ਸਮੱਗਰੀ 'ਤੇ ਜਾਓ

ਪੰਜਾਬੀ ਵਿਆਹ ਦੇ ਰਸਮ-ਰਿਵਾਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬੀ ਵਿਆਹ ਦੇ ਰਸਮ-ਰਿਵਾਜ਼ ..................................................

ਅਰੰਭ ਤੋਂ ਅਖ਼ੀਰ ਦੇ ਕ੍ਰਮ ਅਨੁਸਾਰ:

ਰੋਕਾ: ਧੀ/ਪੁੱਤ ਲਈ ਵਰ/ਕੰਨਿਆ ਤਲਾਸ਼ ਕਰਦਿਆਂ ਜਦੋਂ ਸਭ ਕੁਝ ਦੇਖ-ਭਾਲ਼ ਕੇ ਆਪਣੀ ਮਰਜ਼ੀ ਦੇ ਮੇਚ ਦਾ ਰਿਸ਼ਤਾ ਲੱਭ ਜਾਂਦਾ ਹੈ ਤਾਂ ਕੋਈ ਦਿਨ, ਸਮਾਂ, ਸਥਾਨ ਮਿਥ ਕੇ ਕੁੜੀ-ਮੁੰਡੇ ਦੀ ਦੇਖ-ਦਿਖਾਈ ਤੇ ਆਪਸ ਵਿੱਚ ਗੱਲ-ਬਾਤ ਹੁੰਦੀ ਹੈ। ਜਦੋਂ ਦੋਵੇਂ ਪੱਖ ਇਸ ਸ਼ਾਦੀ ਲਈ ਸਹਿਮਤ ਹੋ ਜਾਂਦੇ ਹਨ ਤਾਂ ਕੁੜੀ ਵਾਲ਼ਿਆਂ ਵੱਲੋਂ ਮੁੰਡੇ ਦੇ ਹੱਥ ਉੱਤੇ ਜਾਂ ਝੋਲ਼ੀ ਵਿੱਚ ਤੇ ਮੁੰਡੇ ਵਾਲ਼ਿਆਂ ਵੱਲੋਂ ਕੁੜੀ ਦੇ ਹੱਥ ਉੱਤੇ ਜਾਂ ਝੋਲ਼ੀ ਵਿੱਚ ਸ਼ਗਨ ਦੇ ਰੁਪਏ ਰੱਖੇ ਜਾਂਦੇ ਹਨ ਤੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ। ਫਿਰ ਸਾਰਿਆਂ ਨੂੰ ਹੀ ਵਧਾਈਆਂ ਦੇ ਨਾਲ਼ ਨਾਲ਼ ਮਿਠਾਈ ਵਰਤਾਈ ਜਾਂਦੀ ਹੈ। ਜੇ ਇਹ ਮਿਲਣੀ ਕਿਸੇ ਹੋਟਲ ਜਾਂ ਗੁਰਦੁਆਰੇ/ਮੰਦਿਰ ਆਦਿ ਵਿੱਚ ਹੋਵੇ ਤਾਂ ਓਥੋਂ ਹੀ ਖੰਡ, ਪਤਾਸੇ ਜਾਂ ਪ੍ਰਸ਼ਾਦ ਲੈ ਕੇ ਮੂੰਹ ਮਿੱਠਾ ਕਰ ਲਿਆ ਜਾਂਦਾ ਹੈ। ਇਸ ਦੇ ਨਾਲ਼ ਹੀ ਵਰ/ਕੰਨਿਆ ਲਈ ਤਲਾਸ਼, ਭਟਕਣ, ਭੱਜ-ਦੌੜ ਖ਼ਤਮ ਹੋ ਜਾਂਦੀ ਹੈ, ਰਿਸ਼ਤਾ ਰੋਕ ਲਿਆ ਜਾਂਦਾ ਹੈ ਤੇ ਸਾਰੇ ਅੰਤਾਂ ਦੀ ਰਾਹਤ ਅਤੇ ਸ਼ਾਂਤੀ ਮਹਿਸੂਸ ਕਰਦੇ ਹਨ।

   ਜਿੱਥੇ ਮਾਪਿਆਂ ਦੀ ਰਜ਼ਾਮੰਦੀ ਨਾਲ਼ ਪ੍ਰੀਤ-ਵਿਆਹ ਹੁੰਦੇ ਹਨ, ਓਥੇ ਵੀ ਰਿਵਾਜ਼ਨ ਇਹ ਰਸਮ ਨਿਭਾ ਹੀ ਲਈ ਜਾਂਦੀ ਹੈ।
   ਹਿੰਦੂ-ਪਰਿਵਾਰਾਂ ਵਿੱਚ ਪਹਿਲਾਂ ਦੋਵਾਂ ਦੇ ਟੇਵੇ ਜਾਂਚ ਕੇ ਗੁਣ ਮਿਲ਼ਾਏ ਜਾਂਦੇ ਹਨ, ਮੰਗਲੀਕ, ਨਾ-ਮੰਗਲੀਕ ਬਾਰੇ ਪਤਾ ਕੀਤਾ ਜਾਂਦਾ ਹੈ ਤੇ ਉਸ ਅਨੁਸਾਰ ਹੀ ਸ਼ਾਦੀ ਲਈ ਸਹਿਮਤੀ ਦਿੱਤੀ ਜਾਂਦੀ ਹੈ।

ਠਾਕਾ: ਇਹ ਰਸਮ ‘ਰੋਕੇ’ ਉੱਤੇ ਪੱਕੀ ਮੋਹਰ ਲਾਉਣ ਵਾਂਗ ਹੀ ਹੈ। ਲੜਕੇ ਦੇ ਸਾਕ-ਸਬੰਧੀ ਲੜਕੀ ਵਾਲ਼ਿਆਂ ਦੇ ਘਰ ਜਾਂਦੇ ਹਨ, ਕਈ ਵਾਰ ਇਸ ਦੇ ਉਲਟ ਵੀ ਹੁੰਦਾ ਹੈ। ਲੜਕੀ ਦੀ ਮਾਂ ਲੜਕੇ ਵਾਲ਼ਿਆਂ ਨੂੰ ਬਦਾਮਾਂ-ਛੁਹਾਰਿਆਂ ਵਾਲ਼ਾ ਦੁੱਧ ਪੇਸ਼ ਕਰਦੀ ਹੈ, ਚਾਹ-ਪਾਣੀ, ਪ੍ਰਸ਼ਾਦੇ ਨਾਲ਼ ਆਓ-ਭਗਤ ਕਰਦੀ ਹੈ। ਲੜਕੇ ਦਾ ਲੱਡੂਆਂ ਜਾਂ ਬਰਫ਼ੀ ਨਾਲ਼ ਮੂੰਹ ਮਿੱਠਾ ਕਰਵਾ ਕੇ ਉਹਨੂੰ ਸ਼ਗਨ ਦੇ ਤੌਰ ’ਤੇ ਚਾਂਦੀ ਦਾ ਰੁਪਈਆ, ਕੁਝ ਹੋਰ ਨਕਦੀ, ਕੱਪੜੇ ਆਦਿ ਦਿੱਤੇ ਜਾਂਦੇ ਹਨ। ਲੜਕੇ ਦੇ ਬਾਕੀ ਰਿਸ਼ਤੇਦਾਰਾਂ ਨੂੰ ਵੀ ਕੱਪੜੇ, ਰੁਪਏ, ਮਿਠਾਈ ਦੇ ਡੱਬੇ ਦਿੱਤੇ ਜਾਂਦੇ ਹਨ।

    ਲੜਕੇ ਵਾਲ਼ੇ ਵੀ ਲੜਕੀ ਨੂੰ ਸ਼ਗਨ ਵਜੋਂ ਰੁਪਏ ਜਾਂ ਕੋਈ ਤੋਹਫ਼ਾ ਦਿੰਦੇ ਹਨ। ਇਸ ਵਕਤ ਵਿਆਹ ਦੇ ਬਾਕੀ ਪ੍ਰੋਗਰਾਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ ਤੇ ਸਾਰੇ ਇੱਕ ਮਨ ਹੋ ਕੇ ਵਿਆਹ ਦੀ ਤਿਆਰੀ ਵਿੱਚ ਜੁਟ ਜਾਂਦੇ ਹਨ।

ਸਾਹਾ ਕਢਾਉਣਾ: ਇਹ ਆਮ ਤੌਰ ’ਤੇ ਕੁੜਮਾਈ ਤੋਂ ਪਹਿਲਾਂ ਤੇ ਜੇ ਵਿਆਹ ਕਾਫੀ ਦੇਰ ਬਾਅਦ ਹੋਣਾ ਹੋਵੇ ਤਾਂ ਕੁੜਮਾਈ ਤੋਂ ਪਿੱਛੋਂ ਕੀਤਾ ਜਾਂਦਾ ਹੈ। ਸਿੱਖ-ਪਰਿਵਾਰਾਂ ਵਿੱਚ ਦੋਵੇਂ ਧਿਰਾਂ ਬੈਠ ਕੇ ਛੁੱਟੀ ਦਾ ਦਿਨ, ਬੱਚਿਆਂ ਦੇ ਇਮਤਹਾਨ, ਪਰਵਾਸੀ ਪਿਆਰਿਆਂ ਦੀ ਆਮਦ ਬਾਰੇ ਵਿਚਾਰ ਕੇ ਸ਼ਾਦੀ ਦੇ ਦਿਨ ਦਾ ਫ਼ੈਸਲਾ ਲੈ ਲੈਂਦੀਆਂ ਹਨ, ਜੋ ਅਕਸਰ ਸਨਿੱਚਰ-ਐਤਵਾਰ ਹੀ ਹੁੰਦਾ ਹੈ। ਇੱਥੇ ਤਾਰਾ ਡੁੱਬਣ ਜਾਂ ਸਰਾਧਾਂ ਆਦਿ ਦਾ ਕੋਈ ਵਿਚਾਰ ਨਹੀਂ ਕੀਤਾ ਜਾਂਦਾ, ਗੁਰਮਤਿ ਅਨੁਸਾਰ ਸਾਰੇ ਦਿਨ ਹੀ ਸ਼ੁੱਭ ਮੰਨੇ ਜਾਂਦੇ ਹਨ।

   ਹਿੰਦੂ ਪਰਿਵਾਰਾਂ ਵਿੱਚ ਪਾਂਧੇ ਜਾਂ ਪੰਡਿਤ ਤੋਂ ਪੱਤਰੀ ਖੁਲ੍ਹਵਾ ਕੇ ਸ਼ੁੱਭ-ਮਹੂਰਤ ਅਨੁਸਾਰ ਵਿਆਹ ਦਾ ਦਿਨ ਮੁਕੱਰਰ ਕੀਤਾ ਜਾਂਦਾ ਹੈ। ਸਰਾਧ, ਤਾਰਾ-ਡੁੱਬਣਾ, ਅਮਾਵਸ, ਕੱਤਕ ਤੇ ਪੋਹ ਦੇ ਮਹੀਨੇ ਆਦਿ ਵਿੱਚ ਲਗਨ ਨਹੀਂ ਕੀਤਾ ਜਾਂਦਾ। ਸੰਗਰਾਂਦ, ਇਕਾਦਸ਼ੀ, ਪੂਰਨਮਾਸ਼ੀ ਨੂੰ ਸ਼ਾਦੀ ਲਈ ਸ਼ੁੱਭ ਮੰਨਿਆ ਜਾਂਦਾ ਹੈ।

ਸਾਹਾ-ਚਿੱਠੀ:' ਇਹ ਚਿੱਠੀ ਲੜਕੀ ਦੇ ਪਿਤਾ, ਨਾਤੇਦਾਰਾਂ, ਪੰਚਾਇਤ ਵੱਲੋਂ ਲੜਕੀ ਦੇ ਸਹੁਰਾ ਪਰਿਵਾਰ ਨੂੰ ਘੱਲੀ ਜਾਂਦੀ ਹੈ। ਇਸ ਵਿੱਚ ਉਹਨਾਂ ਨੂੰ ਰਸਮੀ ਤੌਰ ’ਤੇ ਵਿਆਹ ਦੀ ਤਾਰੀਖ, ਦਿਨ, ਸਥਾਨ ਆਦਿ ਬਾਰੇ ਸੂਚਨਾ ਦਿੰਦਿਆਂ ਨਿਯਤ ਸਮੇਂ ਢੁੱਕਣ ਲਈ ਅਰਜ਼ ਗੁਜ਼ਾਰੀ ਜਾਂਦੀ ਹੈ। ਹੇਠਾਂ ਲੜਕੀ ਦੇ ਮਾਤਾ-ਪਿਤਾ/ਰਿਸ਼ਤੇਦਾਰਾਂ/ਪੰਚਾਇਤ/ ਜਾਂ ਮੁਹੱਲੇਦਾਰਾਂ ਦੇ ਨਾਮ, ਦਸਤਖ਼ਤ ਹੁੰਦੇ ਹਨ। ਇਹ ਚਿੱਠੀ ਪਾਂਧਾ ਕੇਸਰ ਦੀ ਸਿਆਹੀ ਨਾਲ਼ ਲਿਖਦਾ ਹੈ, ਕਈ ਵਾਰ ਕਲਮ ਨਾਲ਼ ਲਿਖ ਕੇ ਉੱਤੇ ਕੇਸਰ ਦੇ ਟਿੱਕੇ ਲਾ ਦਿੱਤੇ ਜਾਂਦੇ ਹਨ। ਅੱਜ-ਕੱਲ੍ਹ ਤਾਂ ਵਿਆਹ ਦੇ ਕਾਰਡਾਂ ਵਾਂਗ ਸਾਹੇ-ਚਿੱਠੀਆਂ ਵੀ ਛਪਾ ਲਈਆਂ ਜਾਂਦੀਆਂ ਹਨ, ਜਿਹਨਾਂ ਨੂੰ ਸ਼ਨੀਲ, ਵੈਲਵਟ, ਤਿੱਲੇ ਗੋਟੇ ਆਦਿ ਨਾਲ਼ ਸ਼ਿੰਗਾਰ ਦਿੱਤਾ ਜਾਂਦਾ ਹੈ। ਸਾਹੇ-ਚਿੱਠੀ ਦੇ ਨਾਲ਼ ਮਿਸ਼ਰੀ, ਖੰਡ, ਚੌਲ਼, ਹਲ਼ਦੀ ਦੀ ਪੁੜੀ ਤੇ ਹਰੇਵਾਈ ਵਜੋਂ ਸਾਵੇ ਘਾਹ ਦੀਆਂ ਤਿੜਾਂ ਦੀ ਗੁੱਛੀ ਵੀ ਭੇਜੀ ਜਾਂਦੀ ਹੈ। ਕੁਝ ਲੋਕ ਇਹਨਾਂ ਦੇ ਨਾਲ਼ ਜਾਂ ਇਹਨਾਂ ਦੀ ਥਾਵੇਂ ਮਿਠਿਆਈ, ਫ਼ਲ਼, ਸੁੱਕੇ ਮੇਵੇ ਵੀ ਭੇਜ ਦਿੰਦੇ ਹਨ। ਆਮ ਤੌਰ ’ਤੇ ਇਹ ਚਿੱਠੀ ਲਾਗੀ ਹੱਥ ਹੀ ਭੇਜੀ ਜਾਂਦੀ ਹੈ, ਪਰ ਕਦੀ ਕਦੀ ਲੜਕੀ ਦਾ ਕੋਈ ਸਬੰਧੀ ਜਾਂ ਵਿਚੋਲਾ ਵੀ ਇਹਨੂੰ ਲੈ ਜਾਂਦਾ ਹੈ। ਸਾਹਾ-ਚਿੱਠੀ ਪਹੁੰਚਣ ’ਤੇ ਲੜਕੇ ਦਾ ਬਾਪ ਬਰਾਦਰੀ ਨੂੰ ਸੱਦ ਕੇ ਸਭ ਦੇ ਸਾਹਮਣੇ ਇਹਨੂੰ ਪੜ੍ਹਾਉਂਦਾ ਹੈ। ਸਾਰੇ ਵਧਾਈਆਂ ਦਿੰਦੇ ਹਨ, ਮੂੰਹ ਮਿੱਠਾ ਕਰਦੇ ਹਨ। ਚਿੱਠੀ ਲਿਆਉਣ ਵਾਲ਼ੇ ਨੂੰ ਲਾਗ, ਕੰਬਲ਼, ਨਕਦੀ ਆਦਿ ਦੇ ਕੇ ਵਾਪਿਸ ਤੋਰਿਆ ਜਾਂਦਾ ਹੈ।

ਗੰਢਾਂ ਦੇਣੀਆਂ/ਸੱਦਾ ਪੱਤਰ: ਪਹਿਲੇ ਸਮਿਆਂ ਵਿੱਚ ਵਿਆਹ ਦੀ ਸੂਚਨਾ ਗੰਢਾਂ ਰਾਹੀਂ ਦਿੱਤੀ ਜਾਂਦੀ ਸੀ। ਖੰਮ੍ਹਣੀ ਨੂੰ ਸੱਤ ਗੰਢਾਂ ਦੇ ਕੇ ਲਾਗੀ ਹੱਥ ਭੇਜਿਆ ਜਾਂਦਾ ਸੀ, ਬਾਕੀ ਸਾਰੀ ਜਾਣਕਾਰੀ ਉਹ ਮੂੰਹ ਜ਼ੁਬਾਨੀ ਦਿੰਦਾ, ਫਿਰ ਪੋਸਟ-ਕਾਰਡਾਂ ਉੱਤੇ ਵਿਆਹ ਦਾ ਵੇਰਵਾ ਲਿਖ ਕੇ ਉਹਨੂੰ ਹਲਦੀ ਜਾਂ ਕੇਸਰ ਲਗਾ ਕੇ ਭੇਜਿਆ ਜਾਣ ਲੱਗਿਆ ਜੋ ਅਜੋਕੇ ਕਾਰਡਾਂ ਦਾ ਰੂਪ ਧਾਰ ਗਿਆ ਹੈ। ਕੁੜਮਾਈ, ਪਾਠ, ਕਥਾ, ਭਜਨ-ਕੀਰਤਨ, ਸੁਹਾਗ-ਸੰਗੀਤ, ਵਿਆਹ, ਸਵਾਗਤੀ ਸਮਾਰੋਹ ਦੇ ਸੱਦਾ-ਪੱਤਰ ਛਪਵਾ ਲਏ ਜਾਂਦੇ ਹਨ, ਜਿਹਨਾਂ ਵਿੱਚ ਸਬੰਧਤ ਪ੍ਰੋਗਰਾਮਾਂ ਦਾ ਵੇਰਵਾ ਹੁੰਦਾ ਹੈ। ਬਹੁਤੀ ਵਾਰ ਪ੍ਰਾਹੁਣਿਆਂ ਨੂੰ ਅਲੱਗ ਅਲੱਗ ਸਮਾਗਮਾਂ ’ਤੇ ਸੱਦਿਆ ਜਾਂਦਾ ਹੈ ਤੇ ਉਹਨਾਂ ਨੂੰ ਉਹੀ ਸੱਦਾ-ਪੱਤਰ ਦਿੱਤਾ ਜਾਂਦਾ ਹੈ, ਜਿਸ ’ਤੇ ਬੁਲਾਉਣ ਦੀ ਇੱਛਾ ਹੋਵੇ। ਇਹ ਕਾਰਡ ਉਸੇ ਨਾਲ਼ ਮੇਲ਼ ਖਾਂਦੇ ਲਿਫਾਫੇ ਅੰਦਰ ਪਾ ਕੇ ਡਾਕ ਵਿੱਚ ਪਾਏ ਜਾਂਦੇ ਹਨ ਜਾਂ ਕਿਸੇ ਹੱਥ ਘੱਲੇ ਜਾਂਦੇ ਹਨ। ਹੱਥੀਂ ਘੱਲਣ ਵੇਲ਼ੇ ਨਾਲ਼ ਮਿਠਾਈ, ਸੁੱਕੇ ਮੇਵਿਆਂ, ਭਾਜੀ ਜਾਂ ਪੰਜੀਰੀ ਦਾ ਖ਼ੂਬਸੂਰਤ ਡੱਬਾ ਦਿੱਤਾ ਜਾਂਦਾ ਹੈ, ਜੋ ਮਾਪਿਆਂ ਦੀ ਪੁੱਜਤ ਅਨੁਸਾਰ ਕੀਮਤੀ ਤੋਂ ਕੀਮਤੀ ਹੁੰਦਾ ਹੈ। ਬਹੁਤੀ ਵਾਰ ਇਸ ਡੱਬੇ ਵਿੱਚ ਹੀ ਇੱਕ ਜੇਬ੍ਹ ਬਣੀ ਹੁੰਦੀ ਹੈ, ਜਿਸ ਵਿੱਚ ਸੱਦਾ-ਪੱਤਰ ਪਾ ਦਿੱਤਾ ਜਾਂਦਾ ਹੈ ਤੇ ਡੱਬੇ ਉੱਤੇ ਵਿਆਹ ਵਾਲ਼ੀ ਜੋੜੀ ਅਤੇ ਮਾਤਾ-ਪਿਤਾ ਦਾ ਨਾਂ, ਸਿਰਨਾਵਾਂ, ਫੋਨ ਆਦਿ ਛਪਿਆ ਹੁੰਦਾ ਹੈ।

   ਪਰ ਅਜੇ ਵੀ ਵਿਆਂਹਦੜ ਦੀ ਮਾਂ ਆਪਣੇ ਪੇਕਿਆਂ ਦੇ ਘਰ ਕਾਰਡ ਅਤੇ ਮਿਠਾਈ ਲੈ ਕੇ ਆਪ ਗੰਢ ਦੇਣ ਜਾਂਦੀ ਹੈ, ਅੱਗੋਂ ਉਹ ਉਹਨੂੰ ਸੂਟ ਤੇ ਰੁਪਏ ਦੇ ਕੇ ਵਿਦਾ ਕਰਦੇ ਹਨ। ਇਸ ਵੇਲ਼ੇ ਨਾਨਕੀਛੱਕ ਬਾਰੇ ਵੀ ਵਿਚਾਰ-ਵਟਾਂਦਰਾ ਕਰ ਲਿਆ ਜਾਂਦਾ ਹੈ।
   

ਕੁੜਮਾਈ/ਰੋਪਨਾ/ਮੰਗਣਾ/ਸਗਾਈ (Engagement): ਅਜੋਕੇ ਸਮਿਆਂ ਵਿੱਚ ਇਹ ਸ਼ਾਦੀ ਤੋਂ ਕੁਝ ਦਿਨ ਪਹਿਲਾਂ ਹੀ ਕੀਤੀ ਜਾਂਦੀ ਹੈ, ਪਰ ਕਿਤੇ ਕਿਤੇ ਕਈ ਮਹੀਨੇ, ਸਾਲ ਪਹਿਲਾਂ ਵੀ ਇਹ ਰੀਤ ਨਿਭਾ ਲਈ ਜਾਂਦੀ ਹੈ। ਕੁੜੀ ਦੇ ਸਾਕ-ਸਬੰਧੀ ਮੁੰਡੇ ਵਾਲ਼ਿਆਂ ਦੇ ਘਰ ਜਾਂ ਹੋਰ ਕਿਸੇ ਨਿਸਚਤ ਸਥਾਨ ’ਤੇ ਜੋ ਅਕਸਰ ਕੋਈ ਹੋਟਲ, ਪੈਲੇਸ ਜਾਂ ਬੈਂਕੁਇਟ ਹਾਲ ਹੁੰਦਾ ਹੈ, ਜਾਂਦੇ ਹਨ। ਇਸ ਸਮੇਂ ਮੁੰਡੇ ਵਾਲ਼ਿਆਂ ਦੇ ਰਿਸ਼ਤੇਦਾਰ ਵੀ ਹਾਜ਼ਿਰ ਹੁੰਦੇ ਹਨ। ਕੁੜੀ ਦਾ ਪਿਤਾ ਨਾਲ਼ ਲਿਆਂਦੀ ਕੁੜਮਾਈ ਦੀ ਥਾਲ਼ੀ ਵਿੱਚੋਂ ਕੇਸਰ ਤੇ ਚਾਵਲ ਲੈ ਕੇ ਮੁੰਡੇ ਦੇ ਮੱਥੇ ’ਤੇ ਟਿੱਕਾ ਲਗਾਉਂਦਾ ਹੈ, ਫਿਰ ਉਸ ਦੇ ਮੂੰਹ ਨੂੰ ਛੁਹਾਰਾ ਲਾਉਂਦਾ ਹੈ ਤੇ ਝੋਲ਼ੀ ਵਿੱਚ ਸ਼ਗਨ ਵਜੋਂ ਰੁਪਏ ਪਾ ਦਿੰਦਾ ਹੈ, ਦਿਖਾਵੇ ਦੇ ਇਸ ਯੁੱਗ ਵਿੱਚ ਇਹ ਰੁਪਏ ਆਪਣੀ ਆਪਣੀ ਪਰੋਖੋਂ ਮੁਤਾਬਿਕ ਬਹੁਤ ਸਾਰੇ ਹੁੰਦੇ ਹਨ, ਨਾਲ਼ ਚਾਂਦੀ ਦੇ ਸਿੱਕੇ, ਸੋਨੇ ਦੀਆਂ ਮੋਹਰਾਂ ਤੇ ਕੋਈ ਜ਼ੇਵਰ ਵੀ ਜ਼ਰੂਰ ਹੁੰਦਾ ਹੈ। ਥੋੜ੍ਹਾ ਜਿਹਾ ਕੇਸਰ ਪਾਣੀ ਵਿੱਚ ਘੋਲ਼ ਕੇ ਵਰ-ਪੱਖ ਦੇ ਲੋਕਾਂ ਦੇ ਕੱਪੜਿਆਂ ’ਤੇ ਵੀ ਤਰੌਂਕਿਆ ਜਾਂਦਾ ਹੈ। ਸਾਰੇ ਮਿਲ਼ ਕੇ ਨੱਚਦੇ-ਗਾਉਂਦੇ ਹਨ, ਖਾਂਦੇ-ਪੀਂਦੇ ਹਨ ਤੇ ਜਾਣ ਵੇਲੇ ਮੁੰਡੇ ਵਾਲ਼ਿਆਂ ਨੂੰ ਮਿਠਾਈ ਦੇ ਡੱਬੇ ਦਿੱਤੇ ਜਾਂਦੇ ਹਨ।

     ਆਪਣੀ ਆਪਣੀ ਸਹੂਲਤ ਜਾਂ ਇਲਾਕੇ ਅਨੁਸਾਰ ਇਹ ਰਸਮ ਪੁਰਾਣੇ ਤਰੀਕਿਆਂ ਨਾਲ਼ ਵੀ ਮਨਾਈ ਜਾਂਦੀ ਹੈ। ਕੁੜੀ ਵਾਲ਼ੇ ਸ਼ਗਨਾਂ ਦੇ ਪੰਜ, ਸੱਤ ਜਾਂ ਗਿਆਰਾਂ ਥਾਲ਼ ਲੈ ਕੇ ਮੁੰਡੇ ਦੇ ਘਰ ਜਾਂਦੇ ਹਨ। ਇਹਨਾਂ ਥਾਲ਼ਾਂ ਵਿੱਚ ਖੋਪਾ, ਛੁਹਾਰੇ, ਕੂਜਾ-ਮਿਸ਼ਰੀ, ਗੁੜ, ਮਿਠਾਈਆਂ, ਸੁੱਕੇ ਮੇਵੇ, ਫ਼ਲ਼, ਇੱਕ ਕਟੋਰੀ ਵਿੱਚ ਕੇਸਰ ਤੇ ਇੱਕ ਪੁੜੀ ਵਿੱਚ ਚੌਲ਼ ਹੁੰਦੇ ਹਨ। ਬਰਾਦਰੀ ਅਤੇ ਪੰਚਾਇਤ ਦੇ ਸਾਹਮਣੇ ਮੁੰਡੇ ਨੂੰ ਚੌਂਕੀ ਉੱਤੇ ਬਿਠਾ ਕੇ ਕੁੜੀ ਦਾ ਪਿਤਾ ਉਹਦੇ ਕੇਸਰ ਦਾ ਤਿਲਕ ਲਾ ਕੇ ਮੂੰਹ ਨੂੰ ਛੁਹਾਰਾ ਲਾਉਂਦਾ ਹੈ ਤੇ ਫਿਰ ਲੱਡੂ ਜਾਂ ਮਿਸ਼ਰੀ ਨਾਲ਼ ਮੂੰਹ ਮਿੱਠਾ ਕਰਾ ਕੇ ਸ਼ਗਨ ਵਜੋਂ ਰੁਪਏ ਦਿੰਦਾ ਹੈ।
    ਇਸ ਮੌਕੇ ਹਿੰਦੂ-ਪਰਿਵਾਰਾਂ ਵਿੱਚ ਕੁੱਲ-ਪਰੋਹਤ ਜਾਂ ਪੰਡਿਤ ਨੂੰ ਸੱਦਿਆ ਜਾਂਦਾ ਹੈ ਜੋ ਹਵਨ ਕਰਕੇ ਮੰਤਰ ਉਚਾਰਦਾ ਹੈ ਤੇ ਫਿਰ ਲੜਕੇ ਨੂੰ ਤਿਲਕ ਲਗਾਇਆ ਜਾਂਦਾ ਹੈ। ਸਿੱਖ-ਪਰਿਵਾਰਾਂ ਵਿੱਚ ਗੁਰਦੁਆਰੇ ਦੇ ਗ੍ਰੰਥੀ ਨੂੰ ਬੁਲਾ ਲਿਆ ਜਾਂਦਾ ਹੈ, ਜੋ ਜਪੁਜੀ ਸਾਹਿਬ ਦੀਆਂ ਪੰਜ ਪੌੜੀਆਂ ਪੜ੍ਹਕੇ ਅਰਦਾਸ ਕਰਦਾ ਹੈ ਤੇ ਫਿਰ ਮੁੰਡੇ ਦੇ ਮੱਥੇ ’ਤੇ ਟਿੱਕਾ ਲਾ ਕੇ ਸ਼ਗਨ ਕੀਤਾ ਜਾਂਦਾ ਹੈ। ਕਈ ਵਾਰ ਸ੍ਰੀ ਅਖੰਡ-ਪਾਠ, ਸਹਿਜ-ਪਾਠ ਜਾਂ ਸੁਖਮਨੀ ਸਾਹਿਬ ਦਾ ਭੋਗ ਪੁਆ ਕੇ ਵੀ ਇਹ ਰਸਮ ਕੀਤੀ ਜਾਂਦੀ ਹੈ। ਅਗਾਂਹ ਵਧੂ ਸਿੱਖ-ਪਰਿਵਾਰਾਂ ਵਿੱਚ ਟਿੱਕਾ ਨਹੀਂ ਲਗਾਇਆ ਜਾਂਦਾ, ਬਾਕੀ ਰਸਮ ਉਵੇਂ ਹੀ ਕੀਤੀ ਜਾਂਦੀ ਹੈ। 
    ਮੁੰਡੇ ਵਾਲ਼ੇ ਉਸੇ ਦਿਨ ਕੁੜੀ ਲਈ ਸ਼ਗਨ ਵਜੋਂ ਖੰਡ, ਚਾਵਲ, ਛੁਹਾਰੇ, ਸੁੱਕੇ ਮੇਵੇ, ਕੋਈ ਗਹਿਣਾ, ਤਿਉਰ ਤੇ ‘ਸੁਹਾਗ-ਪਟਾਰੀ’ ਭੇਜ ਦਿੰਦੇ ਹਨ। ਇਸ ਸੁਹਾਗ-ਪਟਾਰੀ ਵਿੱਚ ਮਹਿੰਦੀ, ਖੰਮ੍ਹਣੀ, ਪਰਾਂਦੀ, ਬਿੰਦੀ-ਸੁਰਖੀ, ਨਹੁੰ-ਪਾਲਿਸ਼, ਲਾਲ-ਗੁਲਾਬੀ ਰਿਬਨ ਆਦਿ ਹੁੰਦੇ ਹਨ। ਕੁੜੀ ਵਾਲ਼ੇ ਕਿਸੇ ਸ਼ੁੱਭ-ਦਿਹਾੜੇ ਨੈਣ ਨੂੰ ਬੁਲਾਉਂਦੇ ਹਨ, ਕੁੜੀ ਨੂੰ ਇਸ਼ਨਾਨ ਪਿੱਛੋਂ ਸਹੁਰਿਆਂ ਤੋਂ ਆਏ ਕੱਪੜੇ ਗਹਿਣੇ ਪਹਿਨਾ ਕੇ, ਚੜ੍ਹਦੇ ਵੱਲ ਮੂੰਹ ਕਰਕੇ ਚੌਂਕੀ ਜਾਂ ਪੀਹੜੇ ਉੱਤੇ ਬਿਠਾ ਦਿੱਤਾ ਜਾਂਦਾ ਹੈ। ਸੁਹਾਗ-ਪਟਾਰੀ ਵਿਚੋਂ ਲੈ ਕੇ ਮਹਿੰਦੀ ਲਾਈ ਜਾਂਦੀ ਹੈ, ਹਾਰ-ਸ਼ਿੰਗਾਰ ਕੀਤਾ ਜਾਂਦਾ ਹੈ ਤੇ ਨੈਣ ਉਹਦੀ ਝੋਲ਼ੀ ਵਿੱਚ ਸਹੁਰਿਆਂ ਵੱਲੋਂ ਆਈਆਂ ਵਸਤਾਂ ਪਾ ਕੇ ਉਹਦੇ ਮੂੰਹ ਨੂੰ, ਖੰਡ, ਮਿਸ਼ਰੀ, ਛੁਹਾਰੇ ਲਾਉਂਦੀ ਹੈ। 
    ਆਧੁਨਿਕ ਸਮੇਂ ਵਿੱਚ ਇਹ ਸਭ ਕੁਝ ਕੁੜਮਾਈ ਵੇਲ਼ੇ ਮੁੰਡੇ ਦੀਆਂ ਭੈਣਾਂ ਵੱਲੋਂ ਮੰਚ ਉੱਤੇ ਹੀ ਕਰ ਦਿੱਤਾ ਜਾਂਦਾ ਹੈ, ਜਦੋਂ ਕੁੜੀ-ਮੁੰਡਾ ਉੱਥੇ ਹੀ ਸੋਫ਼ੇ ਉੱਤੇ ਇਕੱਠੇ ਬਿਠਾਏ ਹੁੰਦੇ ਹਨ।
    ਇੱਥੋਂ ਤੱਕ ਤਾਂ ਸਭ ਬਹੁਤ ਸੋਹਣਾ ਸੁਹਾਵਣਾ ਹੈ, ਪਰ ਅੱਜ-ਕੱਲ੍ਹ ਕੁਝ ਕੁਰੀਤੀਆਂ ਨੇ ਇਸ ਰਿਵਾਜ਼ ਨੂੰ ਮਾਪਿਆਂ ਲਈ ਸਾਹ-ਸੂਤਵਾਂ ਬਣਾ ਦਿੱਤਾ ਹੈ, ਮੁੰਡੇ ਦੀ ਝੋਲ਼ੀ ਵਿੱਚ ਪਾਇਆ ਸ਼ਗਨ ਦਾ ਰੁਪੱਈਆ, ਜੋ ਕਦੀ ਸਿਰਫ਼ ਇੱਕ ਰੁਪੱਈਆ ਜਾਂ ਵੱਧ ਤੋਂ ਵੱਧ ਇੱਕ ਸੌ ਇੱਕ ਰੁਪੱਈਆ ਹੁੰਦਾ ਸੀ, ਹੁਣ ਹਜ਼ਾਰਾਂ ਲੱਖਾਂ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ਼ ਨਾਲ਼ ਮੁੰਡੇ ਲਈ ਕੜਾ, ਜ਼ੰਜੀਰੀ, ਛਾਪ, ਕੀਮਤੀ ਘੜੀ ਤੇ ਉਹਦੇ ਮਾਤਾ-ਪਿਤਾ ਤੇ ਹੋਰ ਰਿਸ਼ਤੇਦਾਰਾਂ ਲਈ, ਸੂਟ, ਕੰਬਲ਼, ਗਹਿਣੇ ਤੇ ਹੋਰ ਕੀਮਤੀ ਤੋਹਫ਼ੇ ਮਾਪਿਆਂ ਦੀ ਵਿੱਤੋਂ ਬਾਹਰ ਹੋਣ ਕਰਕੇ ਧੀਆਂ ਨੂੰ ਜੰਮਣੋਂ ਪਹਿਲਾਂ ਹੀ ਮਾਰ ਦੇਣ ਦਾ ਕਾਰਨ ਬਣ ਗਏ ਹਨ।

ਮੁੰਦਰੀ ਦੀ ਰਸਮ (Ring ceremony): ਇਹ ਰਸਮ ਪੱਛਮੀ ਸੱਭਿਅਤਾ ਦੀ ਦੇਣ ਹੈ ਤੇ ਹੁਣ ਸਾਡੇ ਵਿਆਹਾਂ ਦਾ ਹਿੱਸਾ ਹੋ ਗਈ ਹੈ, ਜਿਸ ਵਿੱਚ ਮੰਗੇਤਰ ਇੱਕ ਦੂਜੇ ਨੂੰ ਮੁੰਦਰੀ ਪਾਉਂਦੇ ਹਨ। ਇਹ ਰਸਮ ਕੁੜਮਾਈ ਸਮਾਗਮ ਵਿੱਚ ਹੀ ਕਰ ਲਈ ਜਾਂਦੀ ਹੈ ਤੇ ਕਈ ਵਾਰ ਸਹੁਰੇ ਚੁੰਨੀ ਚੜ੍ਹਾਉਣ ਦੀ ਰਸਮ ਵੀ ਇਸੇ ਵੇਲ਼ੇ ਕਰ ਲੈਂਦੇ ਹਨ।

ਚੁੰਨੀ-ਚੜ੍ਹਾਉਣਾ: ਅਕਸਰ ਇਹ ਰਸਮ ਠਾਕੇ ਜਾਂ ਕੁੜਮਾਈ ਵਾਲ਼ੇ ਦਿਨ ਹੀ ਕਰ ਲਈ ਜਾਂਦੀ ਹੈ ਤੇ ਕਈ ਵਾਰ ਕੋਈ ਹੋਰ ਦਿਨ ਮਿਥ ਲਿਆ ਜਾਂਦਾ ਹੈ। ਮੁੰਡੇ ਵਾਲ਼ੇ ਕੁੜੀ ਦੇ ਘਰ ਆਉਂਦੇ ਹਨ, ਮੁੰਡੇ ਦੀ ਭੈਣ ਜਾਂ ਭਰਜਾਈ ਕੁੜੀ ਦੇ ਸਿਰ ’ਤੇ ਗੋਟੇਦਾਰ ਸਿਲਮੇ-ਸਿਤਾਰਿਆਂ ਵਾਲ਼ੀ ਜਾਂ ਫੁਲਕਾਰੀ ਦੀ ਕਢਾਈ ਵਾਲ਼ੀ ਲਾਲ, ਗੁਲਾਬੀ, ਗੁਲਾਨਾਰੀ, ਸੰਦਲੀ ਜਾਂ ਸੁਨਹਿਰੀ ਚੁੰਨੀ ਦਿੰਦੀ ਹੈ, ਉਹਦੇ ਨਹੁੰ ਪਾਲਿਸ਼ ਲਾਉਂਦੀ ਹੈ, ਕੋਈ ਜ਼ੇਵਰ ਪਾਉਂਦੀ ਹੈ ਤੇ ਉਹਦੀ ਝੋਲ਼ੀ ਵਿੱਚ ਤਿਉਰ, ਮੌਲੀ, ਬਦਾਮ-ਛੁਹਾਰੇ ਜਾਂ ਹੋਰ ਸੁੱਕੇ ਮੇਵੇ ਪਾ ਕੇ ਸੁਹਾਗ-ਪਟਾਰੀ ਦੇ ਦਿੰਦੀ ਹੈ। ਕਈ ਵਾਰ ਕੁੜੀ ਨੂੰ ਪਹਿਲਾਂ ਸਹੁਰਿਆਂ ਵੱਲੋਂ ਲਿਆਂਦਾ ਤਿਉਰ ਪਹਿਨਾਇਆ ਜਾਂਦਾ ਹੈ ਤੇ ਫੇਰ ਬਾਕੀ ਸਭ ਕੁਝ ਕੀਤਾ ਜਾਂਦਾ ਹੈ।

   ਇਹ ਰਵਾਇਤ ਕੁੜੀ ਨੂੰ ਮੁਹੱਬਤੀ ਸੁਫ਼ਨਿਆਂ ਤੇ ਸਤਰੰਗੀਆਂ ਸੱਧਰਾਂ ਦੇ ਹੁਲ੍ਹਾਰੇ ਬਖਸ਼ਣ ਵਾਲ਼ੀ ਤੇ ਉਸਦੇ ਪੇਕੜਿਆਂ ਨੂੰ ਆਪਣੀ ਧੀ ਲਈ ਸੋਹਣਾ ਵਰ-ਘਰ ਲੱਭ ਜਾਣ ਦਾ ਚਾਅ ਦੇਣ ਵਾਲ਼ੀ ਹੈ, ਪਰ ਲੋਭ-ਲਾਲਚ ਨੇ ਇਸ ਨੂੰ ਵੀ ਗ੍ਰਹਿਣ ਲਾ ਦਿੱਤਾ ਹੈ। ਜਿੰਨੇ ਵੀ ਰਿਸ਼ਤੇਦਾਰ ਚੁੰਨੀ ਚੜ੍ਹਾਉਣ ਲਈ ਆਉਂਦੇ ਨੇ, ਉਹਨਾਂ ਸਾਰਿਆਂ ਦੀ ਵਧੀਆ ਸੂਟ,ਕੀਮਤੀ ਤੋਹਫ਼ੇ ਆਦਿ ਲੈਣ ਦੀ ਤ੍ਰਿਸ਼ਨਾ ਨੇ ਮਾਪਿਆਂ ਦਾ ਦਮ ਘੁੱਟ ਦਿੱਤਾ ਹੈ।
   ਇਹਨਾਂ ਸਭ ਰੀਤਾਂ ਤੋਂ ਬਾਅਦ ਵਿਆਹ ਦੇ ਕਾਰਜ ਅਰੰਭ ਹੋ ਜਾਂਦੇ ਹਨ:

ਗੌਣ ਬਿਠਾਉਣਾ: ਵਿਆਹ ਤੋਂ ਸੱਤ ਜਾਂ ਗਿਆਰਾਂ ਦਿਨ ਪਹਿਲਾਂ ਗੌਣ ਬਿਠਾਇਆ ਜਾਂਦਾ ਹੈ, ਜਿਸ ਜਿਸ ਨੂੰ ਬੁਲਾਉਣਾ ਹੋਵੇ, ਉਸ ਘਰ ਨੈਣ ਜਾਂ ਲਾਗਣ ਦੇ ਹੱਥ ‘ਗੌਣ ਦੇ ਸੱਦੇ’ ਦੇ ਨਾਲ਼ ਗੁੜ ਜਾਂ ਕੋਈ ਮਿਠਾਈ ਘੱਲੀ ਜਾਂਦੀ ਹੈ। ਭੈਣਾਂ-ਭਰਜਾਈਆਂ, ਸਖੀਆਂ-ਸਹੇਲੀਆਂ, ਤਾਈਆਂ-ਚਾਚੀਆਂ, ਆਂਢਣਾਂ-ਗਵਾਂਢਣਾਂ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ ਹਨ, ਜਾਣ ਲੱਗੀਆਂ ਨੂੰ ਲੱਡੂ ਦਿੱਤੇ ਜਾਂਦੇ ਹਨ। ਉਹ ਵਿਆਹ ਦੇ ਦਿਨ ਤੱਕ ਹਰ ਰਾਤ ਨੂੰ ਗੀਤ ਗਾਉਣ ਆਉਂਦੀਆਂ ਹਨ। ਪਰ ਸ਼ਹਿਰੀ ਜੀਵਨ ਦੀ ਕਾਹਲ਼-ਭਰੀ ਜ਼ਿੰਦਗੀ ਨੇ ਫ਼ਿਜ਼ਾਵਾਂ ਵਿੱਚ ਸੰਗੀਤ ਛਿੜਕਦਾ ਇਹ ਪਿਆਰਾ ਰਿਵਾਜ਼ ਲੱਗਭਗ ਖਤਮ ਕਰ ਦਿੱਤਾ ਹੈ, ਇਸ ਨੂੰ ਫਿਰ ਤੋਂ ਸੁਰਜੀਤ ਕਰਕੇ ਮੋਹ ਦੀਆਂ ਸਾਂਝਾਂ ਪੁਆਣਾ ਸਮੇਂ ਦੀ ਲੋੜ ਹੈ। ਵਿਆਹ ਦੇ ਕੰਮ-ਕਾਜ: ਉਪ੍ਰੋਕਤ ‘ਗੌਣ ਵਾਲ਼ੇ’ ਦਿਨਾਂ ਵਿੱਚ ਹੀ ਸੁਆਣੀਆਂ ਵਿਆਹ ਵਾਲ਼ੇ ਘਰ ਦੇ ਛੋਟੇ-ਮੋਟੇ ਕੰਮਾਂ ਵਿੱਚ ਹੱਥ ਵਟਾਉਂਦੀਆਂ ਹਨ, ਇਹ ਸੱਤ-ਸੁਹਾਗਣਾਂ ਦੇ ਹੱਥੋਂ ਹੀ ਕਰਵਾਏ ਜਾਂਦੇ ਹਨ, ਜਿਹੜੀਆਂ ਤਾਈਆਂ-ਚਾਚੀਆਂ, ਆਂਢਣਾਂ-ਗਵਾਂਢਣਾਂ ਵਿੱਚੋਂ ਹੁੰਦੀਆਂ ਹਨ। ਮੁੱਖ ਤੌਰ ’ਤੇ ਹੇਠ ਲਿਖੇ ਕਾਰਜ ਹੁੰਦੇ ਹਨ:

ਵੜੀਆਂ ਟੁੱਕਣਾ: ਰਾਤ ਨੂੰ ਮਾਂਹ ਦਾ ਆਟਾ, ਨਮਕ-ਮਿਰਚ, ਜ਼ੀਰਾ, ਹਿੰਗ ਆਦਿ ਭਿਉਂ ਦਿੱਤੇ ਜਾਂਦੇ ਹਨ ਤੇ ਸਵੇਰੇ ਵੜੀਆਂ ਟੁਕੀਆਂ ਜਾਂਦੀਆਂ ਹਨ। ਸੁਕਾਈਆਂ ਗਈਆਂ ਵੜੀਆਂ ਦੀ ਸਬਜ਼ੀ ਵਿਆਹ ਵਾਲ਼ੇ ਦਿਨਾਂ ਵਿੱਚ ਇਕ ਡੰਗ ਜ਼ਰੂਰ ਬਣਾਈ ਜਾਂਦੀ ਹੈ, ਕੁਝ ਵੜੀਆਂ ਲਾੜੀ ਦੇ ਸਹੁਰੇ ਭੇਜੀਆਂ ਜਾਂਦੀਆਂ ਹਨ, ਆਂਢ-ਗਵਾਂਢ ਤੇ ਸਾਕ-ਸਬੰਧੀਆਂ ਵਿੱਚ ਵੰਡੀਆਂ ਜਾਂਦੀਆਂ ਹਨ। ਪੁਰਾਣੇ ਸਮਿਆਂ ਵਿੱਚ ਇਹਦਾ ਖ਼ਾਸ ਮਹੱਤਵ ਸੀ, ਕਿਉਂਕਿ ੳਦੋਂ ਅੱਜ ਵਾਂਗ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਨਹੀਂ ਬਣਾਈਆਂ ਜਾਂਦੀਆਂ ਸਨ ਤੇ ਆਲੂ ਵੜੀਆਂ ਦੀ ਸਬਜ਼ੀ ਵਿਸ਼ੇਸ਼ ਪ੍ਰਾਹੁਣਿਆਂ ਨੂੰ ਪਰੋਸੀ ਜਾਂਦੀ ਸੀ। ਚੱਕੀ-ਹੱਥ (ਗਲ਼ਾ-ਪਾਉਣਾ): ਇਹ ਪੁਰਾਣੇ ਵਕਤਾਂ ਵਿੱਚ ਕੀਤਾ ਜਾਂਦਾ ਸੀ, ਤੀਵੀਂਆਂ ਚੱਕੀ ਵਿੱਚ ਕਣਕ ਦਾ ਗਲ਼ਾ ਪਾ ਕੇ ਪੀਂਹਦੀਆਂ ਸਨ। ਪਰ ਹੁਣ ਆਟੇ-ਚੱਕੀ ਤੋਂ ਮਿਲ਼ਦੇ ਜਾਂ ਪਿਹਾਏ ਜਾਂਦੇ ਆਟੇ ਕਰਕੇ ਇਹ ਰਸਮ ਕਿਤੇ ਕਿਤੇ ਇੱਕ ਚਿੰਨ ਵਾਂਗ ਹੀ ਮਨਾਈ ਜਾਂਦੀ ਹੈ, ‘ਕਣਕ ਛੱਟਣ’,‘ਦਾਲ਼ ਚੁਗਣ’ ਤੇ ‘ਆਟਾ ਛਾਣਨ’ ਦੇ ਕਾਰਜ ਅਜੇ ਵੀ ਕਿਤੇ ਕਿਤੇ ਕੀਤੇ ਜਾਂਦੇ ਹਨ।

ਦਾਲ਼-ਦਲਣਾ: ਇਹ ਪਿਰਤ ਵੀ ਦੂਰ-ਦੁਰਾਡੇ ਇਲਾਕਿਆਂ ਵਿੱਚ ਲੱਭਦੀ ਹੈ, ਚੱਕੀ ਨਾਲ਼ ਦਾਲ਼ ਦਲ਼ੀ ਜਾਂਦੀ ਹੈ। ਇਹ ਛੋਲਿਆਂ ਦੀ ਦਾਲ਼ ਹੁੰਦੀ ਹੈ, ਜਿਸ ਨੂੰ ਪੀਹ ਕੇ ਵਿਆਹ ਵਿੱਚ ਵਰਤਣ ਲਈ ਵੇਸਣ ਬਣਾਇਆ ਜਾਂਦਾ ਹੈ।

ਆਟੇ-ਪਾਣੀ: ਆਮ ਤੌਰ ’ਤੇ ਇਹ ਪਿੰਡ ਨੂੰ ‘ਰੋਟੀ’ ਵਾਲ਼ੇ ਦਿਨ ਹੁੰਦਾ ਹੈ। ਸੱਤ ਸੁਹਾਗਣਾਂ ਵੱਲੋਂ ਗੀਤਾਂ ਦੇ ਨਾਲ਼ ਨਾਲ਼ ਵੱਡੀ ਪਰਾਂਤ ਵਿੱਚ ਆਟਾ ਪਾ ਕੇ ਗੁੰਨ੍ਹਿਆ ਜਾਂਦਾ ਹੈ, ਜਿਸਦੇ ਬਾਅਦ ਵਿੱਚ ਫੁਲਕੇ ਪਕਾਏ ਜਾਂਦੇ ਹਨ, ਪਹਿਲੀਆਂ ਵਿੱਚ ਮੰਡੇ ਪਕਾਏ ਜਾਂਦੇ ਸਨ।

   ਇਸ ਦੇ ਨਾਲ਼ ਹੀ ਉਹ ਰਜ਼ਾਈਆਂ ਨਗੰਦਦੀਆਂ, ਗੋਟਾ-ਕਿਨਾਰੀ ਲਾਉਂਦੀਆਂ, ਮਟਰ ਕੱਢਦੀਆਂ, ਸਬਜ਼ੀ ਚੀਰਦੀਆਂ ਹਨ। ਇਹ ਸਾਰੇ ਕਾਰਜ ਉਹ ਗੀਤ ਗਾਉਂਦੀਆਂ, ਹੱਸਦੀਆਂ-ਖੇਡਦੀਆਂ ਕਰਦੀਆਂ ਹਨ, ਕਿਸੇ ਨੂੰ ਕੰਮ ਦਾ ਬੋਝ ਵੀ ਮਹਿਸੂਸ ਨਹੀਂ ਹੁੰਦਾ ਤੇ ਵਿਆਹ ਵਾਲ਼ੇ ਪਰਿਵਾਰ ਦੀ ਬਹੁਤ ਵੱਡੀ ਸਹਾਇਤਾ ਹੋ ਜਾਂਦੀ ਹੈ। ਇਹ ਰਸਮਾਂ ਦੂਰ-ਦੁਰਾਡੇ ਪਿੰਡਾਂ ਵਿੱਚ ਅਜੇ ਵੀ ਪ੍ਰਚੱਲਿਤ ਹਨ ਪਰ ਸ਼ਹਿਰਾਂ, ਕਸਬਿਆਂ ਤੇ ਸ਼ਹਿਰਾਂ ਦੇ ਨੇੜਲੇ ਪਿੰਡਾਂ ਵਿੱਚ ਕੇਟਰਿੰਗ-ਸੇਵਾਵਾਂ ਉਪਲੱਬਧ ਹੋਣ ਕਰਕੇ ਇਹ ਹੁਣ ਕਿਤੇ ਨਹੀਂ ਦਿਸਦੀਆਂ।

ਲੱਡੂ ਵੱਟਣੇ: ਤਿੰਨ-ਚਾਰ ਦਿਨ ਪਹਿਲਾਂ ਵਿਆਹ ਵਾਲ਼ੇ ਘਰ ਹਲਵਾਈ ਬਿਠਾਏ ਜਾਂਦੇ ਹਨ, ਜਿਹੜੇ ਵਿਆਹ ਦੀ ਭਾਜੀ ਤੇ ਲੱਡੂਆਂ ਵਾਲ਼ੀ ਮਿੱਠੀ ਬੂੰਦੀ ਤਿਆਰ ਕਰਦੇ ਹਨ, ਸ਼ਰੀਕੇ ਕਬੀਲੇ ਦੇ ਮਰਦ ਇਕੱਠੇ ਬਹਿ ਕੇ ਹਾਸਾ-ਠੱਠਾ ਕਰਦੇ ਹੋਏ ਲੱਡੂ ਵੱਟਦੇ ਹਨ।

   ਸਾਹਾਂ ਵਿੱਚ ਮਿੱਠਤ ਭਰਨ ਵਾਲ਼ੀ ਇਹ ਪਰੰਪਰਾ ਪਿੰਡਾਂ ਵਿੱਚ ਅਜੇ ਵੀ ਜਿਉਂਦੀ ਹੈ, ਪਰ ਸ਼ਹਿਰੀਏ ਇਸ ਤੋਂ ਪਾਸਾ ਵੱਟ ਗਏ ਹਨ।

ਬਾਜਰਾ-ਚੂਰੀ: ਤਿੰਨ ਕੁ ਦਿਨ ਪਹਿਲਾਂ ਰਾਤ ਨੂੰ ਸੱਤ ਜਣੀਆਂ, ਇਕ ਵਿਆਹੁਲੀ ਕੁੜੀ ਤੇ ਛੇ ਸੁਹਾਗਣਾਂ ਵੱਲੋਂ ਸੱਤ-ਸੱਤ ਮੁੱਠਾਂ ਪਾ ਕੇ ਇਕ ਗਾਗਰ ਜਾਂ ਘੜੇ ਵਿੱਚ ਬਾਜਰਾ ਭਿਉਂਇਆ ਜਾਂਦਾ ਹੈ। ਸਵੇਰੇ ਇਹਨੂੰ ਕੁੜੀ ਦੀ ਚੁੰਨੀ ਵਿੱਚ ਪਾ ਕੇ ਛਾਣਿਆ/ਨਿਚੋੜਿਆ ਜਾਂਦਾ ਹੈ, ਲਾਗਣ ਇਸ ਵਿੱਚ ਭੋਰਿਆ ਹੋਇਆ ਗੁੜ ਰਲ਼ਾ ਕੇ ਫਿਰ ਤੋਂ ਕੁੜੀ ਦੇ ਪੱਲੇ ਵਿੱਚ ਪਾ ਦਿੰਦੀ ਹੈ ਤੇ ਅੱਗੋਂ ਉਹ ਇਹ ਚੂਰੀ ਉੱਥੇ ਹਾਜ਼ਿਰ ਕੁਆਰੀਆਂ ਨੂੰ ਦਿੰਦੀ ਹੈ, ਜਿਹੜੀਆਂ ਇਸ ਆਸ ਨਾਲ਼ ਇਹਨੂੰ ਖਾਂਦੀਆਂ ਹਨ ਕਿ ਹੁਣ ਉਹਨਾਂ ਦੀ ਸ਼ਾਦੀ ਵੀ ਛੇਤੀ ਹੋ ਜਾਏਗੀ।

   ਇਹਨਾਂ ਦਿਨਾਂ ਵਿੱਚ ਕੁੜੀ ਨੂੰ ਨਾਨਕਿਆਂ, ਭੂਆ ਜਾਂ ਹੋਰ ਕਿਸੇ ਸਾਕ-ਸਕੀਰੀ ਵੱਲੋਂ ਆਈ ਬਦਾਮ, ਖੋਪਿਆਂ ਵਾਲ਼ੀ ਪੰਜੀਰੀ ਵੀ ਖੁਆਈ ਜਾਂਦੀ ਹੈ। ਇਹ ਸਭ ਉਹਨੂੰ ਵਿਆਹੁਤਾ-ਜੀਵਨ ਵਿੱਚ ਦਾਖ਼ਿਲ ਹੋਣ ਤੋਂ ਪਹਿਲਾਂ ਤਨੋਂ-ਮਨੋਂ ਤਕੜੀ ਕਰਨ ਦੇ ਚਾਰੇ ਹਨ।

ਥਾਪਾ: ਕੁਝ ਹਿੰਦੂ ਪਰਿਵਾਰਾਂ ਵਿੱਚ ਵਿਆਹ ਤੋਂ ਤਿੰਨ ਚਾਰ ਦਿਨ ਪਹਿਲਾਂ ਭਾਬੀ ‘ਥਾਪਾ’ ਤਿਆਰ ਕਰਦੀ ਹੈ, ਜੇ ਸਾਰੀਆਂ ਰਸਮਾਂ ਘਰ ਵਿੱਚ ਕਰਨੀਆਂ ਹੋਣ ਤਾਂ ਇਹ ਇੱਕ ਕੰਧ ’ਤੇ ਬਣਾਇਆ ਜਾਂਦਾ ਹੈ, ਪਰ ਕਿਉਂਕਿ ਅੱਜਕੱਲ੍ਹ ਵਿਆਹ ਮੈਰਿਜ-ਪੈਲੇਸ ਜਾਂ ਹੋਟਲ ਵਿੱਚ ਹੁੰਦੇ ਹਨ, ਇਸ ਲਈ ਇਹ ਕੈਲੰਡਰ ਦੇ ਖ਼ਾਲੀ ਸਫ਼ੇ ਜਾਂ ਗੱਤੇ ਆਦਿ ਉੱਤੇ ਕਾਗ਼ਜ਼ ਚਿਪਕਾ ਕੇ, ਉਸ ਉੱਤੇ ਬਣਾ ਕੇ ਵਿਆਹ-ਸਥਾਨ ’ਤੇ ਲਿਜਾਇਆ ਜਾਂਦਾ ਹੈ। ਗਿੱਲੀ ਹਲ਼ਦੀ ਉੱਤੇ ਹੱਥ ਲਗਾ ਕੇ, ਕੰਧ (ਜਾਂ ਕਾਗ਼ਜ਼) ਉੱਤੇ ਥਾਪਾ ਲਗਾਇਆ ਜਾਂਦਾ ਹੈ, ਉਸ ਉੱਤੇ ਮਹਿੰਦੀ ਅਤੇ ਰੋਲੀ ਦੇ ਟਿੱਕੇ ਲਗਾਏ ਜਾਂਦੇ ਹਨ, ਦਵਾਲ਼ੇ ਸੱਤ ਚੱਕਰ ਖਿੱਚੇ ਜਾਂਦੇ ਹਨ। ਇਸ ਗੋਲ਼ ਚੱਕਰ ਦੀਆਂ ਲੱਤਾਂ ਬਾਹਾਂ ਵਰਗੀਆਂ ਲਕੀਰਾਂ ਖਿੱਚ ਕੇ ਇਹਨੂੰ ਮਨੁੱਖੀ-ਆਕਾਰ ਦੇ ਦਿੱਤਾ ਜਾਂਦਾ ਹੈ। ਇਹ ਥਾਪਾ ਪਰਮ-ਸ਼ਕਤੀ ਦਾ ਪਰਤੀਕ ਮੰਨਿਆ ਜਾਂਦਾ ਹੈ, ਜਿਸਦੀ ਛਤਰ-ਛਾਇਆ ਹੇਠ ਸਾਰੇ ਕਾਰਜ ਸਿਰੇ ਚੜ੍ਹਦੇ ਹਨ।

ਮਹਿੰਦੀ: ਵਿਆਹ ਤੋਂ ਇੱਕ-ਦੋ ਦਿਨ ਪਹਿਲਾਂ, ਤੇ ਜੇ ‘ਵਟਣਾ’ ਸ਼ਾਮ ਨੂੰ ਹੈ ਤਾਂ ਸਵੇਰੇ ਇਹ ਕਾਰਜ ਕਰ ਲਿਆ ਜਾਂਦਾ ਹੈ। ਪਹਿਲਾਂ ਤਾਂ ਲੜਕੀ ਦੇ ਸੁਹਰਿਆਂ ਤੋਂ ਆਈ ਮਹਿੰਦੀ ਸਖੀਆਂ-ਸਹੇਲੀਆਂ ਦਵਾਰਾ ਲਗਾਈ ਜਾਂਦੀ ਸੀ। ਅੱਜ ਕੱਲ੍ਹ ਮਹਿੰਦੀ-ਲਗਾਉਣ ਵਾਲ਼ੇ ਆ ਗਏ ਹਨ, ਜੋ ਆਪਣੇ ਕੋਲ਼ੋਂ ਹੀ ਸਾਰਾ ਸਮਾਨ ਵਰਤਦੇ ਹਨ ਤੇ ਵੱਖ-ਵੱਖ ਨਮੂਨਿਆਂ ਦੀਆਂ ਮਹਿੰਦੀਆਂ ਲਗਾ ਕੇ ਮੇਲਣਾਂ ਨੂੰ ਖ਼ੁਸ਼ ਕਰਦੇ ਹਨ। ਇਸ ਮੌਕੇ ਨੂੰ ਮਹਿੰਦੀ ਦੇ ਗੀਤ, ਸੁਹਾਗ, ਘੋੜੀਆਂ ਆਦਿ ਹੋਰ ਮਹਿਕਮਈ ਕਰਦੇ ਹਨ। ਸਿੱਖ ਪਰਿਵਾਰਾਂ ਵਿੱਚ ਅੱਵਲ ਤਾਂ ਮਰਦਾਂ ਦੇ ਮਹਿੰਦੀ ਨਹੀਂ ਲਾਉਂਦੇ, ਪਰ ਕਿਧਰੇ ਕਿਧਰੇ ਹਥੇਲੀ ਉੱਤੇ ਟਿੱਕਾ ਲਗਾ ਦਿੱਤਾ ਜਾਂਦਾ ਹੈ।

   ਹਿੰਦੂ ਪਰਿਵਾਰਾਂ ਵਿੱਚ ਵਰ ਤੇ ਕੰਨਿਆ ਦੋਵਾਂ ਦੇ ਮਹਿੰਦੀ ਲਗਾਈ ਜਾਂਦੀ ਹੈ। ਵਿਆਂਹਦੜ ਨੂੰ ਚੌਂਕੀ ਉੱਤੇ ਬਿਠਾ ਕੇ ਤੇ ਚੜ੍ਹਦੇ ਵੱਲ ਮੂੰਹ ਕਰਕੇ ਮਹਿੰਦੀ ਲਾਉਂਦੇ ਹਨ, ਫਿਰ ਉਸ ਵੱਲੋਂ ਮਹਿੰਦੀ ਵਾਲ਼ੇ ਹੱਥਾਂ ਨਾਲ ਕੰਧ ਉੱਤੇ ਥਾਪਾ ਲਾਇਆ ਜਾਂਦਾ ਹੈ। ਪਰ ਅੱਜ ਕੱਲ੍ਹ ਮੁਟਿਆਰਾਂ  ਮਹਿੰਦੀ ਦਾ ਨਮੂਨਾ ਖਰਾਬ ਹੋ ਜਾਣ ਦੇ ਡਰੋਂ ਇਹ ਥਾਪਾ ਨਹੀਂ ਲਗਾਉਂਦੀਆਂ ਜਾਂ ਹੱਥ ਧੋ ਕੇ ਦੁਬਾਰਾ ਮਹਿੰਦੀ ਲਗਵਾਉਂਦੀਆਂ ਹਨ।

ਰਾਤ-ਜਗਾ/ਰੱਤ-ਜਗਾ: ਕੁਝ ਹਿੰਦੂ ਸ਼ਾਦੀਆਂ ਵਿੱਚ ਮਹਿੰਦੀ ਰਾਤ-ਜਗਾ/ਰੱਤ-ਜਗਾ ਵੇਲ਼ੇ ਲਗਾਈ ਜਾਂਦੀ ਹੈ। ਸ਼ਾਦੀ ਤੋਂ ਤਿੰਨ ਚਾਰ ਦਿਨ ਪਹਿਲਾਂ ਇਕੋ ਗੋਤ/ਕਬੀਲੇ ਦੇ ਲੋਕ ਇਕੱਠੇ ਹੁੰਦੇ ਹਨ ਤੇ ਭਾਬੀ ਦੇ ਬਣਾਏ ‘ਥਾਪੇ’ ਨੂੰ ਮੱਥਾ ਟੇਕਦੇ ਹਨ, ਉਹਨਾਂ ਨੂੰ ਘੋਲ਼ੀ ਹੋਈ ਮਹਿੰਦੀ ਦਿੱਤੀ ਜਾਂਦੀ ਹੈ, ਜਾਂ ਹੱਥਾਂ ਉੱਤੇ ਲਗਾਈ ਜਾਂਦੀ ਹੈ। ਉਸੇ ਵੇਲ਼ੇ ਵਿਆਂਹਦੜ ਦੇ ਮਹਿੰਦੀ ਲਗਾ ਕੇ ‘ਥਾਪਾ’ ਲਗਵਾਇਆ ਜਾਂਦਾ ਹੈ, ਜਿਹੜਾ ਕਈ ਸਾਲਾਂ ਤੱਕ ਘਰ ਦੀ ਕੰਧ ’ਤੇ ਸ਼ੋਭਾ ਦਿੰਦਾ ਰਹਿੰਦਾ ਹੈ। ਇਸੇ ਵਕਤ ਸਰੀਕੇ-ਕਬੀਲੇ ਨੂੰ ‘ਰੋਟੀ’ ਖੁਆ ਦਿੱਤੀ ਜਾਂਦੀ ਹੈ।

ਗਾਨਾ-ਬੰਨ੍ਹਾਈ: ਆਮ ਤੌਰ ’ਤੇ ਇਹ ਰਸਮ ਵਟਣਾ ਮਲਣ ਤੋਂ ਐਨ ਪਹਿਲਾਂ ਕੀਤੀ ਜਾਂਦੀ ਹੈ, ਪਰ ਕਈ ਵਾਰ ਕਿਸੇ ਹੋਰ ਦਿਨ ਵੀ ਕਰ ਲਈ ਜਾਂਦੀ ਹੈ। ਮੁੰਡੇ ਦੀ ਸੱਜੀ ਬਾਂਹ ਅਤੇ ਕੁੜੀ ਦੀ ਖੱਬੀ ਬਾਂਹ ਉੱਤੇ ਗਾਨਾ ਬੰਨ੍ਹਿਆ ਜਾਂਦਾ ਹੈ। ਇਹ ਗਾਨਾ ਪਹਿਲਾਂ ਸਿਰਫ਼ ਮੌਲੀ ਹੋਇਆ ਕਰਦੀ ਸੀ, ਪਰ ਅੱਜ ਕੱਲ੍ਹ ਬਜ਼ਾਰ ਵਿੱਚ ਨਿੱਕੇ-ਨਿੱਕੇ ਘੁੰਗਰੂਆਂ ਵਾਲ਼ੇ ਰੰਗ-ਬਿਰੰਗੇ ਗਾਨੇ ਮਿਲ਼ਦੇ ਹਨ। ਇਸ ਗਾਨੇ ਦੇ ਨਾਲ਼ ਹੀ ਗੁੱਟ ਉੱਤੇ ਕੌਡੀਆਂ ਵਾਲ਼ਾ ਗਾਨਾ, ਲੋਹੇ ਦਾ ਕੜਾ, ਛੱਲਾ ਜਾਂ ਪੁਰਾਣੇ ਕੰਬਲ਼ ਵਿਚੋਂ ਇੱਕ ਪਤਲਾ ਫੀਤਾ ਕੱਟ ਕੇ ਬੰਨ੍ਹਿਆ ਜਾਂਦਾ ਹੈ ਤੇ ਕਈ ਜਗਾਹ ਇੱਕ ਟਾਕੀ ਵਿੱਚ ਚੌਲ਼, ਖੰਡ ਜਾਂ ਸ਼ੱਕਰ ਬੰਨ੍ਹ ਕੇ ਉਸ ਨੂੰ ਗੁੱਟ ਉੱਤੇ ਗੰਢ ਦੇ ਦਿੱਤੀ ਜਾਂਦੀ ਹੈ। ਇਹ ਇਕ ਤਰ੍ਹਾਂ ਦੀ ‘ਰੱਖ’ ਹੈ, ਜੋ ਵਿਆਂਹਦੜ ਨੂੰ ਪ੍ਰੇਤ ਆਤਮਾਵਾਂ, ਮਾੜੀਆਂ ਨਜ਼ਰਾਂ ਤੋਂ ਬਚਾਉਣ ਲਈ ਬੰਨ੍ਹੀ ਸਮਝੀ ਜਾਂਦੀ ਹੈ।

    ਬਹੁਤੇ ਹਿੰਦੂ ਪਰਿਵਾਰਾਂ ਵਿੱਚ ਭਰਜਾਈ ਵੱਲੋਂ ਵਿਆਂਹਦੜ ਦੇ ਗੁੱਟ ਉੱਤੇ ਸੱਤ ਗੰਢਾਂ ਦੇ ਕੇ ਮੌਲੀ ਦਾ ਗਾਨਾ ਬੰਨ੍ਹਿਆ ਜਾਂਦਾ ਹੈ ਤੇ ਕੰਗਣਾ ਖੇਲ੍ਹਣ ਵੇਲੇ ਗੱਭਰੂ-ਵਹੁਟੀ ਇੱਕ ਦੂਜੇ ਦਾ ਗਾਨਾ ਖੋਲ੍ਹਦੇ ਹਨ।

ਮਾਈਂਆਂ/ਵਟਣਾ/ਹਲ਼ਦੀ-ਹੱਥ: ਵਿਆਹ ਤੋਂ ਇੱਕ-ਦੋ ਦਿਨ ਪਹਿਲਾਂ ਜਾਂ ਕਿਤੇ ਕਿਤੇ ਉਸੇ ਦਿਨ ਸਵੇਰੇ ਇੱਕ ਚੌਂਕੀ ਰੱਖ ਕੇ ਉਹਦੇ ਸਾਹਮਣੇ ਆਟੇ ਅਤੇ ਹੋਰ ਰੰਗਾਂ ਦੀ ਰੰਗੋਲੀ ਬਣਾਈ ਜਾਂਦੀ ਹੈ, ਵਿੱਚ ਦੀਵਾ ਜਗਾ ਕੇ ਰੱਖਿਆ ਜਾਂਦਾ ਹੈ, ਜਿਹੜਾ ਪਹਿਲਾਂ ਆਟੇ ਦਾ ਹੁੰਦਾ ਸੀ, ਪਰ ਹੁਣ ਮਿੱਟੀ ਦਾ ਰੰਗਲਾ ਦੀਵਾ ਹੀ ਰੱਖਣ ਲੱਗ ਪਏ ਹਨ। ਚੌਂਕੀ ਉੱਤੇ ਵਿਆਂਹਦੜ ਨੂੰ ਬਿਠਾ ਕੇ ਨੈਣ/ਲਾਗਣ ਜਾਂ ਕੋਈ ਭੈਣ-ਭਰਜਾਈ ਉਹਦੇ ਗਾਨਾ ਬੰਨ੍ਹਦੀ ਹੈ। ਵਿਆਂਹਦੜ ਦੀ ਮਾਂ ਅਤੇ ਹੋਰ ਮੇਲਣਾਂ ਦੇ ਵੀ ਗਾਨੇ ਬੰਨ੍ਹੇ ਜਾਂਦੇ ਹਨ, ਜਿਹਨਾਂ ਨੂੰ ਤੋੜਨਾ ਜਾਂ ਕੱਟਣਾ ਕੁਸ਼ਗਨੀ ਸਮਝਿਆ ਜਾਂਦਾ ਹੈ, ਇਸ ਲਈ ਵਿਆਹ ਤੋਂ ਕਾਫ਼ੀ ਦਿਨ ਪਿਛੋਂ ਤੱਕ ਇਸ ਜਸ਼ਨ ਦੀਆਂ ਦਿਲਕਸ਼ ਯਾਦਾਂ ਨੂੰ ਚੇਤੇ ਕਰਵਾਉਂਦੇ ਰਹਿੰਦੇ ਹਨ।

   ਵਿਆਂਹਦੜ ਦੇ ਸਿਰ ਉੱਪਰ ਬਾਗ-ਫੁਲਕਾਰੀ ਤਾਣ ਕੇ ਮੇਲਣਾਂ ਵਟਣੇ ਦੇ ਗੀਤ ਛੋਂਹਦੀਆਂ ਵਾਰੀ ਵਾਰੀ ਵਿਆਂਹਦੜ ਦੇ ਚਿਹਰੇ, ਲੱਤਾਂ, ਬਾਹਾਂ ਉੱਤੇ ਵਟਣਾ ਮਲ਼ਦੀਆਂ ਹਨ, ਨਾਲ਼ ਨਾਲ਼ ਮੌਲੀ ਵਿੱਚ ਬੰਨ੍ਹੀਆਂ ਘਾਹ ਦੀਆਂ ਤਿੜਾਂ ਨੂੰ ਸਰ੍ਹੋਂ ਦੇ ਤੇਲ ਵਿੱਚ ਭਿਉਂ ਕੇ ਉਹਦੇ ਵਾਲ਼ਾਂ ਨੂੰ ਲਾਉਂਦੀਆਂ ਹਨ। ਵਟਣੇ ਦੀ ਇਹ ਰਵਾਇਤ ਇੱਕ ਤਰ੍ਹਾਂ ਨਾਲ਼ ਘਰ ਦਾ ਬਿਊਟੀ ਪਾਰਲਰ ਹੁੰਦੀ ਹੈ, ਜਿਸ ਨਾਲ਼ ਵਿਆਂਹਦੜ ਲਿਸ਼ਕ-ਪੁਸ਼ਕ ਜਾਂਦਾ ਹੈ। ਵਟਣੇ ਪਿੱਛੋਂ ਸਿਰ ਉਤਲੀ ਫੁਲਕਾਰੀ ਉਸ ਦਵਾਲ਼ੇ ਲਪੇਟ ਕੇ ਮਾਮਾ ਉਹਨੂੰ ਚੌਂਕੀ ਤੋਂ ਲਾਹ ਲੈਂਦਾ ਹੈ। ਮਾਂ ਚੌਂਕੀ ਦੇ ਸੱਤ ਵਾਰ ਆਰ-ਪਾਰ ਜਾਂਦੀ ਹੈ ਤੇ ਬਾਕੀ ਬਚਿਆ ਵਟਣਾ ਰੰਗੋਲੀ ਵਿੱਚ ਰਲ਼ਾ ਕੇ ਉੱਥੇ ਪੋਚਾ ਫੇਰਦੀ ਹੈ ਤੇ ਇਹਨਾਂ ਹੱਥਾਂ ਨਾਲ਼ ਕੰਧ ਉੱਤੇ ਥਾਪਾ ਲਾਉਂਦੀ ਹੈ। ਇਸ ਮੌਕੇ ਪੀਲ਼ੇ ਮਿੱਠੇ ਚੌਲ਼ ਬਣਾਏ ਜਾਂਦੇ ਹਨ, ਜੋ ਪਹਿਲਾਂ ਵਿਆਂਹਦੜ ਤੇ ਉਹਦੀਆਂ ਸਖੀਆਂ/ਦੋਸਤਾਂ ਨੂੰ ਦਿੱਤੇ ਜਾਂਦੇ ਹਨ ਤੇ ਫਿਰ ਸਾਰੇ ਪ੍ਰਾਹੁਣਿਆਂ ਨੂੰ ਵਰਤਾਏ ਜਾਂਦੇ ਹਨ।
   ਮਾਈਂਏ ਤੋਂ ਪਿਛੋਂ ਵਿਆਂਹਦੜ ਨੂੰ ਘਰੋਂ ਬਾਹਰ ਨਹੀਂ ਜਾਣ ਦਿੱਤਾ ਜਾਂਦਾ, ਜੇ ਜਾਣਾ ਹੀ ਪਵੇ ਤਾਂ ਕੋਈ ਦੋਸਤ/ਸਖੀ ਹਮੇਸ਼ਾ ਨਾਲ਼ ਹੁੰਦਾ ਹੈ। ਇਸ ਨੂੰ ‘ਸਾਹੇ-ਪੈਣਾ’ ਵੀ ਆਖਦੇ ਹਨ। ਕੁਝ ਥਾਵਾਂ ’ਤੇ ‘ਸਾਹਾ-ਚਿੱਠੀ’ ਤੋ ਬਾਅਦ ਦਾ ਵਕਤ ਵਿਆਹੁਲੇ ਮੁੰਡੇ-ਕੁੜੀ ਲਈ ‘ਸਾਹੇ-ਪੈਣਾ’ ਮੰਨਿਆ ਜਾਂਦਾ ਹੈ। ਇਹ ਚੰਗੀ ਰੀਤ ਹੈ, ਇਸ ਤਰ੍ਹਾਂ ਦੁਰਘਟਨਾ, ਪ੍ਰਦੂਸ਼ਣ ਜਾਂ ਬੀਮਾਰੀ ਦੀ ਲਾਗ ਤੋਂ ਬਚਾਅ ਰਹਿੰਦਾ ਹੈ, ਪਰ ਅੱਜ ਕੱਲ੍ਹ ਦੇ ਰੁਝੇਂਵਿਆਂ ਵਿੱਚ ਇਹ ਰੀਤ ਵੀ ਪੇਤਲੀ ਪੈ ਗਈ ਹੈ।

ਨਿਉਂਦਾ: ਇਹ ਪਰੰਪਰਾ ਵੀ ਵਿਆਹ ਤੋਂ ਇਕ ਅੱਧ ਦਿਨ ਪਹਿਲਾਂ ਨਿਭਾਈ ਜਾਂਦੀ ਹੈ, ਜਿਸ ਵਿੱਚ ਸਰੀਕੇ-ਕਬੀਲੇ ਵਾਲ਼ੇ, ਵਿਆਂਹਦੜ ਦੇ ਤਾਏ ਚਾਚੇ ਤੇ ਹੋਰ ਰਿਸ਼ਤੇਦਾਰ ਨਕਦੀ ਦਿੰਦੇ ਹਨ। ਇਸ ਵੇਲ਼ੇ ਪਿਤਾ ਜਾਂ ਕੋਈ ਹੋਰ ਸਬੰਧੀ ਕਾਪੀ/ਡਾਇਰੀ ਲੈ ਕੇ ਹਰੇਕ ਦਾ ਨਾਂ ਲਿਖ ਕੇ ਉਹਦੇ ਅੱਗੇ ਦਿੱਤੇ ਰੁਪਿਆਂ ਦਾ ਵੇਰਵਾ ਲਿਖਦਾ ਹੈ। ਇਹ ਇੱਕ ਦੂਜੇ ਦੀ ਮੱਦਦ ਕਰਨ ਦੀ ਬਹੁਤ ਹੀ ਵਧੀਆ ਰਵਾਇਤ ਹੈ, ਜਦੋਂ ਨਿਉਂਦਾ ਪਾਉਣ ਵਾਲ਼ੇ ਦੇ ਘਰ ਸ਼ਾਦੀ ਹੋਵੇ ਤਾਂ ਇਸ ਕਾਪੀ/ਡਾਇਰੀ ਵਿੱਚੋਂ ਪੜ੍ਹ ਕੇ ਉਨੇ ਹੀ ਰੁਪਏ ਜਾਂ ਉਸ ਤੋਂ ਕੁਝ ਵੱਧ ਦੇ ਕੇ ਅਗਲੇ ਨੂੰ ਨਿਉਂਦਾ ਮੋੜ ਦਿੱਤਾ ਜਾਂਦਾ ਹੈ।

   ਅੱਜ ਕੱਲ੍ਹ ਬਹੁਤੀ ਵਾਰ ਇਸ ਤਰ੍ਹਾਂ ਨਿਉਂਦਾ ਨਹੀਂ ਪਾਇਆ ਜਾਂਦਾ, ਵਿਆਹੁਤਾ ਜੋੜੇ ਨੂੰ ਹੀ ਸ਼ਗਨ ਵਾਲ਼ੇ ਲਿਫ਼ਾਫ਼ੇ ਵਿੱਚ ਰੁਪਏ ਪਾ ਕੇ ਤੇ ਉੱਤੇ ਆਪਣਾ ਨਾਮ-ਪਤਾ ਲਿਖ ਕੇ ਦੇ ਦਿੱਤੇ ਜਾਂਦੇ ਹਨ, ਜਿਸਨੂੰ ਘਰ ਵਾਲ਼ੇ ਬਾਅਦ ਵਿੱਚ ਖੋਲ੍ਹ ਕੇ ਡਾਇਰੀ ਵਿੱਚ ਉਤਾਰਦੇ ਜਾਂਦੇ ਹਨ ਤੇ ਅਗਲੇ ਦੇ ਵਿਆਹ ਵਿੱਚ ਉਸੇ ਹਿਸਾਬ ਨਾਲ਼ ਸ਼ਗਨ ਪਾ ਦਿੰਦੇ ਹਨ।

ਨਾਨਕਾ-ਮੇਲ਼: ਇਹ ਨਾਨਕੇ-ਪਰਿਵਾਰ ਵੱਲੋਂ ਆਏ ਸਾਰੇ ਸਬੰਧੀ ਹੁੰਦੇ ਨੇ, ਵਿਆਹ ਵਿੱਚ ਨਾਨਕਾ-ਮੇਲ਼ ਦੀ ਵਿਸ਼ੇਸ਼ ਮਹੱਤਤਾ ਹੈ ਤੇ ਉਹਨਾਂ ਦੇ ਆਗਮਨ ਤੋਂ ਬਿਨਾਂ ਵਿਆਹ ਸਿਰੇ ਨਹੀਂ ਚੜ੍ਹ ਸਕਦਾ। ਜੇ ਕਿਸੇ ਮਜਬੂਰੀ ਵੱਸ ਉਹ ਹਾਜ਼ਿਰ ਨਾ ਹੋ ਸਕਦੇ ਹੋਣ ਤਾਂ ਹੋਰ ਕਿਸੇ ਨੂੰ ਉਹਨਾਂ ਦੀ ਭੂਮਿਕਾ ਨਿਭਾਉਣੀ ਪੈਂਦੀ ਹੈ। ਉਂਝ ਉਹ ਸੱਤ ਸਮੁੰਦਰ ਪਾਰ ਕਰ ਕੇ, ਹਰ ਕਿਸਮ ਦੀ ਰੁਕਾਵਟ ਨੂੰ ਉਲੰਘ ਕੇ ਪਹੁੰਚ ਹੀ ਜਾਂਦੇ ਹਨ। ਨਾਨਕੀਆਂ ਹੇਕਾਂ ਲਾਉਂਦੀਆਂ ਦੂਰੋਂ ਹੀ ਆਪਣੀ ਪਹੁੰਚ ਦਾ ਹੋਕਾ ਦੇ ਦਿੰਦੀਆਂ ਹਨ ਤੇ ਧੀ ਦੇ ਦਰਵਾਜ਼ੇ ’ਤੇ ਖੜੋ ਕੇ ਬੰਬੀਹਾ ਬੁਲਾਉਂਦੀਆਂ ਹਨ, ਬੰਬੀਹਾ ਖੜਕਾ ਕੇ ਗਾਏ ਜਾਂਦੇ ਟਿੱਚਰਾਂ-ਮਖੌਲਾਂ ਵਾਲ਼ੇ ਗੀਤਾਂ ਜਿਵੇਂ: ‘ਬੋਲੇ ਨੀ ਬੰਬੀਹਾ ਬੋਲੇ………’ ਨੂੰ ਬੰਬੀਹਾ ਬੁਲਾਉਣਾ ਆਖਿਆ ਜਾਂਦਾ ਹੈ।

   ਧੀ ਤੇਲ ਚੋ ਕੇ ਆਪਣੀ ਭਾਬੀ ਜਾਂ ਕਿਸੇ ਹੋਰ ਮੁਰੈਲ੍ਹਣ ਰਿਸ਼ਤੇਦਾਰਨ ਦੇ ਪੱਲੇ ਵਿੱਚ ਲੱਡੂ ਪਾ ਕੇ ਉਹਨਾਂ ਨੂੰ ਸ਼ਗਨਾਂ ਨਾਲ਼ ਅੰਦਰ ਵਾੜਦੀ ਹੈ।

ਮਢਾ ਬੰਨ੍ਹਣਾ: ਇਹ ਨਾਨਕਿਆਂ ਦੀ ਰਸਮ ਹੈ, ਜੋ ਆਮ ਤੌਰ ’ਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਕੀਤੀ ਜਾਂਦੀ ਹੈ। ਵਿਆਂਹਦੜ ਦੀ ਮਾਂ ਭਾਈਚਾਰੇ ਵਿੱਚ ਮਢਾ ਬੰਨ੍ਹਣ ਦਾ ਸੱਦਾ ਭੇਜਦੀ ਹੈ। ਜਦੋਂ ਸਾਰੇ ਇਕੱਠੇ ਹੋ ਜਾਂਦੇ ਹਨ ਤਾਂ ਉਹ ਹਰੇਕ ਨਾਨਕੀ ਦੇ ਪੱਲੇ ਵਿੱਚ ਦੋ ਲੱਡੂ, ਇੱਕ ਮਹਿੰਦੀ ਦੀ ਪੁੜੀ, ਜਿਹਨੂੰ ਮੌਲੀ ਬੰਨ੍ਹੀ ਹੁੰਦੀ ਹੈ ਤੇ ਕੁਝ ਰੁਪਏ ਪਾਉਂਦੀ ਹੈ। ਉਪਰੰਤ ਨਾਨਕੀਆਂ ਟਰੰਕ ਖੋਲ੍ਹ ਕੇ ਨਾਨਕੀਛੱਕ ਵਿੱਚ ਲਿਆਂਦੀ ਇੱਕ ਇੱਕ ਚੀਜ਼ ਵਸਤ ਦਿਖਾਉਂਦੀਆਂ ਹਨ, ਜਿਸ ਵਿੱਚ ਵਿਆਂਹਦੜ ਲਈ ਤਿਉਰ, ਗਹਿਣੇ, ਭਾਂਡੇ, ਬਿਸਤਰੇ ਜਾਂ ਘਰੇਲੂ ਵਰਤੋਂ ਦਾ ਹੋਰ ਸਮਾਨ ਹੁੰਦਾ ਹੈ। ਇਸ ਦੇ ਨਾਲ਼ ਉਹਨਾਂ ਦੀ ਧੀ (ਵਿਆਂਹਦੜ ਦੀ ਮਾਂ), ਉਹਦੀ ਸੱਸ, ਦਰਾਣੀਆਂ-ਜਠਾਣੀਆਂ, ਨਣਾਨਾਂ ਤੇ ਉਹਨਾਂ ਦੇ ਪਤੀਆਂ ਲਈ ਕੱਪੜੇ-ਲੀੜੇ ਵੀ ਹੁੰਦੇ ਹਨ।

ਸਾਂਤ: ਇਹ ਹਿੰਦੂ ਪਰਿਵਾਰਾਂ ਵਿੱਚ ਹੁੰਦੀ ਹੈ, ਜੇ ਵਿਆਹ ਰਾਤ ਨੂੰ ਹੈ ਤਾਂ ਉਸੇ ਦਿਨ ਸਵੇਰੇ, ਜੇ ਦਿਨ ਵੇਲ਼ੇ ਹੈ ਤਾਂ ਉਸ ਤੋਂ ਪਹਿਲੀ ਰਾਤ ਨੂੰ ਕੀਤੀ ਜਾਂਦੀ ਹੈ। ਕਾਰਜ ਦੀ ਨਿਰਵਿਘਨ ਸਮਾਪਤੀ ਲਈ ਨੌਂ ਗ੍ਰਹਿਾਂ ਦੀ ਪੂਜਾ ਕਰਵਾਈ ਜਾਂਦੀ ਹੈ, ਹਵਨ ਕੀਤਾ ਜਾਂਦਾ ਹੈ ਤੇ ਪੰਡਿਤ ਜੀ ਵੱਲੋਂ ਮਾਮਾ-ਮਾਮੀ ਤੋਂ ਕੁਝ ਰਸਮਾਂ ਕਰਵਾਈਆਂ ਜਾਂਦੀਆਂ ਹਨ। ਇਸ ਵਿੱਚ ਮਾਮੇ-ਮਾਮੀ ਦਾ ਹਾਜ਼ਿਰ ਹੋਣਾ ਅਤੀ ਜ਼ਰੂਰੀ ਹੁੰਦਾ ਹੈ, ਉਂਝ ਲੜਕੀ ਦੇ ਮਾਤਾ-ਪਿਤਾ ਤੇ ਸਾਰੇ ਹੀ ਸਬੰਧੀ ਇਸ ਵਿੱਚ ਭਾਗ ਲੈਂਦੇ ਹਨ।

ਚੂੜਾ-ਚੜ੍ਹਾਈ: ਹਿੰਦੂਆਂ ਵਿੱਚ ਸਾਂਤ ਮੌਕੇ ਹੀ ਚੂੜਾ ਚੜ੍ਹਾ ਦਿੱਤਾ ਜਾਂਦਾ ਹੈ, ਜਦੋਂ ਕਿ ਸਿੱਖਾਂ ਵਿੱਚ ਸਹੂਲਤ ਮੁਤਾਬਿਕ ਵਟਣੇ ਵੇਲ਼ੇ, ਸੁਹਾਗ ਸੰਗੀਤ ਵੇਲ਼ੇ, ਜਾਂ ਨ੍ਹਾਈ-ਧੋਈ ਤੋਂ ਬਾਅਦ ਚੂੜਾ ਚੜ੍ਹਾਇਆ ਜਾਂਦਾ ਹੈ। ਇਹ ਚੂੜਾ ਨਾਨਕਿਆਂ ਵੱਲੋਂ ਲਿਆਂਦਾ ਜਾਂਦਾ ਹੈ ਅਤੇ ਇਸ ਤੋਂ ਬਿਨਾਂ ਕੁੜੀ ਦਾ ਵਿਆਹ ਸੰਪੂਰਨ ਨਹੀਂ ਹੁੰਦਾ।

   ਖੁੱਲ੍ਹੇ ਭਾਂਡੇ ਵਿੱਚ ਕੱਚੀ ਲੱਸੀ ਪਾ ਕੇ ਉਸ ਅੰਦਰ ਇਹ ਚੂੜਾ ਰੱਖ ਦਿੱਤਾ ਜਾਂਦਾ ਹੈ। ਮਾਮਾ, ਮਾਮੀ ਜਾਂ ਹੋਰ ਨਾਨਕੇ ਤੇ ਕਈ ਵਾਰ ਕੁੜੀ ਦੀਆਂ ਭੈਣਾਂ, ਭਾਬੀਆਂ, ਸਖੀਆਂ ਸੁਹਾਗਾਂ ਤੇ ਹੋਰ ਗੀਤਾਂ ਦੀ ਛਾਂ ਹੇਠ ਇਹ ਚੂੜ੍ਹਾ ਚੜ੍ਹਾਉਂਦੀਆਂ ਹਨ। ਇਸ ਪਿਛੋਂ ਕਲ਼੍ਹੀਰੇ ਬੰਨ੍ਹ ਦਿੱਤੇ ਜਾਂਦੇ ਹਨ। ਕੁੜੀ ਦਾ ਮੂੰਹ ਲੱਡੂਆਂ ਨਾਲ ਮਿੱਠਾ ਕਰਾ ਕੇ ਉਹਨੂੰ ਸ਼ਗਨ ਦਿੱਤੇ ਜਾਂਦੇ ਹਨ, ਅਸੀਸਾਂ ਦਾ ਮੀਂਹ ਵਰਸਦਾ ਹੈ ਤੇ ਵਧਾਈਆਂ ਲਈਆਂ/ਦਿੱਤੀਆਂ ਜਾਂਦੀਆਂ ਹਨ।
   

ਰੋਟੀ/ ਬ੍ਰਹਮਭੋਜ: ਇਸ ਦਿਨ ਸਾਰੇ ਸਰੀਕੇ ਕਬੀਲੇ ਜਾਂ ਪੂਰੇ ਪਿੰਡ ਨੂੰ ਰੋਟੀ ਕੀਤੀ ਜਾਂਦੀ ਹੈ, ਜਿਹੜੀ ਆਮ ਤੌਰ ਤੇ ਸ਼ਾਦੀ ਤੋਂ ਇੱਕ ਦਿਨ ਪਹਿਲਾਂ ਜਾਂ ਸਾਂਤ ਵਾਲ਼ੇ ਦਿਨ ਹੁੰਦੀ ਹੈ ਤੇ ਜਿਹੜੇ ਘਰ ਰਾਤ-ਜਗਾ/ਰੱਤ-ਜਗਾ ਕਰਦੇ ਹਨ, ਉਹ ਆਪਣੇ ਭਾਈਚਾਰੇ ਨੂੰ ਉਸੇ ਦਿਨ ਬ੍ਰਹਮਭੋਜ ਕਰਵਾ ਦਿੰਦੇ ਹਨ। ਚੁੱਲ੍ਹੇ ਨਿਉਂਦ: ਸਕੇ ਘਰਾਂ ਜਾਂ ਲਿਹਾਜ਼ੀਆਂ/ਗਵਾਂਢੀਆਂ ਨੂੰ ਵਿਆਹ ਦੇ ਕੁਝ ਦਿਨਾਂ ਲਈ ਚੁੱਲ੍ਹੇ ਨਿਉਂਦ ਕੀਤੀ ਜਾਂਦੀ ਹੈ। ਇਸ ਵਿੱਚ ਟੱਬਰ ਦੇ ਸਾਰੇ ਜੀਆਂ ਨੂੰ ਰੋਟੀ ਲਈ ਬੁਲਾਇਆ ਗਿਆ ਹੁੰਦਾ ਹੈ, ਜੇ ਅਗਲਿਆਂ ਦੇ ਕੋਈ ਪ੍ਰਾਹੁਣਾ ਆਇਆ ਹੋਵੇ ਉਸ ਨੂੰ ਵੀ, ਕਿਉਂਕ ਜਿਸ ਘਰ ਨੂੰ ਚੁੱਲ੍ਹੇ-ਨਿਉਂਦ ਹੁੰਦੀ ਹੈ, ਉਹਨਾਂ ਦਾ ਚੁੱਲ੍ਹਾ ਨਹੀਂ ਬਲਣਾ ਹੁੰਦਾ। ਇਹਨਾਂ ਦਿਨਾਂ ਵਿੱਚ ਉਹ ਵਿਆਹ ਵਾਲ਼ੇ ਘਰ ਹੀ ਮੇਲ੍ਹਦੇ ਫਿਰਦੇ ਕੰਮਾਂ-ਕਾਜਾਂ ਵਿੱਚ ਮੱਦਦ ਕਰਾਉਂਦੇ ਹਨ। ਇਹ ਇਕ ਦੂਜੇ ਨੂੰ ਸਹਿਯੋਗ ਦੇਣ ਦਾ ਬਹੁਤ ਕਮਾਲ ਦਾ ਰਿਵਾਜ਼ ਹੈ, ਜਿਸ ਨਾਲ਼ ਵਿਆਹ ਦੇ ਜ਼ਰੂਰੀ ਕਾਰਜਾਂ ਵਿੱਚ ਰੁੱਝੇ ਘਰ ਦੇ ਜੀਅ ਤਨਾਅ-ਮੁਕਤ ਹੋ ਕੇ ਵਿਚਰਦੇ ਹਨ।

ਗੀਤ-ਸੰਗੀਤ (Lady Sangeet) ਇਹ ਜਸ਼ਨ ਸਾਰੇ ਪੰਜਾਬੀ ਵਿਆਹਾਂ ਵਿੱਚ ਹੁੰਦਾ ਹੈ, ਵਿਆਹ ਤੋਂ ਇੱਕ ਦੋ ਦਿਨ ਪਹਿਲਾਂ ਆਮ ਤੌਰ ’ਤੇ ਰਾਤ ਨੂੰ, ਤੇ ਕਦੀ ਕਦੀ ਦਿਨ ਵੇਲ਼ੇ ਵੀ। ਕੁੜੀ ਦੇ ਵਿਆਹ ਸਮੇਂ ‘ਸੁਹਾਗ’ ਅਤੇ ਮੁੰਡੇ ਦੇ ਵਿਆਹ ਸਮੇਂ ‘ਘੋੜੀਆਂ’ ਗਾਈਆਂ ਜਾਂਦੀਆਂ ਹਨ। ਢੋਲਕੀ ਦੇ ਗੀਤ, ਗਿੱਧਾ, ਡੀ.ਜੇ ਦੇ ਗੀਤ ਤੇ ਭੰਗੜਾ ਇਸ ਸਮਾਰੋਹ ਦੀ ਰੌਣਕ ਹੁੰਦੇ ਹਨ। ਇਸ ਸਮੇਂ ਨਾਨਕੀਆਂ ਵੱਲੋਂ ‘ਜਾਗੋ’ ਵੀ ਕੱਢੀ ਜਾਂਦੀ ਹੈ ਤੇ ਨਾਲ਼ ‘ਬੰਬੀਹਾ’ ਵਜਾਇਆ ਜਾਂਦਾ ਹੈ। ਕਈ ਵਾਰ ਇਸ ਸਮੇਂ ਕੋਈ ਰਕਾਨ ‘ਗੱਡੀਆਂ ਵਾਲ਼ੀ’,‘ਸਾਧ-ਸਾਧਣੀ’, ‘ਚੁੜੇਲ’ ਜਾਂ ਹੋਰ ਕੋਈ ਸਵਾਂਗ ਰਚਾ ਕੇ ਸਭ ਦਾ ਦਿਲ-ਪਰਚਾਵਾ ਕਰਦੀ ਹੈ। ‘ਜਾਗੋ’: ‘ਜਾਗੋ’ ਗੀਤ -ਸੰਗੀਤ ਵਾਲ਼ੀ ਰਾਤ ਨੂੰ ਜਾਂ ਕਦੀ ਕਦੀ ਇਸ ਤੋਂ ਪਹਿਲਾਂ ਜਾਂ ਪਿੱਛੋਂ ਵੀ ਕੱਢੀ ਜਾਂਦੀ ਹੈ। ‘ਜਾਗੋ’ ਮੁੱਖ ਤੌਰ ’ਤੇ ਮਾਮੀ ਚੁੱਕਦੀ ਹੈ, ਪਰ ਅੱਜ ਕੱਲ੍ਹ ਸਾਰੇ ਹੀ ਚੁੱਕ ਲੈਂਦੇ ਹਨ ਤੇ ਢੋਲ ਵਜਾਉਂਦੇ, ਬੋਲੀਆਂ ਪਾਉਂਦੇ, ਬੰਬੀਹਾ ਖੜਕਾਉਂਦੇ ਪਿੰਡ ਵਿੱਚ ਜਾਂ ਸ਼ਹਿਰੀ ਮੁਹੱਲੇ ਵਿੱਚ ਗੇੜਾ ਦਿੰਦੇ ਹਨ, ਜਿਹਨਾਂ ਘਰਾਂ ਨਾਲ਼ ਮੋਹ ਦੇ ਸਬੰਧ ਹੁੰਦੇ ਹਨ, ਉਹਨੀਂ ਘਰੀਂ ਜਾ ਕੇ ਗਿੱਧਾ ਪਾਇਆ ਜਾਂਦਾ ਹੈ, ਉਹ ਘਰ ‘ਜਾਗੋ’ ਵਿੱਚ ਤੇਲ ਪਾਉਂਦੇ ਹਨ, ਸ਼ਗਨ ਦਿੰਦੇ ਹਨ, ਚਾਹ-ਪਾਣੀ ਵੀ ਪਿਆਉਂਦੇ ਹਨ।

   ਜਾਗੋ ਦੇ ਕਈ ਮੰਤਵ ਹੁੰਦੇ ਹਨ, ਇੱਕ ਤਾਂ ਸਾਰੇ ਪਿੰਡ ਜਾਂ ਮੁਹੱਲੇ ਵਿੱਚ ਵਿਆਹ ਦਾ ਹੋਕਾ ਫਿਰ ਜਾਂਦਾ ਹੈ, ਦੂਜਾ ਛੋਟੇ-ਮੋਟੇ ਗਿਲੇ-ਸ਼ਿਕਵੇ ਵੀ ਦੂਰ ਹੋ ਜਾਂਦੇ ਹਨ ,ਘਰ ਅੱਗੋਂ ਜਾਗੋ ਨਿੱਕਲਦੀ ਦੇਖ ਰੁੱਸਿਆ ਸਬੰਧੀ ਪਿਘਲ ਜਾਂਦਾ ਹੈ, ਤੇ ਜੇ ਕਦੀ ਮੇਲਣਾਂ ਮਾੜਾ ਜਿਹਾ ਪੈਰ ਮਲ਼ ਕੇ ਉਸ ਸਬੰਧੀ ਦਾ ਨਾਂ ਲੈ ਕੇ ਹੇਕ ਲਾ ਦੇਣ, ਤਾਂ ਉਹ ਰੋਸੇ ਦੀ ਪੌੜੀ ਤੋਂ ਹੇਠਾਂ ਉੱਤਰ ਕੇ ਬੂਹਾ ਖੋਲ੍ਹ ਦਿੰਦਾ ਹੈ, ਜਾਗੋ ਉਹਦੇ ਵਿਹੜੇ ਜਗਮਗਾਉਂਦੀ ਹੈ, ਜੱਫ਼ੀਆਂ ਪੈ ਜਾਂਦੀਆਂ ਹਨ ਤੇ ਉਹ ਪੂਰੇ ਉਤਸ਼ਾਹ ਨਾਲ ਵਿਆਹ ਵਿੱਚ ਸ਼ਾਮਿਲ ਹੋ ਜਾਂਦਾ ਹੈ। ਪਿੰਡ ਜਾਂ ਸ਼ਹਿਰੀ ਮੁਹੱਲੇ ਦੇ ਉਭੜ-ਖਾਭੜ ਹਨ੍ਹੇਰੇ ਰਾਹਾਂ ਵਿੱਚ ਇਹ ਜਾਗੋ ਚਾਨਣ ਕਰਦੀ ਜਾਂਦੀ ਹੈ ਤੇ ਗੀਤ ਬੋਲੀਆਂ ਫਿਜ਼ਾਵਾਂ ਵਿੱਚ ਮਿਸ਼ਰੀ ਘੋਲਦੇ ਹੋਏ ਮੇਲੀਆਂ ਦਾ ਤੇ ਪਿੰਡ ਵਾਲ਼ਿਆਂ ਦਾ ਮਨੋਰੰਜਨ ਕਰਕੇ ਉਹਨਾਂ ਵਿੱਚ ਨਵੀਂ ਰੂਹ ਫੂਕ ਦਿੰਦੇ ਹਨ।

ਘੜੋਲੀ ਭਰਨਾ: ਕਈ ਪਿੰਡਾਂ ਵਿੱਚ ਕੁੜੀ/ਮੁੰਡੇ ਦੇ ਮਾਮਾ-ਮਾਮੀ ਤੇ ਬਾਕੀ ਨਾਨਕੇ ਅਤੇ ਕਈ ਪਿੰਡਾਂ ਵਿੱਚ, ਸਖੀਆਂ, ਭਾਬੀਆਂ, ਦਾਦਕੀਆਂ ਗੀਤਾਂ ਦੀਆਂ ਹੇਕਾਂ ਲਾਉਂਦੀਆਂ ਗੁਰਦੁਆਰੇ/ਮੰਦਿਰ/ਬਾਉਲੀ ਜਾਂ ਕਿਸੇ ਹੋਰ ਮੁਕੱਰਰ ਥਾਂ ਤੋਂ ਪਾਣੀ ਦਾ ਘੜਾ ਭਰ ਕੇ ਲਿਆਉਂਦੀਆਂ ਹਨ, ਜਿਸ ਨਾਲ਼ ਵਿਆਹੁਲੇ ਮੁੰਡੇ-ਕੁੜੀ ਨੂੰ ਨੁਹਾਇਆ ਜਾਦਾ ਹੈ।

ਨ੍ਹਾਈ-ਧੋਈ/ਖਾਰੇ ਚੜ੍ਹਨਾ: ਇਹ ਵਿਆਹ ਵਾਲ਼ੇ ਦਿਨ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੁੰਦੀ ਹੈ। ਪਹਿਲੇ ਜ਼ਮਾਨੇ ਵਿੱਚ ਵਿਹੜੇ ਵਿਚਾਲ਼ੇ ਰੱਖੇ ਪਟੜੇ ਉੱਤੇ ਬੰਨੇ ਨੂੰ ਬਿਠਾ ਕੇ ਨਾਈ ਜਾਂ ਕਿਸੇ ਹੋਰ ਲਾਗੀ ਦਵਾਰਾ ਨੁਹਾਇਆ ਜਾਂਦਾ ਸੀ ਤੇ ਆਲ਼ੇ-ਦਵਾਲ਼ੇ ਖੜ੍ਹੀਆਂ ਮੇਲਣਾਂ ਦੋਹੇ ਲਾਉਂਦੀਆਂ, ਗੀਤ ਗਾਉਂਦੀਆਂ ਸਨ ਤੇ ਫਿਰ ਉਸ ਦਵਾਲ਼ੇ ਬਾਗ, ਫੁਲਕਾਰੀ ਲਪੇਟ ਕੇ ਮਾਮਾ ਚੁੱਕ ਕੇ ਪਟੜੇ ਤੋਂ ਉਤਾਰਦਾ ਸੀ, ਦੂਰ-ਦੁਰਾਡੇ ਇਲਾਕਿਆ ਵਿੱਚ ਅਜੇ ਵੀ ਇਉਂ ਹੁੰਦਾ ਹੈ। ਇਸੇ ਪਟੜੇ ਨੂੰ ‘ਖਾਰਾ’ ਕਹਿੰਦੇ ਹਨ। ਇਸ ਵਕਤ ਮਾਮੇ, ਬਾਪ ਜਾਂ ਹੋਰ ਸਕੇ ਸੋਧਰਿਆਂ ਵੱਲੋਂ ਰੁਪੈ ਵਾਰ ਕੇ ਲਾੜੇ ਤੇ ਲਾਗੀ/ਨਾਈ ਨੂੰ ਦਿੱਤੇ ਜਾਂਦੇ ਸਨ। ਪਰ ਅੱਜ-ਕੱਲ੍ਹ ਮੁੰਡਾ ਕੁੜੀ ਗੁਸਲਖਾਨੇ ਵਿੱਚੋਂ ਹੀ ਨਹਾ ਕੇ ਆਉਂਦੇ ਹਨ ਤੇ ਖਾਰੇ ਦੇ ਰੂਪ ਵਿੱਚ ਬਾਹਰ ਪਰਾਂਤ ਜਾਂ ਪਟੜੀ ਮੂਧੀ ਮਾਰ ਕੇ ਰੱਖੀ ਹੁੰਦੀ ਹੈ, ਜਿਸ ਉੱਤੇ ਵਿਆਂਹਦੜ ਨੇ ਨਿੱਕਲ਼ ਕੇ ਖੜ੍ਹਨਾ ਹੁੰਦਾ ਹੈ, ਮਾਮਾ ਇਸ ਵੇਲ਼ੇ ਉਹਨੂੰ ਬਾਗ ਜਾਂ ਫੁਲਕਾਰੀ ਵਿੱਚ ਲਪੇਟ ਦਿੰਦਾ ਹੈ, ਪਹਿਲੀਆਂ ਵਿੱਚ ਕੁੜੀ ਵਾਸਤੇ ਨਾਨਕਿਆਂ ਵੱਲੋਂ ਸੁੱਭਰ ਲਿਆਂਦਾ ਜਾਂਦਾ ਸੀ। ਇਸ ਪਿੱਛੋਂ ਮਾਮਾ ਲੱਡੂ ਖੁਆ ਕੇ ਸ਼ਗਨ ਦਿੰਦਾ ਹੈ ਤੇ ਉਹਨੂੰ ਚੁੱਕ ਕੇ ਖਾਰੇ ਤੋਂ ਹੇਠਾਂ ਰੱਖੀਆਂ ਸੱਤ ਚੱਪਣੀਆਂ/ਠੂਠੀਆਂ ਛਾਲ਼ ਮਾਰ ਕੇ ਤੋੜਦਾ ਹੈ। ਕਈ ਥਾਈਂ ਮਾਮਾ ਲੱਡੂ ਖੁਆ ਕੇ ਪਾਸੇ ਹਟ ਜਾਂਦਾ ਹੈ ਤੇ ਵਿਆਂਹਦੜ ਨੂੰ ਆਪ ਹੀ ਛਾਲ਼ ਮਾਰ ਕੇ ਇਹਨਾਂ ਨੂੰ ਤੋੜਨਾ ਪੈਂਦਾ ਹੈ।

   ਚੱਪਣੀਆਂ/ਠੂਠੀਆਂ ਤੋੜਨ ਦਾ ਅਰਥ ਪਹਿਲੇ ਜੀਵਨ ਨਾਲ਼ੋਂ ਨਾਤਾ ਤੋੜ ਕੇ ਗ੍ਰਹਿਸਤ ਜੀਵਨ ਵਿੱਚ ਪਰਵੇਸ਼ ਕਰਨਾ ਤੇ ਕੁੜੀਆਂ ਲਈ ਮਾਪਿਆਂ ਨਾਲ਼ੋਂ ਮੋਹ ਤੋੜ ਕੇ ਅਗਲੇ ਘਰ ਜਾਣ ਦਾ ਸੂਚਕ ਹੁੰਦਾ ਹੈ।

ਸਿਹਰਾਬੰਦੀ: ਨ੍ਹਾਈ ਧੋਈ ਤੋਂ ਬਾਅਦ ਹਿੰਦੂ ਪਰਿਵਾਰਾਂ ਵਿੱਚ ਲਾੜੇ ਦੇ ਟਿੱਕਾ ਲਾਇਆ ਜਾਂਦਾ ਹੈ, ਭੈਣਾਂ ਤੇ ਜੀਜੇ ਸਿਹਰਾ ਬੰਨ੍ਹਦੇ ਹਨ ਤੇ ਸਾਰੇ ਰਿਸ਼ਤੇਦਾਰ, ਵਿਸ਼ੇਸ਼ ਕਰ ਕੇ ਜੀਜੇ ਉਸ ਦੇ ਗਲ਼ ਵਿੱਚ ਨੋਟਾਂ ਦੇ ਹਾਰ ਪਾਉਂਦੇ ਹਨ, ਨਾਲ਼ ਬੈਠੇ ਸਰਵ੍ਹਾਲੇ ਨੂੰ ਵੀ ਸ਼ਗਨ ਦੇ ਰੁਪੈ ਦਿੱਤੇ ਜਾਂਦੇ ਹਨ।

   ਸਿੱਖ ਪਰਿਵਾਰਾਂ ਵਿੱਚ ਭੈਣਾਂ ਲਾੜੇ ਦੇ ਸਿਹਰਾ ਬੰਨ੍ਹਦੀਆਂ ਹਨ, ਕਲਗੀ ਲਾਉਂਦੀਆਂ ਹਨ ਤੇ ਰਿਸ਼ਤੇਦਾਰ ਉਸ ਦੀ ਝੋਲ਼ੀ ਵਿੱਚ ਨੋਟ ਪਾਉਂਦੇ ਹਨ। ਛੋਟੇ ਨੋਟ ਸਰਵ੍ਹਾਲੇ ਦੀ ਝੋਲ਼ੀ ਵਿੱਚ ਵੀ ਪੈ ਜਾਂਦੇ ਹਨ। ਸਿਹਰੇ ਦੇ ਗੀਤ ਗਾਏ ਜਾਂਦੇ ਹਨ, ਦੋਹੇ ਲਾਏ ਜਾਂਦੇ ਹਨ।
   ਸਿਹਰਾ ਲਾੜੇ ਦੀ ਖ਼ੂਬਸੂਰਤੀ ਵਿੱਚ ਵਾਧਾ ਕਰਦਾ ਹੈ, ਨਾਲ਼ ਹੀ ਉਹਦੇ ਚਿਹਰੇ ਨੂੰ ਧੁੱਪ, ਮਿੱਟੀ-ਘੱਟੇ ਆਦਿ ਤੋਂ ਬਚਾਉਂਦਾ ਹੈ ਅਤੇ ਉਸ ਦਾ ਚਿਹਰਾ ਦੇਖਣ ਦੀ ਉਤਸੁਕਤਾ ਚਾਅਵਾਂ ਨੂੰ ਚਾਰ ਚੰਨ ਲਾਉਂਦੀ ਹੈ।
   ਇਸ ਵੇਲ਼ੇ ਭਾਬੀ ਲਾੜੇ ਦੇ ਸੁਰਮਾ ਪਾਉਂਦੀ ਹੈ, ਇਵਜ਼ ਵਿੱਚ ਉਸ ਤੋਂ ਨਕਦੀ ਵਸੂਲਦੀ ਹੈ।

ਜੰਝ/ਜੰਨ ਦਾ ਚੜ੍ਹਾਅ/ਬਰਾਤ ਚੜ੍ਹਨੀ: ਲਾੜੇ ਦੇ ਸਿਰ ’ਤੇ ਬਾਗ-ਫੁਲਕਾਰੀ ਜਾਂ ਤਿੱਲੇਦਾਰ ਲਾਲ ਦੁਪੱਟਾ ਤਾਣ ਕੇ ਜੰਨ-ਚੜ੍ਹਾਈ ਦੇ ਗੀਤ/ਸਿਹਰੇ ਗਾਉਂਦਿਆਂ ਮੇਲੀ-ਮੇਲਣਾਂ ਨੇੜੇ ਦੇ ਮੰਦਿਰ-ਗੁਰਦੁਆਰੇ ਤੱਕ ਪੈਦਲ ਜਾਂਦੇ ਹਨ, ਇਸ ਦੌਰਾਨ ਲਾੜਾ ਆਪਣੀ ਕਿਰਪਾਨ ਨਾਲ਼ ਫੁਲਕਾਰੀ ਨੂੰ ਉੱਚੀ ਕਰੀ ਰੱਖਦਾ ਹੈ, ਕੁਝ ਹਿੰਦੂ ਪਰਿਵਾਰ ਇਸੇ ਤਰ੍ਹਾਂ ਲਾੜੇ ਨੂੰ ਲਿਜਾਂਦੇ ਹਨ ਪਰ ਬਹੁਤਿਆਂ ਵਿੱਚ ਲਾੜੇ ਦੇ ਸਿਰ ਉੱਤੇ ਛਤਰ ਤਾਣਿਆ ਹੁੰਦਾ ਹੈ। ਹਿੰਦੂ ਮੰਦਿਰ ਵਿੱਚ ਮੱਥਾ ਟੇਕਦੇ ਹਨ, ਚੁਰਾਹੇ ਵਿੱਚ ਲੱਡੂ ਅਤੇ ਚਾਵਲ ਰੱਖਦੇ ਹਨ, ਜਿਸ ਦਾ ਆਸ਼ਾ ਇਹ ਸਮਝਿਆ ਜਾਂਦਾ ਹੈ ਕਿ ਪਸ਼ੂ-ਪੰਛੀ ਖਾਣਗੇ, ਖ਼ੁਸ਼ ਹੋਣਗੇ, ਦੁਆ ਦੇਣਗੇ ਤੇ ਇੰਝ ਵਿਆਹ ਸੁੱਖੀ-ਸਾਂਦੀ ਨੇਪਰੇ ਚੜ੍ਹੇਗਾ। ਲਾੜਾ ਘੋੜੀ ਚੜ੍ਹਦਾ ਹੈ, ਸਰ੍ਹਵਾਲਾ ਉਸਦੇ ਅੱਗੇ ਜਾਂ ਪਿੱਛੇ ਬੈਠਦਾ ਹੈ, ਭੈਣਾਂ ਘੋੜੀ ਦੀਆਂ ਵਾਗਾਂ ਫੜ ਲੈਂਦੀਆਂ ਹਨ ਤੇ ਸ਼ਗਨ ਲੈ ਕੇ ਛੱਡਦੀਆਂ ਹਨ, ਪੀਲ਼ੀ ਦਾਲ/ਛੋਲਿਆਂ ਦੀ ਦਾਲ਼ ਚਾਰਦੀਆਂ ਹਨ।

    ਦਾਲ਼ ਚਾਰਨ ਦਾ ਮੰਤਵ ਹੁੰਦਾ ਹੈ ਕਿ ਘੋੜੀ ਰੱਜੀ ਰਹੇ ਤਾਂ ਕਿ ਰਸਤੇ ਵਿੱਚ ਥੱਕੇ ਨਾ ਤੇ ਉਨ੍ਹਾਂ ਦੇ ਵੀਰ ਨੂੰ ਪੂਰੀ ਚੁਸਤੀ-ਫੁਰਤੀ ਨਾ ਨਾਲ਼ ਭਾਬੀ ਦੇ ਦਰ ਤੱਕ ਲਿਜਾਵੇ। ਕਿਉਂਕਿ ਬਰਾਤਾਂ ਦੂਰ ਜਾਂਦੀਆਂ ਹਨ, ਇਸ ਲਈ ਨਵੇਂ ਢੰਗ ਤਰੀਕੇ ਵੀ ਨਿੱਕਲ਼ ਆਏ ਹਨ, ਮੰਦਿਰ ਦੇ ਬੂਹੇ ’ਤੇ ਹੀ  ਘੋੜੀ ਛੱਡ ਕੇ ਲਾੜੇ ਨੂੰ ਕਾਰ ਵਿੱਚ ਬਿਠਾ ਦਿੱਤਾ ਜਾਂਦਾ ਹੈ ਤੇ ਬਰਾਤ ਦੇ ਢੁਕਾਅ ਤੋਂ ਕੁਝ ਦੂਰੀ ਪਹਿਲਾਂ ਕਿਸੇ ਮੁਕੱਰਰ ਥਾਂ ’ਤੇ ਉਸ ਸ਼ਹਿਰ ਦੀ ਘੋੜੀ ਲਿਆਂਦੀ ਜਾਂਦੀ ਹੈ, ਜਿਸ ਉੱਤੇ ਬੈਠ ਕੇ ਲਾੜਾ, ਲਾੜੀ ਦੇ ਦਰ ਤੱਕ ਪਹੁੰਚਦਾ ਹੈ। ਕਈ ਥਾਈਂ ਲਾੜੇ ਨੂੰ ਰਥ ਵਿੱਚ ਚੜ੍ਹਾ ਕੇ ਵੀ ਲਿਜਾਣ ਲੱਗ ਪਏ ਹਨ। 
   ਸਿੱਖ ਗੁਰਦੁਆਰੇ ਜਾਂਦੇ ਹਨ, ਅਰਦਾਸ ਕਰਾਉਂਦੇ ਹਨ, ਬਾਹਰ ਆ ਕੇ ਲਾੜਾ ਡੋਲੀ ਵਾਲ਼ੀ ਕਾਰ ਵਿੱਚ ਬਹਿ ਜਾਂਦਾ ਹੈ। ਭੈਣਾਂ ਕਾਰ ਨੂੰ ਵਾਗਾਂ ਬੰਨ੍ਹਦੀਆਂ ਹਨ, ਲਾੜਾ ਭੈਣਾਂ ਨੂੰ ਸ਼ਗਨ ਵਜੋਂ ਰੁਪਏ ਦਿੰਦਾ ਹੈ ਤੇ ਜੰਨ ਵਾਜਿਆਂ-ਗਾਜਿਆਂ ਦੀ ਗੂੰਜ ਵਿੱਚ ਰਵਾਨਾ ਹੋ ਜਾਂਦੀ ਹੈ।
   ਕਿਧਰੇ ਕਿਧਰੇ ਜੰਡੀ ਵੱਢਣ ਦੀ ਪਰੰਪਰਾ ਵੀ ਜਾਰੀ ਹੈ, ਇਸ ਅਨੁਸਾਰ ਲਾੜਾ ਤਲਵਾਰ ਨਾਲ਼ ਜੰਡੀ ਦੇ ਰੁੱਖ ਨੂੰ ਟੱਕ ਲਾਉਂਦਾ ਹੈ, ਕੁਝ ਟਾਹਣੀਆਂ ਵੱਢਦਾ ਹੈ। ਇਹ ਉਹਦੀ ਬੀਰਤਾ ਅਤੇ ਜਿੱਤ ਦਾ ਚਿੰਨ ਮੰਨਿਆ ਜਾਂਦਾ ਹੈ। ਲਾੜੇ ਨੂੰ ਤਲਵਾਰ ਤੇ ਬਾਕੀ ਜਾਨੀਆਂ/ਜਾਂਝੀਆਂ ਨੂੰ ਹਥਿਆਰ ਦੇਣ ਦੀ ਪਿਰਤ ਵੀ ਸਫ਼ਰ ਵਿੱਚ ਭੈੜੇ ਅਨਸਰਾਂ ਦਾ ਟਾਕਰਾ ਕਰਨ ਲਈ ਪਈ ਸੀ।
    ਵਿਆਹ ਦੇ ਨਿਸਚਿਤ ਸਥਾਨ ਤੋਂ ਕੁਝ ਫ਼ਾਸਲੇ ’ਤੇ ਜਾਨੀ/ਜਾਂਝੀ ਕਾਰਾਂ ਵਿੱਚੋਂ ਉੱਤਰ ਆਉਂਦੇ ਹਨ ਤੇ ਪੂਰੇ ਢੋਲ-ਢਮੱਕੇ ਨਾਲ਼ ਨੱਚਦੇ, ਭੰਗੜਾ ਪਾਉਂਦੇ ਉਡੀਕ ਕਰ ਰਹੇ ਲੜਕੀ ਵਾਲ਼ਿਆਂ ਤੱਕ ਪਹੁੰਚਦੇ ਹਨ। ਬਹੁਤੀ ਵਾਰ ਆਪਣੀ ਆਪਣੀ ਪੁੱਜਤ ਅਨੁਸਾਰ ਕੀਤੇ ਵਿਸ਼ੇਸ਼ ਬੈਂਡ ਵਾਜੇ ਵਾਲ਼ੇ ਜੰਨ ਦੀ ਅਗਵਾਨੀ ਕਰਦੇ ਹਨ। 

ਮਿਲਣੀ: ਜੰਨ ਢੁੱਕਣ ਸਮੇਂ ਕੁੜੀ ਦੇ ਸਾਕ-ਸਕੀਰੀ ਤੇ ਜੇ ਵਿਆਹ ਪਿੰਡ ਵਿੱਚ ਹੈ ਤਾਂ ਨਾਲ਼ ਪੰਚਾਇਤ ਵੀ, ਜੰਨ ਦੇ ਸਵਾਗਤ ਲਈ ਖੜ੍ਹੇ ਹੁੰਦੇ ਹਨ। ਸਿੱਖ-ਵਿਆਹਾਂ ਵਿੱਚ ਅਰਦਾਸ ਪਿੱਛੋਂ ਤੇ ਹਿੰਦੂ-ਵਿਆਹਾਂ ਵਿੱਚ ਲਾੜੀ ਦੇ ਭਰਾ ਵੱਲੋਂ ਲਾੜੇ ਨੂੰ ਘੋੜੀ ਜਾਂ ਰਥ ਤੋਂ ਉਤਾਰਨ ਪਿਛੋਂ ਕੁੜਮਾਂ ਨਾਲ਼ ਮਿਲਣੀ ਕੀਤੀ ਜਾਂਦੀ ਹੈ, ਜਿਸ ਵਿੱਚ ਦੋਹਾਂ ਧਿਰਾਂ ਦੇ ਬਰਾਬਰ ਦੇ ਸਾਕ ਇੱਕ ਦੂਜੇ ਦੇ ਗਲ਼ ਹਾਰ ਪਾ ਕੇ ਜੱਫ਼ੀਆਂ ਪਾਉਂਦੇ ਹਨ। ਲਾੜੇ ਦੇ ਸਬੰਧੀਆਂ ਨੂੰ ਕੰਬਲ, ਛਾਪਾਂ ਆਦਿ ਭੇਟ ਕੀਤੀਆਂ ਜਾਂਦੀਆਂ ਹਨ।

    ਇਹ ਰਸਮ ਬਹੁਤ ਪਿਆਰੀ ਤੇ ਲੁਭਾਵਣੀ ਹੈ, ਸਾਕਾਂ-ਸਬੰਧੀਆਂ ਦੀ ਇਕ ਦੂਜੇ ਨਾਲ਼ ਮੋਹ-ਭਿੱਜੀ ਜਾਣ-ਪਛਾਣ ਕਰਵਾਉਂਦੀ ਹੈ, ਪਰ ਇਸ ਦੀ ਮਿਠਾਸ ਵਿੱਚ ਵਧੀਆ ਕੰਬਲਾਂ, ਛਾਪਾਂ ਤੇ ਨਕਦੀ ਦੇ ਲੋਭ ਨੇ ਫਿੱਕਾਪਨ ਭਰ ਦਿੱਤਾ ਹੈ, ਜਿਸ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਸ਼ਾਦੀ ਅਸਲੀ ਅਰਥਾਂ ਵਿੱਚ ਦਿਲਾਂ ਨੂੰ ਸ਼ਾਦ ਕਰ ਸਕੇ।
   ਪਿੰਡਾਂ ਵਿੱਚ ਮਿਲਣੀ ਸਮੇਂ ਮਸ਼ਕਰੀਆਂ ਭਰੀਆਂ ਸਿੱਠਣੀਆਂ ਦੇ ਕੇ ਰੰਗ ਹੋਰ ਗੂੜ੍ਹਾ ਕੀਤਾ ਜਾਂਦਾ ਹੈ, ਇਹਨਾਂ ਦਾ ਕੋਈ ਗੁੱਸਾ ਨਹੀਂ ਮਨਾਉਂਦਾ, ਸਾਰੇ ਹੀ ਰਸ ਲੈਂਦੇ ਹਨ, ਅਪਣੱਤ ਮਹਿਸੂਸ ਕਰਦੇ ਹਨ, ਪਰ ਬਹੁਤੀ ਵਾਰ ਇਹਨਾਂ ਦੀ ਥਾਂ ਬੈਂਡ-ਵਾਜੇ ਦਾ ਸ਼ੋਰ ਲੈ ਲੈਂਦਾ ਹੈ।

ਸਾਲ਼ੀਆਂ ਦਾ ਨਾਕਾ/ਰਿਬਨ-ਕਟਾਈ: ਲਾੜੀ ਦੀਆਂ ਭੈਣਾਂ, ਸਹੇਲੀਆਂ, ਭਾਬੀਆਂ ਰਿਬਨ ਬੰਨ੍ਹ ਕੇ ਜੰਨ ਦਾ ਰਾਹ ਰੋਕ ਲੈਂਦੀਆਂ ਹਨ ਤੇ ਕਾਫੀ ਮੁੱਲ-ਭਾਅ ਕਰਨ ਤੋਂ ਬਾਅਦ ਤੈਅ ਹੋਏ ਰੁਪਏ ਲੈ ਕੇ ਹੀ ਲਾੜੇ ਤੋਂ ਰਿਬਨ ਕਟਾ ਕੇ ਰਾਹ ਖੋਲ੍ਹਦੀਆਂ ਹਨ। ਮਿਣਤੀ: ਕੁਝ ਹਿੰਦੂ-ਵਿਆਹਾਂ ਵਿੱਚ ਲਾੜੇ ਵਾਲ਼ੇ ਇੱਕ ਸਾੜ੍ਹੀ ਲਿਆ ਕੇ ਲਾੜੀ ਦੀ ਭਾਬੀ ਨੂੰ ਦਿੰਦੇ ਹਨ ਤੇ ਭਾਬੀ ਲਾੜੇ ਨੂੰ ਚੌਕੀ ’ਤੇ ਖੜ੍ਹਾ ਕਰਕੇ ਉਸ ਸਾੜ੍ਹੀ ਨਾਲ਼ ਉਹਦੀ ਮਿਣਤੀ ਕਰਦੀ ਹੈ ਤੇ ਲਾੜਾ ਲਾੜੀ ਦੀ ਭਾਬੀ ਨੂੰ ਸ਼ਗਨ ਦਿੰਦਾ ਹੈ।

ਜੈਮਾਲ਼ਾ/ਵਰਮਾਲ਼ਾ: ਲਾੜੀ ਨੂੰ ਬਾਗ-ਫੁਲਕਾਰੀ ਜਾਂ ਫੁੱਲਾਂ ਦੇ ਜਾਲ਼ ਹੇਠਾਂ ਸਟੇਜ ਉੱਤੇ ਜਾਂ ਮੰਡਪ ਵਿੱਚ ਲਿਆਂਦਾ ਜਾਂਦਾ ਹੈ। ਲਾੜਾ ਲਾੜੀ ਇੱਕ ਦੂਜੇ ਨੂੰ ਅਸਲੀ/ਨਕਲੀ ਫੁੱਲਾਂ ਦੇ ਹਾਰ ਪਾਉਂਦੇ ਹਨ। ਇਸ ਸਮੇਂ ਕਾਫੀ ਹਾਸਾ-ਮਖੌਲ ਤੇ ਛੇੜ-ਛਾੜ ਹੁੰਦੀ ਹੈ। ਇਹ ਆਮ ਕਰਕੇ ਹਿੰਦੂ-ਪਰੰਪਰਾ ਹੈ, ਪਰ ਟਾਵੇਂ ਟਾਵੇਂ ਸਿੱਖਾਂ ਵਿੱਚ ਵੀ ਕੀਤੀ ਜਾਂਦੀ ਹੈ।

ਅਨੰਦ-ਕਾਰਜ: ਸਿੱਖਾਂ ਵਿੱਚ ਵਿਆਹ ਅਨੰਦ-ਕਾਰਜ ਨਾਲ਼ ਸੰਪੂਰਨ ਹੁੰਦੇ ਹਨ, ਜਿਹੜੇ ਕਿ ਪੁਰਾਣੇ ਵਕਤਾਂ ਵਿੱਚ ਅੰਮ੍ਰਿਤ ਵੇਲ਼ੇ, ਖ਼ਾਸ ਕਰਕੇ ਬਾਰਾਂ ਵਜੇ ਤੋਂ ਪਹਿਲਾਂ ਕਰਨ ਦਾ ਰਿਵਾਜ਼ ਸੀ। ਅੱਜ-ਕੱਲ੍ਹ ਜੰਨ ਉਸੇ ਦਿਨ ਢੁਕਦੀ ਹੈ ਤੇ ਅਕਸਰ ਦੇਰ ਹੋ ਜਾਂਦੀ ਹੈ, ਇਸ ਲਈ ਲਾਵਾਂ ਬਾਰਾਂ ਵਜੇ ਤੋਂ ਬਾਅਦ ਵੀ ਕਰਵਾਈਆਂ ਜਾਣ ਲੱਗੀਆਂ ਨੇ, ਪਰ ਕੋਸ਼ਿਸ਼ ਪਹਿਲਾਂ ਕਰਵਾਉਣ ਦੀ ਹੀ ਹੁੰਦੀ ਹੈ। ਲਾੜਾ-ਲਾੜੀ ਨੇੜਲੇ ਗੁਰਦਾਵਾਰੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਬੈਠਦੇ ਹਨ, ਲਾੜੀ ਦਾ ਪਿਤਾ ਲਾੜੇ ਦਾ ਸਿਹਰਾ ਵਧਾਉਂਦਾ ਹੈ, ਕੀਰਤਨ-ਪਰਵਾਹ ਮਾਹੌਲ ਨੂੰ ਵਿਸਮਾਦੀ ਕਰਦਾ ਹੈ। ਸੁਭਾਗ-ਜੋੜੀ ਨੂੰ ਤੇ ਉਹਨਾਂ ਦੇ ਮਾਤਾ-ਪਿਤਾ ਨੂੰ ਖੜ੍ਹੇ ਕਰਕੇ ਅਰਦਾਸ ਹੁੰਦੀ ਹੈ, ਪਿਤਾ ਬੇਟੀ ਦਾ ਪੱਲਾ ਲਾੜੇ ਨੂੰ ਫੜਾਉਂਦਾ ਹੈ, ‘ਪੱਲੇ ਤੈਂਡੇ ਲਾਗੀ’ ਦਾ ਸ਼ਬਦ ਗਾਇਆ ਜਾਂਦਾ ਹੈ। ਫਿਰ ਚਾਰ ਲਾਵਾਂ ਪੜ੍ਹੀਆਂ ਜਾਂਦੀਆਂ ਹਨ, ਹਰ ਵਾਰ ਲਾਵ ਸੁਣਨ ਪਿੱਛੋਂ ਲਾੜਾ-ਲਾੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਵਾਲ਼ੇ ਪਰਿਕਰਮਾ ਕਰ ਕੇ ਮੱਥਾ ਟੇਕਦੇ ਹਨ, ਸਾਰੀਆਂ ਲਾਵਾਂ ਵਿੱਚ ਲਾੜਾ ਅੱਗੇ ਹੁੰਦਾ ਹੈ, ਇਸ ਦੌਰਾਨ ਰਾਗੀ ਸਿੰਘ ਲਾਵ ਗਾਉਂਦੇ ਰਹਿੰਦੇ ਹਨ। ਉਪਰੰਤ ‘ਵਿਆਹ ਹੋਆ ਮੇਰੇ ਬਾਬਲਾ’ ਦਾ ਸ਼ਬਦ ਪੜ੍ਹਿਆ ਜਾਂਦਾ ਹੈ ਤੇ ਸ੍ਰੀ ਅਨੰਦੁ-ਸਾਹਿਬ ਦੇ ਪਾਠ ਤੋਂ ਬਾਅਦ ਸਾਰੀ ਸੰਗਤ ਵੱਲੋਂ ਅਰਦਾਸ ਕੀਤੀ ਜਾਂਦੀ ਹੈ ਅਤੇ ਗੁਰੂ ਦਾ ਵਾਕ ਲਿਆ ਜਾਂਦਾ ਹੈ। ਦੇਗ ਵਰਤਣ ਵਕਤ ਗ੍ਰੰਥੀ ਜਾਂ ਕੋਈ ਹੋਰ ਸੇਵਾਦਾਰ ਗੁਰਦੁਆਰੇ ਦੇ ਸ਼ਾਦੀ-ਰਜਿਸਟਰ ਉੱਤੇ ਲਾੜਾ ਲਾੜੀ, ਅਤੇ ਉਹਨਾਂ ਦੇ ਪਿਤਾਵਾਂ ਦੇ ਦਸਤਖ਼ਤ ਕਰਾ ਲੈਂਦਾ ਹੈ, ਜਿਸ ਦੇ ਅਧਾਰ 'ਤੇ ਸ਼ਾਦੀ ਕਾਨੂੰਨੀ ਤੌਰ 'ਤੇ ਰਜਿਸਟਰ ਕਰਵਾ ਲਈ ਜਾਂਦੀ ਹੈ।

ਫੇਰੇ/ਕੰਨਿਆ-ਦਾਨ: ਹਿੰਦੂ ਵਿਆਹਾਂ ਵਿੱਚ ਫੇਰੇ ਆਮ ਤੌਰ ’ਤੇ ਤਾਰਿਆਂ ਦੀ ਛਾਵੇਂ ਹੀ ਹੁੰਦੇ ਹਨ, ਪਰ ਹੁਣ ਕਿਤੇ ਕਿਤੇ ਦਿਨ ਵੇਲ਼ੇ ਵੀ ਹੋਣ ਲੱਗ ਪਏ ਹਨ। ਇਹ ਘਰ ਵਿੱਚ, ਮੰਦਿਰ ਜਾਂ ਮੈਰਿਜ-ਪੈਲੇਸ ਵਿੱਚ ਹੁੰਦੇ ਹਨ। ਘਰ ਦੇ ਕਿਸੇ ਖੂੰਜੇ ਚਾਰ ਬਾਂਸ ਗੱਡ ਕੇ, ਫੁੱਲ-ਪੱਤੇ ਟੰਗ ਕੇ ‘ਵੇਦੀ’ ਬਣਾ ਲਈ ਜਾਂਦੀ ਹੈ, ਮੰਦਿਰ ਵਿੱਚ ਪਹਿਲਾਂ ਹੀ ਬਣੀ ਹੁੰਦੀ ਹੈ ਤੇ ਮੈਰਿਜ ਪੈਲੇਸ ਵਾਲਿਆਂ ਨੇ ਤਾਂ ਵਿਸ਼ੇਸ਼ ਸਜਾਵਟਾਂ ਨਾਲ਼ ਬਣਾਈ ਹੁੰਦੀ ਹੈ। ਪੰਡਿਤ ਜਾਂ ਕੁੱਲ-ਪੁਰੋਹਿਤ ਆਟੇ ਨਾਲ਼ ਚੌਂਕ ਪੂਰਦਾ ਹੈ। ਵਰ ਤੇ ਕੰਨਿਆ ਨੂੰ ਪੂਰਬ ਵੱਲ ਮੂੰਹ ਕਰਾ ਕੇ ਬਿਠਾਇਆ ਜਾਂਦਾ ਹੈ, ਹਵਨ ਹੁੰਦਾ ਹੈ, ਦੋਵਾਂ ਧਿਰਾਂ ਦੇ ਪੁਰੋਹਿਤ ਆਪਣੀ ਧਿਰ ਦਾ ਗੋਤਾਚਾਰ ਪੜ੍ਹਦੇ ਹਨ, ਫਿਰ ‘ਕੰਨਿਆ-ਦਾਨ’ ਹੁੰਦਾ ਹੈ, ਜਿਸ ਵਿੱਚ ਕੰਨਿਆ ਦਾ ਪਿਤਾ ਵੇਦ-ਮੰਤਰਾਂ ਦੇ ਨਾਲ਼ ਨਾਲ਼ ਕੰਨਿਆ ਦਾ ਹੱਥ ਵਰ ਦੇ ਹੱਥਾਂ ਵਿੱਚ ਫੜਾਉਂਦਾ ਹੈ, ਦੋਵਾਂ ਦੇ ਪੱਲਿਆਂ ਨੂੰ ਗੰਢ ਦਿੱਤੀ ਜਾਂਦੀ ਹੈ, ਫਿਰ ਉਹ ਅਗਨੀ ਦਵਾਲ਼ੇ ਚਾਰ ਜਾਂ ਕਿਧਰੇ ਕਿਧਰੇ ਸੱਤ ਫੇਰੇ ਲੈਂਦੇ ਹਨ, ਆਖ਼ਰੀ ਫੇਰੇ ਵਿੱਚ ਲਾੜੀ ਅੱਗੇ ਹੁੰਦੀ ਹੈ, ਇਸ ਦੌਰਾਨ ਪੰਡਿਤ ਮੰਤਰ/ਜਾਪ ਆਦਿ ਕਰਦਾ ਕੁਝ ਰਸਮਾਂ ਵੀ ਕਰਵਾਉਂਦਾ ਰਹਿੰਦਾ ਹੈ। ਇਹ ਕੰਨਿਆ-ਦਾਨ ਮਾਤਾ-ਪਿਤਾ ਵੱਲੋਂ ਹੁੰਦਾ ਹੈ, ਇਸ ਲਈ ਇਸ ਸਮੇਂ ਉਹਨਾਂ ਦੀ ਹਾਜ਼ਿਰੀ ਅਤਿ ਜ਼ਰੂਰੀ ਹੁੰਦੀ ਹੈ।

   ਮਾਮਾ-ਮਾਮੀ ਜਾਂ ਹੋਰ ਨੇੜਲੇ ਸਬੰਧੀ ਵੀ ਮੌਜੂਦ ਰਹਿੰਦੇ ਹਨ। ਕੁਝ ਇਲਾਕਿਆਂ ਵਿੱਚ ਜਿਸ ਥਾਂ ’ਤੇ ਵਰ-ਕੰਨਿਆ ਨੂੰ ਬਿਠਾਇਆ ਹੁੰਦਾ ਹੈ, ਉਸੇ ਨੂੰ ‘ਖਾਰਾ’ ਕਹਿੰਦੇ ਹਨ। ਫੇਰਿਆਂ ਤੋਂ ਬਾਅਦ ਕੁੜੀ ਦਾ ਮਾਮਾ ਉਹਨੂੰ ਖਾਰੇ ਤੋਂ ਲਾਹ ਕੇ ਅੰਦਰ ਲੈ ਜਾਂਦਾ ਹੈ।

ਜੁੱਤੀ-ਲੁਕਾਈ: ਲਾਂਵਾਂ/ਫੇਰਿਆਂ ਵੇਲ਼ੇ, ਜਾਂ ਜਦੋਂ ਵੀ ਮੌਕਾ ਮਿਲ਼ੇ, ਸਾਲੀਆਂ ਜੀਜੇ ਦੀ ਜੁੱਤੀ ਚੁੱਕ ਕੇ ਲੁਕਾਅ ਲੈਂਦੀਆਂ ਹਨ, ਇੱਥੇ ਵੀ ਕਾਫੀ ਸੌਦੇਬਾਜ਼ੀ ਤੇ ਸ਼ੁਗਲ-ਮੇਲਾ ਹੁੰਦਾ ਹੈ, ਆਖ਼ਿਰ ਉਹ ਮਨ-ਮਰਜ਼ੀ ਦੀ ਜਾਂ ਕਿਸੇ ਸਮਝੌਤੇ ਅਧੀਨ ਰਕਮ ਲੈ ਕੇ ਜੁੱਤੀ ਮੋੜ ਦਿੰਦੀਆਂ ਹਨ। ਵਿਖਾਲ਼ਾ: ਵਿਆਹ ਪਿੱਛੋਂ ਪਿੰਡਾਂ ਵਿੱਚ ਅਕਸਰ ਤੇ ਸ਼ਹਿਰਾਂ ਵਿੱਚ ਕਿਤੇ ਕਿਤੇ ਇਸ ਵਿਖਾਲ਼ੇ ਦਾ ਰਿਵਾਜ ਹੈ, ਜਿਸ ਵਿੱਚ ਸਭ ਨੂੰ ਵਰੀ ਅਤੇ ਦਾਜ ਦਿਖਾਏ ਜਾਂਦੇ ਹਨ:

ਵਰੀ/ਖੱਟ: ਇਹ ਲੜਕੇ ਵਾਲ਼ੇ ਢੋਂਦੇ ਹਨ, ਜਿਹਨਾਂ ਵਿੱਚ ਵਹੁਟੀ ਲਈ ਸੂਟ, ਗਹਿਣੇ, ਜੁੱਤੀ ਤੇ ਹਾਰ-ਸ਼ਿੰਗਾਰ ਦਾ ਸਮਾਨ ਹੁੰਦਾ ਹੈ। ਕੁਝ ਇਲਾਕਿਆਂ ਵਿੱਚ ‘ਖੱਟ’ ਦਾਜ ਨੂੰ ਵੀ ਆਖਿਆ ਜਾਂਦਾ ਹੈ। ਦਾਜ/ਦਹੇਜ: ਇਹ ਲੜਕੀ ਦੇ ਮਾਪਿਆਂ ਵੱਲੋਂ ਦਿੱਤਾ ਜਾਂਦਾ ਸਮਾਨ ਹੁੰਦਾ ਹੈ, ਜਿਸ ਵਿੱਚ ਲੜਕੀ ਲਈ ਸੂਟ, ਗਹਿਣੇ, ਭਾਂਡੇ, ਬਿਸਤਰੇ, ਫਰਨੀਚਰ ਤੇ ਹੋਰ ਵਰਤੋਂ ਦੀਆਂ ਚੀਜ਼ਾਂ ਹੁੰਦੀਆਂ ਹਨ, ਇਸ ਵਿੱਚ ਲਾੜੇ ਦੇ ਸਬੰਧੀਆਂ ਨੂੰ ਸੂਟ, ਕੰਬਲ਼, ਗਹਿਣੇ ਆਦਿ ਵੀ ਸ਼ਾਮਿਲ ਹੁੰਦੇ ਹਨ। ਨਣਦ ਲਈ ‘ਪੇਟੀ ਖੁਲ੍ਹਾਈ’ ਦਾ ਸੂਟ ਹੁੰਦਾ ਹੈ, ਕਿਉਂਕਿ ਉਸ ਕੋਲ਼ੋਂ ਹੀ ਦਾਜ ਵਾਲ਼ੀ ਪੇਟੀ ਖੁਲ੍ਹਾਈ ਜਾਂਦੀ ਹੈ।

   ਕਦੀ ਇਹ ਚੰਗੀ ਰੀਤ ਸੀ, ਜਿਸ ਵਿੱਚ ਮਾਪੇ ਵਿਦਾ ਹੋ ਰਹੀ ਲਾਡਲੀ ਨੂੰ ਆਪਣੀ ਹੈਸੀਅਤ ਅਨੁਸਾਰ ਸੁਗਾਤਾਂ ਦਿੰਦੇ ਸਨ ਤੇ ਲੜਕੀ ਨੂੰ ਆਪਣੀ ਘਰ ਗ੍ਰਹਿਸਤੀ ਚਲਾਉਣ ਲਈ ਸਹਾਰਾ ਮਿਲਦਾ ਸੀ, ਪਰ ਹੁਣ ਇਸ ‘ਦਾਜ’ ਨੇ ਭਿਆਨਕ ਰੂਪ ਧਾਰ ਲਿਆ ਹੈ, ਸਹੁਰੇ ਲਾਲਚ ਵੱਸ ਜਾਂ ਫੋਕੀ ਸ਼ਾਨ ਦਿਖਾਉਣ ਲਈ ਕੀਮਤੀ ਗਹਿਣੇ, ਅੱਤ ਮਹਿੰਗੀਆਂ ਚੀਜ਼ਾਂ, ਸਕੂਟਰ, ਮੋਟਰ-ਸਾਈਕਲ, ਫਰਿੱਜ, ਏਅਰ-ਕੰਡੀਸ਼ਨਰ, ਵੱਡੀਆਂ ਵੱਡੀਆਂ ਕਾਰਾਂ, ਏਥੋਂ ਤੱਕ ਕਿ ਲੱਖਾਂ ਵਿੱਚ ਨਕਦੀ, ਪਲਾਟ ਜਾਂ ਕੋਠੀ ਆਦਿ ਵੀ ਮੰਗਣ ਲੱਗ ਪਏ ਹਨ ਤੇ ਇਹ ਲੋਭ ਬਹੁਤ ਸਾਰੀਆਂ ਮਾਸੂਮ ਧੀਆਂ ਦੀ ਮੌਤ ਜਾਂ ਮੌਤ ਵਰਗੀ ਜ਼ਿੰਦਗੀ ਦਾ ਕਾਰਨ ਬਣ ਰਿਹਾ ਹੈ। ਮਾਪੇ ਇਸ ਦਾਜ ਦੇ ਦੈਂਤ ਤੋਂ ਡਰਦੇ ਉਹਨਾਂ ਨੂੰ ਕੁੱਖ ਵਿੱਚ ਹੀ ਮਾਰ ਦਿੰਦੇ ਹਨ ਜਾਂ ਨਵ-ਜੰਮੀਆਂ ਨੂੰ ਸੜਕਾਂ/ਰੂੜੀਆਂ ’ਤੇ ਸੁੱਟ ਦਿੰਦੇ ਹਨ। ਜਿਹੜੀਆਂ ਬਚ ਜਾਂਦੀਆਂ ਹਨ, ਜੇ ਉਹਨਾਂ ਦੇ ਮਾਪੇ ਸਹੁਰਿਆਂ ਦੀ ਮੰਗ ਪੂਰੀ ਨਾ ਕਰ ਸਕਣ ਤਾਂ ਉਹਨਾਂ ਨੂੰ ਸਹੁਰੇ ਮਾਰ ਦਿੰਦੇ ਹਨ ਜਾਂ ਆਤਮ-ਹੱਤਿਆ ਲਈ ਮਜਬੂਰ ਕਰ ਦਿੰਦੇ ਹਨ।
   ਸਮੇਂ ਦੀ ਪੁਕਾਰ ਹੈ ਕਿ ਹਰ ਕੋਈ ਦਾਜ ਨੂੰ ਬਿਲਕੁਲ ਹੀ ਮਨਫ਼ੀ ਕਰਕੇ ਸ਼ਾਦੀ ਨੂੰ ਖ਼ੁਸ਼ਹਾਲ ਜ਼ਿੰਦਗੀ ਵੱਲ ਤੋਰੇ, ਮੌਤ ਵੱਲ ਨਹੀਂ, ਨਹੀਂ ਤਾਂ ਜਿਹੜੇ ਲੋਕ ਕੁੜੀ ਦੇ ਨਾਲ਼ ਲੱਖਾਂ ਕਰੋੜਾਂ ਦਾ ਦਾਜ ਭਾਲ਼ਦੇ ਹਨ, ਕੱਲ੍ਹ ਉਹਨਾਂ ਦੇ ਪੋਤਰਿਆਂ-ਦੋਹਤਰਿਆਂ ਜਾਂ ਅਗਲੀਆਂ ਨਸਲਾਂ ਨੂੰ ਸ਼ਾਦੀ ਲਈ ਕੁੜੀ ਵੀ ਨਹੀਂ ਮਿਲ਼ੇਗੀ।

ਥਾਪਾ ਛੰਦ-ਸੁਣਾਈ: ਇਹ ਰਹੁ-ਰੀਤ ਆਮ ਤੌਰ ’ਤੇ ਹਿੰਦੂ-ਵਿਆਹ ਵਿੱਚ ਹੁੰਦੀ ਹੈ। ਸ਼ਾਦੀ ਪਿੱਛੋਂ ਲਾੜੇ-ਲਾੜੀ ਨੂੰ ਘਰ ਲਿਆ ਕੇ ਉਸ ‘ਥਾਪੇ’ ਦੇ ਸਾਹਮਣੇ ਬਿਠਾਇਆ ਜਾਂਦਾ ਹੈ, ਜੋ ਲਾੜੀ ਦੀ ਭਾਬੀ ਨੇ ਬਣਾਇਆ ਹੁੰਦਾ ਹੈ, ਜਦੋਂ ਇਹ ਰਸਮ ਮੈਰਿਜ-ਪੈਲੇਸ ਵਿੱਚ ਹੀ ਹੋਣੀ ਹੋਵੇ ਤਾਂ ਥਾਪੇ ਵਾਲ਼ਾ ਕੈਲੰਡਰ ਉੱਥੇ ਲਿਆ ਕੇ ਟੰਗ ਦਿੱਤਾ ਜਾਂਦਾ ਹੈ। ਇਸ ਸਮੇਂ ਲਾੜਾ ਉਸ ਥਾਪੇ ਨੂੰ ਮੱਥਾ ਟੇਕਦਾ ਹੈ, ਛੰਦ ਸੁਣਾਉਂਦਾ ਹੈ ਤੇ ਸਾਲੀਆਂ ਨੂੰ ਕਲੀਚੜੀਆਂ ਦਿੰਦਾ ਹੈ। ਲਾੜੇ-ਲਾੜੀ ਨੂੰ ਮੂੰਹ ਮਿੱਠਾ ਕਰਾ ਕੇ ਸ਼ਗਨ ਦਿੱਤੇ ਜਾਂਦੇ ਹਨ ਤੇ ਲਾੜੇ ਦਾ ਬਾਪ ਲਾੜੀ ਦੀ ਮਾਂ ਨੂੰ ਭਾਨ ਦੀ ਥੈਲੀ ਦਿੰਦਾ ਹੈ, ਜੋ ਉਹ ਲਾੜੀ ਉੱਤੋਂ ਵਾਰ ਦਿੰਦੀ ਹੈ, ਇਸ ਤੋਂ ਬਾਅਦ ਡੋਲੀ ਤੋਰ ਦਿੱਤੀ ਜਾਂਦੀ ਹੈ।

ਸਲਾਮੀ/ਮੱਠਰੀਆਂ/ਛੰਦ-ਸੁਣਾਈ: ਇਹ ਰਸਮ ਆਮ ਤੌਰ ’ਤੇ ਸਿੱਖ-ਵਿਆਹਾਂ ਵਿੱਚ ਹੁੰਦੀ ਹੈ, ਵਿਆਹ ਸੰਪੂਰਨ ਹੋਣ ਤੋਂ ਬਾਅਦ ਲਾੜੇ-ਲਾੜੀ ਨੂੰ ਲਾੜੀ ਦੇ ਘਰ ਲਿਆ ਕੇ ਇਕੱਠੇ ਬਿਠਾਇਆ ਜਾਂਦਾ ਹੈ ਜਾਂ ਇਹ ਰਸਮ ਮੈਰਿਜ ਪੈਲੇਸ ਵਿੱਚ ਹੀ ਕਰ ਲਈ ਜਾਂਦੀ ਹੈ। ਲਾੜੀ ਦੀ ਮਾਂ ਸਿਰ ’ਤੇ ਦੋਸੜਾ ਲੈ ਕੇ, ਥਾਲ਼ੀ ਵਿੱਚ ਮੌਲੀ ਬੰਨ੍ਹੀ ਨਰੇਲ ਅਤੇ ਲੱਡੂ ਰੱਖ ਕੇ ਲਿਆਉਂਦੀ ਹੈ, ਇਸ ਨਰੇਲ ਨੂੰ ਲਾੜੇ ਦੇ ਸਿਰ ਤੋਂ ਸੱਤ ਵਾਰੀ ਵਾਰ ਕੇ ਉਹਦੀ ਝੋਲ਼ੀ ਪਾ ਦਿੰਦੀ ਹੈ, ਲੱਡੂਆਂ ਨਾਲ ਮੂੰਹ ਮਿੱਠਾ ਕਰਾਉਂਦੀ ਹੈ। ਫਿਰ ਉਹ ਲਾੜੇ ਦੀ ਝੋਲ਼ੀ ਵਿੱਚ ਲਾਲ ਗੁਥਲੀ ਪਾਉਂਦੀ ਹੈ, ਜਿਸ ਅੰਦਰ ਮਖਾਣੇ, ਖੋਪੇ, ਛੁਹਾਰੇ, ਬਦਾਮ, ਫੁੱਲੀਆਂ, ਪਤਾਸੇ ਆਦਿ ਹੁੰਦੇ ਹਨ। ਕਿਤੇ ਕਿਤੇ ਇਹ ਗੁਥਲੀ ਕੁੜਮਾਈ ਵੇਲ਼ੇ ਹੀ ਪਾ ਦਿੱਤੀ ਜਾਂਦੀ ਹੈ। ਲਾੜੇ ਤੋਂ ਛੰਦ ਸੁਣੇ ਜਾਂਦੇ ਹਨ, ਉਹ ਸਾਲ਼ੀਆਂ ਨੂੰ ਕਲੀਚੜੀਆਂ ਦਿੰਦਾ ਹੈ, ਸਾਲ਼ੀਆਂ ਉਹਨੂੰ ਮੱਠਰੀਆਂ ਚਬਾਉਂਦੀਆਂ ਹਨ, ਦੁੱਧ ਪਿਆਉਂਦੀਆਂ ਹਨ । ਕੁਝ ਇਲਾਕਿਆਂ ਵਿੱਚ ਲਾੜੇ ਦੇ ਹੱਥ ’ਤੇ ਮਹਿੰਦੀ ਦਾ ਟਿੱਕਾ ਜਾਂ ਚੀਚੀ ’ਤੇ ਨਹੁੰ-ਪਾਲਿਸ਼ ਵੀ ਲਾਉਂਦੀਆਂ ਹਨ।

ਡੋਲੀ: ਕੁਝ ਹਿੰਦੂ ਪਰਿਵਾਰਾਂ ਵਿੱਚ ਵਿਦਾ ਹੋਣ ਤੋਂ ਪਹਿਲਾਂ ਲਾੜੀ ਆਪਣੇ ਦੋਵੇਂ ਹੱਥ ਰੋਲੀ ਜਾਂ ਸੰਧੂਰ ਨਾਲ਼ ਲਾਲ ਕੀਤੇ ਪਾਣੀ ਵਿੱਚ ਡੁਬੋਂਦੀ ਹੈ ਤੇ ਫਿਰ ਕੰਧ ਉੱਤੇ ਪੰਜ ਵਾਰ ਥਾਪਾ ਲਾਉਂਦੀ ਹੈ ਤੇ ਇੰਝ ਉੱਥੇ ਦਸ ਹੱਥਾਂ ਦੇ ਨਿਸ਼ਾਨ ਛਪ ਜਾਂਦੇ ਹਨ।

   ਹਿੰਦੂ-ਸਿੱਖ ਦੋਵਾਂ ਵਿਆਹਾਂ ਵਿੱਚ ਲਾੜੀ ਬਾਬਲ ਦੇ ਬੂਹੇ ਵਿਚੋਂ ਬਾਹਰ ਨਿੱਕਲਣ ਵੇਲ਼ੇ ਦੋਵਾਂ ਹੱਥਾਂ ਨਾਲ਼ ਚੌਲਾਂ, ਖਿੱਲਾਂ ਜਾਂ ਕਣਕ ਦੇ ਬੁੱਕ ਭਰ ਕੇ ਆਪਣੇ ਸਿਰ ਦੇ ਉੱਤੋਂ ਪਿੱਛੇ ਵੱਲ ਸੁੱਟਦੀ ਹੈ, ਜਿਹਨਾਂ ਨੂੰ ਉਹਦੀ ਮਾਂ ਜਾਂ ਘਰ ਦਾ ਕੋਈ ਹੋਰ ਜੀਅ ਆਪਣੀ ਬੁੱਕਲ਼ ਵਿੱਚ ਬੋਚਦਾ ਹੈ, ਇਹ ਸ਼ਗਨ ਆਪਣੇ ਅੰਮੀ-ਬਾਬਲ ਦਾ ਘਰ ਅਨਾਜ ਤੇ ਖੁਸ਼ੀਆਂ ਨਾਲ਼ ਭਰਿਆ ਭਕੁੰਨਾ ਰਹਿਣ ਦੀ ਦੁਆ ਦਾ ਪ੍ਰਤੀਕ ਹੁੰਦਾ ਹੈ, ਇਸ ਨੂੰ ‘ਘਰ ਵਧਾਣਾ’ ਆਖਦੇ ਹਨ। ਕਈ ਘਰਾਂ ਵਿੱਚ ਵਿਦਾ ਹੋਣ ਤੋਂ ਪਹਿਲਾਂ ਲੜਕੀ ਵੱਲੋਂ ਦੀਵਾ ਬਾਲਣ ਦੀ ਵੀ ਰੀਤ ਹੈ, ਜਿਸ ਅਨੁਸਾਰ ਉਹ ਆਪਣੇ ਪੇਕੇ-ਘਰ ਲਈ ਸੁੱਖਾਂ ਦਾ ਚਾਨਣ ਮੰਗਦੀ ਹੈ।
   ਸ਼ਗਨਾਂ ਤੋਂ ਬਾਅਦ ਸਾਰੇ ਲੜਕੀ ਨੂੰ ਵਾਰੀ-ਵਾਰੀ ਬੁੱਕਲ਼ ਵਿੱਚ ਲੈਂਦੇ ਹਨ, ਪਿਆਰ ਭਰੀਆਂ ਅਸੀਸਾਂ ਦਿੰਦੇ ਹਨ ਤੇ ਮਾਮਾ ਜਾਂ ਭਰਾ ਉਹਨੂੰ ਡੋਲੀ ਵਿੱਚ ਬਿਠਾ ਦਿੰਦਾ ਹੈ, ਮਾਂ ਅੰਦਰ ਬੈਠੀ ਧੀ ਦੇ ਪੱਲੇ ਵਿੱਚ ਲੱਡੂ ਪਾਉਂਦੀ ਹੈ। ਇਸਦਾ ਲੁਕਵਾਂ ਮਕਸਦ ਸਫ਼ਰ ਵਿੱਚ ਕੁਝ ਖਾਣ ਲਈ ਦੇਣ ਵਾਸਤੇ ਹੈ। ਜਲੇਬਾਂ ਦੀ ਪਰਾਂਤ ਜਾਂ ਮੱਠਰੀਆਂ, ਲੱਡੂਆਂ ਦੀ ਟੋਕਰੀ ਵੀ ਡੋਲੀ ਵਿੱਚ ਰੱਖੀ ਜਾਂਦੀ ਹੈ। ਵਿਦਾਇਗੀ ਦੀ ਇਸ ਨਾਜ਼ੁਕ ਘੜੀ ਸਾਰੀਆਂ ਅੱਖਾਂ ਵਿਚੋਂ ਕਿਰਦੇ ਵਿਛੋੜੇ ਦੇ ਹੰਝੂ ਵਾਤਾਵਰਨ ਨੂੰ ਸਿੱਲ੍ਹਾ ਕਰ ਦਿੰਦੇ ਹਨ।    
   ਹਿੰਦੂ-ਵਿਆਹ ਆਮ ਤੌਰ ’ਤੇ ਰਾਤ ਨੂੰ ਹੀ ਹੁੰਦੇ ਹਨ ਤੇ ਡੋਲੀ ਤਾਰਿਆਂ ਦੀ ਛਾਵੇਂ ਤੋਰੀ ਜਾਂਦੀ ਹੈ, ਪਰ ਕਿਧਰੇ ਕਿਧਰੇ ਜੇ ਵਿਆਹ ਦਿਨੇ ਹੋਵੇ ਤਾਂ ਡੋਲੀ ਸ਼ਾਮ ਨੂੰ ਤੋਰੀ ਜਾਦੀ ਹੈ।
   ਸਿੱਖ-ਵਿਆਹਾਂ ਵਿੱਚ ਡੋਲੀ ਸ਼ਾਮ ਨੂੰ ਤੋਰੀ ਜਾਂਦੀ ਹੈ, ਭਰਾ ਡੋਲੀ ਨੂੰ ਕੁਝ ਦੂਰ ਤੱਕ ਧੱਕ ਕੇ ਤੋਰਦੇ ਹਨ। ਇਹ ਡੋਲੀ ਫੁੱਲਾਂ, ਫੁਲਕਾਰੀਆਂ, ਜਾਂ ਗੋਟੇ ਦੇ ਜਾਲ਼ ਨਾਲ਼ ਸਜੀ ਕਾਰ ਹੁੰਦੀ ਹੈ, ਕੁਝ ਪਰਿਵਾਰ ਪਹਿਲੇ ਸਮਿਆਂ ਵਾਂਗ ਕੁੜੀ ਨੂੰ ਪਾਲਕੀ ਜਾਂ ਰਥ ਦੀ ਡੋਲੀ ਵਿੱਚ ਬਿਠਾਉਂਦੇ ਹਨ, ਫਿਰ ਕੁਝ ਦੂਰ ਅੱਗੇ ਜਾ ਕੇ ਕਾਰ ਵਿੱਚ ਬਿਠਾ ਦਿੰਦੇ ਹਨ। ਅਕਸਰ ਇੱਕ ਜਾਂ ਦੋ ਭਰਾ ਵੀ ਡੋਲੀ ਦੇ ਨਾਲ਼ ਜਾਂਦੇ ਹਨ, ਇਸ ਦਾ ਅੰਦਰੂਨੀ ਮੰਤਵ ਪਹਿਲੀ ਵਾਰ ਸਹੁਰੇ ਘਰ ਵਿੱਚਰਦੀ ਮੁਟਿਆਰ ਨੂੰ ਸਹਾਰੇ ਦਾ ਅਹਿਸਾਸ ਦੇਣਾ ਹੈ। ਅੱਗੇ ਰਾਹ ਵਿੱਚ ਹੁੰਦੀਆਂ ਲੁੱਟਾਂ-ਖੋਹਾਂ ਕਰਕੇ ਮੱਦਦ ਲਈ ਵੀ ਭਰਾਵਾਂ ਨੂੰ ਭੇਜਿਆ ਜਾਂਦਾ ਸੀ। ਪਹਿਲਾਂ ਨੈਣ ਵੀ ਨਾਲ਼ ਜਾਂਦੀ ਸੀ ਤੇ ਸੰਗਦੀ ਹੋਈ ਨਵ-ਵਿਆਹੀ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਸਹਾਈ ਹੁੰਦੀ ਸੀ, ਪਰ ਹੁਣ ਉਸ ਨੂੰ ਹਰ ਸ਼ਾਦੀ ਵਿੱਚ ਨਹੀਂ, ਕਿਤੇ ਕਿਤੇ ਹੀ ਡੋਲੀ ਦੇ ਨਾਲ਼ ਭੇਜਿਆ ਜਾਂਦਾ ਹੈ।

ਸੋਟ: ਲਾੜੇ ਦਾ ਬਾਪ ਸਰਕ ਰਹੀ ਡੋਲੀ ਦੇ ਉੱਤੋਂ ਭਾਨ ਦੀ ਸੋਟ ਸੁੱਟਦਾ ਹੈ, ਕੁਝ ਵਿਆਹਾਂ ਵਿੱਚ ਇਹ ਸੋਟ ਲਾੜੀ ਦੀ ਮਾਂ ਵੱਲੋਂ ਵੀ ਸੁੱਟੀ ਜਾਂਦੀ ਹੈ। ਇਹਨਾਂ ਪੈਸਿਆਂ ਨੂੰ ਗਰੀਬ-ਗੁਰਬੇ ਚੁੱਕਦੇ ਹਨ। ਇਸ ਪਿੱਛੇ ਇਹੀ ਚਾਹਨਾ ਹੁੰਦੀ ਹੈ ਕਿ ਉਹਨਾਂ ਦੀਆਂ ਅਸੀਸਾਂ ਨਾਲ਼ ਵਿਆਹੁਤਾ ਜੋੜੀ ਸੁਖੀ ਰਹੇ ਤੇ ਵਧੇ-ਫੁੱਲੇ। ਕਿਤੇ ਕਿਤੇ ਇਸ ਦਾ ਮਤਲਬ ਸਹੁਰੇ ਪਰਿਵਾਰ ਦਾ ਵਹੁਟੀ ਉੱਤੋਂ ਵਾਰੇ-ਵਾਰੇ ਜਾਣਾ ਤੇ ਉਹਦੇ ਸਾਹਮਣੇ ਧਨ ਨੂੰ ਨਖਿੱਧ ਸਮਝਣਾ ਵੀ ਮੰਨਿਆ ਜਾਂਦਾ ਹੈ। ਕਾਸ਼! ਇੰਝ ਸੱਚਮੁਚ ਹੀ ਹੋ ਸਕੇ ਕਿ ਸਹੁਰੇ ਨੂੰਹ ਦੇ ਸਾਹਮਣੇ ਧਨ ਨੂੰ ਨਖਿੱਧ ਸਮਝਣ ਤੇ ਉਹਨੂੰ ਪੂਰਾ ਇਜ਼ਤ-ਮਾਣ ਤੇ ਪਿਆਰ ਦੇਣ! ਡੋਲੀ ਸਹੁਰੇ-ਘਰ ਪਹੁੰਚਣ ਦੀਆਂ ਰਸਮਾਂ: ਡੋਲੀ ਦੇ ਸਹੁਰਾ-ਘਰ ਪਹੁੰਚਦਿਆਂ ਸੱਸ ਡੋਲੀ ਵਿੱਚ ਹੀ ਵਹੁਟੀ ਨੂੰ ਮਿਠਾਈ/ਦੁੱਧ ਜਾਂ ਸ਼ਰਬਤ ਆਦਿ ਦਿੰਦੀ ਹੈ। ਇਸ ਸੁਹਾਵਣੇ ਮੌਕੇ ਮੇਲਣਾਂ ਸਵਾਗਤੀ ਗੀਤ ਗਾਉਂਦੀਆਂ ਰਹਿੰਦੀਆਂ ਹਨ। ਇਹ ਇੱਕ ਚੰਗਾ ਰਿਵਾਜ਼ ਹੈ, ਜਿਸ ਨਾਲ਼ ਸਫ਼ਰ ਦੀ ਭੁੱਖੀ-ਤਿਹਾਈ ਤੇ ਮਾਪਿਆਂ ਦੀ ਜੁਦਾਈ ਤੋਂ ਉਦਾਸ ਕੁੜੀ ਨੂੰ ਧਰਵਾਸ ਮਿਲ਼ਦਾ ਹੈ ਤੇ ਉਹ ਬਾਕੀ ਰਸਮਾਂ ਲਈ ਤਰੋ-ਤਾਜ਼ਾ ਹੋ ਜਾਂਦੀ ਹੈ। ਫਿਰ ਵਹੁਟੀ ਦੀ ਦਰਾਣੀ/ਜਠਾਣੀ ਜਾਂ ਨਣਦ ਉਹਨੂੰ ਡੋਲੀ ਤੋਂ ਉਤਾਰ ਕੇ ਬੂਹੇਤੱਕ ਲਿਆਉਂਦੀ ਹੈ।

ਭੈਣਾਂ ਦਾ ਨਾਕਾ: ਏਥੇ ਭੈਣਾਂ ਰਾਹ ਰੋਕ ਕੇ ਖੜੋ ਜਾਂਦੀਆਂ ਹਨ ਤੇ ਮਨ-ਚਾਹੀ ਨਕਦੀ ਲੈ ਕੇ ਹੀ ਵੀਰ-ਭਾਬੀ ਨੂੰ ਅੱਗੇ ਲੰਘਣ ਦਿੰਦੀਆਂ ਹਨ, ਜਿੱਥੇ ਉਹਨਾਂ ਦੇ ਸਰਦਲ ਟੱਪਣ ਤੋਂ ਪਹਿਲਾਂ ਕੌਲ਼ਿਆਂ ਉੱਤੇ ਤੇਲ ਚੋਇਆ ਜਾਂਦਾ ਹੈ।

ਪਾਣੀ ਵਾਰਨਾ: ਬੂਹੇ ਤੋਂ ਅੰਦਰ ਵੜਦਿਆਂ ਹੀ ਇੱਕ ਚੌਂਕੀ ਜਾਂ ਪਟੜਾ ਰੱਖਿਆ ਹੁੰਦਾ ਹੈ, ਜਿਸ ਉੱਤੇ ਬੰਨੇ ਬੰਨੋ ਨੂੰ ਖੜ੍ਹਾਇਆ ਜਾਂਦਾ ਹੈ। ਮਾਂ ਸ਼ਗਨਾਂ ਦਾ ਥਾਲ਼ ਲੈ ਕੇ ਉਡੀਕ ਰਹੀ ਹੁੰਦੀ ਹੈ, ਇਸ ਥਾਲ਼ ਵਿੱਚ ਖੰਮ੍ਹਣੀ ਵਾਲ਼ੀ ਗੜਵੀ ਹੁੰਦੀ ਹੈ, ਜਿਸ ਵਿੱਚ ਪਾਣੀ ਅੰਦਰ ਥੋੜ੍ਹਾ ਜਿਹਾ ਦੁੱਧ ਰਲ਼ਾ ਕੇ ਪਾਇਆ ਹੁੰਦਾ ਹੈ। ਪੰਜ ਲੱਡੂ ਤੇ ਘਾਹ ਦੀਆਂ ਕੁਝ ਸਾਵੀਆਂ ਤਿੜਾਂ ਵੀ ਰੱਖੀਆਂ ਹੁੰਦੀਆਂ ਹਨ। ਮਾਂ ਦੋਵਾਂ ਦੇ ਸਿਰ ਤੋਂ ਸੱਤ ਵਾਰ ਗੜਵੀ ਵਾਰ ਕੇ ਪਾਣੀ ਪੀਂਦੀ ਹੈ, ਕੁਝ ਘਰਾਂ ਵਿੱਚ ਮਾਂ ਤੋਂ ਬਾਅਦ ਚਾਚੀਆਂ-ਤਾਈਆਂ, ਦਰਾਣੀਆਂ-ਜਠਾਣੀਆਂ, ਨਣਦਾਂ ਵੀ ਪਾਣੀ ਵਾਰ ਕੇ ਪੀਂਦੀਆਂ ਹਨ। ਕਿਤੇ ਕਿਤੇ ਜੇ ਸੱਸ ਸੁਹਾਗਣ ਨਾ ਹੋਵੇ, ਤਾਂ ਉਹਨੂੰ ਪਾਣੀ ਨਹੀਂ ਵਾਰਨ ਦਿੱਤਾ ਜਾਂਦਾ, ਕੋਈ ਸੁਹਾਗਣ ਤਾਈ ਚਾਚੀ ਹੀ ਇਹ ਰਸਮ ਕਰਦੀ ਹੈ। ਫਿਰ ਜੋੜੀ ਦਾ ਮੂੰਹ ਮਿੱਠਾ ਕਰਾ ਕੇ ਪਟੜੇ ਤੋਂ ਉਤਾਰ ਲਿਆ ਜਾਂਦਾ ਹੈ।

   ਚਿਤਵਿਆ ਜਾਂਦਾ ਹੈ ਕਿ ਜਿਹੜਾ ਪਹਿਲਾਂ ਉੱਤਰੇਗਾ, ਉਹਦਾ ਬਾਕੀ ਜ਼ਿੰਦਗੀ ਦੂਜੇ ਉੱਤੇ ਰੋਹਬ ਰਹੇਗਾ। ਇਸ ਲਈ ਬੰਨੋ ਦੀਆਂ ਦਰਾਣੀਆਂ-ਜਠਾਣੀਆਂ ਉਹਨੂੰ ਪਹਿਲਾਂ ਲਾਹੁਣ ਦੀ ਤੇ ਬੰਨੇ ਦੀਆਂ ਭੈਣਾਂ ਬੰਨੇ ਨੂੰ ਪਹਿਲਾਂ ਲਾਹੁਣ ਦੀ ਕੋਸ਼ਿਸ਼ ਕਰਦੀਆਂ ਹਨ।
   ਸਿਰ ਤੋਂ ਪਾਣੀ ਵਾਰ ਕੇ ਪੀਣ ਦੀ ਰੀਤ ਮਾਂ ਵੱਲੋਂ ਨੂੰਹ ਪੁੱਤ ਦੀਆਂ ਸਾਰੀਆਂ ਬਲਾਅਵਾਂ ਪੀ ਲੈਣ ਦੀ ਪ੍ਰਤੀਕ ਹੈ। ਇਸ ਲਈ ਪਾਣੀ ਪੀਂਦੀ ਮਾਂ ਨੂੰ ਪੁੱਤਰ ਹਰ ਵਾਰ ਰੋਕਦਾ ਰਹਿੰਦਾ ਹੈ, ਤਾਂ ਕਿ ਉਹਦੇ ਹਿੱਸੇ ਦੇ ਸਾਰੇ ਦੁੱਖ-ਤਕਲੀਫ਼ਾਂ ਉਹਦੀ ਮਾਂ ਨਾ ਸਹੇ। ਇਹ ਮਾਂ-ਪੁੱਤ ਦੇ ਪਿਆਰ ਦੀ ਬਹੁਤ ਹੀ ਅਨੋਖੀ ਤੇ ਬਲਿਹਾਰੀ ਜਾਣ ਵਾਲ਼ੀ ਰਸਮ ਹੈ।

ਆਰਤੀ: ਹਿੰਦੂ ਪਰਿਵਾਰਾਂ ਵਿੱਚ ਇਹ ਰਵਾਇਤ ਵੀ ਪ੍ਰਚੱਲਿਤ ਹੈ। ਅੰਦਰ ਦਾਖ਼ਿਲ ਹੋਣ ਤੋਂ ਪਹਿਲਾਂ ਦੁਲਹਨ ਦੀ ਆਰਤੀ ਉਤਾਰੀ ਜਾਂਦੀ ਹੈ, ਫਿਰ ਉਹ ਸਾਹਮਣੇ ਰੱਖੇ ਚੌਲ਼ਾਂ ਦੇ ਭਾਂਡੇ ਨੂੰ ਸੱਜੇ ਪੈਰ ਨਾਲ਼ ਇੰਝ ਠੋਕਰ ਮਾਰਦੀ ਹੈ ਕਿ ਚੌਲ਼ ਸਾਰੇ ਪਾਸੇ ਖਿੰਡ ਜਾਂਦੇ ਹਨ। ਇਹ ਕਾਰਜ ਸਹੁਰੇ-ਘਰ ਦੇ ਅਨਾਜ ਨਾਲ਼ ਭਰੇ ਰਹਿਣ ਦੀ ਇੱਛਾ ਦਾ ਪ੍ਰਗਟਾਵਾ ਤੇ ਦੁਆ ਹੈ।

ਪੈਰ-ਪੈੜਾਂ: ਕੁਝ ਪਰਿਵਾਰਾਂ ਵਿੱਚ ਦੁਲਹਨ, ਖੁੱਲ੍ਹੇ ਭਾਂਡੇ ਅੰਦਰ ਪਾਏ ਲਾਲ ਪਾਣੀ, ਜੋ ਸੰਧੂਰ ਜਾਂ ਰੋਲੀ ਨੂੰ ਘੋਲ਼ ਕੇ ਬਣਾਇਆ ਹੁੰਦਾ ਹੈ, ਵਿੱਚ ਪੈਰ ਡੁਬੋ ਕੇ ਸੁਰਖ-ਪੈੜਾਂ ਪਾਉਂਦੀ ਹੋਈ ਅੱਗੇ ਵਧਦੀ ਹੈ। ਇਹ ਵੀ ਸਹੁਰੇ ਘਰ ਦੇ ਰੰਗਾਂ-ਰੌਣਕਾਂ ਨਾਲ਼ ਭਰੇ ਰਹਿਣ ਦੀ ਚਾਹਤ ਨੂੰ ਦਰਸਾਉਂਦਾ ਹੈ।

ਮੂੰਹ-ਦਿਖਾਈ: ਬੰਨੇ-ਬੰਨੀ ਨੂੰ ਅੰਦਰ ਲਿਆ ਕੇ ਸੋਫ਼ੇ ਜਾਂ ਸੋਹਣੇ ਵਿਛੌਣੇ ’ਤੇ ਬਿਠਾਇਆ ਜਾਂਦਾ ਹੈ, ਸੱਸ ਨੂੰਹ ਨੂੰ ਮਿੱਠੀ ਚੂਰੀ ਜਾਂ ਖੰਡ-ਘਿਓ ਦੀਆਂ ਸੱਤ ਬੁਰਕੀਆਂ ਜਾਂ ਦਹੀਂ ਸ਼ੱਕਰ ਖੁਆਉਂਦੀ ਹੈ ਤੇ ਮੂੰਹ-ਦਿਖਾਈ ਵਜੋਂ ਕੋਈ ਤੋਹਫ਼ਾ ਜਾਂ ਗਹਿਣਾ ਦਿੰਦੀ ਹੈ। ਫਿਰ ਸਾਰੀਆਂ ਮੇਲਣਾਂ ਮੂੰਹ-ਦਿਖਾਈ ਵਜੋਂ ਰੁਪਏ ਜਾਂ ਕੋਈ ਤੋਹਫ਼ਾ ਦਿੰਦੀਆਂ ਹਨ। ਪੁਰਾਣੇ ਜ਼ਮਾਨੇ ਵਿੱਚ ਵਹੁਟੀ ਨੇ ਘੁੰਡ ਕੱਢਿਆ ਹੁੰਦਾ ਸੀ, ਹਰ ਸੁਆਣੀ ਘੁੰਡ ਦੇ ਵਿੱਚ ਦੀ ਮੂੰਹ ਦੇਖਦੀ ਸੀ ਜਾਂ ਘੁੰਡ ਚੁੱਕ ਕੇ ਮੂੰਹ ਦੇਖ ਕੇ ਫਿਰ ਉਹਦਾ ਘੁੰਡ ਕੱਢ ਦਿੰਦੀ ਸੀ, ਜਾਂ ਫਿਰ ਨੈਣ ਇਹ ਕਾਰਜ ਕਰਦੀ ਸੀ, ਹੁਣ ਘੁੰਡ ਦਾ ਰਿਵਾਜ਼ ਨਹੀਂ ਰਿਹਾ, ਪਰ ਇਹ ਅਜੇ ਵੀ ਪਿਛੜੇ ਇਲਾਕਿਆਂ ਵਿੱਚ ਪ੍ਰਚੱਲਿਤ ਹੈ।

  ਹਿੰਦੂ-ਪਰਿਵਾਰਾਂ ਵਿੱਚ ਜੋੜੀ ਨੂੰ ਘਰ ਵਿੱਚ ਲੱਗੇ ‘ਥਾਪੇ’ ਕੋਲ਼ ਬਿਠਾ ਕੇ ਉਪ੍ਰੋਕਤ ਰਸਮਾਂ ਕੀਤੀਆਂ ਜਾਂਦੀਆਂ ਹਨ।

ਕੰਗਣਾ-ਖੇਡਣਾ: ਇਹ ਆਮ ਤੌਰ ’ਤੇ ਵਿਆਹ ਤੋਂ ਅਗਲੇ ਦਿਨ ਸਵੇਰੇ ਹੁੰਦਾ ਹੈ, ਪਰ ਕਾਹਲ਼ੇ ਵਕਤਾਂ ਵਿੱਚ ਉਸੇ ਸ਼ਾਮ ਵੀ ‘ਮੂੰਹ-ਦਿਖਾਈ’ ਤੋਂ ਬਾਅਦ ਕਰ ਲਿਆ ਜਾਂਦਾ ਹੈ। ਇੱਕ ਪਰਾਂਤ ਜਾਂ ਖੁੱਲ੍ਹੇ ਭਾਂਡੇ ਵਿੱਚ ਕੱਚੀ ਲੱਸੀ (ਥੋੜ੍ਹਾ ਦੁੱਧ ਅਤੇ ਬਹੁਤਾ ਪਾਣੀ) ਪਾ ਕੇ ਉੱਤੇ ਫੁੱਲ-ਪੱਤੀਆਂ ਛਿੜਕੀਆਂ ਜਾਂਦੀਆਂ ਹਨ। ਲਾੜੇ ਦੀ ਭਾਬੀ ਜਾਂ ਕੋਈ ਹੋਰ ਸੁਆਣੀ ਉਸ ਵਿੱਚ ਮੁੰਦਰੀ ਜਾਂ ਕੰਗਣ ਸੁੱਟ ਦਿੰਦੀ ਹੈ। ਵਹੁਟੀ-ਗੱਭਰੂ ਦੋਵੇਂ ਇੱਕ ਦੂਜੇ ਤੋਂ ਪਹਿਲਾਂ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਇਹ ਜਿਸਦੇ ਵੀ ਹੱਥ ਆਉਂਦੀ ਹੈ, ਉਹਨੂੰ ਸ਼ਾਬਾਸ਼ ਦਿੰਦਿਆਂ ਤਾੜੀਆਂ ਮਾਰੀਆਂ ਜਾਂਦੀਆਂ ਹਨ। ਇੰਝ ਤਿੰਨ ਜਾਂ ਸੱਤ ਵਾਰ ਕੀਤਾ ਜਾਂਦਾ ਹੈ। ਇਸ ਪਿਰਤ ਨਾਲ਼ ਵਹੁਟੀ ਦੇ ਅੰਦਰੋਂ ਓਪਰਾਪਨ ਖਤਮ ਹੁੰਦਾ ਹੈ ਤੇ ਉਹ ਥੋੜ੍ਹੀ ਸਹਿਜ ਹੋ ਜਾਂਦੀ ਹੈ।

ਛਿਟੀਆਂ ਖੇਡਣਾ: ਵਹੁਟੀ ਗੱਭਰੂ ਸਾਰਿਆਂ ਦੇ ਹਾਸੇ-ਮਜ਼ਾਕ ਦੌਰਾਨ ਇੱਕ ਦੂਜੇ ਦੇ ਸੱਤ ਵਾਰ ਪਤਲੀਆਂ ਪਤਲੀਆਂ ਛਮਕਾਂ/ਛਿਟੀਆਂ ਮਾਰਦੇ ਹਨ, ਸਮਝਿਆ ਜਾਂਦਾ ਹੈ ਕਿ ਇੰਝ ਉਹਨਾਂ ਦੇ ਅੰਦਰੋਂ ਇੱਕ ਦੂਜੇ ਲਈ ਝਿਜਕ, ਬੇਗਾਨਗੀ, ਨਿੱਕੇ ਨਿੱਕੇ ਡਰ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ ਤੇ ਉਹ ਰਵਾਂ-ਰਵੀਂ ਗ੍ਰਹਿਸਤ ਜੀਵਨ ਵਿੱਚ ਪਰਵੇਸ਼ ਕਰ ਜਾਂਦੇ ਹਨ।

ਗੋਤ-ਕਨਾਲ਼ਾ: ਇਹ ਪਰੰਪਰਾ ਕਿਤੇ ਕਿਤੇ ਪਿੰਡਾਂ ਵਿੱਚ ਹੈ, ਲਾੜੇ ਦੇ ਗੋਤ ਦੀਆਂ ਸਭ ਔਰਤਾਂ ਉਹਦੇ ਘਰ ਆਉਂਦੀਆਂ ਹਨ ਤੇ ਇਕੱਠੀਆਂ ਬਹਿ ਕੇ ਨਵੀਂ ਬਹੂ ਨਾਲ਼ ਇੱਕੋ ਬਰਤਨ ਵਿੱਚੋਂ ਮਿੱਠੇ ਚੌਲ਼/ਹਲਵਾ ਜਾਂ ਕੋਈ ਹੋਰ ਪਕਵਾਨ ਖਾਂਦੀਆਂ ਹਨ। ਉਹ ਬਹੂ ਦੇ ਮੂੰਹ ਵਿੱਚ ਤੇ ਬਹੂ ਉਹਨਾਂ ਦੇ ਮੂੰਹ ਵਿੱਚ ਬੁਰਕੀਆਂ ਪਾਉਂਦੀ ਹੈ। ਇਸ ਦਾ ਮਨੋਰਥ ਹੋਰ ਗੋਤ ਦੀ ਧੀ ਨੂੰ ਆਪਣੇ ਗੋਤ ਵਿੱਚ ਰਲ਼ਾਉਣਾ ਤੇ ਰੋਟੀ ਦੀ ਸਾਂਝ ਪੈਦਾ ਕਰਕੇ ਅਪਣੱਤ ਕਾਇਮ ਕਰਨਾ ਹੁੰਦਾ ਹੈ।

ਨੋਟ: ਜਿੱਥੇ ਹਿੰਦੂ-ਸਿੱਖ ਵਿਆਹਾਂ ਵਿੱਚ ਹੁੰਦੀਆਂ ਅਲੱਗ ਅਲੱਗ ਰਸਮਾਂ ਦਾ ਜ਼ਿਕਰ ਹੈ, ਉਹ ਆਮ ਕਰਕੇ ਇਸ ਤਰ੍ਹਾਂ ਹੁੰਦਾ ਹੈ, ਪਰ ਕਈ ਥਾਈਂ ਸਾਰੇ ਰਿਵਾਜ਼ ਹੀ ਰਲਗੱਡ ਹਨ ਤੇ ਵੱਖ-ਵੱਖ ਪਰਿਵਾਰਾਂ ਵੱਲੋਂ ਆਪਣੀ ਮਰਜ਼ੀ ਅਨੁਸਾਰ ਮਨਾਏ ਜਾਂਦੇ ਹਨ। ਇੱਥੋਂ ਤੱਕ ਕਿ ਕਈ ਹਿੰਦੂ-ਘਰਾਂ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਵਾ ਕੇ ਵਿਆਹ ਅਰੰਭ ਕੀਤਾ ਜਾਂਦਾ ਹੈ, ਅਨੰਦ-ਕਾਰਜ ਆਦਿ ਕਰਵਾਏ ਜਾਂਦੇ ਹਨ ਤੇ ਕਈ ਸਿੱਖ-ਪਰਿਵਾਰਾਂ ਵਿੱਚ ਵੀ ਜੈ-ਮਾਲ਼ਾ ਤੇ ਤਿਲਕ ਦੀ ਰਸਮ ਹੁੰਦੀ ਹੈ। ਕੁਝ ਨਵੀਂਆਂ ਰਸਮਾਂ: ਵੰਗਾਂ-ਚੜ੍ਹਾਈ(Bangle Ceremony):' ਇਹ ਦੱਖਣੀ ਭਾਰਤ ਦੀ ਰੀਤ ਹੈ, ਜਿਹੜੀ ਪੰਜਾਬਣ ਮੁਟਿਆਰਾਂ ਵਿੱਚ ਦਿਨੋ-ਦਿਨ ਹਰਮਨ-ਪਿਆਰੀ ਹੋ ਰਹੀ ਹੈ। ਵਿਆਹ ਤੋਂ ਪਹਿਲਾਂ ਇੱਕ ਨਿਯਤ ਦਿਨ ਸਖੀਆਂ ਲਾਲ ਤੇ ਹਰੀਆਂ ਵੰਗਾਂ ਲੈ ਕੇ ਆਉਂਦੀਆਂ ਹਨ, ਪਹਿਲੀ ਵੰਗ ਕੁੜੀ ਦਾ ਭਰਾ ਚੜ੍ਹਾਉਂਦਾ ਹੈ, ਬਾਕੀ ਵੰਗਾਂ ਭੈਣਾਂ ਤੇ ਸਖੀਆਂ ਚੜ੍ਹਾਉਂਦੀਆਂ ਹਨ ਤੇ ਨੱਚਦੀਆਂ ਗਾਉਂਦੀਆਂ ਰੰਗ-ਤਮਾਸ਼ੇ ਕਰਦੀਆਂ ਹਨ।

ਬਰਾਈਡਲ ਸ਼ਾਵਰ (Bridal Shower): ਇਹ ਪੱਛਮੀ ਦੇਸ਼ਾਂ ਤੋਂ ਆਇਆ ਰਿਵਾਜ਼ ਹੈ ਤੇ ਬੜੀ ਤੇਜ਼ੀ ਨਾਲ਼ ਪੰਜਾਬੀ ਵਿਆਹਾਂ ਵਿੱਚ ਸ਼ਾਮਿਲ ਹੋ ਰਿਹਾ ਹੈ। ਇਹ ਵੀ ਸਖੀਆਂ-ਸਹੇਲੀਆਂ, ਭੈਣਾਂ ਭਾਬੀਆਂ ਦਾ ਉਤਸਵ ਹੈ, ਜਿਹੜਾ ਸ਼ਾਦੀ ਤੋਂ ਪਹਿਲਾਂ ਮਨਾਇਆ ਜਾਂਦਾ ਹੈ। ਲੜਕੀ ਦੇ ਗਲ਼ ਵਿੱਚ ਸੈਸ਼ (Sash) ਇੱਕ ਪਟਾ ਜਿਹਾ ਪਾਇਆ ਜਾਂਦਾ ਹੈ, ਜਿਸ ਉੱਤੇ BRIDE TO BE ਲਿਖਿਆ ਹੁੰਦਾ ਹੈ, ਇਹੋ ਜਿਹੀ ਲਿਖਤ ਵਾਲ਼ਾ ਇੱਕ ਮੁਕਟ ਉਹਦੇ ਮੱਥੇ ਉੱਤੇ ਸਜਾਇਆ ਜਾਂਦਾ ਹੈ, ਕਈ ਵਾਰ ਸਖੀਆਂ ਵੀ ਨਿੱਕੇ ਨਿੱਕੇ ਮੁਕਟ ਪਹਿਨ ਲੈਂਦੀਆਂ ਹਨ, ਇਹਨਾਂ ਸਾਰੀਆਂ ਵਿੱਚ ਵਿਆਹੁਲੀ ਕੁੜੀ ਕੋਈ ਸ਼ਹਿਜ਼ਾਦੀ ਲੱਗਦੀ ਹੈ। ਕੇਕ ਕੱਟਿਆ ਜਾਂਦਾ ਹੈ, ਗਾਣਾ-ਵਜਾਣਾ ਹੁੰਦਾ ਹੈ। ਤੋਹਫ਼ੇ ਦਿੱਤੇ ਜਾਂਦੇ ਹਨ।

   ਕਈ ਪਰਿਵਾਰ ਇੱਕੋ ਦਿਨ ਵੜੀਆਂ ਟੁੱਕਣ, ਵੰਗਾਂ ਚੜ੍ਹਾਉਣ ਤੇ ਬਰਾਈਡਲ ਸ਼ਾਵਰ ਦੀਆਂ ਰਸਮਾਂ ਕਰ ਲੈਂਦੇ ਹਨ, ਇਹ ਵਿਸ਼ਵੀਕਰਨ ਦੇ ਪੰਜਾਬੀ ਵਿਆਹਾਂ ਵਿੱਚ ਦਾਖ਼ਿਲ ਹੋਣ ਤੇ ਵੱਖ-ਵੱਖ ਸੱਭਿਆਚਾਰਾਂ ਦੇ ਆਪਸ ਵਿੱਚ ਰਲ਼ ਜਾਣ ਵੱਲ ਇਸ਼ਾਰਾ ਹੈ। 

ਸਵਾਗਤੀ-ਸਮਾਰੋਹ (Reception): ਇਹ ਰਿਵਾਜ਼ ਵੀ ਕੁਝ ਚਿਰ ਪਹਿਲਾਂ ਹੀ ਸਾਡੇ ਸੱਭਿਆਚਾਰ ਦਾ ਹਿੱਸਾ ਬਣਿਆ ਹੈ। ਇਹ ਸਮਾਰੋਹ ਮੁੰਡੇ ਵਾਲ਼ਿਆਂ ਵੱਲੋਂ ਹੁੰਦਾ ਹੈ, ਜਿਸ ਵਿੱਚ ਨਵੀਂ ਬਹੂ ਦਾ ਸਵਾਗਤ ਕੀਤਾ ਜਾਂਦਾ ਹੈ। ਨਵ-ਵਿਆਹੀ ਜੋੜੀ ਨੂੰ ਫੁੱਲਾਂ-ਸਜੀ ਸਟੇਜ ਉੱਤੇ ਬਿਠਾ ਕੇ ਸਭ ਦੇ ਰੂਬਰੂ ਕੀਤਾ ਜਾਂਦਾ ਹੈ। ਮਹਿਮਾਨ ਉਹਨਾਂ ਦੇ ਕੋਲ਼ ਆ ਕੇ ਸ਼ਗਨ ਅਤੇ ਅਸੀਸਾਂ ਦਿੰਦੇ ਹਨ, ਸਾਰਿਆਂ ਨਾਲ਼ ਤਸਵੀਰਾਂ ਖਿੱਚੀਆਂ ਜਾਂਦੀਆਂ ਹਨ, ਵੀਡੀਓ ਬਣਾਈਆਂ ਜਾਂਦੀਆਂ ਹਨ।

   ਕੇਕ ਕੱਟਣ ਦੀ ਰੀਤ ਇਸ ਸਮਾਗਮ ਦਾ ਅਹਿਮ ਭਾਗ ਹੈ, ਜਿਹੜੀ ਕਿ ਇਸ ਲਈ ਵੀ ਜ਼ਰੂਰੀ ਹੋ ਗਈ ਹੈ ਕਿ ਇਹ ਵੀਡੀਓ ਤੇ ਤਸਵੀਰਾਂ ਵਿਦੇਸ਼ ਜਾਣ ਲਈ ਪੇਸ਼ ਕਰਨੀਆਂ ਪੈਂਦੀਆਂ ਹਨ। ਪਰਵਾਸ ਦੀ ਆਗਿਆ ਦੇਣ ਵਾਲ਼ੇ (ਇਮੀਗ੍ਰੇਸ਼ਨ) ਅਧਿਕਾਰੀਆਂ ਨੂੰ ਉਹਨਾਂ ਦੇ ਆਪਣੇ ਸੱਭਿਆਚਾਰ ਦੀ ਇਹ ਰਸਮ ਦੇਖ ਕੇ ਹੀ ਵਿਆਹ ਦੇ ਅਸਲੀ ਤੇ ਪੱਕਾ ਹੋਣ ਬਾਰੇ ਯਕੀਨ ਆਉਂਦਾ ਹੈ ਤੇ ਇਸੇ ਮਕਸਦ ਕਰਕੇ ਹੀ ਮੁੰਦਰੀਆਂ ਪਾਉਣ ਦੀ ਰਸਮ ਵੀ ਲਾਜ਼ਿਮੀ ਹੋ ਗਈ ਹੈ।
       ਜੇ ਮੁੰਡੇ ਵਾਲ਼ਿਆਂ ਨੇ ਸਵਾਗਤੀ-ਸਮਾਰੋਹ ਨਾ ਕਰਨਾ ਹੋਵੇ ਤਾਂ ਕੇਕ ਕੱਟਣ ਦੀ ਰਸਮ ਵਿਆਹ ਵਾਲ਼ੇ ਦਿਨ ਹੀ ਕਰ ਲਈ ਜਾਂਦੀ ਹੈ। ਲਾੜੇ-ਲਾੜੀ ਦੇ ਕੇਕ ਕੱਟਦਿਆਂ ਹੀ ਹਾਲ ਤਾੜੀਆਂ ਨਾਲ ਗੂੰਜ ਉੱਠਦਾ ਹੈ, ਵਧਾਈਆਂ ਦੀ ਛਹਿਬਰ ਲੱਗਦੀ ਹੈ ਅਤੇ ਜੋੜੀ ਉੱਤੇ ਫੁੱਲ-ਪੱਤੀਆਂ ਦੀ ਵਰਖਾ ਕੀਤੀ ਜਾਂਦੀ ਹੈ। ਦੋਵੇਂ ਇਕ ਦੂਜੇ ਨੂੰ ਅਤੇ ਫਿਰ ਬਾਕੀ ਮਹਿਮਾਨ ਉਹਨਾਂ ਨੂੰ ਕੇਕ ਖੁਆਉਂਦੇ ਹਨ। ਇਸ ਵੇਲ਼ੇ ਸ਼ੈਂਪੇਨ ਖੋਲ੍ਹਣ ਦਾ ਰਿਵਾਜ਼ ਵੀ ਚੱਲ ਪਿਆ ਹੈ ਤੇ ਸਾਰਿਆਂ ਦੇ ਘੁੱਟ-ਘੁੱਟ ਪੀਣ ਦਾ ਵੀ, ਜਿਹੜਾ ਪੰਜਾਬੀ ਸੱਭਿਆਚਾਰ ਦੇ ਬਿਲਕੁਲ ਉਲਟ ਹੈ।
       ਸਵਾਗਤੀ ਸਮਾਰੋਹ ਦੀ ਇੱਕ ਵਧੀਆ ਗੱਲ ਇਹ ਹੁੰਦੀ ਹੈ ਕਿ ਜੰਨ ਵਿੱਚ ਗਿਣੇ-ਚੁਣੇ ਲੋਕ ਹੀ ਜਾਂਦੇ ਹਨ ਤੇ ਲੜਕੀ ਵਾਲ਼ਿਆਂ ਉੱਤੇ ਜ਼ਿਆਦਾ ਵਜ਼ਨ ਨਹੀਂ ਪੈਂਦਾ। ਹੋਰ ਜਿਸ ਕਿਸੇ ਨਾਲ਼ ਵੀ ਵਿਆਹ ਦੀ ਖ਼ੁਸ਼ੀ ਸਾਂਝੀ ਕਰਨੀ ਹੋਵੇ, ਉਹਨੂੰ ਇਸ ਮੌਕੇ ਸ਼ਾਮਿਲ ਹੋਣ ਦਾ ਸੱਦਾ ਦੇ ਦਿੱਤਾ ਜਾਂਦਾ ਹੈ। ਪਰ ਇਸ ਸਮੇਂ ਵੀ ਵਹੁਟੀ ਦੇ ਪੇਕਿਆਂ ਵੱਲੋਂ ਆਉਣ ਵਾਲ਼ੇ ਤੋਹਫ਼ਿਆਂ ਦਾ ਲੋਭ ਦਿਲਾਂ ਵਿੱਚ ਕੁੜੱਤਣਾਂ ਬੀਜਦਾ ਹੈ।
ਵਿਆਹ ਦੀ ਭਾਜੀ:' ਆਏ ਮੇਲ਼ ਨੂੰ ਭਾਜੀ ਦੇ ਡੱਬੇ ਦੇ ਕੇ ਤੋਰਿਆ ਜਾਂਦਾ ਹੈ, ਇਹਨਾਂ ਡੱਬਿਆਂ ਵਿੱਚ ਵਿੱਚ ਲੱਡੂ, ਸ਼ੀਰਨੀ, ਸ਼ੱਕਰਪਾਰੇ, ਪਕੌੜੇ, ਮੱਠੀਆਂ, ਜਲੇਬੀਆਂ ਆਦਿ ਹੁੰਦੇ ਹਨ, ਜਿਹੜੇ ਕਿ ਵਿਆਹ ਤੋਂ ਕਿੰਨਾ ਚਿਰ ਪਿਛੋਂ ਤੱਕ ਤਨ-ਮਨ ਨੂੰ ਸੁਆਦ ਸੁਆਦ ਕਰੀ ਰੱਖਦੇ ਹਨ। ਵਿਆਂਹਦੜ ਦੀ ਮਾਂ ‘ਕੋਠੀ-ਝਾੜ’ ਲੈ ਕੇ ਆਪਣੇ ਪੇਕੇ ਜਾਂਦੀ ਹੈ। ਪਹਿਲੇ ਸਮਿਆਂ ਵਿੱਚ ਤਾਂ ਇਹ ਪਿਰਤ ਸਾਰਿਆਂ ਨੂੰ ਭਾਜੀ ਵੰਡਣ ਬਾਅਦ ਬਚੀ ਹੋਈ ਭਾਜੀ ਦਾ ਵੱਡਾ ਹਿੱਸਾ ਆਪਣੇ ਭੈਣਾਂ-ਭਰਾਵਾਂ ਨਾਲ਼ ਸਾਂਝਾ ਕਰਨ ਦੀ ਸੀ, ਪਰ ਅੱਜ-ਕੱਲ੍ਹ ਬਜ਼ਾਰ ਵਿੱਚੋਂ ਸੱਜਰੀ ਮਿਠਿਆਈ ਲੈ ਕੇ ਵੀ ਇਹ ਮੋਹਵੰਤੀ ਪਿਰਤ ਨਿਭਾਈ ਜਾਂਦੀ ਹੈ।

ਹਵਾਲਾ-'ਚੌਮੁਖੀਆ ਇਬਾਰਤਾਂ- ਡਾ. ਗੁਰਮਿੰਦਰ ਸਿੱਧੂ