ਬਹੁ-ਸੁਘੜਤਾ ਸਿਧਾਂਤ
ਬਹੁ-ਸੁਘੜਤਾ ਸਿਧਾਂਤ ਜਾਂ ਬਹੁ-ਸੋਝੀ ਸਿਧਾਂਤ (theory of multiple intelligences), ਲੋਕਾਂ ਅਤੇ ਉਹਨਾਂ ਦੀਆਂ ਵੱਖ-ਵੱਖ ਪ੍ਰਕਾਰ ਦੀਆਂ ਸੂਝ-ਬੂਝਾਂ (ਤਰਕੀ, ਦ੍ਰਿਸ਼ ਸੰਬੰਧੀ, ਸੰਗੀਤ ਆਦਿ) ਦੇ ਬਾਰੇ ਵਿੱਚ ਹਾਰਵਰਡ ਗਾਰਡਨਰ ਦਾ ਇੱਕ ਮਨੋਵਿਗਿਆਨਕ ਸਿਧਾਂਤ ਹੈ, ਜਿਸ ਨੂੰ ਉਸ ਨੇ ਸੰਨ 1983 ਵਿੱਚ ਆਪਣੀ ਕਿਤਾਬ ਫ਼ਰੇਮਜ਼ ਆਫ਼ ਮਾਈਂਡ:ਦੀ ਥਿਊਰੀ ਆਫ਼ ਮਲਟੀਪਲ ਇੰਟੈਲੀਜੈਂਸਿਜ਼ (Frames of Mind: The Theory of Multiple Intelligences) ਵਿੱਚ ਪੇਸ਼ ਕੀਤਾ ਸੀ। ਇਸ ਸਿਧਾਂਤ ਰਾਹੀਂ ਬੁੱਧੀ ਦੀ ਧਾਰਨਾ (ਕਾਂਸੈਪਟ) ਨੂੰ ਹੋਰ ਜਿਆਦਾ ਸਫ਼ਾਈ ਨਾਲ ਉਲੀਕਿਆ ਗਿਆ ਹੈ ਅਤੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਬੁੱਧੀ ਨੂੰ ਮਿਣਨ ਲਈ ਪਹਿਲਾਂ ਮੌਜੂਦ ਸਿਧਾਂਤ ਕਿਸ ਹੱਦ ਤੱਕ ਵਿਗਿਆਨਕ ਹਨ।
ਜਾਣ-ਪਛਾਣ[ਸੋਧੋ]
ਗਾਰਡਨਰ ਦੇ ਬਹੁ-ਸੁਘੜਤਾ ਸਿਧਾਂਤ ਦੇ ਅਨੁਸਾਰ ਬੁੱਧੀ ਦੀਆਂ ਰਵਾਇਤੀ ਪਰਿਭਾਸ਼ਾਵਾਂ ਬਹੁਤ ਸੌਖੀਆਂ ਹਨ ਅਤੇ ਇਹ ਮਨੁੱਖ ਵਿੱਚ ਮੌਜੂਦ ਬਹੁ-ਪੱਖੀ ਯੋਗਤਾਵਾਂ ਦੀ ਸਮੁੱਚੀ ਤਰਜਮਾਨੀ ਨਹੀਂ ਕਰਦੀਆਂ। ਉਹਨਾਂ ਦੇ ਅਨੁਸਾਰ, ਉਹ ਬੱਚਾ ਜੋ ਸੌਖ ਨਾਲ ਪਹਾੜਾ ਯਾਦ ਕਰ ਲੈਂਦਾ ਹੈ ਜਰੂਰੀ ਨਹੀਂ ਕਿ ਉਹ ਦੂਜੇ ਬੱਚੇ ਤੋਂ ਵਧੇਰੇ ਭਾਗਸ਼ਾਲੀ ਹੋਵੇ ਜਿਸ ਨੂੰ ਪਹਾੜਾ ਯਾਦ ਕਰਨ ਵਿੱਚ ਔਖਿਆਈ ਆਉਂਦੀ ਹੈ। ਹੋ ਸਕਦਾ ਹੈ ਕਿ ਦੂਜਾ ਬੱਚਾ ਬੁੱਧੀ ਦੇ ਕਿਸੇ ਹੋਰ ਪਹਿਲੂ ਵਿੱਚ ਜਿਆਦਾ ਸੂਝਵਾਨ ਹੋਵੇ। ਅਜਿਹਾ ਵੀ ਸੰਭਵ ਹੈ ਕਿ ਉਹ ਬੱਚਾ ਗੁਣਾਂ ਦੇ ਅਮਲ ਨੂੰ ਬਿਲਕੁਲ ਹੀ ਵੱਖਰੇ ਢ਼ੰਗ ਨਾਲ ਵੇਖਦਾ ਹੋਵੇ ਜਿਸਦੇ ਕਾਰਨ ਉਸ ਦੀ ਵਧੇਰੇ ਹਿਸਾਬੀ ਬੁੱਧੀ ਦਾ ਕਿਸੇ ਨੂੰ ਪਤਾ ਨਾ ਲੱਗ ਰਿਹਾ ਹੋਵੇ। ਗਾਰਡਨਰ ਨੇ ਕਿਸੇ ਵਰਤਾਅ ਨੂੰ ਅਕਲ ਵਜੋਂ ਸਮਝਣ ਲਈ ਸੱਤ ਮਾਪਦੰਡ ਪੇਸ਼ ਕੀਤੇ।[1]