ਪੰਜਾਬੀ ਸਾਹਿਤ ਦੇ ਇਤਿਹਾਸਾਂ ਦੇ ਨਾਮਕਰਣ ਦੇ ਅਧਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭੂਮਿਕਾ:- ਪੰਜਾਬੀ ਸਾਹਿਤ ਦੇ ਇਤਿਹਾਸ ਦੀ ਨਿਸ਼ਾਨਦੇਹੀ ਕਰਨ ਵਾਸਤੇ ਕਾਲਾਂ ਦੇ ਨਾਮਕਰਨ ਲਈ ਸਾਹਿਤ ਦੇ ਇਤਿਹਾਸਕਾਰਾਂ ਨੇ ਵੱਖ-ਵੱਖ ਵਿਧੀਆਂ ਅਪਣਾਈਆਂ ਹਨ। ਕਈ ਵਾਰ ਕਿਸੇ ਮਹਾਨ ਕਵੀ ਜਾਂ ਲੇਖਕ ਨੂੰ ਕੇਂਦਰ ਵਿੱਚ ਰੱਖ ਕੇ ਉਸ ਦੇ ਨਾਮ ਨਾਲ ਉਸ ਕਾਲ ਦਾ ਨਾਮਕਰਣ ਕਰ ਦਿੱਤਾ ਗਿਆ ਹੈ, ਜਿਵੇਂ: ਗੁਰੂ ਨਾਨਕ ਕਾਲ, ਵਾਰਿਸ਼ ਸ਼ਾਹ ਕਾਲ ਆਦਿਕ। ਕੁੱਝ ਇਹਿਾਸਕਾਰ ਨੇ ਵੱਖ-ਵੱਖ ਹਕੂਮਤਾਂ ਦੇ ਨਾਮ ਨਾਲ ਵੀ ਇਤਿਹਾਸ ਦੇ ਵੱਖ ਵੱਖ ਕਾਲਾਂ ਨੂੰ ਸਬੰਧਿਤ ਕੀਤਾ ਹੈ ਜਿਵੇਂ ਮੁਗਲ ਕਾਲ, ਅੰਗਰੇਜ਼ੀ ਰਾਜ ਦਾ ਸਮਾਂ ਆਦਿ। ਕੁੱਝ ਹੋਰ ਇਤਿਹਾਸਕਾਰਾਂ ਨੇ ਪੰਜਾਬੀ ਸਾਹਿਤ ਦੇ ਸਮੁੱਚੇ ਇਤਿਹਾਸ ਨੂੰ ਤਿੰਨ ਭਾਵਾਂ ਵਿੱਚ ਵੰਡ ਕੇ ਵੇਖਿਆ ਹੈ- ਪੁਰਾਤਨ ਕਾਲ, ਮੱਧ ਕਾਲ ਅਤੇ ਆਧੁਨਿਕ ਕਾਲ। ਰੂਸ ਦੇ ਪ੍ਰਸਿੱਧ ਵਿਦਵਾਨ ਸੇਰੇਬਰੀਆਕੋਫ ਨੇ ਪੰਜਾਬ ਦੀਆਂ ਆਰਥਿਕ-ਪਦਾਰਥਕ ਸਥਿਤੀਆਂ ਨੂੰ ਸਾਹਮਣੇ ਰੱਖ ਕੇ ਵੱਖ-ਵੱਖ ਕਾਲਾਂ ਦਾ ਨਾਮਕਰਣ ਕੀਤਾ ਹੈ। ਕੁੱਝ ਇਤਿਹਾਸਕਾਰਾਂ ਨੇ ਕਿਸ ਕਾਲ-ਵਿਸ਼ੇਸ਼ ਵਿੱਚ ਕਿਸੇ ਸਾਹਿਤ ਰੂਪ ਦੀ ਚੜ੍ਹਤ ਵੇਖ ਕੇ ਕਾਲਾਂ ਦਾ ਵਰਗੀਕਰਣ ਕੀਤਾ ਹੈ। ਇਸ ਤਰ੍ਹਾਂ ਵੱਖ-ਵੱਖ ਲੇਖਕਾਂ ਦੁਆਰਾ ਰਚੇ ਗਏ ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਵਾਚਣ ਤੇ ਪਤਾ ਚੱਲਦਾ ਹੈ ਕਿ ਹਰ ਲੇਖਕ ਨੇ ਆਪਣੀ-ਆਪਣੀ ਇੱਛਾ ਅਨੁਸਾਰ ਸਾਹਿਤ ਦੇ ਵਿਭਿੰਨ ਕਾਲਾਂ ਦਾ ਵਰਗੀਕਰਣ ਕਰ ਦਿੱਤਾ ਹੈ ਸਿੱਟੇ ਵਜੋਂ ਪਾਠਕਾਂ ਨੂੰ ਕਿਸੇ ਕਾਲ-ਵਿਸ਼ੇਸ਼ ਵਿੱਚ ਪੈਦਾ ਹੋਏ ਸਾਹਿਤ ਨੂੰ ਵਾਚਣ ਵਿੱਚ ਕਠਿਨਾਈ ਹੁੰਦੀ ਹੈ। ਇਸ ਸੂਰਤ ਵਿੱਚ ਵਿਚਾਰਾਂ ਦੀ ਏਕਤਾ ਜ਼ਰੂਰੀ ਹੈ। ਪੰਜਾਬੀ ਸਾਹਿਤ ਦੇ ਇਤਿਹਾਸਾਂ ਦੇ ਨਾਮਕਰਣ ਦੇ ਅਧਾਰ:- ਸਾਹਿਤ ਦੇ ਕਾਲਾਂ ਦੇ ਨਾਮਕਰਣ ਲਈ ਕਈ ਢੰਗ ਜਾਂ ਅਧਾਰ ਆਪਣਾਏ ਜਾਂਦੇ ਹਨ, ਦੇ ਨਾਮਕਰਣ ਲਈ ਕਈ ਢੰਗ ਜਾਂ ਅਧਾਰ ਆਪਣਾਏ ਜਾਂਦੇ ਹਨ, ਜਿਹਨਾਂ ਵਿਚੋਂ ਕੁਝ ਕੁ ਵਿਗਿਆਨਕ ਹਨ ਅਤੇ ਕੁਝ ਕੁ ਨਿਰੋਲ, ਜਜ਼ਬਾਤੀ ਤੇ ਵਿਆਕਤੀਗਤ ਹੁੰਦੇ ਹਨ, ਜੋ ਕਿ ਇਸ ਪ੍ਰਕਾਰ ਹਨ- (ੳ) ਉੱਘੇ ਜਾਂ ਪ੍ਰਸਿੱਧ ਲੇਖਕ ਦੀ ਸ਼ਖਸੀਅਤ ਤੇ ਸਾਹਿਤ ਸਿਰਜਣਾ:- ਜਦੋਂ ਅਸੀਂ ਕਿਸੇ ਕਾਲ ਨੂੰ ਕਿਸੇ ਉੱਘੇ ਸਾਹਿਤਕਾਰ ਦੇ ਨਾਂ ਨਾਲ ਜੋੜ ਦਿੰਦੇ ਹਾਂ ਤਾਂ ਇਹ ਦੇਖਣਾ ਪਵੇਗਾ ਕਿ ਉਹ ਸਾਹਿਤਕਾਰ ਉਸ ਕਾਲ ਦੇ ਹੋਰ ਸਾਰੇ ਸਾਹਿਤਕਾਰਾਂ ਨਾਲੋਂ ਸਿਰਕੱਢ ਹੀ ਨਾ ਹੋਵੇ, ਸਗੋਂ ਇਹ ਵੀ ਨਿਸ਼ਚਾ ਕਰਨਾ ਪਵੇਗਾ ਕਿ ਉਸ ਦਾ ਪ੍ਰਭਾਵ ਉਸ ਕਾਲ ਦੇ ਹੋਰ ਸਾਰੇ ਸਾਹਿਤਕਾਰਾਂ ਉੱਤੇ ਇੱਕੋ ਜਿਹਾ ਪਿਆ ਹੈ ਜਾਂ ਨਹੀਂ? (ਅ) ਕਿਸੇ ਇਤਿਹਾਸਕ ਵਿਅਕਤੀ ਜਾਂ ਰਾਜ ਘਰਾਣੇ ਦੇ ਨਾਂ ਤੇ:- ਕਿਸੇ ਇਤਿਹਾਸਕ ਵਿਅਕਤੀ ਜਾਂ ਰਾਜ ਘਰਾਣੇ ਦਾ ਨਾਂ ਵੀ ਕਿਸੇ ਕਾਲ ਨਾਲ ਜੋੜਨਾ ਤਾਂ ਹੀ ਸ਼ੋਭਦਾ ਹੈ, ਜੇ ਉਸ ਵਿਅਕਤੀ ਜਾਂ ਰਾਜ ਘਰਾਣੇ ਨੇ ਸੁਚੇਤ ਰੂਪ ਵਿੱਚ ਸਾਹਿਤ ਦੀ ਉਪਜ ਜਾਂ ਗਤੀ ਵਿੱਚ ਆਪਣਾ ਯੋਗਦਾਨ ਪਾਇਆ ਹੈ। (ੲ) ਕਿਸੇ ਪ੍ਰਮੁੱਖ ਪ੍ਰਵਿਰਤੀ ਨੂੰ ਸਾਹਮਣੇ ਰੱਖ ਕੇ:- ਕਿਸੇ ਕਾਲ ਦੀ ਪ੍ਰਧਾਨ ਸੁਰ ਜਾਂ ਪ੍ਰਵਿਰਤੀ ਅਨੁਸਾਰ ਸਾਹਿਤਕਾਲ ਦਾ ਨਾਮਕਰਣ ਵੀ ਤਾਂ ਹੀ ਉਚਿਤ ਹੈ, ਜੇ ਉਸ ਸਮੇਂ ਦੀ ਉਹ ਇੱਕੋ ਇੱਕ ਤੇ ਉੱਘੀ ਪ੍ਰਵਿਰਤੀ ਹੋਵੇ, ਪਰ ਜੇ ਨਾਲੋ-ਨਾਲ ਹੋਰ ਪ੍ਰਵਿਰਤੀਆਂ ਵੀ ਚੱਲ ਰਹੀਆਂ ਹੋਣ ਅਤੇ ਉਹਨਾਂ ਦਾ ਪ੍ਰ੍ਰਭਾਵ ਵੀ ਸਾਹਿਤ-ਸ਼੍ਰਿਸ਼ਟੀ ਉੱਤੇ ਮਹੱਤਵਪੂਰਨ ਹੋਵੇ, ਤਾਂ ਇਹਨਾਂ ਸਭਨਾਂ ਨੂੰ ਅੱਖੋਂ ਉਹਲੇ ਕਰ ਕੇ ਮੁੱਖ ਪ੍ਰਵਿਰਤੀ ਨੂੰ ਅਧਾਰ ਮਿੱਥ ਲੈਣਾ ਸਿਆਣਪ ਜਾਂ ਸਾਹਿਤ ਨਾਲ ਨਿਆਂ ਨਹੀਂ। (ਸ) ਕਿਸੇ ਧਾਰਾ ਦੇ ਨਾਂ ਤੇ:- ਸਾਹਿਤ ਜਗਤ ਵਿੱਚ ਕਦੇ ਵੀ ਇੱਕੋ ਧਾਰਾ ਇੱਕ ਸਮੇਂ ਇਕਸਾਰ ਨਹੀਂ ਚੱਲਦੀ, ਸਗੋਂ ਸਾਹਿਤ ਦੀ ਦਸ਼ਾ, ਗਤੀ ਭਿੰਨ-ਭਿੰਨ ਰੂਪ ਧਾਰਦੀ ਹੈ ਅਤੇ ਉਹਨਾਂ ਵਿੱਚੋਂ ਇੱਕ ਧਾਰਾ ਨੂੰ ਨਿਖੜਦਾ ਸੁਣ ਕੇ ਅਪਣਾ ਲੈਣਾ ਠੀਕ ਨਹੀਂ, ਪਰ ਜੇ ਸਾਰੀਆਂ ਧਾਰਾਵਾਂ ਲਈ ਕੋਈ ਸਾਂਝਾ ਨਾਂ ਚੁਣਿਆ ਜਾ ਸਕੇ ਤਾਂ ਉਚਿਤ ਹੈ। (ਹ) ਕਿਸੇ ਪ੍ਰਮੁੱਖ ਸਾਹਿਤ ਰੂਪ ਦੇ ਅਧਾਰ ਤੇ:- ਕਿਸੇ ਪ੍ਰਮੁੱਖ ਸਾਹਿਤ ਰੂਪ ਦੇ ਨਾਂ ਤੇ ਕਾਲ ਦਾ ਨਾਂ ਰੱਖਣਾ ਵੀ ਸਾਹਿਤ ਦੇ ਪ੍ਰਵਾਹ, ਗਤੀ ਜਾਂ ਘੇਰੇ ਨੂੰ ਸੀਮਤ ਕਰਨਾ ਹੋਵੇਗਾ। ਉਝ ਧਾਰਾਵਾਂ ਤੇ ਪ੍ਰਵਿਰਤੀਆਂ ਦੇ ਨਾਲ-ਨਾਲ ਜੇ ਸਾਹਿਤ ਰੂਪ ਜਾਂ ਰੂਪਾਕਾਰਾਂ ਦਾ ਵਿਸ਼ਲੇਸ਼ਣ ਵੀ ਕਰ ਲਿਆ ਜਾਵੇ ਤਾਂ ਵਧੇਰੇ ਸਾਰਥਕ ਸਿੱਧ ਹੋ ਸਕਦਾ ਹੈ। (ਕ) ਕਿਸੇ ਸਦੀ ਨੂੰ ਇਕਾਈ ਮਿੱਥ ਕੇ:- ਸਦੀਆਂ ਦੇ ਮੁਤਾਬਕ ਸਾਹਿਤ ਦੀ ਕਾਲ-ਵੰਡ ਦਾ ਉੱਕਾ ਹੀ ਅਧਾਰ ਨਹੀਂ ਬਣਦਾ, ਜੇ ਉਹ ਸਾਰੀ ਸਦੀ ਕਿਸੇ ਪੱਖੋਂ ਇੱਕ ਇੱਕਾਈ ਵਿੱਚ ਨਾ ਰੱਖੀ ਜਾ ਸਕਦੀ ਹੋਵੇ ਅਤੇ ਉਸ ਸਾਰੀ ਸਦੀ ਵਿੱਚ ਸਾਹਿਤ ਧਾਰਾ ਸਮਾਨ ਰੂਪ ਵਿੱਚ ਵਹਿੰਦੀ ਰਹੀ ਹੋਵੇ ਅਤੇ ਉਸ ਵਿੱਚ ਆਂਤ੍ਰਿਕ ਜਾਂ ਬਾਹਰੀ ਕਾਰਨਾਂ ਕਰ ਕੇ ਕੋਈ ਵੱਡੀ ਤਬਦੀਲੀ ਨਾਂ ਆਈ ਹੋਵੇ, ਪਰ ਅਜਿਹਾ ਬਹੁਤ ਘੱਟ ਹੁੰਦਾ ਹੈ। (ਖ) ਸਮੁੱਚੇ ਸਾਹਿਤ ਨੂੰ ਪੁਰਾਤਨ ਤੇ ਨਵੀਨ ਕਾਲ ਦਾ ਨਾਮ ਦੇ ਕੇ:- ਪ੍ਰਾਚੀਨ, ਮੱਧ ਜਾਂ ਆਧੁਨਿਕ ਕਾਲ ਦੀ ਵੰਡ ਵੀ ਤਾਂ ਹੀ ਸਾਰਥਿਕ ਸਿੱਧ ਹੋ ਸਕਦੀ ਹੈ, ਜੇ ਉਨ੍ਹਾਂ ਸਾਰੇ ਕਾਰਨਾਂ ਦਾ ਮੂਲ ਭਾਂਤ ਵਿਸ਼ਲੇਸ਼ਣ ਕੀਤਾ ਜਾ ਸਕੇ, ਜਿੰਨ੍ਹਾਂ ਦੇ ਅਧਾਰ ਤੇ ਪੁਰਾਤਨ ਕਾਲ ਨੂੰ ਮੱਧ ਕਾਲ ਨਾਲੋਂ ਨਿਖੇੜਿਆ ਜਾ ਸਕੇ ਅਤੇ ਇਸ ਤਰ੍ਹਾਂ ਇਹਨਾਂ ਸਾਰੇ ਅਧਾਰਾਂ ਨੂੰ ਵਿਗਿਆਨਕ ਦ੍ਰਿਸ਼ਟੀ ਦਿੱਤੀ ਜਾ ਸਕੇ, ਜਿੰਨ੍ਹਾਂ ਦੁਆਰਾ ਮੱਧ ਕਾਲੀਨ ਸਾਹਿਤ ਆਧੁਨਿਕ ਵਿੱਚ ਪ੍ਰਵਿਸ਼ਟ ਹੁੰਦਾ ਹੈ। ‘ਪੰਜਾਬੀ ਸਾਹਿਤ ਦੀ ਉੱਤਪਤੀ ਤੇ ਵਿਕਾਸ` ਡਾ. ਪਰਮਿੰਦਰ ਸਿੰਘ, ਪ੍ਰੋ. ਕਿਰਪਾਲ ਸਿੰਘ ਕਸੇਲ, ਡਾ. ਗੋਬਿੰਦ ਸਿੰਘ ਲਾਂਬਾ।

ਹਵਾਲੇ[ਸੋਧੋ]