ਪੰਜਾਬੀ ਸਾਹਿਤ : ਮਹਾਰਾਜਾ ਰਣਜੀਤ ਸਿੰਘ ਕਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਹਾਰਾਜਾ ਰਣਜੀਤ ਸਿੰਘ ਅਤੇ ਉਨ੍ਹਾਂ ਦੇ ਰਾਜ ਕਾਲ ਸੰਬੰਧੀ ਇਤਿਹਾਸਕਾਰਾਂ ਅਤੇ ਲੇਖਕਾਂ ਨੇ ਬਹੁਤ ਕੁਝ ਲਿਖਿਆ ਹੈ। ਮਹਾਰਾਜਾ ਰਣਜੀਤ ਸਿੰਘ ਭਾਰਤ ਅਤੇ ਖਾਸ ਕਰਕੇ ਪੰਜਾਬ ਦੇ ਇਤਿਹਾਸ ਦੀ ਇਕ ਅਜਿਹੀ ਮਹੱਤਵਪੂਰਨ ਅਤੇ ਸਿਰਮੌਰ ਹਸਤੀ ਹੈ, ਜਿਸਨੇ ਪੰਜਾਬ ਦਾ ਹੀ ਨਹੀਂ, ਸਗੋਂ ਸਾਰੇ ਭਾਰਤ ਦਾ ਰਾਜਨੀਤਿਕ ਭਵਿੱਖ ਬਦਲ ਦਿੱਤਾ ਸੀ। ਇਸ ਲਈ ਸਾਹਿਤਕਾਰ ਇਸ ਬਾਰੇ ਆਪਣੀ ਭਾਵਨਾ ਨੂੰ ਪ੍ਰਗਟ ਕਰਨ ਲਈ ਕੋਈ ਨਾ ਕੋਈ ਰਾਹ ਲੱਭਦੇ ਹਨ ਅਤੇ ਉਹ ਭਾਵਨਾ ਉਹਨਾਂ ਦੀਆਂ ਸਾਹਿਤ-ਕ੍ਰਿਤੀਆਂ ਦੁਆਰਾ ਸਾਹਮਣੇ ਆਉਂਦੀ ਹੈ।

ਜਾਣ ਪਛਾਣ[ਸੋਧੋ]

ਮਹਾਰਾਜਾ ਰਣਜੀਤ ਸਿੰਘ ਤੋਂ ਬਹੁਤ ਸਾਰੇ ਫ਼ਾਰਸੀ, ਹਿੰਦੀ ਅਤੇ ਪੰਜਾਬੀ ਦੇ ਸਾਹਿਤਕਾਰ ਪ੍ਰਭਾਵਿਤ ਅਤੇ ਪ੍ਰੇਰਿਤ ਹੋਏ ਹਨ। ਜਿਸ ਕਰਕੇ ਬਹੁਤ ਸਾਰਾ ਪੰਜਾਬੀ ਸਾਹਿਤ ਰਣਜੀਤ ਕਾਲ ਨਾਲ ਸੰਬੰਧਿਤ ਲਿਖਿਆ ਗਿਆ ਹੈ। ਰਣਜੀਤ ਸਿੰਘ ਦੇ ਕਾਲ ਦੇ ਪੰਜਾਬੀ ਸਾਹਿਤ ਵਿਚ ਸਮਾਜਿਕ ਤੇ ਆਰਥਿਕ ਵਿਵਸਥਾ ਦਾ ਚਿੱਤਰ ਵੀ ਮਿਲਦਾ ਹੈ। ਪੰਜਾਬੀ ਸਾਹਿਤ ਵਿਚ ਰਣਜੀਤ ਸਿੰਘ ਕਾਲ ਦੇ ਸਮਾਜ ਦੀ ਸ਼ੇ੍ਰਣੀ ਵੰਡ, ਸ਼ੇ੍ਰਣੀ ਪਰਿਵਰਤਨ ਅਤੇ ਸ਼ੇ੍ਰਣੀ ਸੰਘਰਸ਼ ਦੇ ਦਰਸ਼ਨ ਹੁੰਦੇ ਹਨ। ਪੰਜਾਬੀ ਸਾਹਿਤ ਦੇ ਕਾਵਿ ਅਤੇ ਵਾਰਤਕ ਦੋਵਾਂ ਸਾਹਿਤ ਰੂਪਾਂ ਵਿਚ ਇਸ ਦੇ ਬਹੁਮੁੱਲੇ ਸੰਕੇਤ ਮਿਲਦੇ ਹਨ।

ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿਚ ਬਹੁਤ ਪੰਜਾਬੀ ਸਾਹਿਤ ਰਚਿਆ ਗਿਆ ਹੈ। ਇਸ ਕਾਲ ਦੀਆਂ ਅਵਸਥਾਵਾਂ ਤੋਂ ਪ੍ਰਾਭਾਵਿਤ ਹੋ ਕੇ ਬਹੁਤ ਲੇਖਕ ਜਾਂ ਰਚਨਾਕਾਰ ਸਾਹਮਣੇ ਆਏ ਹਨ। ਇਸ ਸਮੇਂ ਦਾ ਪੰਜਾਬੀ ਸਾਹਿਤ ਇਸ ਸਮੇਂ ਦੀਆਂ ਆਲੇ-ਦੁਆਲੇ ਦੀਆਂ ਵਿਵਸਥਾਵਾਂ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ।

ਰਣਜੀਤ ਸਿੰਘ ਕਾਲ ਵਿਚ ਪੰਜਾਬੀ ਸਾਹਿਤ[ਸੋਧੋ]

ਮਹਾਰਾਜਾ ਰਣਜੀਤ ਸਿੰਘ ਕਾਲ ਦੇ ਸਾਹਿਤ ਦੀ ਆਲੋਚਨਾ ਕੀਤਿਆਂ ਪਤਾ ਲੱਗਦਾ ਹੈ ਕਿ ਇਸ ਕਾਲ ਨੇ ਪੰਜਾਬੀ ਸਾਹਿਤ ਨੂੰ ਬਹੁਤ ਕੁਝ ਦਿੱਤਾ ਹੈ। ਪੰਜਾਬੀ ਸਾਹਿਤ ਦੀ ਉੱਨਤੀ ਮਹਾਰਾਜਾ ਰਣਜੀਤ ਸਿੰਘ ਕਾਲ ਵਿਚ ਵਧੇਰੇ ਰੂਪਾਂ ਵਿਚ ਸਾਹਮਣੇ ਆਈ। ਇਸ ਕਾਲ ਦਾ ਪੰਜਾਬੀ ਸਾਹਿਤ ਬਹੁਤ ਉੱਤਮ ਮੰਨਿਆ ਜਾਂਦਾ ਹੈ। ਇਸ ਕਾਲ ਵਿਚ ਵਾਰਾਂ, ਕਿੱਸੇ, ਜੰਗਨਾਮੇ, ਸੀਹਰਫ਼ੀਆਂ ਆਦਿ ਬਹੁਤ ਸਾਹਿਤ ਰਚਿਆ ਗਿਆ ਹੈ।

ਰਣਜੀਤ ਸਿੰਘ ਕਾਲ ਦੇ ਪੰਜਾਬੀ ਸਾਹਿਤ ਦੀ ਛਾਣਬੀਣ ਕਰਨ ਨਾਲ ਸਾਨੂੰ ਬਹੁਤ ਸਾਰੀਆਂ ਅਨਮੋਲ ਲਿਖਤਾਂ ਪ੍ਰਾਪਤ ਹੁੰਦੀਆਂ ਹਨ।

ਕਿੱਸਾ ਇਕ ਪਰੰਪਰਾਵਾਦੀ ਕਵਿਤਾ ਹੈ। ਪੰਜਾਬੀ ਕਿੱਸਾ ਕਾਵਿ ਦੀ ਬੜੀ ਵਿਸ਼ਾਲ ਤੇ ਗੌਰਵਮਈ ਕਾਵਿ ਪਰੰਪਰਾ ਹੈ। ਕਿੱਸਿਆ ਉੱਪਰ ਰਣਜੀਤ ਕਾਲ ਦਾ ਬਹੁਤ ਪ੍ਰਭਾਵ ਪਿਆ ਹੈ।

‘ਅਜਮੇਰ ਸਿੰਘ` ਅਨੁਸਾਰ, “ਭਾਵੇਂ ਕਿਸੇ ਵੀ ਕਿੱਸਾਕਾਰ ਨੇ ਆਪਣੇ ਕਿੱਸੇ ਵਿਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਵਰੋਸਾਏ ਜਾਣ ਦਾ ਜ਼ਿਕਰ ਨਹੀਂ ਕੀਤਾ ਅਤੇ ਨਾ ਹੀ ਉਸ ਦੀ ਮਹਿਮਾ ਦੇ ਬਹੁਤ ਸੋਹਲੇ ਗਾਏ ਹਨ। ਇਸ ਤਰ੍ਹਾਂ ਕਿੱਸਾ-ਕਾਵਿ ਉੱਤੇ ਸਿੱਖ ਰਾਜ ਕਾਲ ਦਾ ਪ੍ਰਭਾਵ ਸਿੱਧਾ ਨਹੀਂ, ਸਗੋਂ ਲੁਕਵਾ ਤੇ ਪਰੋਖ ਰੂਪ ਵਿਚ ਹੈ।``[1]

ਇਸ ਕਾਲ ਵਿਚ ਵਧੇਰੇ ਕਿੱਸਾ-ਕਾਵਿ ਲਿਖਿਆ ਗਿਆ ਹੈ ਜਿਨ੍ਹਾਂ ਨੂੰ ਵੱਖ-ਵੱਖ ਕਵੀਆਂ ਨੇ ਲਿਖਿਆ ਹੈ। ਇਸ ਤੋਂ ਇਲਾਵਾ ਇਸ ਕਾਲ ਵਿਚ ਵਾਰਾਂ ਵੀ ਬਹੁਤ ਰਚੀਆਂ ਗਈਆਂ ਹਨ। ਇਸ ਕਾਲ ਦੇ ਸਾਹਿਤ ਦਾ ਵਰਣਨ ਇਸ ਪ੍ਰਕਾਰ ਹੈ-

ਰਣਜੀਤ ਕਾਲ ਦਾ ਕਿੱਸਾ ਕਾਵਿ[ਸੋਧੋ]

ਹਾਮਦ ਸ਼ਾਹ ਆਬਾਸੀ ਦਾ ਕਿੱਸਾ ‘ਹੀਰ` : ਹਾਮਦ ਸ਼ਾਹ ਅੰਬਾਸੀ ਨੇ ਮਹਾਰਾਜਾ ਰਣਜੀਤ ਸਿੰਘ ਕਾਲ ਵਿਚ 1805 ਈ., ਵਿਚ ਹੀਰ ਦਾ ਕਿੱਸਾ ਲਿਖਿਆ। ਹਾਮਦ ਆਪਣੇ ਹੀਰ ਦੇ ਕਿੱਸੇ ਵਿਚ ਆਪਣੇ ਪੂਰਬਲੇ ਕਿੱਸਾਕਾਰਾਂ ਦਾ ਜ਼ਿਕਰ ਕਰਦਾ ਹੋਇਆ ਵਾਰਿਸ਼ ਦਾ ਜ਼ਿਕਰ ਤਕ ਨਹੀਂ ਕਰਦਾ। ਹਾਮਦ ਦੀ ਹੀਰ ਬਹੁਤ ਲੋਕਪ੍ਰਿਯ ਹੋਈ ਹੈ।

‘ਅਜਮੇਰ ਸਿੰਘ` ਅਨੁਸਾਰ, “ਹਾਮਦ ਪਹਿਲਾ ਮੁਸਲਮਾਨ ਕਵੀ ਹੈ ਜਿਸਨੇ ਪਹਿਲੀ ਵਾਰ ਹੀਰ ਦੇ ਕਿੱਸੇ ਵਿਚ ਸਿਰਲੇਖ ਫ਼ਾਰਸੀ ਜਾਂ ਪੰਜਾਬੀ ਵਿਚ ਦੇਣ ਦੀ ਥਾਂ ਚਾਰ ਚਰਣ ਵਾਲੇ ਬੰਦਾਂ ਵਿਚ ਦਿੱਤੇ ਹਨ।``[2]

ਹਾਸ਼ਮ ਸ਼ਾਹ ਦੇ ਕਿੱਸੇ[ਸੋਧੋ]

ਹਾਸ਼ਮ ਸ਼ਾਹ ਨੇ ਸਭ ਤੋਂ ਪਹਿਲਾਂ ‘ਸੱਸੀ ਪੁੰਨੂੰ` ਕਿੱਸਾ ਲਿਖਿਆ। ਹਾਸ਼ਮ ਦਾ ਜਨਮ 1735 ਈ. ਵਿਚ ਹੋਇਆ। ਹਾਸ਼ਮ ਨੇ ਇਸ ਕਾਲ ਵਿਚ ਹੋਰ ਵੀ ਬਹੁਤ ਰਚਨਾਵਾਂ ਕੀਤੀਆਂ- ‘ਹੀਰ ਰਾਂਝੇ ਦੀ ਬਾਰਤਾ`, ‘ਸੋਹਣੀ ਮਹੀਂਵਾਲ`, ‘ਸ਼ੀਰੀ ਫਰਹਾਦ`, ‘ਸੀਹਰਫ਼ੀ ਸੱਸੀ`,‘ਦਰਿਆਇ ਹਕੀਕਤ`, ‘ਬਾਰਾਂਮਾਹ` ਆਦਿ।

‘ਬਾਵਾ ਬੁੱਧ ਸਿੰਘ` ਦੇ ਅਨੁਸਾਰ, “ਹਾਸ਼ਮ ਨੇ ਸੱਸੀ ਕਾਹਦੀ ਆਖੀ ਘਰ ਘਰ ਬਿਰਹਾ ਦਾ ਮੁਆਤਾ ਲਾ ਦਿੱਤਾ। ਪ੍ਰੇਮ ਦੇ ਭਾਂਬੜ ਬਾਲ, ਬਾਲੂ ਜਗ ਮਗ ਜਗ ਮਗ ਕਰ ਦਿੱਤਾ।``[3]

ਇਸ ਵਿਚ ਇਹੀ ਕਿਹਾ ਗਿਆ ਹੈ ਕਿ ਹਾਸ਼ਮ ਦਾ ਕਿੱਸਾ ‘ਸੱਸੀ ਪੁੰਨੂੰ` ਇਕ ਅਤਿ ਪ੍ਰਭਾਵਿਤ ਤੇ ਮਹੱਤਵਪੂਰਨ ਹੈ।

ਕਾਦਰਯਾਰ ਦਾ ਕਿੱਸਾ ‘ਪੂਰਨ ਭਗਤ`[ਸੋਧੋ]

ਕਾਦਰਯਾਰ ਮਹਾਰਾਜਾ ਰਣਜੀਤ ਸਿੰਘ ਕਾਲ ਦਾ ਪ੍ਰਸਿੱਧ ਕਿੱਸਾਕਾਰ ਹੋਇਆ ਹੈ। ਇਸ ਨੇ ਮਹਾਰਾਜਾ ਦੇ ਵਡੇਰੇ ਰਾਜਾ ਸਲਵਾਨ ਦਾ ਪੁੱਤਰਾਂ ਰਾਜਾ ਰਸਾਲੂ ਅਤੇ ਪੂਰਨ ਭਗਤ ਦੀਆਂ ਕਥਾਵਾਂ ਨੂੰ ਪੰਜਾਬੀ ਕਿੱਸਾ ਕਾਵਿ ਵਿਚ ਦਾਖ਼ਲ ਕੀਤਾ ਹੈ।

‘ਪ੍ਰੋ. ਪੂਰਨ ਸਿੰਘ` ਦੇ ਅਨੁਸਾਰ, “ਕਿੱਸਾ ਸਾਦਾ ਜਿਹਾ ਹੈ ਪਰ ਸਾਦਗੀ ਉਨ੍ਹਾਂ ਬੈਤਾਂ ਵਿਚ ਹੈ ਜਿਹੜੀ ਸਦਾ ਸਿੱਟਾ ਹੁੰਦੀ ਹੈ ਕਿਸੇ ਸਹਿਜ ਸੁਭਾ ਦੈਵੀ ਆਦੇਸ਼ ਦਾ ਅਤੇ ਇਹ ਆਦੇਸ਼ ਹਰ ਕੋਮਲ ਉਨਰ ਦੇ ਕਮਾਲ ਹਾਸਲ ਹੋਣ ਉਤੋ ਗਲੇ ਤੇ ਹੱਥ ਤੇ ਦਿਲ ਵਿਚ ਕਦੀ ਅਚਨਚੇਤ ਕਵੀਆਂ ਨੂੰ ਆਉਂਦੀ ਹੈ।``[4]

ਇਸ ਕਿੱਸੇ ਵਿਚ ਕਾਦਰਯਾਰ ਨੇ ਪੂਰਨ ਭਗਤ ਦੇ ਜਨਮ ਤੋਂ ਮੌਤ ਤੱਕ ਦੇ ਹਰ ਪਲ ਦਾ ਵੇਰਵਾ ਸੁਚੱਜੇ ਢੰਗ ਨਾਲ ਦਿੱਤਾ ਹੈ।

ਕਿੱਸਾ ਸ਼ਾਹ ਮੁਹੰਮਦ[ਸੋਧੋ]

ਰਣਜੀਤ ਕਾਲ ਦੀ ਇਕ ਹੋਰ ਰਚਨਾ ‘ਕਿੱਸਾ ਸ਼ਾਹ ਮੁਹੰਮਦ` ਹੈ। ਸ਼ਾਹ ਮੁਹੰਮਦ ਵਡਾਲਾ ਜਿਲ੍ਹਾ ਅੰਮ੍ਰਿਤਸਰ ਦਾ ਵਸਨੀਕ ਸੀ। ਇਸ ਕਿੱਸੇ ਵਿਚ ਅੰਗਰੇਜ਼ਾਂ ਤੇ ਸਿੰਘਾਂ ਦੀਆਂ ਲੜਾਈਆਂ ਨੂੰ ਢੁੱਕਵੀਂ ਸ਼ਬਦਾਵਲੀ ਵਿਚ ਪੇਸ਼ ਕੀਤਾ ਗਿਆ ਹੈ। ਇਹ ਕਿੱਸਾ ਇਤਿਹਾਸਿਕ ਤੇ ਸਾਹਿਤਿਕ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਹੈ। ਇਸ ਕਿੱਸੇ ਵਿਚ ਬੈਤਾਂ ਰਾਹੀਂ ਪੰਜਾਬੀਆਂ ਦੀ ਬਹਾਦਰੀ ਦਰਸਾਈ ਗਈ ਹੈ। ਜਿਵੇਂ-

ਕਾਜੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,
ਸਿਰ ਦੋਹਾਂ ਦੇ ਵੱਡੀ ਆਫ਼ਾਤ ਆਈ।
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ,
ਕਦੇ ਨਹੀਂ ਸੀ ਤੀਸਰੀ ਜਾਤ ਆਈ।``

ਰਣਜੀਤ ਕਾਲ ਵਿਚ ਸੀਹਰਫ਼ੀ ਤੇ ਜੰਗਨਾਮਾ ਸਾਹਿਤ

ਅਮਾਮ ਬਖ਼ਸ਼[ਸੋਧੋ]

ਅਮਾਮ ਬਖ਼ਸ਼ ਸਿੱਖ ਰਾਜ ਦੇ ਅੰਤਲੇ ਅਤੇ ਅੰਗਰੇਜ਼ੀ ਰਾਜ ਦੇ ਮੁੱਢਲੇ ਸਮੇਂ ਵਿਚ ਹੋਇਆ। ਇਸ ਨੇ ਲੈਲਾ ਮਜਨੂੰ, ਚੰਦਰ ਬਦਨ, ਸ਼ਾਹ ਬਹਿਰਾਮ, ਬਦੀ-ਉਲ—ਮਾਲ, ਮਲਕਜ਼ਾਦਾ ਸ਼ਾਹਪੁਰੀ, ਇਬਰਾਹਿਮ, ਆਦਮ ਬਲਖੀ, ਗੁਲ ਸਨੋਬਰ, ਗੁਲ ਬਦਨ, ਮੁਨਾਜ਼ਾਤ ਮੀਆਂ ਵੱਡਾ ਨਾਂ ਦੇ ਕਿੱਸੇ ਲਿਖੇ। ਇਨ੍ਹਾਂ ਕਿੱਸਿਆਂ ਵਿਚ ਕਿੱਸਾਕਾਰ ਨੇ ਇਸ਼ਕ ਮਿਜ਼ਾਜੀ ਤੋਂ ਲਾ ਕੇ ਇਸਲਾਮੀ ਸ਼ਰ੍ਹਾ ਤਕ ਨੂੰ ਆਪਣੇ ਕਿੱਸਿਆਂ ਦਾ ਆਧਾਰ ਬਣਾਇਆ ਹੈ। ਇਸ ਦੇ ਕਿੱਸੇ ‘ਚੰਦਰ ਬਦਨ’ ਅਤੇ ‘ਸ਼ਾਹ ਬਹਿਰਾਮ’ ਨੂੰ ਕਾਫੀ ਪ੍ਰਸਿੱਧੀ ਹਾਸਿਲ ਹੋਈ।

ਵੀਰ ਸਿੰਘ[ਸੋਧੋ]

ਵੀਰ ਸਿੰਘ ਪਟਿਆਲੇ ਦਾ ਕਿੱਸਾਕਾਰ ਸੀ, ਜਿਸ ਨੇ ਹੀਰ ਦਾ ਕਿੱਸਾ ਲਿਖਿਆ। ਇਸ ਕਿੱਸੇ ਵਿਚ 283 ਝੂਲਣੇ ਅਤੇ ਇਕ ਕਬਿੱਤ ਹੈ। ਕਹਾਣੀ ਨੂੰ ਦਸਮ ਗ੍ਰੰਥ ਦੀ ਕਹਾਣੀ ਦੇ ਹੇਠ ਭਾਰਤੀ ਮਿਥਿਹਾਸ ਨਾਲ ਜੋੜ ਕੇ ਇੰਦਰ ਅਤੇ ਮੇਨਕਾ ਦੀ ਕਹਾਣੀ ਬਣਾ ਦਿੱਤੀ ਹੈ। ਘਟਨਾਵਾਂ ਵਿਚ ਕਈ ਥਾਈਂ ਅੰਤਰ ਹੈ। ਕਵੀ ਇਨ੍ਹਾਂ ਦੀ ਕੰਵਾਰੀ ਪ੍ਰੀਤ ਦੀ ਵਕਾਲਤ ਨਹੀਂ ਕਰਦਾ, ਸਗੋਂ ਇਨ੍ਹਾਂ ਦਾ ਵਿਆਹ ਕਰਵਾ ਕੇ ਅਟੱਲ ਸੁਹਾਗ ਲਈ ਅਰਜੋਈਆਂ ਕਰਦਾ ਹੈ। ਕਈ ਥਾਵਾਂ ਤੇ ਕਾਵਿ ਚਮਤਕਾਰ ਸੁਹਣਾ ਉਘਾੜਿਆ ਹੈ। ਕਿੱਸਾਕਾਰ ਦੀ ਗੁਰੂ ਗੋਬਿੰਦ ਸਿੰਘ ਜੀ ਵਿਚ ਸ਼ਰਧਾ ਇਸ਼ਕ ਦੀ ਤਦਭਵ ਹੈ:- ਵੀਰ ਸਿੰਘ ਵੀ ਕੂਕਦਾ ਹੀਰ ਵਾਂਗੂੰ ਸ੍ਰੀ ਗੁਰੂ ਗੋਬਿੰਦ ਸਿੰਘ ਪੀਰ ਨੂੰ ਜੀ।

ਜੋਗਾ ਸਿੰਘ[ਸੋਧੋ]

ਇਸ ਕਿੱਸਾਕਾਰ ਨੇ ਵੀ ਹੀਰ ਲਿਖੀ। ਇਸ ਦੇ ਕਿੱਸੇ ਵਿਚ ਵੀ ਨਿਰੋਲ ਭਾਰਤੀ ਰੰਗਣ ਹੈ। ਜੇ ਮੁਸਲਮਾਨ ਕਿੱਸਾਕਾਰ ਹੀਰ ਅਤੇ ਰਾਂਝੇ ਨੂੰ ਮੱਕੇ ਦਾ ਹੱਜ ਕਰਾਉਂਦੇ ਹਨ ਤਾਂ ਇਹ ਵੀ ਉਨ੍ਹਾਂ ਨੂੰ ਸਵਰਗਾਂ ਨੂੰ ਭੇਜਦਾ ਹੈ, ਜਿੱਥੇ ਦੇਵਤੇ ਉਨ੍ਹਾਂ ਦੀ ਜੈ ਜੈ ਕਾਰ ਕਰਦੇ ਹਨ। ਇਹ ਰਚਨਾ 260 ਕਬਿੱਤਾਂ ਵਿਚ ਹੈ। ਰਾਂਝੇ ਦੀ ਮੌਤ ਸਮੇਂ ਭਰਜਾਈਆਂ ਵੱਲੋਂ ਕੀਤੇ ਗਏ ਵਿਰਲਾਪ ਵਿਚ ਅੰਤਾਂ ਦਾ ਕਰੁਣਾ ਰਸ ਹੈ। ਕਈ ਥਾਂ ਕਵਿਤਾ ਸੋਹਣੀ ਨਿਖੇਰੀ ਹੈ ਅਤੇ ਅਨੁਪ੍ਰਾਸ ਅਲੰਕਾਰ ਦੀ ਵਰਤੋਂ ਕੀਤੀ ਹੈ। ਇਹ ਕਿੱਸਾ ਕਿਸੇ ਇਸ਼ਕ ਦਾ ਨਹੀਂ, ਸਗੋਂ ਪ੍ਰਚੱਲਿਤ ਸਦਾਚਾਰਕ ਕੀਮਤਾਂ ਦਾ ਧਾਰਨੀ ਹੈ। ਪੰਜ ਪੀਰ ਵੀ ਹੀਰ ਰਾਂਝੇ ਨੂੰ ਨੇਕੀ ਅਤੇ ਬੰਦਗੀ ਦੀ ਸਲਾਹ ਦਿੰਦੇ ਹਨ।

ਸੀ-ਹਰਫ਼ੀਆਂ ਹਰੀ ਸਿੰਘ ਨਲਵ[ਸੋਧੋ]

‘ਸੀ-ਹਰਫ਼ੀਆਂ ਹਰੀ ਸਿੰਘ ਨਲਵਾ` ਕਾਦਰਯਾਰ ਦੀ ਲਿਖੀ ਹੋਈ ਸੀਹਰਫ਼ੀ ਹੈ। ਇਹ ਰਣਜੀਤ ਕਾਲ ਦੇ ਰਾਜ ਕਾਲ ਨਾਲ ਸੰਬੰਧਿਤ ਸਾਹਿਤਕਾਰਾਂ ਵਿਚੋਂ ਇਕ ਵਰਣਨਯੋਗ ਕਵੀ ਹੈ। ਇਸ ਕਾਲ ਦੇ ਪਹਿਲੀ ਕਤਾਰ ਦੇ ਕਵੀਆਂ ਵਿਚੋਂ ਸੀ। ਵਿਦਵਾਨਾਂ ਦੇ ਮੱਤ ਅਨੁਸਾਰ ‘ਸੀ-ਹਰਫ਼ੀ ਹਰੀ ਸਿੰਘ ਨਲਵਾ` ਕਾਦਰਯਾਰ ਦੀ ਸਰਦਾਰ ਹਰੀ ਸਿੰਘ ਨਲੂਵੇ ਨਾਲ ਸੰਬੰਧਿਤ ਇਕ ਵੱਡੀ ਰਚਨਾ ਹੈ। ਇਸ ‘ਸੀ-ਹਰਫ਼ੀ` ਵਿਚ ਹਰੀ ਸਿੰਘ ਨਲਵਾ ਦੇ ਬਹਾਦਰੀ ਨਾਲ ਜੰਗ ਲੜਦੇ ਹੋਏ ਦਲੇਰੀ ਦਾ ਅੰਸ਼ ਉਘੜ ਕੇ ਸਾਹਮਣੇ ਆਉਂਦਾ ਹੈ। ਜਿਵੇਂ ਕਿ-

‘:ਹਰੀ ਸਿੰਘ ਸਰਦਾਰ ਤਲਵਾਰ ਫੜ ਕੇ

ਮੂੰਹ ਸੈਆਂ ਪਠਾਣਾਂ ਦਾ ਰੰਗਿਆ ਸੀ।
ਅਫ਼ਜਲ ਖ਼ਾਨ ਪਠਾਣ ਦਲੇਰ ਯਾਰੋ,
ਮੂੰਹ ਫੇਰ ਕੇ ਲੜ੍ਹਣ ਤੋਂ ਸੰਗਿਆਂ ਜੀ।
ਕਾਦਰਯਾਰ ਉਹ ਛੱਡ ਮੈਦਾਨ ਗਿਆ,
ਦੱਰਾ ਜਾਂ ਖੈਬਰ ਵਾਲਾ ਲੰਘਿਆ ਜੀ।`

ਸ਼ਾਹਨਾਮਾ ਰਣਜੀਤ ਸਿੰਘ (ਅਹਿਮਦਯਾਰ)[ਸੋਧੋ]

ਅਹਿਮਦਯਾਰ ਨੇ ਰਣਜੀਤ ਕਾਲ ਵਿਚ ‘ਸ਼ਾਹਨਾਮਾ ਰਣਜੀਤ ਸਿੰਘ` ਲਿਖਿਆ। ਜੋ ਕਿ ਅਹਿਮਦਯਾਰ ਨੇ ਮਹਾਰਾਜਾ ਗੁਲਾਬ ਸਿੰਘ ਦੇ ਕਹਿਣ ਤੇ ਲਿਖਿਆ ਸੀ। ਅਹਿਮਦਯਾਰ ਨੇ ਆਪਣੀ ਉਮਰ ਵਿਚ ਪੰਜਾਬੀ ਭਾਸ਼ਾ ਦਾ ਵਧੇਰੇ ਵਿਸਥਾਰ ਕੀਤਾ ਸੀ।

ਨਾਟਕ ‘ਮਹਾਰਾਜ ਰਣਜੀਤ ਸਿੰਘ`[ਸੋਧੋ]

ਮਹਾਰਾਜਾ ਰਣਜੀਤ ਕਾਲ ਵਿਚ ਪੰਜਾਬੀ ਸਾਹਿਤ ਵਿਚ ਬਹੁਤ ਨਾਟਕ ਵੀ ਲਿਖੇ ਗਏ, ਜੋ ਕਿ ਬਹੁਤ ਸਾਰੇ ਨਾਟਕਕਾਰਾਂ ਨੇ ਲਿਖੇ ਹਨ। ਜਿਨ੍ਹਾਂ ਵਿਚੋਂ ‘ਕਿਰਪਾ ਸਾਗਰ` ਇਕ ਹੈ। ਪੰਜਾਬੀ ਸਾਹਿਤ ਵਿਚ ਇਤਿਹਾਸਿਕ ਨਾਟਕਾਂ ਦਾ ਆਰੰਭ ‘ਕਿਰਪਾ ਸਾਗਰ` ਦੇ ਨਾਟਕ ਤੋਂ ਹੋਇਆ ਹੈ। ਰਣਜੀਤ ਕਾਲ ਨਾਲ ਸੰਬੰਧਿਤ ਕਈ ਨਾਟਕ ਲਿਖੇ ਗਏ ਜੋ ਕਿ ਇਤਿਹਾਸਿਕ ਹਨ। ਇਸ ਪ੍ਰਕਾਰ ਦੇ ਨਾਟਕਾਂ ਦੇ ਆਰੰਭ ਦਾ ਸਿਹਰਾ ਨਾਟਕਕਾਰ ‘ਕਿਰਪਾ ਸਾਗਰ` ਦੇ ਸਿਰ ਜਾਂਦਾ ਹੈ, ਜਿਸ ਨੇ ‘ਮਹਾਰਾਜਾ ਰੰਜੀਤ ਸਿੰਘ` ਨਾਟਕ ਲਿਖਿਆ।

ਜੰਗਨਾਮਾ ਲਾਹੌਰ : ਭਾਈ ਕਾਨ੍ਹ ਸਿੰਘ ਦੁਆਰਾ ਰਚਿਤ ‘ਜੰਗਨਾਮਾ ਲਾਹੌਰ` ਵੀ ਰਣਜੀਤ ਕਾਲ ਦੀ ਹੀ ਰਚਨਾ ਹੈ। ਇਹ ਜੰਗਨਾਮਾ ਲਾਹੌਰ ਦਰਬਾਰ ਦੇ ਹਾਲਾਤ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਸਿੱਖਾਂ ਦੀ ਅੰਗਰੇਜ਼ਾਂ ਨਾਲ ਪਹਿਲੀ ਲੜ੍ਹਾਈ ਨੂੰ ਢੁੱਕਵੀਂ ਸ਼ਬਦਾਵਲੀ ਵਿਚ ਪੇਸ਼ ਕਰਦਾ ਹੈ।

ਰਣਜੀਤ ਕਾਲ ਵਿਚ ਸੂਫ਼ੀ-ਕਾਵਿ[ਸੋਧੋ]

ਇਸ ਕਾਲ ਵਿਚ ਬਹੁਤਾ ਸੂਫ਼ੀ ਕਾਵਿ ਤਾਂ ਨਹੀਂ ਮਿਲਦਾ ਪਰ ਇਸ ਕਾਲ ਦੌਰਾਨ ਰਚੇ ਗਏ ਕਿੱਸਿਆਂ ਉਪਰ ਵੀ ਸੂਫ਼ੀ-ਕਾਵਿ ਧਾਰਾ ਦਾ ਪ੍ਰਭਾਵ ਪ੍ਰਤੱਖ ਦੇਖਣ ਨੂੰ ਮਿਲਦਾ ਹੈ। ਇਹਨਾਂ ਕਿੱਸਿਆਂ ਤੋਂ ਇਲਾਵਾ ਕੁੱਝ ਕਵੀਆਂ ਨੇ ਸੂਫ਼ੀ ਕਾਵਿ-ਧਾਰਾ ਨਾਲ ਸੰਬੰਧਿਤ ਦੋਹੜਿਆਂ, ਕਾਫ਼ੀਆਂ, ਸ਼ੀਹਰਫ਼ੀਆਂ ਤੇ ਡਿਉਢਾਂ ਦੀ ਰਚਨਾ ਕੀਤੀ। ਇਹਨਾਂ ਦਾ ਵੇਰਵਾ ਨਿਮਨਲਿਖਤ ਹੈ:

ਹਾਸ਼ਮ ਸ਼ਾਹ:[ਸੋਧੋ]

ਇਸ ਕਾਲ ਵਿਚ ਹਾਸ਼ਮ ਸ਼ਾਹ ਵੱਲੋਂ ਬਹੁਤ ਸਾਰੇ ਕਿੱਸਿਆਂ ਦੀ ਰਚਨਾ ਕੀਤੀ ਗਈ ਜਿਸ ਕਰਕੇ ਇਸਨੂੰ ਇਸ ਕਾਲ ਦੇ ਸਾਹਿਤਕਾਰਾਂ ਵਿਚ ਪ੍ਰਮੁੱਖ ਸਥਾਨ ਪ੍ਰਾਪਤ ਹੈ। ਕਿੱਸਿਆਂ ਤੋਂ ਇਲਾਵਾ ਇਸਨੇ ਦੋਹੜਿਆਂ ਅਤੇ ਡਿਉਢਾਂ ਦੀ ਵੀ ਰਚਨਾ ਕੀਤੀ ਜਿਹਨਾਂ ਵਿਚੋਂ ਦੋਹੜਿਆਂ ਨੂੰ ਵਧੇਰੇ ਪ੍ਰਸਿੱਧੀ ਪ੍ਰਾਪਤ ਹੋਈ। ਇਹ ਹਾਸ਼ਮ ਦੀ ਵਿਦਵਤਾ, ਸੁੰਘੜਤਾ ਤੇ ਰਚਨਾ ਦੇ ਪਕੇਰੇਪਣ ਦੀ ਸੂਚਨਾ ਦਿੰਦੇ ਹਨ। ਇਸੇ ਕਾਰਨ ਹਾਸ਼ਮ ਨੂੰ ਸੂਫ਼ੀ ਕਵੀਆਂ ਵਿਚ ਸ਼ਾਮਿਲ ਕੀਤਾ ਜਾਂਦਾ ਹੈ। ਇਸਦੀਆਂ ਰਚਨਾਵਾਂ ਵਿਚ ਸਾਦਗੀ, ਸੰਖੇਪਤਾ, ਸੱਚਾਈ ਅਤੇ ਬੋਲੀ ਦੀ ਠੇਠਤਾ ਮੌਜੂਦ ਹੈ। ਹਾਸ਼ਮ ਦੇ ਦੋਹੜਿਆਂ ਦੀ ਵਿਸ਼ੇਸਤਾ ਇਹ ਹੈ ਕਿ ਇਹ ਗ਼ਜ਼ਲ ਰੂਪੀ ਢੰਗ ਵਿਚ ਕਵੀ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਪੇਸ਼ ਕਰਦੇ ਹਨ। ਹਾਸ਼ਮ ਦਾ ਸੂਫ਼ੀਪਨ ਬਾਰੇ ਦ੍ਰਿਸ਼ਟੀਕੋਣ ਵਧੇਰੇ ਨਿੱਖੜਵਾਂ ਨਜ਼ਰ ਆਉਂਦਾ ਹੈ ਜਿਸਦੀ ਪੁਸ਼ਟੀ ਹੇਠ ਲਿਖੇ ਦੋਹੜੇ ਤੋਂ ਪ੍ਰਤੱਖ ਹੁੰਦੀ ਹੈ:

ਰੱਬ ਦਾ ਆਸ਼ਕ ਹੋਣ ਸੋਖਾਲਾ,

ਇਹ ਬਹੁਤ ਸੋਖਾਲੀ ਬਾਜ਼ੀ।

ਗੋਸ਼ਾ ਪਕੜ ਬਣੇ ਹੋ ਸਬਰ,

ਫੜ੍ਹ ਤਸਬੀ ਬਣੇ ਨਮਾਜ਼ੀ।

ਹਾਸ਼ਮ ਪਹਿਲੇ ਸੂਫ਼ੀਆਂ ਵਾਂਗ ਸੰਤਾਈ ਰੁਚੀ ਤੋਂ ਛੁੱਟ ਦੁਨੀਆਦਾਰ ਸੂਫ਼ੀ ਸੀ। ਇਸਦੇ ਦੋਹੜਿਆਂ ਦੀ ਸਰਲ ਭਾਸ਼ਾ, ਛੰਦ ਵਿਉਂਤ ਅਤੇ ਕਵੀ ਦੀ ਸਹਿਜ ਸੁਭਾ ਮੌਲਿਕਤਾ ਇਸਦੇ ਕਾਵਿ-ਕਲਾ ਦੇ ਵਿਸ਼ੇਸ ਗੁਣ ਹਨ। ਇਸ ਪ੍ਰਕਾਰ ਸ਼ਪਸ਼ਟ ਹੁੰਦਾ ਹੈ ਕਿ ਹਾਸ਼ਮ ਰਣਜੀਤ ਕਾਲ ਦਾ ਪ੍ਰਮੁੱਖ ਸੂਫ਼ੀ ਕਵੀ ਹੈ।

ਬੇਦਿਲ ਫ਼ਕੀਰ ਉਰਫ਼ ਕਾਦਿਰ ਬਖ਼ਸ਼ ਬੇਦਿਲ:[ਸੋਧੋ]

ਇਸਦਾ ਅਸਲੀ ਨਾਂ ਬੇਦਿਲ ਫ਼ਕੀਰ ਸੀ ਪਰ ਇਸਦੀ ਹਜ਼ਰਤ ਅਬਦੁਲ ਕਾਦਿਰ ਜਿਲਾਨੀ ਪ੍ਰਤੀ ਅਪਾਰ ਸ਼ਰਧਾ ਸੀ ਜਿਸ ਕਰਕੇ ਇਸਨੇ ਆਪਣਾ ਨਾਂ ਬਦਲ ਕੇ ਬਖ਼ਸ਼ ਬੇਦਿਲ ਰੱਖ ਲਿਆ। ਇਸਦੀਆਂ ਲਿਖਤਾਂ ਵਿਚੋਂ ਕੁਰਾਨ ਸਰੀਫ਼ ਦੇ ਗੰਭੀਰ ਵਿਦਵਾਨ, ਹਦੀਮਾ ਦੇ ਵਿਸ਼ੇਸ ਤੌਰ 'ਤੇ ਗਿਆਤਾ, ਇਸਲਾਮੀ ਇਸ਼ਕ ਹਕੀਕੀ ਨੂੰ ਪ੍ਰਾਪਤ ਹੋਏ ਦਰਵੇਸ਼ ਆਦਿ ਇਸਦੇ ਕਈ ਰੂਪਾਂ ਦੇ ਦਰਸ਼ਨ ਹੁੰਦੇ ਹਨ। ਪੰਜਾਬੀ ਵਿਚ ਇਸਨੇ 235 ਕਾਫ਼ੀਆਂ, 27 ਦੋਹੜੇ ਅਤੇ ਸ਼ੀਹਰਫ਼ੀਆਂ ਲਿਖੀਆਂ ਹਨ। ਅਸਲ ਵਿਚ ਇਸ਼ਕ ਹਕੀਕੀ ਆਪ ਦਾ ਮਨ ਭਾਉਂਦਾ ਵਿਸ਼ਾ ਰਿਹਾ ਹੈ। ਇਸਨੇ ਆਪਣੀ ਰਚਨਾ ਵਿਚ ਇਸਦਾ ਜ਼ਿਕਰ ਵੀ ਕੀਤਾ ਹੈ। ਉਦਾਹਰਣ ਵਜੋਂ

ਇਸ਼ਕ ਹੈ ਪੀਰ ਪੈਗ਼ੰਬਰ ਮੈਂਡਾ।

ਇਸ਼ਕ ਹੈ ਹਾਦੀ ਰਹਬਰ ਮੈਂਡਾ।

ਇਸ਼ਕ ਹੈ ਹੈਦਰ ਸਫ਼ਦਰ ਮੈਂਡਾ।

ਇਸ਼ਕ ਹੈ ਮੇਰੀ ਪੁਸ਼ਤ ਪਨਾਹ।

ਹਾਸ਼ਮ ਅਤੇ ਬੇਦਿਲ ਫ਼ਕੀਰ ਤੋਂ ਇਲਾਵਾ ਇਸ ਕਾਲ ਵਿਚ ਹੋਰ ਸੂਫ਼ੀ-ਕਾਵਿ ਧਾਰਾ ਨਾਲ ਸੰਬੰਧਿਤ ਕਵੀ ਜਾਂ ਰਚਨਾ ਪ੍ਰਾਪਤ ਨਹੀਂ ਹੁੰਦੀ ਪਰ ਇਸ ਕਾਵਿ-ਧਾਰਾ ਜਾਂ ਪਰੰਪਰਾ ਦਾ ਹੋਰਨਾਂ ਕਵੀਆਂ ਜਾਂ ਰਚਨਾਂ ਉੱਪਰ ਪ੍ਰਭਾਵ ਪ੍ਰਤੱਖ ਦੇਖਣ ਨੂੰ ਮਿਲਦਾ ਹੈ।

ਰਣਜੀਤ ਕਾਲ ਵਿਚ ਵਾਰ-ਕਾਵਿ[ਸੋਧੋ]

ਆਨੰਦਪੁਰ ਦੀ ਵਾਰ : ਭਾਈ ਰਾਮ ਸਿੰਘ ਦੀ ਰਚਿਤ ‘ਆਨੰਦਪੁਰ ਦੀ ਵਾਰ` ਮਹਾਰਾਜਾ ਰਣਜੀਤ ਸਿੰਘ ਕਾਲ ਦੀ ਹੀ ਰਚਨਾ ਹੈ। ਇਹ ਵਾਰ 1812 ਈ. ਵਿਚ ਲਿਖੀ ਗਈ ਹੈ। ਇਸ ਵਾਰ ਵਿਚ ਰਣਜੀਤ ਸਿੰਘ ਦੇ ਪ੍ਰਤੀਨਿਧ ਮੋਢੀ ਸੁਰਜਨ ਸਿੰਘ ਦੇ ਵਿਰੁੱਧ ਰਾਜਾ ਮਹਾਂ ਚੰਦ ਕਹਿਲੂਰੀਏ ਦੇ ਪੜੋਤੇ ਦੀ ਲੜਾਈ ਦਾ ਵਰਣਨ ਹੈ। ਇਹ ਵਾਰ ਲਾਹੌਰ ਸਰਕਾਰ ਦੀ ਜਿੱਤ ਦੀ ਪੰਜਾਬੀ ਭਾਸ਼ਾ ਵਿਚ ਢੁੱਕਵੀਂ ਤਸਵੀਰ ਪੇਸ਼ ਕਰਦੀ ਹੈ।

ਵਾਰ ਹਰੀ ਸਿੰਘ[ਸੋਧੋ]

ਕਵੀ ਸਹਾਈ ਸਿੰਘ ਕ੍ਰਿਤ ‘ਵਾਰ ਹਰੀ ਸਿੰਘ` ਮਹਾਰਾਜਾ ਰਣਜੀਤ ਕਾਲ ਦੀ ਇਕ ਪ੍ਰਸਿੱਧ ਰਚਨਾ ਹੈ। ਇਸ ਕਵੀ ਦੀ ਬੋਲੀ ਵਿਚ ਮਾਝੇ ਦੇ ਇਲਾਕੇ ਦੀ ਝਲਕ ਮਾਰਦੀ ਹੈ। ਇਸ ਵਿਚ ਹਰੀ ਸਿੰਘ ਨਲਵੇ ਦੀ ਪਿਸ਼ਾਵਰ ਉੱਤੇ ਜਿੱਤ ਦਾ ਵਰਣਨ ਹੈ। ਇਹ ਵਾਰ ਪਿਸ਼ਾਵਰ ਦੇ ਸਰਹੱਦੀ ਸੂਬੇ ਉੱਤੇ ਖ਼ਾਲਸੇ ਦੀ ਧਾਕ ਬਿਠਾਉਣ ਸੰਬੰਧੀ ਰੌਸ਼ਨੀ ਪਾਉਂਦੀ ਹੈ।

ਮੁਲਤਾਨ ਦੀ ਵਾਰ[ਸੋਧੋ]

ਕਵੀ ਸੋਭਾ ਨੇ ਰਣਜੀਤ ਕਾਲ ਹੀ ‘ਮੁਲਤਾਨ ਦੀ ਵਾਰ` ਰਚੀ। ਇਹ ਵਾਰ 1848-49ਈ. ਦੇ ਨੇੜੇ-ਤੇੜੇ ਰਚੀ ਗਈ ਹੈ। ਇਸ ਵਾਰ ਵਿਚ ਲਾਹੌਰ ਦਰਬਾਰ ਦੀ ਪ੍ਰਸਿੱਧ ਦੀਵਾਨ ਮੂਲ ਰਾਜ ਦੇ ਅੰਗ੍ਰੇਜ਼ਾਂ ਤੋਂ ਬਾਗ਼ੀ ਹੋ ਕੇ ਸੰਘਰਸ਼ ਕਰਨ ਨੂੰ ਵਰਣਿਤ ਕੀਤਾ ਗਿਆ ਹੈ।

ਰਣਜੀਤ ਸਿੰਘ ਦੇ ਕਾਲ ਦੇ ਪੰਜਾਬੀ ਸਾਹਿਤ ਵਿਚ ਸਮਾਜਿਕ ਤੇ ਆਰਥਿਕ ਵਿਵਸਥਾ : ਰਣਜੀਤ ਸਿੰਘ ਕਾਲ ਦੀ ਸਮਾਜਿਕ ਤੇ ਆਰਥਿਕ ਅਵਸਥਾ ਦੀ ਵਿਆਖਿਆ ਤਿੰਨ ਪੱਖਾਂ ਤੋਂ ਕੀਤੀ ਜਾ ਸਕਦੀ ਹੈ- 1. ਗੁਰਮਤਿ ਸਿਧਾਂਤ, 2. ਮੁਗ਼ਲ ਰਾਜ ਦੇ ਪਤਨ ਦੇ ਕਾਲ ਨਾਲ ਟਾਕਰਾ ਕਰਕੇ, 3. ਇਸ ਕਾਲ ਵਿਚ ਆਧੁਨਿਕ ਸਰਮਾਏਦਾਰੀ ਦੇ ਵਿਕਾਸ ਦੀਆਂ ਸੰਭਾਵਨਾਵਾਂ ਦੇਖ ਕੇ।

ਪੰਜਾਬੀ ਸਾਹਿਤ ਵਿਚ ਪਿੰਡ ਦੀ ਸਵੈ-ਨਿਰਭਰ ਸਮਾਜਿਕ ਅਤੇ ਭਾਈਚਾਰਕ ਇਕਾਈ ਦੇ ਦਰਸ਼ਨ ਹੰੁਦੇ ਹਨ। ਕਿੱਸਿਆਂ ਵਿਚ ਵਿਆਹ-ਸ਼ਾਦੀਆਂ, ਮਰਣੇ-ਪਰਣੇ ਆਦਿ ਦੇ ਸਮੇਂ ਪ੍ਰਚੱਲਿਤ ਰਸਮਾਂ-ਰਿਵਾਜਾਂ, ਵਹਿਮਾਂ-ਭਰਮਾਂ, ਰਹੁ-ਰੀਤਾਂ ਅਤੇ ਲੋਕ ਸੂਝ ਦੀ ਬਿਰਤੀ ਦਾ ਗਿਆਨ ਹੁੰਦਾ ਹੈ।

ਪੰਜਾਬੀ ਕਵੀਆਂ ਨੇ ਇਸ ਕਾਲ ਦੀ ਸਮਾਜਿਕ, ਆਰਥਿਕ ਤੇ ਰਾਜਨੀਤਿਕ ਅਮਨ ਚੈਨ ਦੀ ਹਾਲਾਤ ਨੂੰ ਕਮਾਲ ਦੀ ਬਿੰਬਾਵਲੀ ਵਿਚ ਪੇਸ਼ ਕੀਤਾ ਹੈ-

ਜਿਹੜੇ ਰਾਹ ਕੁਆਰੀਆਂ ਰਾਹ ਤੁਰਿਆਂ,
ਡਰਦਾ ਛੇੜਦਾ ਨਾਕੋਂ ਖੋਫ਼ ਮਾਰੀ।`
(ਸੀਹਰਫ਼ੀ ਸਰਕਾਰ ਕੀ- ਜਾਫ਼ਰ ਬੇਗ਼)

ਸਿੱਟਾ[ਸੋਧੋ]

ਇਸ ਕਰਕੇ ਇਹ ਕਿਹਾ ਜਾ ਸਕਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਨਾਲ ਸੰਬੰਧਿਤ ਪੰਜਾਬੀ ਸਾਹਿਤ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਸਾਹਿਤਕ ਸਮੱਗਰੀ ਨੂੰ ਨਿੱਕੀਆਂ-ਨਿੱਕੀਆਂ ਰਚਨਾਵਾਂ ਦੇ ਰੂਪ ਵਿਚ ਇਕੱਤਰ ਕੀਤਾ ਗਿਆ ਹੈ। ਜਿਨ੍ਹਾਂ ਦੁਆਰਾ ਉਸ ਸਮੇਂ ਦੀ ਸਾਹਿਤਕ, ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਅਵਸਥਾ ਦਾ ਗਿਆਨ ਹੰੁਦਾ ਹੈ।

ਇਸ ਤਰ੍ਹਾਂ ਇਹ ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਕਾਲ ਵਿਚ ਪੰਜਾਬੀ ਬੋਲੀ ਅਤੇ ਸਾਹਿਤ ਨੇ ਵਧੇਰੇ ਉੱਨਤੀ ਕੀਤੀ ਹੈ। ਰਣਜੀਤ ਸਿੰਘ ਕਾਲ

ਮਹਾਰਾਜਾ ਰਣਜੀਤ ਸਿੰਘ ਕਾਲ ਦਾ ਇਸਲਾਮੀ ਧਾਰਮਿਕ ਸਾਹਿਤ[ਸੋਧੋ]

ਮਹਾਰਾਜਾ ਰਣਜੀਤ ਸਿੰਘ ਕਾਲ ਵਿੱਚ ਬਹੁਤ ਸਾਰਾ ਸਾਹਿਤ ਰਚਿਆ ਗਿਆ। ਇਸ ਸਮੇਂ ਬਹੁਤ ਸਾਰਾ ਇਸਲਾਮੀ ਧਾਰਮਿਕ ਸਾਹਿਤ ਵੀ ਰਚਿਆ ਗਿਆ। ਇਸ ਸਮੇਂ ਕਿੱਸੇ, ਜੰਗਨਾਮੇ, ਡਿਊਡਾਂ, ਵਾਰਾਂ, ਬਾਰਾਮਾਹ, ਸੀਹਰਫੀਆਂ ਆਦਿ ਦੀ ਰਚਨਾ ਕੀਤੀ ਗਈ। ਇਸ ਤਰ੍ਹਾਂ ਉਸ ਸਮੇਂ ਵਿਕਸਿਤ ਹੋਏ ਇਸਲਾਮੀ ਸਾਹਿਤ ਬਾਰੇ ਲਗਦਾ ਹੈ। ਇਸ ਕਾਲ ਵਿੱਚ ਲਿਖੇ ਗਏ ਕਿੱਸੇ ਇਸ ਪ੍ਰਕਾਰ ਹਨ:-

ਹਾਸ਼ਮ ਸ਼ਾਹ[ਸੋਧੋ]

ਹਾਸ਼ਮ ਸ਼ਾਹ ਰਣਜੀਤ ਸਿੰਘ ਕਾਲ ਸਮੇਂ ਹੇ ਕਿੱਸਾਕਾਰਾਂ ਵਿਚੋਂ ਇਕ ਹੈ। ਇਹ ਰਣਜੀਤ ਸਿੰਘ ਦਾ ਰਾਜ ਕਵੀ ਸੀ। ਜਿਸ ਦਾ ਜਨਮ 1735 ਈ. ਵਿਚ ਜਗਦੇਉ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਹਾਸ਼ਮ ਦੀ ਰਚਨਾ ਸੋਹਣੀ ਮਹੀਂਵਾਲ, ਸੱਸੀ ਪੁੰਨੂੰ ਅਤੇ ਸ਼ੀਰੀਂ ਫ਼ਰਹਾਦ, ਨਾਲ ਪੰਜਾਬੀ ਕਿੱਸਾ ਇਕ ਨਵਾਂ ਰੰਗ ਫੜਦਾ ਹੈ। ਹਾਸ਼ਮ ਨੇ ਕਿੱਸਿਆਂ ਤੋਂ ਬਿਨਾਂ ਡਿਊਡਾਂ, ਦੋਹਿਆਂ, ਮਹਾ ਸਿੰਘ ਦੀ ਵਾਰ, ਚਾਰ ਬਹਾਰ ਹਾਸ਼ਮ, ਗੰਜੇ ਮਆਨੀ ਅਤੇ ਹਿੰਦੀ ਵਿਚ ਦੋਹਰੇ, ਟੀਕਾ ਪੰਜ ਗ੍ਰੰਥੀ ਆਦਿ ਰਚਨਾਵਾਂ ਕੀਤੀਆਂ। ਹਾਸ਼ਮ ਨੇ ਸੋਹਣੀ ਮਹੀਂਵਾਲ ਦਾ ਕਿੱਸਾ ਸਭ ਤੋਂ ਪਹਿਲਾਂ ਲਿਖਿਆ। ਇਹ ਰੱਬ ਨਾਲ ਅਭੇਦ ਹੋਣ ਦਾ ਉਪਦੇਸ਼ ਦਿੰਦਾ ਹੈ।

ਦਿਲ ਤੂੰ ਹੀ ਦਿਲਬਰ ਭੀ ਤੂੰ ਹੀ ਅਤੇ ਦੀਦ ਤੂੰ ਹੀ ਦੁਖ ਤੇਰਾ

ਨੀਂਦਰ ਭੁੱਖ ਆਰਾਮ ਤੂੰ ਹੀ ਅਤੇ ਮੈਂ ਬਿਨ ਜਗਤ ਹਨੇਰਾ।[5]

ਮੌਲਵੀ ਅਹਿਮਦਯਾਰ[ਸੋਧੋ]

ਇਸ ਦਾ ਜਨਮ 1768 ਈ. ਮੁਰਾਲੇ ਵਿਚ ਹੋਇਆ। ਇਸ ਦੁਆਰਾ ਬਹੁਤ ਸਾਰੇ ਕਿੱਸੇ ਲਿਖੇ ਗਏ। ਕਿੱਸਾ ਤਿੱਤਰ ਤੇ ਭਟਿੱਤਰ ਤੋਂ ਸ਼ੁਰੂ ਹੋ ਕੇ ਇਸ ਨੇ ਹੀਰ ਰਾਂਝਾ, ਸੱਸੀ ਪੁੰਨੂੰ, ਲੈਲਾ ਮਜਨੂੰ, ਸੋਹਣੀ ਮਹੀਂਵਾਲ, ਕਾਮਰੂਪ, ਕਾਮ ਲਤਾ, ਯੂਸਫ਼ ਜ਼ੁਲੈਖਾਂ, ਚੰਦਰ ਬਦਨ, ਰਾਜ ਬੀਬੀ, ਸੈਫ਼ਲ ਮਲੂਕ ਆਦਿ ਕਿੱਸੇ ਲਿਖੇ ਹਨ। ਐਨੇ ਕਿੱਸੇ ਲਿਖਣ ਕਾਰਨ ਇਸ ਨੇ ਇਹ ਮਾਣ ਕੀਤਾ ਹੈ ਕਿ:

ਜਿਤਨੇ ਕਿੱਸੇ ਅਤੇ ਕਿਤਾਬਾਂ ਉਮਰ ਸਾਰੀ ਮੈਂ ਜੋੜੇ

ਗਿਣਨ ਲੱਗਾਂ ਤੇ ਯਾਦ ਨਾ ਆਵਣ, ਜੋ ਦੱਸਾਂ ਸੋ ਥੋੜ੍ਹੇ।[6]

ਅਮਾਮ ਬਖ਼ਸ਼[ਸੋਧੋ]

ਜਨਮ 1778 ਈ. ਵਿਚ ਪਿੰਡ ਪਸੀਆਵਾਲੇ ਜ਼ਿਲ੍ਹਾ ਸਿਆਲਕੋਟ ਵਿਚ ਹੋਇਆ। ਇਸ ਦਾ ਸਭ ਤੋਂ ਵੱਧ ਪ੍ਰਸਿੱਧ ਕਿੱਸਾ ‘ਬਹਿਰਾਮ ਗੋਰ’ ਹੈ ਜੋ ‘ਸ਼ਾਹ ਬਹਿਰਾਮ’ ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਦੁਆਰਾ ਚੰਦਰ ਬਦਨ. ਮਈਆਰ, ਲੈਲਾ ਮਜਨੂੰ ਆਦਿ ਕਿੱਸੇ ਲਿਖੇ। ਇਸ ਤੋਂ ਇਲਾਵਾ ਭਾਸ਼ਾ ਵਿਭਾਗ ਪਟਿਆਲਾ ਦੀ ਲਾਇਬ੍ਰੇਰੀ ਵਿਚ ਹੱਥ ਲਿਖਤਾਂ ਵਿਚ ਨੰ. 179 ਉੱਤੇ ਅਮਾਮ ਬਖ਼ਸ਼ ਦਾ ਇਕ ਕਿੱਸਾ ‘ਮਲਕਜ਼ਾਦਾ ਸ਼ਹਿਜ਼ਾਦੀ’ ਹੈ।[7]

ਕਾਦਰਯਾਰ[ਸੋਧੋ]

1805 ਈ. ਦੇ ਲਗਭਗ ਜ਼ਿਲ੍ਹਾ ਸ਼ੇਖ਼ੂਪੁਰਾ ਪਿੰਡ ਮਾਛੀ ਕੇ ਵਿਚ ਹੋਇਆ। ਇਹ ਇਕ ਪ੍ਰਸਿੱਧ ਕਿੱਸਾਕਾਰ ਹੋਇਆ। ਇਸ ਦਾ ਬੈਂਤਾਂ ਵਿਚ ਲਿਖਿਆ “ਪੂਰਨ ਭਗਤ” ਪ੍ਰਸਿੱਧ ਹੈ। ਉਸ ਦੀ ਸਭ ਤੋਂ ਪਹਿਲੀ ਰਚਨਾ “ਮਹਿਰਾਜ ਨਾਮਾ” ਹੈ। ਇਸ ਦੀਆਂ ਲਿਖਤਾਂ ਨੂੰ ਅਸੀਂ ਦੋ ਭਾਗਾਂ ਵਿਚ ਵੰਡਦੇ ਹਾਂ

  1. ਮੁਸਲਮਾਨਾਂ ਦੇ ਇਤਿਹਾਸ ਦੀਆਂ ਰਵਾਇਤਾਂ- ਮਹਿਰਾਜ ਨਾਮਾ, ਰੋਜ਼ਨਾਮਾ
  2. ਉਸ ਦੇ ਇਲਾਕੇ ਵਿਚ ਵਾਪਰੀਆਂ ਪ੍ਰਸਿੱਧ ਕਹਾਣੀਆਂ ਜਾਂ ਮਹਾਂਪੁਰਸ਼ਾਂ ਦੇ ਹਾਲ ਜਿਵੇਂ ਪੂਰਨ ਭਗਤ, ਰਾਜਾ ਰਸਾਲੂ ਦੀ ਵਾਰ, ਵਾਰ ਰਾਣੀ ਕੋਕਲਾਂ, ਪੂਰਨ ਭਗਤ ਦੀ ਵਾਰ, ਸੋਹਣੀ ਮਹੀਂਵਾਲ, ਹਰੀ ਸਿੰਘ ਨਲੂਆ।

ਜੋ ਮਾਣ ਪਹਿਲਾਂ ਦਮੋਦਰ ਨੂੰ ਪਹਿਲਾਂ ਹੀਰ ਲਿਖਣ ਲਈ ਪੀਲੂ ਨੂੰ ਮਿਰਜ਼ਾ ਸਾਹਿਬਾਂ ਪੰਜਾਬੀ ਵਿਚ ਲਿਖਣ ਲਈ ਦਿੰਦੇ ਹਾਂ, ਉਸੇ ਮਾਣ ਦਾ ਅਧਿਕਾਰੀ ਕਾਦਰਯਾਰ ਦਾ ਪੂਰਨ ਭਗਤ ਕਿੱਸਾ, ਹਰੀ ਸਿੰਘ ਨਲੂਆ ਅਤੇ ਰਾਜਾ ਰਸਾਲੂ ਦੀਆਂ ਵਾਰਾਂ ਆਦਿ ਲਿਖਣ ਕਰਕੇ ਹੈ ਅਤੇ ਇਸ ਤਰ੍ਹਾਂ ਪੰਜਾਬੀ ਵਿਚ ‘ਮਹਿਰਾਜ ਨਾਮਾ’ ਤੇ ‘ਰੋਜ਼ ਨਾਮਾ’ ਵੀ ਇਸੇ ਦਾ ਹੀ ਲਿਖਿਆ ਮਿਲਦਾ ਹੈ। ਇਨ੍ਹਾਂ ਤੋਂ ਇਲਾਵਾ ਇਸੇ ਕਾਲ ਵਿਚ ਗੁਲਜ਼ਾਰੇ ਆਦਮ, ਗੁਲਜ਼ਾਰੇ ਮੂਸਾ, ਗੁਲਜ਼ਾਰੇ ਸਿਕੰਦਰੀ, ਗੁਲਜ਼ਾਰੇ ਮੁਹੰਮਦੀ, ਗੁਰੂ ਜਲ ਤੁਲਾਸ, ਜੰਗਨਾਮੇ, ਵਾਰਾਂ, ਬਾਰਾਂਮਾਹ ਤੇ ਸੀਹਰਫੀਆਂ ਆਦਿ ਲਿਖਤਾਂ ਵੀ ਮਿਲਦੀਆਂ ਹਨ।

ਜੰਗਨਾਮੇ[ਸੋਧੋ]

ਕਿੱਸਿਆਂ ਤੋਂ ਇਲਾਵਾ ਰਣਜੀਤ ਸਿੰਘ ਕਾਲ ਵਿਚ ਬਹੁਤ ਸਾਰੇ ਜੰਗਨਾਮੇ ਵੀ ਲਿਖੇ ਗਏ। 19ਵੀਂ ਸਦੀ ਅਤੇ 20ਵੀਂ ਸਦੀ ਜੰਗਨਾਮਾ ਸਾਹਿਤ ਵਿਚ ਇਹ ਵਿਰੋਧਾਭਾਸ ਹੈ ਕਿ 19ਵੀਂ ਸਦੀ ਵਿਚ ਸਿੱਖ ਰਾਜ ਵਿਵਸਥਾ ਦਾ ਚਿਤਰਨ ਕਰਨ ਵਾਲਾ, ਗੈਰ ਸਿੱਖ ਸਾਹਿਤਕਾਰਾਂ ਵੱਲੋਂ ਰਚਿਆ ਗਿਆ ਸਾਹਿਤ ਸ਼ਾਹਕਾਰ ਬਣਿਆ ਹੈ।[8]

  1. ਇਸਲਾਮੀ ਧਰਮ ਨਾਲ ਸੰਬੰਧਿਤ #ਜੰਗਨਾਮੇ ਜਾਂ ਵਾਰਾਂ
  2. ਜੰਗਨਾਮਾ ਹਬੀਬੁਲਾ
  3. ਜੰਗਨਾਮਾ ਬਦਰ ਕਰਤਾ ਅਜ਼ੀਜ਼ ਮੁਸਲਿਮ
  4. ਜੰਗ ਬਹਾਦਰ ਕਰਤਾ ਅਹਿਮਦਯਾਰ
  5. ਜੰਗਨਾਮਾ ਅਸਾਮ ਹਸਨ ਕਰਤਾ ਮੁਹੰਮਦ ਦੀਨ
  6. ਜੰਗਨਾਮਾ ਖੈਬਰ ਕਰਤਾ ਅਬਦੀਲ ਹਮੀਦ
  7. ਜੰਗਨਾਮਾ ਸਿੰਘਾਂ ਅਤੇ ਫ਼ਿਰੰਗੀਆਂ ਕਰਤਾ ਸ਼ਾਹ ਮੁਹੰਮਦ
  8. ਜੰਗ ਸਿੰਘਾਂ ਅਤੇ ਫ਼ਿਰੰਗੀਆਂ ਕਰਤਾ ਮਟਕ
  9. ਜੰਗਨਾਮਾ ਉਮਰ ਕਰਤਾ ਮੁਹੰਮਦ ਬਖ਼ਸ਼
  10. ਜੰਗਨਾਮਾ ਸ਼ੇਰ ਸ਼ਾਹ ਗਾਜ਼ੀ ਕਰਤਾ ਅਲਾਦੀਨ
  11. ਜੰਗਨਾਮਾ ਇਮਾਮ ਅਲੀ ਕਰਤਾ ਮੀਆਂ ਮੁਸਤਫ਼ਾ
  12. ਜੰਗਨਾਮਾ ਕਾਦਲ ਕੰਧਾਰ ਕਰਤਾ ਸਿਆਮ ਸਿੰਘ ਕਵੀਸ਼ਰ
  13. ਜੰਗਨਾਮਾ ਇਮਾਮ ਹੁਸਨ ਹੁਸੈਨ ਸੰਬੰਧੀ ਕਰਤਾ ਗ਼ੁਲਾਮ ਮੁਸਤਫ਼ਾ
  14. ਜੰਗਨਾਮਾ ਇਮਾਮ ਅਲੀ ਉਲਹੱਕ ਕਰਤਾ ਹਾਤਮ ਅਲੀ

ਡਾ. ਰਤਨ ਸਿੰਘ ਜੱਗੀ ਨੇ ਇਹ ਸਿੱਟਾ ਕੱਢਿਆ ਹੈ ਕਿ ਜੰਗਨਾਮਾ ਸਿੰਘਾਂ ਅਤੇ ਫ਼ਿਰੰਗੀਆਂ 1848 ਈ. ਤੋਂ ਪਹਿਲਾਂ ਰਚੀ ਗਈ ਹੈ। ਸ਼ਾਹ ਮੁਹੰਮਦ ਨੇ ਆਪਣੇ ਇਸ ਜੰਗਨਾਮੇ ਦੀ ਰਚਨਾ 105 ਬੰਦਾਂ ਵਿਚ ਕੀਤੀ ਹੈ। ਬੈਂਤ ਬੰਦ ਰਚੀ ਗਈ ਇਸ ਰਚਨਾ ਦਾ ਹਰ ਬੰਦ ਚਾਰ ਚਾਰ ਤੁਕਾਂ ਦਾ ਹੈ। ਉਸ ਨੇ ਬੜੀ ਠੇਠ ਬੋਲੀ ਵਿਚ ਬੜੀ ਪ੍ਰਵਾਹ ਮਾਨ ਸ਼ੈਲੀ ਵਿਚ ਇਸ ਜੰਗਨਾਮੇ ਦੀ ਰਚਨਾ ਕੀਤੀ। (ਡਾ. ਰਤਨ ਸਿੰਘ ਜੱਗੀ) ਸਿੰਘਾਂ ਅਤੇ ਫ਼ਿਰੰਗੀਆਂ ਮਟਕ ਰਾਏ ਦਾ ਇਹ ਜੰਗਨਾਮਾ ਅਧੂਰੇ ਰੂਪ ਵਿਚ ਪ੍ਰਾਪਤ ਹੈ। ਇਸ ਦੇ 35ਵੇਂ ਬੰਦ ਤੋਂ ਬਾਅਦ ਦਾ ਪਾਠ ਗੁੰਮ ਹੈ। ਇਸ ਦੇ ਪਹਿਲੇ ਦੋ ਬੰਦ ਵੀ ਨਹੀਂ ਮਿਲਦੇ। ਮਟਕ ਨੇ ਇਹ ਜੰਗਨਾਮਾ ਡਿਊਢ ਛੰਦ ਵਿਚ ਲਿਖਿਆ ਹੈ। ਪਰ ਕਿਧਰੇ ਕਿਧਰੇ ਸਵੱਯੇ ਅਤੇ ਕੁੰਡਲੀਆ ਛੰਦ ਦੀ ਵਰਤੋਂ ਹੈ।[9] ਮਹਾਰਾਜਾ ਰਣਜੀਤ ਸਿੰਘ ਕਾਲ ਵਿਚ ਕਵੀਆਂ ਨੇ ਜਿੱਥੇ ਪੰਜਾਬੀ ਕਾਵਿ ਨਾਲ ਪੰਜਾਬੀ ਸਾਹਿਤ ਦੇ ਖ਼ਜ਼ਾਨੇ ਨੂੰ ਭਰਪੂਰ ਕੀਤਾ ਹੈ, ਉੱਥੇ ਇਹ ਇਸਲਾਮੀ ਧਾਰਮਿਕ ਕਵਿਤਾ ਦੀ ਰਚਨਾ ਵੀ ਲਗਾਤਾਰ ਕਰਦੇ ਰਹੇ ਜਿਨ੍ਹਾਂ ਵਿਚੋਂ ਸ਼ਾਹ ਹੁਸੈਨ ਕਰਤਾ ਮੁਸਾਇਲ ਹੱਜ ਤੋਂ ਛੁੱਟ ਹਾਫ਼ਿਜ਼ ਪਸਰੂਹੀ, ਬਹਾਰ ਸ਼ਾਹ, ਅਬਦੁਲ ਨਬੀ, ਖ਼ੁਦਾ ਬਖ਼ਸ਼ ਤੇ ਮੁਹੰਮਦ ਬਖ਼ਸ਼ ਇਸ ਦੌਰ ਦੇ ਪ੍ਰਸਿੱਧ ਇਸਲਾਮੀ ਕਵੀ ਹਨ। ਮੌਲਵੀ ਅਹਿਮਦਯਾਰ ਤੇ ਕਾਦਰਯਾਰ ਨੇ ਜਿੱਥੇ ਕਿੱਸਾ ਕਾਵਿ ਵਿਚ ਆਪਣਾ ਨਾਮ ਪੈਦਾ ਕੀਤਾ, ਉੱਥੇ ਇਸਲਾਮੀ ਕਵਿਤਾ ਵਿਚ ਵੀ ਇਨ੍ਹਾਂ ਦਾ ਵਿਸ਼ੇਸ਼ ਸਥਾਨ ਹੈ। (ਪੰਜਾਬੀ ਸਾਹਿਤ ਦਾ ਇਤਿਹਾਸ ਭਾਗ ਪਹਿਲਾ, ਪੰਨਾ 473-74)

ਸਹਾਇਕ ਪੁਸਤਕਾਂ[ਸੋਧੋ]

  1. ਸੁਤਿੰਦਰ ਸਿੰਘ ਨੂਰ, ਇਤਿਹਾਸ ਦਾ ਗੌਰਵ: ਮਹਾਰਾਜਾ ਰਣਜੀਤ ਸਿੰਘ, ਪੰਜਾਬੀ ਅਕਾਦਮੀ, ਦਿੱਲੀ, 1988
  2. ਡਾ. ਗੁਰਬਚਨ ਸਿੰਘ ਨਈਅਰ, ਮਹਾਰਾਜਾ ਰਣਜੀਤ ਸਿੰਘ ਕਾਲ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1994
  3. ਬਾਬਾ ਪ੍ਰੇਮ ਸਿੰਘ ਹੋਤੀ, ਸ਼ੇਰਿ ਪੰਜਾਬ: ਮਹਾਰਾਜਾ ਰਣਜੀਤ ਸਿੰਘ ਜੀ, ਲਾਹੌਰ ਬੁੱਕ ਸ਼ਾਪ, ਲੁਧਿਆਣਾ
  4. ਡਾ. ਅਜਮੇਰ ਸਿੰਘ, ਸਾਹਿਤ ਚਿੰਤਨ ਧਾਰਾ, ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ, 2001
  5. ਗੁਰਦੇਵ ਸਿੰਘ, ਪੰਜਾਬੀ ਸ਼ੂਫ਼ੀ ਕਾਵਿ ਦਾ ਇਤਿਹਾਸ, ਪੰਜਾਬੀ ਅਕਾਦਮੀ, ਦਿੱਲੀ, 2006.
  6. ਕਿਰਪਾਲ ਸਿੰਘ ਕਸੇਲ, ਪਰਮਿੰਦਰ ਸਿੰਘ ਤੇ ਗੋਬਿੰਦ ਸਿੰਘ ਲਾਂਬਾ, ਪੰਜਾਬੀ ਸਾਹਿਤ ਦੀ ਉਤਪੱਤੀ ਤੇ ਵਿਕਾਸ, ਲਾਹੌਰ ਬੁੱਕ ਸ਼ਾਪ, ਲੁਧਿਆਣਾ
  7. ਡਾ. ਗੋਪਾਲ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ, ਲਿਬਰੇਟਰ ਨਵੀਂ ਦਿੱਲੀ, 1946
  8. ਪ੍ਰੋ. ਸੁਰਿੰਦਰ ਸਿੰਘ ਨਰੂਲਾ, ਪੰਜਾਬੀ ਸਾਹਿਤ ਦਾ ਇਤਿਹਾਸ, ਨਿਊ ਬੁੱਕ ਕੰਪਨੀ, ਜਲੰਧਰ, 1969
  9. ਪ੍ਰੋ. ਕਿਰਪਾਲ ਸਿੰਘ ਕਸੇਲ ਅਤੇ ਡਾ. ਪਰਮਿੰਦਰ ਸਿੰਘ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 2015

ਹਵਾਲੇ[ਸੋਧੋ]

  1. ਅਜਮੇਰ ਸਿੰਘ, ਮਹਾਰਾਜਾ ਰਣਜੀਤ ਸਿੰਘ ਤੇ ਪੰਜਾਬੀ ਸਾਹਿਤ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1982, ਪੰਨਾ-52
  2. ਅਜਮੇਰ ਸਿੰਘ, ਮਹਾਰਾਜਾ ਰਣਜੀਤ ਸਿੰਘ ਤੇ ਪੰਜਾਬੀ ਸਾਹਿਤ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1982, ਪੰਨਾ-55
  3. ਬਾਬਾ ਪ੍ਰੇਮ ਸਿੰਘ ਹੋਤੀ, ਸ਼ੇਰਿ ਪੰਜਾਬ: ਮਹਾਰਾਜਾ ਰਣਜੀਤ ਸਿੰਘ ਜੀ, ਲਾਹੌਰ ਬੁੱਕ ਸ਼ਾਪ, ਲੁਧਿਆਣਾ
  4. ਪ੍ਰੋ. ਪੂਰਨ ਸਿੰਘ, ਖੁੱਲ੍ਹੇ ਮੈਦਾਨ, ਲੁਧਿਆਣਾ, ਪੰਨਾ-1
  5. ਮਲਾ ਸਿੰਘ ਭਾਟੀਆ, ਪੰਜਾਬੀ ਸਾਹਿਤ ਦਾ ਇਤਿਹਾਸ, ਪੰਨਾ 160
  6. ਪੰਜਾਬੀ ਸਾਹਿਤ ਦਾ ਇਤਿਹਾਸ (ਭਾਗ ਪਹਿਲਾ 1850 ਤਕ), ਭਾਸ਼ਾ ਵਿਭਾਗ, ਪੰਜਾਬ, ਪਟਿਆਲਾ
  7. ਪੰਜਾਬੀ ਸਾਹਿਤ ਦਾ ਇਤਿਹਾਸ (ਭਾਗ ਪਹਿਲਾ 1850 ਤਕ), ਭਾਸ਼ਾ ਵਿਭਾਗ, ਪੰਜਾਬ, ਪਟਿਆਲਾ
  8. ਪੰਜਾਬੀ ਸਾਹਿਤ ਦਾ ਇਤਿਹਾਸ (ਭਾਗ ਦੂਜਾ), ਪੰਜਾਬੀ ਯੂਨਿਵਰਸਿਟੀ, ਪਟਿਆਲਾ
  9. ਡਾ. ਰਾਜਿੰਦਰ ਸਿੰਘ ਸੇਖੋਂ, ਪੰਜਾਬੀ ਸਾਹਿਤ ਦਾ ਇਤਿਹਾਸ, ਲਾਹੌਰ ਬੁੱਕ ਸ਼ਾਪ, ਲੁਧਿਆਣਾ।