ਸਮੱਗਰੀ 'ਤੇ ਜਾਓ

ਬਣਜਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਣਜਾਰਾ

ਬਣਜਾਰਾ (ਲੰਮਬਾਨੀ, ਵਣਜਾਰਾ ਅਤੇ ਗੋਰਮਾਤੀ) ਇੱਕ ਟੱਪਰੀਵਾਸੀ ਭਾਈਚਾਰਾ ਜੋ ਕਿ ਰਾਜਸਥਾਨ, ਭਾਰਤ ਵਿੱਚ ਵਸੇ ਹੋਏ ਹਨ ਪ੍ਰ ਹੁਣ ਇਹ ਭਾਈਚਾਰਾ ਭਾਰਤ ਦੇ ਸਮੁੱਚੇ ਮਹਾਦੀਪ ਵਿੱਚ ਫੈਲਿਆ ਹੋਇਆ ਹੈ।ਬਰਮਨ ਅਨੁਸਾਰ ਲਾਮਨ ਨਾਮ ਬਣਜਾਰਾ ਨਾਮ ਤੋ ਬਹੁਤ ਸਮਾਂ ਪਿਹਲਾਂ ਦਾ ਹੈ।[1]

ਬਣਜਾਰਾ ਸ਼ਬਦ ਭਾਵੇਂ ਵਣਜ ਤੋਂ ਬਣਿਆ ਹੈ ਪਰ ਪੰਜਾਬੀ ਲੋਕ-ਕਾਵਿ ਵਿੱਚ ਵੰਗਾਂ ਦਾ ਵਣਜ ਕਰਨ ਵਾਲੇ ਭਾਵ ਵੰਗਾਂ ਵੇਚਣ ਵਾਲੇ ਨੂੰ ਬਣਜਾਰਾ ਕਿਹਾ ਹੈ। ਪਿਛਲੇ ਸਮਿਆਂ ਵਿੱਚ ਇਹ ਬਣਜਾਰਾ ਪੇਂਡੂ ਸਮਾਜ ਵਿੱਚ ਬਹੁਤ ਮਹੱਤਵ ਰੱਖਦਾ ਸੀ। ਚਾਵਾਂ ਤੇ ਸੱਧਰਾਂ ਨਾਲ ਭਰੇ ਮਨਾਂ ਵਾਲੀਆਂ ਮੁਟਿਆਰਾਂ ਲਈ ਇਹ ਵਿਸ਼ੇਸ਼ ਖਿੱਚ ਰੱਖਦਾ ਕਿਉਂਕਿ ਉਨ੍ਹਾਂ ਨੂੰ ਨਾ ਸ਼ਹਿਰ-ਬਾਜ਼ਾਰ ਵਿੱਚ ਜਾਣ ਦੀ ਬਹੁਤੀ ਖੁੱਲ੍ਹ ਹੁੰਦੀ ਸੀ ਤੇ ਨਾ ਬਹੁਤਾ ਹਾਰ-ਸ਼ਿੰਗਾਰ ਕਰਨ ਦੀ। ਆਪਣੀਆਂ ਰੀਝਾਂ ਦੀ ਪੂਰਤੀ ਕਰਨ ਲਈ ਬਣਜਾਰਾ ਉਨ੍ਹਾਂ ਵਾਸਤੇ ਅੱਛਾ-ਖਾਸਾ ਵਸੀਲਾ ਹੋ ਨਿੱਬੜਦਾ।[2]

ਗਲੀ-ਮੁਹੱਲੇ ਵਿੱਚ ਜਿਸ ਦੇ ਦਰ ਜਾਂ ਡਿਉਢੀ ਵਿੱਚ ਚੂੜੀਆਂ ਵਾਲਾ ਬੈਠਾ ਹੁੰਦਾ, ਉੱਥੇ ਤਾਈ-ਚਾਚੀ ਜਾਂ ਦਾਦੀ ਅੰਮਾ ਨੇ ਸਾਰੀਆਂ ਕੁੜੀਆਂ ਦੇ ਚੂੜੀਆਂ ਚੜ੍ਹਵਾ ਦੇਣੀਆਂ। ਧੀਆਂ-ਭੈਣਾਂ ਸਭ ਦੀਆਂ ਸਾਂਝੀਆਂ ਵਾਲੀ ਭਾਵਨਾ ਮਨਾਂ ’ਤੇ ਭਾਰੂ ਹੁੰਦੀ। ਚੂੜੀਆਂ ਚੜ੍ਹਾ ਕੇ ਕੁੜੀਆਂ ਦਾ ਚਾਅ ਨਾ ਚੁੱਕਿਆ ਜਾਂਦਾ ਕਿਉਂਕਿ ਪੇਂਡੂ ਭਾਈਚਾਰੇ ਵਿੱਚ ਕੁਆਰੀ ਤਾਂ ਕੀ ਬਲਕਿ ਵਿਆਹੀ-ਵਰੀ ਧੀ ਦਾ ਵੀ ਪੇਕੇ ਘਰ ਆ ਕੇ ਕੋਈ ਹਾਰ-ਸ਼ਿੰਗਾਰ ਕਰਨਾ ਚੰਗਾ ਨਹੀਂ ਸੀ ਸਮਝਿਆ ਜਾਂਦਾ। ਬਸ, ਲੈ-ਦੇ ਕੇ ਇਹ ਚੂੜੀਆਂ ਜਾਂ ਮਾੜੀ-ਮੋਟੀ ਨਹੁੰ ਪਾਲਸ਼ ਹੀ ਕੁੜੀਆਂ ਲਾ-ਪਾ ਲੈਂਦੀਆਂ। ਅਜੋਕੇ ਸਮੇਂ ਨਾ ਪਿੰਡਾਂ ਵਿੱਚ ਵਣਜਾਰੇ ਦਿਸਦੇ ਹਨ ਤੇ ਨਾ ਕੋਈ ਕਹਿੰਦੀ ਹੈ:

‘‘ਆ ਗਿਆ ਵਣਜਾਰਾ ਨੀਂ ਚੜ੍ਹਾ ਲੈ ਭਾਬੀ ਚੂੜੀਆਂ’’

ਲੋਕ ਗੀਤ[ਸੋਧੋ]

ਗਲੀ ਗਲੀ ਵਣਜਾਰਾ ਫਿਰਦਾ, ਹਾਕ ਮਾਰ ਲਿਆ ਨੀਂ ਬੁਲਾ
ਭਲਾ ਜੀ ਮੈਨੂੰ ਤੇਰੀ ਸਹੁੰ, ਹਾਕ ਮਾਰ ਲਿਆ ਨੀਂ ਬੁਲਾ
ਸੱਸ ਨੂੰ ਨਾ ਪੁੱਛਿਆ, ਨਣਦ ਨੂੰ ਨਾ ਪੁੱਛਿਆ,
ਵੰਗਾਂ ਤਾਂ ਲਈਆਂ ਮੈਂ ਚੜ੍ਹਾ
ਬਾਹਰੋਂ ਤਾਂ ਆਇਆ ਹੱਸਦਾ ਖੇਡਦਾ,
ਭਾਬੀਆਂ ਨੇ ਦਿੱਤਾ ਸਿਖਾ
ਚੁੱਕ ਕੇ ਪਰੈਣੀ ਉਹਨੇ ਵੰਗਾਂ ਉੱਤੇ ਮਾਰੀ,
ਵੰਗਾਂ ਤਾਂ ਕੀਤੀਆਂ ਫ਼ਨਾਹ
ਚੁਗ-ਚੁਗ ਟੋਟੇ ਮੈਂ ਝੋਲੀ ਵਿੱਚ ਪਾਏ,
ਪੇਕਿਆਂ ਦਾ ਪੁੱਛਦੀ ਆਂ ਰਾਹ
ਚੁੱਕ ਕੇ ਥਾਲ਼ੀ ਭਾਬੀ ਕੋਲ ਜਾਂਦਾ ਕਹਿੰਦਾ,
ਰੋਟੀਆਂ ਤਾਂ ਦੇਵੀਂ ਨੀਂ ਪਕਾ
ਭਾਬੋ ਦੀਆਂ ਪੱਕੀਆਂ ਬਥੇਰਾ ਚਿਰ ਖਾਧੀਆਂ,
ਵਹੁਟੀ ਦੀਆਂ ਪੱਕੀਆਂ ਖਾਹ
ਪੀੜ ਕੇ ਘੋੜਾ ਵਹੁਟੀ ਕੋਲ ਜਾਂਦਾ ਚੱਲ,
ਪੰਜਾਂ ਦੀਆਂ ਚੂੜੀਆਂ ਚੜ੍ਹਾ
ਪੰਜ ਨਹੀਂ ਲੈਣੇ ਪੰਜਾਹ ਵੀ ਨਹੀਂ ਲੈਣੇ,
ਜਾਹ ਭਾਬੋ ਦੀਆਂ ਪੱਕੀਆਂ ਖਾਹ…’’

ਹਵਾਲੇ[ਸੋਧੋ]

  1. Burman, J.J. Roy (2010). Ethnography of a Denotified Tribe: The Laman Banjara. New Delhi: Mittal Publications. ISBN 9788183243452.
  2. http://punjabitribuneonline.com/2014/03/ਆ-ਵਣਜਾਰਿਆ-ਬਹਿ-ਵਣਜਾਰਿਆ/