ਪੰਜਾਬ ਦੀ ਭਾਸ਼ਾ ਅਤੇ ਲਿੱਪੀ ਦੇ ਮਜ਼ਮੂਨ ਸੰਬੰਧੀ ਮਸਲਾ (ਭਗਤ ਸਿੰਘ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

[1923-24 ਦੀ ਗੱਲ ਹੈ। ਪੰਜਾਬ ਹਿੰਦੀ ਸਾਹਿਤ ਸੰਮੇਲਨ ਨੇ ਪੰਜਾਬ ਦੀ ਭਾਸ਼ਾ ਅਤੇ ਲਿੱਪੀ ਦੇ ਮਸਲੇ 'ਤੇ ਲੇਖ ਸੱਦੇ ਸਨ। ਸਭ ਤੋਂ ਵਧੀਆ ਲੇਖ 'ਤੇ 50 ਰੁਪੈ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ। ਇਹ ਸਮਾਂ ਸੀ ਜਦੋਂ ਭਾਸ਼ਾ ਦੇ ਮਸਲੇ ’ਤੇ ਬਹਿਸ ਪੰਜਾਬ ਭਰ ਵਿੱਚ ਚਲਾਈ ਜਾ ਰਹੀ ਸੀ। ਇੱਕ ਪਾਸੇ ਉਰਦੂ ਤੇ ਦੂਜੇ ਪਾਸੇ ਹਿੰਦੀ ਭਾਸ਼ਾ ਦਾ ਪੱਖ ਲਿਆ ਜਾ ਰਿਹਾ ਸੀ। ਭਗਤ ਸਿੰਘ, ਜੋ ਕਿ ਨੈਸ਼ਨਲ ਕਾਲਜ ਦੇ ਵਿਦਿਆਰਥੀ ਸਨ, ਨੇ ਇਹ ਲੇਖ ਉਸ ਮੁਕਾਬਲੇ ਲਈ ਲਿਖਿਆ ਸੀ। ਇਹ ਸਰਵ-ਉੱਤਮ ਲੇਖਾਂ ਵਿੱਚੋਂ ਇੱਕ ਹੋਣ ਕਾਰਨ, ਸੰਮੇਲਨ ਦੇ ਪ੍ਰਧਾਨ ਸਕੱਤਰ ਸ੍ਰੀ ਭੀਮਸੈਨ ਵਿਦਿਆਲੰਕਾਰ ਨੇ ਸਾਂਭੀ ਰੱਖਿਆ ਤੇ 28 ਫਰਵਰੀ, 1933 ਦੇ ਹਿੰਦੀ ਸੰਦੇਸ਼ ਨਾਮੀ ਅਖ਼ਬਾਰ ਵਿੱਚ ਛਾਪਿਆ ਗਿਆ। ਭਗਤ ਸਿੰਘ ਦੇ ਸਾਥੀ ਯਸ਼ਪਾਲ ਜੀ ਨੇ ਵੀ ਇਸ ਲੇਖ ਮੁਕਾਬਲੇ ਲਈ ਆਪਣਾ ਲੇਖ ਦਿੱਤਾ ਸੀ। ਇਸ ਸੰਪਾਦਕ ਨੇ ਉਨ੍ਹਾਂ ਨੂੰ ਇਹ ਲੇਖ ਜਦ ਦਿਖਾਇਆ ਸੀ ਤਾਂ ਉਨ੍ਹਾਂ ਇਸ ਦੀ ਹੋਂਦ ਸਵਿਕਾਰ ਕੀਤੀ ਸੀ। 1923-24 ਵਿੱਚ ਪੰਜਾਬ ਵਿੱਚ ਭਾਸ਼ਾ ਦੇ ਨਾਂ ’ਤੇ ਇੱਕ ਵੱਡਾ ਵਖਰੇਵਾਂ ਤੇ ਬਹਿਸ ਚੱਲ ਰਹੀ ਸੀ। ਉਸ ਬਹਿਸ ਵਿੱਚ ਭਗਤ ਸਿੰਘ ਦਾ ਤਰਕ ਸਮਝਣ ਵਾਲਾ ਹੈ। ਉਨ੍ਹਾਂ ਦੀ ਸਲਾਹ ਕਿ ਮਾਮਲਾ ਮਜ਼ਹਬੀ ਵਿਚਾਰਾਂ ਤੋਂ ਉੱਪਰ ਉੱਠ ਕੇ ਲੋਕ ਜਾਗ੍ਰਤੀ ਨੂੰ ਮੁੱਖ ਰੱਖ ਕੇ ਹੀ ਹੱਲ ਹੋ ਸਕਦਾ ਹੈ। ਇਹ ਭਗਤ ਸਿੰਘ ਦਾ ਪਹਿਲਾ ਲੇਖ ਹੈ, ਜੋ ਅੱਜ ਸਾਨੂੰ ਪ੍ਰਾਪਤ ਹੈ। ਇਸ ਵਿੱਚ ਮੁੱਢਲਾ ਮੁੱਦਾ ਦੇਸ਼ ਵਿੱਚ ਕਰਾਂਤੀ ਲਈ, ਤੇ ਸਮਾਜਿਕ ਤਰੱਕੀ ਲਈ ਸਾਹਿਤ ਦੀ ਜ਼ਰੂਰਤ ਨੂੰ ਪਛਾਣਦੇ ਹੋਏ ਭਾਸ਼ਾ ਦੀ ਮਹੱਤਤਾ ਨੂੰ ਲੈ ਕੇ ਪੰਜਾਬ ਦੀ ਭਾਸ਼ਾ ਅਤੇ ਲਿੱਪੀ 'ਤੇ ਵਿਚਾਰ ਪ੍ਰਗਟਾਏ ਗਏ ਹਨ। ਇਸ ਲੇਖ ਦੇ ਲਿਖਣ ਵੇਲੇ, ਭਗਤ ਸਿੰਘ ਅੰਦਰ ਵਿਗਿਆਨਕ ਸੋਚ ਤੇ ਤਰਕ ਕਾਫ਼ੀ ਪਸਰ ਤੇ ਪੁਖਤਾ ਹੋ ਗਿਆ ਮਿਲਦਾ ਹੈ। —ਸੰਪਾਦਕ (ਜਗਮੋਹਨ ਸਿੰਘ)]

         “ਕਿਸੇ ਸਮਾਜ ਤੇ ਦੇਸ਼ ਨੂੰ ਪਹਿਚਾਨਣ ਦੇ ਲਈ ਉਸ ਸਮਾਜ ਜਾਂ ਦੇਸ਼ ਦੇ ਸਾਹਿਤ ਨਾਲ਼ ਜਾਣ-ਪਛਾਣ ਹੋਣ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ, ਕਿਉਂਕਿ ਸਮਾਜ ਦੇ ਪਰਾਣਾਂ ਦੀ ਚੇਤਨਾ ਉਸ ਸਮਾਜ ਦੇ ਸਾਹਿਤ ਵਿੱਚ ਹੀ ਜ਼ਾਹਰ ਹੋਇਆ ਕਰਦੀ ਹੈ।”

         ਉਪਰੋਕਤ ਉਕਤੀ ਦਾ ਇਤਿਹਾਸ ਗਵਾਹ ਹੈ, ਜਿਸ ਦੇਸ਼ ਦੇ ਸਾਹਿਤ ਦਾ ਵਹਾਅ ਜਿਸ ਪਾਸੇ ਵਗਦਾ ਹੈ, ਠੀਕ ਉਸੇ ਪਾਸੇ ਉਹ ਦੇਸ਼ ਵੀ ਵਧ ਰਿਹਾ ਹੁੰਦਾ ਹੈ। ਕਿਸੇ ਵੀ ਜਾਤੀ ਦੀ ਉੱਨਤੀ ਲਈ, ਉੱਚ ਕੋਟੀ ਦੇ ਸਾਹਿਤ ਦੀ ਲੋੜ ਹੁੰਦੀ ਹੈ। ਜਿਉਂ-ਜਿਉਂ ਦੇਸ਼ ਦਾ ਸਾਹਿਤ ਉੱਚਾ ਉੱਠਦਾ ਹੈ, ਤਿਉਂ-ਤਿਉਂ ਦੇਸ਼ ਤਰੱਕੀ ਕਰਦਾ ਜਾਂਦਾ ਹੈ। ਦੇਸ਼-ਭਗਤ, ਚਾਹੇ ਉਹ ਨਿਰੇ ਸਮਾਜ ਸੁਧਾਰਕ ਹੋਣ ਜਾਂ ਰਾਜਨੀਤਕ ਨੇਤਾ, ਉਹ ਸਭ ਤੋਂ ਵੱਧ ਧਿਆਨ ਦੇਸ਼ ਦੇ ਸਾਹਿਤ ਵੱਲ ਹੀ ਦੇਂਦੇ ਹਨ। ਜੇ ਉਹ ਮੌਕੇ ਦੇ ਮਸਲਿਆਂ ਜਾਂ ਹਾਲਤਾਂ ਦੇ ਮੁਤਾਬਕ ਨਵਾਂ ਸਾਹਿਤ ਨਹੀਂ ਸਿਰਜਦੇ ਤਾਂ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਬਗ਼ੈਰ ਫਲ ਰਹਿ ਜਾਂਦੀਆਂ ਹਨ ਅਤੇ ਉਨ ਦੇ ਕੰਮ ਸਥਾਈ ਰੂਪ ਨਹੀਂ ਲੈ ਪਾਉਂਦੇ।

         ਸ਼ਾਇਦ ਗੈਰੀਬਾਲਡੀ ਨੂੰ ਏਨੀ ਜਲਦੀ ਫੌਜਾਂ ਨਾ ਮਿਲ ਸਕਦੀਆਂ ਜੇ ਮੇਜਨੀ ਨੇ 30 ਸਾਲ ਦੇਸ਼ ਵਿੱਚ ਸਾਹਿਤ ਅਤੇ ਸਾਹਿਤਕ ਜਾਗ੍ਰਿਤੀ ਪੈਦਾ ਕਰਨ ਵਾਸਤੇ ਨਾ ਲਗਾਏ ਹੁੰਦੇ। ਆਇਰਲੈਂਡ ਮੁੜ ਜਾਗ੍ਰਿਤੀ ਦੇ ਨਾਲ਼ ਹੀ ਗੈਲਿਕ ਭਾਸ਼ਾ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਵੀ ਬੜੀ ਤੇਜ਼ੀ ਨਾਲ਼ ਕੀਤੀਆਂ ਗਈਆਂ। ਸ਼ਾਸਕ ਲੋਕ ਆਇਰਿਸ਼ੀ ਲੋਕਾਂ ਨੂੰ ਦਬਾਈ ਰੱਖਣ ਲਈ ਉਨ੍ਹਾਂ ਦੀ ਭਾਸ਼ਾ ਦਾ ਦਮਨ ਵੀ ਓਨਾ ਹੀ ਜ਼ਰੂਰੀ ਸਮਝਦੇ ਸੀ। ਇੱਥੋਂ ਤੱਕ ਕਿ ਗੈਲਿਕ ਭਾਸ਼ਾ ਵਿੱਚ ਇੱਕ ਅੱਧ ਕਵਿਤਾ ਰੱਖਣ ਦੇ ਕਾਰਨ ਛੋਟੇ-ਛੋਟੇ ਬੱਚਿਆਂ ਨੂੰ ਸਜ਼ਾ ਦਿੱਤੀ ਜਾਂਦੀ ਸੀ। ਰੂਸੋ, ਵਾਲਟੀਅਰ ਦੇ ਸਾਹਿਤ ਦੇ ਬਗ਼ੈਰ ਫ਼ਰਾਂਸ ਦੀ ਰਾਜ ਕਰਾਂਤੀ ਨਹੀਂ ਆ ਸਕਦੀ ਸੀ। ਜੇ ਟਾਲਸਟਾਏ, ਕਾਰਲ ਮਾਰਕਸ ਅਤੇ ਮੈਕਸਿਮ ਗੋਰਕੀ ਆਦਿ ਨੇ ਨਵਾਂ ਸਾਹਿਤ ਪੈਦਾ ਕਰਨ ਵਿੱਚ ਸਾਲਾਂ ਭਰ ਦੀ ਮਿਹਨਤ ਨਾ ਪਾਈ ਹੁੰਦੀ ਤਾਂ ਰੂਸ ਵਿੱਚ ਕਰਾਂਤੀ ਨਹੀਂ ਹੋ ਸਕਦੀ ਸੀ, ਕਮਿਊਨਿਜ਼ਮ ਦਾ ਪ੍ਰਚਾਰ ਤੇ ਪਰਸਾਰ ਤਾਂ ਦੂਰ ਰਿਹਾ।

         ਇਹੀ ਹਾਲਤ ਅਸੀਂ ਸਮਾਜਿਕ ਅਤੇ ਧਾਰਮਿਕ ਸੁਧਾਰਕਾਂ ਵਿੱਚ ਦੇਖ ਸਕਦੇ ਹਾਂ। ਕਬੀਰ ਦੇ ਸਾਹਿਤ ਦੇ ਕਾਰਨ ਉਨ੍ਹਾਂ ਦੇ ਭਾਵਾਂ ਦਾ ਪੱਕਾ ਪ੍ਰਭਾਵ ਦਿਸ ਸਕਿਆ। ਅੱਜ ਤੱਕ ਉਨ੍ਹਾਂ ਦੀ ਮਧੁਰ, ਤੇ ਸਰਲ ਕਵਿਤਾਵਾਂ ਨੂੰ ਸੁਣ ਕੇ ਲੋਕ ਮੁਗਧ ਹੋ ਜਾਂਦੇ ਹਨ।

         ਠੀਕ ਇਹੀ ਗੱਲ ਗੁਰੂ ਨਾਨਕ ਦੇਵ ਜੀ ਦੇ ਬਾਰੇ ਕਹੀ ਜਾ ਸਕਦੀ ਹੈ। ਸਿੱਖ ਗੁਰੂਆਂ ਨੇ ਆਪਣੇ ਮੱਤ ਦੇ ਪ੍ਰਚਾਰ ਨਾਲ਼ ਜਦ ਨਵੇਂ ਸੰਪਰਦਾਏ ਦੀ ਨੀਂਹ ਰੱਖਣੀ ਸ਼ੁਰੂ ਕੀਤੀ ਤਾਂ ਉਸ ਸਮੇਂ ਉਨ੍ਹਾਂ ਨੇ ਨਵੇਂ ਸਾਹਿਤ ਦੀ ਲੋੜ ਵੀ ਮਹਿਸੂਸ ਕੀਤੀ ਅਤੇ ਇਸੇ ਵਿਚਾਰ ਨਾਲ਼ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿੱਪੀ ਬਣਾਈ। ਸਦੀਆਂ ਤਕ ਲਗਾਤਾਰ ਲੜਾਈਆਂ ਕਰਕੇ ਅਤੇ ਮੁਸਲਮਾਨਾਂ ਦੇ ਹਮਲਿਆਂ ਦੇ ਕਾਰਨ ਪੰਜਾਬ ਵਿੱਚ ਸਾਹਿਤ ਦੀ ਘਾਟ ਆ ਗਈ ਸੀ। ਹਿੰਦੀ ਭਾਸ਼ਾ ਵੀ ਗੁੰਮ ਜਿਹੀ ਹੋ ਗਈ ਸੀ, ਜਿਸ ਵੇਲੇ ਕਿਸੇ ਭਾਰਤੀ ਲਿੱਪੀ ਨੂੰ ਹੀ ਅਪਨਾਉਣ ਦੇ ਲਈ ਉਨ੍ਹਾਂ ਨੇ ਕਸ਼ਮੀਰੀ ਲਿੱਪੀ ਨੂੰ ਅਪਨਾ ਲਿਆ। ਇਸਦੇ ਬਾਅਦ ਗੁਰੂ ਅਰਜੁਨ ਦੇਵ ਜੀ ਅਤੇ ਭਾਈ ਗੁਰਦਾਸ ਜੀ ਨੇ ਯਤਨ ਕਰਕੇ ਆਦਿ ਗ੍ਰੰਥ ਰਚਿਆ। ਆਪਣੀ ਲਿੱਪੀ ਅਤੇ ਆਪਣਾ ਸਾਹਿਤ ਬਣਾ ਕੇ ਆਪਣੇ ਮੱਤ ਨੂੰ ਸਥਾਈ ਰੂਪ ਦੇਣ ਵਿੱਚ ਉਨ੍ਹਾਂ ਨੇ ਇਹ ਬਹੁਤ ਪ੍ਰਭਾਵਸ਼ਾਲੀ ਤੇ ਉਪਯੋਗੀ ਕਦਮ ਉਠਾਇਆ ਸੀ।

         ਉਸਦੇ ਬਾਅਦ ਜਿਵੇਂ-ਜਿਵੇਂ ਹਾਲਾਤ ਬਦਲਦੇ ਗਏ, ਤਿਵੇਂ-ਤਿਵੇਂ ਸਾਹਿਤ ਦੀ ਧਾਰਾ ਵੀ ਬਦਲਦੀ ਗਈ। ਗੁਰੂਆਂ ਦੇ ਲਗਾਤਾਰ ਬਲੀਦਾਨ ਤੇ ਕਸ਼ਟ ਸਹਿਣ ਨਾਲ਼ ਹਾਲਾਤ ਬਦਲਦੇ ਗਏ। ਜਿੱਥੇ ਪਹਿਲੇ ਗੁਰੂ ਦਾ ਉਪਦੇਸ਼ ਸੀ: ਭਗਤੀ ਅਤੇ ਆਪਣੇ ਆਪ ਨੂੰ ਭੁੱਲ ਜਾਣ ਦੇ ਭਾਵ ਸੁਣਦੇ ਹਾਂ ਅਤੇ ਹੇਠ ਲਿਖੇ ਪਦ ਵਿੱਚ ਕਮਾਲ ਆਜੀਜ਼ੀ ਦਾ ਭਾਵ ਪਾਉਂਦੇ ਹਾਂ।

ਨਾਨਕ ਨਨੇਂ ਹੋ ਰਹੇ, ਜੇਸੀ ਨਨਹੀਂ ਦੂਬ।

ਔਰ ਘਾਸ ਜਰਿ ਜਾਤ ਹੈ, ਦੂਬ ਖੂਬ ਕੀ ਖੂਬ॥

         ਉਥੇ ਅਸੀਂ ਨੌਵੇਂ ਗੁਰੂ ਸ੍ਰੀ ਤੇਗ਼ ਬਹਾਦਰ ਜੀ ਦੇ ਉਪਦੇਸ਼ ਵਿੱਚ ਦੱਬੇ ਲੋਕਾਂ ਦੀ ਹਮਦਰਦੀ ਅਤੇ ਮਦਦ ਦਾ ਭਾਵ ਪਾਉਂਦੇ ਹਾਂ।

ਬਾਂਹ ਜਿਨਾਂ ਦੀ ਪਕੜੀਏ, ਸਿਰ ਦੀਜੇ ਬਾਂਹ ਨਾ ਛੋੜੀਏ।

ਗੁਰੂ ਤੇਗ਼ ਬਹਾਦਰ ਬੋਲਿਆ, ਧਰਤੀ ਪੈ ਧਰਮ ਨਾ ਛੋੜੀਏ।

         ਉਨ੍ਹਾਂ ਦੇ ਬਲੀਦਾਨ ਬਾਅਦ ਅਸੀਂ ਇਕਦਮ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ ਵਿੱਚ ਕਸ਼ੱਤਰੀ ਧਰਮ ਦਾ ਭਾਵ ਪਾਉਂਦੇ ਹਾਂ। ਜਦ ਉਨ੍ਹਾਂ ਨੇ ਦੇਖਿਆ ਕੇ ਹੁਣ ਕੇਵਲ ਭਗਤੀ-ਭਾਵ ਦੇ ਨਾਲ਼ ਹੀ ਕੰਮ ਨਹੀਂ ਚੱਲੇਗਾ ਤਾਂ ਉਨ੍ਹਾਂ ਨੇ ਚੰਡੀ ਦੀ ਪੂਜਾ ਵੀ ਆਰੰਭ ਕਰ ਦਿੱਤੀ ਅਤੇ ਭਗਤੀ ਅਤੇ ਕਸ਼ੱਤਰੀ ਧਰਮ ਦਾ ਮੇਲ ਕਰਕੇ ਸਿੱਖ ਸਮੂਦਾਏ ਨੂੰ ਭਗਤਾਂ ਅਤੇ ਯੋਧਿਆਂ ਦਾ ਇਕੱਠ ਬਣਾ ਦਿੱਤਾ। ਉਨ੍ਹਾਂ ਦੀ ਕਵਿਤਾ (ਸਾਹਿਤ) ਵਿੱਚ ਅਸੀਂ ਨਵਾਂ ਭਾਵ ਦੇਖਦੇ ਹਾਂ।

         ਇਹ ਲਿਖਦੇ ਹਨ :

ਜੇ ਤੋਹੇ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ।

ਜੇ ਇਤ ਮਾਰਗ ਪੈਰ ਧਰੀਜੇ, ਸਿਰ ਦੀਜੇ ਕਾਣ ਨਾ ਕੀਜੈ ॥

         ਅਤੇ ਫਿਰ.............

ਸੂਰਾ ਸੋ ਪਹਿਚਾਨੀਏ, ਜੋ ਲੜੇ ਦੀਨ ਕੇ ਹੇਤ।

ਪੁਰਜਾ ਪੁਰਜਾ ਕੱਟ ਮਰੇ, ਕਭੂੰ ਨਾ ਛਾਡੇ ਖੇਤ॥

         ਅਤੇ ਫਿਰ ਇਕਾ ਇੱਕ ਖੜਰਾਗ ਦੀ ਪੂਜਾ ਸ਼ੁਰੂ ਹੋ ਜਾਂਦੀ ਹੈ :

ਖਗ ਖੰਡ ਵਿਹੰਡ, ਖਲ ਦਲ ਖੰਡ ਚਮਤਿ ਰਨ ਮੰਡ ਚੰਡ।

ਭੁਜ ਦੰਡ ਅਖੰਡ, ਤੇਜ ਪਰਚੰਡ ਜੌਤੇ ਅਭੰਡ ਭਾਨੂ ਭਨ॥

         ਇਨ੍ਹਾਂ ਭਾਵਾਂ ਨੂੰ ਲੈ ਕੇ ਬਾਬਾ ਬੰਦਾ ਆਦਿ ਮੁਸਲਮਾਨਾਂ ਦੇ ਵਿਰੁੱਧ ਲਗਾਤਾਰ ਯੁੱਧ ਕਰਦੇ ਰਹੇ, ਪਰ ਉਸਦੇ ਬਾਅਦ ਅਸੀਂ ਦੇਖਦੇ ਹਾਂ ਕੇ ਜਦ ਸਿੱਖ ਸੰਪਰਦਾਅ ਇੱਕ ਅਰਾਜਕਤਾ ਦਾ ਸਮੂਹ ਰਹਿ ਜਾਂਦਾ ਹੈ ਅਤੇ ਜਦ ਉਹ ਗ਼ੈਰ-ਕਾਨੂੰਨੀ ਕਰਾਰ ਦਿੱਤੇ ਜਾਂਦੇ ਹਨ, ਤਦ ਉਨ੍ਹਾਂ ਨੂੰ ਲਗਾਤਾਰ ਜੰਗਲਾਂ ਵਿੱਚ ਹੀ ਰਹਿਣਾ ਪੈਂਦਾ ਹੈ। ਹੁਣ ਨਵੇਂ ਸਾਹਿਤ ਦੀ ਸਿਰਜਣਾ ਨਹੀਂ ਹੋ ਸਕਦੀ। ਉਨ੍ਹਾਂ ਵਿੱਚ ਨਵੇਂ ਭਾਵ ਨਹੀਂ ਭਰੇ ਜਾ ਸਕਦੇ। ਉਨ੍ਹਾਂ ਵਿੱਚ ਵਿਦਿਆਰਥੀਆਂ ਦੀ ਬਿਰਤੀ ਸੀ, ਵੀਰਤਾ ਅਤੇ ਬਲੀਦਾਨ ਦਾ ਭਾਵ ਸੀ ਅਤੇ ਮੁਸਲਮਾਨ ਸ਼ਾਸਕਾਂ ਦੇ ਵਿਰੁੱਧ ਜੰਗ ਕਰਦੇ ਰਹਿਣ ਦਾ ਭਾਵ ਸੀ, ਪਰ ਉਸਦੇ ਬਾਅਦ ਕੀ ਕਰਨਾ ਹੋਵੇਗਾ, ਉਸਨੂੰ ਉਹ ਭਲੀ ਭਾਂਤ ਨਹੀਂ ਸਮਝ ਸਕੇ। ਤਾਂ ਹੀ ਤੇ ਉਨ੍ਹਾਂ ਵੀਰ ਯੋਧਿਆਂ ਦੇ ਸਮੂਹ (ਮਿਸਲਾਂ) ਆਪਸ ਵਿੱਚ ਭਿੜ ਗਈਆਂ। ਏਥੇ ਤਕ ਕਿ ਮੌਕੇ ਲਈ ਠੀਕ ਭਾਵਾਂ ਦੀ ਘਾਟ ਬਹੁਤ ਬੁਰੀ ਤਰ੍ਹਾਂ ਰੜਕਦੀ ਹੈ। ਜੇ ਬਾਅਦ ਵਿੱਚ ਰਣਜੀਤ ਸਿੰਘ ਜਿਹਾ ਵੀਰ ਯੋਧਾ ਅਤੇ ਚਾਲਾਕ ਸ਼ਾਸਕ ਨਾ ਨਿਕਲ ਆਉਂਦਾ ਤਾਂ ਸਿੱਖਾਂ ਨੂੰ ਇਕੱਠ ਕਰਨ ਲਈ ਕੋਈ ਉੱਚ ਆਦਰਸ਼ ਅਥਵਾ ਭਾਵ ਬਾਕੀ ਨਹੀਂ ਰਹਿ ਗਿਆ ਸੀ।

         ਇਸ ਸਾਰੀ ਗੱਲਬਾਤ ਦੇ ਨਾਲ਼ ਇੱਕ ਹੋਰ ਗੱਲ ਦਾ ਖ਼ਾਸ ਧਿਆਨ ਰੱਖਣ ਵਾਲਾ ਹੈ। ਸੰਸਕ੍ਰਿਤ ਦਾ ਸਾਰਾ ਸਾਹਿਤ ਹਿੰਦੂ ਸਮਾਜ ਨੂੰ ਮੁੜ ਸੁਰਜੀਤ ਨਾਕਰ ਸਕਿਆ। ਇਸ ਲਈ ਮੌਕੇ ਮੁਤਾਬਕ ਭਾਸ਼ਾ ਵਿੱਚ ਨਵੇਂ ਸਾਹਿਤ ਦੀ ਸਿਰਜਣਾ ਕੀਤੀ ਗਈ। ਉਸ ਮੌਕੇ ਮੁਤਾਬਕ ਭਾਵ ਦੇ ਸਾਹਿਤ ਨੇ ਆਪਣਾ ਜੋ ਪ੍ਰਭਾਵ ਦਿਖਾਇਆ ਉਹੀ ਅਸੀਂ ਅੱਜ ਤਕ ਅਨੁਭਵ ਕਰਦੇ ਹਾਂ। ਇੱਕ ਅੱਛੇ ਸਮਝਦਾਰ ਆਦਮੀ ਲਈ ਔਖੀ ਸੰਸਕ੍ਰਿਤ ਦੇ ਮੰਤਰ ਅਤੇ ਪੁਰਾਣੀ ਅਰਬੀ ਦੀਆਂ ਆਇਤਾਂ ਏਨੀਆਂ ਅਸਰਦਾਰ ਨਹੀਂ ਹੋ ਸਕਦੀਆਂ ਜਿੰਨੀਆਂ ਕੇ ਉਸਦੀ ਆਪਣੀ ਸਾਧਾਰਨ ਭਾਸ਼ਾ ਦੀਆਂ ਸਾਧਾਰਨ ਗੱਲਾਂ।

         ਉੱਪਰ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਦਾ ਸੰਖੇਪ ਇਤਿਹਾਸ ਲਿਖਿਆ ਗਿਆ ਹੈ। ਹੁਣ ਅਸੀਂ ਵਰਤਮਾਨ ਹਾਲਾਤ 'ਤੇ ਆਉਂਦੇ ਹਾਂ। ਲਗਭਗ ਇਕੋ ਹੀ ਸਮੇਂ 'ਤੇ ਬੰਗਾਲ ਵਿੱਚ ਸਵਾਮੀ ਵਿਵੇਕਾਨੰਦ ਅਤੇ ਪੰਜਾਬ ਵਿੱਚ ਸਵਾਮੀ ਰਾਮਤੀਰਥ ਪੈਦਾ ਹੋਏ। ਦੋਨੋਂ ਹੀ ਇਕੋ ਦਰਜੇ ਦੇ ਮਹਾਂਪੁਰਸ਼ ਸਨ। ਦੋਨਾਂ ਨੇ ਵਿਦੇਸ਼ਾਂ ਵਿੱਚ ਭਾਰਤੀ ਤੱਤਵ ਗਿਆਨ ਦੀ ਧਾਂਕ ਜਮਾ ਕੇ ਖ਼ੁਦ ਜਗਤ ਪ੍ਰਸਿੱਧੀ ਪ੍ਰਾਪਤ ਕੀਤੀ। ਪਰ ਸਵਾਮੀ ਵਿਵੇਕਾਨੰਦਦਾ ਮਿਸ਼ਨ ਬੰਗਾਲ ਵਿੱਚ ਇੱਕ ਪੱਕੀ ਸੰਸਥਾ ਬਣ ਗਿਆ। ਪਰ ਪੰਜਾਬ ਵਿੱਚ ਸਵਾਮੀ ਰਾਮਤੀਰਥ ਦੀ ਯਾਦਗਾਰ ਤਕ ਨਹੀਂ ਦਿੱਸਦੀ। ਉਨ੍ਹਾਂ ਦੋਨਾਂ ਦੇ ਵਿਚਾਰਾਂ ਵਿੱਚ ਭਾਰੀ ਫ਼ਰਕ ਰਹਿਣ 'ਤੇ ਵੀ ਇੱਕ ਗਹਿਰੀ ਇੱਕਸਾਰਤਾ ਦੇਖਦੇ ਹਾਂ। ਜਿਥੇ ਸਵਾਮੀ ਵਿਵੇਕਾਨੰਦ ਕਰਮਯੋਗ ਦਾ ਪ੍ਰਚਾਰ ਕਰ ਰਹੇ ਸਨ, ਉੱਥੇ ਸਵਾਮੀ ਰਾਮਤੀਰਥ ਜੀ ਮਸਤਾਨਾਵਾਰ ਗਾਇਆ ਕਰਦੇ ਸਨ :

ਹਮ ਰੂਖੇ ਟੁਕੜੇ ਖਾਏਂਗੇ, ਭਾਰਤ ਪਰ ਵਾਰੇ ਜਾਏਂਗੇ।

ਹਮ ਸੂਖੇ ਚਨੇ ਚਬਾਏਂਗੇ, ਭਾਰਤ ਕੀ ਬਾਤ ਬਨਾਏਂਗੇ।

ਹਮ ਨੰਗੇ ਉਮਰ ਬਿਤਾਏਂਗੇ, ਭਾਰਤ ਪਰ ਜਾਨ ਮਿਟਾਏਂਗੇ।

              ਉਹ ਕਈ ਵਾਰ ਅਮਰੀਕਾ ਵਿੱਚ ਅਸਤ ਹੁੰਦੇ ਸੂਰਜ ਨੂੰ ਦੇਖ ਕੇ ਆਂਸੂ ਵਗਾਉਂਦੇ ਹੋਏ ਕਹਿ ਉੱਠਦੇ ਸਨ—“ਤੂੰ ਹੁਣ ਮੇਰੇ ਪਿਆਰੇ ਭਾਰਤ ਵਿੱਚ ਚੜ੍ਹਨ ਜਾ ਰਿਹਾ ਹੈ, ਮੇਰੇ ਇਨ੍ਹਾਂ ਆਂਸੂਆਂ ਨੂੰ ਭਾਰਤ ਦੇ ਸੁੰਦਰ ਹਰੇ ਖੇਤਾਂ ਵਿੱਚ ਉਸ ਦੀਆਂ ਬੂੰਦਾਂ ਦੇ ਰੂਪ ਵਿੱਚ ਰੱਖ ਦੇਣਾ।" ਏਨਾ ਮਹਾਨ ਦੇਸ਼ ਅਤੇ ਈਸ਼ਵਰ ਭਗਤ ਸਾਡੇ ਸੂਬੇ ਵਿੱਚ ਪੈਦਾ ਹੋਇਆ ਹੋਵੇ, ਪਰ ਉਸਦੀ ਯਾਦਗਾਰ ਤਕ ਨਾ ਦਿੱਸੇ, ਇਸਦਾ ਕਾਰਨ ਸਾਹਿਤਕ ਪਿਛੜਿਆਪਨ ਦੇ ਇਲਾਵਾ ਹੋਰ ਕੀ ਹੋ ਸਕਦਾ ਸੀ।

         ਇਹ ਗੱਲ ਅਸੀਂ ਹਰ ਪੈਰ ਪੈਰ 'ਤੇ ਅਨੁਭਵ ਕਰਦੇ ਹਾਂ। ਬੰਗਾਲ ਦੇ ਮਹਾਪੁਰਸ਼ ਸ੍ਰੀ ਰਵਿੰਦਰ ਠਾਕੁਰ ਅਤੇ ਸ੍ਰੀ ਕੇਸ਼ਵ ਚੰਦਰ ਸੇਨ ਦੀ ਟੱਕਰ ਦੇ ਪੰਜਾਬ ਵਿੱਚ ਕਈ ਮਹਾਪੁਰਸ਼ ਹੋਏ ਹਨ, ਪਰ ਉਨ੍ਹਾਂ ਦੀ ਉਹ ਕਦਰ ਨਹੀਂ ਅਤੇ ਮਰਨ ਦੇ ਬਾਅਦ ਉਹ ਜਲਦੀ ਹੀ ਭੁਲਾ ਦਿੱਤੇ ਗਏ, ਜਿਵੇਂ ਗੁਰੂ ਗਿਆਨ ਸਿੰਘ ਜੀ ਇਤਿਆਦਿ। ਇਸ ਸਾਰੇ ਦੀ ਤਹਿ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਹੀ ਮੁੱਖ ਕਾਰਨ ਹੈ ਅਤੇ ਉਹ ਹੈ ਸਾਹਿਤਕ ਰੁਚੀ ਜਾਗ੍ਰਿਤੀ ਦੀ ਪੂਰੀ ਤਰ੍ਹਾਂ ਘਾਟ।

         ਇਹ ਤਾਂ ਪੱਕੀ ਗੱਲ ਹੈ ਕਿ ਸਾਹਿਤ ਦੇ ਬਿਨਾਂ ਕੋਈ ਦੇਸ਼ ਅਤੇ ਜਾਤੀ ਉਨਤੀ ਨਹੀਂ ਕਰ ਸਕਦੀ। ਪਰ ਸਾਹਿਤ ਲਈ ਸਭ ਤੋਂ ਪਹਿਲਾਂ ਭਾਸ਼ਾ ਦੀ ਜ਼ਰੂਰਤ ਹੁੰਦੀ ਹੈ ਅਤੇ ਪੰਜਾਬ ਵਿੱਚ ਉਹ ਨਹੀਂ ਹੈ। ਇੰਨੇ ਦਿਨਾਂ ਤੋਂ ਇਹ ਘਾਟ ਮਹਿਸੂਸ ਕਰਦੇ ਰਹਿਣ 'ਤੇ ਵੀ ਅਜੇ ਤਕ ਭਾਸ਼ਾ ਦਾ ਕੋਈ ਫੈਸਲਾ ਨਹੀਂ ਹੋ ਪਾਇਆ। ਇਸਦਾ ਮੁੱਖ ਕਾਰਨ ਹੈ ਸਾਡੇ ਸੂਬੇ ਦੀ ਬਦਕਿਸਮਤੀ ਨਾਲ਼ ਭਾਸ਼ਾ ਨੂੰ ਮਜ਼ਹਬੀ ਮਸਲਾ ਬਣਾ ਦੇਣਾ। ਦੂਸਰੇ ਸੂਬਿਆਂ ਵਿੱਚ ਅਸੀਂ ਦੇਖਦੇ ਹਾਂ ਕਿ ਮੁਸਲਮਾਨਾਂ ਨੇ ਸੂਬਾਈ ਭਾਸ਼ਾ ਨੂੰ ਖ਼ੂਬ ਅਪਨਾ ਲਿਆ ਹੈ। ਬੰਗਾਲ ਦੇ ਸਾਹਿਤਕ ਖੇਤਰ ਵਿੱਚ ਕਵੀ ਨਜ਼ਰ-ਉਲ-ਇਸਲਾਮ ਇੱਕ ਚਮਕਦਾ ਸਿਤਾਰਾ ਹੈ। ਹਿੰਦੀ ਕਵੀਆਂ ਵਿੱਚ ਲਤੀਫ ਹੁਸੈਨ ‘ਨਟਵਰ’ ਉਲੇਖਨੀਆ ਹੈ। ਏਸੇ ਤਰ੍ਹਾਂ ਗੁਜਰਾਤ ਵਿੱਚ ਵੀ ਹੈ, ਪਰ ਬਦਕਿਸਮਤੀ ਹੈ ਪੰਜਾਬ ਦੀ। ਏਥੇ ਮੁਸਲਮਾਨਾਂ ਦਾ ਸਵਾਲ ਤਾਂ ਵੱਖਰਾ ਰਿਹਾ, ਹਿੰਦੂ ਸਿੱਖ ਵੀ ਇਸ ਗੱਲ 'ਤੇ ਨਹੀਂ ਮਿਲ ਸਕੇ।

             

         ਪੰਜਾਬ ਦੀ ਭਾਸ਼ਾ ਦੂਸਰੇ ਸੂਬਿਆਂ ਦੀ ਤਰ੍ਹਾਂ ਪੰਜਾਬੀ ਹੀ ਹੋਣੀ ਚਾਹੀਦੀ ਸੀ, ਫਿਰ ਕਿਉਂ ਨਹੀਂ ਹੋਈ, ਇਹ ਸਵਾਲ ਸਹਿਵਨ ਹੀ ਉੱਠਦਾ ਹੈ। ਪਰ ਏਥੋਂ ਦੇ ਮੁਸਲਮਾਨਾਂ ਨੇ ਉਰਦੂ ਨੂੰ ਅਪਨਾਇਆ। ਮੁਸਲਮਾਨਾਂ ਵਿੱਚ ਭਾਰੀਅਤਾ ਦੀ ਹਰ ਤਰ੍ਹਾਂ ਘਾਟ ਹੈ, ਇਸ ਲਈ ਉਹ ਸਾਰੇ ਭਾਰਤ ਵਿੱਚ ਭਾਰੀਅਤਾ ਦੀ ਮਹੱਤਤਾ ਨਾ ਸਮਝ ਕੇ ਅਰਬੀ ਲਿੱਪੀ ਅਤੇ ਫਾਰਸੀ ਭਾਸ਼ਾ ਦਾ ਪਰਚਾਰ ਕਰਨਾ ਚਾਹੁੰਦੇ ਹਨ। ਸਾਰੇ ਭਾਰਤ ਦੀ ਇੱਕ ਭਾਸ਼ਾ ਅਤੇ ਉਹ ਵੀ ਹਿੰਦੀ ਹੋਣ ਦਾ ਮਹੱਤਵ ਉਨਾਂ ਦੀ ਸਮਝ ਵਿੱਚ ਨਹੀਂ ਆਉਂਦਾ। ਇਸ ਲਈ ਉਹ ਤਾਂ ਆਪਣੀ ਉਰਦੂ ਦੀ ਫੌਂਟ ਲਗਾਂਦੇ ਰਹੇ ਅਤੇ ਇੱਕ ਪਾਸੇ ਹੋ ਕੇ ਬੈਠ ਗਏ।

         ਫਿਰ ਸਿੱਖਾਂ ਦੀ ਵਾਰੀ ਆਈ। ਉਨ੍ਹਾਂ ਦਾ ਸਾਰਾ ਸਾਹਿਤ ਗੁਰਮੁੱਖੀ ਲਿੱਪੀ ਵਿੱਚ ਹੈ। ਭਾਸ਼ਾ ਵਿੱਚ ਅੱਛੀ ਖਾਸੀ ਹਿੰਦੀ ਹੈ। ਪਰ ਮੁੱਖ ਪੰਜਾਬੀ ਭਾਸ਼ਾ ਹੈ। ਇਸ ਲਈ ਸਿੱਖਾਂ ਨੇ ਗੁਰਮੁੱਖੀ ਲਿੱਪੀ ਵਿੱਚ ਲਿਖੀ ਜਾਣ ਵਾਲੀ ਪੰਜਾਬੀ ਭਾਸ਼ਾ ਨੂੰ ਅਪਨਾ ਲਿਆ। ਉਹ ਉਸਨੂੰ ਕਿਸੇ ਤਰ੍ਹਾਂ ਛੱਡ ਨਹੀਂ ਸਕਦੇ। ਉਹ ਉਸ ਨੂੰ ਮਜਹਬੀ ਭਾਸ਼ਾ ਬਣਾ ਕੇ ਉਸ ਨਾਲ਼ ਚਿਪਕ ਗਏ ਹਨ।

         ਏਧਰ ਆਰੀਆ ਸਮਾਜ ਦਾ ਸੰਚਾਰ ਹੋਇਆ। ਸਵਾਮੀ ਦਯਾਨੰਦ ਸਰਸਵਤੀ ਨੇ ਸਾਰੇ ਭਾਰਤਵਰਸ਼ ਵਿੱਚ ਹਿੰਦੀ ਦਾ ਪਰਚਾਰ ਕਰਨ ਦਾ ਭਾਵ ਰੱਖਿਆ। ਹਿੰਦੀ ਭਾਸ਼ਾ ਆਰੀਆ ਸਮਾਜ ਦਾ ਇੱਕ ਧਾਰਮਿਕ ਅੰਗ ਬਣ ਗਈ। ਧਾਰਮਿਕ ਅੰਗ ਬਣ ਜਾਣ ਦਾ ਇੱਕ ਲਾਭ ਤਾਂ ਹੋਇਆ ਕਿ ਸਿੱਖਾਂ ਦੀ ਕੱਟੜਤਾ ਨਾਲ਼ ਪੰਜਾਬੀ ਦੀ ਰੱਖਿਆ ਹੋ ਗਈ ਅਤੇ ਆਰੀਆ ਸਮਾਜੀਆਂ ਦੀ ਕੱਟੜਤਾ ਨਾਲ਼ ਹਿੰਦੀ ਭਾਸ਼ਾ ਨੇ ਆਪਣਾ ਥਾਂ ਬਣਾ ਲਿਆ।

         ਆਰੀਆ ਸਮਾਜ ਸ਼ੁਰੂ ਦੇ ਦਿਨਾਂ ਵਿੱਚ ਸਿੱਖਾਂ ਅਤੇ ਆਰੀਆ ਸਮਾਜੀਆਂ ਦੀਆਂ ਧਾਰਮਿਕ ਸਭਾਵਾਂ ਇੱਕ ਥਾਂ ਹੀ ਹੁੰਦੀਆਂ ਸਨ। ਤਦ ਉਨ੍ਹਾਂ ਵਿੱਚ ਕੋਈ ਭੇਦ-ਭਾਵ ਨਹੀਂ ਸੀ, ਪਰ ਪਿੱਛੋਂ ‘ਸਤਿਆਰਥ ਪ੍ਰਕਾਸ਼' ਦੇ ਕਿਸੇ ਦੋ-ਇੱਕ ਵਾਕਾਂ ਦੇ ਕਾਰਨ ਆਪਸ ਵਿੱਚ ਮਨਾਂ ਦੀ ਦੂਰੀ ਬਹੁਤ ਵੱਧ ਗਈ, ਅਤੇ ਇੱਕ-ਦੂਜੇ ਤੋਂ ਘਿਰਣਾ ਹੋਣ ਲੱਗੀ। ਇਸੇ ਵਹਾਅ ਵਿੱਚ ਵਹਿ ਕੇ ਸਿੱਖ ਲੋਗ ਹਿੰਦੀ ਭਾਸ਼ਾ ਨੂੰ ਵੀ ਘਿਰਣਾ ਦੀ ਨਜ਼ਰ ਨਾਲ਼ ਦੇਖਣ ਲੱਗੇ। ਦੂਸਰਿਆਂ ਨੇ ਇਸ ਵੱਲ ਬਿਲਕੁਲ ਹੀ ਧਿਆਨ ਨਾ ਦਿੱਤਾ।

         ਬਾਅਦ ਵਿੱਚ ਕਹਿੰਦੇ ਹਨ ਕਿ ਆਰੀਆ ਸਮਾਜੀ ਨੇਤਾ ਮਹਾਰਾਜ ਹੰਸਰਾਜ ਜੀ ਨੇ ਲੋਕਾਂ ਨੂੰ ਕੁਝ ਏਸ ਤਰ੍ਹਾਂ ਸਲਾਹ ਦਿੱਤੀ ਸੀ ਕਿ ਜੇ ਉਹ ਹਿੰਦੀ ਲਿੱਪੀ ਨੂੰ ਅਪਨਾ ਲੈਣ, ਤਾਂ ਹਿੰਦੀ ਲਿੱਪੀ ਵਿੱਚ ਲਿਖੀ ਜਾਣ ਵਾਲੀ ਪੰਜਾਬੀ ਭਾਸ਼ਾ ਯੂਨੀਵਰਸਿਟੀ ਵਿੱਚ ਮੰਜੂਰ ਕਰਵਾ ਲੈਣਗੇ। ਪਰ ਬਦਕਿਸਮਤੀ ਕਿ ਲੋਗ ਤੰਗ ਦਾਇਰੇ ਤੇ ਸੋਚ ਕਾਰਨ ਅਤੇ ਸਾਹਿਤਕ ਜਾਗ੍ਰਿਤੀ ਦੇ ਨਾ ਰਹਿਣ ਦੇ ਕਾਰਨ ਇਸ ਗੱਲ ਦੀ ਮਹੱਤਤਾ ਨੂੰ ਸਮਝ ਹੀ ਨਹੀਂ ਸਕੇ ਅਤੇ ਉਸ ਤਰ੍ਹਾਂ ਹੋ ਹੀ ਨਹੀਂ ਸਕਿਆ। ਖ਼ੈਰ! ਇਸ ਵੇਲੇ ਪੰਜਾਬ ਵਿੱਚ ਤਿੰਨ ਮਤ ਹਨ। ਪਹਿਲਾ ਮੁਸਲਮਾਨਾਂ ਦਾ ਉਰਦੂ ਸੰਬੰਧੀ ਕੱਟੜ ਪੱਖਪਾਤ, ਦੂਸਰਾ ਆਰੀਆ ਸਮਾਜੀਆਂ ਤੇ ਕੁਝ ਹਿੰਦੂਆਂ ਦਾ ਹਿੰਦੀ ਬਾਰੇ, ਤੀਸਰਾ ਪੰਜਾਬੀ ਦਾ।

         ਇਸੇ ਸਮੇਂ ਅਸੀਂ ਇੱਕ ਇੱਕ ਭਾਸ਼ਾ ਦੇ ਸੰਬੰਧ ਵਿੱਚ ਕੁਝ ਵਿਚਾਰ ਕਰੀਏ ਤਾਂ ਗ਼ਲਤ ਨਹੀਂ ਹੋਵੇਗਾ। ਸਭ ਤੋਂ ਪਹਿਲਾਂ ਅਸੀਂ ਮੁਸਲਮਾਨਾਂ ਦੇ ਵਿਚਾਰ ਰੱਖਾਂਗੇ। ਉਹ ਉਰਦੂ ਦੇ ਕੱਟੜ ਪੱਖਪਾਤੀ ਹਨ। ਇਸ ਵੇਲੇ ਪੰਜਾਬ ਵਿੱਚ ਇਸ ਭਾਸ਼ਾ ਦਾ ਜ਼ੋਰ ਵੀ ਹੈ। ਅਦਾਲਤ ਦੀ ਭਾਸ਼ਾ ਵੀ ਇਹੀ ਹੈ। ਅਤੇ ਫਿਰ ਮੁਸਲਮਾਨ ਸੱਜਣਾਂ ਦਾ ਕਹਿਣਾ ਵੀ ਇਹ ਹੈ ਕਿ ਉਰਦੂ ਲਿੱਪੀ ਵਿੱਚ ਜ਼ਿਆਦਾ ਗੱਲ ਥੋੜੇ ਥਾਂ ਵਿੱਚ ਲਿਖੀ ਜਾ ਸਕਦੀ ਹੈ। ਇਹ ਸਭ ਠੀਕ ਹੈ, ਪਰ ਸਾਡੇ ਸਾਹਮਣੇ ਇਸ ਵੇਲੇ ਮੁੱਖ ਸਵਾਲ ਭਾਰਤ ਨੂੰ ਇੱਕ ਰਾਸ਼ਟਰ ਬਣਾਉਣਾ ਹੈ। ਇੱਕ ਰਾਸ਼ਟਰ ਬਣਾਉਣ ਲਈ ਇੱਕ ਭਾਸ਼ਾ ਦਾ ਹੋਣਾ ਜ਼ਰੂਰੀ ਹੈ। ਪਰ ਇਹ ਇੱਕਦਮ ਨਹੀਂ ਹੋ ਸਕਦਾ। ਉਸਦੇ ਲਈ ਕਦਮ ਕਦਮ ਚੱਲਣਾ ਪੈਣਾ ਹੈ। ਜੇ ਅਸੀਂ ਭਾਰਤ ਦੀ ਇੱਕ ਭਾਸ਼ਾ ਨਹੀਂ ਬਣਾ ਸਕੇ ਤਾਂ ਘੱਟੋ-ਘੱਟ ਲਿੱਪੀ ਤਾਂ ਇੱਕ ਬਣਾ ਦੇਣੀ ਚਾਹੀਦੀ ਹੈ। ਉਰਦੂ ਲਿੱਪੀ ਨੂੰ ਤਾਂ ਸਰਵਾਂਗ ਸੰਪੂਰਨ ਨਹੀਂ ਕਿਹਾ ਜਾ ਸਕਦਾ, ਅਤੇ ਫਿਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਸਦਾ ਅਧਾਰ ਫਾਰਸੀ ਉੱਤੇ ਹੈ। ਉਰਦੂ ਕਵੀਆਂ ਦੀ ਉਡਾਨ ਚਾਹੇ ਉਹ ਹਿੰਦੀ (ਭਾਰਤੀ) ਹੀ ਕਿਉਂ ਨਾ ਹੋਣ, ਇਰਾਨ ਦੀ ਸਾਕੀ ਅਤੇ ਅਰਬ ਦੀਆਂ ਖਜੂਰਾਂ ਨੂੰ ਜਾ ਪਹੁੰਚਦੀ ਹੈ। ਕਾਜੀ ਨਜ਼ਰ ਉਲ ਇਸਲਾਮ ਦੀ ' ਕਵਿਤਾ ਵਿੱਚ ਤਾਂ ਧੂਰਜਟੀ, ਵਿਸ਼ਵਾਮਿਤਰ ਅਤੇ ਦੁਰਵਾਸਾਂ ਦੀ ਚਰਚਾ ਬਾਰ ਬਾਰ ਹੈ। ਸਾਡੇ ਪੰਜਾਬੀ ਹਿੰਦੀ-ਉਰਦੂ ਕਵੀ ਇਸ ਪਾਸੇ ਧਿਆਨ ਤਕ ਹੀ ਨਹੀਂ ਦੇ ਸਕੇ। ਕੀ ਇਹ ਦੁੱਖ ਦੀ ਗੱਲ ਨਹੀਂ ? ਇਸਦਾ ਮੁੱਖ ਕਾਰਨ ਭਾਰਤੀਅਤਾ ਅਤੇ ਭਾਰਤੀ ਸਾਹਿਤ ਵਿੱਚ ਉਨ੍ਹਾਂ ਦੀ ਅਣਭਿਜਤਾ ਹੈ। ਉਨ੍ਹਾਂ ਵਿੱਚ ਭਾਰਤੀਅਤਾ ਆ ਹੀ ਨਹੀਂ ਪਾਉਂਦੀ, ਫਿਰ ਉਨ੍ਹਾਂ ਦੇ ਰਚਿਤ ਸਾਹਿਤ ਵਿੱਚ ਅਸੀਂ ਕਿੱਥੇ ਤਕ ਭਾਰਤੀ ਬਣ ਸਕਦੇ ਹਾਂ? ਕੇਵਲ ਉਰਦੂ ਪੜ੍ਹਨ ਵਾਲੇ ਵਿਦਿਆਰਥੀ ਭਾਰਤ ਦੇ ਪੁਰਾਣੇ ਸਾਹਿਤ ਦਾ ਗਿਆਨ ਨਹੀਂ ਹਾਸਲ ਕਰ ਸਕਦੇ। ਇਹ ਨਹੀਂ ਕਿ ਉਰਦੂ ਵਰਗੀ ਸਾਹਿਤਕ ਭਾਸ਼ਾ ਵਿੱਚ ਉਨ੍ਹਾਂ ਗਰੰਥਾਂ ਦਾ ਅਨੁਵਾਦ ਨਹੀਂ ਹੋ ਸਕਦਾ, ਪਰ ਉਸ ਵਿੱਚ ਠੀਕ ਉਸੇ ਤਰ੍ਹਾਂ ਦਾ ਅਨੁਵਾਦ ਹੋ ਸਕਦਾ ਹੈ ਜਿਵੇਂ ਕਿ ਇੱਕ ਇਰਾਨੀ ਨੂੰ ਭਾਰਤੀ ਸਾਹਿਤ ਸੰਬੰਧੀ ਗਿਆਨ ਪਾਉਣ ਲਈ ਜ਼ਰੂਰੀ ਹੈ।

         ਅਸੀਂ ਆਪਣੇ ਉੱਪਰਲੇ ਕਥਨ ਬਾਰੇ ਸਿਰਫ਼ ਏਨਾ ਹੀ ਕਹਾਂਗੇ ਕਿ ਜਦ ਸਾਧਾਰਨ ਆਰੀਆ ਅਤੇ ਸਵਰਾਜ ਆਦਿ ਸ਼ਬਦਾਂ ਨੂੰ ਆਰੀਆ ਅਤੇ ਸਵੈ-ਰਾਜਿਯਾ ਲਿਖਿਆ ਤੇ ਪੜ੍ਹਿਆ ਜਾਂਦਾ ਹੈ ਤਾਂ ਗੂੜ ਤੱਤ ਵਿਗਿਆਨ ਬਾਰੇ ਵਿਸ਼ਿਆਂ ਦੀ ਚਰਚਾ ਹੀ ਕੀ ਹੈ ? ਅਜੇ ਉਸ ਦਿਨ ਲਾਲਾ ਹਰਦਿਆਲ ਜੀ.ਐੱਮ.ਏ. ਦੀ ਉਰਦੂ ਕਿਤਾਬ “ਕੌਮਾਂ ਕਿਸ ਤਰ੍ਹਾਂ ਜ਼ਿੰਦਾ ਰਹਿ ਸਕਦੀਆਂ ਹਨ ?” ਦਾ ਅਨੁਵਾਦ ਕਰਦੇ ਹੋਏ ਸਰਕਾਰੀ ਅਨੁਵਾਦਕ ਨੇ ਰਿਸ਼ੀਨਚੀਕੇਤਾ ਨੂੰ ਉਰਦੂ ਵਿੱਚ ਲਿਖੇ ਹੋਣ ਕਰਕੇ ਨੀਚੀ ਕੁੱਤਿਆ ਸਮਝ ਕੇ। “ਏ ਬਿੱਚ ਆਫ ਲੋਅ ਆਰੀਜਨ" ਅਨੁਵਾਦ ਕਰ ਦਿੱਤਾ ਸੀ। ਇਸ ਵਿੱਚ ਨਾ ਲਾਲਾ ਹਰਦਿਆਲ ਜੀ ਦਾ ਦੋਸ਼ ਸੀ ਤੇ ਨਾ ਹੀ ਅਨੁਵਾਦਕ ਮਹਾਰਾਜ ਦਾ। ਇਸ ਵਿੱਚ ਕਸੂਰ ਸੀ ਉਰਦੂ ਲਿੱਪੀ ਦਾ ਅਤੇ ਉਰਦੂ ਭਾਸ਼ਾ ਦੀ ਹਿੰਦੀ ਭਾਸ਼ਾ ਅਤੇ ਸਾਹਿਤ ਤੋਂ ਵੱਖਰੇਪਨ ਦਾ।

         ਬਾਕੀ ਭਾਰਤ ਵਿੱਚ ਭਾਰਤੀ ਭਾਸ਼ਾਵਾਂ ਅਤੇ ਲਿੱਪੀਆਂ ਪਰਚਲਤ ਹਨ। ਐਸੀ ਹਾਲਤ ਵਿੱਚ ਪੰਜਾਬ ਵਿੱਚ ਉਰਦੂ ਦਾ ਪਰਚਾਰ ਕਰਕੇ ਕੀ ਅਸੀਂ ਭਾਰਤ ਤੋਂ ਇੱਕਦਮ ਅਲੱਗ ਥਲੱਗ ਹੋ ਜਾਈਏ? ਨਹੀਂ। ਅਤੇ ਫਿਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਰਦੂ ਦੇ ਕੱਟੜਪੱਖੀ ਮੁਸਲਮਾਨ ਲੇਖਕਾਂ ਦੇ ਉਰਦੂ ਵਿੱਚ ਫ਼ਾਰਸੀ ਦਾ ਵੀ ਵੱਧ ਜ਼ੋਰ ਰਹਿੰਦਾ ਹੈ। ਜ਼ਿਮੀਂਦਾਰ ਅਤੇ ‘ਸਿਆਸਤ’ ਆਦਿ ਮੁਸਲਮਾਨ ਸਮਾਚਾਰ-ਪੱਤਰਾਂ ਵਿੱਚ ਤਾਂ ਅਰਬੀ ਦਾ ਜ਼ੋਰ ਰਹਿੰਦਾ ਹੈ, ਜਿਸਨੂੰ ਇੱਕ ਸਧਾਰਣ ਆਦਮੀ ਸਮਝ ਹੀ ਨਹੀਂ ਸਕਦਾ। ਏਸ ਹਾਲਤ ਵਿੱਚ ਇਸਦਾ ਪਰਚਾਰ ਕਿਵੇਂ ਕੀਤਾ ਜਾ ਸਕਦਾ ਹੈ ? ਅਸੀਂ ਤਾਂ ਚਾਹੁੰਦੇ ਹਾਂ ਕਿ ਮੁਸਲਮਾਨ ਭਰਾ ਵੀ ਆਪਣੇ ਮਜ਼ਹਬ 'ਤੇ ਪੱਕੇ ਰਹਿੰਦੇ ਹੋਏ ਠੀਕ ਉਸੇ ਤਰ੍ਹਾਂ ਭਾਰਤੀ ਬਣ ਜਾਣ ਜਿਵੇਂ ਕਿ ਕਮਾਲ ਟਰਕ (ਕਮਾਲ ਪਾਸ਼ਾ ਟਰਕੀ ਦੇ ਇੱਕ ਲੀਡਰ) ਹੈ। ਭਾਰਤ ਦਾ ਬੇੜਾ ਪਾਰ ਤਾਂ ਹੀ ਹੋ ਸਕੇਗਾ। ਸਾਨੂੰ ਭਾਸ਼ਾ ਦੇ ਸਵਾਲ ਨੂੰ ਜਜ਼ਬਾਤੀ ਮਸਲਾ ਨਾ ਬਣਾ ਕੇ ਖ਼ੂਬ ਵਿਸ਼ਾਲ ਦ੍ਰਿਸ਼ਟੀਕੋਣ ਤੋਂ ਦੇਖਣਾ ਚਾਹੀਦਾ ਹੈ।

         ਇਸਦੇ ਬਾਅਦ ਅਸੀਂ ਹਿੰਦੀ-ਪੰਜਾਬੀ ਭਾਸ਼ਾਵਾਂ ਦੀ ਸਮੱਸਿਆ 'ਤੇ ਵਿਚਾਰ ਕਰਾਂਗੇ। ਬਹੁਤ ਸਾਰੇ ਆਦਰਸ਼ਵਾਦੀ ਸੱਜਣ ਸਾਰੇ ਜਗਤ ਨੂੰ ਇੱਕ ਰਾਸ਼ਟਰ, ਵਿਸ਼ਵ ਰਾਸ਼ਟਰ ਬਣਿਆ ਹੋਇਆ ਦੇਖਣਾ ਚਾਹੁੰਦੇ ਹਨ। ਇਹ ਆਦਰਸ਼ ਬਹੁਤ ਸੁੰਦਰ ਹੈ। ਸਾਨੂੰ ਵੀ ਇਸੇ ਆਦਰਸ਼ ਨੂੰ ਸਾਹਮਣੇ ਰੱਖਣਾ ਚਾਹੀਦਾ ਹੈ। ਇਸ ਉੱਤੇ ਪੂਰੀ ਤਰ੍ਹਾਂ ਅੱਜ ਨਹੀਂ ਚਲਿਆ ਜਾ ਸਕਦਾ, ਪਰ ਸਾਡਾ ਹਰ ਕਦਮ, ਸਾਡਾ ਹਰ ਇੱਕ ਕੰਮ ਇਸ ਸੰਸਾਰ ਦੀਆਂ ਸਾਰੀਆਂ ਜਾਤੀਆਂ, ਦੇਸ਼ਾਂ ਤੇ ਕੌਮਾਂ ਨੂੰ ਇੱਕ ਮਜ਼ਬੂਤ ਸੂਤਰ ਵਿੱਚ ਬੰਨ੍ਹ ਕੇ ਸੁਖ ਵਧਾਉਣ ਦੇ ਵਿਚਾਰ ਨਾਲ਼ ਉੱਠਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਸਾਨੂੰ ਆਪਣੇ ਦੇਸ਼ ਵਿੱਚ ਏਸ ਆਦਰਸ਼ ਨੂੰ ਕਾਇਮ ਕਰਨਾ ਹੋਵੇਗਾ। ਸਾਰੇ ਦੇਸ਼ ਵਿੱਚ ਇੱਕ ਭਾਸ਼ਾ, ਇੱਕ ਲਿੱਪੀ, ਇੱਕ ਸਾਹਿਤ, ਇੱਕ ਆਦਰਸ਼ ਅਤੇ ਇੱਕ ਰਾਸ਼ਟਰ ਬਣਾਉਣਾ ਪਵੇਗਾ। ਪਰ ਸਾਰੀਆਂ ਏਕਤਾਵਾਂ ਤੋਂ ਪਹਿਲਾਂ ਇੱਕ ਭਾਸ਼ਾ ਦਾ ਹੋਣਾ ਜ਼ਰੂਰੀ ਹੈ ਤਾਂ ਕਿ ਅਸੀਂ ਇੱਕ ਦੂਸਰੇ ਨੂੰ ਭਲੀ-ਭਾਂਤ ਸਮਝ ਸਕੀਏ। ਇੱਕ ਪੰਜਾਬੀ ਅਤੇ ਮਦਰਾਸੀ ਇੱਕ ਦੂਸਰੇ ਦਾ ਮੂੰਹ ਹੀ ਨਾ ਦੇਖੀ ਜਾਣ, ਸਗੋਂ ਇੱਕ ਦੂਸਰੇ ਦੇ ਵਿਚਾਰ ਅਤੇ ਭਾਵ ਜਾਨਣ ਦਾ ਯਤਨ ਕਰਨ, ਪਰ ਇਹ ਪਰਾਈ ਭਾਸ਼ਾ ਅੰਗਰੇਜ਼ੀ ਵਿੱਚ ਨਹੀਂ, ਬਲਕਿ ਹਿੰਦੋਸਤਾਨ ਦੀ ਆਪਣੀ ਭਾਸ਼ਾ ਹਿੰਦੀ ਵਿੱਚ। ਇਹ ਆਦਰਸ਼ ਵੀ ਪੂਰਾ ਹੁੰਦੇ ਹੁੰਦੇ ਕਈ ਸਾਲ ਲੱਗਣਗੇ। ਇਸ ਕੋਸ਼ਿਸ਼ ਵਿੱਚ ਸਭ ਤੋਂ ਪਹਿਲਾਂ ਸਾਹਿਤਕ ਜਾਗ੍ਰਤੀ ਪੈਦਾ ਕਰਨੀ ਚਾਹੀਦੀ ਹੈ। ਕੇਵਲ ਗਿਣਤੀ ਦੇ ਕੁਝ ਇੱਕ ਵਿਅਕਤੀਆਂ ਵਿੱਚ ਨਹੀਂ, ਸਗੋਂ ਸਰਵ ਸਾਧਾਰਨ ਵਿੱਚ। ਆਮ ਸਾਧਾਰਨ ਵਿੱਚ, ਸਾਹਿਤਕ ਜਾਗ੍ਰਤੀ ਪੈਦਾ ਕਰਨ ਦੇ ਲਈ ਉਨ੍ਹਾਂ ਦੀ ਆਪਣੀ ਹੀ ਭਾਸ਼ਾ ਜ਼ਰੂਰੀ ਹੈ। ਏਸ ਤਰਕ ਦੇ ਆਧਾਰ 'ਤੇ ਅਸੀਂ ਕਹਿੰਦੇ ਹਾਂ ਕਿ ਪੰਜਾਬ ਵਿੱਚ ਪੰਜਾਬੀ ਭਾਸ਼ਾ ਹੀ ਆਪ ਨੂੰ ਸਫਲ ਬਣਾ ਸਕਦੀ ਹੈ।

         ਅਜੇ ਤਕ ਪੰਜਾਬੀ ਸਾਹਿਤਕ ਭਾਸ਼ਾ ਨਹੀਂ ਬਣ ਸਕੀ ਹੈ ਅਤੇ ਸਾਰੇ ਪੰਜਾਬ ਦੀ ਇੱਕ ਭਾਸ਼ਾ ਵੀ ਉਹ ਨਹੀਂ ਹੈ। ਗੁਰਮੁਖੀ ਲਿੱਪੀ ਵਿੱਚ ਲਿਖੀ ਜਾਣਵਾਲੀ ਮੱਧ ਪੰਜਾਬ ਦੀ ਬੋਲਚਾਲ ਦੀ ਭਾਸ਼ਾ ਨੂੰ ਹੀ ਇਸ ਸਮੇਂ ਤਕ ਪੰਜਾਬੀ ਕਿਹਾ ਜਾਂਦਾ ਹੈ। ਉਹ ਨਾ ਤਾਂ ਅਜੇ ਤਕ ਵਿਸ਼ੇਸ਼ ਰੂਪ ਵਿੱਚ ਪ੍ਰਚਾਰਤ ਹੀ ਹੋ ਸਕੀ ਹੈ ਅਤੇ ਨਾ ਹੀ ਸਾਹਿਤਕ ਅਤੇ ਨਾ ਹੀ ਵਿਗਿਆਨਕ ਹੀ ਬਣ ਸਕੀ ਹੈ। ਇਸ ਵੱਲ ਪਹਿਲਾਂ ਤਾਂ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਪਰ ਹੁਣ ਜੋ ਸੱਜਣ ਇਸ ਵੱਲ ਧਿਆਨ ਵੀ ਦੇ ਰਹੇ ਹਨ ਉਨ੍ਹਾਂ ਨੂੰ ਲਿੱਪੀ ਦੀ ਅਪੂਰਨਤਾ ਬਹੁਤ ਹੀ ਰੜਕਦੀ ਹੈ। ਜੁੜਵੇਂ ਅੱਖਰਾਂ ਦੀ ਘਾਟ ਅਤੇ ਹਲੰਤ ਨਾ ਲਿਖ ਸਕਣਾ ਆਦਿ ਦੇ ਕਾਰਨ ਉਸ ਵਿੱਚ ਸਾਰੇ ਸ਼ਬਦ ਠੀਕ ਠੀਕ ਨਹੀਂ ਲਿਖੇ ਜਾ ਸਕਦੇ, ਹੋਰ ਤਾਂ ਹੋਰ, ਪੂਰਣ ਸ਼ਬਦ ਵੀ ਨਹੀਂ ਲਿਖਿਆ ਜਾ ਸਕਦਾ। ਇਹ ਲਿੱਪੀ ਤਾਂ ਉਰਦੂ ਤੋਂ ਵੀ ਵੱਧ ਅਪੂਰਣ ਹੈ ਅਤੇ ਜਦ ਸਾਡੇ ਸਾਹਮਣੇ ਵਿਗਿਆਨਕ ਸਿਧਾਂਤਾਂ ਤੇ ਨਿਰਭਰ ਸਰਵਾਗ-ਸੰਪੂਰਨ ਹਿੰਦੀ ਲਿੱਪੀ ਪ੍ਰਾਪਤ ਹੈ, ਫਿਰ ਉਸ ਨੂੰ ਅਪਨਾਉਣ ਵਿੱਚ ਹਿਚਕਚਾਹਟ ਕਿਉਂ ? ਗੁਰਮੁਖੀ ਲਿੱਪੀ ਤਾਂ ਹਿੰਦੀ ਅੱਖਰਾਂ ਦਾ ਹੀ ਵਿਗੜਿਆ ਹੋਇਆ ਰੂਪ ਹੈ। ਆਰੰਭ ਵਿੱਚ ਉਸ ਦਾ उ  ਦਾ ਓ, अ ਦਾ ਅ ਬਣ ਗਿਆ ਹੈ ਅਤੇ ਸ, ਟ, ਠ ਆਦਿ ਤਾਂ ਉਹ ਹੀ ਅੱਖਰ ਹਨ। ਸਾਰੇ ਨਿਯਮ ਮਿਲਦੇ ਹਨ ਫਿਰ ਇਕਦਮ ਉਸੇ ਨੂੰ ਹੀ ਅਪਨਾ ਲੈਣ ਨਾਲ਼ ਕਿੰਨਾ ਲਾਭ ਹੋਵੇਗਾ ? ਸਰਵਾਂਗ ਸੰਪੂਰਨ ਲਿੱਪੀ ਨੂੰ ਅਪਨਾਉਂਦੇ ਹੀ ਪੰਜਾਬੀ ਭਾਸ਼ਾ ਤਰੱਕੀ ਕਰਨੀ ਸ਼ੁਰੂ ਕਰ ਦੇਵੇਗੀ। ਅਤੇ ਉਸਦੇ ਪਰਚਾਰ ਵਿੱਚ ਮੁਸ਼ਕਲ ਵੀ ਕੀ ਹੈ ? ਪੰਜਾਬ ਦੀਆਂ ਹਿੰਦੂ ਔਰਤਾਂ ਇਸ ਲਿੱਪੀ ਤੋਂ ਚੰਗੀ ਤਰ੍ਹਾਂ ਜਾਣੂ ਹਨ। ਡੀ.ਏ.ਵੀ. ਸਕੂਲਾਂ ਅਤੇ ਸਨਾਤਨ ਧਰਮ ਸਕੂਲਾਂ ਵਿੱਚ ਹਿੰਦੀ ਪੜ੍ਹਾਈ ਜਾਂਦੀ ਹੈ। ਇਸ ਪਾਸੇ ਮੁਸ਼ਕਲ ਹੀ ਕੀ ਹੈ ? ਹਿੰਦੀ ਦੇ ਪੱਖਧਾਰੀ ਸੱਜਣਾਂ ਨੂੰ ਅਸੀਂ ਕਹਾਂਗੇ ਕਿ ਯਕੀਨੀ ਹੀ ਹਿੰਦੀ ਭਾਸ਼ਾ ਹੀ ਆਖ਼ਰਕਾਰ ਸਾਰੇ ਭਾਰਤ ਦੀ ਇੱਕ ਭਾਸ਼ਾ ਬਣੇਗੀ, ਪਰ ਪਹਿਲਾਂ ਤੋਂ ਹੀ ਇਸਦਾ ਪ੍ਰਚਾਰ ਕਰਨ ਨਾਲ਼ ਬਹੁਤ ਆਸਾਨੀ ਹੋਵੇਗੀ। ਹਿੰਦੀ ਲਿੱਪੀ ਦੇ ਅਪਣਾਉਣ ਨਾਲ਼ ਹੀ ਪੰਜਾਬੀ ਹਿੰਦੀ ਜਿਹੀ ਬਣ ਜਾਂਦੀ ਹੈ। ਫਿਰ ਤਾਂ ਕੋਈ ਫਰਕ ਹੀ ਨਹੀਂ ਰਹੇਗਾ ਅਤੇ ਇਸਦੀ ਜ਼ਰੂਰਤ ਵੀ ਹੈ। ਇਸ ਲਈ ਕਿ ਆਮ ਆਦਮੀ ਨੂੰ ਸਿੱਖਿਅਤ ਕੀਤਾ ਜਾ ਸਕੇ ਅਤੇ ਉਹ ਆਪਣੀ ਭਾਸ਼ਾ ਦੇ ਆਪਣੇ ਸਾਹਿਤ ਨਾਲ਼ ਹੀ ਹੋ ਸਕਦਾ ਹੈ। ਪੰਜਾਬੀ ਦੀ ਇਸ ਕਵਿਤਾ ਹੀ ਦੇਖੋ।

ਓ ਰਾਹੀਆ ਰਾਹੇ ਜਾਂਦਿਆਂ,  ਸੁਣ ਜਾਂ ਗੱਲ ਮੇਰੀ।

ਸਿਰ 'ਤੇ ਪੱਗ ਤੇਰੇ ਵਲਾਇਤ ਦੀ, ਇਹਨੂੰ ਫੂਕ ਮੁਆਤੜਾ ਲਾ।।

         ਅਤੇ ਇਸ ਦੇ ਮੁਕਾਬਲੇ ਵਿੱਚ ਹਿੰਦੀ ਦੀਆਂ ਬਹੁਤ ਬਹੁਤ ਸੋਹਣੀਆਂ ਕਵਿਤਾਵਾਂ ਅਸਰ ਨਹੀਂ ਕਰ ਸਕਣਗੀਆਂ, ਕਿਉਂਕਿ ਉਹ ਅਜੇ ਆਮ ਸਾਧਾਰਨ ਦੇ ਦਿਲ ਦੇ ਠੀਕ ਅੰਦਰ ਆਪਣਾ ਥਾਂ ਨਹੀਂ ਬਣਾ ਸਕਦੀਆਂ ਹਨ। ਉਹ ਅਜੇ ਵੀ ਬਹੁਤ ਹੀ ਓਪਰੀਆਂ ਜਿਹੀਆਂ ਦਿਖਾਈ ਦਿੰਦੀਆਂ ਹਨ। ਕਾਰਨ ਕਿ ਹਿੰਦੀ ਦਾ ਆਧਾਰ ਸੰਸਕ੍ਰਿਤ ਹੈ। ਪੰਜਾਬ ਉਸ ਤੋਂ ਮੀਲਾਂ ਦੂਰ ਹੋ ਚੁੱਕਾ ਹੈ। ਪੰਜਾਬੀ ਵਿੱਚ ਫ਼ਾਰਸੀ ਨੇ ਆਪਣਾ ਅਸਰ ਵੱਧ ਪਾਇਆ ਹੈ। ਯਾਨੀ ਚੀਜ਼ ਦੀ ਜਮ੍ਹਾਂ ਚੀਜ਼ੇਂ ਨਾ ਹੋ ਕੇ ਚੀਜ਼ਾਂ ਫ਼ਾਰਸੀ ਤਰ੍ਹਾਂ ਬਣਗਈਆਂ ਹਨ।

         ਇਹ ਅਸੂਲ ਆਖ਼ਰ ਤਕ ਕੰਮ ਕਰਦਾ ਦਿਖਾਈ ਦਿੰਦਾ ਹੈ। ਕਹਿਣ ਦਾ ਭਾਵ ਹੈ ਪੰਜਾਬੀ ਭਾਸ਼ਾ ਨੂੰ ਹਿੰਦੀ ਲਿੱਪੀ ਵਿੱਚ ਲਿਖੇ ਜਾਣ ਉੱਤੇ ਅਤੇ ਉਸ ਦੇ ਸਾਹਿਤਕ ਬਣਾਉਣ ਦੇ ਯਤਨ ਵਿੱਚ ਯਕੀਨੀ ਹੀ ਇਹ ਹਿੰਦੀ ਦੇ ਨੇੜੇ ਆ ਜਾਏਗੀ।

         ਸੋ ਸਾਰੇ ਮੁੱਖ ਦਲੀਲਾਂ ਤੇ ਦਲੀਲ ਦਿੱਤੀ ਜਾ ਚੁੱਕੀ ਹੈ। ਹੁਣ ਸਿਰਫ਼ ਇੱਕ ਗੱਲ ਕਹਾਂ ਕਹਾਂਗੇ। ਬਹੁਤ ਸਾਰੇ ਸੱਜਣਾਂ ਦਾ ਕਹਿਣਾ ਹੈ ਕਿ ਪੰਜਾਬੀ ਭਾਸ਼ਾ ਵਿੱਚ ਮਿਠਾਸ, ਸੁੰਦਰਤਾ ਅਤੇ ਭਾਵੁਕਤਾ ਨਹੀਂ ਹੈ। ਇਹ ਸਰਾਸਰ ਬੇ-ਬੁਨਿਆਦ ਹੈ। ਅਜੇ ਉਸ ਦਿਨ—

         “ਲਛੀਏ ਜਿਥੇ ਤੂੰ ਪਾਣੀ ਡੋਲਿਆ, ਓਥੇ ਉੱਗ ਪਏ ਸੰਦਲ ਦੇ ਬੂਟੇ” ਵਾਲੇ ਗੀਤ ਦੀ ਮਿਠਾਸ, ਨੇ ਕਵੀ ਇੰਦ੍ਰੁ ਰਾਵਿੰਦਰ (ਰਾਬਿੰਦਰ ਨਾਥ ਟੈਗੋਰ) ਤਕ ਨੂੰ ਮੋਹਿਤ ਕਰ ਲਿਆ ਸੀ ਅਤੇ ਉਹ ਝੱਟ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਲੱਗੇ।

         O Lachi where thy spilt water, where thy split water water...etc. etc.

         ਅਤੇ ਬਹੁਤ ਸਾਰੇ ਹੋਰ ਉਦਾਹਰਨ ਵੀ ਦਿੱਤੇ ਜਾ ਸਕਦੇ ਹਨ। ਹੇਠ ਲਿਖੇ ਵਾਕ ਕੀ ਕਿਸੇ ਹੋਰ ਭਾਸ਼ਾ ਦੀ ਕਵਿਤਾਵਾਂ ਨਾਲੋਂ ਘੱਟ ਹਨ ?

ਪਿੱਪਲ ਦੇ ਪੱਤਿਆ ਵੇ ਕੇਹੀ ਖੜਖੜ ਲਾਈ ਆ।

ਪੱਤ ਝੜੇ ਪੁਰਾਣੇ ਹੁਣ ਰੁੱਤ ਨਵਿਆਂ ਦੀ ਆਈ ਆ॥

         ਅਤੇ ਫਿਰ ਪੰਜਾਬੀ ਇਕੱਲਾ ਬੈਠਾ ਹੋਵੇ ਜਾਂ ਇਕੱਠ ਵਿੱਚ ਤਾਂ ਗੌਹਰ ਦੇ ਇਹ ਪਦ ਜਿੰਨਾ ਅਸਰ ਕਰਨਗੇ ਓਨਾ ਹੋਰ ਕੋਈ ਭਾਸ਼ਾ ਕੀ ਕਰ ਸਕੇਗੀ?

ਲਾਮ ਲੱਖਾਂ ਤੇ ਕਰੋੜਾਂ ਦੇ ਸ਼ਾਹ ਵੇਖੇ,

ਨਾ ਮੁਸਾਫਿਰਾਂ ਕੋਈ ਉਧਾਰ ਦੇਂਦਾ,

ਦਿਨੇ ਰਾਤ ਜਿਨ੍ਹਾਂ ਦੇ ਕੂਚ ਡੇਰੇ,

ਨਾ ਉਨ੍ਹਾਂ ਦੇ ਥਾਈਂ ਕੋਈ ਇਤਬਾਰ ਦੇਂਦਾ।

ਭੌਰੇ ਬਹਿੰਦੇ ਗੁਲਾਂ ਦੀ ਵਾਸ਼ਨਾ ਤੇ,

ਨਾ ਸੱਪਾਂ ਦੇ ਮੂੰਹਾਂ 'ਤੇ ਕੋਈ ਪਿਆਰ ਦੇਂਦਾ

ਗੌਹਰ ਸਮੇਂ ਸਲੂਕ ਹਨ ਜਿਉਂਦਿਆ ਦੇ,

ਮੋਇਆ ਗਿਆਂ ਨੂੰ ਹਰ ਕੋਈ ਕਿਸਾਰ ਦੇਂਦਾ।

ਅਤੇ ਫਿਰ -

ਜੀਮ ਜਿਉਂਦਿਆਂ ਨੂੰ ਕਿਉਂ ਮਾਰਨਾ ਏਂ,

ਜੇਕਰ ਨਹੀਂ ਤੂੰ ਮੋਇਆਂ ਨੂੰ ਜਿਓਣ ਜੋਗਾ,

ਘਰ ਆਏ ਸਵਾਲੀ ਨੂੰ ਕਿਉਂ ਘੂਰਨਾ ਏਂ,

ਜੇਕਰ ਨਹੀਂ ਤੂੰ ਹੱਥੀਂ ਖੈਰ ਪਾਓਣ ਜੋਗਾ,

ਮਿਲੇ ਦਿਨਾਂ ਨੂੰ ਕਿਉਂ ਵਿਛੜਨਾ ਏਂ,

ਜੇਕਰ ਨਹੀਂ ਤੂੰ ਵਿਛੜਿਆਂ ਨੂੰ ਮਿਲਾਓਣ ਜੋਗਾ,

ਗੌਹਰਾ ਬਦੀਆਂ ਰੱਖ ਬੰਦ ਖਾਨੇ,

ਜੇਕਰ ਤੂੰ ਨਹੀਂ ਏ ਨੇਕੀਆਂ ਕਮਾਓਣ ਜੋਗਾ।

         ਅਤੇ ਫਿਰ ਹੁਣ ਤਾਂ ਦਰਦ, ਮਸਤਾਨਾ, ਦੀਵਾਨਾ ਬਹੁਤ ਹੀ ਚੰਗੇ ਚੰਗੇ ਕਵੀ ਪੰਜਾਬੀ ਦੀ ਕਵਿਤਾ ਦਾ ਭੰਡਾਰ ਵਧਾ ਰਹੇ ਹਨ।

         ਏਹੋ ਜਿਹੀ ਮਿੱਠੀ, ਏਹੋ ਜਿਹੀ ਆਨੰਦਦਾਇੱਕ ਭਾਸ਼ਾ ਨੂੰ ਪੰਜਾਬੀਆਂ ਨੇ ਹੀ ਨਾ ਅਪਨਾਇਆ, ਇਹੀ ਤਾਂ ਦੁੱਖ ਹੈ। ਹੁਣ ਵੀ ਨਹੀਂ ਅਪਨਾਉਂਦੇ ਮਸਲਾ ਇਹ ਹੈ। ਹਰ ਇੱਕ ਆਪਣੀ ਗੱਲ ਦੇ ਪਿੱਛੇ ਮਜ਼ਹਬੀ ਡੰਡਾ ਲਈ ਖੜਾ ਹੈ। ਇਸ ਅੜਿੰਗੇ ਨੂੰ ਕਿਸੇ ਤਰ੍ਹਾਂ ਦੂਰ ਕੀਤਾ ਜਾਏ। ਇਹ ਪੰਜਾਬ ਦੀ ਭਾਸ਼ਾ ਅਤੇ ਲਿੱਪੀ ਬਾਰੇ ਮਸਲਾ ਹੈ, ਪਰ ਆਸ਼ਾ ਸਿਰਫ਼ ਏਨੀ ਹੈ ਕਿ ਸਿੱਖਾਂ ਵਿੱਚ ਇਸ ਸਮੇਂ ਸਾਹਿਤਕ ਜਾਗ੍ਰਿਤੀ ਪੈਦਾ ਹੋ ਰਹੀ ਹੈ। ਹਿੰਦੂਆਂ ਵਿੱਚ ਵੀ ਹੈ। ਸਾਰੇ ਸਮਝਦਾਰ ਲੋਕ ਮਿਲ ਬੈਠ ਕੇ ਨਿਸ਼ਚਾ ਹੀ ਕਿਉਂ ਨਹੀਂ ਕਰ ਲੈਂਦੇ! ਇਹੀ ਇਸ ਉਪਾਅ ਹੈ ਇਸ ਮਸਲੇ ਦੇ ਹੱਲ ਦਾ। ਮਜ਼ਹਬੀ ਵਿਚਾਰਾਂ ਤੋਂ ਉੱਪਰ ਉੱਠ ਕੇ ਇਸ ਸਵਾਲ 'ਤੇ ਗੌਰ ਕੀਤਾ ਜਾ ਸਕਦਾ ਹੈ। ਏਦਾਂ ਹੀ ਕੀਤਾ ਜਾਵੇ ਅਤੇ ਫਿਰ ਅੰਮ੍ਰਿਤਸਰ ਦੇ ‘ਪ੍ਰੇਮ' ਜਿਹੇ ਅਖ਼ਬਾਰ ਦੀ ਭਾਸ਼ਾ ਨੂੰ ਜ਼ਰਾ ਸਾਹਿਤਕ ਬਨਾਉਂਦੇ ਹੋਏ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਨੂੰ ਮਨਜ਼ੂਰ ਕਰਵਾ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਸਭ ਬਖੇੜਾ ਤਹਿ ਹੋ ਜਾਂਦਾ ਹੈ। ਇਸ ਬਖੇੜੇ ਦੇ ਤਹਿ ਹੁੰਦੇ ਹੀ ਪੰਜਾਬ ਵਿੱਚ ਏਨਾ ਸੁੰਦਰ ਤੇ ਉੱਚ ਸਾਹਿਤ ਪੈਦਾ ਹੋਵੇਗਾ ਕਿ ਇਹ ਭਾਰਤ ਦੀਆਂ ਉੱਤਮ ਭਾਸ਼ਾਵਾਂ ਵਿੱਚ ਗਿਣੀ ਜਾਣ ਲੱਗੇਗੀ।