ਪੰਜਾਬ , ਪੰਜਾਬੀ ਅਤੇ ਪੰਜਾਬੀਅਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਚਕਾਰ ਡੂੰਘਾ ਸੰਬੰਧ ਹੈ। ਪੰਜਾਬ ਨਾਂ ਦੇ ਭੂ- ਖੇਤਰ ਵਿੱਚ ਪੈਦਾ ਹੋਈ, ਪ੍ਰਚਲਿਤ  ਹੋਈ ਤੇ ਪ੍ਰਯੋਗ ਹੋ ਰਹੀ ਭਾਸ਼ਾ ਦਾ ਨਾਂ ਪੰਜਾਬੀ ਹੈ। ਪੰਜਾਬੀ ਭਾਸ਼ਾ ਪੰਜਾਬ ਦੇ ਰਹਿਣ ਵਾਲੇ ਲੋਕਾਂ ਦੇ ਅਮਲੀ ਤਜਰਬੇ ਵਿਚੋਂ ਪੈਦਾ ਹੋਈ ਹੈ। ਪੰਜਾਬੀ ਸਮਾਜ ਵਿਚ ਪੁਰਾਤਨ ਸਮੇਂ ਤੋਂ ਸੰਯੁਕਤ ਪਰਿਵਾਰ ਪ੍ਰਥਾ ਰਹੀ ਹੈ, ਜਿਸ ਵਿਚ ਪਿਤਾ, ਪੁੱਤਰ ਅਤੇ ਦਾਦਾ ਇੱਕਠੇ ਇੱਕ ਛੱਤ ਹੇਠ ਰਹਿੰਦੇ ਹਨ। ਇਸ ਵਿਚ ਨਾਨਕੇ ਅਤੇ ਦਾਦਕੇ ਦਾ ਵੱਖਰਾ ਸੰਕਲਪ ਹੈ।

ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਰਾਹੀਂ ਉਸਾਰੀ ਪੰਜਾਬੀਅਤ ਢੇਰ ਪੁਰਾਣੀ ਹੈ। ਇਤਿਹਾਸਿਕ ਦ੍ਰਿਸ਼ਟੀ ਤੋਂ ਪੰਜਾਬ ਦੀ ਧਰਤੀ ਉੱਤੇ ਹੀ ਸਭ ਤੋਂ ਪਹਿਲਾਂ ਸਭਿਅਤਾ ਵਿਕਸਿਤ ਹੋਈ ਸੀ। ਹੜੱਪਾ ਮੁਹਿੰਜੋਦੜੋ ਵਿਚ ਵਸਦੀਆਂ ਕੋਲ ਜਾਂ ਦ੍ਰਵਿੜ ਜਾਤੀਆਂ ਮੂਲ ਰੂਪ ਵਿਚ ਪੰਜਾਬੀ ਹੀ ਸਨ।

       ਪੰਜਾਬੀਅਤ ਤੋਂ ਭਾਵ ਇਹ ਹੈ ਕਿ ਹਰ ਪੰਜਾਬੀ ਨੂੰ ਪੰਜਾਬ ਦਾ ਵਾਸੀ ਹੋਣ ਤੇ ਮਾਣ ਹੋਵੇ ਅਤੇ ਪੰਜਾਬ ਦੇ ਹਰੇਕ ਵਸਨੀਕ ਨਾਲ ਉਹ ਸਾਂਝ ਮਹਿਸੂਸ ਕਰੇ। ਧਰਮ, ਰੰਗ, ਨਸਲ, ਜਾਤੀ ਆਦਿ ਦੇ  ਵਿਤਕਰਿਆਂ ਨੂੰ ਇਕ ਪਾਸੇ ਰੱਖ ਕੇ ਲੋਕ ਇਹ ਸੋਚਣ ਕਿ ਉਹ ਪੰਜਾਬੀ ਹਨ।

ਸੱਭਿਆਚਾਰ ਦੇ ਤਿੰਨ ਪੱਖ:-

1) ਭੌਤਿਕ

2) ਸਮਾਜਿਕ

3) ਕਲਾਤਮਕ।

• ਪੰਜਾਬੀ ਸੱਭਿਆਚਾਰ।           ਦੇ ਅੰਦਰਲੇ ਤੱਤ:-

              ਪੰਜਾਬੀ ਸੱਭਿਆਚਾਰ ਅੰਦਰ ਬਹੁਤ ਸਾਰੇ ਤੱਤ ਹਨ, ਜਿਹੜੇ ਇਸ ਨੂੰ ਪੰਜਾਬੀਅਤ ਬਖਸ਼ਦੇ ਹਨ। ਇਸ ਵਿਚ ਸਾਂਝੀ ਸੋਚ ਇੱਕ ਨੰਬਰ ਤੇ ਆਉਂਦੀ ਹੈ। ਪੰਜਾਬ ਦੇ ਸਾਰੇ ਲੋਕ ਇਹ ਮਹਿਸੂਸ ਕਰਦੇ ਹਨ ਅਤੇ ਸਾਂਝੇ ਤੌਰ ਤੇ ਪੰਜਾਬ ਦੇ ਲੋਕ ਸੰਗੀਤ ਵੀ ਲੋਕਾਂ ਵਿਚ ਪੰਜਾਬੀਅਤ ਦੀ ਭਾਵਨਾ ਪੈਦਾ ਕਰਦਾ ਹੈ।

ਡਾ. ਸੋਹਿੰਦਰ ਸਿੰਘ ਬੇਦੀ ਅਨੁਸਾਰ," ਪੰਜਾਬੀਆਂ ਨੂੰ ਸਵਰ- ਲਹਿਰੀਆਂ ਗੁੜ੍ਹਤੀ ਵਿਚ ਮਿਲਦੀਆਂ ਹਨ। ਜੰਮਦਿਆਂ ਸਾਰ ਹੀ ਬੱਚੇ ਦੇ ਕੰਨਾਂ ਵਿਚ, ਗੀਤਾਂ ਦੀਆਂ ਮਧੁਰ ਧੁਨੀਆਂ ਦੇ ਢੋਲਕੀ ਵੀ ਛਣਕਣ ਲਗਦੀ ਹੈ।ਲੋਕ ਸੰਗੀਤ ਬਾਲ ਦੀ ਆਤਮਾ ਵਿਚ ਇਕ ਰਸ ਹੋ ਕੇ ਰਚ ਜਾਂਦਾ ਹੈ ਤੇ ਜੀਵਨ ਭਰ ਕਈ ਰੂਪਾਂ ਵਿਚ, ਉਸਦੇ ਬੁੱਲਾਂ ਉੱਤੇ ਨੱਚਦਾ ਰਹਿੰਦਾ ਹੈ।"

ਪੰਜਾਬੀ ਰਹਿਣੀ - ਬਹਿਣੀ:-

      ਪੰਜਾਬੀਆਂ ਦੇ ਰਹਿਣ - ਸਹਿਣ ਦੇ ਢੰਗ- ਤਰੀਕੇ ਇਕੋ ਜਿਹੇ ਹਨ ਤੇ ਇਹ ਉਹਨਾਂ ਦੀਆਂ ਭਾਵਨਵਾਂ ਦਾ ਪ੍ਰਗਟਾਵਾ ਕਰਨ ਵਿਚ ਸਹਾਈ ਹੁੰਦਾ ਹੈ। ਇਸੇ ਕਰਕੇ ਇਕੋ ਜਿਹੀ ਰਹਿਣੀ - ਬਹਿਣੀ ਨੇ ਵੀ ਪੰਜਾਬੀਅਤ ਦੀ ਭਾਵਨਾ ਪੈਦਾ ਕੀਤੀ ਹੈ।

• ਲੋਕ ਕਲਾ ਦਾ ਯੋਗਦਾਨ:-

         ਲੋਕ ਕਲਾ ਬਾਰੇ ਡਾ.ਬੇਦੀ ਲਿਖਦੇ ਹਨ," ਪੰਜਾਬ ਦੀ ਲੋਕ ਕਲਾ ਇਥੋਂ ਦੀ ਸੰਸਕ੍ਰਿਤੀ ਜਿੰਨੀ ਪੁਰਾਣੀ ਹੈ। ਪੰਜਾਬ ਦੇ ਲੋਕ ਕਲਾ ਦੇ ਸਭ ਤੋਂ ਪੁਰਾਣੇ ਨਮੂਨੇ ਹੜੱਪਾ ਤੇ ਰੋਪੜ ਦੀਆਂ ਪੁਰਾਣੀਆਂ ਕੇਹਾਂ ਦੀ ਖੁਦਾਈ ਵੇਲੇ ਮਿਲੇ ਹਨ। ਇਹਨਾਂ ਵਿਚੋਂ ਕੁਝ ਮਿੱਟੀ ਦੇ ਘੜੇ ਤੇ ਅੱਗ ਵਿਚ ਪੱਕੇ ਖਿਡੌਣੇ ਹਨ ਜੋ ਘਰਾਂ ਵਿਚ ਸਜਾਵਟ ਲਈ ਵਰਤੇ ਜਾਂਦੇ ਹਨ। ਮੂਰਤੀ ਕਲਾ, ਚਿੱਤਰਕਲਾ ਪੰਜਾਬ ਦੇ ਬਹੁਤ ਪ੍ਰਸਿੱਧ ਹਨ।

ਭਾਸ਼ਾ ਦਾ ਯੋਗਦਾਨ :-

       ਭਾਸ਼ਾ ਆਪਣੇ ਆਪ ਵਿਚ ਪੰਜਾਬੀ ਸੱਭਿਆਚਾਰ ਦਾ ਹਿੱਸਾ ਹੈ। ਭਾਸ਼ਾ ਦੇ ਯੋਗਦਾਨ ਨੇ ਵੀ ਪੰਜਾਬੀਅਤ ਪੈਦਾ ਕਰਨ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ ਹੈ। ਪੰਜਾਬੀ ਭਾਸ਼ਾ ਆਮ ਲੋਕਾਂ ਦੀ ਭਾਸ਼ਾ ਹੈ, ਇਹ ਭਾਸ਼ਾ ਇਥੇ ਬੋਲੀ ਜਾ ਰਹੀ ਅਪਭ੍ਰੰਸ਼ ਭਾਸ਼ਾ ਵਿਚੋਂ ਹੀ ਨਿਕਲੀ ਹੈ। ਇਹ ਭਾਸ਼ਾ ਕਿਸੇ ਖਾਸ ਧਰਮ ਦੇ ਲੋਕਾਂ ਜਾਂ ਕਿਸੇ ਜਾਤੀ ਦੀ ਭਾਸ਼ਾ ਨਹੀਂ ਹੈ, ਸਗੋਂ ਇਹ ਸਮੁੱਚੇ ਪੰਜਾਬੀਆਂ ਦੀ ਭਾਸ਼ਾ ਹੈ। ਪੰਜਾਬੀ ਸਾਹਿਤ ਦੇ ਆਰੰਭ ਵਿਚ ਨਾਥ ਜੋਗੀਆਂ ਦਾ ਸਾਹਿਤ ਮਿਲਦਾ ਹੈ। ਭਾਸ਼ਾ ਦੇ ਮਾਧਿਅਮ ਨਾਲ ਰਚਿਆ ਗਿਆ ਇਹ ਸਾਹਿਤ ਪੂਰਣ ਤੌਰ ਤੇ ਨਿਰਪੇਖ ਹੈ ਅਤੇ ਪੰਜਾਬੀਅਤ ਦਾ ਧਾਰਨੀ ਹੈ।" ਗੋਰਖ ਬਾਣੀ " ਵਿਚ ਲਿਖਿਆ ਹੈ-

"ਜੋ ਘਰ ਤਿਆਗ ਕਹਾਵੈ ਜੋਗੀ

  ਘਰ ਬਾਸੀ ਕੋ ਕਹੈ ਜੋ ਭੋਗੀ

ਧਰਮ ਤਤ ਕੋ ਹੋਈ ਨਾ ਧਰਮੀ

ਕਹੇ ਗੋਰਖ ਸੋ ਮਹਾ ਅਧਰਮੀ।"

ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ:-

           ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਆਪਸ ਵਿਚ ਸੰਬਧਿਤ ਹਨ। ਇਸ ਸਬੰਧੀ ਡਾ.ਧਨਵੰਤ ਕੌਰ ਨੇ ਲਿਖਿਆ ਹੈ,"ਪੰਜਾਬੀਅਤ ਦਾ ਸੰਕਲਪ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ ਅਤੇ ਬਹੁਤੀ ਵਾਰ ਅਸੀਂ ਇਹਨਾਂ ਨੂੰ ਸਮਾਨਾਰਥਕ ਸੰਕਲਪਾਂ ਵਜੋਂ ਵੀ ਵਰਤ ਲੈਂਦੇ ਹਾਂ। ਪੰਜਾਬੀ ਸੱਭਿਆਚਾਰ ਇਕ ਵਿਸ਼ਾਲ, ਵਿਆਪਕ,ਬਹੁ - ਬਣਤਰੀ ਪ੍ਰਬੰਧ ਹੈ ਅਤੇ ਪੰਜਾਬੀਅਤ ਇਸ ਪ੍ਰਬੰਧ ਤੋਂ ਉਸਾਰੀ ਪੰਜਾਬੀ ਮਾਨਸਿਕਤਾ। ਪੰਜਾਬੀ ਸੱਭਿਆਚਾਰ ਦਾ ਸੰਕਲਪ ਅਸੀਂ ਜਦੋਂ ਵਰਤਦੇ ਹਾਂ ਤਾਂ ਉਸ ਵਿੱਚ ਪੰਜਾਬੀ ਵਿਹਾਰ, ਸੋਚ ਵਿਚਾਰ, ਘਰ ਪਰਿਵਾਰ ਦੇ ਨਾਲ - ਨਾਲ ਇਕ ਵਿਆਪਕ ਵਸਤ ਵੀ ਹਾਜ਼ਰ ਹੁੰਦਾ ਹੈ।"

ਸੂਫ਼ੀ ਸਾਹਿਤ:-

         ਬਾਬਾ ਫ਼ਰੀਦ ਦੇ ਸਲੋਕ ਨੂੰ ਪੜ੍ਹਨ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਸਨੇ ਪੰਜਾਬੀ ਭਾਸ਼ਾ ਰਾਹੀਂ ਆਪਣੀ ਸੂਫ਼ੀ ਭਾਵਨਾਵਾਂ ਨੂੰ ਪ੍ਰਗਟਾਇਆ।

• ਗੁਰਮਤਿ ਸਾਹਿਤ:-

          ਸਾਰੇ ਗੁਰੂ ਸਾਹਿਬਾਨ ਦੀ ਬਾਣੀ ਲੋਕਾਂ ਵਿਚ ਸਾਂਝੀ ਭਾਵਨਾ ਪੈਦਾ ਕਰਦੀ ਹੈ ਅਤੇ ਮਨੁੱਖ ਮਾਤਰ ਦੀ ਏਕਤਾ ਵੱਲ ਇਸ਼ਾਰਾ ਕਰਦੀ ਹੈ।

ਡਾ.ਸਾਹਿਬ ਲਿਖਦੇ ਹਨ," ਗੁਰੂ ਗ੍ਰੰਥ ਸਾਹਿਬ ਬਹੁ - ਭਾਸ਼ਾਈ ਸ਼ਬਦ ਕੋਸ਼ ਹੈ, ਜਿਸ ਵਿਚ ਉਸ ਸਮੇਂ ਦੀਆਂ ਸਮੂਹ ਪ੍ਰਯੋਗ ਕੀਤੀਆਂ ਬੋਲੀਆਂ ਦੇ ਅਨੁਸਾਰ ਮੁਹਾਂਦਰੇ ਮਿਲਦੇ ਹਨ।"

ਪੰਜਾਬੀ ਕਿਰਦਾਰ ਨੂੰ ਪ੍ਰਗਟਾਉਣ ਲਈ ਸਮਰੱਥ:-

        ਪੰਜਾਬੀ ਭਾਸ਼ਾ ਹੀ ਇਕ ਅਜਿਹੀ ਭਾਸ਼ਾ ਹੈ, ਜੋ ਪੰਜਾਬੀ ਕਿਰਦਾਰ ਦਾ ਪ੍ਰਗਟਾਵਾ ਕਰ ਸਕਦੀ ਹੈ। ਪੰਜਾਬੀ ਉੱਦਮੀ, ਹੌਂਸਲੇ ਵਾਲੇ, ਮਿਹਨਤੀ, ਉਦਾਰ- ਚਿਤ, ਬਹਾਦਰ ਆਦਿ ਹੁੰਦੇ ਹਨ।ਪੰਜਾਬੀ ਕਿਰਦਾਰ ਦੀ ਮੂੰਹ ਬੋਲਦੀ ਤਸਵੀਰ ਪੰਜਾਬੀ ਸ਼ਬਦਾਵਲੀ ਰਾਹੀਂ ਹੀ ਖਿੱਚੀ ਜਾ  ਹੈ।

ਪੰਜਾਬੀ ਭਾਸ਼ਾ ਅੰਦਰ ਪ੍ਰਾਚੀਨ ਭਾਸ਼ਾਵਾਂ ਦੇ ਸ਼ਬਦ:-

         ਪੰਜਾਬੀ ਭਾਸ਼ਾ ਵਿਚ ਕਾਫ਼ੀ ਸ਼ਬਦ ਆਸਟ੍ਰਿਕ ਭਾਸ਼ਾ ਦੇ ਮਿਲਦੇ ਹਨ, ਜਿਹੜੀ ਕਿ ਇਸ ਖੇਤਰ ਵਿਚ ਪਹਿਲਾਂ ਬੋਲੀ ਜਾਂਦੀ ਸੀ। ਅਪਭ੍ਰੰਸ਼ ਭਾਸ਼ਾ ਤੋਂ ਕਾਫ਼ੀ ਸ਼ਬਦ ਪੰਜਾਬੀ ਵਿਚ ਆਏ ਹਨ।

ਡਾ. ਅਤਰ ਸਿੰਘ ਅਨੁਸਾਰ," ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਕੋਈ ਵੱਖਰੇ ਵਰਤਾਰੇ  ਨਹੀਂ, ਸਗੋਂ ਇੱਕ ਵਿਸ਼ਾਲ ਵਰਤਾਰੇ ਦੇ ਬਦਲਵੇਂ ਰੂਪ ਹੀ ਹਨ।"

  ਪੰਜਾਬੀਅਤ :-

  ਪੰਜਾਬੀਅਤ ਇੱਕ ਅਜਿਹਾ ਅਹਿਸਾਸ ਹੈ,ਜਿਸ ਤੋਂ ਇੱਕ ਵਿਸ਼ੇਸ਼ ਪ੍ਰਕਾਰ ਦੀ ਵਿਲੱਖਣਤਾ ਦਾ ਝਲਕਾਰਾ ਪੈਂਦਾ ਹੈ। ਪੰਜਾਬੀਅਤ, ਦਾ ਸੰਬੰਧ ਪੰਜਾਬ ਦੇ ਭੂਗੋਲਿਕ ਖਿੱਤੇ, ਉਸ ਖੇਤਰ ਦੀ ਸਥਾਨਕ ਭਾਸ਼ਾ, ਲੋਕਾਂ ਦੀ ਰਹਿਤਲ ਅਤੇ ਉਨ੍ਹਾਂ ਦੇ ਵਿਸ਼ੇਸ਼ ਗੁਣਾਂ, ਜੀਵਨ ਜਾਂਚ ਆਦਿ ਨਾਲ ਹੁੰਦਾ ਹੈ। ਪੰਜਾਬੀਅਤ ਪੰਜਾਬੀ ਪਛਾਣ ਦਾ ਦੂਜਾ ਨਾਂ ਹੈ ਜੋ ਇਸ ਨੂੰ ਭਾਰਤ ਦੀਆਂ ਬਾਕੀ ਕੌਮਾਂ ਤੋਂ ਅਲੱਗ ਕਰਦੀ ਹੈ। ਕੁਝ ਵਿਦਵਾਨਾਂ ਨੇ ਪੰਜਾਬੀਅਤ ਨੂੰ ਕੌਮੀਅਤ ਅਤੇ ਸੱਭਿਆਚਾਰ ਦੇ ਅਰਥਾਂ ਵਿੱਚ ਵਰਤਿਆ ਹੈ। ਕੌਮੀਅਤ ਰਾਜਸੀ ਚੇਤਨਾ ਨਾਲ ਸੰਬੰਧਤ ਹੈ ਤੇ ਸੱਭਿਆਚਾਰ ਕਿਸੇ ਜਨ-ਸਮੂਹ ਦੀ ਜੀਵਨ - ਜਾਚ ਤੇ ਕਦਰਾਂ-ਕੀਮਤਾਂ ਨਾਲ। ਇਨ੍ਹਾਂ ਦੋਹਾਂ ਨਾਲ ਪੰਜਾਬੀ ਵਿਸ਼ੇਸ਼ਣ ਲਾ ਕੇ ਪੰਜਾਬੀ ਕੌਮੀਅਤ ਅਤੇ ਪੰਜਾਬੀ ਸੱਭਿਆਚਾਰ ਨੂੰ ਪੰਜਾਬੀਅਤ ਦੇ ਸਮਾਨਾਰਥਕ ਇਸਤੇਮਾਲ ਕੀਤਾ ਜਾ ਸਕਦਾ ਹੈ। ਪੰਜਾਬੀਆਂ ਦਾ ਆਪਣੀ ਸ਼ਨਾਖਤ ਬਾਰੇ ਸੁਚੇਤ ਹੋਣਾ ਇਕ ਚੰਗੀ ਗੱਲ ਹੈ।

ਪੰਜਾਬੀਅਤ ਦਾ ਧਰਮ ਨਾਲ ਕੋਈ ਸਬੰਧ ਨਹੀਂ। ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ, ਪੰਜਾਬੀ ਸੱਭਿਆਚਾਰ ਤੇ ਰਹਿਤਲ ਅਤੇ ਪੰਜਾਬ ਦੀ ਧਰਤੀ ਨਾਲ ਮੋਹ ਦੇ ਰਿਸ਼ਤੇ ਦਾ ਨਾਂ ਪੰਜਾਬੀਅਤ ਹੈ। ਇਸ ਦੇ ਇਕ ਪਾਸੇ ਪੰਜਾਬ ਦਾ ਇਤਿਹਾਸ, ਭਾਸ਼ਾ, ਸਾਹਿਤ ਅਤੇ ਕੋਮਲ ਕਲਾਵਾਂ ਹਨ ਤੇ ਦੂਜੇ ਪਾਸੇ ਪੰਜਾਬ ਦਾ ਲੋਕਯਾਨ ਹੈ। ਇਸ ਵਿੱਚ ਲੋਕ ਸਾਹਿਤ, ਲੋਕ ਹੁਨਰ, ਲੋਕ ਵਿਸ਼ਵਾਸ, ਲੋਕ ਧੰਦੇ, ਰੀਤੀ-ਰਿਵਾਜ, ਪਹਿਰਾਵਾ, ਦਿਲ ਪ੍ਰਚਾਵੇ ਦੇ ਸਾਧਨ ਆਦਿ ਸ਼ਾਮਿਲ ਹਨ। ਪੰਜਾਬੀ ਲੋਕਯਾਨ ਦਾ ਘੇਰਾ ਬਹੁਤ ਵਿਸ਼ਾਲ ਹੈ। ਲੋਕਾਂ ਦੇ ਜੀਵਨ ਨਾਲ ਸਬੰਧਤ ਸਮੱਗਰੀ,। ਪੰਜਾਬੀ ਲੋਕ ਗੀਤ, ਲੋਕ ਕਹਾਣੀਆਂ, ਲੋਕ ਨਾਚ, ਲੋਕ ਨਾਟਕ, ਲੋਕ ਸੰਗੀਤ, ਲੋਕ ਵਿਸ਼ਵਾਸਾਂ, ਰੀਤੀ ਰਿਵਾਜਾਂ ਤੇ ਦਿਲ ਪ੍ਰਚਾਵੇ ਦੇ ਅਨੇਕ ਸਾਧਨਾਂ ਦੇ ਰੂਪ ਵਿੱਚ ਪ੍ਰਾਪਤ ਹੈ। ਪੰਜਾਬੀ ਲੋਕਯਾਨ ਸਮੂਹ ਪੰਜਾਬੀਆਂ ਦੇ ਸਾਂਝੇ ਤਜਰਬਿਆਂ ਜ਼ਖ਼ੀਰਾ ਹੈ। ਉਨ੍ਹਾਂ ਦੀ ਰਹਿਤਲ ਪੂਰੀ ਤਰ੍ਹਾਂ ਰੂਪਮਾਨ ਹੁੰਦੀ ਹੈ। ਪੰਜਾਬੀਅਤ ਦਾ ਸੱਚਾ, ਸੁੱਚਾ ਤੇ ਸਜੀਵ ਚਿੱਤਰ ਸਾਹਮਣੇ ਆਉਂਦਾ ਹੈ। ਪੰਜਾਬੀਅਤ ਵਿਚ ਪੰਜਾਬੀਆਂ ਦਾ ਸੁਭਾਅ, ਉਹਨਾਂ ਦੀ ਸ਼ਖਸੀਅਤ, ਸੋਚ ਧਾਰਾ ਮੁੱਖ ਸ਼ਾਮਲ ਹੁੰਦੀ ਹੈ। ਜੋ ਇਹਨਾਂ ਨੂੰ ਇੱਕ ਅਨੋਖੀ ਪਛਾਣ ਬਖ਼ਸ਼ਦੀ ਹੈ। ਪੰਜਾਬੀਅਤ ਵਿੱਚ ਪੰਜਾਬੀ ਜੁੱਸਾ, ਰੂਹ ਦੀ ਤਾਸੀਰ ਮੁੱਖ ਹੈ, ਇਹ ਜੁੱਸਾ ਜੋ ਇਥੋਂ ਦੇ ਦਿਲਕਸ਼ ਪੌਣ ਪਾਣੀ ਤੇ ਵੰਗਾਰਾਂ ਭਰਪੂਰ ਹੋਣੀਆਂ ਵਿਚ ਉਸਰਿਆ ਹੈ, ਉਹ ਜੁੱਸਾ ਜਿਸ ਨੇ ਧਾੜਵੀਆਂ ਨੂੰ ਰੋਕਿਆ ਹੈ, ਬੁਜ਼ਦਿਲਾਨਾ ਲੰਮੇ ਜੀਵਨ ਦੀ ਅਕਾਂਖਿਆ ਡਰ ਕੇ, ਬੇਪੱਤ ਹੋ ਕੇ ਜਿਊਣਾ ਪੰਜਾਬੀਅਤ ਨਹੀਂ।


ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਬਾਰੇ ਪਾਕਿਸਤਾਨੀ ਪੰਜਾਬੀਆਂ ਦੇ ਮਸਲੇ ਅਤੇ ਪੰਜਾਬੀ ਜ਼ੁਬਾਨ ਸੰਬੰਧੀ ਸਮੱਸਿਆਵਾਂ ਭਾਰਤੀ ਪੰਜਾਬ ਤੋਂ ਬਿਲਕੁਲ ਅਲੱਗ ਹਨ। ਦੋਹਾਂ ਪੰਜਾਬਾਂ ਦੀ 'ਪੰਜਾਬੀ' ਇੱਕ ਦੂਜੀ ਤੋਂ ਕਾਫ਼ੀ ਭਿੰਨ ਹੈ। ਪੰਜਾਬੀਅਤ ਨੂੰ ਵੱਡਾ ਖ਼ਤਰਾ ਪੰਜਾਬੀਆਂ ਦੀ ਭਾਰੀ ਗਿਣਤੀ ਦਾ ਆਪਣੀ ਮਾਂ - ਬੋਲੀ ਤੋਂ ਬੇ-ਮਨੁੱਖਤਾ ਦੀ ਦੇਣ ਹੈ। ਬੱਚਾ ਜਿਸ ਮਾਹੌਲ ਵਿੱਚ ਜੰਮਦਾ, ਪਲਦਾ ਤੇ ਵਿਚਰਦਾ ਹੈ, ਉਸ ਤੋਂ ਕਿਸੇ ਤਰ੍ਹਾਂ ਵੀ ਅਭਿੱਜ ਨਹੀਂ ਰਹਿ ਸਕਦਾ। ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚੇ ਲਈ ਪੰਜਾਬੀ ਵਾਤਾਵਰਣ ਉਸਾਰਨ ਤੇ ਆਪਣੇ ਵਿਰਸੇ ਬਾਰੇ ਅਜਿਹਾ ਸਾਹਿਤ ਦੇਣ ਜਿਸ ਤੇ. ਉਸ ਨੂੰ ਫਖ਼ਰ ਹੋਵੇ। ਅੱਜ ਪੰਜਾਬੀਆਂ ਦੀ ਕਾਫ਼ੀ ਗਿਣਤੀ ਬਾਹਰਲੇ ਮੁਲਕਾਂ ਵਿਚ ਹੈ। ਨਸਲਵਾਦੀ ਮਾਹੌਲ, ਕੰਮਾਂ ਦੇ ਰੁਝੇਵੇਂ, ਨਵੀਂ ਅਤੇ ਪੁਰਾਣੀ ਪੀੜ੍ਹੀ ਦੀ ਟੱਕਰ, ਰੀਤੀ ਰਿਵਾਜ਼, ਸਮਾਜਿਕ ਬਣਤਰ, ਤੌਰ ਤਰੀਕੇ ਆਦਿ ਵਿੱਚ ਪੰਜਾਬੀਅਤ ਕਾਫ਼ੀ ਦੂਰ ਚਲੀ ਗਈ। ਪ੍ਰਵਾਸੀ ਪੰਜਾਬੀਆਂ ਲਈ ਇਹ ਪੀੜ੍ਹੀ - ਪਾੜਾ ਆਪਣੀ ਸਭਿਆਚਾਰਕ ਪਹਿਚਾਣ ਗੁਆ ਬੈਠਾ ਹੈ। ਪੰਜਾਬੀਅਤ ਦੀ ਪਹਿਚਾਣ ਇਸੇ ਸਵੈ-ਪਛਾਣ ਦੇ ਅਮਲ ਵਿਚ ਇਕ ਅਹਿਮ ਪੱਖ ਹੈ। ਪੰਜਾਬ ਵਿਸ਼ਾਲ ਮੈਦਾਨੀ ਇਲਾਕਾ ਹੈ। ਜ਼ਰਖੇਜ ਜ਼ਮੀਨ, ਉੱਤਮ ਪੌਣ-ਪਾਣੀ। ਪੰਜਾਬੀਅਤ ਕਿਰਤ ਕਰਨ ਤੇ ਕਿਰਤ ਤੇ ਆਪਣਾ ਹੱਕ ਜਤਾਉਣਾ 'ਤੇ ਖੁੱਲ੍ਹ ਕੇ ਜੀਵਨ ਮਾਣਨ ਦਾ ਨਾਂ ਹੈ।


ਪੰਜਾਬੀ ਸੱਭਿਆਚਾਰ ਦਾ ਇਸ ਦੇ ਨਾਲ ਜੁੜੇ ਬਾਕੀ ਸਭਿਆਚਾਰਾਂ ਨਾਲ ਸਭਿਆਚਾਰਕ ਦ੍ਰਿਸ਼ਟੀ ਤੋਂ ਮੁਕਾਬਲਾ ਕਰੀਏ ਤਾਂ ਪੰਜਾਬੀ ਸੱਭਿਆਚਾਰ ਦਾ ਵਿਹਾਰ ਲਚੀਲਾਪਨ ਤੇ ਰੂਹਾਨੀ ਪਾਕੀਜ਼ਗੀ ਵਾਲਾ ਪੱਖ ਸਾਡੇ ਸਾਹਮਣੇ ਆਉਂਦਾ ਹੈ। ਪੰਜਾਬੀ ਨਾਇਕ ਨਾਬਰ ਮਨੁੱਖ ਹਨ। ਨਾਬਰ ਮਨੁੱਖ ਨੂੰ ਪੰਜਾਬੀ ਮਾਨਸਿਕਤਾ ਨੇ ਜੇ ਨਾਇਕਤਵ ਬਖਸ਼ਿਆ ਹੈ ਤਾਂ ਉਹਨਾਂ ਦੀ ਸਮੂਹਿਕ ਨਾਬਰ ਮਾਨਸਿਕਤਾ ਦਾ ਇਹ ਸੂਚਕ ਹੈ। ਪੰਜਾਬੀਆਂ ਨੂੰ ਲਕੀਰ ਦੇ ਫ਼ਕੀਰ ਹੋਣਾ ਪਸੰਦ ਨਹੀਂ। ਸਿੱਖ ਲਹਿਰ ਨੇ ਉਨ੍ਹਾਂ ਦੀ ਇਸੇ ਕਦੀਮੀ ਪ੍ਰਬਲ ਮਾਨਸਿਕਤਾ ਨੂੰ ਉਦਾਤੀਕ੍ਰਿਤ ਜ਼ੁਬਾਨ ਦਿੱਤੀ ਹੈ। ਇਸ ਤੋਂ ਇਲਾਵਾ ਪੰਜਾਬੀਆਂ ਦੇ ਸੁਭਾਅ ਵਿੱਚ ਹੋਰ ਵੀ ਬਹੁਤ ਸਾਰੇ ਅਜਿਹੇ ਗੁਣ ਹਨ ਜੋ ਉਨ੍ਹਾਂ ਨੂੰ ਬਾਕੀਆਂ ਤੋਂ ਵੱਖ ਕਰਦੇ ਹੋਏ ਉਨ੍ਹਾਂ ਦੀ ਪੰਜਾਬੀਅਤ ਦੀ ਪੇਸ਼ਕਾਰੀ ਕਰਦੇ ਹਨ ਇਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ :-

  • ਪੰਜਾਬੀਅਤ ਦੇ ਗੁਣ ਪੰਜਾਬੀ ਸਾਹਿਤ ਵਿੱਚ ਰੂਪਮਾਨ ਹੋਏ ਮਿਲ ਜਾਂਦੇ ਹਨ। ਪੰਜਾਬੀ ਗੁਲਾਮੀ ਨੂੰ ਸਹਿਣ ਨਹੀਂ ਕਰ ਸਕਦੇ। ਉਨ੍ਹਾਂ ਦੇ ਲਈ ਪਰਾਇਆ ਘਰ ਮੌਤ ਬਰਾਬਰ ਹੈ। ਉਹ ਆਜ਼ਾਦੀ ਦਾ ਜੀਵਨ ਬਤੀਤ ਕਰਨਾ ਚਾਹੁੰਦੇ ਹਨ। ਪੰਜਾਬੀ ਅਣਖੀ ਜੀਵਨ ਜਿਊਣਾ ਚਾਹੁੰਦੇ ਹਨ।
  • ਪੰਜਾਬੀਆਂ ਲਈ 'ਪਿਆਰ ਕਬਜ਼ਾ ਨਹੀਂ, ਪਹਿਚਾਣ ਹੈ।' ਪੰਜਾਬੀ ਆਪਣੇ ਅਜਿਹੇ ਪਿਆਰ ਤੇ ਸਨੇਹ ਰੂਪੀ ਸੁਭਾਅ ਕਰਕੇ ਹੀ ਸਾਰੀ ਦੁਨੀਆਂ ਵਿੱਚ ਆਪਣੀ ਨਿਵੇਕਲੀ ਪਹਿਚਾਣ ਬਣਾ ਚੁੱਕੇ ਹਨ। ਪੰਜਾਬੀ ਆਪਣੀ ਮਹਿਮਾਨ ਨਿਵਾਜ਼ੀ ਦੇ ਗੁਣ ਕਰਕੇ ਬਹੁਤ ਪ੍ਰਸਿੱਧ ਹੈ। ਪੰਜਾਬੀ ਇਸ਼ਕ ਮਜਾਜ਼ੀ ਤੇ ਇਸ਼ਕ ਹਕੀਕੀ ਵਿਚ ਪੂਰੀ ਤਰ੍ਹਾਂ ਖਰ੍ਹਾ ਉਤਰਦਾ ਹੈ। ਪੰਜਾਬ ਦੀ ਮਿੱਟੀ ਦੀ ਖੁਸ਼ਬੋ, ਪੌਣ-ਪਾਣੀ ਦਾ ਮੋਹ ਪੰਜਾਬੀਆਂ ਦੀ ਸ਼ਕਤੀ ਹੈ ਅਤੇ ਪੰਜਾਬੀਆਂ ਦੀ ਸਰਬਸਾਂਝੀ ਹਸਤੀ ਨੂੰ ਚਿਰੰਜੀ ਬਣਾਉਂਦੀ ਹੈ।
  • ਪੰਜਾਬੀ ਸਿੱਧੇ ਸਾਦੇ ਨਿਰਛੱਲ ਲੋਕ ਹਨ, ਇਹਨਾਂ ਨੂੰ ਵਪਾਰੀ ਕੌਮਾਂ ਵਰਗੀ ਕੂਟਨੀਤੀ ਜਾਂ ਚੁਤਰਾਈ ਤਾਂ ਨਹੀਂ ਆਉਂਦੀ ਪਰ ਇਤਨਾ ਵੀ ਨਹੀਂ ਕਿ ਇਨ੍ਹਾਂ ਨੂੰ ਸਦਾ ਗੁੰਮਰਾਹ ਰੱਖਿਆ ਜਾ ਸਕੇ। ਇੱਕ ਪੰਜਾਬੀ ਆਪਣਾ ਸਵੈਮਾਣ ਅਤੇ ਅਣਖ ਕਦੇ ਵੀ ਨਹੀਂ ਗਵਾਉੰਦਾ। ਪੰਜਾਬੀਆਂ ਦੀ ਇਹ ਖੂਬੀ ਹੈ ਕਿ ਉਹ ਆਪਣੀ ਖ਼ੁਦਦਾਰੀ ਨੂੰ ਆਪਣੀ ਸ਼ਕਤੀ ਸਮਝਦਾ ਹੈ। ਉਹ ਹਮੇਸ਼ਾਂ ਹੀ ਮਟਕ ਕੇ ਅਣਖ ਨਾਲ ਚਲਦਾ ਹੈ। ਪੰਜਾਬੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਇੱਕ ਹਿੰਮਤ ਵਾਲਾ ਅਣਖੀਲਾ ਆਦਮੀ ਟੁੱਟ ਭੱਜ ਸਕਦਾ ਹੈ ਪਰ ਵਿਕ ਕਦੇ ਨਹੀਂ ਸਕਦਾ। ਇਸ ਗੱਲ ਨੂੰ ਵੱਡੀਆਂ - ਵੱਡੀਆਂ ਕੌਮਾਂ ਜਾਣਦੀਆਂ ਹਨ, ਇਸ ਕਰਕੇ ਹੀ ਉਹ ਪੰਜਾਬੀਆਂ ਨੂੰ ਆਪਣੇ ਅੱਗੇ ਝੁਕਾਅ ਨਹੀਂ ਸਕਿਆ ਅਤੇ ਪੰਜਾਬੀ ਵੱਡੇ-ਵੱਡੇ ਹਾਕਮਾਂ ਦੇ ਸੀਨੇ ਵਿਚ ਹਮੇਸ਼ਾ ਹੀ ਰੜਕਦੇ ਹਨ ਪਰ ਪੰਜਾਬੀਆਂ ਦੀ ਗ਼ੈਰਤ ਨੂੰ ਫਾਹੇ ਨਹੀਂ ਲਾ ਸਕੇ। ਜੇਕਰ ਕੋਈ ਪੰਜਾਬੀਆਂ ਦੇ ਸਵੈਮਾਣ ਨੂੰ ਲਲਕਾਰਾ ਹੈ ਤਾਂ ਇਹ ਬਿਲਕੁਲ ਵੀ ਸਹਿਣ ਨਹੀਂ ਕਰਦੇ। ਪੰਜਾਬੀ ਸੂਰਮਗਤੀ ਨਾਲ ਆਪਣੀ ਜਿੰਦਗੀ ਆਪਣੀ ਮਰਜ਼ੀ ਨਾਲ ਜਿਊਂਦਾ।
  • ਗੁਰੂਆਂ ਅਤੇ ਸੰਤਾਂ ਦੀ ਸੋਚ ਅਤੇ ਵਿਸ਼ਵ ਸਾਂਝੀਵਾਲਤਾ ਵਿਸ਼ਵ - ਦ੍ਰਿਸ਼ਟੀ ਸਰਵ-ਵਿਆਪੀ ਤੇ ਪਰਉਪਕਾਰੀ ਸੀ। ਉਹ ਅੱਜ ਦੀਆਂ ਰਾਜਨੀਤਕ ਪਾਰਟੀਆਂ ਵਾਂਗ ਆਪਣੇ ਬਾਰੇ ਹੀ ਨਹੀਂ ਸੋਚਦੇ ਸਨ ਪਰ ਇਨ੍ਹਾਂ ਮਹਾਂਪੁਰਖਾਂ ਨੇ 'ਸਰਬੱਤ ਦਾ ਭਲਾ' ਮੰਗਿਆ। ਜ਼ਿੰਦਗੀ ਵਿਚਲਾ ਅਜਿਹਾ ਦ੍ਰਿਸ਼ਟੀਕੋਣ ਕੁਦਰਤੀ ਪ੍ਰੇਮ ਪਿਆਰ ਦੀ ਭਾਵਨਾ ਪੈਦਾ ਕਰਦਾ ਹੈ ਅਤੇ ਪੰਜਾਬੀਆਂ ਵਿੱਚ ਹੋਰਾਂ ਨਾਲੋਂ ਮੁਹੱਬਤ ਦਾ ਜ਼ਜ਼ਬਾ ਪੈਦਾ ਕਰਦਾ ਹੈ ਮਾਨਸ ਕਈ ਜਾਤ ਇੱਕ ਪਛਾਣਨ ਦਾ ਨਾਆਰਾ, ਪੰਜਾਬ ਵਿੱਚ ਗੂੰਜਿਆ ਜਿਸ ਨੇ ਸਾਰੇ ਭੇਦਭਾਵ ਤੇ ਨਫ਼ਰਤ ਦਾ ਬੀਜ ਪੈਦਾ ਕਰਨ ਵਾਲੇ ਲੋਕਾਂ ਦੇ ਦਿਲਾਂ ਵਿਚ ਪਿਆਰ ਪੈਦਾ ਕੀਤਾ ਅਤੇ ਅੱਜ ਪੰਜਾਬ ਵਿੱਚ ਮੰਦਿਰ, ਗੁਰਦੁਆਰੇ, ਮਸਜਿਦ, ਗਿਰਜੇ ਆਦਿ ਸਭ ਸਾਂਝੇ ਹਨ ਤੇ ਲੰਗਰ ਤੇ ਪੰਡਤ ਵਿਚ ਸਾਂਝੀਵਾਲਤਾ ਤੇ ਪ੍ਰੇਮ ਭਾਵ ਨੂੰ ਅੱਗੇ ਵਧਾਉਂਦੇ ਹਨ। ਇਸੇ ਪ੍ਰਕਾਰ ਸਾਂਝੇ ਧਰਮ - ਗ੍ਰੰਥ ਵੀ ਸਰਬਸਾਂਝੀ ਦ੍ਰਿਸ਼ਟੀ ਦਾ ਚਮਤਕਾਰ ਹਨ। ਕੁਝ ਲੋਕ ਅੱਜ ਵੀ ਅਮੀਰ, ਗਰੀਬ, ਜਾਤੀ ਬੰਧਨ ਆਦਿ ਦੇ ਆਧਾਰ 'ਤੇ ਸਮਾਜ ਦੀ ਵੰਡ ਕਰਦੇ ਹਨ ਪਰ ਸਾਡੇ ਗੁਰੂਆਂ ਨੇ ਇਸ ਵੰਡ ਉੱਤੇ ਲੀਕ ਫੇਰ ਦਿੱਤੀ ਹੋਈ ਹੈ। ਇਨ੍ਹਾਂ ਮਹਾਪੁਰਸ਼ਾਂ ਨੇ ਸਪੱਸ਼ਟ ਕਿਹਾ ਕਿ ਮੇਰਾ ਰਿਸ਼ਤਾ ਤਾਂ ਉਨ੍ਹਾਂ ਦੀਨ ਦਲਿਤ ਕਿਰਤੀ ਲੋਕਾਂ ਨਾਲ ਹੈ ਜਿਨ੍ਹਾਂ ਨੂੰ ਪੁਰਾਣੀਆਂ ਮਾਨਤਾਵਾਂ ਨੀਚ ਜਾਂ ਸ਼ੂਦਰ ਕਰਾਰ ਦੇ ਕੇ ਤ੍ਰਿਸਕਾਰ ਦੀਆਂ ਰਹੀਆਂ ਹਨ। ਅੱਜ ਭਾਵੇਂ ਸੰਸਾਰ ਸੰਕੀਰਣਤਾ ਦਾਮ ਸ਼ਿਕਾਰ ਰਿਹਾ ਹੈ, ਮਨੁੱਖ ਧਰਮ, ਜਾਤ, ਕੱਟੜਤਾ ਆਦਿ ਕਰਕੇ ਵੰਡਿਆ ਹੋਇਆ ਹੈ, ਪਰ ਉਹ ਸਰਬ ਵਿਆਪੀ ਦ੍ਰਿਸ਼ਟੀਕੋਣ ਅਪਣਾ ਕੇ ਇਸ ਜਾਲ ਵਿੱਚੋਂ ਬਾਹਰ ਨਿਕਲ ਸਕਦਾ ਹੈ।

ਅੱਜ ਬਹੁਤ ਸਾਰੇ ਧਰਮਾਂ ਦੇ ਲੋਕ ਕਿਸੇ ਵਿਸ਼ੇਸ਼ ਵਿਅਕਤੀ, ਦੇਵੀ ਦੇਵਤਾ ਜਾਂ ਪੱਥਰ ਦੇ ਬੁੱਤ ਨੂੰ ਆਪਣਾ ਇਸ਼ਟ ਮੰਨ ਕੇ ਪੂਜਦੇ ਹਨ ਪਰ ਪੰਜਾਬੀਆਂ ਦੀ ਇਹ ਖੂਬੀ ਰਹੀ ਹੈ ਕਿ ਉਹ ਹਮੇਸ਼ਾ ਇੱਕ ਪ੍ਰਮੇਸ਼ਵਰ ਨੂੰ ਆਪਣਾ ਇਸ਼ਟ ਮੰਨਦੇ ਹਨ। ਪੰਜਾਬੀਆਂ ਅੰਦਰ ਗੁਰਮੁੱਖ ਵਾਲੀ ਬਿਰਤੀ ਪਾਈ ਜਾਂਦੀ ਹੈ। ਇਸੇ ਪ੍ਰਕਾਰ ਸੂਫ਼ੀ ਦਰਵੇਸ਼ਾਂ ਦਾ ਨਗ਼ਮਾ ਇਹੋ ਹੈ ਕਿ :"ਇਕੋ ਅਲਫ਼ ਤੇਰੇ ਦਰਕਾਰ।"

ਦਿਲਹੁ ਮੁਹਬਤਿ ਜਿਨ੍ਹਾ ਸੇਈ ਸਚਿਆ। ਜਿਨ ਮਨਿ ਹੋਰ ਮੁਖਿ ਹੋਰੁ ਸੇ ਕਾਢੇ ਕਚਿਆ।

ਗੁਰੂ ਸਾਹਿਬ ਨੇ ਵੀ ਆਪਣੇ ਸਪੱਸ਼ਟ ਸ਼ਬਦਾਂ ਵਿੱਚ ਮਨੁੱਖਾਂ ਨੂੰ ਆਖਿਆ ਹੈ ਕਿ ਇਸ ਸੰਸਾਰ ਨੂੰ ਚਲਾਉਣ ਵਾਲੀ ਉਹ ਇਕੋ ਹੀ ਸ਼ਕਤੀ ਹੈ। ਸਭ ਕੰਮ ਦੀ ਡੋਰ ਉਸ ਸਰਬਸ਼ਕਤੀਮਾਨ ਦੇ ਹੱਥ ਵਿੱਚ ਹੈ। ਇਸ ਧਰਤੀ ਉਪਰ ਚਾਹੇ ਉਸ ਨੂੰ ਵੱਖ- ਵੱਖ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ :

"ਕੋਈ ਬੋਲੈ ਰਾਮ ਰਾਮ ਕੋਈ ਖ਼ੁਦਾਇ, ਕੋਈ ਸੇਵਹਿ ਗੁਸਈਆ ਕੋਈ ਅਲਾਹੁ। ਕਰਣ ਕਰਣ ਕਰੀਮ,ਕ੍ਰਿਪਾ ਧਾਇ ਰਹੀਮ।"

ਪੰਜਾਬੀਆਂ ਦੀ ਸਹਿਣਸ਼ੀਲਤਾ ਬੇਅੰਤ ਹੈ, ਸਰਹੱਦੀ ਪ੍ਰਾਂਤ ਹੋਣ ਕਰਕੇ ਬਾਹਰੋਂ ਆਉਣ ਵਾਲੇ ਸਭ ਹਮਲਾਵਰ ਪੰਜਾਬੀਆਂ ਦੇ ਹੀ ਮੱਥੇ ਲੱਗਦੇ ਰਹੇ ਹਨ। ਆਪਣੀ ਰੁਚੀ ਕਾਰਨ ਵੱਖ- ਵੱਖ ਲੋਕਾਂ ਦੇ ਪਏ ਪ੍ਰਭਾਵਾਂ ਨੂੰ ਪੰਜਾਬੀ ਲੋਕਾਂ ਨੇ ਅਸਾਨੀ ਨਾਲ ਕਬੂਲਿਆ ਪਰ ਆਪਣੀ ਹੋਂਦ ਨੂੰ ਨਸ਼ਟ ਨਹੀਂ ਹੋਣ ਦਿੱਤਾ। ਸੋ ਈਰਾਨੀ, ਯੂਨਾਨੀ, ਅਰਬ, ਤੁਰਕ, ਮੁਗ਼ਲ ਪਠਾਣਾ ਜੋ ਵੀ ਆਏ ਇਸ ਮਿੱਟੀ ਵਿੱਚ ਮਿਲਦੇ ਗਏ ਇਸ ਗੱਲ ਵਿਚ ਸੱਚਾਈ ਹੈ ਕਿ ਇਹਨਾਂ ਸਭ ਦੀਆਂ ਖੂਬੀਆਂ ਤੇ ਖਾਮੀਆਂ ਜਮ੍ਹਾਂ ਹੋ ਕੇ ਪੰਜਾਬੀਅਤ ਵਿਚ ਲੀਨ ਹੁੰਦੀਆਂ ਗਈਆਂ।

  • ਪੰਜਾਬੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਆਪਣੀ ਮਾਂ - ਬੋਲੀ ਵਿੱਚ ਹੀ ਜ਼ਿਆਦਾ ਸਪੱਸ਼ਟ ਤਰੀਕੇ ਨਾਲ ਕਰ ਸਕਦਾ ਹੈ। ਪੰਜਾਬੀ ਭਾਸ਼ਾ ਵਿੱਚ ਪੰਜਾਬੀਅਤ ਦੇ ਅੰਸ਼ ਵਿਦਮਾਨ ਹਨ। ਪੰਜਾਬੀ ਦੀ ਭੂਗੋਲਿਕ ਅਤੇ ਇਤਿਹਾਸਕ ਸਥਿਤੀ ਵਿਲੱਖਣ ਹੋਣ ਕਰਕੇ ਪੰਜਾਬੀ ਲੋਕ ਦੂਜੇ ਪ੍ਰਾਂਤਾਂ ਨਾਲੋਂ ਅਨੋਖਾ ਸਥਾਨ ਰੱਖਦੇ ਹਨ। ਪੰਜਾਬੀ ਆਪਣੀ ਜ਼ੁਬਾਨ ਵਿਚਲੀ ਮਿੱਠਤ, ਲਚਕ ਤੇ ਖਿੱਚ ਕਾਰਨ ਆਪਣੀ ਵੱਖਰੀ ਪਹਿਚਾਣ ਬਣਾਉਂਦਾ ਹੈ।
  • ਪੰਜਾਬੀਆਂ ਨੇ ਵਿਦੇਸ਼ੀ ਕੌਮਾਂ ਦੇ ਨਾਲ ਲੋਹਾ ਹੀ ਨਹੀਂ ਲਿਆ, ਸਗੋਂ ਇਹ ਕੇਵਲ ਲੜਨ ਭਿੜਨ ਜਾਂ ਮਰਨ ਮਾਰਨ ਵਿੱਚ ਨਹੀਂ ਰੁਝੇ ਰਹਿੰਦੇ ਸਗੋਂ ਜ਼ਿੰਦਗੀ ਦੀਆਂ ਰੰਗੀਨੀਆਂ ਮਾਣਨ ਤੇ ਹੱਸਣ - ਖੇਡਣ ਦੇ ਵੀ ਬਹੁਤ ਸ਼ੌਕੀਨ ਹਨ। ਇਹਨਾਂ ਦੀ ਜ਼ਿੰਦਗੀ ਰਹਿਸਈ ਹੈ, ਜਨਮ ਉਤਸਵ ਵਿਆਹ ਸ਼ਾਦੀਆਂ, ਮੇਲਿਆਂ, ਤਿਉਹਾਰਾਂ ਦੇ ਜਸ਼ਨਾਂ ਸਮੇਂ ਹਰ ਪਲ ਹਾਸ ਲਿਬਾਸ ਵਿੱਚ ਲੰਘਾਉੰਦੇ ਹਨ। ਪੰਜਾਬੀ ਲੋਕ ਅਮੀਰ ਲੋਕ-ਵਿਰਸੇ ਦੇ ਮਾਲਕ ਹਨ। ਹਰ ਖੁਸ਼ੀ -ਖੇੜੇ ਦੇ ਮੌਕੇ 'ਤੇ ਪੰਜਾਬੀ ਲੋਕ ਨੱਚਣਾ ਜਾਣਦੇ ਹਨ। ਇਨ੍ਹਾਂ ਦੇ ਮੇਲਿਆਂ ਵਿੱਚੋਂ ਝਲਕਦੀ ਤਸਵੀਰ ਪੰਜਾਬੀ ਸੱਭਿਆਚਾਰ ਦੇ ਸਜੀਵ ਚਿੱਤਰ ਨੂੰ ਬਿਆਨ ਕਰਦੀ ਹੈ। ਪੰਜਾਬੀ ਲੋਕ ਮਿਹਨਤ ਤੇ ਲਗਨ ਨਾਲ ਕਿਰਤ ਕਰਦੇ ਹਨ ਉਥੇ ਹੀ ਇਹ ਹੱਸਣਾ, ਟੱਪਣਾ, ਖੇਡਣਾ, ਸੂਰਮਗਤੀ ਵਿਖਾਉਣਾ ਵੀ ਚੰਗੀ ਤਰ੍ਹਾਂ ਜਾਣਦੇ ਹਨ।

ਪੰਜਾਬੀ ਲੋਕ ਆਪਣੇ ਦਿਲਾਂ ਦੀਆਂ ਸੱਧਰਾਂ, ਉਮੰਗਾਂ, ਖਾਹਿਸ਼ਾਂ ਅਤੇ ਹੋਰ ਕਈ ਪ੍ਰਕਾਰ ਦੇ ਦੁੱਖਾਂ - ਸੁੱਖਾਂ ਵਿਚੋਂ ਲੰਘੇ ਜਾਂ ਗੁਜ਼ਰ ਰਹੇ ਜੀਵਨ ਦੇ ਉਦਗਾਹਾਂ ਅਤੇ ਜ਼ਜ਼ਬਿਆਂ ਦਾ ਪ੍ਰਗਟਾਵਾ ਜਿਨ੍ਹਾਂ ਸਰਬ-ਸਾਂਝੇ ਅਤੇ ਪ੍ਰਵਾਨਿਤ ਬੋਲਾਂ ਰਾਹੀਂ ਕਰਦੇ ਹਨ, ਉਹ ਬੋਲ ਇਨ੍ਹਾਂ ਲੋਕਾਂ ਦੀ ਸਾਂਝੀ ਸੰਸਕ੍ਰਿਤੀ ਦਾ ਉੱਚਤਮ ਨਮੂਨਾ, ਸਾਂਝੇ ਉਦਗਾਹਾਂ ਅਤੇ ਭਾਵਾਂ ਆਦਿ ਦਾ ਦਰਪਣ ਹੁੰਦੇ ਹਨ।

ਸੋ ਅਸੀਂ ਕਹਿ ਸਕਦੇ ਹਾਂ ਕਿ ਅੱਜ ਦੀ ਪੰਜਾਬੀ ਪੀੜੀ ਆਪਣੀ ਜ਼ਿੰਦਗੀ ਜਿਊਣ ਦੇ ਨਵੇਂ ਤਰੀਕੇ ਅਪਣਾ ਰਹੀ ਹੈ ਤੇ ਨਾਲ - ਨਾਲ ਜਾਤ ਤੇ ਧਰਮ ਦੀਆਂ ਬੰਦਿਸ਼ਾਂ ਤੇ ਰੁਕਾਵਟਾਂ ਤੋਂ ਕਾਫ਼ੀ ਦੂਰ ਹੋ ਰਹੀ ਹੈ ਤੇ ਅਜਿਹੇ ਸੋੜੇ ਸਮਾਜਿਕ ਬੰਧਨਾਂ ਨੂੰ ਭੁੱਲ ਕੇ ਬਾਕੀ ਸਭਿਆਚਾਰਾਂ ਨਾਲ ਮਿਲ ਰਹੀ ਹੈ। ਅੱਜ ਵਿਸ਼ਵੀਕਰਨ ਦੇ ਦੌਰ ਵਿਚ ਪੰਜਾਬੀਅਤ ਨੂੰ ਹਿੰਦੂ, ਸਿੱਖ, ਇਸਲਾਮ ਤੇ ਕ੍ਰਿਸ਼ਚੀਅਨ ਤੋਂ ਵੱਖਰੀ ਪਹਿਚਾਣ ਮਿਲੀ ਹੈ। ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀਅਤ ਦਾ ਲਚਕੀਲਾਪਣ ਤੇ ਫੈਲਾਉਣ ਇਸ ਨੂੰ ਵਧਾ ਰਿਹਾ ਹੈ ਵਿਸ਼ਵੀਕਰਨ ਦੀਆਂ ਲੋੜਾਂ ਅਨੁਸਾਰ ਅਜੋਕਾ ਪੰਜਾਬੀ ਸੱਭਿਆਚਾਰ ਪਰੰਪਰਾ ਤੇ ਆਧੁਨਿਕਤਾ ਦੇ ਸੁਮੇਲ ਵਿੱਚੋ ਆਪਣਾ ਨਿਵੇਕਲਾ ਸਰੂਪ ਗ੍ਰਹਿਣ ਕਰਨ ਦੇ ਬਾਵਜੂਦ ਪਹਿਲਾਂ ਵਾਂਗ ਸੰਜੀਵ ਤੇ ਉਸਾਰੂ ਬਣ ਰਿਹਾ ਹੈ।

ਹਵਾਲੇ

  1) ਡਾ. ਧਨਵੰਤ ਕੌਰ, ਪੰਜਾਬੀਅਤ: ਸੰਕਲਪ ਤੇ ਸਰੂਪ

2) ਪ੍ਰੋ. ਪ੍ਰੀਤਮ ਸਿੰਘ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ,ਸਿੰਘ ਬ੍ਦਰਜ਼,ਅੰਮ੍ਰਿਤਸਰ