੰਕੋਚ ਦੇ ਆਪਣੇ ਦੱਬੇ ਭਾਵ ਪੇਸ਼ ਕਰਦੇ ਹਨ ਵੱਖ- ਵੱਖ ਖੁਸ਼ੀਆਂ ਦੇ ਮੌਕੇ, ਮੇਲਿਆਂ ਤਿਉਹਾਰਾਂ ਤੇ ਤੀਅਾਂ 'ਤੇ ਇਹ ਬੋਲੀਆਂ ਪਾਈਆਂ ਜਾਂਦੀਆਂ ਹਨ।[4]

            ਸੁਤੀ ਪਈ ਦੀ ਜੰਜੀਰੀ ਛਣਕੇ

ਗੱਭਰੂ ਦਾ ਮੱਚੇ ਕਾਲਜਾ

ਲੰਮੀਆਂ ਬੋਲੀਆਂ[ਸੋਧੋ]

ਲੰਮੀਆਂ ਬੋਲੀਆਂ ਨੂੰ ਗਾਉਂਦੀਆਂ ਮੁਟਿਆਰਾਂ ਵਿਆਹ ਸ਼ਾਦੀ ਦੇ ਸਮੇਂ ਹੀ ਵੇਖੀਆਂ ਜਾ ਸਕਦੀਆਂ ਹਨ। ਕਿਸੇ ਪੇਂਡੂ ਮੇਲੇ ਤੇ ਕਈ ਵਾਰ ਔਰਤਾਂ ਮਰਦ ਦੋਨੋਂ ਵੀ ਗਾ ਕੇ ਰੰਗ ਬੰਨ੍ਹਦੇ ਹਨ। ਲੰਮੀ ਬੋਲੀ ਨੂੰ ਕੇਵਲ ਇੱਕੋ ਕੁੜੀ ਬੋਲਦੀ ਹੈ। ਜਦ ਕੋਈ ਕੁੜੀ ਆਖ਼ਰੀ ਤੁਕ ਤੇ ਪੁੱਜ ਜਾਂਦੀ ਹੈ। ਤਾਂ ਉਸ ਵੇਲੇ ਬਾਕੀ ਕੁੜੀਆਂ ਵੀ ਨਾਲ ਗਾਉਣਾ ਸ਼ੁਰੂ ਕਰਦੀਆਂ ਤੇ ਗਿੱਧਾ ਪਾਉਣ ਲੱਗੀਆਂ ਹਨ।

           ਪਰਿਭਾਸ਼ਾ- ਲੰਮੀ ਬੋਲੀ ਸਮਤੁਕਾਂਤਕ ਤੁਕਾਂ ਵਾਲਾ ਅਜਿਹਾ ਗੀਤ ਰੂਪ ਹੈ। ਜਿਸਦੀ ਹਰ ਤੁਕਾਂ ਆਪਣੀ ਥਾਵੇਂ ਸੰਪੂਰਨ ਥੀਪਕ ਇਕਾਈ ਹੁੰਦੀ ਹੈ ਤੇ ਅੰਤ ਵਿਸ਼ੇਸ਼ 'ਤੋੜੇ' ਉੱਤੇ ਹੁੰਦਾ ਹੈ। ਤੋੜਾ, ਭਾਵ ਤੇ ਉਚਾਰ ਦੋਹਾਂ ਪੱਖਾ ਤੋਂ ਬੋਲੀ ਦੀ ਕੰਗਰੋੜ ਹੁੰਦਾ ਹੈ। ਬੋਲੀ ਦੀਆਂ ਤੁਕਾਂ ਵਿਅਕਤੀਗਤ ਤੇ ਤੋੜਾ ਸੁਮਾਰਕ ਸੁਭਾਅ ਦਾ ਲਖਾਇਕ ਹੁੰਦਾ ਹੈ। ਇਹ ਤੋੜਾ, ਵਿਅਕਤੀ ਦੇ ਸਮੂਹ ਵਿੱਚਲੇ ਉਚਾਰ ਤੇ ਗਾਇਨ ਵਿਚਲੇ ਬੋਲ ਤੇ ਨਾਚ ਵਿਚਲੇ ਸੰਪਰਕ ਕੁੜੀ ਹੈ। ਤੋੜੇ ਵਿੱਚ ਭਾਵ ਅੱਤ ਇਕਾਗਰ ਤੇ ਦੁਹਰਾਉ ਦੀ ਪ੍ਰਕਿਰਿਆ ਵਿੱਚ ਪੇਸ਼ ਹੁੰਦਾ ਹੈ। ਬੋਲੀ ਦਾ ਥੀਮ ਕਦਮ ਕਦਮ ਤੇ ਬਦਲਦਾ ਹੋਇਆ ਥੀਮ ਵਿਕਾਸ ਦੀ ਲੜੀ ਵਿੱਚ ਵੀ ਹੋ ਸਕਦਾ ਹੈ ਲੰਮੀ ਬੋਲੀ ਮਲਵਈ ਲੋਕ ਕਾਵਿ ਦੀ ਵਿੱਲਖਣ ਪਛਾਣ ਹੈ।[5]

ਬੋਲੀਆਂ ਦੀ ਸੂਚੀ[ਸੋਧੋ]

[ਸੋਧੋ]

ਊਰੀ ਊਰੀ ਊਰੀ,
ਨੱਚਦੀ ਕਾਹਤੋ ਨੀ,
ਕੀ ਮਾਲਕ ਨੇ ਘੂਰੀ,
ਨੱਚਦੀ .......,

ਊਰੀ ਊਰੀ ਊਰੀ,
ਨੀ ਅੱਜ ਦਿਨ ਸ਼ਗਨਾ ਦਾ,
ਨੱਚ ਨੱਚ ਹੋ ਜਾ ਦੂਹਰੀ,
ਨੀ ਅੱਜ .........,

ਊਰੀ ਊਰੀ ਊਰੀ ਵੇ,
ਦੁੱਧ ਡੁੱਲਿਆ ਜੇਠ ਨੇ ਘੂਰੀ ਵੇ,
ਦੁੱਧ .........,

ਉੱਚੇ ਟਿੱਬੇ ਮੈ ਭਾਂਡੇ ਮਾਂਜਦੀ,
ਉੱਤੋਂ ਰੁੜ੍ਹ ਗਈ ਥਾਲੀ,
ਕੈਦ ਕਰਾ ਦੂੰਗੀ,
ਮੈਂ ਡਿਪਟੀ ਦੀ ਸਾਲੀ,ਕੈਦ ਕਰਾ ਦੂੰਗੀ.......,

ਉੱਚੇ ਟਿੱਬੇ ਮੈ ਭਾਂਡੇ ਮਾਂਜਦੀ,
ਉੱਤੋਂ ਰੁੜ੍ਹ ਗਿਆ ਗਲਾਸ,
ਹੁਣ ਕਿਉਂ ਰੋਂਦੀ ਆ,
ਜੀਜਾ ਲੈ ਗਿਆ ਸਾਕ,
ਹੁਣ ਕਿਉਂ .......,

ਉੱਚੇ ਟਿੱਬੇ ਮੇਰੀ ਮੂੰਗੀ ਦਾ ਬੂਟਾ,
ਉਹਨੂੰ ਚਰ ਗਈ ਗਾਂ,
ਵੇ ਰੋਦਾ ਮੂੰਗੀ ਨੂੰ,
ਘਰ ਮਰਗੀ ਤੇਰੀ ਮਾਂ,ਵੇ ਰੋਦਾ ਮੂੰਗੀ .....,

ਊਚੇ ਟਿੱਬੇ ਮੈ ਤਾਣਾ ਤਣਦੀ,
ਉਤੋਂ ਦੀ ਲੰਘ ਗਈ ਵੱਛੀ,
ਨਣਾਨੇ ਮੋਰਨੀਏ ਘਰ ਜਾ ਕੇ ਨਾ ਦੱਸੀ,
ਨਣਾਨੇ .........,

ਉੱਚੇ ਟਿੱਬੇ ਮੈ ਤਾਣਾ ਤਣਦੀ,
ਦੂਰ ਵੱਜੇ ਇੱਕ ਤਾਰਾ,
ਖੂੰਹ ਤੇ ਮਿੱਲ ਮੁੰਡਿਆਂ,
ਸ਼ੱਕ ਕਰਦਾ ਪਿੰਡ ਸਾਰਾ,
ਖੂੰਹ ਤੇ .....,

ਉੱਚੇ ਟਿੱਬੇ ਮੈ ਤਾਣਾ ਤਣਦੀ,
ਤਣਦੀ ਰੀਝਾਂ ਲਾ ਕੇ,
ਮਿਲ ਜਾ ਹਾਣ ਦਿਆਂ,
ਤੂੰ ਸੌਹਰੇ ਘਰ ਆ ਕੇ,
ਮਿਲ ਜਾ .......,
 
ਊਠਾਂ ਵਾਲਿਉ, ਊਠ ਲੱਦੇ ਵੇ ਲਾਹੌਰ ਨੂੰ,
ਕੱਲੀ ਕੱਤਾਂ ਵੇ ਘਰ ਘੱਲਿਉ ਮੇਰੇ ਭੌਰ ਨੂੰ,
ਕੱਲੀ ਕੱਤਾਂ ..............,

ਊਠਾਂ ਵਾਲਿਉ,ਊਠ ਲੱਦੀਆਂ ਬੋਰੀਆਂ,
ਮਹਿਲੀ ਛੱਡੀਆਂ, ਸੁੰਨੀਆਂ ਗੋਰੀਆਂ,
ਮਹਿਲੀ ..............,

ਊਠਾਂ ਵਾਲਿਉ, ਥੋਡੀ ਕੀ ਵੇ ਨੌਕਰੀ,
ਪੰਜ ਵੇ ਰੁਪਈਏ,ਇਕ ਭੋਅ ਦੀ ਟੋਕਰੀ,
ਪੰਜ ਵੇ .........,

ਉੱਚਾ ਬੁਰਜ ਬਰਾਬਰ ਮੋਰੀ,
ਦੀਵਾ ਕਿਸ ਵਿੱਚ ਧਰੀਏ,
ਵਈ ਚਾਰੇ ਨੈਣ ਕਟਾ ਵੱਡ ਹੋਗੇ,
ਹਾਮੀ ਕੀਹਦੀ ਭਰੀਏ,
ਨਾਰ ਬੇਗਾਨੀ ਦੀ, ਬਾਂਹ ਨਾ ਮੂਰਖਾ ਫੜੀਏ,
ਨਾਰ ਬੇਗਾਨੀ ........,

ਬਾਂਹ ਫੜ ਕੇ ਨਾ ਡਰੀਏ,ਨਰ ਬੇਗਾਨੀ ਦੀ,
ਬਾਂਹ ......,

ਉੱਚੇ ਬੁਰਜ ਖੜੋਤਿਆ,
ਪੱਗ ਬੰਨਦਾ ਚਿਣ ਚਿਣ ਕੇ,
ਆਈ ਮੌਤ ਮਰ ਜਾਏਗਾ ਚੋਬਰਾ,
ਭੁੰਜੇ ਰੁਲਣਗੇ ਕੇਸ,
ਨੀ ਅਨਹੋਈਆ ਗੱਲਾ ਕਰਦਾ,ਜਾਂਦੀ ਨਾ ਕੋਈ ਪੇਸ਼,
ਨੀ ਅਨਹੋਈਆ ........,

ਉਰਲੇ ਬਜਾਰ ਨੀ ਮੈ ਹਰ ਕਰਾਓਦੀ ਆਂ,
ਪਰਲੇ ਬਜਾਰ ਨੀ ਮੈ ਬੰਦ ਗਜਰੇ,
ਅੱਡ ਹੋਉਗੀ ਜਠਾਣੀ ਤੈਥੋ ਲੈਕੇ ਬਦਲੇ,
ਅੱਡ ........

ਉਰਲੇ ਖੇਤ ਵਿੱਚ ਕਣਕ ਬਾਜਰਾ,
ਪਰਲੇ ਖੇਤ ਵਿੱਚ ਗੰਨੇ,
ਵੇ ਮੈ ਨੱਚਾਂ ਬਾਲਮਾ ਖੇਤਾ ਦੇ ਬੰਨੇ ਬੰਨੇ,
ਵੇ ਮੈ ..............,

ਊਚੀ ਊਚੀ ਖੂੰਹੀ ਤੇ ਮੈ ਪਾਣੀ ਭਰਦੀ ਆਂ,
ਗਾਗਰ ਭਰਦੀ ਆਂ,ਬਾਲਟੀ ਭਰਦੀ ਆਂ,
ਵੱਡਿਆਂ ਘਰਾਂ ਦੀ ਵੇ ਮੈ ਧੀ ਹਾਣੀਆਂ,
ਪਾਣੀ ਗੋਰਿਆਂ ਹੱਥਾ ਦਾ ਪੀ ਹਾਣੀਆਂ,
ਪਾਣੀ ਗੋਰਿਆਂ ........,

 

[ਸੋਧੋ]

ਅਰਨਾ ਅਰਨਾ ਅਰਨਾ,
ਨੀ ਰੰਗ ਦੇ ਕਾਲੇ ਦਾ,
ਗੱਡ ਲਉ ਖੇਤ ਵਿੱਚ ਡਰਨਾ,
ਨੀ ਰੰਗ ਦੇ .......,

ਆ ਵੇ ਨਾਜਰਾ,ਬਹਿ ਵੇ ਨਾਜਰਾ,
ਬੋਤਾ ਬੰਨ ਦਰਵਾਜੇ,
ਵੇ ਬੋਤੇ ਤੇਰੇ ਨੂੰ ਭੋਅ ਦਾ ਟੋਕਰਾ,
ਤੈਨੂੰ ਦੋ ਪਰਸ਼ਾਦੇ,
ਖਾਲੀ ਮੁੜ ਜਾ ਵੇ,ਸਾਡੇ ਨਹੀਂ ਇਰਾਦੇ,
ਖਾਲੀ ਮੁੜ ਜਾ ਵੇ ......,

ਆ ਵੇ ਨਾਜਰਾ,ਬਹਿ ਵੇ ਨਾਜਰਾ,
ਬੋਤਾ ਬੰਨ ਦਰਵਾਜੇ,
ਵੇ ਬੋਤੇ ਤੇਰੇ ਨੂੰ ਭੋਅ ਦਾ ਟੋਕਰਾ,
ਤੈਨੂੰ ਦੋ ਪਰਸ਼ਾਦੇ,
ਗਿੱਧੇ ਵਿੱਚ ਨੱਚਦੀ ਦੀ, ਧਮਕ ਪਵੇ ਦਰਵਾਜੇ,
ਗਿੱਧੇ ਵਿੱਚ .......,

ਅੰਬ ਦੀ ਟਾਹਣੀ ਤੋਤਾ ਬੈਠਾ,
ਅੰਬ ਪੱਕਣ ਨਾ ਦੇਵੇ,
ਸੋਹਣੀ ਭਾਬੋ ਨੂੰ, ਦਿਉਰ ਵਸਣ ਨਾ ਦੇਵੇ,
ਸੋਹਣੀ ਭਾਬੋ .........,

ਅੰਬ ਦੀ ਟਾਹਣੀ ਤੋਤਾ ਬੈਠਾ,
ਬੈਠਾ ਬੈਠਾ ਬਿੱਠ ਕਰ ਗਿਆ,
ਮੇਰੀ ਭਰੀ ਜਵਾਨੀ ਠਿੱਠ ਕਰ ਗਿਆ,
ਮੇਰੀ ਭਰੀ ...........,

ਆਉਣ ਨੇਰੀਆਂ ਵੇ ਜਾਣ ਨੇਰੀਆਂ,
ਮੁੰਡਿਆ ਸੱਥ ਦੇ ਵਿਚਾਲੇ ਗੱਲਾਂ ਹੋਣ ਤੇਰੀਆਂ,
ਮੁੰਡਿਆਂ ਸੱਥ............,

ਆਮਾ ਆਮਾ ਆਮਾ,
ਨੀ ਮੈ ਨੱਚਦੀ ਝੂੰਮਦੀ ਆਮਾ,
ਗਿੱਧਾ ਪਾਉ ਕੁੜੀਉ,ਨੀ ਮੈ ਨੱਚ ਕੇ ਦਿਖਾਮਾ,
ਗਿੱਧਾ ਪਾਉ ........,

ਆ ਬਨਜਾਰਿਆ ਬਹਿ ਬਨਜਾਰਿਆ,
ਕਿੱਥੇ ਨੇ ਤੇਰੇ ਘਰ ਵੇ,
ਭੀੜੀ ਵੰਗ ਬਚਾ ਕੇ ਚਾੜੀ,
ਮੈ ਜਾਉਗੀ ਮਰ ਵੇ,
ਮੇਰਾ ਉਡੇ ਡੋਰੀਆ ਮਹਿਲਾ ਵਾਲੇ ਘਰ ਵੇ,
ਮੇਰਾ ਉਦੇ ਡੋਰੀਆ ......,

ਔਹ ਕੋਈ ਆਉਦੇ ਦੋ ਜਾਣੇ,
ਦੋਹਾਂ ਤੋਂ ਬਣ ਗਏ ਚਾਰ,
ਵੇ ਘੁੰਢ ਕੱਢਾ ਕੇ ਨਾ,
ਤੇਰੀ ਮਾਂ ਦੇ ਯਾਰ,
ਵੇ ਘੂੰਢ .......,

ਅਰਬੀ ਵਿਕਣੀ ਆਈ ਵੇ ਨੌਕਰਾ,
ਲੈਦੇ ਸੇਰ ਕੁ ਮੈਨੂੰ,
ਵੇ ਢਲ ਪਰਛਾਵੇ ਕੱਟਣ ਲੱਗੀ,
ਯਾਦ ਕਰੂਗੀ ਤੈਨੂੰ,
ਚੂੰਨੀ ਜਾਲੀ ਦੀ ਲੈਦੇ ਨੌਕਰਾ ਮੈਨੂੰ,
ਚੂੰਨੀ ਜਾਲੀ ........,

ਆਰੀ ਆਰੀ ਆਰੀ,
ਹੇਠ ਬਰੋਟੇ ਦੇ,
ਦਾਤਣ ਕਰੇ ਕੁਆਰੀ,
ਹੇਠ ਬਰੋਟੇ.......,

ਅੱਡੀ ਤਾਂ ਮੇਰੀ ਕੌਲ ਕੰਚ ਦੀ,
ਗੂਠੇ ਤੇ ਸਿਰਨਾਮਾ,
ਬਈ ਲਿਖ ਲਿਖ ਚਿੱਠੀਆਂ ਡਾਕ ਚ ਪਾਵਾਂ,
ਧੁਰ ਦੇ ਪਤੇ ਮੰਗਾਵਾ,
ਚਿੱਠੀਆਂ ਮੈ ਲਿਖਦੀ,
ਪੜ੍ਹ ਮੁੰਡਿਆਂ ਅਨਜਾਣਾ,
ਚਿੱਠੀਆਂ ਮੈ ........,

ਅੱਡੀ ਤਾਂ ਮੇਰੀ ਕੌਲ ਕੰਚ ਦੀ,
ਗੂਠੇ ਤੇ ਸਿਰਨਾਮਾ,
ਬਈ ਲਿਖ ਲਿਖ ਚਿੱਠੀਆਂ ਡਾਕ ਚ ਪਾਵਾਂ,
ਧੁਰ ਦੇ ਪਤੇ ਮੰਗਾਵਾ,
ਮੁੰਡਿਆਂ ਨਾਂ ਦੱਸ ਜਾ,
ਜੋੜ ਬੋਲੀਆਂ ਪਾਵਾਂ,
ਮੁੰਡਿਆਂ .....,

ਅੱਡੀ ਵੱਜਦੀ ਜੈਕੁਰੇ ਤੇਰੀ,
ਲੋਕਾਂ ਦੇ ਚੁਬਾਰੇ ਹਿੱਲਦੇ,
ਅੱਡੀ ......,

ਆਉਣ ਜਾਣ ਨੂੰ ਨੌ ਦਰਵਾਜੇ,
ਖਿਸਕ ਜਾਣ ਨੂੰ ਮੋਰੀ,
ਕਾਕਾ ਚੰਨ ਵਰਗਾ,
ਦੇ ਵੇ ਬਾਬਲਾ ਲੋਰੀ,
ਕਾਕਾ ਚੰਨ......,

ਆਉਣ ਜਾਣ ਨੂੰ ਨੌ ਦਰਵਾਜੇ,
ਖਿਸਕ ਜਾਣ ਨੂੰ ਮੋਰੀ,
ਕੱਢ ਕਾਲਜਾ ਤੈਨੂੰ ਦਿੱਤਾ,
ਮਾਂ ਬਾਪ ਤੋਂ ਚੋਰੀ,
ਲੈ ਜਾ ਹਾਣ ਦਿਆ,
ਨਾ ਡਾਕਾ ਨਾ ਚੋਰੀ,
ਲੈ ਜਾ........,

ਅੰਬ ਕੋਲੇ ਇਮਲੀ,ਅਨਾਰ ਕੋਲੇ ਦਾਣਾ,
ਅਕਲ ਹੋਵੇ ਵੇ,ਭਾਵੇ ਰੰਗ ਹੋਵੇ ਕਾਲਾ,
ਅਕਲ ਹੋਵੇ ....,

ਅੰਬ ਕੋਲੇ ਇਮਲੀ,ਅਨਾਰ ਕੋਲੇ ਟਾਹਲੀ,
ਅਕਲ ਬਿਨਾ ਵੇ,ਗੋਰਾ ਰੰਗ ਜਾਵੇ ਖਾਲੀ,
ਅਕਲ ਬਿਨਾ .......,

ਆਲੇ ਦੇ ਵਿੱਚ ਲੀਰ ਕਚੀਰਾਂ,
ਵਿੱਚੇ ਕੰਘਾ ਜੇਠ ਦਾ,
ਪਿਓ ਵਰਗਿਆ ਜੇਠਾ,
ਕਿਓ ਟੇਢੀ ਅੱਖ ਨਾਲ ਵੇਖਦਾ,
ਪਿਓ ਵਰਗਿਆ ........,

ਅੰਗ ਅੰਗ'ਚ ਜੋਬਨ ਡੁੱਲਦਾ,
ਕਿਹੜਾ ਦਰਜੀ ਨਾਪੂ,
ਵੇ ਕੁੜਤੀ ਲੈਣ ਆਉਣ ਜਾਣ ਨੂੰ,
ਭਾਵੇਂ ਵਿਕ ਜੇ ਮੁੰਡੇ ਦਾ ਬਾਪੂ,
ਵੇ ਕੁੜਤੀ ........,

ਅੰਮਾਂ ਨੀ ਅੰਮਾਂ,
ਐ ਕਿ ਕੀਤਾ ਨੀ ਅੰਮਾਂ,
ਧੀ ਮਧਰੀ ਜਵਾਈ ਤੇਰਾ ਲੰਮਾਂ ਨੀ ਅੰਮਾਂ,
ਧੀ ਮਧਰੀ .........,

ਅੰਗ ਅੰਗ ਚ ਜੋਬਨ ਡੁੱਲਦਾ,
ਕਿਹੜਾ ਦਰਜੀ ਨਾਪੂ,
ਮੈ ਕੁੜਤੀ ਲੈਣੀ ਆਉਣ ਜਾਣ ਨੂੰ,
ਭਾਵੇਂ ਵਿਕ ਜੇ ਮੁੰਡੇ ਦਾ ਬਾਪੂ,
ਮੈ ਕੁੜਤੀ ....,

ਆਟਾ ਲੱਗਿਆ ਕੌਲੀ ਨੂੰ,
ਰੱਬ ਚੱਕ ਲੈ ਜੇਠ ਮਖੌਲੀ ਨੂੰ,
ਰੱਬ ਚੱਕ ਲੈ.......,

ਅਸਾਂ ਤਾਂ ਮਾਹੀਆ ਦਰ ਦੇ ਸਾਹਮਣੇ,
ਉੱਚਾ ਚੁਬਾਰਾ ਪਾਉਣਾ,
ਵੱਖਰਾ ਹੋ ਕੇ ਮਰਜੀ ਕਰਨੀ,
ਆਪਣਾ ਹੁਕਮ ਚਲਾਉਣਾ,
ਬਈ ਰੱਖਣਾ ਤਾਂ ਤੇਰੀ ਮਰਜੀ,
ਪੇਕੇ ਜਾ ਕੇ ਮੜਕ ਨਾਲ ਆਉਣਾ,
ਬਈ ਰੱਖਣਾ ........,

ਆ ਗਿਆ ਨੀ ਬਾਬਾ,
ਨਹੀਓ ਮਾਰਦਾ ਖਗੂੰਰਾ,
ਨਿੱਤ ਦਾ ਕੰਮ ਮੁਕਾਉਣਾ ਕੁੜੀਉ,
ਨੀ ਇਹਦੇ ਗਲ ਵਿੱਚ ਟੱਲ ਅੱਜ ਪਾਉਣਾ ਕੁੜੀਓ,
ਨੀ ਇਹਦੇ ......,

ਆਪ ਤਾਂ ਮਾਮਾ ਗਿਆ ਪੁੱਤ ਨੂੰ ਵਿਆਓਣ,
ਮਾਮੀ ਨੂੰ ਛੱਡ ਗਿਆ ਸ਼ੁਕਣ ਨੂੰ,
ਬਰੋਟਾ ਲਾ ਗਿਆ ਝੂਟਣ ਨੂੰ,
ਬਰੋਟਾ.........,

[ਸੋਧੋ]

ਇੱਕ ਤਾਂ ਨਣਦੇ ਤੂੰ ਨੀ ਪਿਆਰੀ,
ਦੂਜਾ ਪਿਆਰਾ ਤੇਰਾ ਵੀਰ,
ਨੀ ਜਦ ਰੋਦਾ ਨਣਦੇ,
ਅੱਖਾਂ ਚੋ ਵਗਦਾ ਨੀਰ,
ਨੀ ਜਦ ........,

ਇੱਕ ਤਾਂ ਨਣਦੇ ਤੂੰ ਨੀ ਪਿਆਰੀ,
ਦੂਜਾ ਪਿਆਰਾ ਤੇਰਾ ਵੀਰ,
ਨੀ ਜਦ ਹੱਸਦਾ ਨਣਦੇ,
ਹੱਸਦਾ ਦੰਦਾਂ ਦਾ ਬੀੜ,
ਨੀ ਜਦ ......,

ਇੱਕ ਤੋੜੇ ਵਿੱਚ ਕਣਕ ਬਾਜਰਾ,
ਦੂਜੇ ਤੋੜੇ ਵਿੱਚ ਰੂੰ,
ਵੇ ਥੋੜੀ ਥੋੜੀ ਮੈ ਵਿਗੜੀ,
ਬਹੁਤਾ ਵਿਗੜ ਗਿਆ ਤੂੰ,
ਵੇ ਥੋੜੀ ਥੋੜੀ.......,

ਇੱਕ ਤੋੜੇ ਵਿੱਚ ਕਣਕ ਬਾਜਰਾ,
ਦੂਜੇ ਤੋੜੇ ਵਿੱਚ ਰੂੰ,
ਵੇ ਥੋੜੀ ਥੋੜੀ ਮੈ ਸੁਧਰੀ,
ਬਹੁਤਾ ਸੁਧਰ ਗਿਆ ਤੂੰ,
ਵੇ ਥੋੜੀ ਥੋੜੀ,.....,

ਇੱਕ ਤੇਲ ਦੀ ਕੁੱਪੀ,
ਇੱਕ ਘਿਓ ਦੀ ਕੁੱਪੀ,
ਰਿਹਾ ਕੋਲ ਤੂੰ ਖੜਾ,
ਵੇ ਮੈ ਜੇਠ ਨੇ ਕੁੱਟੀ,
ਰਿਹਾ ਕੋਲ......,

ਇੱਕ ਤੇਲ ਦੀ ਕੁੱਪੀ,
ਇੱਕ ਘਿਓ ਦੀ ਕੁੱਪੀ,
ਸੱਚ ਦੱਸ ਗੋਰੀਏ,
ਕਾਹਤੋਂ ਜੇਠ ਨੇ ਕੁੱਟੀ,
ਸੱਚ ਦੱਸ ......,

ਸੱਚ ਦੱਸਾ ਰਾਂਝਣਾ,
ਮੈਥੋ ਕਾੜਨੀ ਫੁੱਟੀ,
ਸੱਚ ਦੱਸਾ......,

ਇਸ ਜਵਾਨੀ ਦਾ ਮਾਣ ਨਾ ਕਰੀਏ,
ਟੁੱਟ ਜਾਉਗੀ ਕੰਚ ਦੀ ਵੰਗ ਵਾਗੂੰ,
ਖਿੜ ਰਹੀਏ ਗੁਲਾਬ ਦੇ ਫੁੱਲ ਵਾਗੂੰ,
 ਖਿੜ ਰਹੀਏ .........,

ਇਕ ਚਾਹ ਦੀ ਪੁੜੀ,
ਇਕ ਖੰਡ ਦੀ ਪੁੜੀ,
ਜੀਜਾ ਅੱਖੀਆਂ ਨਾ ਮਾਰ,
ਵੇ ਮੈ ਕੱਲ ਦੀ ਕੁੜੀ,
ਜੀਜਾ ......,

ਇਕ ਕੁੜੀ ਤੂੰ ਕੁਆਰੀ,
ਦੂਜੀ ਅੱਖ ਟੂਣੇਹਾਰੀ,
ਤੀਜਾ ਲੌਗ ਲਿਸ਼ਕਾਰੇ ਮਾਰ ਮਾਰ ਪੱਟਦਾ,
ਨੀ ਤੂੰ ਜਿਉਣ ਜੋਗਾ ਛੱਡਿਆਂ ਨਾ ਪੁੱਤ ਜੱਟ ਦਾ,

ਇਕੋ ਬੋਲ ਬੋਲਾਂ,
ਬੋਲਾਂ ਨਾ ਕੋਈ ਹੋਰ ਵੇ,
ਸਾਉਣ ਦਾ ਮਹੀਨਾ,
ਬਾਗਾਂ ਵਿੱਚ ਬੋਲਣ ਮੋਰ ਵੇ,
ਅਸਾਂ ਨੀ ਸੌਹਰੇ ਜਾਣਾ,
ਗੱਡੀ ਨੂੰ ਖਾਲੀ ਤੋਰ ਵੇ,
ਅਸਾਂ ਨੀ ......,
 

[ਸੋਧੋ]

ਸੱਸੇ ਨੀ ਸਮਝਾ ਲੈ ਪੁੱਤ ਨੂੰ,
ਘਰ ਨੀ ਬਿਗਾਨੇ ਜਾਂਦਾ,
ਨੀ ਘਰ ਦੀ ਸ਼ੱਕਰ ਬੂਰੇ ਵਰਗੀ,
ਗੁੜ ਚੋਰੀ ਦਾ ਖਾਂਦਾ,
ਨੀ ਸਮਝਾ ਸੱਸੀਏ,
ਸਾਥੋ ਜਰਿਆ ਨੀ ਜਾਂਦਾ,
ਨੀ ਸਮਝਾ ........,

ਸੱਸੇ ਨੀ ਸਮਝਾ ਲੈ ਪੁੱਤ ਨੂੰ,
ਘਰ ਨੀ ਬਿਗਾਨੇ ਜਾਂਦਾ,
ਨੀ ਘਰ ਦੀ ਸ਼ੱਕਰ ਬੂਰੇ ਵਰਗੀ,
ਗੁੜ ਚੋਰੀ ਦਾ ਖਾਂਦਾ,
ਨੀ ਚੰਦਰੇ ਨੂੰ ਇਸ਼ਕ ਬੂਰਾ,
ਬਿਨ ਪੌੜੀ ਚੜ੍ਹ ਜਾਂਦਾ,
ਨੀ ਚੰਦਰੇ ........,

ਸੁਣ ਵੇ ਮੁੰਡਿਆਂ ਕੈਠੇ ਵਾਲਿਆਂ,
ਖੂੰਹ ਟੋਭੇ ਨਾ ਜਾਈਏ,
ਵੇ ਖੂੰਹ ਟੋਭੇ ਤੇ ਹੋਵੇ ਚਰਚਾ,
ਚਰਚਾ ਨਾ ਕਰਵਾਈਏ,
ਵੇ ਜਿਹਦੀ ਬਾਂਹ ਫੜੀਏ,
ਛੱਡ ਕੇ ਕਦੇ ਨਾ ਜਾਈਏ,
ਵੇ ਜਿਹਦੀ .........,


ਸੁਣ ਵੇ ਪਿੰਡ ਦਿਆ ਹਾਕਮਾ,
ਏਨਾ ਮੁੰਡਿਆਂ ਨੂੰ ਸਮਝਾ,
ਪੱਗਾ ਤਾਂ ਬੰਨਦੇ ਟੇਢੀਆ,
ਕੋਈ ਲੜ ਲੈਦੇ ਲਮਕਾ,
ਜਵਾਨੀ ਮੁਸ਼ਕਨ ਬੂਟੀ ਵੇ,
ਮੁੰਡਿਆਂ ਸੰਭਲ ਕੇ ਵਰਤਾ,
ਜਵਾਨੀ .........,

ਸੁਣ ਵੇ ਪਿੰਡ ਦਿਆ ਹਾਕਮਾ,
ਏਨਾ ਕੁੜੀਆਂ ਨੂੰ ਸਮਝਾ,
ਭੀੜੀ ਤਾਂ ਪਾਉਦੀਆਂ ਮੂਹਰੀ,
ਕੋਈ ਚੂੰਨੀਆਂ ਲੈਣ ਗਲਾਂ ਵਿੱਚ ਪਾ,
ਜਵਾਨੀ ਲੋਕਾਂ ਭਾਦੇ ਨੀ,
ਗੋਰੀਏ ਸਾਨੂੰ ਕਾਹਦਾ ਚਾਅ,
ਜਵਾਨੀ ਲੋਕਾਂ .......,

ਸੱਸ ਪਕਾਵੇ ਰੋਟੀਆਂ,
ਮੈ ਪੇੜੇ ਗਿਣਦੀ ਆਈ,
ਸੱਸੇ ਨੀ ਬਾਰਾਂ ਤਾਲੀਏ,
ਮੈ ਤੇਰਾ ਤਾਲੀ ਆਈ,
ਸੱਸੇ ਨੀ ਬਾਰਾਂ .......,

ਸੱਸ ਮੇਰੀ ਨੇ ਮੁੰਡਾ ਜੰਮਿਆ,
ਨਾਂ ਧਰਿਆ ਗੁਰਦਿੱਤਾ,
ਪੰਜੀਰੀ ਖਾਵਾਂਗੇ,
ਵਾਹਿਗੁਰੂ ਨੇ ਦਿੱਤਾ,
ਪੰਜੀਰੀ ਖਾਵਾਂਗੇ .....,

ਸੱਸ ਮੇਰੀ ਨੇ ਮੁੰਡੇ ਜੰਮੇ,
ਜੰਮੇ ਪੂਰੇ ਸੱਤ,
ਛੇਆਂ ਦੀ ਤਾਂ ਆਗੀ ਪੰਜੀਰੀ,
ਸੱਤਵੇਂ ਵਾਰੀ ਬੱਸ,
ਬਰੇਕਾਂ ਹੁਣ ਲੱਗੀਆਂ,
ਹੁਣ ਲੱਗੀਆਂ ਮੇਰੀ ਸੱਸ,
ਬਰੇਕਾਂ .........,

ਸੱਸ ਮੇਰੀ ਨੇ ਜੌੜੇ ਜੰਮੇ,
ਇਕ ਅੰਨਾ ਇੱਕ ਕਾਣਾ,
ਨੀ ਕਹਿੰਦੇ ਕੌਡੀ ਖੇਡਣ ਜਾਣਾ,
ਨੀ ਕਹਿੰਦੇ .......,

ਸੱਸ ਮੇਰੀ ਨੇ ਮੁੰਡੇ ਜੰਮੇ,
ਜੰਮੇ ਪੂਰੇ ਬਾਈ,
ਕਿਹੜਾ ਉਹਨਾਂ ਨੂੰ ਚੁੱਪ ਕਰਾਵੇ,
ਕਿਹੜਾ ਦੇਵੇ ਦਵਾਈ,
ਸੌ ਜੋ ਚੁੱਪ ਕਰ ਕੇ,
ਮਾਣੋ ਬਿੱਲੀ ਆਈ,
ਸੌ ਜੋ ........,

ਸੁਣ ਵੇ ਚਾਚਾ,ਸੁਣ ਵੇ ਤਾਇਆ,
ਸੁਣ ਵੇ ਬਾਬਲਾ ਮੋਢੀ,
ਦਾਰੂ ਪੀਣੇ ਦੇ,
ਧੀ ਵੇ ਕੂੰਜ ਕਿਉ ਡੋਬੀ,
ਦਾਰੂ ਪੀਣੇ......,
 
ਸੌਹਰੇ ਮੇਰੇ ਨੇ ਕਰੇਲੇ ਲਿਆਂਦੇ,
ਸੱਸ ਮੇਰੀ ਨੇ ਤੜਕੇ,
ਨੀ ਮੇਰੇ ਬਾਰੀ ਇਉ ਪਤੀਲਾ ਖੜਕੇ,
ਨੀ ਮੇਰੇ ........,

ਸੌਹਰੇ ਮੇਰੇ ਨੇ ਕੇਲੇ ਲਿਆਂਦੇ,
ਸੱਸ ਮੇਰੀ ਨੇ ਵੰਡੇ,
ਨੀ ਮੇਰੇ ਬਾਰੀ ਇਉ ਟੰਗੇ,
ਨੀ ਮੇਰੇ ਬਾਰੀ ......,

ਸੋਨੇ ਦੀ ਜੁੱਤੀ ਸਾਡੇ ਮੇਚ ਨਾ ਆਵੇ,
ਚਾਂਦੀ ਦੀ ਜੁੱਤੀ ਸਾਡੇ ਪਾਵੇ ਛਾਲੇ,
ਨੌਕਰ ਜਾ ਮੁੰਡਿਆਂ ਵੇ ਲਿਆ ਡਾਲੇ,
ਨੌਕਰ ਜਾ ........,

ਸੁਣ ਨੀ ਕੁੜੀਏ,ਮਛਲੀ ਵਾਲੀਏ,
ਮਛਲੀ ਨਾ ਚਮਕਾਈਏ,
ਨੀ ਖੂੰਹ ਟੋਭੇ ਤੇ ਚਰਚਾ ਹੁੰਦੀ,
ਚਰਚਾ ਨਾ ਕਰਵਾਈਏ,
ਨੀ ਪਿੰਡ ਦੇ ਮੁੰਡਿਆਂ ਤੋਂ,
ਨੀਵੀ ਪਾ ਲੰਘ ਜਾਈਏ,
ਨੀ ਪਿੰਡ .......,

ਸੁਣ ਨੀ ਕੁੜੀਏ,ਮਛਲੀ ਵਾਲੀਏ,
ਮਛਲੀ ਨਾ ਚਮਕਾਈਏ,
ਨੀ ਖੂੰਹ ਟੋਭੇ ਤੇ ਚਰਚਾ ਹੁੰਦੀ,
ਚਰਚਾ ਨਾ ਕਰਵਾਈਏ,
ਧਰਮੀ ਬਾਬਲ ਦੀ,
ਪੱਗ ਨੂੰ ਦਾਗ ਨਾ ਲਾਈਏ,
ਧਰਮੀ ਬਾਬਲ .......,

ਸੱਸ ਮੇਰੀ ਦੇ ਨਿਕਲੀ ਮਾਤਾ,
ਨਿਕਲੀ ਦਾਣਾ ਦਾਣਾ,
ਮਾਤਾ ਮੇਹਰ ਕਰੀ,
ਮੈ ਪੂਜਣ ਨੀ ਜਾਣਾ,
ਮਾਤਾ ਮੇਹਰ .......,

ਸੌਹਰੇ ਮੇਰੇ ਦੇ ਨਿਕਲੀ ਮਾਤਾ,
ਨਿਕਲੀ ਮਾੜੀ ਮਾੜੀ,
ਜੋਤ ਜਗਾਉਦੇ ਨੇ,
ਦਾੜੀ ਫੂਕ ਲਈ ਸਾਰੀ,
ਜੋਤ ਜਗਾਉਦੇ ......,

ਸੌਹਰਿਆਂ ਮੇਰਿਆਂ ਅੱਡ ਕਰ ਦਿੱਤਾ,
ਦੇ ਕੇ ਸੇਰ ਕੁ ਆਟਾ,
ਵੇ ਨਿੱਤ ਕੌਣ ਲੜੇ,
ਕੌਣ ਪਟਾਵੇ ਝਾਟਾ,
ਵੇ ਨਿੱਤ ......,

ਸੌਹਰਿਆਂ ਮੇਰਿਆਂ ਅੱਡ ਕਰ ਦਿੱਤਾ,
ਦੇ ਕੇ ਛੱਪੜੀ ਤੇ ਘਰ ਵੇ,
ਰਾਤੀ ਡੱਡੂ ਬੋਲਦੇ,
ਮੈਨੂੰ ਲਗਦਾ ਡਰ ਵੇ,
ਰਾਤੀ ਡੱਡੂ .......,

ਸੱਸੇ ਲੜਿਆਂ ਨਾ ਕਰ,
ਐਵੇ ਸੜਿਆ ਨਾ ਕਰ,
ਬਹੁਤੀ ਔਖੀ ਏ ਤਾਂ ਘਰ ਵਿੱਚ ਕੰਧ ਕਰ ਦੇ,
ਸਾਡੇ ਬਾਪ ਦਾ ਜਵਾਈ ਸਾਡੇ ਵੱਲ ਕਰ ਦੇ,
ਸਾਡੇ ਬਾਪ ..........,

ਸੋਹਣੀ ਦੀ ਮਾਂ ਦੇਵੇ ਮੱਤਾਂ,
ਸੁਣ ਨੀ ਧੀਏ ਸਿਆਣੀ,
ਜਿਹੜਿਆਂ ਫੁੱਲਾਂ ਨੂੰ ਤੂੰ ਨੀ ਲੋਚਦੀ,
ਤੋੜ ਲਿਆਂਵਾ ਟਾਹਣੀ,
ਚੰਦਰੇ ਆਸ਼ਕ ਦੀ,
ਨਿੱਤ ਨਾ ਛੇੜੀਏ ਕਹਾਣੀ,
ਚੰਦਰੇ ਆਸ਼ਕ ......,

ਸੂਆ ਸੂਆ ਸੂਆ,
ਸਾਕ ਭਤੀਜੀ ਦਾ,
ਲੈਕੇ ਆਈ ਭੂਆ,
ਸਾਕ ਭਤੀਜੀ .....

ਸੁਣ ਨੀ ਸੱਸੇ ਨਖਰੇ ਖੋਰੀਏ,
ਵਾਰ ਵਾਰ ਸਮਝਾਵਾਂ,
ਨੀ ਜਿਹੜਾ ਤੇਰਾ ਲੀੜਾ ਲੱਤਾ,
ਸੰਦੂਕ ਸਣੇ ਅੱਗ ਲਾਵਾਂ,
ਨੀ ਜਿਹੜੀ ਤੇਰੀ ਸੇਰ ਪੰਜੀਰੀ,
ਵਿਹੜੇ ਵਿੱਚ ਖਿਡਾਵਾਂ,
ਗਲ ਭਰਾਵਾਂ ਦੀ,ਮੈ ਮੁੜ ਕੇ ਨਾ ਖਾਵਾਂ,
ਗਲ ਭਰਾਵਾਂ ...........

ਸੁੰਬਰ ਸੁੰਬਰ ਢੇਰੀਆਂ ਮੈ,
ਬੂਹੇ ਅੱਗੇ ਲਾਉਦੀ ਆਂ,
ਆਈ ਗੁਆਂਢਣ ਫਰੋਲ ਗਈ,
ਸਾਡਾ ਰੁੱਖ ਰਾਂਝੇ ਨਾਲੋਂ ਤੋੜ ਗਈ,
ਸਾਡਾ ............

ਸੱਸ ਵੀ ਨੀ ਘੂਰਦੀ,
ਸੌਹਰਾ ਵੀ ਨੀ ਘੂਰਦਾ,
ਛੜਾ ਜੇਠ ਭੈੜਾ ਕਿਓ ਬੋਲੇ ਨੀ,
ਸਾਡੇ ਬਿਨਾ ਪੁਛੇ ਕੁੰਡਾ ਕਿਓ ਖੋਲੇ ਨੀ,
ਸਾਡੇ ਬਿਨਾ .........,

ਸਾਰੇ ਤਾਂ ਗਹਿਣੇ ਮੇਰੇ ਮਾਪਿਆ ਨੇ ਪਾਏ,
ਇੱਕੋ ਤਬੀਤ ਇਹਦੇ ਘਰ ਦਾ ਨੀ,
ਜਦੋ ਪਵਾ ਤੇ ਲਾਦੇ ਲਾਦੇ ਕਰਦਾ ਨੀ,
ਜਦੋ ਪਾਵਾ.........,

ਸਾਰੇ ਤਾਂ ਗਹਿਣੇ ਮੇਰੇ ਮਾਪਿਆ ਨੇ ਪਾਏ,
ਇੱਕੋ ਤਬੀਤ ਇਹਦੇ ਬਾਪ ਦਾ ਨੀ,
ਜਦੋਂ ਪਾਵਾ ਗਟਾਰ ਵਾਗੂੰ ਝਾਕਦਾ ਨੀ,
ਜਦੋਂ ਪਾਵਾ.......,

ਸਾਰੇ ਤਾਂ ਗਹਿਣੇ ਤੇਰੇ ਮਾਪਿਆ ਨੇ ਪਾਏ,
ਇੱਕੋ ਤਬੀਤ ਮੇਰੇ ਘਰ ਦਾ ਨੀ,
ਜਦੋਂ ਪਾਵੇ ਤਾਂ ਬੜਾ ਸੋਹਣਾ ਲੱਗਦਾ ਨੀ,
ਜਦੋਂ .......,

ਸਾਡੇ ਪਿੰਡ ਇੱਕ ਛੜਾ ਸੁਣੀਦਾ,
ਨਾਂ ਉਹਦਾ ਕਰਤਾਰੀ,
ਰਾਤੀ ਮੈਥੋ ਦਲ ਲੈ ਗਿਆ,
ਲੱਗੀ ਬੜੀ ਕਰਾਰੀ,
ਨੀ ਚੰਦਰੇ ਨੇ ਹੋਰ ਮੰਗ ਲੀ,
ਮੈ ਵੀ ਕੜਛੀ ਬੁੱਲਾਂ ਤੇ ਮਾਰੀ,
ਨੀ ਚੰਦਰੇ ......,

ਸੁਣ ਵੇ ਦਿਉਰਾਂ ਨਖਰੇ ਵਾਲਿਆ,
ਲੱਗੇ ਜਾਨ ਤੋਂ ਮਹਿੰਗਾ,
ਵੇ ਲੈ ਜਾ ਮੇਰਾ ਲੱਕ ਮਿਣ ਕੇ,
ਮਿਲ ਜਾਏ ਤਾਂ ਲਿਆ ਦੇਈ ਲਹਿੰਗਾ,
ਵੇ ਲੈ .........,

ਸੁਣ ਨੀ ਭਾਬੀ ਨਖਰੇ ਵਾਲੀਏ,
ਲੱਗਾ ਜਾਨ ਤੋਂ ਮਹਿੰਗਾ,
ਨੀ ਤੇਰੇ ਮੁਹਰੇ ਥਾਨ ਸੁਟਿਆ,
ਭਾਵੇ ਸੁਥਨ ਸਮਾ ਲੈ ਭਾਵੇਂ ਲਹਿੰਗਾ,
ਨੀ ਤੇਰੇ ........,

ਸਾਉਣ ਦਾ ਮਹੀਨਾ,
ਬਾਗਾ ਵਿੱਚ ਬੋਲਣ ਮੋਰ ਵੇ,
ਅਸਾਂ ਨੀ ਸੌਹਰੇ ਜਾਣਾ,
ਗੱਡੀ ਨੂੰ ਖਾਲੀ ਮੋੜ ਵੇ,
ਅਸਾਂ ਨੀ ........,

ਸਾਉਣ ਦੇ ਮਹੀਨੇ,ਜੀ ਨਾ ਕਰਦਾ ਸੌਹਰੇ ਜਾਣ ਨੂੰ,
ਮੁੰਡਾ ਫਿਰੇ ਨੀ,ਗੱਡੀ ਜੋੜ ਕੇ ਲਿਜਾਣ ਨੂੰ,
ਮੁੰਡਾ ਫਿਰੇ ........,

ਸਾਉਣ ਦਾ ਮਹੀਨਾ,ਜੀ ਨਾ ਕਰਦਾ ਸੁਥਨ ਪਾਉਣ ਨੂੰ,
ਮੁੰਡਾ ਫਿਰੇ ਨੀ ਕਾਲੀ ਸੂਫ ਦੀ ਸਮਾਉਣ ਨੂੰ,
ਮੁੰਡਾ .....,

ਸੋਹਣੀ ਜਿਹੀ ਪੱਗ ਬੰਨਦਾ ਮੁੰਡਿਆਂ,
ਗਿਣ ਗਿਣ ਲਾਉਦਾ ਪੇਚ,
ਨੀ ਉਹ ਕਿਹੜਾ ਮਾਹੀ ਏ,
ਜਿਹਦੇ ਲੰਮੇ ਲੰਮੇ ਕੇਸ,
ਨੀ ਓਹ .......,

ਸ਼ਾਮ ਸਵੇਰੇ ਉਠਦੀ ਬਹਿੰਦੀ,
ਹਰ ਪਲ ਧੀਏ ਧੀਏ ਕਹਿੰਦੀ,
ਮੈ ਤਿਉੜੀ ਨਾ ਪਾਵਾਂ,
ਜੇ ਸੱਸ ਮਾਂ ਬਣ ਜੇ,
ਪੇਕੇ ਕਦੇ ਨਾ ਜਾਵਾਂ,
ਜੇ ਸੱਸ .........,

ਸਿਰਾ ਉੱਤੇ ਸੰਗੀ ਫੁੱਲ,
ਲਹਿੰਗੇ ਫੁਲਕਾਰੀਆਂ,
ਹੱਥਾ ਵਿੱਚ ਪੱਖੀਆਂ ਸੂਕਦੀਂਆਂ,
ਜਿਵੇਂ ਬਾਗੀ ਕੋਇਲਾਂ ਕੂਕਦੀਆਂ,
ਜਿਵੇਂ ਬਾਗੀ ........,

ਸ਼ਾਮ ਸਵੇਰੇ ਉਠਦੀ ਬਹਿੰਦੀ,
ਹਰ ਪਲ ਧੀਏ ਧੀਏ ਕਹਿੰਦੀ,
ਮੈ ਤਿਉੜੀ ਨਾ ਪਾਵਾ,
ਸੱਸ ਮੇਰੀ ਮਾਂ ਵਰਗੀ,
ਮੈ ਪੇਕੇ ਨਾ ਜਾਵਾ,
ਸੱਸ ਮੇਰੀ .....,

ਸਾਡੀ ਹੋਗੀ ਬੱਲੇ ਬੱਲੇ,
ਆਸ਼ਕ ਲੁੱਡੀ ਪਾਉਣ ਚੱਲੇ,
ਉਏ ਲੁੱਡੀ ਧੰਮ ਲੁੱਡੀ,
ਉਏ ਲੁੱਡੀ .......,

[ਸੋਧੋ]

ਹਰੇ ਹਰੇ ਘਾਹ ਉੱਤੇ,
ਉੱਡਣ ਭੰਬੀਰੀਆਂ,
ਬੋਲੋ ਵੀਰੋ ਵੇ,
ਭੈਣਾ ਮੰਗਣ ਜੰਜੀਰੀਆਂ,
ਬੋਲੋ ਵੀਰੋ .........

ਹੀਰ ਕੇ,ਹੀਰ ਕੇ,ਹੀਰ ਕੇ ਵੇ,
ਅੱਖਾਂ ਜਾ ਲੜੀਆਂ ਘੁੰਡ ਚੀਰ ਕੇ ਵੇ,
ਅੱਖਾਂ ਜਾ ਲੜੀਆਂ ...........

ਹਰੇ ਹਰੇ ਘਾਹ ਉੱਤੇ,
ਸੱਪ ਫੂੱਕਾਂ ਮਾਰਦਾ,
ਭੱਜੋ ਵੀਰੋ ਵੇ,
ਬਾਪੂ ਕੱਲਾ ਮੱਝਾ ਚਾਰਦਾ,
ਭੱਜੋ ਵੀਰੋ ......,

ਹੋਰਾਂ ਦੇ ਵੀਰੇ ਖੁੰਢਾ ਉੱਤੇ ਬੈਦੇ,
ਮੇਰਾ ਵੀਰਾ ਸੱਥ ਵਿੱਚ ਨੀ,
ਜਿਹਦੇ ਲਿਖੀਆਂ ਕਿਤਾਬਾਂ,
ਹੱਥ ਵਿੱਚ ਨੀ,
ਜਿਹਦੇ .......,

ਹਰੀ ਹਰੀ ਕਣਕ ਦੁਆਬੇ ਦੀ,
ਜਿਹੜੀ ਗਿੱਧਾ ਨਾ ਪਾਉ ਰੰਨ ਬਾਬੇ ਦੀ,
ਜਿਹੜੀ ਗਿੱਧਾ ........,


ਹੋਰਾਂ ਦੇ ਵੀਰੇ ਖੁੰਢਾ ਉੱਤੇ ਬਹਿੰਦੇ,
ਮੇਰਾ ਵੀਰਾ ਸੱਥ ਵਿੱਚ ਨੀ,
ਜਿਹਦੇ ਸੋਨੇ ਦੀ ਦਾਤਣ,
ਹੱਥ ਵਿੱਚ ਨੀਂ,
ਜਿਹਦੇ ਸੋਨੇ .......,

ਹੋਰਾਂ ਦੇ ਜੀਜੇ ਖੁੰਢਾਂ ਉੱਤੇ ਬਹਿੰਦੇ,
ਮੇਰਾ ਜੀਜਾ ਸੱਥ ਵਿੱਚ ਨੀ,
ਜਿਹਦੇ ਠੇਕੇ ਦੀ ਬੋਤਲ,
ਹੱਥ ਵਿੱਚ ਨੀ,
ਜਿਹਦੇ ਠੇਕੇ ......,

ਹੁੱਲ ਗਈ,ਹੁੱਲ ਗਈ,ਹੁੱਲ ਗਈ ਵੇ,
ਸੀਟੀ ਮਾਰ ਚੁਵਾਰਾ ਤੇਰਾ ਭੁੱਲ ਗਈ ਵੇ,
ਸੀਟੀ ਮਾਰ ........,

ਹਰਾ ਹਰਾ ਘਾਹ,
ਨੀ ਸੌਹਰੇ ਦੀਏ ਜਾਈਏ,
ਕਦੇ ਪ੍ਰਾਹੁਣੀ ਆ,ਨੀ ਸੌਹਰੇ ......

ਹਰਾ ਹਰਾ ਘਾਹ,
ਨੀ ਮੈ ਰਿੰਨੀਆਂ ਸੇਵੀਆਂ,ਕਮਲੇ ਨੂੰ ਚੜ੍ਹ ਗਿਆ ਚਾਅ,
ਨੀ ਮੈ ਰਿੰਨੀਆਂ ..........

ਹਰਾ ਹਰਾ ਘਾਹ,
ਵੇ ਮੈ ਰਿੰਨੀਆਂ ਸੇਵੀਆਂ,
ਮੁੱਛਾਂ ਮਨਾ ਕੇ ਆਂ,
ਵੇ ਮੈ ਰਿੰਨੀਆਂ ......ਹੋਰਾਂ ਦੇ ਜੀਜੇ ਲੰਮ ਸਲੰਮੇ,
ਮੇਰਾ ਜੀਜਾ ਗਿੱਠ ਮੁਠੀਆ,
ਜਿਵੇਂ ਸੜਕ ਤੇ ਚਲਦਾ ਭਿੱਟਭੂਟਿਯਾ,
ਜਿਵੇਂ ਸੜਕ..........

ਹੋਰਾਂ ਦੇ ਜੀਜੇ ਲੰਮ ਸਲੰਮੇ,
ਮੇਰਾ ਜੀਜਾ ਮੇਚ ਦਾ ਨੀ,
ਜੀ ਟੀ ਰੋਡ ਤੇ ਪਕੌੜੇ ਵੇਚਦਾ ਨੀ,
ਜੀ ਟੀ........

ਹੋਰ ਤੇ ਹੋਰ ਤੇ ਨੀ,
ਸੱਸ ਲੜਦੀ ਪੁੱਤਾਂ ਦੇ ਜੋਰ ਤੇ ਨੀ,
ਸੱਸ ਲੜਦੀ.......

ਹੋਰ ਤੇ ਹੋਰ ਤੇ ਨੀ.
ਮੈ ਵੀ ਵਸਾ ਭਾਈਆਂ ਦੇ ਜੋਰ ਤੇ ਨੀ,
ਮੈ ਵੀ .....,

ਹੋਰਾਂ ਨੂੰ ਦਿੱਤੀਆਂ ਪੰਜ ਪੰਜ ਵੰਗਾਂ,
ਸੱਸ ਨੂੰ ਦੇ ਤੀ ਘੜੀ,
ਵੇ ਮਾਂ ਤੇਰੀ ਟਾਇਮ ਦੇਖ ਕੇ ਲੜੀ,
ਵੇ ਮਾਂ .......

ਹਾੜ ਦਾ ਮਹੀਨਾ,ਚੌਵੇਂ ਮੱਥੇ ਤੇ ਪਸੀਨਾ,
ਵੇ ਕੀ ਧੁੱਪ ਧੁੱਪ ਲਾਈ ਐ,
ਤਾਣ ਛੱਤਰੀ ਵੇ ਜਿਹੜੀ ਲੰਦਨੋ ਮਗਾਈ ਐ,
ਤਾਣ.........,


ਹੋਰਾਂ ਨੇ ਪੀਤੀ ਕੌਲੀਆਂ ਗਲਾਸਾਂ ਨਾਲ,
ਜੀਜੇ ਨੇ ਪੀਤੀ ਬਾਟੇ ਨਾਲ,
ਚੜਗੀ ਉਏ ਛਰਾਟੇ ਨਾਲ,
ਚੜਗੀ ........,

ਹੋਰਾਂ ਨੇ ਪੀਤੀ ਕੌਲੀਆਂ ਗਲਾਸਾਂ ਨਾਲ,
ਜੀਜੇ ਨੇ ਪੀਤੀ ਪੀਪੇ ਨਾਲ,
ਪੀ ਸਾਲਿਆ ਤਰੀਕੇ ਨਾਲ,
ਪੀ ਸਾਲਿਆ ........,

ਹੋਰਾਂ ਨੇ ਪੀਤੀ ਕੌਲੀਆਂ ਗਲਾਸਾਂ ਨਾਲ,
ਜੀਜੇ ਨੇ ਪੀਤੀ ਪੀਪਾ ਪੀਪਾ,
ਹਾਏ ਪੀਪੇ ਨੇ ਕਮਲਾ ਕੀਤਾ,
ਹਾਏ ਪੀਪੇ .......,

[ਸੋਧੋ]

ਕਾਲਿਆਂ ਹਿਰਨਾਂ,ਪੀਲਿਆਂ ਹਿਰਨਾਂ,
ਤੇਰਿਆਂ ਸਿੰਗਾ ਤੇ ਕੀ ਕੁਝ ਲਿਖਿਆਂ,ਪ
ਤਿੱਤਰ ਤੇ ਮੁਰਗਾਈਆਂ,
ਹੁਣ ਨਾ ਸਿਆਣਦੀਆਂ,
ਦਿਉਰਾਂ ਨੂੰ ਭਰਜਾਈਆਂ,
ਹੁਣ ਨਾ .......,

ਕੋਰੇ ਕੋਰੇ ਕੂਡੇ ਵਿੱਚ ਮਿਰਚਾ ਮੈ ਰਗੜਾਂ,
ਕੋਲੇ ਬਹਿ ਕੇ ਲੜਦਾ ਨੀ,
ਇਹਦਾ ਚਿੱਤ ਚਟਨੀ ਨੂੰ ਕਰਦਾ ਨੀ,
ਇਹਦਾ ਚਿੱਤ ........,

ਕੋਰੇ ਕੋਰੇ ਕੂੱਡੇ ਵਿੱਚ ਮਿਰਚਾ ਮੈ ਰਗੜਾਂ,
ਸੌਹਰੇ ਦੀ ਅੱਖ ਵਿੱਚ ਪਾ ਦੇਂਦੀ ਆਂ,
ਨੀ ਘੁੰਡ ਕੱਢਣੇ ਦੀ ਅਲਖ, ਮੁਕਾ ਦੇਂਦੀ ਆਂ,
ਨੀ ਘੁੰਡ..........,

ਕੋਰੇ ਕੋਰੇ ਕੂੱਜੇ ਵਿੱਚ ਦਹੀਂ ਮੈ ਜਮਾਨੀ ਆਂ,
ਤੜਕੇ ਉੱਠ ਕੇ ਰਿੜਕਾਂਗੇ,
ਛੜੇ ਆਉਣਗੇ ਲੱਸੀ ਨੂੰ ਝਿੜਕਾਂਗੇ,
ਛੜੇ ਆਉਣਗੇ .......,

ਕੱਲਮ ਕੱਲੀ ਤੋੜਾ ਮੈ,
ਕਰੀਰਾਂ ਨਾਲੋਂ ਡੇਲੇ,
ਵੇ ਖੜਾ ਰਹਿ ਜਾਲਮਾ,
ਸਬੱਬੀ ਹੋਗੇ ਮੇਲੇ,
ਵੇ ਖੜਾ ......,

ਕੱਲਮ ਕੱਲੀ ਤੋੜੇ ਤੂੰ,
ਕਰੀਰਾਂ ਨਾਲੋਂ ਡੇਲੇ,
ਨੀ ਸੰਭਾਲ ਗੋਰੀਏ,
ਚੂੰਨੀ ਤੇ ਨਾਗ ਮੇਹਲੇ,
ਨੀ ਸੰਭਾਲ .....,

ਕਦੇ ਨਾ ਤੋਰਿਆ ਸੱਸੇ,
ਹੱਸਦੀ ਨੀ ਖੇਡਦੀ,
ਕਦੇ ਨਾ ਤੋਰਿਆ,
ਨੀ ਕੜਾਹ ਕਰ ਕੇ,
ਸਾਨੂੰ ਤੋਰ ਦੇ ਸੱਸੇ,
ਨੀ ਸਲਾਹ ਕਰ ਕੇ,
ਸਾਨੂੰ ਤੋਰ .......,

ਕਦੇ ਨਾ ਖਾਧੇ ਤੇਰੇ ਖੱਟੇ ਜਾਮਨੂ,
ਕਦੇ ਨਾ ਖਾਧਾ ਵੇ ਕੜਾਹ ਕਰ ਕੇ,
ਛੱਡ ਗਇਓ ਜਾਲਮਾ,ਵੇ ਵਿਆਹ ਕਰ ਕੇ,
ਛੱਡ ਗਇਓ ........

ਕਦੇ ਨਾ ਖਾਧੇ ਤੇਰੇ ਖੱਟੇ ਜਾਮਨੂ,
ਕਦੇ ਨਾ ਖਾਧੇ ਤੇਰੇ ਰਸ ਪੇੜੇ,
ਤੂੰਬਾ ਵੱਜਦਾ ਜਾਲਮਾ ਵਿੱਚ ਵੇਹੜੇ,
ਤੂੰਬਾ .......,

ਕੋਈ ਸੋਨਾ,ਕੋਈ ਚਾਂਦੀ,
ਕੋਈ ਪਿੱਤਲ ਭਰੀ ਪਰਾਂਤ,
ਵੇ ਜਾ ਝਾਂਜਰ ਕਿਤੋ ਲਿਆਦੇ,
ਨੱਚੂਗੀ ਸਾਰੀ ਰਾਤ ਵੇ,
ਵੇ ਜਾ ..........

ਕੋਈ ਸੋਨਾ,ਕੋਈ ਚਾਂਦੀ,
ਕੋਈ ਪਿੱਤਲ ਭਰੀ ਪਰਾਂਤ,
ਵੇ ਧਰਤੀ ਨੂੰ ਕਲੀ ਕਰਾਂਦੇ,
ਨੱਚੂਗੀ ਸਾਰੀ ਰਾਤ,
ਧਰਤੀ ਨੂੰ ........

ਕੁੱਟ ਕੁੱਟ ਚੂਰੀਆਂ ਮੈ ਕੋਠੇ ਉੱਤੇ ਪਾਉਦੀ ਆਂ,
ਆਏ ਕਾਂਗੜੇ ਖਾ ਜਾਣਗੇ,
ਓਏ ਸਾਨੂੰ ਨਵਾ ਪੁਆੜਾ ਪਾ ਜਾਣਗੇ,
ਓਏ ਸਾਨੂੰ .........

ਕੁੱਟ ਕੁੱਟ ਚੂਰੀਆਂ ਮੈ ਕੋਠੇ ਉੱਤੇ ਪਾਉਦੀ ਆਂ,
ਆਏ ਕਾਂਗੜੇ ਖਾ ਜਾਣਗੇ,
ਉਏ ਨੂੰਹ ਸੱਸ ਦੀ ਲੜਾਈ ਪਾ ਜਾਣਗੇ,
ਉਏ ਨੂੰਹ ........,

ਕ੍ਲਾਰਾ ਦੀ ਮਾਮੀ ਵਿਆਹ ਤੇ ਆਈ,
ਆਈ ਹੱਥ ਲਮਕਾਈ,
ਬਈ ਨਾ ਲੀੜਾ ਨਾ ਲੱਤਾ ਕੋਈ,
ਨਾ ਕੋਈ ਟੂੰਮ ਲਿਆਈ,
ਡਾਰ ਜੁਆਕਾ ਦੀ ਲੱਡੂ ਖਾਣ ਨੂੰ ਲਿਆਈ,
ਡਾਰ ਜੁਆਕਾ .........

ਕੋਠੇ ਤੋਂ ਸਿੱਟਿਆ ਛੰਨਾ ਕੁੜੇ,
ਜੀਜੇ ਦੀ ਆਕੜ ਭੰਨਾ ਕੁੜੇ,
ਜੀਜੇ ਦੀ .......,

ਕੰਘੀ,ਮਾਏ ਮੇਰੀਏ,
ਮੈ ਬੁਢੜੇ ਨਾਲ ਮੰਗੀ ਮਾਏ ਮੇਰੀਏ,
ਮੈ ਬੁਢੜੇ .........

ਭੂਕਾਂ,ਮਾਏ ਮੇਰੀਏ,
ਮੈ ਬੁਢੜੇ ਨੂੰ ਫੂਕਾਂ ਮਾਏ ਮੇਰੀਏ,
ਮੈ ਬੁਢੜੇ ..........

ਕੱਲ ਦਾ ਆਇਆ ਮੇਲ ਸੁਣੀਦਾ,
ਸੁਰਮਾ ਸਭ ਨੇ ਪਾਇਆ,
ਨੀ ਗਹਿਣੇ ਗੱਟੇ ਸਭ ਨੂੰ ਸੋਹਦੇ,
ਵਿਓਲਾ ਰੰਗ ਵਟਾਇਆ,
ਕੁੜੀ ਦੀ ਮਾਮੀ ਨੇ ਗਿੱਧਾ ਖੂਬ ਰਚਾਇਆ,
ਕੁੜੀ ਦੀ .........,

 ਕੱਦੂ ਨੀ ਗੁਆਂਢਣੇ,
ਕੈਦ ਕਰਾ ਕੇ, ਛੱਡੂ ਨੀ ਗੁਆਂਢਣੇ,
ਕੈਦ .....,

ਕੱਦ ਸਰੂ ਦੇ ਬੂਟੇ ਵਰਗਾ,
ਤੁਰਦਾ ਨੀਵੀਂ ਪਾ ਕੇ,
ਨੀ ਬੜਾ ਮੋੜਿਆ ਨਹੀਓ ਮੁੜਦਾ,
ਵੇਖ ਲਿਆ ਸਮਝਾ ਕੇ,
ਸਹੀਉ ਨੀ ਮੈਨੂੰ ਰੱਖਣਾ ਪਿਆ,
ਮੁੰਡਾ ਗਲ ਦਾ ਤਬੀਤ ਬਣਾ ਕੇ,
ਸਹੀਉ ਨੀ ......,

ਕਾਹਦਾ ਕਰਦਾ ਗੁਮਾਨ,
ਹੱਥ ਅਕਲਾਂ ਨੂੰ ਮਾਰ,
ਸਾਰੇ ਪਿੰਡ ਚ ਮੈ ਪਤਲੀ ਪਤੰਗ ਮੁੰਡਿਆਂ,
ਦੇਵਾ ਆਸ਼ਕਾਂ ਨੂੰ ਸੂਲੀ ਉੱਤੇ ਟੰਗ ਮੁੰਡਿਆਂ,
ਦੇਵਾ ਆਸ਼ਕਾ ......,

ਕਿਹੜੇ ਪਾਸਿਉ ਆਈ ਏ ਤੂੰ, ਫੁੱਲ ਵਾਗੂੰ ਟਹਿਕਦੀ,
ਪਲ ਵਿੱਚ ਰੂਪ ਵਟਾ ਆਈ ਏ,
ਨੀ ਕਿਹੜੇ ਗੱਭਰੂ ਨੂੰ ਨਾਗ ਲੜਾ ਆਈ ਏ,
ਨੀ ਕਿਹੜੇ .........

ਕੱਚ ਦੇ ਗਲਾਸ ਉੱਤੇ ਠੂਠੀ,
ਨੀ ਐਡੀ ਕਿ ਤੂੰ ਜੈਲਦਾਰਨੀ,
ਕਾਹਤੋਂ ਪਈ ਏ ਮੜਕ ਨਾਲ ਫੂਕੀ,
ਨੀ ਐਦੀ .........,


 

[ਸੋਧੋ]

ਖੁੰਢਾਂ ਉੱਤੇ ਬੈਠਾ ਮੁੰਡਾ, ਤਾਸ਼ ਪੱਤਾ ਖੇਡਦਾ,
ਬਾਜੀ ਗਿਆ ਹਾਰ, ਮੁੰਡਾ ਸੱਪ ਵਾਗੂੰ ਮੇਲਦਾ,
ਬਾਜੀ ........,

ਤਕੀਏ ਪੈਦੀ ਬਾਜੀ,ਵੇ ਤੂੰ ਬਾਜੀ ਕਿਓ ਨਹੀਂ ਦੇਖਦਾ,
ਤਕੀਏ .......,

ਤੂੰ ਹੀ ਮੇਰੀ ਬਾਜੀ, ਨੀ ਮੈ ਤੇਰੇ ਵੱਲ ਦੇਖਦਾ,
ਤੂੰ ਹੀ ........,

ਖੁੰਢਾਂ ਉੱਤੇ ਬੈਠਾ ਮੁੰਡਾ, ਖੇਡਦਾ ਗੀਟੀਆਂ,
ਕੁੜੀਆਂ ਨੂੰ ਦੇਖ ਮੁੰਡਾ, ਮਾਰਦਾ ਸੀਟੀਆਂ,
ਕੁੜੀਆਂ ਨੂੰ .....,

ਖੱਟ ਕੇ ਲਿਆਂਦਾ ਚੱਕ ਨੀ ਮੇਲਣੇ,
ਦੇ ਲੱਡੂਆਂ ਦਾ ਹੱਕ ਨੀ ਮੇਲਣੇ,
ਦੇ ਲੱਡੂਆ ......,

ਖੱਟੀ ਚੁੰਨੀ ਲੈ ਕੇ ਨੀ ਧਾਰ ਚੋਣ ਗਈ ਸਾ,
ਖੱਟੀ ਚੁੰਨੀ ਨੇ ਮੇਰਾ ਗਲ ਘੁੱਟ ਤਾ,
ਨੀ ਮੈ ਕੱਟੇ ਦੇ ਭੁਲੇਖੇ ਛੜਾ ਜੇਠ ਕੁੱਟ ਤਾ,
ਨੀ ਮੈ ਕੱਟੇ ........,

ਖੱਟਾ ਪੋਣਾ ਲੈ ਕੇ ਨੀ ਮੈ ਸਾਗ ਲੈਣ ਗਈ ਸਾਂ,
ਉਥੇ ਪੋਣਾ ਟੰਗ ਆਈ ਆਂ,
ਨਿੱਕਾ ਦਿਓਰ ਨਾਨਕੀ ਮੰਗ ਆਈ ਆਂ,
ਨਿੱਕਾ ......,

ਖੱਟਾ ਪੋਣਾ ਲੈ ਕੇ ਨੀ ਮੈ ਸਾਗ ਲੈਣ ਗਈ ਸਾਂ,
ਉਥੇ ਪੋਣਾ ਲਾਹ ਲਿਆਹੀ ਆਂ,
ਨੀ ਸਹੇਲੀਓ ਦਿਉਰ ਵਿਆਹ ਲਿਆਈ ਆਂ,
ਨੀ ਸਹੇਲੀਓ.....,

ਖੂੰਹ ਤੋਂ ਪਾਣੀ ਭਰਨ ਗਈ ਸਾਂ,
ਡੋਲ ਭਰ ਲਿਆ ਸਾਰਾ,
ਨੀ ਤੁਰਦੀ ਦਾ ਲੱਕ ਝੂਟੇ ਖਾਦਾਂ,
ਪੈਲਾਂ ਪਾਵੇ ਗਰਾਰਾ,
ਜੱਟਾਂ ਦੇ ਪੁੱਤ ਸਾਧੂ ਹੋਗੇ,
ਛੱਡ ਗਏ ਤਖਤਹਜ਼ਾਰਾ,
ਤੇਰੀਆਂ ਡੰਡੀਆਂ ਦਾ,
ਚੰਦ ਵਰਗਾ ਚਮਕਾਰਾ,
ਤੇਰੀਆਂ ........,

[ਸੋਧੋ]

ਗਿੱਧਾ ਗਿੱਧਾ ਕਰਦੀ ਮੇਲਣੇ,
ਗਿੱਧਾ ਪਉ ਵਥੇਰਾ,
ਨੀ ਅੱਖ ਚੱਕ ਕੇ ਝਾਕ ਸਾਹਮਣੇ,
ਭਰਿਆ ਪਿਆ ਬਨੇਰਾ,
ਨੀ ਜੇ ਤੈਨੂੰ ਧੁੱਪ ਲੱਗਦੀ,
ਤਾਂਣ ਚਾਦਰਾ ਮੇਰਾ,
ਨੀ ਜੇ ........,

ਗਿੱਧਾ ਪਾਇਆ, ਮੇਲ ਸਦਾਇਆ,
ਹੋਗੀ ਜਾਣ ਦੀ ਤਿਆਰੀ,
ਹਾਕਾਂ ਘਰ ਵੱਜੀਆ,
ਛੱਡ ਮੁੰਡਿਆਂ ਫੁਲਕਾਰੀ,
ਜਕਾਂ ਘਰ ........,

ਗੋਰੀ ਗੋਰੀ ਗਾਂ, ਧੜੀ ਦਾ ਲੇਵਾ,
ਮਾਪੇ ਵੇ,ਕਰੁੱਤ ਦਾ ਮੇਵਾ,
ਮਾਪੇ ਵੇ ........,

ਗੋਲ ਮੋਲ ਮੈ ਟੋਏ ਪੱਟਦੀ,
ਨਿੱਤ ਸ਼ਰਾਬਾਂ ਕੱਢਦੀ,
ਨੀ ਪਹਿਲਾ ਅੱਧੀਆ ਮੇਰੇ ਸਾਹਬ ਦਾ,
ਫਿਰ ਬੋਤਲਾਂ ਭਰਦੀ,
ਖੂਨਣ ਧਰਤੀ ਤੇ ਬੋਚ ਬੋਚ ਪੱਬ ਧਰਦੀ,
ਖੂਨਣ ਧਰਤੀ .........,

ਗਾਂਧੀ ਉੱਤੇ ਬੈਠਾ,ਪਾਣੀ ਲਾਉਦਾ ਏ ਤਮਾਕੂ ਨੂੰ,
ਮਾਂ ਤੇਰੀ ਕਮਜਾਤ, ਵੇ ਕੀ ਆਖਾਂ ਤੇਰੇ ਬਾਪੂ ਨੂੰ,
ਮਾਂ ਤੇਰੀ ...........,

ਗਾਉਣ ਜਾਣਦੀ,ਨੱਚਣ ਜਾਣਦੀ,
ਮੈ ਨਾ ਕਿਸੇ ਤੋ ਹਾਰੀ,
ਨੀ ਉਧਰੋ ਰੁਮਾਲ ਹਿੱਲਿਆ,
ਮੇਰੀ ਇੱਧਰੋ ਹਿੱਲੀ ਫੁਲਕਾਰੀ,
ਨੀ ਉਧਰੋ ......,

 ਗੱਡੇ ਭਰੇ ਲਾਹਣ ਦੇ,
ਗੱਡੀਰੇ ਭਰੇ ਲਾਹਣ ਦੇ,
ਹਾਏ ਨੀ ਸੱਸੇ ਹੋਣੀਏ,
ਜੋੜੀ ਨੂੰ ਮੇਲੇ ਜਾਣ ਦੇ,
ਹਾਏ ਨੀ .....,

 ਗੱਡੇ ਭਰੇ ਲਾਹਣ ਦੇ,
ਗੱਡੀਰੇ ਭਰੇ ਲਾਹਣ ਦੇ,
ਤੇਰੀ ਵੇ ਮਜਾਜ ਮੇਰੇ ਪੇਕੇ ਨਹੀਓ ਜਾਣਦੇ,
ਤੇਰੀ ਵੇ

ਗੋਰੀਆਂ ਬਾਂਹਾ ਚ ਮੇਰੇ ਕੱਚ ਦੀਆਂ ਚੂੜੀਆਂ,
ਪੈਰਾਂ ਦੇ ਵਿੱਚ ਵੇ ਪੰਜੇਬ ਛਣਕੇ,
ਅੱਜ ਨੱਚਣਾ ਮੈ ਗਿੱਧੇ ਚ ਪਟੋਲਾ ਬਣ ਕੇ,
ਅੱਜ .......,

ਗੀਜੇ ਅੰਦਰ ਗੀਜਾ,
ਉਹਨੂੰ ਦਿਨ ਰਾਤ ਫੋਲਦਾ,
ਦਿੱਤੀਆਂ ਨਿਸ਼ਾਨੀਆਂ ਨੂੰ,
ਪੈਰਾਂ ਵਿੱਚ ਰੋਲਦਾ,
ਗੁੱਝੀ ਲਾ ਲੀ ਯਾਰੀ,
ਨੀ ਬੁਲਾਇਆਂ ਵੀ ਨਹੀਂ ਬੋਲਦਾ,
ਗੁੱਝੀ ਲਾ........,

ਗੱਭਰੂ ਜੱਟਾਂ ਦਾ ਪੁੱਤ ਸ਼ੈਲ ਸ਼ਬੀਲਾ,
ਕੋਲੋ ਦੀ ਲੰਘ ਗਿਆ ਚੁੱਪ ਕਰ ਕੇ,
ਨੀ ਉਹ ਲੈ ਗਿਆ ਕਾਲਜਾ ਰੁੱਗ ਭਰਕੇ,
ਨੀ ਓਹ .........,

ਗਿੱਧਾ ਪਾਇਆ ਵੀ ਵਥੇਰਾ,
ਨਾਲੇ ਗਾਇਆ ਵੀ ਵਥੇਰਾ,
ਹੁਣ ਗਿੱਧੇ ਵਿੱਚ ਦੇ ਦੇ ਗੇੜਾ ਨੀ ਮੇਲਣੇ,
ਨੱਚ ਨੱਚ ਪੱਟ ਦੇ ਵੇਹੜਾ ਨੀ ਮੇਲਣੇ,
ਨੱਚ ਨੱਚ .......,

ਗਿੱਧਾ ਪਾਇਆ,ਮੇਲ ਸਦਾਇਆ,
ਚਾਰੇ ਪਾਸੇ ਝਾਂਜਰ ਛਣਕੇ,
ਨਾਨਕਿਆ ਛੱਜ ਭੰਨਿਆ,
ਛੱਜ ਭੰਨਿਆ ਤਾੜ ਤਾੜ ਕਰਕੇ,
ਨਾਨਕਿਆ ......,

ਗਿੱਧਾ ਵੀ ਪਾਇਆ,ਨਾਲੇ ਬੋਲੀਆਂ ਵੀ ਪਾਈਆ,
ਨੱਚ ਨੱਚ ਪੱਟਤਾ ਵੇਹੜਾ ਨੀ ਮੇਲਨੋ,
ਹੁਣ ਦਿਉ ਲੱਡੂਆ ਨੂੰ ਗੇੜਾ ਨੀ ਮੇਲਨੋ,
ਹੁਣ ਦਿਓ .........,

[ਸੋਧੋ]

ਘੁੰਡ ਦਾ ਗਿੱਧੇ ਵਿੱਚ ਕੰਮ ਕੀ ਗੋਰੀਏ,
ਏਥੇ ਤੇਰੇ ਹਾਣੀ,
ਨੀ ਜਾਂ ਘੁੰਡ ਕੱਢਦੀ ਬਹੁੱਤੀ ਸੋਹਣੀ,
ਜਾਂ ਘੁੰਡ ਕੱਢਦੀ ਕਾਣੀ,
ਨੀ ਤੂੰ ਤਾਂ ਮੈਨੂੰ ਲੱਗੇ ਸ਼ਕੀਨਣ,
ਘੁੰਡ ਚ ਅੱਖ ਪਛਾਣੀ,
ਖੁੱਲ ਕੇ ਨੱਚ ਲੈ ਨੀ,
ਬਣ ਜਾ ਗਿੱਧੇ ਦੀ ਰਾਣੀ,
ਖੁੱਲ ਕੇ ....,

ਘਰ ਨਾ ਬੇਹਦੀਆਂ,ਬਰ ਨਾ ਬੇਹਦੀਆਂ,
ਬਦਲੇ ਖੋਰੀਆਂ ਮਾਵਾਂ,
ਨੀ ਨਿੱਕੇ ਜਿਹੇ ਮੁੰਡੇ ਨਾਲ,
ਵਿਆਹ ਕਰ ਦਿੰਦੀਆਂ,
ਦੇ ਕੇ ਚਾਰ ਕੁ ਲਾਵਾਂ,
ਏਸ ਜਵਾਨੀ ਨੂੰ, ਕਿਹੜੇ ਖੂੰਹ ਵਿੱਚ ਪਾਵਾਂ,
ਏਸ ਜਵਾਨੀ ..........,

ਘਰੇ ਜਾ ਕੇ ਨਾ ਚੁੱਲੇ ਚ ਲੱਤ ਮਾਰੀ,
ਨੱਚਨਾ ਤਾਂ ਹੁਣ ਨੱਚ ਲੈ,
ਘਰੇ ਜਾ ਕੇ .......,

ਘੜਾ,ਘੜੇ ਪਰ ਮੱਘੀ ਵੇ ਜਾਲਮਾ,
ਦਿਲ ਵਿੱਚ ਰੱਖਦਾ ਏ ਠੱਗੀ ਵੇ ਜਾਲਮਾ,
ਦਿਲ ਵਿੱਚ ..........,

ਘੋੜਾ ਆਰ ਦਾ ਵੇ,
ਘੋੜਾ ਪਾਰ ਦਾ ਵੇ,
ਸਾਨੂੰ ਤੂੰਬਾ ਸੁਣਾ ਦੇ ਇੱਕ ਤਾਰ ਦਾ ਵੇ,
ਸਾਨੂੰ ਤੂੰਬਾ .......,

ਘੋੜਾ ਆਰ ਨੂੰ ਵੇ,
ਘੋੜਾ ਪਾਰ ਨੂੰ ਵੇ,
ਪੇਕੇ ਛੱਡੀਏ ਨਾ ਨਾਰ ਮੁਟਿਆਰ ਨੂੰ ਵੇ,
ਪੇਕੇ ਛੱਡੀਏ ......,

ਘੋੜਾ ਆਰ ਨੀ ਮਾਏ,
ਘੋੜਾ ਪਰ ਨੀ ਮਾਏ,
ਰਾਝਾਂ ਮੰਗੇ ਮਸਰਾਂ ਦੀ ਦਾਲ ਨੀ ਮਾਏ,
ਰਾਝਾਂ ਮੰਗੇ .......,

ਘੋੜਾ ਆਰ ਨੀ ਧੀਏ,
ਘੋੜਾ ਪਰ ਨੀ ਧੀਏ,
ਮੱਥੇ ਮਾਰ ਮਸਰਾਂ ਦੀ ਦਲ ਨੀ ਧੀਏ,
ਮੱਥੇ ........,

ਘਰ ਨੇ ਜਿੰਨਾ ਦੇ ਨੇੜੇ ਨੇੜੇ,
ਖੇਤ ਜਿੰਨਾ ਦੇ ਨਿਆਈਆਂ,
ਗਿੱਧਾ ਪਾ ਚੱਲੀਆਂ,ਨਣਦਾਂ ਤੇ ਭਰਜਾਈਆਂ,
ਗਿੱਧਾ.........,

ਘੂੰਗਰੀਆਂ ਪਰਾਂਦੇ ਨੂੰ,
ਆਖ ਰਹੀ ਮੈ ਜਾਂਦੇ ਨੂੰ,
ਕਹਿ ਜਾਈ ਵੇ ਲਲਾਰੀ ਨੂੰ,
ਦੇ ਡੋਬਾ, ਦੇ ਡੋਬਾ ਫੁਲਕਾਰੀ ਨੂੰ,
ਦੇ ਡੋਬਾ .......,

[ਸੋਧੋ]

ਚਿੱਟੇ ਚਿੱਟੇ ਚੌਲਾ ਦੀਆਂ ਚਿੱਟੀਆਂ ਪਿੰਨੀਆ,
ਪਹਿਲੀ ਪਿੰਨੀ ਜੇਠ ਦੀ ਨੀ,
ਪਾਣੀ ਵਗੇ ਪੁਲਾ ਦੇ ਹੇਠ ਦੀ ਨੀ,
ਪਾਣੀ ਵਗੇ........,

ਚੰਨਾ ਵੇ ਚੰਨਾ,
ਤੇਰੀ ਰੋਟੀ ਮੈ ਬੰਨਾਂ,
ਸਿਰ ਤੇ ਦਹੀਂ ਦਾ ਛੰਨਾ,
ਵੇ ਅੱਗੇ ਖਾਲ ਦਾ ਬੰਨਾ,
ਪੁਲ ਬੰਨ ਵੈਰੀਆਂ,ਵੇ ਮੈ ਕਿੱਥੋ ਦੀ ਲੰਘਾ,
ਪੁਲ ਬੰਨ.........

ਚਾਂਦੀ ਚਾਂਦੀ ਚਾਂਦੀ,
ਧੀਏ ਨੀ ਪਸੰਦ ਕਰ ਲੈ,
ਗੱਡੀ ਭਰੀ ਮੁੰਡਿਆਂ ਦੀ ਜਾਂਦੀ,
ਧੀਏ ਨੀ ....

ਚਰਖੇ ਨੂੰ ਚੱਕ ਲੈ, ਤ੍ਰਿਝਣਾ ਚੋਂ ਛੇਤੀ ਛੇਤੀ,
ਭੱਜ ਲੈ ਜੇ ਭੱਜਿਆਂ ਜਾਂਵੇ,
ਨੀ ਰੇਸ਼ਮੀ ਗਰਾਰੇ ਵਾਲੀਏ,
ਜੱਟ ਬੱਕਰੇ ਬੁਲਾਉਦਾ ਆਵੇ,
ਨੀ ਰੇਸ਼ਮੀ .........,

ਚੁੱਲੇ ਪਕਾਵਾਂ ਰੋਟੀਆਂ,
ਕੋਈ ਹਾਰੇ ਧਰਦੀ ਦਾਲ,
ਸਾਰੀਆਂ ਖਾ ਗਿਆ ਰੋਟੀਆ,
ਤੇ ਸਾਰੀ ਪੀ ਗਿਆ ਦਾਲ,
ਵੇ ਤੈਨੂੰ ਹਾਈਆ ਹੋਜੇ,
ਭੁੱਖੇ ਤਾਂ ਮਰਗੇ ਮੇਰੇ ਲਾਲ,
ਵੇ ਤੈਨੂੰ........,
 
 ਚੁੱਲੇ ਪਕਾਵਾਂ ਰੋਟੀਆਂ,
ਕੋਈ ਹਾਰੇ ਧਰਦੀ ਦਾਲ,
ਸਾਰੀਆਂ ਖਾ ਗਿਆ ਰੋਟੀਆ,
ਤੇ ਸਾਰੀ ਪੀ ਗਿਆ ਦਾਲ,
ਵੇ ਜੈਤੋ ਦਾ ਕਿਲਾ ਦਿਖਾ ਦੂੰ,
ਜੇ ਕੱਢੀ ਮਾਂ ਦੀ ਗਾਲ,
ਵੇ ਜੈਤੋ .....,

[ਸੋਧੋ]

ਛੱਲਾ ਓਏ, ਛੱਲਾ ਗੋਲ ਘੇਰੇ ਦਾ,
ਰਾਂਝਾ ਓਏ,ਰਾਂਝਾ ਮੋਰ ਬਨੇਰੇ ਦਾ,
ਰਾਂਝਾ .........,

ਛੱਲਾ ਓਏ,ਛੱਲਾ ਗਲ ਦੀ ਗਾਨੀ ਆ,
ਰਾਂਝਾ ਓਏ,ਰਾਂਝਾ ਦਿਲ ਦਾ ਜਾਨੀ ਆ,
ਰਾਂਝਾ ........,

ਛੱਲਾ ਓਏ,ਛੱਲਾ ਮੇਰੀ ਚੀਚੀ ਦਾ,
ਰਾਂਝਾ ਓਏ,ਰਾਂਝਾ ਫੁੱਲ ਬਗੀਚੀ ਦਾ,
ਰਾਂਝਾ ..........

ਛੱਲਾ ਓਏ,ਛੱਲਾ ਸੋਨੇ ਦੀਆਂ ਤਾਰਾਂ ਦਾ,
ਰਾਂਝਾ ਓਏ ਰਾਂਝਾ ਪੁੱਤ ਸਰਦਾਰਾਂ ਦਾ,
ਰਾਂਝਾ ਓਏ ............

ਛੋਲੇ ਛੋਲੇ ਛੋਲੇ,
ਬਾਪੂ ਜੀ ਨੂੰ ਭਰਮ ਪਿਆ,
ਧੀਏ ਕੌਣ ਨੀ ਚੁਬਾਰੇ ਵਿੱਚ ਬੋਲੇ,
ਕੱਲੀ ਬਾਪੂ ਮੈ ਹੋਵਾਂ,
ਦੁੱਜੀ ਗੁੰਝ ਚਰਖੇ ਦੀ ਬੋਲੇ,
ਜਾਨ ਲਕੋ ਮੁੰਡਿਆਂ,
ਹੋ ਚਰਖੇ ਦੇ ਉਹਲੇ,
ਜਾਨ ਲਕੋ ........

ਛੋਲੇ ਛੋਲੇ ਛੋਲੇ,
ਇੰਨਾ ਨਾਨਕੀਆਂ ਦੀ ਰੜੇ ਭੰਬੀਰੀ ਬੋਲੇ,
ਇੰਨਾ ਨਾਨਕੀਆਂ .........

ਛੋਲੇ ਛੋਲੇ ਛੋਲੇ,
ਨੀ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲੇ,
ਨੀ ਅੱਜ ........

ਛੰਨਾ ਭਰਿਆ ਦੁੱਧ ਦਾ,
ਇਹ ਡੋਲਣਾ ਵੀ ਨਹੀਂ,
ਹੋਰ ਭਰਨਾ ਵੀ ਨਹੀਂ,
ਤੈਨੂੰ ਛੱਡਣਾ ਵੀ ਨਹੀਂ,
ਹੋਰ ਕਰਨਾ ਵੀ ਨਹੀਂ,
ਜੇ ਕਰਿਆ,ਕਰੂ ਤੇਰਾ ਭਾਈ,
ਪੱਖੀ ਨੂੰ ਲੌਂਣ ਲਵਾ ਦੇ ਵੇ,
ਬਾਲਮਾ ਰੁੱਤ ਗਰਮੀ ਦੀ ਆਈ,
ਪੱਖੀ ਨੂੰ .......
 
ਛੰਨਾ ਭਰਿਆ ਦੁੱਧ ਦਾ,
ਇਹ ਡੋਲਣਾ ਵੀ ਨਹੀਂ,
ਹੋਰ ਭਰਨਾ ਵੀ ਨਹੀਂ,
ਤੈਨੂੰ ਛੱਡਣਾ ਵੀ ਨਹੀਂ,
ਹੋਰ ਕਰਨਾ ਵੀ ਨਹੀਂ,
ਜੇ ਕਰਿਆ,ਕਰੂ ਤੇਰਾ ਮਾਮਾ,
ਏਥੇ ਮੇਰੀ ਨੱਥ ਡਿੱਗ ਪਈ,
ਨਿਉ ਕੇ ਚੱਕੀ ਜਵਾਨਾ,
ਏਥੇ ਮੇਰੀ .........

ਛੰਨਾ,ਛੰਨੇ ਵਿੱਚ ਚੂਰੀ ਕੁੱਟਾਂਗੇ,
ਲੈ ਲਾ ਨੰਬਰਦਾਰੀ,
ਆਪਾ ਲੋਕਾਂ ਨੂੰ ਕੁੱਟਾਗੇ,
ਲੈ ਲਾ ........,
 
ਛੈਣੇ ਛੈਣੇ ਛੈਣੇ,
ਵਿਦਿਆ ਪੜਾ ਦੇ ਬਾਬਲਾ,
ਭਾਵੇਂ ਦੇਈ ਨਾ ਦਾਜ ਵਿੱਚ ਗਹਿਣੇ,
ਵਿਦਿਆ ਪੜਾ ........

ਛਡਾ ਛੜੇ ਨੂੰ ਦੇਵੇ ਦਿਲਾਸਾ,
ਮੌਜ ਭਰਾਵੋ ਰਹਿੰਦੀ,
ਦੋ ਡੱਕਿਆ ਨਾਲ ਅੱਗ ਬਲ ਪੈਦੀ,
ਰੋਟੀ ਸੇਕ ਨਾਲ ਲੈਦੀ,
ਇਕ ਦੁੱਖ ਲੈ ਬੈਠਦਾ,
ਝਾਕ ਰਂਨਾ ਵਿੱਚ ਰਹਿੰਦੀ,
ਇਕ ਦੁੱਖ .........

ਛੜਿਆਂ ਦੇ ਛੜਿਆਂ ਦੇ ਦੋ ਦੋ ਚੱਕੀਆਂ,
ਨੀ ਕੋਈ ਡਰਦੀ ਪੀਹਣ ਨਾ ਜਾਵੇ,
ਛੜੇ ਦੀ ਤਾਂ ਅੱਖ ਤੇ ਭਰਿੰਡ ਲੜ ਜੇ,
ਨੀ ਸਾਡੀ ਕੰਧ ਤੋਂ ਝਾਤੀਆਂ ਮਾਰੇ,
ਛੜਿਆਂ ਦੇ ਘਰ ਅੱਗ ਨਾ,
ਨਾ ਘੜੇ ਵਿੱਚ ਪਾਣੀ,
ਨਾ ਕੋਈ ਦਿਸਦੀ ਏ ਬਹੂ ਰਾਣੀ,
ਜਿਹੜੀ ਧਰੇ ਮਸਰਾਂ ਦੀ ਦਾਲ ਕੁੜੇ,
ਬੂਹ ਛੜਿਆਂ ਦਾ,ਛੜਿਆਂ ਦਾ ਮਦੜਾ ਹਾਲ ਕੁੜੇ,
ਬੂਹ ਛੜਿਆਂ .....,


ਛੜਾ ਛੜਾ ਨਾ ਕਰਿਆ ਕਰ ਨੀ,
ਵੇਖ ਛੜੇ ਨਾ ਲਾ ਕੇ,
ਨੀ ਪਹਿਲਾ ਛੜਾ ਤੇਰੇ ਭਾਂਡੇ ਮਾਜੁਂ,
ਰੱਖੂ ਇਉ ਚਮਕਾ ਕੇ,
ਨੀ ਫੇਰ ਛੜਾ ਰਗੜੂ ਚਟਨੀ,
ਖੱਟੀ ਅੰਬੀ ਪਾ ਕੇ,
ਨੀ ਬਹਿ ਜਾ ਪੀੜੇ ਤੇ,
ਰੇਵ ਪੰਜਾਮੀ ਪਾ ਕੇ,
 ਨੀ ਬਹਿ ਜਾ........,

ਛੋਲੇ, ਪਾਵਾਂ ਭੜੋਲੇ,
ਚਿੱਤ ਚੰਦਰੀ ਦਾ ਡੋਲਦਾ,
ਮਰਾ ਕਿ ਮਰ ਕੇ ਜੀਵਾਂ,
ਰਾਂਝਾ ਮੁੱਖੋ ਨਹੀਓ ਬੋਲਦਾ,
ਮਰਾ ਕਿ .........

ਛੰਨੇ ਉੱਤੇ ਛੰਨਾ,
ਛੰਨਾ ਭਰਿਆ ਜਵੈਣ ਦਾ,
ਵੇਖ ਲੈ ਸ਼ਕੀਨਾ, ਗਿੱਧਾ ਜੱਟੀ ਮਲਵੈਨ ਦਾ,
ਵੇਖ ਲੈ .......,


[ਸੋਧੋ]

ਜੇ ਜੱਟੀਏ ਜੱਟ ਕੁੱਟਣਾ ਹੋਵੇ,
ਕੁੱਟੀਏ ਕੰਧੋਲੀ ਉਹਲੇ,
ਨੀ ਪਹਿਲਾ ਜੱਟ ਤੋਂ ਮੱਕੀ ਪਿਹਾਈਏ,
ਫਿਰ ਪਿਹਾਈਏ ਛੋਲੇ,
ਜੱਟੀਏ ਦੇ ਦਵਕਾ ਜੱਟ ਨਾ ਬਰਾਬਰ ਬੋਲੇ,
ਜੱਟੀਏ ਦੇ ..........

ਜੱਟਾਂ ਦੇ ਪੁੱਤ ਸਾਧੂ ਹੋ ਗੇ,
ਸਿਰ ਪਰ ਜਟਾਂ ਰਖਾਈਆਂ,
ਬਈ ਬਗਲੀਆਂ ਫੜ ਕੇ ਮੰਗਣ ਤੁਰ ਪੇ
ਖੈਰ ਨਾ ਪਾਉਦੀਆਂ ਮਾਈਆਂ,
ਸੱਥ ਵਿੱਚ ਬੈਹ ਕੇ ਬੀਨ ਬਜਾਉਦੇ,
ਚੁਟਕੀ ਚੁਟਕੀ ਲਿਆਈਆਂ,
ਆਹ ਲੈ ਫੜ ਮਿੱਤਰਾਂ,ਬੰਗਾ ਮੇਚ ਨਾ ਆਈਆਂ,
ਆਹ ਲੈ ............

ਜੋਗੀਆਂ ਦੇ ਕੰਨਾ ਵਿੱਚ ਕੱਚ ਦੀਆਂ ਮੁਦਰਾਂ,
ਮੁਦਰਾਂ ਦੇ ਵਿੱਚੋਂ ਤੇਰਾ ਮੁੰਹ ਦਿਸਦਾ,
ਵੇ ਮੈ ਜਿਹੜੇ ਪਾਸੇ ਦੇਖਾਂ,ਮੈਨੂੰ ਤੂੰ ਦਿਸਦਾ,
ਵੇ ਮੈ ਜਿਹੜੇ .......

ਜਦੋਂ ਜਵਾਨੀ ਚੱਲੀ ਸੀ ਵੇ ਜਾਲਮਾ,
ਤੂੰ ਘੁੰਗਰੂ ਮੈ ਟੱਲੀ ਸੀ ਵੇ ਜਾਲਮਾ,
ਤੂੰ ਘੁੰਗਰੂ .........

ਜਦੋਂ ਜਵਾਨੀ ਜੋਰ ਸੀ ਵੇ ਜਾਲਮਾ,
ਤੂੰ ਪਤੰਗ ਮੈ ਡੋਰ ਸੀ ਵੇ ਜਾਲਮਾ,
ਤੂੰ ਪਤੰਗ ..........

ਜਦੋ ਜਵਾਨੀ ਜੋਰ ਸੀ ਵੇ ਜਾਲਮਾ,
ਵੰਝਲੀ ਵਰਗਾ ਬੋਲ ਸੀ ਵੇ ਜਾਲਮਾ,
ਵੰਝਲੀ ..........,

ਜੇਠ ਚੱਲਿਆ ਨੌਕਰੀ ਜਠਾਣੀ ਦਾ ਮੁੰਹ ਬੱਗਾ,
ਨੀ ਜਠਾਣੀਏਂ ਥਾਲ਼ੀ ਵਿੱਚ ਭਬਕਾ ਵੱਜਾ।
ਦੇ`ਰ ਚੱਲਿਆ ਨੌਕਰੀ ਦਰਾਣੀ ਦਾ ਮੁੰਹ ਬੱਗਾ।
ਨੀ ਦਰਾਣੀਏਂ ਹੁਣ ਭਬਕੇ ਦਾ ਪਤਾ ਲੱਗਾ

ਜੇਠ ਜਠਾਣੀ ਮਿੱਟੀ ਲਾਉਦੇ,
ਮੈ ਭਰਦੀ ਸੀ ਪਾਣੀ,
ਨੀ ਮੇਰੀ ਹਾਅ ਲੱਗ ਗਈ,
ਸਿੱਖਰੋ ਡਿੱਗੀ ਜਠਾਣੀ,
ਨੀ ਮੇਰੀ .......

ਜੇਠ ਜਠਾਣੀ ਮਿੱਟੀ ਲਾਉਦੇ,
ਮੈ ਢੋਦੀ ਸੀ ਗਾਰਾ,
ਜੇ ਮੇਰੀ ਹਾਅ ਲੱਗ ਗਈ,
ਸਿੱਖਰੋ ਡਿੱਗੂ ਚੁਬਾਰਾ,
ਜੇ ਮੇਰੀ .........

ਜੇਠ ਜੇਠਾਣੀ ਚਾਹ ਸੀ ਪੀਂਦੇ,
ਪੀਂਦੇ ਪੀਂਦੇ ਲੜਪੇ,
ਨੀ ਫਿਰ ਕੌਲੀ ਗਲਾਸ ਖੜਕੇ,
ਨੀ ਫਿਰ .........

ਜੇ ਕੁੜੀਓ ਥੋਡਾ ਵਿਆਹ ਨਹੀਂ ਹੁੰਦਾ,
ਤੜਕੇ ਉਠ ਕੇ ਨਹਾਇਆ ਕਰੋ,
ਨੀ ਬਿਓਟੀ ਪਾਰਲਰ ਜਾ ਕੇ,
ਪਾਉਡਰ ਕਰੀਮਾਂ ਲਾਇਆ ਕਰੋ,
ਨੀ ਬਿਓਟੀ .........,

ਜੇ ਮੁੰਡਿਆਂ ਤੂੰ ਮੈਨੂੰ ਨੱਚਦੀ ਦੇਖਣਾ,
ਗੜਵਾ ਲੈ ਦੇ ਚਾਂਦੀ ਦਾ ਵੇ,
ਲੱਕ ਹਿਲੇ ਮਜਾਜਣ ਜਾਂਦੀ ਦਾ,
ਲੱਕ .......,

ਅਸਾਂ ਕੁੜੀਏ ਨਾ ਤੇਰੀ ਤੋਰ ਨੀ ਦੇਖਣੀ,
ਅੱਗ ਲਾਉਣਾ ਗੜਵਾ ਚਾਂਦੀ ਦਾ ਨੀ,
ਲੱਕ ਟੁੱਟ ਜੂ ਹੁਲਾਰੇ ਖਾਂਦੀ ਦਾ ਨੀ,
ਲੱਕ ........,

ਜੇ ਮੈ ਹੋਵਾਂ ਮੱਲਣੀ,ਮੱਲਾਂ ਵਾਲੇ ਘੋਲ ਕਰਾਂ,
ਜੇ ਮੈ ......,

ਜੇ ਮਾਮੀ ਤੂੰ ਨੱਚਣ ਨੀ ਜਾਣਦੀ,
ਏਥੇ ਕਾਸ ਨੂੰ ਆਈ,
ਨੀ ਭਰਿਆਂ ਪਤੀਲਾ ਪੀ ਗੀ ਦਾਲ ਦਾ,
ਰੋਟੀਆਂ ਦੀ ਥਈ ਮੁਕਾਈ,
ਨੀ ਜਾ ਕੇ ਆਖੇਗੀ,ਛੱਕਾ ਪੂਰ ਕੇ ਆਈ,
ਨੀ ਜਾ ਕੇ ..........,

ਜਾ ਕੇ ਸੁਨਿਆਰੇ ਕੋਲੋ ਟਿੱਕਾ ਮੈ ਘੜਾਓਦੀ ਆਂ,
ਲਾਉਦੀ ਆ ਮੈ ਸਿਰ ਵਿਚਲੇ ਚੀਰ ਬੀਬੀ ਨਣਦੇ,
ਸਾਡੇ ਨਾ ਪਸੰਦ ਤੇਰਾ ਵੀਰ ਬੀਬੀ ਨਣਦੇ,
ਸਾਡੇ ਨਾ .........,

ਜੇ ਮੁੰਡਿਆਂ ਮੈਨੂੰ ਨੱਚਦੀ ਵੇਖਣਾ,
ਬਾਂਕਾ ਲਿਆ ਦੇ ਭੈਣ ਦੀ ਆਂ,
ਵੇ ਅੱਡੀ ਵੱਜੇ ਤੇ ਧਮਕਾਂ ਪੈਣ ਗੀ ਆਂ,
ਵੇ ਅੱਡੀ .........,

ਜੇ ਮੁੰਡਿਆਂ ਮੈਨੂੰ ਨੱਚਦੀ ਵੇਖਣਾ,
ਸੂਟ ਸਮਾ ਦੇ ਫਿੱਟ ਮੁੰਡਿਆਂ,
ਵੇ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡਿਆਂ,
ਵੇ ਮੇਰੀ ...........,

ਜੇ ਮੁੰਡਿਆਂ ਮੈਨੂੰ ਨੱਚਦੀ ਵੇਖਣਾ,
ਸੂਟ ਸਮਾ ਦੇ ਟਾਇਟ ਮੁੰਡਿਆਂ,
ਵੇ ਮੈ ਤੇਰੇ ਕਮਰੇ ਦੀ ਲਾਇਟ ਮੁੰਡਿਆ,
ਵੇ ਮੈ ......,

ਜੇ ਜੀਜਾ ਸਾਡੇ ਵੰਗਾਂ ਵੇ ਚੜਾਉਨੀਆਂ,
ਵੰਗਾਂ ਚੜਾ ਦੇ ਕਾਲੀਆਂ ਵੇ,
ਅਸੀਂ ਅਸਲ ਮਲੰਗਾਂ ਦੀਆਂ ਸਾਲੀਆਂ ਵੇ,
ਅਸੀਂ ਅਸਲ .........,

ਜੀਜਾ ਮੇਰਾ ਭਤੀਜਾ,
ਪੈਸੇ ਦਿੰਦਾ ਨੀ ਵੰਗਾਂ ਨੂੰ,
ਜੀਜਾ ਮੇਰਾ ......,

ਜੀਜਾ ਲੱਕ ਨੂੰ ਖੁਰਕਦਾ ਆਵੇ,
ਮੇਰੇ ਭਾਦਾ ਪੈਸੇ ਵਾਰਦਾ,
ਜੀਜਾ ਲੱਕ ........,

ਜੀਜਾ ਵਾਰ ਦੇ ਦੁਆਨੀ ਖੋਟੀ,
ਗਿੱਧੇ ਵਿੱਚ ਤੇਰੀ ਸਾਲੀ ਨੱਚਦੀ,
ਜੀਜਾ ਵਾਰ ......,

ਜੀਜਾ ਸਾਲੀ ਤਾਸ਼ ਖੇਡਦੇ,
ਸਾਲੀ ਗਈ ਜਿੱਤ ਵੇ ਜੀਜਾ,
 ਨਹਿਲੇ ਤੇ ਦਹਿਲਾ ਸਿੱਟ ਵੇ ਜੀਜਾ,
ਨਹਿਲੇ ........,

ਤਾਸ਼ ਖੇਡਣਾ ਸਿੱਖ ਵੇ ਜੀਜਾ,
ਤਾਸ਼ ........,

ਜੇ ਮੁੰਡਿਆ ਮੈਨੂੰ ਨੱਚਦੀ ਦੇਖਣਾ
ਧਰਤੀ ਨੂੰ ਕਲੀ ਕਰਾਦੇ,
ਨੱਚੂਗੀ ਸਾਰੀ ਰਾਤ,
ਵੇ ਜਾ ਝਾਂਜਰ ਕੀਤੋ ਲਿਆ ਦੇ,
ਨੱਚੂਗੀ ........,

ਜੇ ਮੁੰਡਿਆ ਵੇ ਮੈਨੂੰ ਨਾਲ ਲਿਜਾਣਾ,
ਮਾਂ ਦਾ ਦਰ ਤੂੰ ਚੱਕ ਮੁੰਡਿਆ,
ਵੇ ਮੈਨੂੰ ਰੇਸ਼ਮੀ ਰੁਮਾਲ ਵਾਗੂੰ ਰੱਖ ਮੁੰਡਿਆ,
ਵੇ ਮੈਨੂੰ .........,

ਜਾਗੋ ਕੱਢਣੀ ਮਾਮੀਏ ਛੱਡ ਨਖਰਾ,
ਦੱਸ ਤੇਰਾ ਮੇਰਾ,ਮੇਰਾ ਤੇਰਾ ਕਿ ਝਗੜਾ,
ਦੱਸ ਤੇਰਾ ......,


ਜਦ ਘਰ ਜਨਮੀ ਧੀ ਵੇ ਨਰੰਜਣਾ,
ਸੋਚੀਂ ਪੈ ਗਏ ਜੀ ਵੇ ਨਰੰਜਣਾ,
ਸੋਚੀਂ ........,

ਜੋਗੀ ਆ ਨੀ ਗਿਆ,
ਫੇਰਾ ਪਾ ਨੀ ਗਿਆ,
ਕੋਈ ਵਿਸ਼ੀਅਰ ਨਾਗ,ਲੜਾ ਨੀ ਗਿਆ,
ਕੋਈ .......,

ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ,
ਮੁੰਦਰਾਂ ਦੇ ਵਿੱਚੋ ਤੇਰਾ ਮੂੰਹ ਦਿਸਦਾ,
ਵੇ ਮੈ ਜਿਹੜੇ ਪਾਸੇ ਦੇਖਾ ਮੈਨੂੰ ਤੂੰ ਦਿਸਦਾ,
ਵੇ ਮੈ .........,

ਜੇ ਤੂੰ ਸੁਨਿਆਰੇ ਕੋਲੋ ਨੱਤੀਆਂ ਕਰਾਉਨੀਆਂ,
ਮੈਨੂੰ ਕਰਵਾ ਦੇ ਗੁੱਟ ਮੁੰਡਿਆਂ,
ਨਹੀਂ ਤਾਂ ਜਾਣਗੇ ਮੁਲਾਜੇ ਟੁੱਟ ਮੁੰਡਿਆਂ,
ਨਹੀਂ ਤਾਂ ..........,

ਜੇ ਤੂੰ ਸੁਨਿਆਰੇ ਕੋਲੋ ਨੱਤੀਆਂ ਕਰਾਉਨੀਆਂ,
ਮੈਨੂੰ ਕਰਵਾ ਦੇ ਛੱਲਾ ਮੁੰਡਿਆਂ,
ਨਹੀਂ ਤਾਂ ਰੋਵੇਂਗਾ ਸਿਆਲ ਵਿੱਚ ਕੱਲਾ ਮੁੰਡਿਆਂ,
ਨਹੀਂ ਤਾਂ ..........,

ਜੇ ਤੂੰ ਸੁਨਿਆਰੇ ਕੋਲੋ ਨੱਤੀਆਂ ਕਰਾਉਨੀਆਂ,
ਮੈਨੂੰ ਕਰਵਾ ਦੇ ਛੱਲੇ ਮੁੰਡਿਆਂ,
ਭਾਵੇਂ ਲਾ ਬੱਠਲਾਂ ਨੂੰ ਥੱਲੇ ਮੁੰਡਿਆਂ,
ਭਾਵੇਂ ਲਾ .........,

ਜੇ ਤੂੰ ਸੁਨਿਆਰੇ ਕੋਲੋ ਨੱਤੀਆਂ ਕਰਾਉਨੀਆਂ,
ਮੈਨੂੰ ਕਰਵਾ ਦੇ ਸੱਗੀ ਮੁੰਡਿਆਂ,
ਵੇ ਤੇਰੇ ਮਗਰ ਫਿਰੁੱਗੀ ਭੱਜੀ ਮੁੰਡਿਆਂ,
ਵੇ ਤੇਰੇ .........,

ਜਾ ਵੇ ਢੋਲਣਾ,ਮੈ ਨੀ ਬੋਲਣਾ,
ਤੇਰੀ ਮੇਰੀ ਬੱਸ,
ਵੇ ਰਾਤੀ ਕਿੱਥੇ ਗਿਆ,ਕਿੱਥੇ ਗਿਆ ਸੀ ਦੱਸ,
ਵੇ ਰਾਤੀ ........,

ਜੱਟੀ ਕੋਟਕਪੂਰੇ ਦੀ,ਤੇ ਬਾਹਮਣ ਅੰਮਿਰਤਸਰ ਦਾ,
ਜੱਟੀ ਪਕਾਵੇ ਰੋਟੀਆਂ ਤੇ ਬਾਹਮਣ ਪੇੜੇ ਕਰਦਾ,
ਉਧਰੋ ਆ ਗਿਆ ਦਿਉਰ ਜੱਟੀ ਦਾ,ਸੰਲਗ ਹੱਥਾਂ ਚ ਫੜਦਾ,
ਵੇ ਨਾ ਮਾਰੀ ਨਾ ਮਾਰੀ ਦਿਓਰਾ,ਬਾਹਮਣ ਆਪਣੇ ਘਰ ਦਾ,
ਵੇ ਕੱਚੀਆਂ ਕੈਲਾਂ ਨੂੰ ਜੀ ਸਭਨਾਂ ਦਾ ਕਰਦਾ,
ਵੇ ਕੱਚੀਆਂ .......,

ਜਿੱਥੇ ਜੈ ਕੁਰੇ ਤੂੰ ਬਹਿ ਜਾਵੇ,
 ਹੋਜੇ ਚਾਨਣ ਚਾਰ ਚੁਫੇਰੇ,
ਨੀ ਸਾਲ ਸੋਲਵਾਂ ਚੜੀ ਜਵਾਨੀ,
ਬਸ ਨਹੀਂ ਕੁਝ ਤੇਰੇ,
ਨੀ ਮਹਿ ਏਦੇ ਨੂੰ ਘੱਲੋ ਸੁਨੇਹਾ,
ਲੈ ਜੇ ਏਹਨੂੰ ਆ ਕੇ,
ਜੇ ਇਹ ਮੁਕਰ ਗਈ,
ਮਰਜੁਗਾ ਗੂੜ ਖਾ ਕੇ,
ਜੇ ਇਹ .......,

ਜਾਂ ਤੂੰ ਦਿਉਰਾਂ ਅੱਡ ਵੇ ਹੋਜਾ,
ਨਹੀਂ ਤਾਂ ਕੱਢ ਲਾ ਕੰਧ ਵੇ,
ਮੈ ਬੁਰੀ ਕਰੁਂਗੀ,ਆਕੜ ਕੇ ਨਾ ਲੰਘ ਵੇ,
ਮੈ ਬੁਰੀ ...........,
 

[ਸੋਧੋ]

ਝਿਉਰਾਂ ਦੀ ਕੁੜੀ ਦੇ ਨਾਲ ਤੇਰੀ ਲੱਗੀ ਵੇ ਦੋਸਤੀ,
ਆਉਦਾ ਜਾਂਦਾ ਚੱਬ ਦਾਣੇ,
ਵੇ ਬਸ਼ਰਮਾ ਤੈਨੂੰ ਜੱਗ ਜਾਣੇ,
ਵੇ ਬਸ਼ਰਮਾ .......

ਝਿਉਰਾਂ ਦੀ ਕੁੜੀ ਦੇ ਨਾਲ ਤੇਰੀ ਲੱਗੀ ਵੇ ਦੋਸਤੀ,
ਆਉਦਾ ਜਾਂਦਾ ਚੱਬ ਛੱਲੀਆਂ,
ਵੇ ਬਸ਼ਰਮਾ ਤੈਨੂੰ ਛੱਡ ਚੱਲੀਆਂ,
ਵੇ ਬਸ਼ਰਮਾ ..........

ਝਾਂਵਾ ਝਾਂਵਾ ਝਾਂਵਾ,
ਉਡੀਕਾ ਵੀਰ ਦੀਆਂ,
ਦੁੱਧ ਨੂੰ ਜਾਗ ਨਾ ਲਾਵਾ,
ਉਡੀਕਾ ਵੀਰ .......

ਝਾਂਵਾ ਝਾਂਵਾ ਝਾਂਵਾ,
ਖੂੰਹ ਵਿੱਚ ਕੋਇਲ ਪਈ,
ਚੁੱਕ ਲੈ ਕਾਲਿਆਂ ਕਾਂਵਾ,
ਖੂੰਹ ਵਿੱਚ,

ਝਾਂਵਾ ਝਾਂਵਾ ਝਾਂਵਾ,
ਬਹਿ ਕੇ ਪਟੜੇ ਤੇ,
ਵੈਣ ਬੁੜੇ ਦੇ ਪਾਂਵਾ,
ਬਹਿ ਕੇ .........

ਝੋਨੇ ਵਾਲੇ ਪਿੰਡੀ ਨਾ ਵਿਆਹੀ ਮੇਰੇ ਬਾਬਲਾ,
ਉਹ ਤਾਂ ਹੱਥ ਵਿੱਚ ਗੁਛੀਆਂ ਫੜਾ ਦੇਣਗੇ,
ਸਾਨੂੰ ਝੋਨਾ ਲਾਉਣ ਲਾ ਦੇਣਗੇ,
ਸਾਨੂੰ ਝੋਨਾ ..........,

[ਸੋਧੋ]

ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਨੌਕਰ ਨਾ ਜਾਈ ਵੇ,
ਨੌਕਰ ਜਾਣ ਕੁਆਰੇ,
ਨੌਕਰ ਨਾ .....

ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਕੁਤਰਾ ਕਰਦੇ ਨੂੰ, ਤੇਲਣ ਅੱਖੀਆਂ ਮਾਰੇ,
ਕੁਤਰਾ ...........

ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਕੁਤਰਾ ਮੈ ਕਰਲੂ,ਤੂੰ ਜਾ ਤੇਲਣ ਦੇ ਨਾਲੇ,
ਕੁਤਰਾ .........


ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਵੇ ਤੂੰ ਕਿੱਧਰ ਗਿਆ,
ਜੇਠ ਸੈਨਤਾਂ ਮਾਰੇ,
ਵੇ ਤੂੰ ......,

ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਨੀ ਮੈ ਅੰਦਰ ਪਿਆ,
ਤੂੰ ਸਹਿ ਲੈ ਮੇਰੀਏ ਨਾਰੇ,
ਨੀ ਮੈ ....,


ਟੁੱਟੀ ਮੰਜੀ ਜੇਠ ਦੇ,
ਪਹਿਲਾ ਹੀ ਪੈਰ ਧਰਿਆ, ਨੀ ਮਾਂ ਮੇਰੇ ਏਥੇ,
ਏਥੇ ਹੀ ਠੂੰਹਾਂ ਲੜਿਆਂ, ਨੀ ਮਾਂ ਮੇਰੇ ........

ਟੱਲ,
ਬੁੜੀ ਨੂੰ ਭੌਕਣ ਦੇ, ਮੇਲਾ ਦੇਖਣ ਚੱਲ,
ਬੁੜੀ ਨੂੰ .....

ਟੱਲੀ,
ਨੀ ਮਾਂ ਦੀ ਕਮਲੀ ਸੌਹਰੇ ਚੱਲੀ,
ਨੀ ਮਾਂ .......,

ਟੱਲੀਆਂ ਟੱਲੀਆਂ ਟੱਲੀਆਂ,
ਸਾਨੂੰ ਦੇਖ ਲੋ ਭੈਣੋ,
ਅਸੀਂ ਨੱਚ ਚੱਲੀਆਂ,
ਸਾਨੂੰ ......,

ਟਾਡੇਂ ਟਾਡੇਂ ਵਿਦਿਆ ਪੜ੍ਹਾ ਦੇ ਬਾਬਾਲਾ ਭਾਵੇਂ ਦੇਵੀ ਨਾ ਦਾਜ਼ ਵਿੱਚ ਭਾਡੇਂ ਵਿਦਿਆ .......,

[ਸੋਧੋ]


ਠੰਡੇ ਨੀ ਪੈੜੇ ਵਾਲੀਏ,
ਤੂੰ ਝੱਟ ਕੁ ਮਗਰੋਂ ਆਈ,
ਠੰਡੇ ਨੀ ......,

ਠੰਡੀ ਬੋਹੜ ਦੀ ਛਾਵੇ,ਨੀ ਮੈ ਚਰਖਾ ਡਾਹ ਲਿਆ,
ਬਾਹਰੋ ਆਈ ਸੱਸ,ਨੀ ਉਹਨੇ ਆਢਾ ਲਾ ਲਿਆ,
ਨੀ ਜਦ ਮੈ ਗੱਲ ਮਾਹੀ ਨੂੰ ਦੱਸੀ,
ਨੀ ਉਹਨੇ ਭੰਨਤੀ ਮੇਰੀ ਵੱਖੀ,
ਨੀ ਓਹਨੇ .........,

[ਸੋਧੋ]


ਡੋਲ,
ਬਣਾ ਵਿੱਚ ਆ ਜਾਈ ਵੇ,
ਸੁਣ ਕੇ ਮੇਰਾ ਬੋਲ,
ਬਣਾ ਵਿੱਚ .......,

ਡੱਬੀ,
ਬਣਾ ਵਿੱਚ ਆਇਆ ਸੀ,
ਤੂੰ ਨਾ ਮੈਨੂੰ ਲੱਭੀ,
ਬਣਾ ਵਿੱਚ .....,

ਡੰਡੀਆਂ ਕਰਾਦੇ ਹਾਣੀਆਂ,
ਵੇ ਮੈ ਮੇਲਾ ਵੇਖਣ ਜਾਣਾ,
ਡੰਡੀਆਂ ਕਰਾਦੇ .....,

ਡਾਅ ਚਰਖਾ ਮੈ ਕੱਤਣ ਲੱਗੀ,
ਪੂਣੀ ਲੈ ਗਿਆ ਕਾਂ,
ਵੇ ਕਾਵਾਂ ਕਾਵਾਂ ਪੂਣੀ ਦੇ ਜਾ,
ਲੈ ਕੇ ਰੱਬ ਦਾ ਨਾਂ,
ਪੂਣੀ ਦੇ ਜਾ ਵੇ,
ਮੈ ਬੁਲਬੁਲ ਤੂੰ ਕਾਂ,
ਪੂਣੀ ......,

ਡੋਈ ਕੁੜੀਉ,
ਨੀ ਮੈ ਉਤਲੇ ਚੁਬਾਰੇ ਅੱਡ ਹੋਈ ਕੁੜੀਓ,
ਨੀ ਮੈ ........,

[ਸੋਧੋ]


ਤੇਰੇ ਜਿਹੇ ਨੂੰ ਵੇ ਮੈ ਟਿੱਚ ਨਾ ਜਾਣਦੀ,
ਤੇਰਾ ਮੇਰਾ ਨਾ ਕੋਈ ਮੇਚ ਮੁੰਡਿਆਂ,
ਤੇਨੂੰ ਮੋਗੇ ਦੀ ਮੰਡੀ ਚ ਆਵਾ ਵੇਚ ਮੁੰਡਿਆਂ,
ਤੈਨੂੰ ਮੋਗੇ ..........,

ਤੇਰੀ ਮੇਰੀ ਲੱਗੀ ਨੂੰ ਜਹਾਨ ਸਾਰਾ ਜਾਣਦਾ,
ਐਵੇ ਫਿਰੇ ਵੇ ਤੰਬੂ ਕਾਗਜਾਂ ਦੇ ਤਾਣਦਾ,
ਐਵੇ ਫਿਰੇ .....,

ਤੇਰੇ ਮਾਰਾ ਚੜਿਆ ਕਿੱਕਰ ਤੇ,
ਤੂੰ ਦਾਤਣ ਨਾ ਕੀਤੀ,
ਨੀ ਪਾਸਾ ਵੱਟ ਕੇ ਲੰਘ ਗਈ ਕੋਲ ਦੀ,
ਸਾਡੀ ਸੀ ਘੁੱਟ ਪੀਤੀ,
ਲਾ ਕੇ ਤੋੜ ਗਈ,ਯਾਰਾ ਨਾਲ ਪਰੀਤੀ,
ਲਾ ਕੇ ........,

ਤੇਰੇ ਮਾਰਾ ਚੜਿਆ ਕਿੱਕਰ ਤੇ,
ਤੂੰ ਦਾਤਣ ਨਾ ਕੀਤੀ,
ਨੀ ਪਾਸਾ ਵੱਟ ਕੇ ਲੰਘ ਗਈ ਕੋਲ ਦੀ,
ਸਾਡੀ ਸੀ ਘੁੱਟ ਪੀਤੀ,
ਨੀ ਤੈ ਪ੍ਰਦੇਸੀ ਨਾ, ਜੱਗੋ ਤੇਰਵੀਂ ਕੀਤੀ,
ਨੀ ਤੈ ........,

ਤਰ ਵੇ ਤਰ ਵੇ ਤਰ ਵੇ,
ਮੇਰਾ ਮਾਝੇ ਸਾਕ ਨਾ ਕਰ ਵੇ,
ਮਾਝੇ ਦੇ ਜੱਟ ਬੁਰੇ ਸੁਣੀਦੇ,
ਉਠਾਂ ਨੂੰ ਪਾਉਦੇ ਖਲ ਵੇ,
ਖਲ ਤਾਂ ਮੈਥੋ ਕੁੱਟੀ ਨਾ ਜਾਵੇ,
ਗੁੱਤੋਂ ਲੈਦੇ ਫੜ ਵੇ,
ਮੇਰਾ ਉੱਡੇ ਡੋਰੀਆਂ,
ਮਹਿਲਾਂ ਵਾਲੇ ਘਰ ਵੇ,
ਮੇਰਾ ਉੱਡੇ.........,

ਤਾਰਾਂ ਤਾਰਾਂ ਤਾਰਾਂ ਨੀ,
ਚੁੱਪ ਚੁੱਪ ਕਿਉ ਫਿਰਨ ਸਰਕਾਰਾਂ ਨੀ,
ਚੁੱਪ ਚੁੱਪ ..........,

ਤੇਰੀ ਮਾਂ ਬੜੀ ਕੁਪੱਤੀ,
ਸਾਨੂੰ ਪਾਉਣ ਨਾ ਦੇਵੇ ਜੁੱਤੀ,
ਮੈ ਵੀ ਜੁੱਤੀ ਪਾਉਨੀ ਆ,
ਮੁੰਡਿਆਂ ਰਾਜੀ ਰਹਿ ਜਾ ਗੁੱਸੇ,
ਤੇਰੀ ਮਾਂ ਬੜਕਾਉਨੀ ਆ,
ਮੁੰਡਿਆਂ ਰਾਜੀ ........,

ਤਿੱਖਾ ਨੱਕ ਲਹੋਰੀ ਕੋਕਾ,
ਝੁਮਕੇ ਲੈਣ ਹੁਲਾਰੇ,
ਨੱਚਦੀ ਮੇਲਣ ਦੇ,
ਪੈਦੇ ਨੇ ਚਮਕਾਰੇ,
ਨੱਚਦੀ .......,

ਤਿੰਨਾਂ ਦਿਨਾ ਦੀ ਮੇਰੀ ਤਿੰਨ ਪਾ ਮੱਖਣੀ,
ਖਾ ਗਿਆ ਟੁੱਕ ਤੇ ਧਰ ਕੇ,
ਨੀ ਲੋਕੀ ਆਖਣ ਮਾੜਾ ਮਾੜਾ,
ਮੈ ਵੇਖਿਆ ਸੀ ਮਰ ਕੇ,
ਫੁੱਲ ਵੇ ਗੁਲਾਬ ਦਿਆ,
ਆਜਾ ਨਦੀ ਵਿੱਚ ਤਰ ਕੇ,
ਫੁੱਲ ਵੇ ........,

ਤੱਤਾ ਪਾਣੀ ਕਰਦੇ ਗੋਰੀਏ,
ਧਰ ਦੇ ਬਾਲਟੀ ਭਰ ਕੇ,
ਅਟਣ ਬਟਨ ਦਾ ਸਾਬਣ ਧਰ ਦੇ,
ਧਰ ਦੇ ਤੇਲ ਦੀ ਸ਼ੀਸ਼ੀ,
ਨੀ ਹੁਣ ਤੂੰ ਹੋ ਤੱਕੜੀ,
ਦਾਰੂ ਭੌਰ ਨੇ ਪੀਤੀ,
ਨੀ ਹੁਣ .......,

ਤੇਲੀਆਂ ਦੇ ਘਰ ਚੋਰੀ ਹੋ ਗਈ,
ਚੋਰੀ ਹੋ ਗਈ ਰੂੰ,
ਵੇ ਜਾਏ ਵੱਢੀ ਦਿਆ,
ਵਿੱਚੇ ਸੁਣੀਦਾ ਤੂੰ,
ਵੇ ਜਾਏ .....,

ਤੀਆਂ ਦੇ ਵਿੱਚ ਨੱਚੀ ਜੱਟੀ,
ਨੱਚੀ ਲਲਕਾਰ ਕੇ,
ਚੜਦੀ ਜਵਾਨੀ,ਨੱਚੀ ਅੱਡੀ ਮਾਰ ਮਾਰ ਕੇ,
ਚੜਦੀ ........,

ਤੋੜਣ ਗਈ ਸਾ ਫਲੀਆਂ,ਤੇ ਤੋੜ ਲਿਆਈ ਭੂਕਾਂ,
ਮੈ ਪੇਕੇ ਸੁਣਦੀ ਸਾਂ,ਸੱਸੇ ਤੇਰੀਆਂ ਕਰਤੂਤਾਂ,
ਮੈ ਪੇਕੇ ..........,

ਤੂੰ ਨੱਚ,ਤੂੰ ਨੱਚ,ਕੁੜੀ ਦੀ ਮਾਸੀ,
ਲਗੀਆਂ ਦਾ ਲਾਗ ਦੁਆ ਦੇ,
ਜੇ ਤੇਰੇ ਕੋਲ ਪੈਸਾ ਹੈ ਨੀ,
ਘੱਗਰੀ ਦੀ ਵੇਲ ਕਰਾ ਦੇ,

ਤੈ ਘਰ ਜੰਮਿਆ ਪੁੱਤ ਵੇ ਨਰਿੰਜਣਾ,
ਹੁਣ ਖੁਸ਼ੀਆਂ ਦੀ ਰੁੱਤ ਵੇ ਨਰਿੰਜਣਾ,
ਹੁਣ .....,

ਤੈ ਘਰ ਜੰਮਿਆ ਪੁੱਤ ਵੇ ਨਰਿੰਜਣਾ,
ਹੁਣ ਦਾਰੂ ਦੀ ਰੁੱਤ ਵੇ ਨਰਿੰਜਣਾ,
ਹੁਣ ........,

ਤੈ ਘਰ ਜੰਮਿਆ ਪੁੱਤ ਵੇ ਨਰਿੰਜਣਾ,
ਦੱਬੀਆਂ ਬੋਤਲਾਂ ਪੁੱਟ ਵੇ ਨਰਿੰਜਣਾ,
ਦੱਬੀਆਂ ......,

ਤੈ ਘਰ ਜੰਮਿਆ ਪੁੱਤ ਵੇ ਨਰਿੰਜਣਾ,
ਠੇਕੇ ਬਹਿ ਕੇ ਬੁੱਕ ਵੇ ਨਰਿੰਜਣਾ,
ਠੇਕੇ .........,

ਤਰ ਵੇ ਤਰ ਵੇ ਤਰ ਵੇ,
ਤੂੰ ਮਿੰਨਾ ਸੁਣੀਦਾ,
ਮੈ ਇੰਲਤਾ ਦੀ ਜੜ ਵੇ,
ਤੂੰ ਮਿੰਨਾ .......,

 

[ਸੋਧੋ]


ਥਾਲੀ ਉੱਤੇ ਥਾਲੀ,
ਥਾਲੀ ਉੱਤੇ ਛੰਨਾ,
ਘੜਾ ਦੰਦਾ ਨਾਲ ਚੁੱਕੇ,
ਤੈਨੂੰ ਤਾਂ ਮਜਾਜਣ ਮੰਨਾ,
ਘੜਾ .........,

 
ਥਾਲੀ ਉੱਤੇ ਥਾਲੀ,
ਥਾਲੀ ਉੱਤੇ ਛੰਨਾ ਜਾਲਮਾ,
ਵੇ ਮੈ ਰੁੱਸੀ ਕਦੇ ਨਾ ਮੰਨਾ ਜਾਲਮਾ,
ਵੇ ਮੈ ......,

[ਸੋਧੋ]


ਦੋ ਛੜਿਆਂ ਦੀ ਇੱਕ ਢੋਲਕੀ,
ਰੋਜ ਸਵੇਰੇ ਖੜਕੇ,
ਨੀ ਮੇਲਾ ਛੜਿਆਂ ਦਾ,
ਦੇਖ ਚੁਬਾਰੇ ਚੜਕੇ,
ਨੀ ਮੇਲਾ ..........,

ਦਰਾਣੀ ਦੁੱਧ ਰਿੜਕੇ,
ਜਠਾਣੀ ਦੁੱਧ ਰਿੜਕੇ,
ਮੈ ਲੈਦੀ ਸਾਂ ਵਿੜਕਾ ਵੇ,
ਸਿੰਘਾਂ ਲਿਆ ਬੱਕਰੀ,
ਦੁੱਧ ਰਿੜਕਾ ਵੇ,
ਸਿੰਘਾਂ ਲਿਆ ......,

ਦਿਉਰ ਦਰਾਣੀ ਚਾਹ ਸੀ ਪੀਂਦੇ,
ਪੀਂਦੇ ਪੀਂਦੇ ਲੜਪੇ,
ਨੀ ਫਿਰ ਕੌਲੀ ਗਲਾਸ ਖੜਕੇ,
ਨੀ ਫਿਰ .......,

[ਸੋਧੋ]


ਧਾਈਆਂ ਧਾਈਆਂ ਧਾਈਆਂ,
ਅਨਪੜ੍ਹ ਮਾਪਿਆਂ ਨੇ ਧੀਆਂ ਪੜਨ ਸਕੂਲੇ ਪਾਈਆਂ,
ਫੱਟੀ ਬਸਤਾ ਰੱਖਤਾ ਮੇਜ ਤੇ,
ਕੱਪੜੇ ਧੋਣ ਨਹਿਰ ਤੇ ਆਈਆਂ,
ਨਹਿਰ ਵਾਲੇ ਬਾਬੂ ਨੇ,
ਫਿਰ ਸਿਟੀ ਮਾਰ ਬੁਲਾਈਆਂ,
ਛੱਡ ਦੇ ਬਾਂਹ ਬਾਬੂ,
ਅਸੀਂ ਨਾ ਮੰਗੀਆਂ ਨਾ ਵਿਆਹੀਆਂ,
ਛੱਡ ਦੇ ............,

ਧੱਫਾ ਨਹੀਓ ਮਾਰਦਾ,
ਮੁੱਕਾ ਨਹੀਓ ਮਾਰਦਾ,
ਮਾਰਦਾ ਪੰਜਾਲੀ ਵਾਲਾ ਹੱਥਾ,
ਪੰਜਾਲੀ ਟੁੱਟ ਜਾਓਗੀ,
ਮੂਰਖਾ ਵੇ ਜੱਟਾ,
ਪੰਜਾਲੀ ਟੁੱਟ ......,

ਧੇਲੇ ਦੀ ਮੈ ਰੂੰ ਕਰਾਈ,
ਉਹ ਵੀ ਚੜਗੀ ਛੱਤੇ,
ਦੇਖੋ ਨੀ ਮੇਰੇ ਹਾਣ ਦੀਓ,
ਮੇਰਾ ਜੇਠ ਪੂਣੀਆਂ ਵੱਟੇ,
ਦੇਖੋ ਨੀ ਮੇਰੇ .......,

ਧੇਲੇ ਦੀ ਮੈ ਰੂੰ ਕਰਾਈ,
ਉਹ ਵੀ ਚੜਗੀ ਛੱਤੇ,
ਦੇਖੋ ਨੀ ਮੇਰੇ ਹਾਣ ਦੀਓ,
ਮੇਰਾ ਜੇਠ ਪੂਣੀਆਂ ਕੱਤੇ,
ਦੇਖੋ ਨੀ ........,

ਧੀਆਂ ਵਾਲਾ ਜੇਠ,
ਪੁੱਤਾਂ ਵਾਲਾ ਜੇਠ,
ਆ ਗਿਆ ਨੀ,ਸੁਹਾਗੇ ਹੇਠ,
ਆ ਗਿਆ ......,

ਧੀਆਂ ਵਾਲਾ ਜੇਠ,
ਪੁੱਤਾਂ ਵਾਲਾ ਜੇਠ,
ਮੈਨੂੰ ਆਂਹਦਾ,ਤੂੰ ਮੇਰੇ ਵੱਲ ਵੇਖ,
ਮੈਨੂੰ ਆਂਹਦਾ ....,

ਧਾਈਏ, ਧਾਈਏ, ਧਾਈਏ,
ਧਰਤੀ ਪੱਟ ਸੁਟੀਏ,
ਜਿੱਥੇ ਅਸੀਂ ਮੇਲਣਾ ਜਾਈਏ,
ਧਰਤੀ ਪੱਟ ......,

ਧਾਵੇ ਧਾਵੇ ਧਾਵੇ,
ਰਾਹ ਪਟਿਆਲੇ ਦੇ, ਮੁੰਡਾ ਪੜ੍ਹਨ ਸਕੂਲੇ ਜਾਵੇ,
ਰਾਹ ਵਿੱਚ ਕੁੜੀ ਟੱਕਰੀ,ਮੁੰਡਾ ਦਿਲ ਦਾ ਹਾਲ ਸੁਣਾਵੇ,
ਜਦ ਮੁੰਡਾ ਫੇਲ ਹੋ ਗਿਆ,ਫਿਰ ਕੁੜੀ ਨੂੰ ਸੈਨਤਾਂ ਮਾਰੇ,
ਫੇਲ ਕਰਾਤਾਂ ਨੀ ਤੈ ਲੰਮੀਏ ਮੁਟਿਆਰੇ,ਫੇਲ ਕਰਾਤਾਂ ......

[ਸੋਧੋ]

ਨੱਚ ਨੱਚ ਨੱਚ,ਨੀ ਤੂੰ ਹੋਲੀ ਹੋਲੀ ਨੱਚ,

ਡਿੱਗ ਪਵੇ ਨਾ ਗੁਆਂਢੀਆਂ ਦੀ ਕੰਧ ਬੱਲੀਏ,

ਤੇਰਾ ਗਿੱਧਾ ਸਾਰੇ ਲੋਕਾਂ ਨੂੰ ਪਸੰਦ ਬੱਲੀਏ,

ਤੇਰਾ ਗਿੱਧਾ ...........


ਨੱਚਦਾ ਪਟੋਲਾ ਮੈਨੂੰ ਬੜਾ ਸੋਹਣਾ ਲੱਗਦਾ,

ਭੋਰਾ ਨਾ ਲਾਉਦਾ ਫੁਰਤੀ,

ਨੀ ਇਸ ਪਟੋਲੇ ਨੂੰ ਸਾਫ਼ੇ ਨਾਲ ਦੀ ਕੁੜਤੀ,

ਨੀ ਇਸ ਪਟੋਲੇ .........

ਨੱਚਣ ਜਾਣਦੀ ਗਾਉਣ ਜਾਣਦੀ,ਮੈ ਨਾ ਕਿਸੇ ਤੋਂ ਹਾਰੀ,

ਨੀ ਉਧਰੋ ਰੁਮਾਲ ਹਿੱਲਿਆ,ਮੇਰੀ ਇੱਧਰੋ ਹਿੱਲੀ ਫੁਲਕਾਰੀ,ਨੀ ਉਧਰੋ .......

ਨੱਕ ਵਿੱਚ ਤੇਰੇ ਲੌਂਗ ਤੇ ਮੱਛਲੀ,ਮੱਥੇ ਚਮਕੇ ਟਿੱਕਾ,

ਨੀ ਤੇਰੇ ਮੁਹਰੇ ਚੰਨ ਅੰਬਰਾਂ ਦਾ,

ਲੱਗਦਾ ਫਿੱਕਾ ਫਿੱਕਾ,

ਨੀ ਹੱਥੀਂ ਤੇਰੇ ਛਾਪਾ ਛੱਲੇ,

ਬਾਂਹੀ ਚੂੜਾ ਛਣਕੇ,

ਨੀ ਫਿਰ ਕਦੋ ਨੱਚੇਗੀ,

ਨੱਚ ਲੈ ਪਟੋਲਾ ਬਣਕੇ,ਨੀ ਫਿਰ.......,

ਨਿੱਕੀ ਹੁੰਦੀ ਮੈ ਰਹਿੰਦੀ ਨਾਨਕੀ ਖਾਂਦੀ ਦੁੱਧ ਮਲਾਈਆਂ,

ਨੀ ਤੁਰਦੀ ਦਾ ਲੱਕ ਝੂਟੇ ਖਾਦਾਂ ਪੈਰੀ ਝਾਂਜਰਾ ਪਾਈਆਂ,

ਗਿੱਧੇ ਵਿੱਚ ਨੱਚਦੀ ਦਾ ਦੇਵੇ ਰੂਪ ਦੁਹਾਈਆ,

ਗਿੱਧੇ ਵਿੱਚ........


ਨਾਨਕੀ ਛੱਕ ਵਿੱਚ ਆਈਆਂ ਮੇਲਣਾ

ਵੱਡਿਆ ਘਰਾਂ ਦੀਆਂ ਜਾਈਆਂ,

ਨੀ ਰੰਗ ਬਰੰਗੇ ਲਿਸ਼ਕਣ ਲਹਿੰਗੇ,

ਪੈਰੀ ਝਾਂਜਰਾਂ ਪਾਈਆਂ,

ਜਿੱਧਰ ਜਾਵਨ ਧੂੜ ਉਡਾਵਣ,

ਕੀ ਇਹਨਾਂ ਦੇ ਕਹਿਣੇ,

ਨੀ ਤੂੰ ਹਾਰੀ ਨਾ,

ਹਾਰੀ ਨਾ ਮਲਵੇਨੇ, ਨੀ ਤੂੰ......,

[ਸੋਧੋ]

ਪਾਵੇ ਪਾਵੇ ਪਾਵੇ....

ਨੀ ਤੂੰ ਹੀ ਸਾਨੂੰ ਸੋਹਣੀ ਲਗਦੀ

ਹੋਰ ਮੇਚ ਨਾ ਆਵੇ

ਮੈ ਜਨਮ ਜਨਮ ਵਿੱਚ ਪਾਵਾ ਤੈਨੂੰ

ਨੀ ਜੇਕਰ ਮਾਲਿਕ ਚਾਹਵੇ

ਆ ਜਾ ਨੀ ਵਟਾਲੈ ਦਿਲ ਨੂੰ

ਬਹਿ ਪਿੱਪਲਾ ਦੀ ਛਾਵੇ

ਆਜਾ ਨੀ ਵਟਾਲੈ ਦਿਲ ਨੂੰ

ਹਵਾਲੇ[ਸੋਧੋ]

  1. ਭਾਗ, ਸਿੰਘ (1998). ਬੋਲੀਆਂ ਪੰਜਾਬ ਦੀਆਂ. ਜਲੰਧਰ: ਸਵੇਰਾ ਪ੍ਰਕਾਸ਼ਨ. 
  2. ਭਾਗ, ਸਿੰਘ (1998). ਬੋਲੀਆਂ ਪੰਜਾਬ ਦੀਆਂ. ਜਲੰਧਰ: ਸਵੇਰਾ ਪ੍ਰਕਾਸ਼ਨ. 
  3. ਮਨਿੰਦਰ ਜੀਤ ਕੌਰ, ਹੇਰ (2004). ਲੌਂਗ ਬੋਲੀਆਂ ਪਾਵੇ. ਲਾਹੌਰ ਬੁੱਕ ਸ਼ਾਪ. ISBN 81-7647-142-9. 
  4. ਬਿਕਰਮ ਸਿੰਘ, ਘੁੱਮਣ. ਪੰਜਾਬੀ ਲੋਕ ਕਾਵਿ. ਲੁਧਿਆਣਾ: ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ ਲੁਧਿਆਣਾ. 
  5. ਡਾ. ਨਾਹਰ, ਸਿੰਘ (1983). ਲੋਕ-ਕਾਵਿ ਦੀ ਸਿਰਜਨ- ਪ੍ਰਕਿਰਿਆ.