ਪੰਜਾਬ ਸਟੂਡੈਂਟ ਯੂਨੀਅਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬ ਸਟੂਡੈਂਟ ਯੂਨੀਅਨ ਵਿਦਿਆਰਥੀਆਂ ਦੀ ਜਥੇਬੰਦੀ ਹੈ। ਪੰਜਾਬ ਸਟੂਡੈਂਟ ਯੂਨੀਅਨ ਲੰਮੇਂ ਸਮੇਂ ਤੋਂ ਵਿਦਿਆਰਥੀ ਹੱਕਾਂ ਲਈ ਸੰਘਰਸ਼ ਕਰ ਰਹੀ ਹੈ। ਪੰਜਾਬ ਦੀ ਇਨਕਲਾਬੀ ਵਿਦਿਆਰਥੀ ਲਹਿਰ ਪਿਰਥੀਪਾਲ ਸਿੰਘ ਰੰਧਾਵਾ ਨੇ ਆਪਣੇ ਸਾਥੀਆਂ ਸਮੇਤ 12 ਅਗਸਤ 1971 ਨੂੰ ਜਗਰਾਓਂ 'ਚ ਇਜਲਾਸ ਕਰਕੇ ਪੰਜਾਬ ਸਟੂਡੈਂਟਸ ਯੂਨੀਅਨ ਦਾ ਮੁੜ ਗਠਨ ਕੀਤਾ ਸੀ। 1970 ਵਿੱਚ ਨਕਸਲਬਾੜੀ ਲਹਿਰ ਵਿਚਲੇ ਖੱਬੀ ਮਾਅਰਕੇਬਾਜੀ ਦੇ ਕੁਰਾਹੇ ਕਾਰਨ ਵਿਦਿਆਰਥੀਆਂ ਦੀ ਸਿਰਮੌਰ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਨੂੰ ਭੰਗ ਕਰ ਦਿੱਤਾ ਗਿਆ ਸੀ। ਇਸ ਮਾਅਰਕੇਬਾਜੀ ਖਿਲਾਫ ਜਨਤਕ ਲੀਹ ਦਾ ਡਟਵਾਂ ਪੈਂਤੜਾ ਮੱਲਦੇ ਹੋਏ ਪਿਰਥੀਪਾਲ ਰੰਧਾਵਾ ਦੇ ਉਹਨਾਂ ਦਾ ਸਾਥੀਆਂ ਵੱਲੋਂ ਪੀ.ਐੱਸ.ਯੂ. ਨੂੰ ਮੁੜ ਖੜ੍ਹੀ ਕਰਨਾ ਪੰਜਾਬ ਦੀ ਸਮੁੱਚੀ ਇਨਕਲਾਬੀ ਲਹਿਰ ਲਈ ਅਹਿਮ ਘਟਨਾ ਸੀ।

ਸੰਗਠਨ[ਸੋਧੋ]

ਵਿਦਿਆਰਥੀਆਂ ਦੀ ਜੁਝਾਰ ਇਨਕਲਾਬੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਖਿੰਡ ਚੁੱਕੀ ਸੀ। ਦੁਸ਼ਮਣ ਦੇ ਵਾਰਾਂ ਕਰਕੇ ਨਹੀਂ, ਇਨਕਲਾਬੀਆਂ 'ਚ ਜਨਤਾ ਦੀ ਸ਼ਕਤੀ ਅਤੇ ਜਨਤਕ ਜਥੇਬੰਦੀਆਂ 'ਚ ਭਰੋਸੇ ਦੀ ਘਾਟ ਕਰਕੇ। ਇਨਕਲਾਬੀ ਨੌਜਵਾਨਾਂ ਨੇ ਸੀਸ ਤਲੀ ’ਤੇ ਧਰ ਲਏ ਸਨ। ਹੇਠਲੀ ਉੱਤੇ ਕਰ ਦੇਣ ਦਾ ਤਹੱਈਆ ਕੀਤਾ ਸੀ। ਪਰ ਹੇਠਲੀ ਉੱਤੇ ਕਰਨ ਲਈ ਲੋਕਾਂ ਨੂੰ ਲਾਮਬੰਦ ਅਤੇ ਜਥੇਬੰਦ ਕਰਨ ਦੀ ਸੇਧ ਤਿਆਗ ਦਿੱਤੀ ਸੀ। ਪੀ.ਐਸ.ਯੂ. ਠੁਕਰਾ ਦਿੱਤੀ ਗਈ ਸੀ। ਇਸਦਾ ਹੱਥੀਂ ਭੋਗ ਪਾ ਦਿੱਤਾ ਗਿਆ ਸੀ। ਹਜ਼ਾਰਾਂ ਵਿਦਿਆਰਥੀਆਂ ਨੂੰ ਇਨਕਲਾਬੀ ਜਜ਼ਬਿਆਂ ਅਤੇ ਸੂਝ ਦੀ ਜਾਗ ਲਾਉਣ ਵਾਲੀ ਇਸ ਜਥੇਬੰਦੀ ਨੂੰ ਇਨਕਲਾਬ ਦੇ ਰਾਹ ਦਾ ਰੋੜਾ ਗਰਦਾਨ ਦਿੱਤਾ ਗਿਆ ਸੀ। ਆਪਣੀ ਜਥੇਬੰਦੀ ਬਿਨਾਂ ਵਿਦਿਆਰਥੀ ਜਨਤਾ ਨਿਆਸਰੀ ਸੀ। ਅਜਿਹੇ ਪੰਛੀ ਵਾਂਗ, ਜਿਹੜਾ ਉੱਚੀਆਂ ਉਡਾਰੀਆਂ ਭਰਨਾ ਲੋਚਦਾ ਹੋਵੇ, ਪਰ ਜਿਸਦੇ ਖੰਭ ਕਤਰ ਦਿੱਤੇ ਗਏ ਹੋਣ।

ਇਨ੍ਹਾਂ ਹਾਲਤਾਂ 'ਚ ਕੁੱਝ ਚੇਤੰਨ ਵਿਦਿਆਰਥੀਆਂ ਦੀ ਇੱਕ ਟੁੱਕੜੀ ਨੇ, ਪਿਰਥੀ ਦੀ ਅਗਵਾਈ 'ਚ ਵਿਦਿਆਰਥੀਆਂ ਦੀ ਇੱਕ ਟੁਕੜੀ ਨੇ ਵਿਦਿਆਰਥੀ ਜਨਤਾ ਨੂੰ ਇਸਦੇ ਖੰਭ ਵਾਪਸ ਕਰਨ ਦਾ ਤਹੱਈਆ ਕੀਤਾ ਸੀ। ਪੀ. ਐਸ. ਯੂ. ਨੂੰ ਮੁੜ ਜਥੇਬੰਦ ਕਰਨ ਦਾ ਬੀੜਾ ਚੁੱਕਿਆ ਸੀ। ਦੁਸ਼ਮਣ ਬੂਕਰਿਆ ਹੋਇਆ ਸੀ। ਵਿਦਿਆਰਥੀ ਸਹਿਮੇ ਹੋਏ ਸਨ। ਮਾਅਰਕੇਬਾਜ ਲੀਹ ਦੇ ਝੰਡਾਬਰਦਾਰਾਂ ਨੇ ਵਿਦਿਆਰਥੀ ਜਨਤਾ ’ਤੇ ਡਰਪੋਕ ਹੋਣ ਦਾ ਲੇਬਲ ਲਾ ਦਿੱਤਾ ਸੀ। ਉਨ੍ਹਾਂ ਦਾ ਮਤ ਸੀ ਕਿ ਲੋਕ ਜਥੇਬੰਦ ਨਹੀਂ ਹੋ ਸਕਦੇ। ਜੇ ਹੋ ਵੀ ਜਾਣ ਤਾਂ ਕੁਝ ਕਰ ਨਹੀਂ ਸਕਦੇ। ਸਿਰਫ ਸਿਰ ਤਲੀ 'ਤੇ ਧਰਨ ਵਾਲੇ ਮੁੱਠੀ ਭਰ ਸਿਰਲੱਥ ਸੂਰਮੇ ਹੀ ਆਪਣੇ ਜੁਝਾਰ ਕਾਰਨਾਮਿਆਂ ਨਾਲ ਰਾਜ ਸੱਤਾ ਨੂੰ ਉਲਟਾ ਸਕਦੇ ਹਨ ਅਤੇ ਇਨਕਲਾਬੀ ਰਾਜ ਕਾਇਮ ਕਰ ਸਕਦੇ ਹਨ। ਇਸ ਹਾਲਤ 'ਚ ਵਿਦਿਆਰਥੀ ਜਥੇਬੰਦੀ ਖੜ੍ਹੀ ਕਰਨ ਲਈ ਤਕੜਾ ਸਿਦਕ ਲੋੜੀਂਦਾ ਸੀ। ਦ੍ਰਿੜ੍ਹ ਇਰਾਦਾ ਲੋੜੀਂਦਾ ਸੀ। ਜਨਤਾ ’ਚ ਅਥਾਹ ਭਰੋਸਾ ਲੋੜੀਂਦਾ ਸੀ। ਲਟ-ਲਟ ਬਲਦੀ ਸੂਝ ਲੋੜੀਂਦੀ ਸੀ। ਸਹੀ ਸੇਧ ਲੋੜੀਂਦੀ ਸੀ। ਪਿਰਥੀ ਦੇ ਰੂਪ 'ਚ ਪੰਜਾਬ ਦੀ ਵਿਦਿਆਰਥੀ ਲਹਿਰ ਦੇ ਵਿਹੜੇ 'ਚ ਇਨ੍ਹਾਂ ਗੁਣਾਂ ਦੀ ਕਰੂੰਬਲ ਫੁੱਟ ਪਈ ਸੀ। ਪਿਰਥੀ ਦੀ ਬੀਰ ਗਾਥਾ, ਮਾਰੂ ਮੌਸਮਾਂ ਦੇ ਕਹਿਰ ਦਰਮਿਆਨ, ਇਸ ਕਰੂੰਬਲ ਦੇ ਕੱਦ ਕੱਢਣ ਦੀ ਗਾਥਾ ਸੀ। ਜੁਆਨ ਹੋ ਕੇ ਝੂਲਦਾ ਅਡੋਲ ਰੁੱਖ ਬਣ ਜਾਣ ਦੀ ਗਾਥਾ ਸੀ।[1]

ਸੰਘਰਸ਼ਾਂ ਦਾ ਵੇਰਵਾ[ਸੋਧੋ]

  • ਮੋਗਾ - ਅਦਾਲਤ ਦੀ ਅੱਖ ਦਾ ਟੀਰ। ਹੱਕੀ ਵਿਦਿਆਰਥੀ ਸੰਘਰਸ਼ ਦੀ ਸਜਾ 2 ਸਾਲ ਕੈਦ, 6400 ਰੁਪਏ ਜੁਰਮਾਨਾ। ਜਮਾਨਤ 'ਤੇ ਰਿਹਾਅ।ਇਹ ਗੱਲ 19 ਸਤੰਬਰ, 2016 ਦੀ ਹੈ। ਪੰਜਾਬ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਸੀ। ਅਕਾਲੀਆਂ ਦੀ ਪ੍ਰਾਈਵੇਟ ਟਰਾਂਸਪੋਰਟ ਨੈ ਗੁੰਡਾਗਰਦੀ ਦੀ ਅੱਤ ਕਰਾਈ ਹੋਈ ਸੀ। ਬਲਕਰਨ ਸਿੰਘ ਵੈਰੋਕੇ ਤੇ ਮੋਹਨ ਸਿੰਘ ਔਲਖ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸਨ। ਰੋਡੇ ਕਾਲਜ ਦੇ ਵਿਦਿਆਰਥੀਆਂ ਨੂੰ ਅਕਾਲੀਆਂ, ਕਾਂਗਰਸੀਆਂ ਦੀ ਪ੍ਰਾਈਵੇਟ ਟਰਾਂਸਪੋਰਟ ਦੀਆਂ ਬੱਸਾਂ ਵਾਲੇ ਗੁੰਡੇ ਤੰਗ ਕਰਦੇ ਸਨ। ਇਸ ਧੱਕੇਸ਼ਾਹੀ ਪੰਜਾਬ ਸਟੂਡੈਂਟਸ ਯੂਨੀਅਨ ਨੇ ਰੋਡੇ ਕਾਲਜ ਦੇ ਗੇਟ ਅੱਗੇ ਧਰਨਾ ਲਾਇਆ ਸੀ। ਇਸ ਧਰਨੇ ਦੀ ਅਗਵਾਈ ਮੋਹਨ ਸਿੰਘ ਔਲਖ ਤੇ ਬਲਕਰਨ ਸਿੰਘ ਵੈਰੋਕੇ ਨੇ ਕੀਤੀ। ਉਸ ਸਮੇਂ ਬਾਘਾਪੁਰਾਣਾ ਦੇ ਮੌਕੇ ਦੇ ਡੀਐਸਪੀ ਨੇ ਅਕਾਲੀਆਂ ਦੇ ਇਸ਼ਾਰੇ 'ਤੇ ਵਿਦਿਆਰਥੀਆਂ ਉਪਰ ਅੰਨਾ ਲਾਠੀਚਾਰਜ ਕੀਤਾ। ਪੁਲਿਸ ਨੇ ਵਿਦਿਆਰਥੀਆਂ ਦੇ ਭੱਜੇ ਜਾਂਦਿਆਂ ਦੇ ਡਾਂਗਾਂ ਚਲਾਈਆਂ। ਵਿਦਿਆਰਥੀ ਸੰਘਰਸ਼ ਨੂੰ ਰੋਕਣ ਲਈ ਬਲਕਰਨ ਸਿੰਘ ਵੈਰੋਕੇ ਤੇ ਮੋਹਨ ਸਿੰਘ ਔਲਖ ਨੂੰ ਗ੍ਰਿਫਤਾਰ ਕਰਕੇ ਕੁੱਟਮਾਰ ਕੀਤੀ। ਡੀਐਸਪੀ ਨੇ ਇਹਨਾਂ 'ਤੇ 307 ਸਮੇਤ ਝੂਠੀਆਂ ਧਾਰਾਵਾਂ ਲਾ ਕੇ ਪਰਚਾ ਦਰਜ ਕਰਕੇ ਦੋਨਾਂ ਵਿਦਿਆਰਥੀ ਆਗੂਆਂ ਨੂੰ ਜੇਲ ਭੇਜ ਦਿੱਤਾ। ਪੰਜਾਬ ਸਟੂਡੈਂਟਸ ਯੂਨੀਅਨ ਨੇ ਵਿਦਿਆਰਥੀਆਂ ਦੀ ਰਿਹਾਈ ਅਤੇ ਮੁਕੱਦਮਾ ਰੱਦ ਕਰਾਉਣ ਲਈ ਮੋਗੇ ਰੋਸ ਮੁਜਾਹਰਾ ਕੀਤਾ। ਜਿਸ ਕਰਕੇ ਪੁਲਿਸ ਨੂੰ 307 ਦੀ ਧਾਰਾ ਤੋੜਣੀ ਪਈ। ਪਰ ਮਕੁੱਦਮਾ ਕਾਇਮ ਰਿਹਾ ਤੇ ਸੱਤ ਸਾਲ ਚੱਲਿਆ। ਸੱਤਾ ਦੇ ਬਲਬੂਤੇ ਸਾਰੀ ਸਰਕਾਰੀ ਟਰਾਂਸਪੋਰਟੇਸ਼ਨ ਨੂੰ ਖੂੰਜੇ ਲਾਉਣ ਵਾਲੀਆਂ ਲਿਬੜਾ, ਨਿਉ ਦੀਪ, ਜੁਝਾਰ ਆਦਿ ਬੱਸਾਂ ਸੜਕਾਂ 'ਤੇ ਹਰਲ ਹਰਲ ਕਰਦੀਆਂ ਫਿਰਦੀਆਂ ਹਨ। ਇਹਨਾਂ ਦੀ ਧੱਕੇਸ਼ਾਹੀ ਦਾ ਵਿਰੋਧ ਹੋਣ 'ਤੇ ਪੁਲਿਸ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਦਾ ਪੱਖ ਪੂਰਨ ਦੀ ਬਜਾਏ ਸੱਤਾ ਨਸ਼ੀਨ ਕਰੋੜਾਂਪਤੀ ਪ੍ਰਾਈਵੇਟ ਟਰਾਂਸਪੋਰਟਰਾਂ ਦਾ ਪੱਖ ਪੂਰਦੀ ਹੈ। ਇਹ ਸਭ ਕੁਝ ਜੱਗ ਜਾਹਿਰ ਹੋਣ ਦੀ ਬਜਾਏ ਅਦਾਲਤੀ ਪ੍ਰਣਾਲੀ ਪੁਲਿਸ ਦਾ ਅਗਲਾ ਕਾਰਜ ਸਾਂਭ ਕੇ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਪੱਖ ਵਿੱਚ ਫੈਸਲੇ ਸੁਣਾਉਂਦੀ ਹੈ। ਇਸ ਲਈ ਇਹ ਫੈਸਲੇ ਕਾਨੂੰਨੀ ਨਹੀਂ ਬਲਕਿ ਸਿਆਸੀ ਹੁੰਦੇ ਹਨ। ਅਜਿਹੇ ਫੈਸਲਿਆਂ ਮੌਕੇ ਅਦਾਲਤਾਂ ਦੀ ਅੱਖ ਦਾ ਟੀਰ ਪਰਤੱਖ ਦਿਸਦਾ ਹੈ। ਪੁਲਿਸ ਨੇ ਅਕਾਲੀ ਝੂਠੀ ਕਹਾਣੀ, ਝੂਠੇ ਗਵਾਹਾਂ ਨਾਲ ਚਲਾਨ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਇਹਨਾਂ ਝੂਠੇ ਗਵਾਹਾਂ ਦੇ ਅਧਾਰ 'ਤੇ ਦੋਨਾਂ ਸਾਥੀਆਂ ਨੂੰ 2 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ। ਹਨੇਰਾ ਜਿੰਨਾਂ ਵੀ ਗਾੜਾ ਕਿਉਂ ਨਾ ਹੋਵੇ, ਸੂਰਜ ਨੂੰ ਚੜਣ ਤੋਂ ਨਹੀਂ ਰੋਕ ਸਕਦਾ। ਇਹ ਦੋਨੋਂ ਸਾਥੀ ਆਪਣੇ ਵਿਦਿਆਰਥੀ ਜੀਵਨ ਤੋਂ ਫੌਰੀ ਬਾਅਦ ਇਨਕਲਾਬੀ ਲਹਿਰ ਦਾ ਲੜ ਫੜੀ ਰੱਖਣ ਦਾ ਫੈਸਲਾ ਕਰ ਚੁੱਕੇ ਸਨ। ਅੱਜ ਕੱਲ ਮੋਹਨ ਸਿੰਘ ਔਲਖ ਲੋਕ ਪੱਖੀ ਪੱਤਰਕਾਰੀ ਵਜੋਂ ਪੰਜਾਬੀ ਨਜ਼ਰੀਆ ਚੈਨਲ ਚਲਾ ਰਹੇ ਹਨ। ਬਲਕਰਨ ਸਿੰਘ ਵੈਰੋਕੇ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਹਨ। ਇਹ ਮੁਕੱਦਮਾ ਇਹਨਾਂ ਸਾਥੀਆਂ ਦਾ ਮਨ ਨਹੀਂ ਡੋਲਾ ਪਾਇਆ, ਇਹ ਸਜਾ ਵੀ ਹੌਂਸਲੇ ਪਸਤ ਨਹੀਂ ਕਰ ਸਕੇਗੀ। ਇਹ ਫੈਸਲਾ ਅਦਾਲਤੀ ਨਹੀਂ ਬਲਕਿ ਸਿਆਸੀ ਫੈਸਲਾ ਹੈ। ਇਸ ਫੈਸਲੇ ਖਿਲਾਫ ਅਗਲੀ ਕਾਨੂੰਨੀ ਕਾਰਵਾਈ ਕਰਾਂਗੇ। ਸਜਾ ਦਾ ਡਟਵਾਂ ਵਿਰੋਧ ਕਰਾਂਗੇ।
  • ਫਾਜ਼ਿਲਕਾ - ਪਿਛਲੇ ਸਾਲਾਂ ਤੋਂ ਐਮ ਆਰ ਸਰਕਾਰੀ ਕਾਲਜ ਨੂੰ ਬਚਾਉਣ ਲਈ ਪੰਜਾਬ ਸਟੂਡੈਂਟਸ ਯੂਨੀਅਨ ਸੰਘਰਸ਼ ਕਰ ਰਹੀ ਹੈ। ਮੰਗਾਂ ਹਨ ਕਿ ਸਰਕਾਰੀ ਕਾਲਜਾਂ ਵਿੱਚ ਪੱਕੀਆਂ ਭਰਤੀਆਂ ਕੀਤੀਆਂ ਜਾਣ , ਵਿਦਿਆਰਥੀਆਂ ਤੇ ਫੀਸਾਂ - ਫੰਡਾਂ ਦਾ ਬੋਝ ਨਾ ਪਾਇਆ ਜਾਵੇ ।
  • ਸੰਗਰੂਰ - ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਭਗਵੰਤ ਮਾਨ ਸਰਕਾਰ ਦੇ ਮੁਫ਼ਤ ਸਿੱਖਿਆ ਦੇ ਵਾਅਦੇ ਨੂੰ ਲਾਗੂ ਕਰਵਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਵੱਲ 22ਮਾਰਚ , 2023 ਵਾਲੇ ਦਿਨ ਰੈਲੀ ਕਰਕੇ ਮਾਰਚ ਕੀਤਾ ਗਿਆ।

ਹਵਾਲੇ[ਸੋਧੋ]

  1. ਪੀ.ਐੱਸ.ਯੂ. ਦੇ ਸਾਬਕਾ ਆਗੂ ਜਸਪਾਲ ਜੱਸੀ