ਸਮੱਗਰੀ 'ਤੇ ਜਾਓ

ਪੱਤਲ ਕਾਵਿ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੰਞ ਬੰਨ੍ਹਣ ਦਾ ਰਿਵਾਜ ਪੰਜਾਬੀ ਸਮਾਜ ਵਿੱਚ ਆਮ ਰਿਹਾ ਹੈ। ਪੱਤਲ ਇੱਕ ਤਰ੍ਹਾਂ ਦਾ ਕਾਵਿ ਮੁਕਾਬਲਾ ਹੁੰਦਾ ਸੀ। ਧੀ ਵਾਲੀ ਧਿਰ ਦੀ ਕੋਈ ਚਤੁਰ ਔਰਤ ਜੰਞ ਬੰਨ੍ਹ ਦਿੰਦੀ ਸੀ, ਫੇਰ ਕੋਈ ਵੀ ਵਿਅਕਤੀ ਜੰਞ ਛੁਡਾਉਣ ਤੋਂ ਬਿਨਾਂ ਰੋਟੀ ਨਹੀਂ ਸੀ ਖਾ ਸਕਦਾ। ਜੰਞ ਨਾ ਛੁਡਾ ਸਕਣੀ ਬਹੁਤ ਵੱਡੀ ਨਮੋਸ਼ੀ ਹੁੰਦੀ ਸੀ।[1]

ਪਰਿਭਾਸ਼ਾ

[ਸੋਧੋ]

ਜੰਨ (ਸੰਸਕ੍ਰਿਤ: ਜਨਯ, ਲਾੜੇ ਦੇ ਸਾਥੀ) ਦੇ ਰੋਟੀ ਖਾਣ ਸਮੇਂ ਗਾਈ ਜਾਣ ਵਾਲੀ ਰਚਨਾ ਨੂੰ ‘ਜੰਨ ਅਥਵਾ’ ‘ਜੰਞ’ ਕਿਹਾ ਜਾਂਦਾ ਹੈ। ਪੁਰਾਣੇ ਸਮਿਆਂ ਵਿੱਚ ਜਦੋਂ ਅਜੇ ਮਿੱਟੀ ਦੇ ਬਰਤਨ ਨਹੀਂ ਸਨ ਪ੍ਰਚਲਿਤ ਹੋਏ ਤਾਂ ਬ੍ਰਿਛ-ਬੂਟਿਆਂ ਦੇ ਪੱਤਿਆਂ ਉੱਤੇ ਹੀ ਭੋਜਨ ਛਕਿਆ-ਛਕਾਇਆ ਜਾਂਦਾ ਸੀ। ਥੋੜੇ ਸ਼ਬਦਾਂ ਵਿੱਚ ਪੱਤਲ ਦੀ ਪਰਿਭਾਸ਼ਾ ਇਉਂ ਕੀਤੀ ਜਾ ਸਕਦੀ ਹੈ:-

“ਪਤੱਲ ਜਾਂ ਜੰਞ, ਛੰਦਾ-ਬੰਦੀ ਵਿੱਚ ਰਚੀ ਉਸ ਰਚਨਾ ਨੂੰ ਕਹਿੰਦੇ ਹਨ ਜੋ ਬਰਾਤੀਆਂ ਲਈ ਪਰੋਸੇ ਗਏ ਭੋਜਨ ਨੂੰ ਔਰਤਾਂ ਵੱਲੋਂ ਬੰਨ੍ਹਣ ਜਾਂ ਇਸਤਰੀਆਂ ਦੁਆਰਾ ਬੱਧੀ ਰੋਟੀ ਨੂੰ ਛੁਡਾਉਣ ਲਈ ਬਰਾਤੀਆਂ ਵਿਚੋਂ ਕਿਸੇ ਇੱਕ ਦੁਆਰਾ ਗਾਈ ਜਾਂਦੀ ਹੈ।”[2]

ਪੁਰਾਣੇ ਸਮਿਆਂ ਵਿੱਚ ਜੰਞ ਨੂੰ ਆਮ ਤੌਰ ’ਤੇ ਤਿੰਨ ਦਿਨ ਰੱਖਣ ਦਾ ਰਿਵਾਜ ਪ੍ਰਚਲਿਤ ਰਿਹਾ ਹੈ। ਵਿਚਕਾਰਲੇ ਦਿਨ ਸ਼ਾਮ ਦੀ ਰੋਟੀ ਵਧੇਰੇ ਮਹੱਤਵ ਵਾਲੀ ਮੰਨੀ ਜਾਂਦੀ ਹੈ। ਜਾਂਞੀਆਂ ਵਲੋਂ ਵਿਚਕਾਰਲੀ ਸ਼ਾਮ ਦੀ ‘ਖੱਟੀ ਰੋਟੀ’ ਦੀ ਬੜੀ ਉਤਕੰਠਤਾ ਨਾਲ ਉਡੀਕ ਕੀਤੀ ਜਾਂਦੀ ਹੈ। ਇਸ ਰੋਟੀ ਨੂੰ ਸ਼ਾਇਦ ‘ਖੱਟੀ’ ਇਸ ਕਰ ਕੇ ਵੀ ਕਿਹਾ ਜਾਂਦਾ ਹੈ ਕਿ ਇਸ ਵਿੱਚ ਚਟ-ਪੱਟੀਆਂ ਖੱਟੀਆਂ ਚੀਜ਼ਾਂ ਹੁੰਦੀਆਂ ਹਨ:- ਬਾਪੂ ਓਏ! ਬੂੰਦੀ ਆਈ ਐ, ਚੁੱਪ ਕਰ ਸਾਲਿਆ ਮਸਾਂ ਥਿਆਈ ਐ।[3] ਪੱਤਲ ਬੰਨਣ ਦਾ ਸਮਾਂ:-

ਸਮਾਂ ਕੋਈ ਵੀ ਹੋਵੇ, ਖਾਣ ਦੇ ਵਕਤ ਭੋਜਨ ਪਰੋਸੇ ਜਾਣ ਤੋਂ ਉੱਪਰੰਤ ਕੋਈ ਜ਼ਨਾਨੀ ਕੁਝ ਕਾਵਿ ਸਤਰਾਂ ਗਾ ਕੇ ਜੰਞ ਨੂੰ ਰੋਟੀ ਖਾਣ ਤੋਂ ਵਰਜ ਦਿੰਦੀ ਹੈ, ਇਸ ਨੂੰ ‘ਜੰਞ ਬੰਨ੍ਹਣਾ’ ਆਖਿਆ ਜਾਂਦਾ ਹੈ। ਇਸਤਰੀਆਂ ਵਲੋਂ ਬੰਨ੍ਹੀ ਜੰਞ ਨੂੰ ਛੁਡਾਉਣਾ ਬਰਾਤੀਆਂ ਦਾ ਇਖਲਾਕੀ ਫਰਜ ਮੰਨਿਆ ਜਾਂਦਾ ਸੀ ਅਤੇ ਜੇਕਰ ਬਰਾਤ ਬੰਨ੍ਹੀ ਹੋਈ ਪਤੱਲ ਨੂੰ ਬਿਨ੍ਹਾਂ ਛੁਡਾਏ ਖਾ ਜਾਂਦੀ ਤਾਂ ਇਸਨੂੰ ਉਹਨਾਂ ਦੀ ਸਦਾਚਾਰਿਕ ਅਤੇ ਦਿਮਾਗੀ ਹਾਰ ਸਮਝਿਆ ਜਾਂਦਾ ਸੀ। ਅਜਿਹੇ ਮੌਕੇ ਤੀਵੀਆਂ ਸਿੱਠਣੀਆਂ ਸੁਣਾ ਕੇ ਲਾੜੇ ਨੂੰ ਇਸ ਤਦਾਂ ਤਰ੍ਹਾਂ ਠਿੱਠ ਕਰਦੀਆਂ ਹਨ:- ਤੈਨੂੰ ਜੰਞ ਛੁਡਾਉਣੀ ਨਾ ਆਈ, ਕੱਚਾ ਹੁੰਦਾ ਬਹਿ ਵੇ ਗਿਆ। ਤੈਨੂੰ ਭੈਣਾ ਦੇਣੀ ਨਾ ਆਈ, ਬੱਧੀ ਰੋਟੀ ਖਾ ਵੇ ਗਿਆ।[4] ਪੱਤਲ ਹਰੀ ਸਿੰਘ ਰਚਨਾਂ ਵਿਚੋਂ ਕੁਝ ਪੰਕਤੀਆਂ-:

ਸ਼ਗਨਾਂ ਦਾ ਗਾਨਾ ਹੱਥ ਬੰਨ੍ਹਿਆਂ ਸ਼ਹੇਲੀਆਂ ਨੇ
ਨਈ ਧੋਈ ਕਰਤੀ ਮੁੰਡਾ ਕਰਤਾ ਤਿਆਰ ਜੀ
ਸਤ ਗੇੜੇ ਦੇ ਜੰਡੀ ਵਡ ਦਿਤੀ ਹਰੀ ਸਿੰਘਾ
ਕੁੜੀਆਂ ਗਾਉਣ ਗੀਤ ਸੁਖੀ ਵਸੇ ਪਰਿਵਾਰ ਜੀ।

ਪੱਤਲ ਛੁਡਾਉਣਾ

[ਸੋਧੋ]

ਕਈ ਵਾਰ ਕਵੀਸ਼ਰ ਕਿਸਮ ਦਾ ਵਿਅਕਤੀ ਮੂੰਹ ਤੋੜ ਜਵਾਬ ਦੇਣ ਲਈ ਖਾੜੇ ਵਿੱਚ ਡਟ ਖਲੋਦਾ ਸੀ। ਉਹ ਥਾਲੀ ਵਿੱਚ ਸਾਰੇ ਪਕਵਾਨ ਜੋ ਪਰੋਸੇ ਹੰੁਦੇ ਸਨ, ਪਾ ਕੇ ਉੱਤੋਂ ਰੁਮਾਲ ਨਾਲ ਢੱਕ ਕੇ ਖਾਣੇ ਦੀ ਆਰਤੀ ਕਰਦਾ ਜੰਞ ਨੂੰ ਛੁਡਾਉਣਾ ਸ਼ੁਰੂ ਕਰ ਦਿੰਦਾ ਸੀ। ਈਸ਼ਵਰ ਰਿਦੇ ਧਿਆਂ ਕੇ, ਗੰਗਾ ਜਲੀ ਉਠਾਏ ਬੱਧੀ ਖੋਲਾਂ ਜੰਞ ਮੈਂ ਆਦਿਅ ਗਣੇਸ਼ ਮਨਾਇ। ਖੁੱਲ੍ਹ ਗਈਆਂ ਸਭ ਥਾਲੀਆਂ ਖੁੱਲ ਗਿਆ ਜੇ ਨੀਰ। ਖੁੱਲ ਗਏ ਜਾਂਞੀ ਬੈਠੜੇ ਖੁੱਲ ਗਿਆ ਸ਼ਕਲ ਸਰੀਰ।[5]

ਸਮਾਜ ਸੁਧਾਰਕਾਂ ਵਲੋਂ ਵਿਰੋਧ

[ਸੋਧੋ]

ਪਰ ਸਮਾਂ ਬੀਤਣ ਨਾਲ ਇਸ ਰਸਮ ਦੀ ਅੰਤ੍ਰੀਵ ਭਾਵਨਾ ਨੂੰ ਭੁਲਾ ਕੇ ਇਸਨੂੰ ਹਲਕੇ ਹਾਸੇ-ਠੱਠੇ ਦਾ ਮੌਕਾ ਸਮਝਿਆ ਜਾਣ ਲੱਗ ਪਿਆ। ਕਈ ਵਾਰ ਦੋਵੇਂ ਧਿਰਾਂ-ਮੇਲਣਾਂ ਅਤੇ ਬਰਾਤੀ-ਇਸ ਅਵਸਰ ਨੂੰ ਆਪਣੀ ਵਿਰੋਧੀ ਧਿਰ ਨੂੰ ਨਰੋਏ ਵਿਅੰਗ ਕਸਣ ਦੀ ਥਾਂ ਅਸ਼ਲੀਲ ਟਿੱਚਰਬਾਜ਼ੀ ਦਾ ਮਸੀਂ ਹੱਥ ਆਇਆ ਮੌਕਾ ਸਮਝ ਲੈਂਦੀਆਂ, ਜਿਸ ਕਰ ਕੇ ਸੁਧਾਰਕ ਰੁਚੀ ਦੇ ਲੋਕ ਇਸ ਦਾ ਬੁਰਾ ਮਨਾਉਣ ਲੱਗੇ।

ਮਹੱਤਤਾ

[ਸੋਧੋ]

ਸਮਾਜ-ਸੁਧਾਰਕਾਂ ਵਲੋਂ ਇਸ ਰਸਮ ਦੇ ਵਿਰੋਧ ਅਤੇ ਤਿਆਗ ਦੀ ਪ੍ਰੇਰਨਾ ਕਰਨ ਦੇ ਬਾਵਜੂਦ ਇਸ ਰਸਮ ਦੀ ਮਹੱਤਤਾ ਬਣੀ ਰਹੀ ਕਿਉਂਕਿ ਇਸ ਰਸਮ ਨਾਲ ਜਿੱਥੇ ਇੱਕ ਪਾਸੇ ਬੁੱਧੀ ਚਤੁਰਤਾ ਦੀ ਪ੍ਰੀਖਿਆ ਅਤੇ ਵਿਆਹ ਵਿੱਚ ਸ਼ਾਮਿਲ ਬਰਾਤੀਆਂ ਅਤੇ ਮੇਲੀਆਂ-ਗੇਲੀਆਂ ਦਾ ਮਨੋਰੰਜਨ ਹੋ ਜਾਂਦਾ ਉਥੇ ਦੂਜੇ ਪਾਸੇ ਸ਼ਾਦੀ ਦਾ ਮਾਹੌਲ ਅਪਣੱਤ ਅਤੇ ਨਿੱਘ ਭਰਪੂਰ ਬਣ ਜਾਂਦਾ, ਜਿਹੜਾ ਦੋ ਅਣਜਾਣੇ ਪਰਿਵਾਰਾਂ ਨੂੰ ਰਿਸ਼ਤੇ ਦੀ ਪੱਕੀ -ਪੀਡੀ ਗੰਢ ਵਿੱਚ ਬੰਨ੍ਹਣ ਲਈ ਸਹਾਇਕ ਬਣਦਾ ਆਪਣੀ ਇਸ ਸਾਰਥਕਤਾ ਕਾਰਨ ਹੀ ਇਹ ਰਸਮ ਚਿੰਰਜੀਵੀ ਬਣੀ।[6] ਪੱਤਲ ਵਿੱਚ ਜਾਤ-ਪਾਤ ਰਿਸ਼ਤੇ ਨਾਤਿਆਂ, ਟੈਬੂ-ਪ੍ਰਣਾਲੀ, ਟੋਟਮਵਾਦ, ਆਵਾਜਾਈ ਦੇ ਸਾਧਨਾਂ, ਪ੍ਰਕਿਰਤੀ ਵਰਣਨ ਅਤੇ ਹੋਰ ਬੇਸ਼ੁਮਾਰ ਆਰਥਿਕ, ਸਮਾਜਿਕ, ਰਾਜਨੀਤਿਕ, ਧਾਰਮਿਕਅਤੇ ਵਿੱਦਿਅਕ ਸਾਮਗਰੀ ਦੀ ਉਚਿੱਤ ਵਰਤੋਂ ਕਰ ਕੇ ਪੱਤਲਕਾਰ ਸਰੋਤਿਆਂ ਅੰਦਰ ਸੁਹਜ ਅਤੇ ਚੇਤੰਨਤਾ ਪੈਦਾ ਕਰਦਾ ਹੈ। ਸਰੋਤਿਆਂ ਦੇ ਮਨਾਂ ਅੰਦਰ ਦਿਲਚਸਪੀ ਦੇ ਭਾਵ ਪੈਦਾ ਕਰ ਕੇ ਹਾਸਾ ਅਤੇ ਖੇੜਾ ਉਪਜਾਉਣ ਦਾ ਸਫਲ ਪ੍ਰਯਤਨ ਕੀਤਾ ਜਾਂਦਾ ਹੈ, ਜਿਸ ਵਿੱਚ ਔਰਤ-ਮਰਦ ਦੀਆਂ ਵਿਰੋਧੀ ਜਮਾਤਾਂ ਦੀ ਅਕਲ ਦੇ ਕਾਵਿਕ ਚਮਤਕਾਰ ਦਿ੍ਰਸ਼ਟੀਗੋਚਰ ਹੁੰਦੇ ਹਨ। ਵਿਰੋਧੀ ਧਿਰਾਂ ਵਿੱਚ ਪਰਸਪਰ ਟਕਰਾਓ ਅਤੇ ਦਵੰਦ ਸਿਰਜਨ ਵਾਲੇ ਪੱਤਲ-ਕਾਵਿ ਦਾ ਮਾਲਵੇ ਦੇ ਵਿਆਹ ਸਮੇਂ ਦੇ ਲੋਕਗੀਤਾਂ ਵਿੱਚ ਉਚਿੱਤ ਅਤੇ ਮਹੱਤਵਪੂਰਨ ਸਥਾਨ ਨਿਰਧਾਰਿਤ ਪ੍ਰਭਾਵ ਪਾਉਂਦਾ ਹੈ।[7]

ਹਵਾਲੇ

[ਸੋਧੋ]
  1. ਜੀਤ ਸਿੰਘ ਜੋਸ਼ੀ. ਸੱਭਿਆਚਾਰ ਅਤੇ ਲੋਕਧਾਰਾ. ਵਾਰਿਸ ਸ਼ਾਹ ਫਾਉਂਡੇਸ਼ਨ ਅੰਮ੍ਰਿਤਸਰ. p. 50.
  2. 2. ਡਾ. ਗੁਰਦੇਵ ਸਿੰਘ ਸਿੱਧੂ, ਪੱਤਲ ਕਾਵਿ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰ: 3
  3. 3 ਗਿਆਨੀ ਗੁਰਦਿੱਤ ਸਿੰਘ, ਮੇਰਾ ਪਿੰਡ, ਸਾਹਿਤ ਪ੍ਰਕਾਸ਼ਨ, 56 ਸੈਕਟਰ 4, ਚੰਡੀਗੜ੍ਹ ਪੰਨਾ ਨੰ:386-87
  4. 4 ਡਾ. ਗੁਰਦੇਵ ਸਿੰਘ ਸਿੱਧੂ, ਪੱਤਲ ਕਾਵਿ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰ: 6
  5. 5 ਜੀਤ ਸਿੰਘ ਜੋਸ਼ੀ, ਸੱਭਿਆਚਾਰ ਅਤੇ ਲੋਕਧਾਰਾ, ਵਾਰਿਸ ਸ਼ਾਹ ਫਾਉਂਡੇਸਨ ਅੰਮ੍ਰਿਤਸਰ, ਪੰਨਾ ਨੰ: 50
  6. 6 ਡਾ. ਗੁਰਦੇਵ ਸਿੰਘ ਸਿੱਧੂ, ਪੱਤਲ ਕਾਵਿ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰ: 8-10
  7. 7 ਡਾ. ਰਾਜਵੰਤ ਕੌਰ ਪੰਜਾਬੀ, ਵਿਆਹ ਤੇ ਲੋਕਗੀਤ ਵਿਭਿੰਨ ਪਰਿਪੇਖ, ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, ਪੰਨਾ ਨੰ: 85