ਪੰਜਾਬ ਦਾ ਲੋਕ ਵਿਰਸਾ (ਕਿਤਾਬ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਜਾਬ ਦਾ ਲੋਕ ਵਿਰਸਾ
ਲੇਖਕਲੇਖਕ -ਡਾ.ਕਰਨੈਲ ਸਿੰਘ ਥਿੰਦ ,
ਭਾਸ਼ਾਪੰਜਾਬੀ
ਵਿਸ਼ਾਲੋਕ ਵਿਰਸਾ
ਵਿਧਾਪੰਜਾਬ ਦਾ ਲੋਕ ਵਿਰਸਾ ਤੇ ਜਨ-ਜੀਵਨ
ਪ੍ਰਕਾਸ਼ਕਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ,ਪਟਿਆਲਾ
ਪ੍ਰਕਾਸ਼ਨ ਦੀ ਮਿਤੀ
1996
ਸਫ਼ੇ243

ਪੰਜਾਬ ਦਾ ਲੋਕ ਵਿਰਸਾ ਪੁਸਤਕ ਕਰਨੈਲ ਸਿੰਘ ਥਿੰਦ ਦੀ ਰਚਨਾ ਹੈ। ਇਹ ਪੁਸਤਕ ਮੂਲ ਰੂਪ ਵਿੱਚ ਪੰਜਾਬ ਦੇ ਲੋਕ ਜੀਵਨ ਦੇ ਉਹਨਾਂ ਪੱਖਾਂ ਤੋਂ ਜਾਣੂ ਕਰਵਾਉਂਦੀ ਹੈ,ਜਿਸ ਜੀਵਨ ਨੂੰ ਪੰਜਾਬ ਦੇ ਵਾਸੀ ਸਦੀਆਂ ਤੋਂ ਜਿਊਦੇ ਆ ਰਹੇ ਹਨ। ਇਸ ਤਰ੍ਹਾਂ ਇਹ ਪੰਜਾਬੀਆਂ ਨੂੰ ਉਨ੍ਹਾਂ ਦੀਆਂ ਜੱਦੀ-ਪੁਸ਼ਤੀ ,ਪਰੰਪਰਾਵਾਂ,ਰਿਆਇਤਾਂ, ਅਕੀਦਿਆ, ਵਿਸ਼ਵਾਸਾਂ ,ਰਹੁਰੀਤਾਂ ਆਦਿ ਰਾਹੀਂ ਉਨ੍ਹਾਂ ਦੇ ਸੱਭਿਆਚਾਰ ਬਾਰੇ ਦੱਸਦੀ ਹੈ, ਉਨ੍ਹਾਂ ਦੀ ਸ਼ਨਾਖਤ ਵੀ ਕਰਾਉਦੀ ਹੈ ਅਤੇ ਲੋਕ ਵਿਰਸੇ ਬਾਰੇ ਭਰਵੀਂ ਜਾਣਕਾਰੀ ਦਿੰਦੀ ਹੈ।

ਕਿਤਾਬ ਬਾਰੇ[ਸੋਧੋ]

ਪੰਜਾਬ ਦਾ ਲੋਕ ਵਿਰਸਾ ਪੁਸਤਕ ਦੇ ਤਿੰਨ ਭਾਗ ਹਨ। ਅਸੀਂ ਇਸ ਪੁਸਤਕ ਦੇ ਪਹਿਲੇ ਭਾਗ ਬਾਰੇ ਵਿਚਾਰ ਚਰਚਾ ਕਰਨਗੇ। ਇਸ ਪੁਸਤਕ ਵਿੱਚ ਕੁੱਲ ਦਸ ਲੇਖ ਹਨ -ਪੰਜਾਬ ਤੇ ਪੰਜਾਬ ਦੇ ਲੋਕ, ਪੰਜਾਬ ਦੇ ਪੱਖੀਵਾਸ ਕਬੀਲੇ, ਪੰਜਾਬੀ ਬੋਲੀ:ਨਿਕਾਸ ਤੇ ਵਿਕਾਸ, ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ, ਪੰਜਾਬ ਦਾ ਲੋਕਯਾਨ, ਪੰਜਾਬੀ ਲੋਕ ਸਾਹਿਤ, ਪੰਜਾਬੀ ਲੋਕ ਗੀਤ ,ਪੰਜਾਬੀ ਲੋਕ ਕਹਾਣੀਆਂ, ਪੰਜਾਬੀ ਅਖਾਣ ਅਤੇ ਪੰਜਾਬੀ ਬੁਝਾਰਤਾਂ। ਇਸ ਪੁਸਤਕ ਵਿੱਚ ਪੰਜਾਬ ਦੇ ਸੱਭਿਆਚਾਰ ਅਤੇ ਲੋਕਧਾਰਾ ਦੇ ਬਹੁਤ ਸਾਰੇ ਪੱਖਾਂ ਦਾ ਅਧਿਐਨ ਕੀਤਾ ਗਿਆ ਹੈ।

ਪੰਜਾਬ ਤੇ ਪੰਜਾਬ ਦੇ ਲੋਕ[ਸੋਧੋ]

ਕਰਨੈਲ ਸਿੰਘ ਥਿੰਦ ਇਸ ਲੇਖ ਵਿੱਚ ਪੰਜਾਬ ,ਪੰਜਾਬ ਦੇ ਲੋਕਾਂ ਅਤੇ ਉਹਨਾਂ ਦੇ ਵਿਰਸੇ ਬਾਰੇ ਜਾਣਕਾਰੀ ਦਿੰਦੇ ਹਨ। ਉਹ ਜਨ-ਜੀਵਨ ਨਾਲ ਸੰਬੰਧਿਤ ਹੋਰ ਅੰਸ਼ਾ ਦਾ ਵੇਰਵਾ ਦਿੰਦੇ ਹਨ।ਲੇਖਕ ਭੂਗੋਲਿਕ ਅਤੇ ਸੱਭਿਆਚਾਰਕ ਨਜ਼ਰੀਏ ਤੋਂ ਜਾਇਜਾ਼ ਲੈਣ ਲੲੀ ਪੰਜਾਬ ਨੂੰ ਇਤਿਹਾਸਕ ਪੱਖ ਤੋਂ ਪੰਜ ਖੰਡਾਂ ਵਿੱਚ ਵੰਡਦਾ ਹੈ, (ੳ) ਆਰੀਆਈ ਕਾਲ, (ਅ) ਇਸਲਾਮੀ ਦੌਰ,( ੲ) ਮਹਾਰਾਜਾ ਰਣਜੀਤ ਸਿੰਘ ਦਾ ਕਾਲ, (ਸ) ਅੰਗਰੇਜ਼ੀ ਕਾਲ, (ਹ) ਸੁਤੰਤਰਤਾ ਤੋਂ ਪਿੱਛੋਂ ।

ਪੰਜਾਬ ਦੇ ਪੱਖੀਵਾਸ ਕਬੀਲੇ[ਸੋਧੋ]

ਲੇਖਕ ਨੇ ਇਸ ਲੇਖ ਵਿੱਚ ਉਨ੍ਹਾਂ ਲੋਕਾਂ ਦੀ ਗੱਲ ਕੀਤੀ ਹੈ ਜੋ ਇੱਕ ਥਾਂ ਤੋਂ ਦੂਜੀ ਥਾਂ ਘੁੰਮਦੇ ਰਹਿੰਦੇ ਹਨ। ਪੰਜਾਬ ਦੇ ਵਸਨੀਕਾਂ ਵਿੱਚ ਕੁਝ ਸੰਖਿਆ ਅਜਿਹੇ ਲੋਕਾਂ ਦੀ ਹੈ ਜਿਹਨਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਹੁੰਦਾ ਜੋ ਇੱਕ ਥਾਂ ਤੋਂ ਦੂਜੀ ਥਾਂ ਘੁੰਮਦੇ ਰਹਿੰਦੇ ਹਨ। ਅਜਿਹੇ ਲੋਕਾਂ ਨੂੰ ਖਾਨਾਬਦੋਸ ਜਾਂ ਫਿਰ ਪੱਖੀਵਾਸ ਕਿਹਾ ਜਾਂਦਾ ਹੈ। ਲੇਖਕ ਇਸ ਲੇਖ ਵਿੱਚ ਪੱਖੀਵਾਸ ਕਬੀਲਿਆਂ ਦੀ ਪੂਰਨ ਜਾਣਕਾਰੀ ਦਿੰਦਾ ਹੈ। ਉਸ ਅਨੁਸਾਰ ਪੰਜਾਬ ਵਿੱਚ ਸ੍ਹਾਂਸੀ, ਬਾਜੀਗਰ, ਓਡ, ਮਦਾਰੀ, ਮੀਰਾਸੀ, ਗਾਡੀ ਲੁਹਾਰ, ਬੱਦੋ, ਬਰੜ ਅਤੇ ਗਗੜੇ ਆਦਿ ਹੋਰ ਕਬੀਲੇ ਸ਼ਾਮਲ ਹਨ।

ਪੰਜਾਬੀ ਬੋਲੀ:ਨਿਕਾਸ ਤੇ ਵਿਕਾਸ[ਸੋਧੋ]

ਇਸ ਲੇਖ ਵਿੱਚ ਲੇਖਕ ਦੱਸਦਾ ਹੈ ਕਿ ਪੰਜਾਬੀ ਪੰਜਾਬ ਦੀ ਸਥਾਨਕ ਬੋਲੀ ਹੈ। ਇਹ ਪੰਜਾਬ ਦੇ ਮੂਲ ਵਾਸੀਆਂ ਦੀ ਮਾਂ ਬੋਲੀ ਹੈ। ਪੰਜਾਬ ਵਾਂਗ ਪੰਜਾਬੀ ਨੂੰ ਅਨੇਕਾਂ ਝੱਖੜਾਂ ਦਾ ਸਾਹਮਣਾ ਕਰਨਾ ਪਿਆ ਹੈ। ਬਦੇਸ਼ੀ ਹਮਲਾਵਾਰਾਂ ਨੇ ਇਸ ਨੂੰ ਪ੍ਰਫੁੱਲਿਤ ਨਹੀਂ ਹੋਣ ਦਿੱਤਾ। ਕਈ ਉਤਰਾ ਚੜਾ ਵੇਖਣੇ ਪਏ ਹਨ। ਇੰਨਾਂ ਕਾਰਨਾਂ ਕਰਕੇ ਹਮੇਸ਼ਾ ਹੀ ਇਹ ਆਪਣੇ ਯੋਗ ਸਥਾਨ ਤੋਂ ਵਾਂਝੀ ਰਹੀ ਹੈ। ਪੰਜਾਬੀ ਮੂਲ ਰੂਪ ਵਿੱਚ ਹਿੰਦ ਆਰੀਆਈ ਭਾਸ਼ਾ ਪਰਿਵਾਰ ਦੀ ਅਧੁਨਿਕ ਬੋਲੀ ਹੈ। ਇਸ ਦਾ ਪਿੱਛਾ ਹਿੰਦ-ਈਰਾਨੀ ਭਾਸ਼ਾ ਵਰਗ ਅਤੇ ਭਾਰਤੀ ਯੂਰਪੀ ਭਾਸ਼ਾ ਪਰਿਵਾਰ ਨਾਲ ਜਾ ਮਿਲਦਾ ਹੈ। ਪੰਜਾਬੀ ਨੇ 10ਵੀ ਸਦੀ ਈਸਵੀ ਤੱਕ ਅਪਭ੍ਰੰਸ਼ ਤੇ ਨਿਖੇੜ ਕੇ ਦੂਜੀਆਂ ਅਧੁਨਿਕ ਆਰੀਆਈ ਭਾਸ਼ਾਵਾਂ-ਬੰਗਾਲੀ, ਮਰਾਠੀ, ਗੁਜਰਾਤੀ, ਆਦਿ ਵਾਂਗ ਵਰਤਮਾਨ ਰੂਪ ਧਾਰਨਾ ਆਰੰਭ ਕਰ ਦਿੱਤਾ ਸੀ। ਡਾ:ਪ੍ਰੇਮ ਪ੍ਰਕਾਸ਼ ਸਿੰਘ ਨੇ ਪੰਜਾਬੀ ਦੇ ਵਿਕਾਸ ਨੂੰ ਕਾਲਿਕ ਭੇਦਾਂ ਦੇ ਨਾਂ ਹੇਠ ਵਿਚਾਰਿਆ ਹੈ। ਅਜੋਕੇ ਸਮੇਂ ਤੱਕ ਪੁੱਜਦਿਆਂ ਪੰਜਾਬੀ ਦੇ ਵਿਕਾਸ ਪੜਾਵਾਂ ਨੂੰ ਹੇਠ ਲਿਖੇ ਅਨੁਸਾਰ ਵਾਚਿਆ ਜਾ ਸਕਦਾ ਹੈ।

 1. ਮੁਗਲ ਰਾਜ ਤੋਂ ਪਹਿਲਾਂ ਦਾ ਸਮਾਂ -1000 ਈਸਵੀ ਤੋਂ 1500 ਈਸਵੀ ਤੱਕ
 2. ਮੁਗਲ ਕਾਲ -1500 ਤੋਂ 1700 ਈਸਵੀ
 3. ਮੁਗਲ ਰਾਜ ਦੀ ਅਧੋਗਤੀ ਦਾ ਸਮਾਂ ਅਤੇ ਰਣਜੀਤ ਸਿੰਘ ਦਾ ਕਾਲ 1700 ਈਸਵੀ ਤੋਂ 1800 ਈਸਵੀ ਤੱਕ
 4. ਅੰਗ੍ਰੇਜ਼ੀ ਰਾਜ ਦਾ ਸਮਾਂ -1860 ਤੋਂ 1947 ਈਸਵੀ
 5. ਸੁਤੰਤਰਤਾ ਯੁੱਗ -1947 ਤੋਂ ਪਿੱਛੋਂ

ਪੰਜਾਬੀਅਤ ਤੇ ਪੰਜਾਬੀ ਸੱਭਿਆਚਾਰ[ਸੋਧੋ]

ਕਰਨੈਲ ਸਿੰਘ ਥਿੰਦ ਇਸ ਲੇਖ ਵਿੱਚ ਇਹ ਬਿਆਨ ਕਰਦਾ ਹੈ ਕਿ ਪੰਜਾਬੀਅਤ ਇੱਕ ਅਜਿਹਾ ਸੱਭਿਆਚਾਰਕ ਸੰਕਲਪ ਹੈ, ਜਿਸ ਦਾ ਸੰਬੰਧ ਪੰਜਾਬ ਨਾਂ ਦੇ ਭੂਗੋਲਿਕ ਖਿੱਤੇ, ਇਸ ਖੇਤਰ ਦੀ ਸਥਾਨਕ ਭਾਸ਼ਾ(ਪੰਜਾਬੀ),ਇਥੋਂ ਦੇ ਲੋਕਾਂ ਦੀ ਰਹਿਤਲ/ਜੀਵਨ ਜਾਂਚ ਅਤੇ ਉਨ੍ਹਾਂ ਦੇ ਵਿਸ਼ੇਸ ਗੁਣਾਂ ਨਾਲ ਹੈ,ਜਿਹੜੇ ਇਸ ਨੂੰ ਭਾਰਤ ਦੀਆਂ ਦੂਜੀਆਂ ਕੌਮੀਅਤਾਂ ਤੋਂ ਨਿਖੇੜਦੇ ਹਨ। ਪੰਜਾਬੀਅਤ ਪੰਜਾਬੀ ਪਛਾਣ ਦਾ ਹੀ ਦੂਜਾ ਨਾਂ ਹੈ। ਪਛਾਣ, ਜਿਹੜੀ ਭਾਸ਼ਾ, ਸਾਹਿਤ, ਭੂਗੋਲ ਅਤੇ ਲੋਕਯਾਨ /ਲੋਕਧਾਰਾ ਆਦਿ ਰਾਹੀਂ ਉਜਾਗਰ ਹੁੰਦੀ ਹੈ। ਜਿਵੇਂ ਕਿ ਉਪਰ ਸੰਕੇਤ ਕੀਤਾ ਜਾ ਚੁੱਕਾ ਹੈ ਕਿ ਪੰਜਾਬੀਅਤ ਦੀ ਨੀਂਹ ਪੰਜਾਬੀ ਭਾਸ਼ਾ ਹੈ ਇਹ ਪੰਜਾਬੀਆਂ ਦੀ ਮਾਂ ਬੋਲੀ ਹੈ। ਕਰੋੜਾਂ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਵੀ ਪੰਜਾਬੀ ਨੂੰ ਪੁੱਤਰਾਂ ਪਾਸੋਂ ਉਹ ਮਾਣ ਤੇ ਸਤਿਕਾਰ ਨਹੀਂ ਮਿਲਿਆ ਜਿਸ ਦੀ ਉਹ ਹੱਕਦਾਰ ਸੀ। ਹਰ ਭਾਸ਼ਾ ਦਾ ਆਪਣਾ ਸਭਿਆਚਾਰ ਹੁੰਦਾ ਹੈ। ਪਰ ਅਸੀਂ ਪੰਜਾਬੀ ਲੋਕ ਆਪਣੀ ਮਾਂ ਬੋਲੀ ਦੀ ਮਹੱਤਤਾ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹਾਂ। ਅੰਗ੍ਰੇਜ਼ੀ ਰਾਜ ਸਮੇਂ ਨਿਰੋਲ ਪੰਜਾਬੀ ਜਾਨਣ ਵਾਲੇ ਨੂੰ ਅਨਪੜ੍ਹ ਦੱਸਿਆ ਜਾਂਦਾ ਸੀ। ਹੁਣ ਵੀ ਵੱਡੇ ਸਰਦੇ ਪੁਜਦੇ ਘਰਾਂ ਵਿੱਚੋਂ ਪੰਜਾਬੀ ਬਾਰੇ ਹੀਣਤਾ ਭਾਵ ਖ਼ਤਮ ਹੋਣਾ ਚਾਹੀਦਾ ਹੈ। ਬੰਗਾਲ ਅਤੇ ਦੱਖਣੀ ਭਾਰਤ ਦੇ ਲੋਕ ਨ੍ਰਿਤ,ਸੰਗੀਤ,ਨਾਟ ਅਤੇ ਸਾਹਿਤ ਆਦਿ ਕੋਮਲ ਕਲਾਵਾਂ ਦੇ ਖੇਤਰ ਵਿੱਚ ਪੰਜਾਬੀਆਂ ਤੋਂ ਬਹੁਤ ਅੱਗੇ ਹਨ। ਇੰਨਾਂ ਹੁਨਰਾਂ ਨੂੰ ਪ੍ਰਫੁੱਲਿਤ ਕਰਨ ਦੀ ਲੋੜ ਹੈ। ਲੋਕ ਜੀਵਨ ਦੇ ਨੇੜੇ ਰਹਿਣ ਕਾਰਨ ਪੰਜਾਬੀਆਂ ਦਾ ਸਭਿਆਚਾਰਕ ਵਿਰਸਾ ਲੋਕਯਾਨ ਜਾਂ ਲੋਕਧਾਰਾ ਹੈ। ਪੰਜਾਬੀਅਤ ਨੂੰ ਇੱਕ ਮਿਸਰਿਤ ਸਭਿਆਚਾਰ ਵਜੋਂ ਵੀ ਗ੍ਰਹਿਣ ਕੀਤਾ ਜਾਂਦਾ ਹੈ। ਅਜੋਕੇ ਭਾਰਤੀ ਪੰਜਾਬ ਵਿੱਚ ਇਸ ਵੇਲੇ ਪੰਜਾਬੀ ਸੱਭਿਆਚਾਰ ਦੇ ਜਿਹੜੇ ਰੰਗ ਉਘੜ ਕੇ ਸਾਹਮਣੇ ਆ ਰਹੇ ਹਨ, ਉਨ੍ਹਾਂ ਵਿੱਚੋਂ ਪੰਜਾਬ ਦੇ ਸਮਾਜਕ ਤੇ ਆਰਥਕ ਢਾਂਚੇ ਵਿੱਚ ਜੋਰਦਾਰ ਤਬਦੀਲੀ, ਸਾਕਾਦਾਰੀ ਵਿਧਾਨ ਵਿੱਚ ਪਰਿਵਰਤਨ, ਉਪ ਸੱਭਿਆਚਾਰਾਂ ਦਾ ਕੇਂਦਰੀਕਰਨ ਵੱਲ ਰੁਝਾਨ ਆਦਿ ਖਾਸ ਵਰਨਣਯੋਗ ਹਨ।

ਪੰਜਾਬ ਦਾ ਲੋਕਯਾਨ[ਸੋਧੋ]

ਪੰਜਾਬ ਦੇ ਲੋਕ ਜੀਵਨ ਨਾਲ ਸੰਬੰਧਿਤ ਪਰੰਪਰਾਗਤ ਤੌਰ ਤੇ ਪ੍ਰਾਪਤ ਹੋਣ ਵਾਲੀ ਅਜਿਹੀ ਸਮੱਗਰੀ ਨੂੰ ਲੋਕਯਾਨ ਕਿਹਾ ਜਾਂਦਾ ਹੈ। ਜਿਸ ਵਿੱਚ ਲੋਕ ਮਾਨਸ ਦੀ ਅਭਿਵਿਅਕਤੀ ਹੋਵੇ, ਲੋਕ ਸੰਸਕ੍ਰਿਤੀ ਦੇ ਅੰਸ਼ਾ ਨਾਲ ਭਰਪੂਰ ਹੋਵੇ ਅਤੇ ਜਿਸ ਨੂੰ ਲੋਕ ਸਮੂਹ ਨੇ ਪ੍ਰਵਾਨਗੀ ਦੇ ਕੇ ਪੀੜ੍ਹੀਓ ਪੀੜ੍ਹੀ ਅੱਗੇ ਤੋਰਿਆ ਹੋਵੇ। ਅਜੇਹੀ ਸਮੱਗਰੀ ਵਿਰਸੇ ਵਿੱਚ ਪ੍ਰਾਪਤ ਹੁੰਦੀ ਹੈ। ਅਤੇ ਇਸ ਦੇ ਵਿਸ਼ੇਸ਼ ਖੇਤਰ ਲੋਕ ਸਾਹਿਤ, ਲੋਕ ਕਲਾਵਾਂ, ਲੋਕ ਵਿਸ਼ਵਾਸ, ਲੋਕ ਧਰਮ, ਲੋਕ ਰੀਤੀ-ਰਿਵਾਜ ਅਤੇ ਲੋਕ ਧੰਦੇ ਆਦਿ ਹਨ। ਪੰਜਾਬ ਦੇ ਲੋਕਯਾਨ ਨੂੰ ਜਨਮ ਦੇਣ ਵਿੱਚ ਲੋਕ ਮਾਨਸ ਜਾਂ ਲੋਕ ਮਨ ਦੀ ਅਭਿਵਿਅਕਤੀ ਦਾ ਬਹੁਤ ਵੱਡਾ ਯੋਗਦਾਨ ਹੈ। ਲੋਕ ਮਾਨਸ ਦੀ ਪ੍ਰਵਿਰਤੀ ਪੜੇ ਤੇ ਅਨਪੜ੍ਹ, ਪੇਂਡੂ ਤੇ ਸ਼ਹਿਰੀ, ਸਭਿਆ ਤੇ ਅਸਭਿਆ ਹਰ ਪ੍ਰਕਾਰ ਦੇ ਵਿਅਕਤੀ ਵਿੱਚ ਪਾਈ ਜਾਂਦੀ ਹੈ। ਲੋਕ ਮਾਨਸ ਪ੍ਰਗਟਾ ਦੀ ਵਸਤੂ ਬਣੇ ਬਿਨਾਂ ਲੋਕਯਾਨ ਦਾ ਤਸੁਵਰ ਨਹੀਂ ਕੀਤਾ ਜਾ ਸਕਦਾ। ਲੋਕ ਜੀਵਨ ਨਾਲ ਸੰਬੰਧਿਤ ਸਮੱਗਰੀ ਨੂੰ ਲੋਕਯਾਨ ਦਾ ਰੂਪ ਦੇਣ ਵਾਲਾ ਅਹਿਮ ਤੇ ਮਹੱਤਵਪੂਰਨ ਤੱਤ ਲੋਕ ਸਮੂਹ ਦੁਆਰਾ ਪ੍ਰਵਾਨਗੀ ਹੈ। ਇਸ ਪਿਛੋਕੜ ਨੂੰ ਮੁੱਖ ਰੱਖ ਕੇ ਪੰਜਾਬ ਦੇ ਲੋਕ ਜੀਵਨ ਨਾਲ ਸੰਬੰਧਿਤ ਲੋਕਯਾਨਿਕ ਸਮੱਗਰੀ ਨੂੰ ਹੇਠ ਲਿਖੇ ਅਨੁਸਾਰ ਵਾਚਿਆ ਜਾਂਦਾ ਹੈ।

 1. ਲੋਕ ਸਾਹਿਤ -ਲੋਕ ਗੀਤ, ਲੋਕ ਕਹਾਣੀਆਂ, ਲੋਕ ਅਖਾਣਾਂ,ਬੁਝਾਰਤਾਂ, ਲੋਕ ਬੋਲੀਆਂ।
 2. ਲੋਕ ਕਲਾ -ਲੋਕ ਸੰਗੀਤ, ਲੋਕ ਸਾਜ, ਲੋਕ ਨਾਟ, ਲੋਕ ਨਾਚ, ਮੂਰਤੀ ਕਲਾ , ਲੋਕ ਕਲਾ ਦੇ ਵਿਵਿਧ ਰੂਪ।
 3. ਲੋਕ ਵਿਸ਼ਵਾਸ
 4. ਅਨੁਸ਼ਾਠਾਨ ਅਤੇ ਰੀਤਾਂ -ਲੋਕ ਰੀਤੀ-ਰਿਵਾਜ, ਮੇਲੇ ਤੇ ਤਿਉਹਾਰ, ਵਰਤ ਤੇ ਪੂਜਾ ਵਿਧੀਆਂ
 5. ਲੋਕ ਧੰਦੇ ਤੇ ਕਿੱਤੇ
 6. ਲੋਕ ਮਨੋਰੰਜਨ - ਲੋਕ ਖੇਡਾਂ ਤੇ ਤਮਾਸ਼ੇ
 7. ਫੁਟਕਲ- ਇਸ਼ਾਰੇ, ਚਿੰਨ

ਲੋਕਯਾਨ ਮੂਲ ਰੂਪ ਵਿੱਚ ਲੋਕਾਂ ਦੀ ਸੰਪਤੀ ਹੈ। ਲੋਕ ਜੀਵਨ ਦੀ ਪ੍ਰਗਤੀ ਨਾਲ ਇਸ ਦਾ ਪ੍ਰਵਾਹ ਬੇਰੋਕ ਚੱਲਦਾ ਹੈ। ਇਸ ਦਾ ਮਹੱਤਵ ਵਿਸ਼ਵ ਵਿਆਪੀ ਹੈ। ਲੋਕਯਾਨ ਦਾ ਮੁੱਖ ਭਾਗ ਸੁਹਜ ਸੁਆਦ ਦੇਣ ਦਾ ਕਰਤੱਵ ਵੀ ਨਿਭਾਉਂਦਾ ਹੈ ਅਤੇ ਸਮਾਂ ਬਤੀਤ ਕਰਨ ਦਾ ਚੰਗਾ ਸਾਧਨ ਹੈ। ਪੰਜਾਬ ਦੇ ਲੋਕ ਜੀਵਨ ਤੇ ਸੱਭਿਆਚਾਰ ਦਾ ਠੀਕ ਇਤਿਹਾਸ ਲੋਕਯਾਨ ਦੁਆਰਾ ਹੀ ਜਾਣਿਆਂ ਜਾ ਸਕਦਾ ਹੈ।

ਪੰਜਾਬੀ ਲੋਕ ਸਾਹਿਤ[ਸੋਧੋ]

ਪੰਜਾਬੀ ਲੋਕ ਸਾਹਿਤ ਪੰਜਾਬੀ ਲੋਕਯਾਨ ਦਾ ਮਹੱਤਵਪੂਰਨ ਖੇਤਰ ਹੈ। ਇਸ ਵਿੱਚ ਲੋਕ ਗੀਤ, ਲੋਕ ਕਹਾਣੀਆਂ, ਬੁਝਾਰਤਾਂ ਅਖੌਤਾਂ ਅਤੇ ਮੁਹਾਵਰੇ ਆਦਿ ਅਜਿਹੇ ਰੂਪ ਸ਼ਾਮਲ ਹਨ। ਜਿਹਨਾਂ ਦਾ ਸੰਚਾਰ ਬੋਲੀ ਦੁਆਰਾ ਮੌਖਿਕ ਤੌਰ ਤੇ ਹੁੰਦਾ ਹੈ। ਇਸ ਤਰ੍ਹਾਂ ਲੋਕ ਸਾਹਿਤ ਲੋਕਯਾਨ ਦੀ ਵਾਣੀ ਵਿਲਾਸ ਸ੍ਰੇਣੀ ਵਿੱਚ ਆਉਂਦਾ ਹੈ। ਲੋਕ ਸਾਹਿਤ ਵਿੱਚ ਜੋ ਰਚਨਾ ਹੁੰਦੀ ਹੈ ਉਸ ਨਾਲ ਕਿਸੇ ਲੇਖਕ ਦਾ ਨਾਂ ਨਹੀਂ ਜੁੜਿਆ ਹੁੰਦਾ ਸਗੋਂ ਇਹ ਪੀੜ੍ਹੀ ਦਰ ਪੀੜ੍ਹੀ ਲੋਕ ਸਮੂਹ ਦੀ ਪ੍ਰਵਾਨਗੀ ਲੈ ਕੇ ਚਲਦਾ ਹੈ। ਸਾਹਿਤ ਤੇ ਲੋਕ ਸਾਹਿਤ ਦਾ ਪਰਸਪਰ ਅਦਾਨ ਪ੍ਰਦਾਨ ਜਰੂਰ ਚਲਦਾ ਹੈ। ਪੰਜਾਬੀ ਲੋਕ ਸਾਹਿਤ ਮੂਲ ਰੂਪ ਵਿੱਚ ਪੰਜਾਬ ਦੇ ਸੱਭਿਆਚਾਰ ਵਿਰਸੇ ਨਾਲ ਜੁੜਿਆ ਹੋਇਆ ਹੈ। ਪੰਜਾਬੀ ਲੋਕ ਗੀਤਾਂ, ਲੋਕ ਕਥਾਵਾਂ, ਬੁਝਾਰਤਾਂ ਅਤੇ ਅਖੌਤਾਂ ਦੇ ਸੱਭਿਆਚਾਰਕ ਪੱਖ ਤੋਂ ਅਧਿਐਨ ਬਾਰੇ ਅਕਾਦਮਿਕ ਪੱਧਰ ਤੇ ਕੁੱਝ ਯਤਨ ਜਰੂਰ ਹੋਏ ਹਨ,ਪਰੰਤੂ ਹਣ ਤੱਕ ਪੂਰੀ ਤਰ੍ਹਾਂ ਉਘੜ ਕੇ ਸਾਹਮਣੇ ਨਹੀਂ ਆਏ।

ਪੰਜਾਬੀ ਲੋਕ ਗੀਤ[ਸੋਧੋ]

ਲੋਕ ਗੀਤ ਪੰਜਾਬ ਦੇ ਲੋਕ ਜੀਵਨ ਦਾ ਅਨਿੱਖੜ ਅੰਗ ਹਨ। ਜੰਮਣ ਤੋਂ ਮੌਤ ਤੱਕ ਪੰਜਾਬ ਦੇ ਜੀਵਨ ਦਾ ਕੋਈ ਵੀ ਪੱਖ ਅਜਿਹਾ ਨਹੀਂ ਹੈ ਜਿਸ ਸੰਬੰਧੀ ਲੋਕ ਗੀਤ ਉਪਲੱਬਧ ਨਾ ਹੋਣ। ਇੰਨਾ ਲੋਕ ਗੀਤਾਂ ਦੀ ਭਾਵਨਾ ਨੂੰ ਮੁੱਖ ਰੱਖ ਕੇ ਇਹ ਧਾਰਨਾ ਪ੍ਰਚਲਿਤ ਹੈ ਕਿ ਪੰਜਾਬੀ ਲੋਕ ਗੀਤਾਂ ਵਿੱਚ ਜੰਮਦਾ ਹੈ ਤੇ ਲੋਕ ਗੀਤਾਂ ਵਿੱਚ ਮਰਦਾ ਹੈ। ਲੋਕ ਗੀਤ ਦੇ ਸ਼ਾਬਦਿਕ ਅਰਥ ਲੋਕਾਂ ਵਿੱਚ ਪ੍ਰਚਲਿਤ ਗੀਤ, ਲੋਕਾਂ ਦੁਆਰਾ ਨਿਰਮਿਤ ਗੀਤ ਜਾਂ ਲੋਕ ਵਿਸ਼ਿਅਕ ਗੀਤ ਕੀਤੇ ਮਿਲਦੇ ਹਨ। ਪਰ ਲੋਕ ਸਾਹਿਤ ਦੇ ਪ੍ਰਸੰਗ ਵਿੱਚ ਲੋਕ ਗੀਤਾਂ ਦੇ ਇਹ ਅਰਥ ਅਧੂਰੇ ਹਨ। ਲੋਕ ਗੀਤਾਂ ਨੂੰ ਅਾਦਿਮ ਮਾਨਵ ਦਾ ਸੰਗੀਤ ਵੀ ਕਿਹਾ ਜਾਂਦਾ ਹੈ। ਲੋਕ ਗੀਤ ਮੌਖਿਕ ਪਰੰਪਰਾ ਜਾਂ ਲੋਕ ਕੰਠ ਦੁਆਰਾ ਇਕ ਤੋਂ ਦੂਜੀ ਪੀੜ੍ਹੀ ਤੱਕ ਅੱਗੇ ਤੁਰਦਾ ਹੈ। ਲੋਕ ਗੀਤ ਨਾਲ ਕਿਸੇ ਲੇਖਕ ਦਾ ਨਾਂ ਵੀ ਨਹੀਂ ਜੁੜਿਆ ਹੁੰਦਾ। ਲੋਕ ਗੀਤਾਂ ਵਿੱਚ ਵਿਸੈ਼ ਅਤੇ ਰੂਪ ਦੋਹਾਂ ਪੱਖਾਂ ਤੋਂ ਕਾਫ਼ੀ ਵੰਨ-ਸੁਵੰਨਤਾ ਹੈ। ਲੋਕ ਗੀਤਾਂ ਵਿੱਚ ਪ੍ਰਤਿਨਿਧ ਰੂਪ ਘੋੜੀਆਂ, ਸੁਹਾਗ, ਸਿੱਠਣੀਆਂ, ਲੋਰੀਆਂ, ਬੋਲੀਆਂ, ਮਾਹੀਆਂ, ਢੋਲਾਂ, ਅਲਾਹੁਣੀਆਂ, ਮਾਤਾ ਦੀ ਭੇਟਾਂ ਰੂਪ ਸ਼ਾਮਿਲ ਹਨ। ਇਹ ਸਾਰੇ ਲੋਕ ਗੀਤਾਂ ਦੇ ਪ੍ਰਤੀਨਿਧ ਰੂਪ ਹਨ।

ਪੰਜਾਬੀ ਲੋਕ ਕਹਾਣੀਆਂ[ਸੋਧੋ]

ਕਰਨੈਲ ਸਿੰਘ ਥਿੰਦ ਦੀ ਪੁਸਤਕ ਪੰਜਾਬ ਦਾ ਲੋਕ ਵਿਰਸਾ ਭਾਗ ਪਹਿਲਾਂ ਵਿੱਚ ਇੱਕ ਲੇਖ ਪੰਜਾਬ ਦੀਆਂ ਲੋਕ ਕਹਾਣੀਆਂ ਉਪਰ ਦਰਜ ਹੈ। ਲੋਕ ਕਹਾਣੀਆਂ ਦਾ ਖੇਤਰ ਮਹੱਤਵਪੂਰਨ ਹੈ। ਇੰਨਾਂ ਨੂੰ ਬਾਤਾਂ ਜਾਂ ਲੋਕ ਕਥਾਵਾਂ ਵੀ ਕਿਹਾ ਜਾਂਦਾ ਹੈ। ਇਲਿਅਸ ਘੁੰਮਣ ਦੁਆਰਾ ਸੰਪਾਦਿਤ ਜਨੌਰ ਬਾਤਾਂ ਅਤੇ ਡਾ:ਵਣਜਾਰਾ ਬੇਦੀ ਦੀ ਪੁਸਤਕ 'ਬਾਤਾਂ ਮੁੱਢ ਕਦੀਮ ਦੀਆਂ' ਦੋਨੋ ਲੋਕ ਕਹਾਣੀਆਂ ਦੇ ਸੰਗ੍ਰਹਿ ਹਨ। ਪਰੰਤੂ ਇਨ੍ਹਾਂ ਕਹਾਣੀਆਂ ਨੂੰ ਬਾਤਾਂ ਕਿਹਾ ਗਿਆ ਹੈ। ਪਰ ਹੁਣ ਦੇ ਸਮੇਂ ਅੰਦਰ ਕਹਾਣੀਆਂ ਨੂੰ ਬਾਤਾਂ ਕਹਿਣ ਦੀ ਰੁਚੀ ਬੁਹਤ ਹੱਦ ਤੱਕ ਘਟ ਗਈ ਹੈ। ਲੋਕ ਕਹਾਣੀ ਤੋਂ ਭਾਵ ਅਜਿਹਾ ਪਰੰਪਰਾਗਤ ਬਿਰਤਾਂਤ ਹੈ ਜਿਸ ਵਿੱਚ ਲੋਕ ਮਾਨਸ ਦੀ ਅਭਿਵਿਅਕਤੀ ਹੋਵੇ ਅਤੇ ਲੋਕ ਸਮੂਹ ਨੇ ਜਿਸ ਨੂੰ ਪ੍ਰਵਾਨਗੀ ਦੇ ਕੇ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਿਆ ਹੋਵੇ। ਇੰਨਾਂ ਕਹਾਣੀਆਂ ਨਾਲ ਕਿਸੇ ਲੇਖਕ ਦਾ ਨਾਂ ਨਹੀਂ ਜੁੜਿਆ ਹੁੰਦਾ। ਪੰਜਾਬੀ ਲੋਕ ਕਹਾਣੀਆਂ ਦਾ ਖੇਤਰ ਕਾਫ਼ੀ ਵਿਸ਼ਾਲ ਹੈ। ਇੰਨਾਂ ਦੀਆਂ ਕਈ ਵੰਨਗੀਆਂ ਹਨ। ਇਸੇ ਕਾਰਨ ਇਹਨਾਂ ਦੇ ਵਰਗੀਕਰਨ ਸੰਬੰਧੀ ਇੱਕ ਮਤ ਨਹੀਂ। ਇਨ੍ਹਾਂ ਨੂੰ ਹੇਠ ਲਿਖੀਆਂ ਸ੍ਰੇਣੀਆਂ ਵਿੱਚ ਵੰਡਿਆਂ ਜਾਦਾਂ ਹੈ।

 1. ਮਿਥਿਕ ਕਥਾਵਾਂ
 2. ਦੰਤ ਕਥਾਵਾਂ
 3. ਪਸ਼ੂ -ਪੰਛੀਆਂ ਦੀਆਂ ਕਹਾਣੀਆਂ
 4. ਨੀਤੀ ਕਥਾਵਾਂ
 5. ਪਰੀ ਕਹਾਣੀਆਂ
 6. ਪ੍ਰੇਤ ਕਥਾਵਾਂ
 7. ਬੁਝਾਵਨ ਕਹਾਣੀਆਂ
 8. ਟੋਟਕੇ ਜਾਂ ਹਿਕਾਇਤਾਂ

ਲੋਕ ਕਹਾਣੀਆਂ ਪੰਜਾਬੀ ਲੋਕ ਸਾਹਿਤ ਦਾ ਸਭ ਤੋਂ ਵਧੇਰੇ ਲੋਕਪ੍ਰਿਯ ਅਤੇ ਸਰਵ ਪ੍ਰਵਾਨਿਤ ਰੂਪ ਹਨ। ਇਸ ਦੀ ਬੇਪਨਾਹ ਸ਼ਕਤੀ ਹੁਣ ਤੱਕ ਵੀ ਕਾਇਮ ਹੈ। ਪੰਜਾਬੀ ਸਾਹਿਤ ਦੀ ਸਿਰਜਣਾ ਵਿੱਚ ਵੀ ਲੋਕ ਕਹਾਣੀਆਂ ਦਾ ਕਾਫੀ ਯੋਗਦਾਨ ਹੈ। ਇਹ ਕਹਾਣੀਆਂ ਸੰਸਾਰ ਭਰ ਦੇ ਪੰਜਾਬੀਆਂ ਦਾ ਸਾਂਝਾ ਵਿਰਸਾ ਤੇ ਕੀਮਤੀ ਖਜ਼ਾਨਾ ਹਨ।

ਪੰਜਾਬੀ ਬੁਝਾਰਤ[ਸੋਧੋ]

ਪੰਜਾਬੀ ਵਿੱਚ ਬੀਜਣ ਵਾਲੀ ਬਾਤ ਨੂੰ ਬੁਝਾਰਤ ਕਿਹਾ ਜਾਂਦਾ ਹੈ। ਬੁਝਾਰਤ ਜਾ ਬਾਤ ਦਾ ਸ਼ਬਦ ਸਾਹਮਣੇ ਆਉਂਦਿਆਂ ਹੀ ਸਾਡੀ ਕਲਪਨਾ ਸਾਨੂੰ ਬਚਪਨ ਵਿੱਚ ਲੈ ਜਾਂਦੀ ਹੈ। ਜਦੋਂ ਹਰ ਬੱਚਾ ਆਪਣੇ ਬਜੁਰਗਾਂ ਪਾਸੋ ਹੁੰਗਾਰੇ ਵਾਲੀਆਂ ਲੰਮੀਆਂ ਲੰਮੀਆਂ ਬਾਤਾਂ ਸੁਣਨ ਜਾਂ ਬੁਝਾਰਤਾਂ ਨੂੰ ਬੀਜਣ ਦੀ ਪ੍ਰਕਿਰਿਆ ਵਿੱਚੋਂ ਗੁਜਰਿਆ ਸੀ। ਬੁਝਾਰਤ ਲੋਕ ਮਾਨਸ ਦੀ ਅਜਿਹੀ ਮੌਖਿਕ ਅਭਿਵਿਅਕਤੀ ਹੈ ਜਿਸ ਵਿੱਚ ਕੋਈ ਗੁੰਝਲ, ਪ੍ਰਸ਼ਨ, ਅੜਾਉਣੀ/ਘੁੰਡੀ ਹੁੰਦੀ ਹੈ ਅਤੇ ਇਸ ਵਿੱਚ ਹੀ ਬੁਝਾਰਤ ਦਾ ਸਾਰਾ ਰਹੱਸ ਛਿਪਿਆ ਹੁੰਦਾ ਹੈ। ਇਹ ਲੋਕ ਕੰਠ ਦੁਆਰਾ ਪ੍ਰੰਪਰਾਗਤ ਰੂਪ ਵਿੱਚ ਪ੍ਰਾਪਤ ਹੁੰਦੀ ਹੈ ਅਤੇ ਲੋਕ ਸਮੂਹ ਦੀ ਪ੍ਰਵਾਨਗੀ ਹਾਸਿਲ ਕਰਕੇ ਇਕ ਤੋਂ ਦੂਜੀ ਪੀੜ੍ਹੀ ਵਿਰਸੇ ਵਿੱਚ ਮਿਲਦੀ ਹੈ। ਪੰਜਾਬੀ ਬੁਝਾਰਤਾਂ ਦਾ ਵਰਗੀਕਰਣ ਦੀ ਕਾਫੀ ਸਮੱਸਿਆ ਹੈ ਪਰ ਪੰਜਾਬੀ ਬੁਝਾਰਤਾਂ ਦੀਆਂ ਕੁੱਝ ਸ੍ਰੇਣੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ

 1. ਇੱਕ ਤੁਕੀ ਬੁਝਾਰਤਾਂ
 2. ਦੋ ਤੁਕੀਆਂ ਬੁਝਾਰਤਾਂ
 3. ਬਹੁ ਤੁਕੀਆਂ ਬੁਝਾਰਤਾਂ
 4. ਤੁਕਾਂਤ ਰਹਿਤ ਜਾਂ ਗਦ ਰੂਪੀ ਬੁਝਾਰਤਾਂ
 5. ਸੂਤਰਕ ਪੰਕਤੀਆਂ ਵਾਲੀਆਂ ਬੁਝਾਰਤਾਂ
 6. ਸੰਕੇਤਕ ਉੱਤਰ ਵਾਲੀਆਂ ਬੁਝਾਰਤਾਂ

ਸਮੁੱਚੇ ਰੂਪ ਵਿੱਚ ਇਸ ਪੁਸਤਕ ਦਾ ਅਧਿਐਨ ਕਰਨ ਪਤਾ ਚਲਦਾ ਹੈ ਕਿ ਇਸ ਪੁਸਤਕ ਵਿੱਚ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਸੰਬੰਧਤ ਬਹੁਮੁੱਲੀ ਸਮੱਗਰੀ ਤੋਂ ਪਾਠਕ ਨੂੰ ਜਾਣੂ ਕਰਵਾਇਆ ਗਿਆ ਹੈ। ਇਹ ਪੁਸਤਕ ਲੋਕ ਜੀਵਨ ਅਤੇ ਸੱਭਿਆਚਾਰਕ ਦੇ ਬਹੁਤ ਸਾਰੇ ਪੱਖਾਂ ਨੂੰ ਆਪਣੇ ਅੰਦਰ ਸਮੇਟਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਲੋਕਧਾਰਾ ਦੀ ਬਹੁਪੱਖੀ ਜਾਣਕਾਰੀ ਭੰਡਾਰ ਸਾਬਤ ਹੋਵੇਗੀ।

ਹਵਾਲੇ[ਸੋਧੋ]