ਪੰਜਾਬੀ ਲੋਕ ਸਾਹਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੋਕ ਸਾਹਿਤ[ਸੋਧੋ]

ਲੋਕ ਸਾਹਿਤ ਬਾਰੇ ਦੱਸਣ ਤੋਂ ਪਹਿਲਾਂ ਮੈਂ ਦੱਸਣਾਂ ਚਾਹੁੰਦਾ ਹਾਂ ਕਿ ਸਾਹਿਤ ਕੀ ਹੈ। ਸਾਹਿਤ, ਜੋ ਕਿ ਇੱਕ ਲੰਬੀ ਅਵਧੀ, ਇਸ ਦੇ ਨਿੱਤ ਬਦਲਦੇ ਸਰੂਪ, ਇਸ ਦੇ ਕਾਰਜ ਖੇਤਰ ਦੀ ਵਿਸ਼ਾਲਤਾ ਤੇ ਅਨਿਸ਼ਚਿਤਤਾ, ਇਸ ਦੀ ਪਰੰਪਰਾ ਦੀ ਨਿਰੰਤਰਤਾ, ਇਸ ਦੀ ਰੁਪਾਂਤਰਨ ਗਤੀ ਕਾਰਨ ਇੱਕ ਨਿਸ਼ਚਿਤ ਪਰਿਭਾਸ਼ਾ ਦੇਣਾ ਬਹੁਤ ਹੀ ਕਠਿਨ ਹੈ।

ਪੂਰਬ ਤੇ ਪੱਛਮ ਦੇ ਅਨੇਕ ਵਿਦਵਾਨਾਂ ਨੇ ਸਾਹਿਤ ਨੂੰ ਪਰਿਭਾਸ਼ਤ ਕਰਨ ਦੇ ਯਤਨ ਕੀਤੇ ਹਨ। ਪੱਛਮੀ ਚਿੰਤਕਾਂ ਵਿੱਚੋਂ ਸੀ.ਡੇ. ਲੇਵਿਸ ਨੇ ਸਾਹਿਤ ਨੂੰ ਸੱਚ ਦੀ ਖੋਜ ਦਾ ਸਾਧਨ ਆਖਿਆ ਹੈ। ਡਾਕਟਰ ਜਾਨਸਨ ਅਨੁਸਾਰ ਸਾਹਿਤ ਵਿਚਾਰਾਂ ਤੇ ਭਾਵਾਂ ਦੇ ਸੰਯੋਗ ਦੁਆਰਾ ‘ਸਤਿ’ ਤੇ ‘ਆਨੰਦ’ ਨੂੰ ਸੁਮੇਲਣ ਦੀ ਕਲਾ ਹੈ। ਰਾਬਰਟ ਉਵਨ ਸਾਹਿਤ ਨੂੰ ਮਨੁੱਖ ਦੀਆਂ ਸਰਵਉਚ ਪੇ੍ਰਰਨਾਵਾਂ ਦੀ ਅਖੁਟ ਨਿਧੀ ਕਹਿੰਦਾ ਹੈ।

ਕਾਰਲਾਈਲ ਦੇ ਕਥਨ ਅਨੁਸਾਰ ਸਾਹਿਤ ਉਹ ਸਰਵ ਸ੍ਰੇਸ਼ਟ ਸਤਿ ਹੈ ਜਿਹੜਾ ਕਦੀ ਮਨੁੱਖੀ ਮਨ ਵਿੱਚ ਉਜਾਗਰ ਹੋ ਸਕਦਾ ਹੈ। ਗੋਰਕੀ ਨੇ ਸਾਹਿਤ ਨੂੰ ਮਾਨਵਤਾ ਦਾ ਦਿਲ ਘੋਸ਼ਿਤ ਕੀਤਾ ਹੈ, ਅੰਗਰੇਜੀ ਭਾਸ਼ਾ ਦੇ ਸੁਪ੍ਰਸਿਧ ਸ਼ਬਦ ਕੋਸ਼ਾ ਵੈਬਸਟਰਜ਼ ਅਤੇ ਆਕਸਫਰਡ ਵਿੱਚ ਸਾਹਿਤ ਦਾ ਅਰਥ ਉਹ ਲਿਖਤਾਂ ਕੀਤਾ ਗਿਆ ਹੈ ਜੋ ਆਪਣੇ ਰੂਪ ਵਿਧਾਨ ਜਾਂ ਭਾਵ ਉਤੇਜਨਾਂ ਦੇ ਸੁਹਜ ਕਾਰਨ ਮੱਹਤਵਸ਼ੀਲ ਹੁੰਦੀਆਂ ਹਨ।

ਭਾਰਤ ਦੀ ਪ੍ਰਾਚੀਨ ਚਿੰਤਨ ਪ੍ਰਣਾਲੀ ਅਨੁਸਾਰ ਉਸ ਕਲਾ ਰੂਪ ਨੂੰ ਜਿਸ ਨੂੰ ਅੱਜ ਅਸੀਂ ਸਾਹਿਤ ਦਾ ਨਾਂ ਦੇਦੇ ਹਾਂ। ਕਾਵਿ ਆਖਿਆ ਜਾਂਦਾ ਸੀ। ਭਾਮਯ ਅਨੁਸਾਰ ਸ਼ਬਦ ਦੇ ਅਰਥ ਦੇ ਸਹਿਭਾਵ ਨੂੰ ਕਾਵਿ ਆਖਿਆ ਜਾਂਦਾ ਹੈ। ਰਾਜ ਸ਼ੇਖਰ ਅਨੁਸਾਰ ਸ਼ਬਦ ਅਤੇ ਅਰਥ ਦੀ ਇਕੋ ਭੂਮੀ ਉੱਤੇ ਸਹਿਹੋਂਦ ਹੀ ਸਾਹਿਤ ਹੈ। ਆਚਾਰੀਆ ਮੰਮਟ ਦੇ ਅਨੁਸਾਰ ਦੋਸ਼ ਤੋਂ ਰਹਿਤ ਅਤੇ ਗੁਣ ਅਲੰਕਾਰ ਸ਼ਬਦ-ਅਰਥ ਦਾ ਨਾਂ ਕਾਵਿ ਹੈ।

ਪ੍ਰੋਰਫੈਸਰ ਪੂਰਨ ਸਿੰਘ ਦਾ ਨਿਸ਼ਚੈ ਹੈ ਕਿ ਸਾਹਿਤ ਕਿਸੇ ਅੰਗਰੇਜੀ ਪ੍ਰੇਰਨਾਂ ਅਧੀਨ ਆਵੇਸ਼ਿਤ ਹੁੰਦੀ ਹੈ ਰੱਬ ਵਰਸਾਏ ਮਹਾਂਪੁਰਸ਼ਾਂ ਦੀ ਅੰਮ੍ਰਿਤ ਬਾਣੀ ਹੈ। ਪੂਰਨ ਸਿੰਘ ਅਨੁਸਾਰ ਸਾਹਿਤ ਪਿਆਰ ਦਾ ਕੰਵਾਰਾਪਣ ਹੈ। ਅੰਦਰ ਦੀ ਸੱਚੀ ਪ੍ਰਤੀਤੀ ਦਾ ਇੱਕ ਸੋਹਣਾ ਸੁਫ਼ਣਾਂ ਹੈ ਤੇ ਜੀਵਨ ਦੀ ਕਲੀ ਦਾ ਚਟਕਣਾ ਹੈ।

ਭਾਈ ਵੀਰ ਸਿੰਘ ਨੇ ਵੀ ਸਾਹਿਤ ਨੂੰ ਉਚੇਰੇ ਮੰਡਲਾਂ ਵਿੱਚ ਵੱਸਦਾ ਅਜੇਹਾ ਸੁਹਜ ਆਖਿਆ ਹੈ ਜਿਹੜਾ ਕਦੀ ਕਦੀ ਆਪ ਮੁਹਾਰੇ ਹੀ ਪ੍ਰਕਾਸ਼ਮਾਨ ਹੁੰਦਾ ਹੈ, ਪਿ੍ਰੰਸੀਪਲ ਤੇਜਾ ਸਿੰਘ ਦੀ ਦ੍ਰਿਸ਼ਟੀ ਵਿੱਚ ਸਾਹਿਤ ਅਜੇਹੀ ਲਿਖਤ ਦਾ ਨਾਂ ਹੈ ਜਿਸ ਵਿੱਚ ਲਿਖਾਰੀ ਦਾ ਮਨ ਲਹਿਰ ਵਿੱਚ ਮਚਲਦਾ ਅਥਵਾ ਕਿਸੇ ਡੂੰਘ ਵਿੱਚ ਆ ਕਿ ਉਛੱਲਦਾ ਤੇ ਉਛਾਲਦਾ ਹੈ।

ਉਪਰੋਕਤ ਕੋਈ ਵੀ ਉਦਾਹਰਨ ਸਾਹਿਤ ਦੇ ਸਮੁੱਚੇ ਸਰੂਪ ਨੂੰ ਆਪਣੇ ਕਲੇਵਰ ਵਿੱਚ ਲੈਣ ਤੋਂ ਅਸਮਰਥ ਹੈ, ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ਵਿੱਚ ਸਾਹਿਤ ਦੇ ਮੰਤਵ, ਮਹੱਤਵ ਜਾਂ ਮਰਿਆਦਾ ਦੇ ਕਿਸੇ ਇੱਕ ਪਹਿਲੂ ਉੱਤੇ ਹੀ ਬਲ ਦਿੱਤਾ ਗਿਆ ਹੈ ਅਤੇ ਸਾਹਿਤ ਦੀ ਸਮੁੱਚੀ ਪ੍ਰਕਿਰਤੀ ਨੂੰ ਆਧਾਰ ਨਹੀਂ ਬਣਾਇਆ ਗਿਆ। ਇਹਨਾਂ ਸਾਰੀਆਂ ਪਰਿਭਾਸ਼ਾਂਵਾ ਨੂੰ ਵਾਚਣ ਤੋਂ ਬਾਅਦ ਜਿਹੜਾ ਸਾਹਿਤ ਦਾ ਸਰੂਪ ਸਾਡੇ ਸਾਹਮਣੇ ਆਉਂਦਾ ਹੈ ਉਹ ਹੈ ਕਿ ਸਾਹਿਤ ਇੱਕ ਸੂਖਮ ਕਲਾ ਹੈ ਅਤੇ ਇੱਕ ਸੂਖਮ ਕਲਾ ਦੀ ਹੈਸੀਅਤ ਵਿੱਚ ਸੁਹਜ ਉਪਜਣਾਂ ਇਸਦਾ ਵਿਸ਼ੇਸ਼ ਲੱਛਣ ਹੈ, ਸਾਹਿਤ ਕਿਸੇ ਤਜਰਬੇ ਜਾਂ ਅਨੁਭਵ ਨੂੰ ਦੂਜਿਆਂ ਤੱਕ ਪ੍ਰਗਟਾਉਣ ਦਾ ਯਤਨ ਹੈ। ਸਾਹਿਤ ਸਾਡੀ ਸੱਭਿਅਤ ਦੀ ਪ੍ਰਤਿਨਿਧਤਾ ਕਰਦਾ ਹੈ ਤੇ ਇਸ ਵਿਚੋਂ ਸਾਡੇ ਜੀਵਣ ਦੇ ਸਾਰੇ ਪੱਖਾਂ ਦਾ ਝਲਕਾਰਾ ਜਾਂ ਪ੍ਰਤੀਬਿੰਬ ਦਿਸਦਾ ਹੈ। ਜੀਵਨ ਨੂੰ ਸਮਝਣ, ਸੁਆਰਨ ਤੇ ਰਸਿਕ ਬਣਾਉਣ ਵਿੱਚ ਸ਼ਾਇਦ ਸਾਹਿਤ, ਸਾਡੀ ਸਭ ਤੋਂ ਵੱਧ ਸਹਾਇਤਾ ਕਰਦਾ ਹੈ ਤੇ ਇਹਨਾਂ ਦਿਸ਼ਾਵਾਂ ਵੱਲ ਨੂੰ ਦੌੜ ਹੀ ਮੁਨੱਖੀ ਵਿਕਾਸ ਦਾ ਮੂਲ ਮੰਤਵ ਰਿਹਾ ਹੈ।

ਲੋਕ ਸਾਹਿਤ: ਪਰਿਭਾਸ਼ਾਵਾਂ[ਸੋਧੋ]

ਲੋਕ ਸਾਹਿਤ ਕੀ ਹੈ, ਜੇ ਆਮ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਲੋਕ ਸਾਹਿਤ ਲੋਕਾਂ ਦੁਆਰਾ, ਲੋਕਾਂ ਲਈ ਰਚਿਆ ਜਾਂਦਾ ਹੈੇ। ਲੋਕ ਸਾਹਿਤ ਨੂੰ ਰਚਨ ਪਿੱਛੇ ਕਿਸੇ ਵਿਸ਼ੇਸ਼ ਇੱਕ ਵਿਅਕਤੀ ਦਾ ਨਾਂ ਨਹੀਂ ਹੁੰਦਾ। ਇਸ ਦੀ ਰਚਨਾਂ ਸਮੁੱਚ ਦੁਆਰਾ ਹੁੰਦੀ ਹੈ।ਲੋਕ ਸਾਹਿਤ ਦੇ ਕਿਸੇ ਰੂਪ ਦੀ ਰਚਨਾਂ ਕਿਸ ਨੇ ਤੇ ਕਦੋਂ ਕੀਤੀ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਲੋਕ ਸਾਹਿਤ ਤਾਂ ਸਮੂਹਿਕ ਰੂਪ ਵਿੱਚ ਪਾਈ ਸਾਂਝੀ ਮਿਹਨਤ ਦਾ ਸਿੱਟਾ ਹੁੰਦੇ ਹਨ। ਇਹ ਤਾਂ ਜਨ-ਸਮੂਹ ਦੀ ਆਤਮਾ ਹਨ ਜਿਸ ਵਿੱਚ ਉਹਨਾ ਦੀਆਂ ਗਮੀਆਂ, ਖੁਸ਼ੀਆਂ, ਭਾਵਨਾਵਾਂ, ਜਜ਼ਬਿਆਂ, ਸਿਆਣਪ ਦਾ ਪ੍ਰਗਟਾਵਾ ਹੁੰਦਾ ਹੈ। ਲੋਕਾਂ ਦੇ ਸੁਹਜ ਸਵਾਦ, ਸੰਸਕ੍ਰਿਤੀ, ਧਰਮ, ਜਾਤ-ਪਾਤ ਕਾਰਨ ਇਸ ਵਿੱਚ ਬਦਲਾਵ ਆਉਂਦੇ ਜਾਂਦੇ ਹਨ।

ਮੁੱਢ ਕਦੀਮ ਤੋਂ ਹੀ ਲੋਕ ਸਾਹਿਤ ਮਨੁੱਖੀ ਜੀਵਣ ਦਾ ਅਨਿਖੜਵਾਂ ਅੰਗ ਰਿਹਾ ਹੈ। ਸੱਭਿਆ ਸਮਾਜ ਦੇ ਵਿਕਾਸ ਦੀ ਕਹਾਣੀ ਦਾ ਇਤਿਹਾਸ ਇਸ ਵਿੱਚ ਸਾਂਭਿਆ ਪਿਆ ਹੈ। ਆਦਿ ਮਨੁੱਖ ਇਸ ਦੁਆਰਾ ਆਪਣੀਆਂ ਖੁਸ਼ੀਆਂ ਗਮੀਆਂ, ਮਨੋਭਾਵਾਂ ਅਤੇ ਆਸ਼ਾਵਾਂ ਦਾ ਪ੍ਰਗਟਾਵਾ ਕਰਦਾ ਆਇਆ ਹੈ ਲੋਕ ਸਾਹਿਤ ਵਿੱਚ ਕਿਸੇ ਸਮਾਜ ਅਥਵਾ ਜਾਤੀ ਦੇ ਸੰਸਕ੍ਰਿਤਕ ਤੇ ਸੱਭਿਆਚਾਰਕ ਅੰਸ਼ ਸਮੋਏ ਹੁੰਦੇ ਹਨ। ਹਰੇਕ ਖਿੱਤੇ ਦਾ ਆਪਣਾ-ਆਪਣਾ ਲੋਕ ਸਾਹਿਤ ਹੁੰਦਾ ਹੈ, ਹਰੇਕ ਖਿੱਤੇ ਦੇ ਆਪਣੇ ਲੋਕ ਨਾਚ, ਲੋਕ ਬੋਲੀਆਂ, ਲੋਕ ਬੁਝਾਰਤਾ ਆਦਿ ਵੱਖਰੇ-ਵੱਖਰੇ ਹੁੰਦੇ ਹਨ। ਇੱਥੇ ਲੋਕ ਸਾਹਿਤ ਬਾਰੇ ਚਰਚਾ ਅਸੀਂ ਪੰਜਾਬ ਦੇ ਲੋਕ ਸਾਹਿਤ ਦੇ ਸੰਦਰਭ ਵਿੱਚ ਕਰਾਂਗੇ।

ਪੰਜਾਬੀ ਲੋਕ ਸਾਹਿਤ, ਸੰਸਾਰ ਦੇ ਲੋਕ ਸਾਹਿਤ ਵਾਂਗ ਪੰਜਾਬੀ ਲੋਕ ਜੀਵਨ ਦਾ ਪ੍ਰਤੀਬਿੰਬ ਹੈ, ਜਿਸ ਵਿੱਚ ਪੰਜਾਬ ਦੀ ਨੱਚਦੀ, ਗਾਉਂਦੀ ਤੇ ਜੂਝਦੀ ਸੰਸੰਕ੍ਰਿਤੀ ਸਾਫ ਨਜ਼ਰ ਆਉਂਦੀ ਹੈ।

ਲੋਕ ਕਹਾਣੀਆਂ, ਲੋਕ ਬੁਝਾਰਤਾਂ, ਲੋਕ ਗੀਤ, ਲੋਕ ਨਾਚ, ਅਖਾਣ ਅਤੇ ਲੋਕ ਵਿਸ਼ਵਾਸ ਪੰਜਾਬੀ ਲੋਕ ਸਾਹਿਤ ਦੇ ਅਜਿਹੇ ਰੂਪ ਹਨ ਜਿਹਨਾਂ ਦੁਆਰਾ ਪੰਜਾਬੀ ਆਦਿ ਕਾਲ ਤੋਂ ਹੀ ਮੰਨੋਰੰਜਨ ਪ੍ਰਾਪਤ ਕਰਦੇ ਆਏ ਹਨ। ਪੰਜਾਬੀ ਲੋਕ ਸਾਹਿਤ ਦੇ ਵੱਖ-ਵੱਖ ਰੂਪ ਹੇਠ ਲਿਖੇ ਹਨ।

ਲੋਕ ਕਹਾਣੀਆਂ:[ਸੋਧੋ]

ਲੋਕ ਕਹਾਣੀਆਂ ਦਾ ਸੁਭਾ ਘਰੇਲੂ ਹੁੰਦਾ ਹੈ। ਉਹ ਪਰਿਵਾਰਕ ਉਲਝਣਾਂ ਅਤੇ ਸਮੱਸਿਆਵਾਂ ਵਿਚੋਂ ਪੈਦਾ ਹੁੰਦੀਆ ਹਨ। ਇਹਨਾਂ ਦੇ ਵਿਸ਼ੇ ਆਮ ਤੌਰ 'ਤੇ ਸੱਭਿਆਚਾਰਕ ਰੂੜ੍ਹੀਆਂ ਅਤੇ ਪਰਿਵਾਰਕ ਪਰੰਬਧ ਵਿੱਚ ਆਈਆਂ ਤ੍ਰੇੜਾਂ ਉੱਪਰ ਅਧਾਰਿਤ ਹੁੰਦੇ ਹਨ, ਇਨ੍ਹਾਂ ਕਹਾਣੀਆਂ ਦੇ ਪਾਤਰ ਭਾਵੇਂ ਕੋਈ ਵੀ ਹੋਣ, ਮਨੁੱਖ, ਪਸ਼ੂ ਪੰਛੀ ਜਾਂ ਦੂਜੇ ਜੰਗਲੀ ਜਾਨਵਰ, ਇਨ੍ਹਾਂ ਦਾ ਮੁੱਖ ਕਾਰਜ ਮਨੁੱਖੀ ਹਾਵਾਂ ਭਾਵਾਂ ਨੂੰ ਹੀ ਪ੍ਰਗਟਾਉਣਾ ਤੇ ਉਹਨਾਂ ਨੈਤਿਕ ਕਦਰਾਂ-ਕੀਮਤਾਂ ਨੂੰ ਦ੍ਰਿੜਾਉਣਾ ਹੁੰਦਾ ਹੈ। ਜਿਹੜੀਆਂ ਸੰਬੰਧਿਤ ਸੱਭਿਆਚਾਰ ਵਿੱਚ ਸੰਕ੍ਰਿਤ ਹਨ। ਇਨ੍ਹਾਂ ਕਹਾਣੀਆਂ ਵਿਚਾਲੇ ਬਹੁਤੇ ਮੁੱਖ ਪਾਤਰ ਕਿਸੇ ਘਾਟੇ ਦੀ ਪੂਰਤੀ ਲਈ ਜਾਂ ਕਿਸੇ ਉਦੇਸ਼ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਨਿਕਲਦੇ ਹਨ। ਉਹ ਆਪਣੀ ਬਦਕਿਸਮਤੀ ਨੂੰ ਖੁਸ਼ਕਿਸਮਤੀ ਵਿੱਚ ਬਦਲਣ ਲਈ ਸੰਘਰਸ਼ ਕਰਦੇ, ਇਹਨਾਂ ਲੋਕ ਕਹਾਣੀਆਂ ਦਾ ਮੁੱਖ ਮੰਤਵ ਮਨੋਰੰਜਨ ਕਰਨਾ ਹੁੰਦਾ ਹੈ, ਇਹ ਕਹਾਣੀਆਂ ਸਿੱਖਿਆ ਵੀ ਦਿੰਦੀਆਂ ਹਨ। ਪੰਜਾਬੀ ਲੋਕ ਕਹਾਣੀਆਂ ਦਾ ਪੰਜਾਬੀ ਲੋਕ ਸਾਹਿਤ ਵਿੱਚ ਬਹੁਤ ਮਹੱਤਵ ਹੈ।

ਲੋਕ ਗੀਤ[ਸੋਧੋ]

ਪੰਜਾਬੀ ਦੇ ਲੋਕ ਗੀਤ ਪੰਜਾਬੀ ਲੋਕ ਸਾਹਿਤ ਦਾ ਪ੍ਰਮੁੱਖ ਅੰਗ ਹਨ। ਪੰਜਾਬ ਦਾ ਲੋਕ ਜੀਵਨ ਇਹਨਾਂ ਵਿੱਚ ਧੜਕਦਾ ਸਾਫ਼ ਦਿਸ ਆਉਂਦਾ ਹੈ। ਇਹਨਾਂ ਵਿੱਚ ਐਸੀ ਵੰਨ-ਸੁਵੰਨਤਾ ਹੈ ਕਿ ਸ਼ਾਇਦ ਹੀ ਜਿੰਦਗੀ ਦਾ ਕੋਈ ਅਜਿਹਾ ਵਿਸ਼ਾ ਹੋਵੇ ਜਿਸ ਬਾਰੇ ਪੰਜਾਬੀ ਲੋਕ ਗੀਤ ਨਾ ਮਿਲਦਾ ਹੋਵੇ। ਇਹ ਹਜ਼ਾਰਾਂ ਦੀ ਗਿਣਤੀ ਵਿੱਚ ਉਪਲਬਧ ਹਨ। ਪੰਜਾਬੀ ਆਪਣਾ ਸਾਰਾ ਜੀਵਨ ਹੀ ਨੱਚਦੇ ਗਾਉਂਦੇ ਬਤੀਤ ਕਰਦੇ ਹਨ। ਜੰਮਣ ਤੋਂ ਲੈ ਕਿ ਮਰਨ ਤੱਕ ਦੀਆਂ ਸਾਰੀਆਂ ਰਸਮਾਂ ਨਾਲ ਸੰਬੰਧਿਤ ਲੋਕ ਗੀਤ ਪੰਜਾਬੀਆਂ ਨੇ ਜੋੜੇ ਹਨ।

ਪੰਜਾਬੀ ਲੋਕ ਗੀਤਾਂ ਦੇ ਅਧਿਐਨ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਪੰਜਾਬੀ ਮੁਟਿਆਰ ਨੇ ਸਭ ਤੋਂ ਵੱਧ ਗੀਤਾਂ ਦੀ ਸਿਰਜਣਾ ਕੀਤੀ ਹੈ। ਗੱਭਰੂਆਂ ਦਾ ਆਪਣਾ ਯੋਗਦਾਨ ਹੈ। ਹੇਰੇ, ਸਿੱਠਣੀਆਂ, ਸੁਹਾਗ, ਘੋੜੀਆਂ, ਅਲੋ੍ਹਣੀਆਂ ਲੋਕ ਗੀਤਾ ਦੀਆ ਵੰਨਗੀਆਂ ਹਨ।

ਲੋਕ ਬੁਝਾਰਤਾਂ[ਸੋਧੋ]

ਬੁਝਾਰਤਾਂ ਪੰਜਾਬੀ ਸਾਹਿਤ ਦਾ ਪ੍ਰਚੀਨਤਮ ਅੰਗ ਹਨ ਅਤੇ ਇਹ ਭਾਰਤ ਦੇ ਸਮੂਹਪ੍ਰਾਤਾ ਦੀਆਂ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਜਾਪਦਾ ਹੈ ਕਿ ਮਨੁੱਖ ਦੇ ਜਨਮ ਦੇ ਨਾਲ ਹੀ ਇਹਨਾਂ ਦਾ ਜਨਮ ਹੋਇਆ ਹੋਵੇਗਾ ਪਰ ਲਿਖਤੀ ਸਾਹਿਤ ਵਿੱਚ ਬੁਝਾਰਤਾਂ ਪਾਉਣ ਦੀ ਪਰੰਪਰਾ ਵੈਦਿਕ ਸਾਹਿਤ ਵਿੱਚ ਹੀ ਸਭ ਤੋਂ ਪਹਿਲਾਂ ਵਿਖਾਈ ਦਿੰਦੀ ਹੈ।

ਜਿੱਥੇ ਲੋਕ ਗੀਤ ਜਨ ਸਧਾਰਨ ਦੇ ਮਨੋਭਾਵ ਪ੍ਰਗਟਾਉਣ ਲਈ ਆਪਣਾ ਪ੍ਰਮੁੱਖ ਸਥਾਨ ਰੱਖਦੇ ਹਨ। ਲੋਕ ਕਹਾਣੀਆਂ ਅਤੇ ਲੋਕ ਅਖਾਣ ਲੋਕਾਂ ਦੇ ਸਦੀਆਂ ਤੋਂ ਕਮਾਏ ਹੋਏ ਤਜਰਬੇ ਅਤੇ ਜੀਵਨ ਦੀਆਂ ਅਟੱਲ ਸਚਾਈਆਂ ਨੂੰ ਲੋਕਾਂ ਅੱਗੇ ੳਘਾੜ ਕੇ ਪੇਸ਼ ਕਰਦੇ ਹਨ। ਉਥੇ ਲੋਕ ਬੁਝਾਰਤਾਂ ਲੋਕ ਬੁੱਧੀ ਦਾ ਚਮਤਕਾਰ ਦਿਖਾਉਣ ਲਈ ਵਿਸ਼ੇਸ਼ ਸਥਾਨ ਰੱਖਦੀਆਂ ਹਨ। ਬੁਝਾਰਤਾਂ ਰਾਹੀਂ ਬੁੱਧੀ ਉਤੇ ਗਿਆਨ ਦਾ ਲੇਪਨ ਚਾੜ੍ਹਿਆ ਜਾਂਦਾ ਹੈ। ਇਹਨਾਂ ਰਾਹੀਂ ਸਿਮਰਨ ਸ਼ਕਤੀ ਅਤੇ ਵਸਤੂ ਗਿਆਨ ਵਿੱਚ ਵਾਧਾ ਹੁੰਦਾ ਹੈ।

ਪੰਜਾਬੀ ਲੋਕ ਬੁਝਾਰਤਾ, ਪੰਜਾਬੀ ਲੋਕ ਸਾਹਿਤ ਦਾ ਵਿਸ਼ੇਸ਼ ਭਾਗ ਹਨ। ਪੰਜਾਬ ਦਾ ਲੋਕ ਜੀਵਨ ਇਨ੍ਹਾਂ ਵਿੱਚ ਪ੍ਰਤੱਖ ਦਿਸਸ ਆਉਂਦਾ ਹੈ, ਸ਼ਾਇਦ ਹੀ ਕੋਈ ਅਜਿਹਾ ਵਿਸ਼ਾ ਹੋਵੇਗਾ ਜਿਸ ਬਾਰੇਸ ਪੰਜਾਬੀ ਵਿੱਚ ਬੁਝਾਰਤਾ ਨਾਂ ਮਿਲਦੀਆਂ ਹੋਣ। ਪੰਜਾਬ ਵਿੱਚ ਬੁਝਾਰਤਾਂ ਪਾਉਣ ਦਾ ਰਿਵਾਜ ਬਹੁਤ ਪੁਰਾਣਾ ਹੈ। ਇਨ੍ਹਾਂ ਨੂੰ ਬੁੱਝਣ ਵਾਲੀਆਂ ਬਾਤਾ ਵੀ ਕਿਹਾ ਜਾਂਦਾ ਹੈੇ। ਪੁਰਾਣੇ ਸਮਿਆਂ ਵਿੱਚ ਬੁਝਾਰਤਾਂ ਆਮ ਪਰਿਵਾਰਾਂ ਵਿੱਚ ਮੰਨੋਰੰਜਨ ਦਾ ਸਾਧਨ ਵੀ ਹੁੰਦੀਆਂ ਸਨ। ਰੋਟੀ ਆਦਿ ਖਾ ਕੇ ਪੰਜਾਬੀ ਪਰਿਵਾਰ ਬੁਝਾਰਤਾ ਪਾਉਣ ਤੇ ਬੁੱਝਣ ਬਹਿ ਜਾਦੇ ਸਨ। ਹੁਣ ਕਿਉਂਕਿ ਵਿਗਿਆਨ ਦੀਆ ਨਵੀਆਂ ਕਾਢਾਂ ਨੇ ਮੰਨੋਰੰਜਨ ਦੇ ਸਾਧਨ ਕਾਫੀ ਵਧਾ ਦਿੱਤੇ ਹਨ ਇਸ ਲਈ ਬੁਝਾਰਤਾ ਪਾਉਣ ਦੀ ਪ੍ਰਥਾ ਕਿਸੇ ਹੱਦ ਤੱਕ ਸਮਾਪਤ ਹੀ ਹੋ ਗਈ ਹੈ।

ਲੋਕ ਅਖਾਣ[ਸੋਧੋ]

ਅਖਾਣ ਲੋਕ ਸਾਹਿਤ ਦਾ ਅਜਿਹਾ ਰੂਪ ਹਨ, ਜਿਹਨਾਂ ਵਿੱਚ ਲੋਕ ਜਵੀਣ ਦੇ ਲੰਮੇ ਤਜਬਿਆ ਅਤੇ ਅਨੁਭਵਾਂ ਨੂੰ ਲੋਕ ਬੋਲੀ ਦੁਆਰਾ ਬਹੁਤ ਹੀ ਸੰਖੇਪ ਪਰੰਤੂ ਢੁਕਵੀ ਸ਼ੈਲੀ ਰਾਹੀਂ ਵਾਕਾਂ/ਤੁਕਾਂ ਦੇ ਰੂਪ ਵਿੱਚ ਪ੍ਰਗਟਾਇਆ ਗਿਆ ਹੁੰਦਾ ਹੈ। ਲੋਕ ਸਮੂਹ ਇਨ੍ਹਾਂ ਨੂੰ ਪ੍ਰਵਾਨਗੀ ਦੇ ਕੇ, ਪਰੰਪਰਾਗਤ ਰੂਪ ਵਿੱਚ ਲੋਕ ਕੰਠ ਦੁਆਰ ਅੱਗੇ ਤੌਰਦਾ ਆਇਆ ਹੈ। ਇਹ ਵਾਰਤਕ ਵਿੱਚ ਵੀ ਮਿਲਦੇ ਹਨ, ਪਰੰਤੂ ਇਹਨਾਂ ਦੀ ਬਹੁਤੀ ਸੰਖਿਆ ਤੁਕਾ ਬੰਦੀ ਦੇ ਰੂਪ ਵਿੱਚ ਹੈ। ਇਸੇ ਲਈ ਕੁਝ ਪਾਰਖੁੂ ਆਖਾਣਾ ਨੂੰ ਲੋਕ ਗੀਤਾ ਜਾਂ ਲੋਕ ਕਾਵਿ ਦੀ ਸ਼ੇਣੀ ਵਿੱਚ ਰੱਖਦੇ ਹਨ। ਪਰ ਅਖਾਣ ਆਪਣੀ ਪ੍ਰਕਿਰਤੀ, ਵਿਧਾ ਅਤੇ ਸ਼ੈਲੀ ਕਰਕੇ ਇੱਕ ਸੁੰਤਤਰ ਰੂਪ ਧਾਰਨ ਕਰ ਚੁੱਕੇ ਹਨ।

ਅਖਾਣ ਲਈ ਪੰਜਾਬੀ ਵਿੱਚ ਅਖੌਤ, ਲੋਕੋਕਤੀ ਅਤੇ ਕਹਾਵਤ ਲਫਜ਼ਾਂ ਦੀ ਵਰਤੋਂ ਵੀ ਹੁੰਦੀ ਹੈ ਪਰ ਲੋਕੋਕਤੀ ਹਿੰਦੀ ਵਿੱਚ ਅਤੇ ਕਹਾਵਤ ਉਰਦੂ ਵਿੱਚ ਅਖਾਣ ਦੇ ਸਮਾਨਾਰਥਕ ਸ਼ਬਦ ਹਨ। ‘ਅਖਾਣ’ ਪਦ ਨੂੰ ਵੈਦਿਕ ਭਾਸ਼ਾ/ਸੰਸਕ੍ਰਿਤ ਦੇ ਗ੍ਰੰਥਾ ਵਿੱਚ ਮਿਲਦੇ ‘ਆਖਯਾਨ’ ਸ਼ਬਦ ਦਾ ਤਦਭਵ ਰੂਪ ਮੰਨਿਆ ਜਾਂਦਾ ਹੈ। ਜਿਸ ਨੇ ਪੰਜਾਬੀ ਲੋਕ ਸਾਹਿਤ ਵਿੱਚ ਨਵੇਕਲੀ ਵਿਧਾ ਅਤੇ ਅਰਥ ਗ੍ਰਹਿਣ ਕਰ ਲਏ ਹਨ।

ਇਨ੍ਹਾਂ ਵਿੱਚ ਬੋਲੀ ਦਾ ਸੰਜਮ ਹੈ। ਘੱਟ ਤੋਂ ਘੱਟ ਸ਼ਬਦਾ ਵਿੱਚ ਬਹੁਤ ਪਤੇ ਦੀਆਂ ਗੱਲਾਂ ਕਹੀਆਂ ਗਈਆਂ ਹਨ। ਦੂਜਾ ਤੱਤ ਇਨ੍ਹਾਂ ਦੀ ਰੌਚਕ, ਦਿਲ ਖਿਚਵੀ ਤੇ ਢੁਕਵੀ ਸ਼ੈਲੀ ਦਾ ਹੈ, ਇਹੋ ਵਜ੍ਹਾ ਹੈ ਕਿ ਸਦੀਆਂ ਤੋਂ ਪਿਛੋਂ ਵੀ ਇਹ ਸਰੋਂ ਦੇ ਫੁੱਲਾਂ ਵਾਂਗ ਤਾਜ਼ਾ ਹਨ। ਇਹ ਲੋਕਾ ਦੀ ਜਿੰਦਗੀ ਦਾ ਨਿਚੋੜ ਹਨ। ਇਹਨਾਂ ਵਿੱਚ ਜੀਵਨ ਦੀਆਂ ਅਟੱਲ ਸਚਾਈਆਂ ਦਿਸਦੀਆਂ ਹਨ। ਪੰਜਾਬੀ ਵਿੱਚ ਸਭ ਤੋਂ ਪਹਿਲੇ ਅਖਾਣ ਕਿਹੜੇ ਅਤੇ ਉਹਨਾਂ ਦੀ ਉਤਪੱਤੀ ਕਦੋ ਹੋਈ, ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਪਰ ਇੱਥ ਗੱਲ ਯਕੀਨੀ ਹੈ ਕਿ ਪ੍ਰਾਚੀਨ ਹਿੰਦ ਆਰਿਆਈ ਭਾਸ਼ਾ ਕਾਲ ਦੀਆਂ ਵੈਦਿਕ ਤੇ ਸੰਸਕ੍ਰਿ ਭਾਸ਼ਾਵਾਂ ਅਤੇ ਮਧਕਾਲੀਨ ਸਮੇਂ ਦੀਆਂ ਪ੍ਰਾਕ੍ਰਿਤਾਂ ਤੇ ਅਪਭ੍ਰੰਸ਼ਾਂ ਵਿੱਚ ਅਖਾਣ ਮੌਜੂਦ ਸਨ।

ਪੰਜਾਬੀ ਲੋਕ: ਨਾਚ[ਸੋਧੋ]

ਕਿਸੇ ਵਿਸ਼ੇਸ਼ ਮੌਕੇ ‘ਤੇ ਜਦੋਂ ਸਾਡੇ ਅੰਦਰੋਂ ਖੁਸ਼ੀ ਦੀਆਂ ਤਰੰਗਾਂ ਉਗਮਦੀਆਂ ਹਨ ਤਾਂ ਸਡਾ ਮਨ ਵਜਦ ਵਿੱਚ ਆ ਪ੍ਰਗਟਾਵਾ ਕਰਦੇ ਹਾਂ। ਰਾਗ ਤੇ ਤਾਲ ਦੇ ਸੁਮੇਲ ਨਾਲ ਮਨੁੱਖ ਨੱਚਖ ਉਠਦਾ ਹੈ। ਕੱਲੇ ਮਨੁੱਖ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਲਈ ਜਦੋਂ ਉਸ ਦੇ ਦੂਜੇ ਸਾਥੀ ਉਸ ਨਾਲ ਰਲ ਕੇ ਨੱਚਣ ਲੱਗ ਜਾਂਦੇ ਹਨ ਤਾਂ ਇਹ ਨਾਚ ਸਮੂਹਿਕ ਨਾਚ ਦਾ ਰੂਪ ਧਾਰ ਲੈਂਦਾ ਹੈ ਜਿਸ ਨੂੰ ਅਸੀਂ ਲੋਕ ਨਾਚ ਦਾ ਨਾਂ ਦੇਦੇ ਹਾਂ।

ਲੋਕ ਨਾਚ ਵਿੱਚ ਮਨ ਦੀ ਖੁਸ਼ੀ ਨੂੰ ਵੱਖ-ਵੱਖ ਸਰੀਰਕ ਮੁਦਰਾਵਾ ਦੁਆਰਾ ਪ੍ਰਗਟਾਇਆ ਜਾਂਦਾ ਹੈ। ਇਹ ਉਹ ਚਸ਼ਮਾ ਹੈ ਜਿਸ ਵਿੱਚੋਂ ਖੁਸ਼ੀ ਦੀਆਂ ਫਹਾਰਾਂ ਆਪ ਮੁਹਾਰੇ ਹੀ ਫੁੱਟਦੀਆ ਹਨ। ਇਹ ਬਿਨਾ ਕਿਸੇ ਸਾਜ ਦੇ ਨੱਚਿਆ ਜਾਂਦਾ ਹੈ।ਇਸ ਨੂੰ ਸਿੱਖਣ ਲਈ ਵਿਸ਼ੇਸ਼ ਉਸਤਾਦ ਦੀ ਲੋੜ ਨਹੀਂ ਲੋਕ ਨਾਚ ਦੀਆਂ ਮੁਦਰਾਵਾਂ ਸਧਾਰਨ ਲੋਕਾਂ ਦੀ ਜਿੰਦਗੀ ਵਾਂਗ ਬੜੀਆਂ ਸਿੱਧੀਆਂ ਅਤੇ ਸਪਸ਼ਟ ਹੁੰਦੀਆਂ ਹਨ।

ਜਨ ਸਧਾਰਨ ਦੀ ਜਿੰਦਗੀ ਇਹਨਾਂ ਨਾਚਾਂ ਵਿੱਚ ਧੜਕਦੀ ਹੈ। ਇਹ ਸਾਡੇ ਸੱਭਿਆਚਾਰ ਦਾ ਦਰਪਨ ਹਨ। ਕਿਸੇ ਇਲਾਕੇ ਦੀ ਭੂਗੋਲਿਕ, ਰਾਜਨੀਤਿਕ ਅਤੇ ਸਮਾਜਿਕ ਸਥਿਤੀ ਅਨੁਸਾਰ ਹੀ ਲੋਕ ਨਾਚਾਂ ਦੀ ਰੂਪ ਰੇਖਾ ਉਭਰਦੀ ਹੈ। ਪੰਜਾਬ ਦੇ ਲੋਕ ਨਾਚ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਪੰਜਾਬੀਆਂ ਦੇ ਸੁਭਾਅ ਅਤੇ ਮਰਦਉਪਣੇ ਦੇ ਲੱਛਣ ਪੰਜਾਬ ਦੇ ਲੋਕ ਨਾਚਾਂ ਵਿੱਚ ਸਾਫ ਦਿਸ ਆਉਂਦੇ ਹਨ ਗਿੱਧਾ, ਭੰਗੜਾ, ਲੁੱਡੀ, ਝੂੰਮਰ, ਲੱਛੀ, ਸੰਮੀ ਅਤੇ ਕਿੱਕਲੀ ਆਦਿ ਪੰਜਾਬੀਆਂ ਦੇ ਹਰਮਨ ਪਿਆਰੇ ਲੋਕ ਨਾਚ ਹਨ।

ਹਵਾਲੇ[ਸੋਧੋ]

1. ਸੁਖਦੇਵ ਮਾਦਪੁਰੀ, ਪੰਜਾਬੀ ਬੁਝਾਰਤਾਂ

2. ਸੁਖਦੇਵ ਮਾਦਪੁਰੀ, ਲੋਕ ਗੀਤਾ ਦੀ ਸਮਾਜਿਕ ਵਿਆਖਿਆ

3. ਪ੍ਰਿਤਪਾਲ ਸਿੰਘ, ਸਾਹਿਤ ਦੀ ਭੂਮਿਕਾ

4. ਪ੍ਰੋ. ਪ੍ਰਮਿੰਦਰ ਸਿੰਘ, ਪ੍ਰੋ. ਕਿਰਪਾਲ ਸਿੰਘ ਕਸੇਲ, ਸਾਹਿਤ ਦੇ ਰੂਪ

5. ਡਾ. ਰਤਨ ਸਿੰਘ ਜੱਗੀ, ਸਾਹਿਤ ਦੇ ਰੂਪ

6. ਜੋਗਿੰਦਰ ਸਿੰਘ ਕੈਰੋਂ, ਪੰਜਾਬੀ ਲੋਕ ਕਹਾਣੀਆਂ ਦਾ ਸੰਰਚਨਾਤਮਕ ਅਧਿਐਨ ਅਤੇ ਵਰਗੀਕਰਨ

7. ਸੁਖਦੇਵ ਮਾਦਪੁਰੀ, ਪੰਜਾਬੀ ਸੱਭਿਆਚਾਰ ਦੀ ਆਰਸੀ

8. ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ ਵਿਰਸਾ