ਸਮੱਗਰੀ 'ਤੇ ਜਾਓ

ਪੰਜਾਬੀ ਸੱਭਿਆਚਾਰ ਤੇ ਵਿਸ਼ਵੀਕਰਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਿਸ਼ਵੀਕਰਨ ਅੰਗਰੇਜ਼ੀ ਸ਼ਬਦ Globalisation ਦਾ ਪੰਜਾਬੀ ਅਨੁਵਾਦ ਹੈ।ਇਸ ਲਈ ਸੰਸਾਰੀਕਰਨ ਅਤੇ ਭੂਮੰਡਲੀਕਰਨ ਵੀ ਸ਼ਬਦ ਵਰਤੇ ਜਾਂਦੇ ਹਨ। ਅੱਜ ਦੇ ਸਮੇਂ ਵਿੱਚ ਬਹੁਤ ਚਰਚਿਤ ਵਰਤਾਰਾ ਹੈ, ਜਿਸ ਨੇ ਜੀਵਨ ਦੇ ਹਰ ਖੇਤਰ ਵਿੱਚ ਜਿਵੇਂ ਖੇਤੀ, ਉਦਯੋਗ, ਸਿਹਤ ਤੇ ਸਿੱਖਿਆ, ਰਾਜਨੀਤੀ,ਸਮਾਜ ਸੂਚਨਾ ਤੇ ਸੰਚਾਰ-ਕਲਾਵਾਂ ਅਤੇ ਚਿੰਤਨ ਨੂੰ ਵੀ ਪ੍ਰਭਾਵਿਤ ਕੀਤਾ ਹੈ। ਇਸ ਦਾ ਅਰਥ ਹੈ ਕਿ-ਆਰਥਿਕ ਕਿਰਿਆਵਾਂ ਨੂੰ ਦੇਸ਼ਾਂ ਦੀਆਂ ਸੀਮਾਵਾਂ ਤੋਂ ਅੱਗੇ ਸੰਸਾਰ ਪੱਧਰ 'ਤੇ ਪੂੰਜੀ, ਤਕਨੀਕ ਤੇ ਜਾਣਕਾਰੀ ਦੇ ਵਹਾਅ ਨੂੰ ਹੋਰ ਵਿਸ਼ਾਲ ਕਰਨਾ ਤੇ ਹੋਰ ਡੂੰਘਾਈ ਤੱਕ ਲੈ ਜਾਣਾ ਦੱਸਿਆ ਗਿਆ। ਇਸੇ ਕਰਕੇ ਦੁਨੀਆਂ ਨੂੰ 'ਵਿਸ਼ਵ ਪਿੰਡ' ਦੇ ਤੌਰ ਤੇ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ।[1]

ਪਰਿਭਾਸ਼ਾਵਾਂ

[ਸੋਧੋ]

ਸ਼ੁਰੂ ਵਿੱਚ ਵਿਸ਼ਵੀਕਰਨ ਨੂੰ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਜਾਦੂ ਦੇ ਬਕਸੇ ਦੇ ਤੌਰ ਤੇ ਪੇਸ਼ ਕੀਤਾ ਗਿਆ।ਇਸ ਵਿੱਚ ਸ਼ਾਮਿਲ ਸੀ ਬੇਰੁਜ਼ਗਾਰੀ ਤੇ ਗਰੀਬੀ ਦੀ ਸਮੱਸਿਆ।"ਪਰ ਵਸਤੂ ਸਥਿਤੀ ਇਹ ਹੈ ਕਿ ਵਿਕਾਸਸ਼ੀਲ ਦੇਸ਼ਾਂ ਵਿੱਚ ਬਹੁਤਿਆਂ ਦੀ ਸੋਚ ਇਹ ਹੈ ਕਿ ਵਿਸ਼ਵੀਕਰਨ ਨੇ ਕੀਤੇ ਹੋਏ ਆਰਥਿਕ ਫ਼ਾਇਦਿਆਂ ਨਾਲ ਜੁੜੇ ਵਾਅਦਿਆਂ ਨੂੰ ਨਹੀਂ ਨਿਭਾਇਆ।"1[2]

ਡਾ. ਸੁਰਜੀਤ ਲੀ ਦਾ ਵਿਚਾਰ ਹੈ ਕਿ ਵਿਸ਼ਵੀਕਰਨ ਉਦਯੋਗਿਕ ਪੂੰਜੀਵਾਦ ਦੇ ਵਿਕਾਸ ਦਾ ਨਵਾਂ ਪੜਾਅ ਹੈ।ਵੱਖ ਵੱਖ ਉੱਨਤ ਦੇਸ਼ਾਂ ਦੀਆਂ ਪੂੰਜੀਪਤੀ ਤਾਕਤਾਂ ਆਪਣੇ ਸਾਂਝੇ ਹਿੱਤਾਂ ਦੀ ਪੂਰਤੀ ਲਈ ਇੱਕਠੇ ਹੋ ਕੇ ਵਿਸ਼ਵੀਕਰਨ ਦੇ ਪ੍ਰੋਗਰਾਮ ਹੇਠ ਪੱਛੜੇ, ਗਰੀਬ ਦੇਸ਼ਾਂ ਨੂੰ ਆਪਣੀਆਂ ਬਸਤੀਆਂ ਬਣਾਉਣ ਲਈ ਨਿਕਲੀਆਂ ਹਨ।ਇਸ ਦਿ੍ਸ਼ਟੀ ਤੋਂ ਵਿਸ਼ਵੀਕਰਨ ਅੰਤਰਰਾਸ਼ਟਰੀ ਬਸਤੀਵਾਦ ਦਾ ਹੀ ਨਵਾਂ ਰੂਪ ਹੈ।2[3]

ਡਾ. ਗੁਰਭਗਤ ਸਿੰਘ ਨੇ ਆਪਣੇ ਇੱਕ ਚਰਚਿਤ ਖੋਜ ਪੱਤਰ ਵਿੱਚ 'ਗਲੋਬਲਾਈਜੇਸ਼ਨ ਐਂਡ ਕਲਚਰ' ਪੁਸਤਕ ਦੇ ਕਰਤਾ ਜੋਹਨ ਟੈਮਿਲਸਨ ਦਾ ਹਵਾਲਾ ਦੇ ਕੇ ਵਿਸ਼ਵੀਕਰਨ ਦੇ ਸਿਧਾਂਤ ਅਤੇ ਚਰਿੱਤਰ ਬਾਰੇ ਕਿਹਾ ਹੈ ਕਿ-

"ਵਿਸ਼ਵੀਕਰਨ ਉਹ ਪ੍ਰਕਿਰਿਆ ਜਾਂ ਇੱਕ ਜੋੜ ਕਰਨ ਹੈ ਜਿਸ ਨਾਲ ਕੁੱਲ ਸਭਿਆਚਾਰ,ਕੌਮਾਂ, ਰਾਜ ਇੱਕ ਪੇਚੀਦਾ ਸੰਬੰਧ ਵਿੱਚ ਲਚਕ ਨਾਲ ਇੱਕਠੇ ਹੋ ਗਏ ਹਨ।ਨਵੀਆਂ ਸੰਸਥਾਵਾਂ, ਚਿੰਤਨ, ਇਮੈਜਿਨਰੀ ਹੋਂਦ ਵਿੱਚ ਆਏ ਅਤੇ ਸਥਾਨਕ ਵੀ।ਰਫ਼ਤਾਰ, ਤਬਦੀਲੀ ਜਾਂ ਨਿਰੰਤਰ ਮੈਨੀਟਰਿਗ ਨਾਲ ਸਥਾਨਕ ਵਿਸ਼ਵੀ ਬਣ ਰਿਹਾ ਹੈ ਅਤੇ ਵਿਸ਼ਵੀ ਸਥਾਨਕ।"

ਵਿਸ਼ਵੀਕਰਨ ਦਾ ਸ਼ਬਦ 1991ਵਿਆਂ ਤੋਂ ਬਹੁਤ ਜ਼ੋਰ ਨਾਲ ਸਾਰੀ ਦੁਨੀਆਂ ਵਿੱਚ ਧਮਾਇਆ ਗਿਆ।ਇਸ ਵਿੱਚ ਜ਼ਿੰਦਗੀ ਦੇ ਸਾਰੇ ਪੱਖ ਸਮਾਜਿਕ, ਸਿਆਸੀ, ਸਭਿਆਚਾਰਿਕ, ਆਰਥਿਕ, ਨੈਤਿਕ, ਧਾਰਮਿਕ ਆ ਗਏ ਜਿਸ ਕਰਕੇ ਵਾਤਾਵਰਨ ਵੀ ਨਿਘਾਰ ਆਇਆ, ਕਦਰਾਂ ਕੀਮਤਾਂ ਦਾ ਤੇਜ਼ੀ ਨਾਲ ਵਿਗਠਨ ਹੋਇਆ।ਵਿਸ਼ਵੀਕਰਨ ਇਕ ਅਜਿਹੀ ਸਮਾਜਿਕ ਪ੍ਕਿਰਿਆ ਹੈ, ਜਿਸ ਵਿਚ ਸਮਾਜਿਕ ਤੇ ਸਭਿਆਚਾਰਕ ਵਰਤਾਰਿਆਂ ਉੱਤੇ ਪਾਬੰਦੀਆਂ ਘੱਟਦੀਆਂ ਹਨ।

ਵਿਸ਼ਵੀਕਰਨ ਦਾ ਸਭ ਤੋਂ ਵੱਧ ਅਸਰ ਉਹਨਾਂ ਦੇਸ਼ਾਂ ਤੇ ਪੈਂਦਾ ਹੈ,ਜਿਹਨਾਂ ਨੂੰ ਤੀਜੇ ਸੰਸਾਰ ਦੇ ਦੇਸ਼ ਆਖਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਨੂੰ ਆਪਣੇ ਵਿਕਾਸ ਲਈ ਉਸ ਵਿਚਾਰਧਾਰਾ ਤੇ ਵਿਹਾਰ ਵਾਲੇ ਦੇਸ਼ਾਂ ਉੱਤੇ।ਨਿਰਭਰ ਹੋਣਾ ਪੈਂਦਾ ਹੈ।ਇਸ ਲਈ ਤੀਜੀ ਦੁਨੀਆਂ ਦੇ ਆਮ ਕਰਕੇ ਅਤੇ ਭਾਰਤ ਦੇ ਪ੍ਰਸੰਗ ਵਿੱਚ ਖ਼ਾਸ ਕਰਕੇ ਡਾ.ਸੁੱਚਾ ਸਿੰਘ ਗਿੱਲ ਨੇ ਇਸ ਵਿਸ਼ਵੀਕਰਨ ਨੂੰ 'ਲੰਗੜੇ ਵਿਸ਼ਵੀਕਰਨ' ਦਾ ਨਾਂ ਦਿੱਤਾ ਹੈ।[4]

ਸਭਿਆਚਾਰ ਅਤੇ ਵਿਸ਼ਵੀਕਰਨ

[ਸੋਧੋ]

ਸਭਿਆਚਾਰ ਤੋਂ ਭਾਵ ਇੱਕ ਸਮੁੱਚੀ ਜੀਵਨ-ਸ਼ੈਲੀ ਤੋਂ ਵੀ ਹੈ, ਜਿਸ ਉਪਰ ਇਸ ਵਿਸ਼ਵੀਕਰਨ ਬਹੁਤ ਪ੍ਰਭਾਵ ਹੈ। "ਸਭਿਆਚਾਰ ਇੱਕ ਜੁੱਟ ਅਤੇ ਜਟਿਲ ਸਿਸਟਮ ਹੈ, ਜਿਸ ਵਿੱਚ ਕਿਸੇ ਮਨੁੱਖੀ ਸਮਾਜ ਦੇ ਨਿਸ਼ਚਿਤ ਇਤਿਹਾਸਕ ਪੜਾਅ ਉੱਤੇ ਪ੍ਰਚਲਿਤ ਕਦਰਾਂ-ਕੀਮਤਾਂ ਅਤੇ ਉਹਨਾਂ ਨੂੰ ਪ੍ਰਗਟ ਕਰਦੇ ਮਨੁੱਖੀ ਵਿਹਾਰ ਦੇ ਪੈਟਰਨ ਪਦਾਰਥਕ ਅਤੇ ਬੌਧਿਕ ਵਰਤਾਰੇ ਸ਼ਾਮਿਲ ਹੁੰਦੇ ਹਨ।"ਵਿਸ਼ਵੀਕਰਨ ਦੀ ਇਸ ਪ੍ਰਕਿਰਿਆ ਦਾ ਸਾਡੀ ਸਮਾਜਿਕ ਜ਼ਿੰਦਗੀ, ਰਹਿਣ-ਸਹਿਣ,ਖ਼ਾਦ-ਖ਼ੁਰਾਕ,ਕਦਰਾਂ -ਕੀਮਤਾਂ, ਰੀਤੀ-ਰਿਵਾਜਾਂ, ਮਨੋਰੰਜਨ ਅਤੇ ਸਾਹਿਤ ਉਪਰ ਬਹੁਪੱਧਰੀ ਅਤੇ ਬਹੁਪਾਸਾਰੀ ਪ੍ਰਭਾਵ ਪਿਆ ਹੈ ਅਤੇ ਪੈ ਰਿਹਾ ਹੈ।ਜਿਸ ਨਾਲ ਸਾਡਾ ਬੰਦ ਸਭਿਆਚਾਰ ਖੁੱਲ੍ਹੇ ਸਰੂਪ ਵਿੱਚ ਬਦਲ ਗਿਆ ਹੈ।

ਪੰਜਾਬੀ ਸਭਿਆਚਾਰ ਅਤੇ ਵਿਸ਼ਵੀਕਰਨ

[ਸੋਧੋ]

ਪੰਜਾਬੀ ਸਭਿਆਚਾਰ ਉਸ ਪੜਾਅ ਨਾਲ ਸੰਬੰਧਿਤ ਹੈ, ਜਿਸ ਨਾਲ ਸਾਰੇ ਪ੍ਰਾਂਤਕ ਭਾਰਤੀ ਸਭਿਆਚਾਰ ਸੰਬੰਧਿਤ ਨਹੀਂ, ਉਂਝ ਭਾਵੇਂ ਗਲੋਬਲਾਈਜੇਸ਼ਨ ਦਾ ਸ਼ਿਕਾਰ ਸਮੁੱਚਾ ਭਾਰਤੀ ਸਭਿਆਚਾਰ ਹੋ ਰਿਹਾ ਹੈ, ਜਿਸ ਨਾਲ ਪੰਜਾਬੀ ਸਭਿਆਚਾਰ ਅੰਤਰ-ਸੰਬੰਧਿਤ ਵੀ ਹੈ।ਵਿਸ਼ਵੀਕਰਨ ਅਤੇ ਪੰਜਾਬੀ ਸਭਿਆਚਾਰ ਦਾ ਮਸਲਾ ਇਸ ਕਰਕੇ ਕੁਝ ਵੱਖਰਾ ਹੈ ਕਿਉਂਕਿ ਇਹ ਇਕੋ ਸਮੇਂ ਪੰਜਾਬ ਦੇ ਪਿੰਡਾਂ ਨਾਲ, ਭਾਰਤ ਦੇ ਨਗਰ-ਮਹਾਂਨਗਰ ਤੇ ਵਿਦੇਸ਼ ਖ਼ਾਸ ਕਰਕੇ ਪੱਛਮ ਵਿਚ ਉੱਥੋਂ ਦੇ ਉਪਭੋਗਤਾਵਾਦੀ ਸਭਿਆਚਾਰ ਦੇ ਸਾਹਮਣੇ ਵੀ ਹੈ।ਇਸ ਪ੍ਰਕਾਰ ਪੰਜਾਬੀ ਸਭਿਆਚਾਰ ਦੀ ਸਥਿਤੀ ਇਕੋ ਸਮੇਂ ਪ੍ਰਾਂਤਕ, ਰਾਸ਼ਟਰੀ ਪੱਧਰ ਅਤੇ ਅੰਤਰਰਾਸ਼ਟਰੀ ਹੈ।

ਵਿਸ਼ਵੀਕਰਨ ਦੇ ਅਸਰ ਨਾਲ ਪੰਜਾਬੀ-ਭਾਰਤੀ ਸਮਾਜ ਦੇ ਸਭਿਆਚਾਰਕ ਰੂਪਾਂਤਰਣ ਦਾ ਘੇਰਾ ਸਿਰਫ਼ ਸਰਮਾਏਦਾਰੀ ਕਿਸਾਨੀ ਤੇ ਦਰਮਿਆਨੀ ਕਿਸਾਨੀ ਅਤੇ ਸ਼ਹਿਰਾਂ ਵਿੱਚ ਵਸਦੇ ਜਨ-ਸਮੂਹ ਤੱਕ ਹੀ ਸੀਮਿਤ ਹੈ।ਵਿਸ਼ਵੀਕਰਨ ਦੇ ਪ੍ਰਭਾਵ ਹੇਠ ਪੰਜਾਬ ਦੇ ਸਭਿਆਚਾਰ ਅਤੇ ਕਲਾ ਦਾ ਉਦਯੋਗੀਕਰਨ ਹੋਇਆ ।

ਖਾਣ ਪੀਣ ਤੇ ਰਸੋਈ ਵਿੱਚ ਬਦਲਾਅ
[ਸੋਧੋ]

ਪੰਜਾਬੀ ਸਭਿਆਚਾਰ ਉਪਰ ਹੋਏ ਹਮਲੇ ਨੇ ਖਾਣ ਪੀਣ ਦੀਆਂ ਆਦਤਾਂ ਉਪਰ ਵੀ ਅਸਰ ਪਿਆ ਹੈ।ਸਮੇਂ ਦੀ ਘਾਟ ,ਭੱਜ ਨੱਠ, ਪੈਸੇ ਦੀ ਬਹੁਤਾਤ, ਰਸੋਈ ਘਰਾਂ ਵਿੱਚ ਬਾਕਾਇਦਾ ਭੋਜਨ ਤਿਆਰ ਨਾ ਹੋਣ ਕਰਕੇ ਫਾਸਟ ਫੂਡ ਨੇ ਜਨਮ ਲਿਆ ਹੈ।ਪੰਜਾਬੀ ਘਰਾਂ ਵਿਚ ਰਸੋਈ ਦਾ ਪਰੰਪਰਾਗਤ ਰੂਪ, ਖਾਣਾ ਬਣਾਉਣ ਦੇ ਤੌਰ ਤਰੀਕਿਆਂ ਉੱਤੇ ਪੰਜਾਬੀ ਲੋਕਾਂ ਦੀ ਖ਼ੁਰਾਕ ਬਹੁਤ ਅਲੱਗ ਸੀ।ਘਰਾਂ ਵਿੱਚ ਮਿੱਟੀ ਦੇ ਬਣੇ ਚੁੱਲਾਆਂ ਵਿੱਚ ਪਾਥੀਆਂ ਤੇ ਲੱਕੜਾਂ ਦੀ ਵਰਤੋਂ ਅੱਗ ਬਾਲਣ ਲਈ ਹੁੰਦਾ ਸੀ।ਸਾਗ,ਮੱਕੀ ਦੀ ਰੋਟੀ, ਖੱਟੀ ਲੱਸੀ ਪੰਜਾਬੀਆਂ ਦੀ ਮਨਭਾਂਉਦੀਆਂ ਖੁਰਾਕਾਂ ਸਨ।ਭਾਂਡੇ ਮਾਜਣ ਲਈ ਚੁੱਲ੍ਹੇ ਦੀ ਸੁਆਹ ਵਰਤੀ ਜਾਂਦੀ ਸੀ।ਹੋਲੀ ਹੋਲੀ ਚੁੱਲ੍ਹੇ ਦੀ ਥਾਂ ਸਟੋਵ, ਚਾਟੀਆਂ ਤੇ ਤੌੜੀਆਂ ਦੀ ਥਾਂ ਪ੍ਰੈਸ਼ਰ ਕੁੱਕਰਾਂ ਨੇ ਲੈ ਲਈ।ਪੱਛਮੀ ਪ੍ਰਭਾਵ ਕਾਰਨ ਗੈਸ ਦੇ ਚੁੱਲ੍ਹਿਆ ਨੇ ਲੈ ਲਈ।ਭਾਂਡੇ ਧੋਣ ਲਈ ਡਿਟਰਜੈਂਟ ਪਾਊਡਰ ਆ ਗਏ।ਪੰਜਾਬ ਦੇ ਲੋਕਾਂ ਮੰਨਣਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਸੁਧਾਰ ਹੋਇਆ ਹੈ।ਮਾਈਕਰੋਵੇਵ ਫਰਿੱਜ ਆਦਿ ਹੁਣ ਰਸੋਈ ਦਾ ਸ਼ਿੰਗਾਰ ਬਣ ਗਏ।ਕੋਕ,ਪੈਪਸੀ,ਮੈਕਡਾਨਲਡ, ਡਾਮੀਨੋਜ਼,ਪੀਜ਼ਾ ਹੱਟ ਆਦਿ ਨੂੰ ਤਰਜੀਹ ਮਿਲਣ ਲੱਗੀ।ਵਕਤ ਦੇ ਗੁਜ਼ਰਨ ਨਾਲ ਪੰਜਾਬੀ ਦੇ ਖਾਂਦੇ ਪੀਂਦੇ ਵਰਗ ਦੇ ਲੋਕ ਵਿਰਸੇ ਤੋਂ ਦੂਰ ਹੁੰਦੇ ਜਾਂਦੇ ਹਨ।ਇਸ ਵਰਗ ਨੇ ਫ਼ਰੀਦ ਦੇ ਪੈਗ਼ਾਮ "ਰੁੱਖੀ ਮਿੱਸੀ ਖਾਇ ਕੇ ਠੰਡਾ ਪਾਣੀ ਪੀ,ਵੇਖ ਪਰਾਈ ਚੋਪੜੀ ਨਾ ਤਰਸਾਈ ਜੀਅ"ਨੂੰ ਵਿਸਾਰ ਕੇ ਸਾਦਾ ਜੀਵਨ ਤਿਆਗ ਦਿੱਤਾ।

ਰਿਸ਼ਤਿਆਂ ਵਿੱਚ ਬਦਲਾਅ
[ਸੋਧੋ]

ਵਿਸ਼ਵੀਕਰਨ ਨਾਲ ਪੰਜਾਬੀ ਸਮਾਜ ਵਿੱਚਲੇ ਰਿਸ਼ਤਾ ਨਾਤਾ ਪ੍ਰਬੰਧ ਵਿੱਚ ਵੀ ਤਬਦੀਲੀ ਆਈ ।ਰਿਸ਼ਤੇ ਨਾਤੇ ਗਰਜ਼ ਨਾਲ ਬੱਝ ਗਏ।ਮਤਲਬ ਪ੍ਸਤੀ ਸੁਨਹਿਰੀ ਅਸੂਲ ਹੋ ਨਿਬੜਿਆ।ਖ਼ੂਨ ਦੇ ਰਿਸ਼ਤਿਆਂ ਦਾ ਲਿਹਾਜ ਨਾ ਰਿਹਾ।ਇਸ ਵਿੱਚ ਮੀਡੀਆ ਦਾ ਮਹੱਤਵਪੂਰਨ ਰੋਲ ਰਿਹਾ।ਹਲਕੇ ਅਸ਼ਲੀਲ, ਹਿੰਸਕ ਤੇ ਕਲਾਹੀਣ ਪ੍ਰੋਗਰਾਮਾਂ ਵਿੱਚ ਵਾਧਾ ਹੋਇਆ।

ਪਹਿਰਾਵਾ ਵਿੱਚ ਬਦਲਾਅ
[ਸੋਧੋ]

ਪਿਛਲੇ ਕੁਝ ਸਮੇਂ ਤੋਂ ਪਹਿਨਣ ਵਾਲੇ ਕੱਪੜਿਆਂ ਵਿੱਚ ਤੂਫ਼ਾਨੀ ਪਰਿਵਰਤਨ ਆਇਆ ਹੈ ਲਿਬਾਸ ਦੇ ਵਿਸ਼ਵੀਕਰਨ ਨੇ ਸਾਨੂੰ ਲਿਬਾਸਾਂ ਵਿੱਚ ਵੀ ਨੰਗਾ ਕਰ ਦਿੱਤਾ ਹੈ।ਪੰਜਾਬ ਵਿੱਚ ਨਵੇਂ ਸ਼ੌਕੀਨ ਮੁੰਡਿਆਂ ਵਿੱਚ ਕੈਜ਼ੂਅਲ ਫ਼ੈਸ਼ਨ ਦਾ ਅਸਰ ਵੱਧਦਾ ਜਾ ਰਿਹਾ ਹੈ ਅਤੇ ਰਸਮੀ ਕਿਸਮ ਦੀ ਕਮੀਜ਼ ਤੇ ਪੈਟਾਂ ਨਾਲੋਂ ਡਿਜ਼ਾਈਨਰ ਕਿਸਮ ਦੀਆਂ ਟੀ ਸ਼ਰਟਾਂ ਅਤੇ ਜ਼ੀਨਾਂ ਤੇ ਕਾਰਗੋ ਪੈਟਾਂ ਦਾ ਰਿਵਾਜ ਵੱਧ ਰਿਹਾ ਹੈ।ਕੁੜੀਆਂ ਨੇ ਵੀ ਡਿਜ਼ਾਈਨਰ ਟਾਪਸ ਤੇ ਜੀਨਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।ਕੈਪਰੀ ਪਾਉਣ ਦਾ ਫ਼ੈਸ਼ਨ ਵੱਧ ਰਿਹਾ ਹੈ।

ਪੰਜਾਬੀ ਸਭਿਆਚਾਰ ਉੱਪਰ ਵਿਸ਼ਵੀਕਰਨ ਦੇ ਪ੍ਰਭਾਵ

ਉਤਪਾਦਨ ਦੇ ਨਵੀਨ ਢੰਗ ਨਾਲ , ਆਵਾਜਾਈ ਦੇ ਆਧੁਨਿਕ ਸਾਧਨ , ਸੰਚਾਰ ਸਾਧਨਾਂ , ਬੁਹ-ਕੌਮੀ ਕੰਪਨੀਆਂ ਦਾ ਪਾਸਾਰ ਅਤੇ ਸੂਚਨਾ ਤਕਨਾਲੋਜੀ ਆਦਿ ਦਾ ਪੰਜਾਬੀ ਰਹਿਣ-ਸਹਿਣ ਉਪੱਰ ਪ੍ਰਭਾਵ ਪਿਆ ਹੈ। ਪੰਜਾਬੀ ਲੋਕਾਂ ਦੇ ਖਾਣਾ-ਪੀਣ ਦੇ ਢੰਗ ਵਿੱਚ ਉਕਾ ਹੀ ਤਬਦੀਲੀ ਆਈ ਹੈ। ਲੱਸੀ,ਸਰ੍ਹੌਂ ਦਾ ਸਾਗ,ਮੱਕੀ ਦੀ ਰੋਟੀ,ਖੀਰ-ਪੂੜੇ ਪੰਜਾਬੀਆਂ ਦਾ ਮਨ-ਪੰਸਦ ਪਕਵਾਨ ਰਹੇ ਹਨ,ਜਦਕਿ ਇਸ ਦੀ ਥਾਂ ਜੰਕ ਫੂਕ ਲਈ ਹੈ। ਵਿਕਸਿਤ ਮੁਲਕਾਂ ਵਿੱਚ ਪਰਿਵਾਰਕ ਢਾਂਚੇ ਦੀ ਇਕਹਿਰੀ ਇਕਾਈ, ਸਮੇਂ ਦੀ ਘਾਟ ਆਦਿ ਕਾਰਨਾਂ ਵਿਚੋਂ ਫਾਸਟ ਫੂਡ ਦਾ ਪ੍ਰਚਲਨ ਹੋਇਆ। ਬਹੁ-ਕੌਮੀ ਕੰਪਨੀਆਂ ਵਲੋਂ ਵੰਨ-ਸੁਵੰਨੇ ਖਾਣੇ ਪੰਜਾਬੀ ਬਾਜ਼ਾਰ ਵਿੱਚ ਪਰੋਸੇ ਜਾ ਰਹੇ ਹਨ। ਜਦਕਿ ਪੰਜਾਬੀ ਲੋਕਾਂ ਦੇ ਖਾਣ-ਪੀਣ ਵਿਚ ਇਨ੍ਹਾਂ ਚੀਜ਼ਾਂ ਦਾਖਲਾ ਇੱਕ ਫੈਸ਼ਨ ਵਜੋਂ ਹੋਇਆ। ਹੈ। ਇਸ ਭੋਜਨ ਦੇ ਪੌਸ਼ਟਿਕ ਮਿਆਰ ਨੂੰ ਅਣਗੌਲਿਆਂ ਹੀ ਜੀਵਨ-ਸ਼ੈਲੀ ਦਾ ਹਿੱਸਾ ਬਣਾ ਲਿਆ ਗਿਆ ਹੈ।


ਖਾਣ-ਪੀਣ ਦੇ ਨਾਲ ਹੀ ਪਹਿਰਾਵੇੰ ਵਿਚ ਵੀ ਢੇਰ ਅੰਤਰ ਆਇਆ ਹੈ। ਪਹਿਰਾਵਾ ਤਨ ਢਕਣ ਜਾਂ ਮੌਸਮੀ ਬਚਾਅ ਲਈ ਨਾ ਹੋ ਕੇ ਫੈਸ਼ਨ ਦੀ ਦੁਨੀਆ ਦਾ ਹਿੱਸੇਦਾਰ ਬਣਦਾ ਹੈ। ਟੀ. ਵੀ ਚੈਨਲਾਂ ਤੇ ਅਰਧ-ਨੰਗੇ ਜਿਸਮ ਨੇ ਪਹਿਰਾਵੇੰ ਨੂੰ ਅੰਗ-ਪ੍ਰਦਰਸ਼ਨ ਦਾ ਵਸੀਲਾ ਬਣਾਇਆ ਹੈ। ਪੰਜਾਬੀ ਰਹਿਣ-ਸਹਿਣ ਵਿਚ ਵਿਆਹ ਜਸ਼ਨੀ ਪਲਾਂ ਦੇ ਲਖਾਇਕ ਨਾ ਰਹਿ ਕੇ ਪੈਲੇਸ ਸੱਭਿਆਚਾਰ ਤੱਕ ਸੀਮਤ ਹੋ ਗਿਆ ਹੈ। ਪਹਿਲਾਂ ਵਿਆਹਾਂ ਦੇ ਜਸ਼ਨ ਕਈ-ਕਈ ਦਿਨਾਂ ਤੱਕ ਚੱਲਦੇ ਸਨ ਅਤੇ ਆਪਸੀ ਭਾਈਚਾਰੇ ਦੀ ਮਿਲਵਰਤਨ ਸਾਂਝ ਦਾ ਮੋਹ ਤੇ ਨਿੱਘ ਭਰਿਆ ਵਾਤਾਵਰਨ ਉਸਾਰਦਾ ਸੀ। ਔਜਕੇ ਦੌਰ ਵਿਚ ਮਾਨਵੀ ਰਿਸ਼ਤਿਆਂ ਵਿਚਲੇ ਨਿੱਘ, ਵਿਡੱਪਣ, ਪਿਆਰ, ਮਿਲਵਰਤਨ, ਸਹਿਯੋਗ ਆਦਿ ਮਾਨਵੀ ਮੁਲਾਂ ਨੂੰ ਕਿਨਾਰੇ ਤੇ ਧੱਕ ਦਿੱਤਾ ਗਿਆ। ਪਿੰਡ ਸੱਭਿਆਚਾਰਕ ਪਛਾਣ ਦਾ ਮਹੱਤਵਪੂਰਨ ਹਿੱਸਾ ਸਨ। ਪਿੰਡਾਂ ਵਿੱਚ ਰਹਿਣ ਵਾਲੇ ਲੋਕ ਆਪਣੇ ਕੰਮ ਧੰਦਿਆਂ ਰਾਹੀਂ ਆਪਣੀਆਂ ਜਰੂਰਤਾਂ ਦੀ ਪੂਰਤੀ ਕਰਦੇ ਹਨ। ਪਿੰਡਾਂ ਵਿੱਚ ਤਿਆਰ ਕੀਤੀਆਂ ਕਲਾ ਕ੍ਰਿਤਾਂ, ਦਸਾਤਕਾਰੀ ਅਤੇ ਤਰਖਾਣ, ਘੁਮਿਆਰਾ, ਲੁਹਾਰ, ਨਾਈ, ਦੁਰਾਹੇ ਆਦਿ ਵਰਗਾਂ ਦੇ ਕਿੱਤਿਆਂ ਦੀ ਥਾਂ ਮਸ਼ੀਨੀਕਰਨ ਨੇ ਲੈ ਲਈ ਸੀ। ਹਰੇ ਇਨਕਲਾਬ ਤੋਂ ਬਾਅਦ ਕਿਸਾਨਾਂ ਵੀ ਕਰਜ਼ੇ ਦੀ ਮਾਰ ਹੇਠ ਆ ਚੁੱਕੀ ਹੈ। ਪੰਜਾਬ ਦੀ ਕਿਸਾਨੀ ਸੰਘਰਸ਼ ਦੀ ਥਾਂ ਖੁਦਕੁਸ਼ੀਆਂ ਕਰ ਕਰ ਰਹੀ ਹੈ। ਬਹੁਕੌਮੀ ਕਾਰਪੋਰੇਸ਼ਨਾਂ ਦੁਆਰਾ ਮੁਕਤ ਬਾਜ਼ਾਰ ਦੇ ਨਾਂਅ ਹੇਠ ਨਵੇਂ ਉਤਪਾਦ, ਐਸ਼ੋ-ਆਰਾਮ ਦੀਆਂ ਵਸਤੂਆਂ ਖਾਣ-ਪੀਣ ਦੀਆਂ ਚੀਜ਼ਾਂ ਬਾਜ਼ਾਰ ਵਿੱਚ ਸੁੱਟੀਆਂ ਜਾ ਰਹੀਆਂ ਹਨ। ਇੰਨ੍ਹਾਂ ਦੀ ਚਕਾਚੌਂਧ ਮਨੁੱਖੀ ਮਨ ਵਿੱਚ ਉਪਭੋਗੀ ਰੁਚੀਆਂ ਨੂੰ ਪ੍ਰੋਤਸਾਹਨ ਕਰਦੀ ਹੈ। ਮਾਨਵੀ ਮੁੱਲਾਂ ਦੀ ਥਾਂ ਪੂੰਜੀ ਦੀ ਅਹਿਮੀਅਤ ਨੂੰ ਬੜ੍ਹਾਵਾ ਲਿਆ।

ਮੁਕਤੀ ਦਾ ਸਾਧਨ ਸਮਝੇ ਜਾਂਦੇ ਗਿਆਨ ਨੂੰ ਵੀ ਬਜ਼ਾਰੂ ਵਸਤਾਂ ਤੱਕ ਸੀਮਿਤ ਕਰ ਦਿੱਤਾ ਗਿਆ ਹੈ। ਮਨੁੱਖ ਨੂੰ ਇੱਕ ਚੰਗਾ ਇਨਸਾਨ ਬਣਾਉਣ, ਸੂਚਾਰੂ ਕਦਰਾਂ-ਕੀਮਤਾਂ ਦਾ ਵਿਕਾਸ ਕਰਨ, ਰਾਸ਼ਟਰ ਨਿਰਮਾਣ, ਸਿਰਜਣਾਤਮਕਤਾ, ਨਿਤਾਪ੍ਰਤੀ, ਦੀਆਂ ਸਮੱਸਿਆਵਾਂ ਤੋਂ ਨਿਜਾਤ ਹਾਸਲ ਕਰਨ ਆਦਿ ਵਿਚ ਗਿਆਨ ਦਾ ਨਿਰਪੱਖ ਯੋਗਦਾਨ ਹੈ। ਜਦਕਿ" ਗਿਆਨ ਹੁਣ ਸ਼ਖਸੀਅਤ ਦਾ ਹਿੱਸਾ ਨਹੀਂ, ਮੰਡੀ ਦਾ ਮਾਲ ਹੈ, ਜਿਸਦੀ ਖਰੀਦੋ ਫ਼ਰੋਖਤ ਸੰਭਵ ਹੈ। ਪਿਛਲੇ ਸਮਿਆਂ ਵਿੱਚ ਗਿਆਨ ਪ੍ਰਾਪਤੀ ਲਈ ਜੀਵਨ ਖਪਾਏ ਜਾਂਦੇ ਸਨ। ਹੁਣ ਗਿਆਨ ਦਾ ਮੰਡੀ ਦੀਆਂ ਵਸਤੂਆਂ ਦੇ ਨਾਲ ਉਤਪਾਦਨ ਹੋ ਰਿਹਾ ਹੈ ਅਤੇ ਸਾਬਣ ਤੇ ਟੁੱਥਪੇਸਟ ਵਾਂਗ ਗਿਆਨ ਵੀ ਵਿਕਾਊ ਹੈ। ਗਿਆਨ ਹੁਣ ਹਾਕਮ ਨਹੀਂ ਮਹਿਕੂਮ ਹੈ। "ਸਮਕਾਲੀ ਵਿੱਚ ਜੋ ਨਵਾਂ ਆਲਮੀ ਨਿਜ਼ਾਮ ਸ਼ਕਲ ਅਖਤਿਆਰ ਕਰ ਰਿਹਾ ਹੈ ਉਸ ਵਿੱਚ ਜਿਸ ਕਿਸਮ ਦੇ ਮਨੁੱਖ ਦੀ ਲੋੜ ਨਜ਼ਰ ਆਉਂਦੀ ਹੈ ਉਹ ਨਿਰੋਲ ਇੱਕ ਖਪਤਕਾਰ ਹੀ ਹੈ, ਕੋਈ ਸੋਚਵਾਨ ਵਿਅਕਤੀਤੱਤ ਨਹੀਂ।ਉਸਦੀ ਸੱਭਿਆਚਾਰਕ ਪਛਾਣ ਬਾਜ਼ਾਰ ਦੀਆਂ ਨਵੀਂ ਪੂੰਜੀਵਾਦੀ ਤਾਕਤਾਂ ਹੀ ਤੈਅ ਕਰ ਰਹੀਆਂ ਹਨ।" ਸਾਡੀ ਰੋਜਾਨਾ ਜੀਵਨ ਪ੍ਰਣਾਲੀ ਵਿਚ ਇਲੈਕਟ੍ਰਾਨਿਕ ਵਸਤਾਂ ਦੀ ਬਹੁਤਾਤ, ਹੱਥੀ ਕਾਰਜਾਂ ਦੀ ਥਾਂ ਮਸ਼ੀਨਾਂ ਦਾ ਆਉਣਾ ਆਦਿ ਨਾਲ ਸੂਖੈਨਤਾ ਤਾਂ ਮਿਲੀ ਹੈ। ਪਰ ਇਸ ਸਦਕਾ ਉਪਜੀ ਵਿਹਲ ਅਤੇ ਮਾਨਸਿਕਤਾ ਤਣਾਅ ਅਨੇਕਾਂ ਸੰਕਟਾਂ ਦਾ ਕਾਰਨ ਬਣਦੇ ਹਨ। ਮਨੁੱਖੀ ਮਾਨਸਿਕਤਾ ਵਿੱਚ ਵਿਅਕਤੀਵਾਦ, ਬੇਗਾਨਗੀ, ਲਾਲਸਾ ਜਿਹੀਆਂ ਭਾਵਨਾਵਾਂ ਦੀ ਉਪਜ ਮਾਨਵੀ ਰਿਸ਼ਤਿਆਂ ਦੀ ਵਿਚਲੇ ਨਿੱਘ ਨੂੰ ਖੋਰਾ ਲਾਉਂਦੀ ਹੈ ਜਿਸ ਨਾਲ ਪੰਜਾਬੀ ਜੀਵਨ ਸ਼ੈਲੀ ਪ੍ਰਭਾਵਿਤ ਹੋਈ ਹੈ।ਟੀ. ਵੀ,ਸੈਟੇਲਾਈਟ ਚੈਨਲ, ਕੰਪਿਊਟਰ ਇੰਟਰਨੈੱਟ, ਅਖਬਾਰਾਂ ਆਦਿ ਜਨ - ਸੰਚਾਰ ਦਾ ਮਾਧਿਅਮ ਹਨ। ਇਨ੍ਹਾਂ ਦਾ  ਪ੍ਰਚਲਨ ਵਿਆਪਕ ਪੱਧਰ ਤੇ ਹੈ। ਪੰਜਾਬੀ ਮੀਡੀਆ ਦੀ ਗੱਲ ਕਰੀਏ ਤਾਂ ਅਖਬਾਰਾਂ, ਪ੍ਰਿੰਟ ਮੀਡੀਆ, ਟੀ. ਵੀ., ਇੰਟਰਨੈੱਟ, ਕੰਪਿਊਟਰ ਆਦਿ ਤੇ ਇਸ ਦਾ ਪ੍ਰਭਾਵ ਸਪੱਸ਼ਟ ਦਿਖਾਈ ਦਿੰਦਾ ਹੈ।ਜਨ ਸੰਚਾਰ ਸਾਧਨਾਂ ਦੀ ਕੁਵਰਤੋਂ ਰਾਹੀਂ ਲੋਕ-ਹਿੱਤਾਂ, ਸੁਹਜਾਤਮਿਕ ਰੁਚੀਆਂ ਅਤੇ ਉਨ੍ਹਾਂ ਦੀਆਂ ਤਤਕਾਲੀ ਸਮੱਸਿਆਵਾਂ ਤੋਂ ਧਿਆਨ ਹਟਾਇਆ ਜਾਂਦਾ ਹੈ। ਜਨ ਸੰਚਾਰ ਸਾਧਨ ਕੇਵਲ ਮਨੋਰੰਜਨ ਜਾਂ ਚੇਤਨਾ ਦਾ ਸਾਧਨ ਨਹੀਂ ਰਹੇ, ਸਗੋਂ ਲੋਕਾਂ ਨੂੰ ਪੂੰਜੀ ਖਪਤ ਲਈ ਆਪਣੇ ਵੱਲ ਖਿੱਚਿਆ ਜਾ ਰਿਹਾ ਹੈ। ਟੀ. ਵੀ. ਸੀਰੀਅਲ ਜਾਂ ਫਿਰ ਗੀਤ-ਸੰਗੀਤ ਵਿਚ ਜੀਵਨ ਦੇ ਜੋ ਦ੍ਰਿਸ਼ ਪੇਸ਼ ਕੀਤੇ ਜਾਂਦੇ ਹਨ। ਪੰਜਾਬੀ ਆਮ ਜੀਵਨ ਦੀਆਂ ਸਮੱਸਿਆਵਾਂ ਤੋਂ ਇੱਕ ਵਿੱਥ ਥਾਪ ਲੈਂਦੇ ਹਨ। ਸੀਰੀਅਲ ਵਿਚ ਅਮੀਰਾਂ ਦੀ ਐਸ਼ੋ-ਆਰਾਮ ਵਾਲੀ ਜੀਵਨ ਸ਼ੈਲੀ ਹੀ ਪ੍ਰਸਤੁਤ ਹੁੰਦੀ ਹੈ। ਜਨ-ਸੰਚਾਰ ਦੁਆਰਾ ਜਿਹੜੇ ਵੀ ਪ੍ਰੋਗਰਾਮ ਅਤੇ ਵਿਗਿਆਪਨ ਪੇਸ਼ ਕੀਤੇ ਜਾਂਦੇ ਹਨ, ਉਨ੍ਹਾਂ ਦੀ ਪਿੱਠਭੂਮੀ ਵਿਚ ਬਹੁ-ਕੌਮੀ ਕੰਪਨੀਆਂ ਦੁਆਰਾ ਉਤਪਾਦਨ ਖਪਤ ਦਾ ਢੰਗ ਕਾਰਜਸ਼ੀਲ ਹੁੰਦਾ ਹੈ। ਮੀਡੀਆ ਦੁਆਰਾ ਪ੍ਰਸਾਰਿਤ ਪ੍ਰੋਗਰਾਮਾਂ ਵਿਚ ਮੁੰਡੇ - ਕੁੜੀਆਂ ਲਈ ਜਿਹੜੇ ਰੋਲ ਮਾਡਲ ਪੇਸ਼ ਕੀਤੇ ਜਾਂਦੇ ਹਨ, ਉਹ ਨੌਜਵਾਨਾਂ ਨੂੰ ਨਵੇਕਲੀ ਪਹਿਚਾਣ ਬਣਾਉਣ ਵੱਲ ਸੇਧਿਤ ਨਾ ਕਰਕੇ ਇੱਕ ਨਿਸ਼ਚਿਤ ਢਾਂਚੇ ਵਿੱਚ ਫਿੱਟ ਕਰਨ ਤਕ ਸੰਕੁਚਿਤ ਹਨ। ਟੈਲੀਵਿਜ਼ਨ ਦੁਆਰਾ ਦਿੱਤੇ ਵਿਗਿਆਪਨ ਹੀਮਨੁੱਖ ਦੀ ਪਛਾਣ ਨਿਰਧਾਰਿਤ ਕਰਦੇ ਹਨ। ਇਸ ਪ੍ਰਸੰਗ ਵਿਚ ਔਰਤ ਦੀ ਸਥਿਤੀ ਨੂੰ ਵੇਖਿਆ ਜਾ ਸਕਦਾ ਹੈ।"ਜਿਵੇਂ ਵਿਗਿਆਪਨ ਮਾਂ"

ਪਰਿਭਾਸ਼ਾ ਮਿੱਥਦੇ ਹਨ ਕਿ ਸੁਪਰਮੰਮੀ ਆਪਣੀਆਂ ਬੱਚਿਆਂ ਲਈ ਅਨੇਕਾਂ ਪ੍ਰਕਾਰ ਦੇ ਤੋਹਫੇ ਖਰੀਦ ਕੇ ਦਿੰਦੀ ਹੈ। ਜੋ ਸਾਫ਼ ਸੁਥਰੀ ਤੇ ਹੱਸਮੁੱਖ ਹੈ। ਇਸ ਤੋਂ ਬਾਹਰੇ ਰੂਪ ਵਿਚ ਉਹ ਮਾਂ ਹੀ ਨਹੀਂ ਹੈ। ਮਨੋਰੰਜਨ ਚੈਨਲਾਂ ਦੁਆਰਾ ਪੇਸ਼ ਪ੍ਰੋਗਰਾਮ ਲੋਕ ਮਾਨਸਿਕਤਾ ਨੂੰ ਬਦਲਣ ਲਈ ਹਰ ਹੀਲਾ-ਵਸੀਲਾ ਵਰਤਦੇ ਹਨ। ਇਹ ਚੈਨਲ ਪੰਜਾਬੀ ਪਛਾਣ ਨੂੰ ਰਿਵਾਲਵਰ ਚੁੱਕਣ ਵਾਲੇ, ਬੰਦਾ ਮਾਰਨ ਵਾਲੇ ਗੈੰਗਸਟਰ ਦੇ ਰੂਪ ਵਿਚ ਉਭਾਰ ਰਹੇ ਹਨ।ਪੰਜਾਬੀ ਗੀਤ - ਸੰਗੀਤ ਵਿਚੋਂ ਸੱਭਿਆਚਾਰ, ਮੁੱਲ-ਵਿਧਾਨ ਅਲੋਪ ਜਿਹਾ ਹੋ ਗਿਆ ਹੈ। "ਵਿਸ਼ਵੀਕਰਨ ਦੇ ਪ੍ਰਭਾਵ ਹੇਠ ਬਹੁ-ਕੌਮੀ ਕੰਪਨੀਆਂ ਜਦੋਂ ਤੋਂ ਮਨੋਰੰਜਨ ਦੇ ਵਿਭਿੰਨ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲੱਗੀਆਂ ਹਨ, ਉਦੋਂ ਤੋਂ ਪੰਜਾਬੀਆਂ ਦੀ ਵਿਵਿਧਤਾ ਤੇ ਮੌਲਿਕਤਾ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ, ਭਾਵ ਪੰਜਾਬੀ ਮੀਡੀਏ ਰਾਹੀਂ ਇੱਕ ਅਜਿਹਾ ਵਿਸ਼ਵ ਸੱਭਿਆਚਾਰ ਪੇਸ਼ ਕੀਤਾ ਜਾ ਰਿਹਾ ਹੈ,ਜਿਸ ਦਾ ਨਾ ਤਾ ਕੋਈ ਮੌਲਿਕ ਸਰੂਪ ਹੈ, ਨਾ ਕੋਈ ਦ੍ਰਿਸ਼ ਹੈ। ਟੈਲੀਵਿਜ਼ਨ ਚੈਨਲਾਂ ਰਾਹੀਂ ਦਿੱਤੇ ਜਾ ਰਹੇ ਪਾਪੂਲਰ ਪ੍ਰੋਗਰਾਮਾਂ ਰਾਹੀਂ ਸਾਡੇ ਸੁਆਦ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਹੈ।ਇਸ ਤਰ੍ਹਾਂ ਪੰਜਾਬੀ ਮੀਡੀਆ ਵਿਸ਼ਵੀਕਰਨ ਦੇ ਦਬਾਅ ਹੇਠ ਆਪਣੀ ਸਮਾਜਿਕ ਸਾਰਥਿਕਤਾ ਵੀ ਹਰ ਦਿਨ ਗੁਆ ਰਿਹਾ ਹੈ। ਮਨੁੱਖੀ ਜੀਣ-ਥੀਣ,ਨਵੀਂ ਰਹਿਣੀ-ਬਹਿਣੀ ਨੇ ਮੱਧਵਰਗੀ ਜਾਂ ਨਿਮਨ ਵਰਗ ਅੱਗੇ ਜੋ ਮ੍ਰਿਗਤ੍ਰਿਸ਼ਨਾ ਪੈਦਾ ਕੀਤੀ ਹੈ, ਉਹ ਉਨ੍ਹਾਂ ਦੇ ਸੁਪਨਿਆਂ ਅਤੇ ਆਰਥਿਕਤਾ ਵਿੱਚ ਬੇਜੋੜ ਹੈ। ਪੰਜਾਬੀ ਬੰਦੇ ਦੀ ਮਾਨਸਿਕ ਤਬਦੀਲੀ ਉਸਦੀ ਹੋਂਦ ਨੂੰ ਖੋਰਾ ਲਾ ਰਹੀ ਹੈ। ਉਪਭੋਗੀ ਬਿਰਤੀ ਨੇ ਸੱਭਿਾਚਾਰਕ ਮੁੱਲ ਵਿਧਾਨ ਨੂੰ ਮੂਲੋਂ ਹੀ ਢਾਹਹ ਲਾਈ ਹੈ। ਮਨੁੱਖੀ ਮਾਨਸਿਕਤਾ ਨੂੰ ਚਕਮਾ-ਚੋਂਧ ਕਰਨ ਵਾਲੀਆਂ ਵਸਤੂਆਂ ਤੇ ਵਪਾਰੀਕਰਨ ਨਾਲ ਉਪਭੋਗੀ ਲਾਲਸਾ ਨੂੰ ਉਕਸਾਇਆ ਜਾਂਦਾ ਹੈ। ਮਨੁੱਖ ਨਿੱਜੀ ਹੋਂਦ ਤੱਕ ਸਿਮਟ ਜਾਂਦਾ ਹੈ। ਉਸ ਦੀ ਮਾਨਸਿਕਤਾ ਵਿੱਚ ਪਦਾਰਥਕ ਵਸਤਾਂ ਦੀ ਲਾਲਸਾ ਭਾਰੂ ਰਹਿੰਦੀ ਹੈ।ਜਿਸ ਨਾਲ ਇੱਕ ਤਰ੍ਹਾਂ ਉਪਭੋਗੀ ਸੱਭਿਆਚਾਰ ਉਸਾਰਿਆ ਗਿਆ ਹੈ।

ਕਿਸੇ ਵੀ ਸੱਭਿਆਚਾਰ ਦੇ ਨਿਰਮਾਣ ਅਤੇ ਪ੍ਰਗਤੀ ਵਿੱਚ ਭਾਸ਼ਾ ਦੀ ਭੂਮਿਕਾ ਅਹਿਮ ਰਹੀ ਹੈ। ਕਿਸੇ ਖਿੱਤੇ ਵਿਸ਼ੇਸ਼ ਵਿਚ ਬੋਲੀ ਜਾਂਦੀ ਭਾਸ਼ਾ ਹੀ ਮਨੁੱਖ ਦੀਆਂ ਮਾਨਸਿਕ ਕਿਰਿਆਵਾਂ ਦੀ ਪੇਸ਼ਕਾਰੀ ਕਰਦੀ ਹੈ।ਪੰਜਾਬੀ ਸੱਭਿਆਚਾਰ ਦੇ ਸੰਦਰਭ ਵਿਚ ਵੇਖੀਏ ਤਾਂ ਸਾਡੀ ਮਾਂ-ਬੋਲੀ ਪੰਜਾਬੀ ਭਾਸ਼ਾ ਪ੍ਰਤੀ ਤਤਕਾਲੀ ਰੁਖ ਚਿੰਤਾਜਨਕ ਹੈ। ਪੰਜਾਬੀ ਭਾਸ਼ਾ ਦੀ ਥਾਂ ਅੰਗਰੇਜ਼ੀ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ। ਵਿਸ਼ਵੀਕਰਨ ਦੁਆਰਾ ਆਪਣੇ ਵਪਾਰਕ ਹਿੱਤਾਂ ਦੇ ਬੇਲਗਾਮ ਵਾਧੇ ਲਈ ਅੰਗਰੇਜ਼ੀ ਭਾਸ਼ਾ ਨੂੰ ਹੀ ਸਰਵਸ੍ਰੇਸ਼ਠ ਸਿੱਧ ਕੀਤਾ ਜਾ ਰਿਹਾ ਹੈ। ਅਮਰੀਕੀ ਸਾਮਰਾਜ ਅੰਗਰੇਜ਼ੀ ਭਾਸ਼ਾ ਨੂੰ ਵਿਸ਼ਵ ਭਾਸ਼ਾ ਦਰਜਾ ਦੇਣ ਤੇ ਤੁਲਿਆ ਹੋਇਆ ਹੈ।"ਵਿਸ਼ਵੀਕਰਨ ਦੀ ਨਜ਼ਰ ਵਿਚ ਅੰਗਰੇਜ਼ੀ ਉਦਾਰਤਾ ਦੀ ਅਤੇ ਪੰਜਾਬੀ ਸੰਕੀਰਨਤਾ ਦੀ ਚਿਹਨ ਬਣਾ ਕੇ ਉਮਰ ਰਹੀ ਹੈ। ਅੰਗਰੇਜ਼ੀ ਭਾਸ਼ਾ ਨੂੰ ਪੰਜਾਬੀ ਭਾਸ਼ਾ ਤੋਂ ਸ੍ਰੇਸ਼ਠ ਦੱਸਣਾ ਅਤੇ ਸਾਡੀ ਭਾਸ਼ਾ ਉਪਰ ਥੋਪਣਾ ਇੱਕ ਅਣਮਨੁੱਖੀ ਕਾਰਵਾਈ ਹੈ। ਇਹ ਕਾਰਵਾਈ ਸਾਡੀ ਸੁਤੰਤਰਤਾ, ਬਰਾਬਰੀ ਅਤੇ ਪੰਜਾਬੀ ਭਾਈਚਾਰੇ ਦੇ ਲੋਕਤੰਤਰੀ ਮੁੱਲਾਂ ਦੇ ਵਿਰੁੱਧ ਵੀ ਹੈ। "ਇਹ ਨਹੀਂ ਕਿ ਕਿ ਅੰਗਰੇਜ਼ੀ ਭਾਸ਼ਾ ਦੀ ਨਿਵੇਕਲੀ ਭਾਸ਼ਾਈ ਨਿਪੁੰਨਤਾ ਹੈ, ਜਿਸ ਕਾਰਨ ਬਹੁ-ਕੌਮੀ ਕੰਪਨੀਆਂ ਦੁਆਰਾ ਪੈਦਾ ਕੀਤੇ ਜਾਂਦੇ ਰੁਜ਼ਗਾਰ ਦੇ ਮੌਕਿਆਂ ਵਿਚ ਇਸ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਇਆ ਜਾਂਦਾ ਹੈ। ਸਗੋਂ ਸਮੇਂ ਦੀਆਂ ਸਰਕਾਰਾਂ ਨੇ ਵੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਠੋਸ ਕਦਮ ਨਹੀਂ ਚੁੱਕੇ। ਅਜੋਕੀ ਪੰਜਾਬੀ ਭਾਸ਼ਾ ਵਿੱਚ ਵੀ ਅੰਗਰੇਜ਼ੀ ਸ਼ਬਦਾਂ ਏਨੀ ਭਰਪੂਰ ਵਰਤੋਂ ਕੀਤੀ ਜਾਂਦੀ ਹੈ, ਕਿ ਪੰਜਾਬੀ ਭਾਸ਼ਾ ਦਾ ਭਾਸ਼ਾਈ ਰੂਪਹੀ ਬਦਲਿਆ ਨਜ਼ਰ ਆਉਂਦਾ ਹੈ। ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਉਨੱਤੀ ਲਈ ਜਰੂਰੀ ਹੈ, ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਦਾ ਮਾਧਿਅਮ ਬਣਾਇਆ ਜਾਵੇ, ਜਿਸ ਲਈ ਸਾਂਝੇ ਯਤਨਾਂ ਦੀ ਲੋੜ ਹੈ।

ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਵਿਸ਼ਵੀਕਰਨ ਦੀ ਪ੍ਰਕਿਰਿਆ ਪੂੰਜੀ ਦੇ ਇਕੱਤੀਕਰਨ ਤੱਕ ਕੇਂਦਰਤ ਹੈ। ਜਿਸ ਦਾ ਮਨੋਰਥ ਵਧੇਰੇ ਮੁਨਾਫ਼ਾ ਕਮਾਉਣਾ ਹੈ। ਵਿਸ਼ਵੀਕਰਨ ਤਹਿਤ ਵਿਸ਼ਵ ਆਰਥਿਕਤਾ ਅਤੇ ਮੁਕਤ ਬਾਜ਼ਾਰ, ਵਿਸ਼ਵ ਪਿੰਡ ਆਦਿ ਧਾਰਨਾਵਾਂ ਦੇ ਪ੍ਰਚਲਨ ਨਾਲ ਤੀਜੀ ਦੁਨੀਆਂ ਦੇ ਪੱਛੜੇ ਮੁਲਕਾਂ ਦੇ ਹਾਲਾਤ ਸੁਧਾਰੇ ਨਹੀਂ, ਸਗੋਂ ਉਨ੍ਹਾਂ ਦੀ ਆਪਣੀ ਆਜ਼ਾਦੀ ਨੂੰ ਢਾਹ ਲੱਗੀ ਹੈ। ਜਿਸ ਦਾ ਪ੍ਰਭਾਵ ਪੰਜਾਬੀ ਸੱਭਿਆਚਾਰ ਉਪੱਰ ਪ੍ਰਤੱਖ ਨਜ਼ਰ ਆਉਂਦਾ ਹੈ। ਸੱਭਿਆਚਾਰ ਪਰਿਵਰਤਨ ਕੋਈ ਨਾਂਹਮੁਖੀ ਵਰਤਾਰਾ ਨਹੀਂ, ਬਲਕਿ ਇਹ ਪੰਜਾਬੀ ਲੋਕਾਂ ਦੀ ਜੀਵਨ - ਸ਼ੈਲੀ ਦੀਆਂ ਜ਼ਰੂਰਤਾਂ ਵਿਚੋਂ ਉਪਜਿਆ ਨਹੀਂ ਸਗੋਂ ਠੋਸਿਆ ਜਾ ਰਿਹਾ ਹੈ। ਵਿਸ਼ਵੀਕਰਨ ਦੀਆਂ ਮਾਰੂ ਨੀਤੀਆਂ ਤੋਂ ਬਚਣ ਲਈ ਤੀਜੀ ਦੁਨੀਆ ਦੇ ਪੱਛੜੇ ਮੁਲਕਾਂ ਨੂੰ ਆਪਣੀ ਆਜ਼ਾਦ ਅਤੇ ਸੁਤੰਤਰ ਹੋਂਦ ਨੂੰ ਅਪਣਾਉਣ ਦੀ ਜ਼ਰੂਰਤ ਹੈ।

  1. ਰੰਧਾਵਾ, ਸਤਿੰਦਰ ਕੌਰ (2013). ਸਭਿਆਚਾਰ ਤੇ ਪੰਜਾਬੀ ਸਭਿਆਚਾਰ. ਜਲੰਧਰ: ਸੁੰਦਰ ਬੁੱਕ ਡਿਪੋ. pp. 157, 158. ISBN 978-93-80427-41-0. {{cite book}}: Check |isbn= value: checksum (help)
  2. World Development Report and World Economic Indicators. p. 29.
  3. ਜੋਸ਼ੀ, ਜੀਤ ਸਿੰਘ (2005). ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ. ਲੁਧਿਆਣਾ: ਲਾਹੌਰ ਬੁੱਕ ਸ਼ਾਪ. p. 175.
  4. ਰੰਧਾਵਾ, ਸਤਿੰਦਰ ਕੌਰ (2013). ਸਭਿਆਚਾਰ ਤੇ ਪੰਜਾਬੀ ਸਭਿਆਚਾਰ ਨਵ ਪਰਿਪੇਖ. ਜਲੰਧਰ: ਸੁੰਦਰ ਬੁੱਕ ਡਿਪੋ. p. 158. ISBN 978-93-80427-41-0. {{cite book}}: Check |isbn= value: checksum (help)