ਫ਼ਰਦ ਫ਼ਕੀਰ
ਫ਼ਰਦ ਫ਼ਕੀਰ (ਜਨਮ 1720[1] - ਮੌਤ 1790)[2][3] ਇੱਕ ਪੰਜਾਬੀ ਸੂਫ਼ੀ ਕਵੀ ਸੀ। ਉਸ ਬਾਰੇ ਬੜੀ ਘੱਟ ਜਾਣਕਾਰੀ ਮਿਲਦੀ ਹੈ। ਮੌਖਿਕ ਪਰੰਪਰਾ ਵੀ ਖਾਮੋਸ਼ ਹੈ। ਹੋ ਸਕਦਾ ਹੈ ਕਿ ਸਾਂਝੇ ਪੰਜਾਬ ਦੇ ਗੁਜਰਾਤ ਜ਼ਿਲ੍ਹੇ ਦੇ ਕਿਸੇ ਪਿੰਡ ਵਿੱਚ ਇਸ ਫ਼ਕੀਰ ਨਾਲ ਸੰਬੰਧਿਤ ਜਾਣਕਾਰੀ ਬਾਰੇ ਕੋਈ ਰਵਾਇਤ ਮਿਲਦੀ ਹੋਵੇ। ਉਹ ਇੱਕ ਪ੍ਰਸਿਧ ਸਿਲਸਿਲੇ ਦਾ ਸੂਫ਼ੀ ਸੀ।
ਜਨਮ
[ਸੋਧੋ]ਫਰਦ ਫ਼ਕੀਰ ਦਾ ਜਨਮ ਸਤਾਰਵੀਂ ਸਦੀ ਦੇ ਪਹਿਲੇ ਦਹਾਕੇ 1704 ਵਿੱਚ ਸਾਂਝੇ ਪੰਜਾਬ ਦੇ ਜ਼ਿਲ੍ਹਾ ਗੁਜਰਾਤ ਵਿਖੇ ਹੋਇਆ। ਉਸ ਦਾ ਤਖੱਤਸ ‘ਫਕੀਰ` ਸਪਸ਼ਟ ਕਰਦਾ ਹੈ ਕਿ ਉਹ ਦਰਵੇਸ਼ ਸੀ। ਉਸ ਦੀ ਰਚਨਾ ਵਿੱਚ ਆਏ ਵੇਰਵਿਆਂ ਤੋਂ ਜ਼ਾਹਰ ਹੈ ਕਿ ਉਹ ਨੀਵੀਆਂ ਜਾਤੀਆਂ ਖਾਸ ਕਰਕੇ ਜੁਲਾਹਿਆਂ ਅਤੇ ਨਾਈਆਂ ਦਾ ਪੀਰ ਸੀ। ਗੁਜਰਾਤ ਸਾਂਝੇ ਪੰਜਾਬ ਦਾ ਪ੍ਰਸਿੱਧ ਸ਼ਹਿਰ ਰਿਹਾ ਹੈ। ਇਹ ਜਿਲੇ, ਦਾ ਮੁੱਖ ਕਾਰਯਾਲਾ ਹੋਣ ਕਰਕੇ ਪੁਸ਼ਾਸਨ, ਦੇ ਪੱਖੋ, ਵੀ ਮਹੱਤਵਪੂਰਨ ਸ਼ਹਿਰ ਸੀ, ਜਿਸ ਦੇ ਇੱਕ ਪਾਸੇ ਵਜੀਰਾਬਾਦ ਤੇ ਦੂਜੇ ਪਾਸੇ ਲਾਲਾਮੂਸਾ ਹੈ। ਗੁਜਰਾਤ ਦਾ ਸਿੱਖ ਇਤਿਹਾਸ ਵਿੱਚ ਵੀ ਜ਼ਿਕਰ ਮਿਲਦਾ ਹੈ। ਕਹਿੰਦੇ ਹਨ ਕਿ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਕਸ਼ਮੀਰ ਤੋ ਮੁੜੇ ਤਾਂ ਏਸੇ ਸ਼ਹਿਰ ਵਿੱਚ ਬਿਰਾਜਮਾਨ ਹੋਏ ਸਨ। ਆਪ ਦੀ ਯਾਦ ਵਿੱਚ ਸਿਖ ਸੰਗਤਾਂ ਵਲੋਂ ਬਣਾਇਆ ਕਾਬੁਲੀ ਦਰਵਾਜੇ ਇੱਕ ਗੁਰਦੁਆਰ ਹੈ। ਸਿੱਖ ਫੋਜਾਂ ਅਤੇ ਅੰਗੇਰਜ਼ਾਂ ਵਿੱਚ ਅੰਤਿਮ ਜੰਗ 21 ਫਰਵਰੀ 1849 ਨੂੰ ਗੁਜਰਾਤ ਵਿਖੇ ਹੋਈ ਸੀ। ਇਤਿਹਾਸਕ ਸ਼ਹਿਰ ਦਾ ਜੰਮ ਪਲ ਸੀ ਫਰਦ ਫ਼ਕੀਰ। 1704-1800 ਈ ਉਸ ਦੇ ਸਮਕਾਲੀ ਸੂਫ਼ੀਆਂ ਤੀ ਸੂਚੀ ਇਸ ਪ੍ਰਕਾਰ ਹੈ:-
- ਸ਼ਾਹ ਸ਼ਰਫ਼ ਬਟਾਲਵੀ (1640-1724 ਈ)
- ਅਲੀ ਹੈਦਰ (1690-1785 ਈ)
- ਬੁੱਲੇ ਸ਼ਾਹ (1680-1758 ਈ)
- ਗੁਲਾਮ ਜੀਲਾਨੀ (1749-1819 ਈ)
- ਸਚਲ ਸਰਮਸਤ (1736-1826 ਈ)
ਸ਼ਰਈ/ਸੂਫ਼ੀ
[ਸੋਧੋ]ਡਾ. ਲਾਜਵੰਤੀ ਰਾਮਾਕ੍ਰਿਸ਼ਨਾ ਨੇ ਫਰਦ ਨੂੰ ਮਾਮੂਲੀ ਸ਼੍ਰੇਣੀ ਦਾ ਸੂਫ਼ੀ ਦਰਵੇਸ਼ ਮੰਨਿਆ ਹੈ। ਉਹ ਸੂਫ਼ੀ ਵੀ ਸੀ ਪਰ ਪਹਿਲੇ ਪੜਾਉ (ਸ਼ਰੀਅਤ) ਦਾ। ਉਸ ਦੀ ਫ਼ਕੀਰੀ ਦੀ ਵਦਵੀ ਤੋਂ ਪਤਾ ਲਗਦਾ ਹੈ ਕਿ ਊਹ ਇੱਕ ਦਰਵੇਸ਼ ਸੀ ਤੇ ਉਹ ਵੀ ਮਾਮੂਲੀ ਢੰਗ ਦੀ ਸਾਧਾਰਣ ਸ਼ੇਣੀ ਦਾ।[4] ਪੀਰੀ ਤੇ ਦਰਵੇਸ਼ੀ, ਵੈਸੇ ਤਾਂ ਉਚੀ ਹਸਤੀ ਦੀਆਂ ਸੂਚਕ ਹਨ, ਪਰ ਉਹ (ਫਰਦ) ਕੋਲ ਸਾਰੀਆਂ ਜਾਤੀਆਂ ਦੇ ਲੋਕ ਆਉਂਦੇ ਸਨ। ਇਸ ਤਥ ਦਾ ਉਸ ਦੀਆਂ ਆਪਣੀਆਂ ਕਹੀਆਂ ਗੱਲਾਂ ਤੋਂ ਪਤਾ ਚਲਦਾ ਹੈ ਕਿ ਉਹ ਛੋਟੀਆਂ ਜਾਤਾਂ, ਜਿਸ ਤਰ੍ਹਾਂ ਕਿ ਜੁਲਾਹਿਆਂ ਤੇ ਨਾਈਆਂ ਦਾ ਪੀਰ ਸੀ।[4]
ਫਰਦ ਫ਼ਕੀਰ ਇੱਕ ਸੂਫ਼ੀ ਦਰਵੇਸ਼ ਸੀ। ਇਸ ਬਾਰੇ ਦੋ ਰਾਵਾਂ ਨਹੀਂ ਹੋ ਸਕਦੀਆਂ। ਭੇਖ ਦਾ ਸੂਫ਼ੀ ਬਣਨ ਵਿੱਚ ਤਾਂ ਕੋਈ ਤਰੱਦਦ ਹੀ ਨਹੀਂ ਕਰਨਾ ਪੈਂਦਾ ਫਰਦ ਆਖਦਾ ਹੈ:-
ਮੀਮ, ਮੈਂ ਮੂੰ ਮੁੱਲ ਵਿਕਉਂਦੀ, ਅੱਜ ਫਕੀਰੀ ਹੱਟ।
ਇਕ ਪੈਸੇ ਦੀ ਉਨ ਲਾਈ ਗੱਲੇ ਨੂੰ ਸੇਹਲੀ ਵੱਟ।
ਗੇਰੂ ਰੰਗ ਲਏ ਕਪੜੇ ਖੋਲ ਸਿਰੇ ਦੇ ਵਾਲ।
ਸ਼ਰੀਅਤ ਦੀ ਮੰਜਿਲ ਉੱਤੇ ਖਲੋਤੇ ਸੂਫ਼ੀ ਤੋਂ ਇਸ ਨਾਲੋਂ ਵੱਧ ਆਮ ਨਹੀਂ ਕੀਤਾ ਜਾ ਸਕਦੀ। ਉਸ ਦਾ ਪੰਜਾਬੀ ਕਾਵਿ ਪੇਂਡੂ ਢੰਗ ਦਾ ਹੀ ਹੈ, ਪਰ ਉਸ ਅੰਦਰ ਉਹ ਮਿਠਾਸ ਨਹੀਂ ਜੋ ਕਿ ਪੇਂਡੂ ਕਾਵਿ ਵਿੱਚ ਮਿਲਦੀ ਹੈ। ਇਹ ਇੱਕ ਖਾਸ ਤਰ੍ਹਾਂ ਦੇ ਬੈਂਤ ਹਨ ਜਿਹੜੇ ਕਿ ਕੁਝ ਖੁਰਦਰੇ ਲਹਿਜੇ ਤੇ ਲਖਾਇਦ ਨੇ, ਤੇ ਦਾ ਵਹਾਅ ਵੀ ਇਕੋ ਜਿਹਾ ਨਹੀਂ ਹੈ। ਪਰੰਤੂ ਇਹ ਇਨ੍ਹਾਂ ਬੈਂਤ ਕਾਫ਼ੀ ਸ਼ਕਤੀਸ਼ਾਲੀ ਤੇ ਦਿੁੜਤਾ ਭਰਪੂਰ ਹਨ।[5]
ਸਿੱਖਿਆ
[ਸੋਧੋ]ਜਾਪਦਾ ਹੈ ਕਿ ਫਰਦ ਫ਼ਕੀਰ ਅਰਬੀ ਭਾਸ਼ਾ ਦਾ ਚੰਗਾ ਗਿਆਤਾ ਸੀ।
ਰਚਨਾਵਾਂ
[ਸੋਧੋ]ਫਰਦ ਫ਼ਕੀਰ ਦੀਆਂ ਰਚਨਾਵਾਂ ਇਸ ਪ੍ਰਕਾਰ ਹਨ:-
ਸੀਹਰਫ਼ੀ
[ਸੋਧੋ]ਇਹ ਰੂੜੀਵਾਦੀ ਮੁਸਲਾਮਾਨਾ ਅਤੇ ਸਮਾਜ ਦੇ ਨੀਵੇਂ ਤਬਕਿਆਂ ਵਿੱਚ ਵਧੇਰੇ ਹਰਮਨ ਪਿਆਰੀ ਹੈ। ਇਸ ਦੀਆਂ ਕਈ ਛਾਪਾਂ ਮਿਲਦੀਆਂ ਹਨ। ਫਰੀਦ ਨੇ ਨਫਸ ਨੂੰ ਪਲੀਦ ਮੰਨਿਆ ਹੈ। ਇਸ ਕਵੀ ਅਨੁਸਾਰ-
ਖੇ-ਖੁਸ਼ੀਆਂ ਕਰ ਤੂੰ ਸ਼ਾਦੀਆਂ ਬੈਠੋ ਮਜਲਸ ਹਲਾ।
ਕੁੱਤੇ ਨਫਸ ਪਲੀਦ ਦੀ, ਮੰਨੀ ਤੁੱਧ ਰਿਜਾ।
ਬਾਰਾ-ਮਾਹ
[ਸੋਧੋ]ਇਸ ਦੇ ਕਈ ਹੱਥ-ਲਿਖਤ ਖਰੜੇ ਮੌਜੂਦ ਹਨ। ਅਤੇ ਵੱਖ-ਵੱਖ ਲਾਇਬਰੇਰੀਆਂ ਅਤੇ ਵਿਅਕਤੀਆਂ ਕੋਲ ਇਸ ਦੇ ਭਿੰਨ-ਭਿੰਨ ਨੁਸਖੇ ਮਿਲਦੇ ਹਨ। ਇੱਕ ਹੱਥ ਲਿਖਤ ਖਰੜਾ ਇੰਡੀਆਂ ਆਫਿਸ ਲਾਇਬਰੇਰੀ ਵਿੱਚ ਮੋਜੂਦ ਹੈ। ਫਰਦ ਫ਼ਕੀਰ ਦਾ ਬਾਰਾ-ਮਾਹ ਪੰਜਾਬ ਵਿੱਚ ਅਨੇਕਾਂ ਵਾਰ ਛਪਿਆਂ ਹੈ। ਉਦਾਹਰਣ:-
ਚੜਿਆਂ ਹਾੜ ਮਹੀਨਾ ਕੜਾਕਦਾ,
ਮੇਰੇ ਅੰਦਰ ਭਾਂਬੜ ਭੜਕਦਾ।
ਇਸ ਬਿਰਹੋਂ ਸੂਰਜ ਚਾੜ੍ਹਿਆ,
ਮੈਨੂੰ ਪਿਆਰੇ ਦਿਲੋ ਵਿਸਾਰਿਆਂ।
ਕਸਬ-ਨਾਮਾ ਬਾਫਿੰਦਗਾਂ
[ਸੋਧੋ]ਜੁਲਾਹਿਆਂ ਦੇ ਕਸਬ ਬਾਰੇ ਇਹ ਗਿਆਨਪਰਕ ਪੁਸਤਕ 1751 ਈ. ਵਿੱਚ ਮੁਕੰਮਲ ਹੋਈ। ਇਸ ਵਿੱਚ ਕੱਪੜਾ ਬੁਣਨ ਦੇ ਅਮਲ ਦਾ ਅਧਿਆਤਮਦ ਪਧੱਰ ਤੇ ਬਿਆਨ ਹੈ। ਜੁਲਾਹਿਆਂ ਦੀ ਉਸਤਤੀ ਹੈ ਅਤੇ ਬਾਦਸ਼ਾਹਾਂ ਦੀ ਨਿੰਦਿਆ ਜੋ ਉਹਨਾਂ ਉੱਤੇ ਜੁਲਮ ਕਰਦੇ ਹਨ। ਇਹ ਰਚਨਾਵਾਂ ਪੰਜਾਬ ਵਿੱਚ ਦੋ ਜਾਂ ਤਿੰਨ ਵਾਰ ਵਤੱਖ-ਵੱਖ ਥਾਵਾਂ ਉੱਤੇ ਛੱਪੀ। ਸਾਰੀਆਂ ਛਾਪਾਂ ਵਿੱਚੋਂ ਮੁਸਲਿਮ ਸਟੀਮ ਪੈ੍ਰਸ ਲਾਹੌਰ ਵਲੋ ‘ਦਰਿਆ-ਇ-ਸਾਰਫ਼ਤ ਨਾਮ ਹੇਠ ਛੱਪੀ ਪੁਤਸਕ ਜਿਸ ਵਿੱਚ ਉਸ ਦੀਆਂ ਦੋ ਹੋਰ ਰਚਨਾਵਾਂ ਬਾਰਾ ਮਾਹ ਅਤੇ ਸ਼ੀਰਰਫ਼ੀ ਵੀ ਸਾਮਿਲ ਹੈ, ਉਤਮ ਹੈ। ਉਦਾਹਰਣ:-
ਸੂਤਰ ਅੱਠੀ ਸੱਤੀ ਦੇ ਵਿਚ,
ਚੋਂਸੀ ਨਾਂਹ ਵਗਾਈ,
ਬਹੁਤ ਕਾਰੀਗਰ ਦੇਖਣ ਆਏ,
ਜਾ ਮੈਂ ਤਾਣੀ ਲਾਈ।
ਇਸ ਵਿੱਚ ਫਰਦ ਫ਼ਕੀਰ ਇਹ ਦਰਸਾਉਂਦਾ ਹੈ ਕਿ ਉਸ ਸਮੇਂ ਦੇ ਰਾਜੇ ਕਿਸੇ ਤਰ੍ਹਾਂ ਕਸਬੀਆਂ ਜਾਂ ਦਸਤਕਾਰਾਂ ਨਾਲ ਦੂਰ-ਵਿਹਾਰ ਕਰਦੇ ਸਨ। ਦਸਤਕਾਰੀ ਕਿਵੇਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਵਣਗੇ:-
ਹਾਕਮ ਹੋ ਕੇ ਬਹਿਣ ਗਲੀੱਚੇ ਬਹੁਤ ਜੁਲਮ ਕਮਾਂਦੇ
ਮਿਹਨਤੀਆਂ ਨੂੰ ਕੰਮੀ ਆਖਣ ਖੂਨ ਉਹਨਾਂ ਦਾ ਖਾਂਦੇ।
ਫੜ ਵਗਾਰੀ ਲੈ ਲੈ ਜਾਵਣ, ਖੋਫ਼ ਖ਼ੁਦਾ ਨਾਹੀਂ॥
ਫਰਦ ਫਕੀਰ ਦਰਦ ਮੰਦਾ ਦੀਆਂ ਇੱਕ ਦਿਨ ਪੈਸਣ ਆਹੀ।
ਰੋਸ਼ਨ-ਦਿਲ
[ਸੋਧੋ]ਇਹ ਰੂੜੀਗਤ ਧਾਰਮਿਕ ਫਰਜ਼ਾਂ ਬਾਰੇ ਹਦਾਇਤਾਂ ਦਾ ਗੁਟਕਾ ਹੈ। ਇਹ ਕਿਤਾਬੜੀ ਬਹੁਤ ਲੋਕ-ਪ੍ਰਿਯ ਹੈ ਅਤੇ ਨਿਰੰਤਰ ਛਪਦੀ ਰਹੀ ਹੈ। ਸਾਡਾ ਵਿਸ਼ਵਾਸ ਹੈ ਕਿ ਪ੍ਰਸਥਿਤੀਆਂ ਦੇ ਦਬਾਅ ਕਾਰਨ ਜਾਂ ਤਾਂ ਫਰਦ ਫਕੀਰ ਨੂੰ ਇਸ ਦਾ ਲੇਖਕ ਹੋਣਾ ਸਵੀਕਾਰ ਕਰਨ ਲਈ ਮਜਬੂਰ ਕੀਤਾ ਗਿਆ ਸੀ, ਉਸ ਨੂੰ ਅਜੇਹਾ ਲਿਖਣ ਲਈ ਮਜ਼ਬੂਰ ਕੀਤਾ ਗਿਆ।
ਫਰਦ ਫਕੀਰ ਹੋਇਆ ਕੋਈ ਖਾਸਾ, ਮਰਦ ਸਫਾਈ ਵਾਲਾ।
ਫਿਕਰ ਅੰਦਰ ਭੀ ਚੁਸਤ-ਸੁਖਨ ਹੈ, ਇਸ਼ਕ ਅੰਦਰ ਖੁਸ਼ਚਾਲਾ।
ਹਵਾਲੇ
[ਸੋਧੋ]- ↑ ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼ ਜਿਲਦ ਦੂਜੀ. ਭਾਸ਼ਾ ਵਿਭਾਗ ਪੰਜਾਬ. p. 502.
- ↑ http://www.punjabi-kavita.com/Fard-Faqir.php
- ↑ http://www.apnaorg.com/books/english/punjabi-sufi-poets/punjabi-sufi-poets.pdf
- ↑ 4.0 4.1 ਪੰਜਾਬੀ ਯੂਨੀਵਰਸਿਟੀ, ਪੰਜਾਬੀ ਸਾਹਿਤ ਦਾ ਇਤਿਹਾਸ ਭਾਗ ਤੀਜਾ ਪੰਨਾ 130
- ↑ ਡਾ. ਲਾਜਵੰਤੀ ਰਾਮਾਕ੍ਰਿਸ਼ਨਾ, ਉਧਰਿਤ, ਫਰਦ ਫ਼ਕੀਰ, ਪੰਜਾਬੀ ਯੂਨੀਵਰਸਿਟੀ ਪੰਜਾਬੀ ਸਾਹਿਤ ਦਾ ਇਤਿਹਾਸ, ਪੰਨਾ 131