ਸਮੱਗਰੀ 'ਤੇ ਜਾਓ

ਪੱਖਾ-2

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੱਖੀ/ਪੱਖੇ ਹਵਾ ਝੱਲਣ ਦੇ ਕੰਮ ਆਉਂਦੇ ਹਨ। ਪਰ ਮੈਂ ਜਿਸ ਪੱਖੇ ਬਾਰੇ ਤੁਹਾਨੂੰ ਦੱਸਣ ਲੱਗਿਆਂ ਹਾਂ, ਕੰਮ ਇਹ ਵੀ ਹਵਾ ਝੱਲਣ ਦੇ ਆਉਂਦਾ ਹੈ, ਪਰ ਇਸ ਦੀ ਬਣਤਰ ਆਮ ਪੱਖੀ/ਪੱਖੇ ਨਾਲੋਂ ਵੱਖਰੀ ਹੁੰਦੀ ਹੈ। ਇਸ ਪੱਖੇ ਤੋਂ ਹਵਾ ਪ੍ਰਾਪਤ ਕਰਨ ਦਾ ਢੰਗ ਵੀ ਵੱਖਰਾ ਹੈ। ਇਹ ਪੱਖੇ ਆਮ ਨਹੀਂ ਹੁੰਦੇ ਸਨ। ਇਹ ਪੱਖੇ ਸਰਦੇ-ਵਜਦੇ ਘਰਾਂ ਵਿਚ ਜਾਂ ਕਈ ਵੇਰ ਦਰਜੀਆਂ/ਛੀਂਬਿਆਂ ਦੇ ਘਰਾਂ ਵਿਚ ਲੱਗੇ ਹੁੰਦੇ ਸਨ।

ਇਹ ਪੱਖਾ ਬਣਾਉਣ ਲਈ ਲੱਕੜ ਦਾ 12/2 ਕੁ ਫੁੱਟ ਚੌੜਾ ਤੇ 6/1 ਕੁ ਫੁੱਟ ਲੰਮਾ ਫੱਟਾ ਲਿਆ ਜਾਂਦਾ ਸੀ। ਇਸ ਫੱਟੇ ਦੇ ਹੇਠਾਂ ਕੱਪੜੇ ਦੀ 14 ਕੁ ਫੁੱਟ ਚੌੜੀ ਝਾਲਰ ਲੋਹੇ ਦੀ ਪੱਤੀ ਲਾ ਕੇ ਜੜੀ ਹੁੰਦੀ ਸੀ। ਫੱਟੇ ਦੇ ਦੋਵੇਂ ਉਪਰਲੇ ਕਿਨਾਰਿਆਂ ਤੇ ਲੋਹੇ ਦੇ ਦੋ ਕੁੰਡੇ ਲਾਏ ਜਾਂਦੇ ਸਨ। ਇਨ੍ਹਾਂ ਕੁੰਡਿਆਂ ਵਿਚ 3 ਕੁ ਫੁੱਟ ਲੰਮੀਆਂ ਮੋਟੀਆਂ ਰੱਸੀਆਂ ਬੰਨ੍ਹੀਆਂ ਹੁੰਦੀਆਂ ਸਨ। ਫੇਰ ਇਨ੍ਹਾਂ ਦੋਵਾਂ ਰੱਸੀਆਂ ਨੂੰ ਛੱਤ ਦੇ ਬਾਲੇ/ਕੁੜੀਆਂ ਨਾਲ ਬੰਨ੍ਹਿਆ ਜਾਂਦਾ ਸੀ। ਫੱਟੇ ਦੇ ਕਿਨਾਰਿਆਂ ਦੇ ਵਿਚਾਲੇ ਜਿਹੇ ਕਰ ਕੇ ਦੋ ਹੋਰ ਕੁੰਡੇ ਲਾਏ ਜਾਂਦੇ ਸਨ। ਇਨ੍ਹਾਂ ਵਿਚ ਵੀ ਰੱਸੀਆਂ ਬੰਨ੍ਹੀਆਂ ਜਾਂਦੀਆਂ ਸਨ। ਫੇਰ ਇਨ੍ਹਾਂ ਦੋਵਾਂ ਰੱਸੀਆਂ ਦੀ ਇਕ ਥਾਂ ਗੰਢ ਮਾਰ ਦਿੱਤੀ ਜਾਂਦੀ ਸੀ। ਗੰਢ ਵਾਲੀ ਥਾਂ ਫੇਰ ਇਕ ਲੰਮੀ ਰੱਸੀ ਦਾ ਇਕ ਸਿਰਾ ਬੰਨ੍ਹਿਆ ਜਾਂਦਾ ਸੀ। ਇਸ ਰੱਸੀ ਦੇ ਦੂਜੇ ਸਿਰੇ ਨੂੰ ਦਰਵਾਜ਼ੇ ਦੀ ਚੁਗਾਠ ਵਿਚ ਜਾਂ ਕੰਧ ਵਿੱਚ ਲੱਗੀ ਭੌਣੀ ਵਿਚ ਦੀ ਕੱਢਿਆ ਹੁੰਦਾ ਸੀ। ਰੱਸੀ ਦੇ ਇਸ ਸਿਰੇ ਨੂੰ ਇਕ ਬੰਦਾ ਹੱਥ ਵਿਚ ਫੜ ਕੇ, ਧਰਤੀ 'ਤੇ ਬੈਠਕੇ ਪੱਖੇ ਨੂੰ ਖਿੱਚਦਾ ਰਹਿੰਦਾ ਸੀ। ਇਸ ਨੂੰ ਵਾਰ-ਵਾਰ ਖਿੱਚਣ ਨਾਲ ਹੀ ਪੱਖੇ ਦੇ ਹੇਠਾਂ ਬੈਠੇ, ਕੰਮ ਕਰ ਰਹੇ ਜਾਂ ਸੌਂ ਰਹੇ ਪੁਰਸ਼ਾਂ, ਇਸਤਰੀਆਂ ਤੇ ਬੱਚਿਆਂ ਨੂੰ ਹਵਾ ਮਿਲਦੀ ਰਹਿੰਦੀ ਸੀ।

ਹੁਣ ਹਰ ਥਾਂ ਬਿਜਲੀ ਪਹੁੰਚ ਗਈ ਹੈ। ਹੁਣ ਛੱਤਾਂ ਨਾਲ ਬਿਜਲੀ ਨਾਲ ਚੱਲਣ ਵਾਲੇ ਪੱਖੇ ਲੱਗਦੇ ਹਨ। ਹੱਥ ਨਾਲ ਖਿੱਚਣ ਵਾਲੇ ਇਹ ਛੱਤਾਂ ਵਾਲੇ ਪੱਖੇ ਸ਼ਾਇਦ ਕਿਸੇ ਅਜਾਇਬ ਘਰ ਵਿਚ ਪਏ ਮਿਲ ਸਕਦੇ ਹਨ ?[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.