ਪੰਜਾਬ ਦੇ ਲੋਕ ਗੀਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੋਕ ਗੀਤਾਂ ਦੀ ਰਚਨਾ ਕਈ ਵਿਸ਼ੇਸ਼ ਕਵੀ ਨਹੀਂ ਕਰਦਾ, ਸਗੋਂ ਲੋਕਾਂ ਦੇ ਦਿਲੀ ਭਾਵ ਗੀਤਾਂ ਦਾ ਰੂਪ ਧਾਰ ਕੇ ਫੁੱਟ ਨਿਕਲਦੇ ਹਨ। ਇਸ ਕਰਕੇ ਇਸ ਦਾ ਜਨਮ ਮਨੁੱਖੀ ਸਭਿਅਤਾ ਦੇ ਨਾਲ ਹੀ ਹੋਇਆ ਹੈ ਤੇ ਇਨ੍ਹਾਂ ਦਾ ਵਹਿਣ ਨਿਰੰਤਰ ਵਹਿ ਰਿਹਾ ਹੈ। ਪੰਜਾਬ ਦੇ ਲੰਮੇ ਲੋਕ ਗੀਤਾਂ ਨੂੰ ਮਾਲਵੇ ਦੀਆਂ ਔਰਤਾਂ ‘ਲੰਮੇ ਗੌਣ’ ਦਾ ਨਾਂ ਦਿੰਦੀਆਂ ਹਨ। ਇਹ ਪੰਜਾਬ ਦੀਆਂ ਔਰਤਾਂ ਦੀ ਤ੍ਰਾਸਦੀ ਨੂੰ ਬਿਆਨ ਕਰਨ ਵਾਲੇ ਲੋਕ ਗੀਤ ਹਨ ਜਿਹਨਾਂ ਵਿੱਚ ਪੰਜਾਬੀ ਮੁਟਿਆਰ ਦੇ ਸੰਤਾਪ ਦੀ ਗਾਥਾ ਬੜੇ ਦਰਦੀਲੇ ਅਤੇ ਵੇਦਨਾਤਮਕ ਬੋਲਾਂ ਨਾਲ ਬਿਆਨ ਕੀਤੀ ਗਈ ਹੈ। ਸੁਆਣੀਆਂ ਇਹ ਗੀਤ ਲੰਮੀ ਹੇਕ ਲਾ ਕੇ ਗਾਉਂਦੀਆਂ ਹਨ। ਇਨ੍ਹਾਂ ਗੀਤਾਂ ਨੂੰ ਇੱਕ ਜਾਂ ਦੋ-ਦੋ ਦੇ ਜੋਟੇ ਬਣਾ ਕੇ ਸਾਂਝੀ ਹੇਕ ਨਾਲ ਗਾਇਆ ਜਾਂਦਾ ਹੈ- ਇੱਕ ਧਿਰ ਗੀਤ ਦਾ ਇੱਕ ਅੰਤਰਾ ਗਾਉਂਦੀ ਹੈ ਤੇ ਦੂਜੀ ਧਿਰ ਅਗਲੇਰੇ ਅੰਤਰੇ ਦੇ ਬੋਲ ਬੋਲਦੀ ਹੈ। ਇਹ ਗੌਣ ਸਦੀਆਂ ਪੁਰਾਣੇ ਪੰਜਾਬ ਦੇ ਸਮਾਜਿਕ ਇਤਿਹਾਸ ਦੀਆਂ ਬਾਤਾਂ ਪਾਉਂਦੇ ਹਨ। ਜਿਹੜੀ ਜੋਖ਼ਮ ਭਰੀ ਅਤੇ ਔੜਾਂ ਮਾਰੀ ਜ਼ਿੰਦਗੀ ਪੰਜਾਬ ਦੀ ਔਰਤ ਨੇ ਭੋਗੀ ਹੈ ਇਹ ਉਸ ਦੇ ਇਤਿਹਾਸਕ ਦਸਤਾਵੇਜ਼ ਹਨ। ਆਪਣੀ ਵੇਦਨਾ ਨੂੰ ਬਿਆਨ ਕਰਨ ਵਾਲੇ ਇਨ੍ਹਾਂ ਗੀਤਾਂ ਨੂੰ ਔਰਤ ਨੇ ਖ਼ੁਦ ਹੀ ਸਿਰਜਿਆ ਹੈ। ਇਹ ਉਸ ਦੀ ਧੁਰ ਅੰਦਰੋਂ ਨਿਕਲੀ ਵਿਲਕਣੀ ਦੀਆਂ ਹੂਕਾਂ ਹਨ…ਧੂਹ ਪਾਉਂਦੀਆਂ ਦਿਲ ਦੀਆਂ ਆਵਾਜ਼ਾਂ। ਜਦੋਂ ਉਹ ਇਨ੍ਹਾਂ ਨੂੰ ਕਰੁਣਾਮਈ ਸੁਰ ਵਿੱਚ ਗਾਉਂਦੀਆਂ ਹਨ ਤਾਂ ਚਾਰੇ ਬੰਨੇ ਸਿਸਕੀਆਂ ਤੇ ਹਾਉਕੇ ਸੁਣਾਈ ਦੇਣ ਲੱਗਦੇ ਹਨ। ਸਦੀਆਂ ਤੋਂ ਆਰਥਿਕ ਅਤੇ ਸਮਾਜਿਕ ਗੁਲਾਮੀ ਦਾ ਸੰਤਾਪ ਭੋਗਦੀ ਪੰਜਾਬੀ ਮੁਟਿਆਰ ਨੇ ਅਨੇਕਾਂ ਵਗੋਚਿਆਂ ਦਾ ਸੰਚਾਰ ਇਨ੍ਹਾਂ ਗੌਣਾਂ ਰਾਹੀਂ ਕੀਤਾ ਹੈ। ਇਨ੍ਹਾਂ ਗੌਣਾਂ ਵਿੱਚ ਪੰਜਾਬੀ ਸੱਭਿਆਚਾਰ ਦੇ ਦ੍ਰਿਸ਼ ਸਾਫ਼ ਨਜ਼ਰੀਂ ਆਉਂਦੇ ਹਨ। ਖੂਹਾਂ ’ਤੇ ਪਾਣੀ ਭਰਦੀਆਂ ਮੁਟਿਆਰਾਂ, ਤ੍ਰਿੰਞਣਾਂ ’ਚ ਕੱਤਦੀਆਂ ਸੁਆਣੀਆਂ ਅਤੇ ਪੀਂਘਾਂ ਝੂਟਦੀਆਂ ਅੱਲ੍ਹੜ ਮੁਟਿਆਰਾਂ ਦੀਆਂ ਝਲਕੀਆਂ ਤੋਂ ਇਲਾਵਾ ਘੋੜੇ ’ਤੇ ਅਸਵਾਰ ਭੈਣਾਂ ਨੂੰ ਮਿਲਣ ਆਉਂਦੇ ਵੀਰ ਅਤੇ ਡੋਲੀ ਚੁੱਕੀ ਜਾਂਦੇ ਕਹਾਰਾਂ ਦੀਆਂ ਟੋਲੀਆਂ ਦੇ ਝਲਕਾਰੇ ਵੀ ਇਨ੍ਹਾਂ ਗੀਤਾਂ ’ਚ ਨਜ਼ਰੀ ਪੈਂਦੇ ਹਨ। ਇਹ ਉਸ ਜ਼ਮਾਨੇ ਦੀ ਬਾਤ ਪਾਉਂਦੇ ਹਨ ਜਦੋਂ ਪੰਜਾਬ ਦੇ ਪਿੰਡਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਸੀ- ਖੇਤੀ ਪੂਰੀ ਤਰ੍ਹਾਂ ਵਿਕਸਤ ਨਹੀਂ ਸੀ ਹੋਈ- ਸੜਕਾਂ ਨਹੀਂ ਸਨ ਬਣੀਆਂ, ਕੱਚੇ ਰਾਹ, ਨਦੀਆਂ-ਨਾਲਿਆਂ ’ਤੇ ਕੋਈ ਪੁਲ ਨਹੀਂ ਸਨ।[1]

ਲੋਕ ਨਰਕਾਂ ਭਰੀ ਜ਼ਿੰਦਗੀ ਭੋਗਦੇ ਸਨ…ਕੁੜੀਆਂ ਛੋਟੀ ਉਮਰੇ ਵਿਆਹ ਦਿੱਤੀਆਂ ਜਾਂਦੀਆਂ ਸਨ…ਨਾਈ ਤੇ ਪਾਂਧੇ ਉਹਨਾਂ ਦੇ ਮੰਗਣੇ-ਵਿਆਹ ਕਰ ਆਉਂਦੇ ਸਨ। ਆਵਾਜਾਈ ਦੇ ਸਾਧਨ ਨਹੀਂ ਸਨ- ਕੇਵਲ ਘੋੜੇ-ਘੋੜੀਆਂ ਅਤੇ ਊਠ ਹੀ ਵਾਹਨਾਂ ਦੇ ਤੌਰ ’ਤੇ ਵਰਤੇ ਜਾਂਦੇ ਸਨ। ਗੁਜਾਰੇ ਲਈ ਮਰਦਾਂ ਤੇ ਗੱਭਰੂਆਂ ਨੂੰ ਦੂਰ-ਦੁਰਾਡੇ ਵਪਾਰ ਲਈ ਜਾਣਾ ਪੈਂਦਾ ਸੀ ਜਾਂ ਉਹ ਵਰ੍ਹਿਆਂਬੱਧੀ ਘਰੋਂ ਬਾਹਰ ਨੌਕਰੀ ਕਰਦੇ ਸਨ, ਪਿੱਛੇ ਉਹਨਾਂ ਦੀਆਂ ਪਤਨੀਆਂ ਵਿਛੋੜੇ ਦੇ ਪਲ ਸਹਿੰਦੀਆਂ ਹੋਈਆਂ ਦੂਹਰਾ ਦੁੱਖ ਭੋਗਦੀਆਂ ਸਨ। ਉਹਨਾਂ ਨੂੰ ਵਰ੍ਹਿਆਂਬੱਧੀ ਆਪਣੇ ਪੇਕੀਂ ਮਿਲਣ ਜਾਣ ਵੀ ਨਹੀਂ ਸੀ ਦਿੱਤਾ ਜਾਂਦਾ…ਸਹੁਰੀਂ ਉਹਨਾਂ ਦੀ ਸਾਰ ਲੈਣ ਵਾਲਾ ਵੀ ਕੋਈ ਨਹੀਂ ਸੀ ਹੁੰਦਾ ਜਿਸ ਨਾਲ ਉਹ ਆਪਣਾ ਮਨ ਹੌਲਾ ਕਰ ਸਕਣ। ਅੱਜ-ਕੱਲ੍ਹ ਤਾਂ ਸੰਚਾਰ ਦੇ ਕਿੰਨੇ ਸਾਧਨ ਹਨ। ਉਦੋਂ ਦੂਰ ਬੈਠੀਆਂ ਭੈਣਾਂ ਆਪਣੇ ਭਰਾਵਾਂ ਨੂੰ ਕਾਵਾਂ ਹੱਥ ਹੀ ਸੁਨੇਹੇ ਭੇਜਦੀਆਂ ਸਨ।

ਬੇਜੋੜ ਕਲਪਨਾ ਉਡਾਰੀ[ਸੋਧੋ]

ਲੋਕ ਗੀਤਾਂ ਵਿੱਚ ਇਨ੍ਹਾਂ ਦੇ ਰਚਣਹਾਰਿਆਂ ਵਰਗੀ ਸਾਦਗੀ,ਸਰਲਤਾ,ਆਪਮੁਹਾਰਾਪਨ ਹੁੰਦਾ ਹੈ। ਜਿਵੇਂ

ਘੁੰਡ ਕੱਡ ਲੈ ਪੱਤਣ ਤੇ ਖੜੀਏ,
ਪਾਣੀਆ ਨੂਂ ਅੱਗ ਲੱਗ ਜੂ।

ਲੋਕ ਗੀਤਾ ਦੇ ਰੂਪ[ਸੋਧੋ]

ਲੋਕ ਗੀਤਾ ਦੇ ਕਈ ਰੂਪ ਹਨ ਜਿਹਨਾਂ ਦਾ ਸੰਬੰਧ ਵੱਖ-ਵੱਖ ਖੁਸ਼ੀਆ ਨਾਲ ਹੁੰਦਾ ਹੈ। ਜਿਵੇਂ ਬਚਪਨ ਦੇ ਲੋਕ ਗੀਤ_ _

ਅਲੜ ਬਲੜ ਬਾਵੇ ਦਾ,
ਬਾਵਾ ਕਣਕ ਲਿਆਵੇਗਾ
ਬਾਵੀ ਬੈਠੀ ਛਟੇਗੀ
ਮਾਂ ਪੂਣੀਆ ਵਟੇਗੀ
ਬਾਵੀ ਮੰਨ ਪਕਾਵੇਗੀ
ਬਾਵਾ ਬੈਠਾ ਖਾਵੇਗਾ

ਪੰਜਾਬ ਦੇ ਲੋਕ ਗੀਤ ਇਸ ਤਰ੍ਹਾਂ ਪੰਜਾਬ ਦੇ ਸੱਭਿਆਚਾਟ ਨੂੰ ਪੁਰੀ ਤਰ੍ਹਾਂ ਦਰਸ਼ਾਉਂਦੇ ਹਨ।

ਹਵਾਲੇ[ਸੋਧੋ]