ਸਮੱਗਰੀ 'ਤੇ ਜਾਓ

ਬਹੁ ਪਤੀ ਵਿਆਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਹੁ-ਪਤੀ ਵਿਆਹ ਵਿੱਚ ਇੱਕ ਪਤਨੀ ਦੇ ਇੱਕ ਤੋਂ ਵੱਧ ਪਤੀ ਹੁੰਦੇ ਹਨ। ਇਸ ਤਰ੍ਹਾਂ ਦੇ ਵਿਆਹ ਬਹੁ-ਪਤਨੀ ਵਿਆਹ ਨਾਲੋਂ ਘੱਟ ਪ੍ਰਚਲਿੱਤ ਹਨ ਫਿਰ ਵੀ ਤਿੱਬਤ ਦੇ ਪੋਲੇਨੇਸ਼ੀਆਂ, ਮੱਧ ਭਾਰਤ ਦੇ ਟੋਡਾ ਕਬੀਲੇ ਤੇ ਉੱਤਰੀ ਭਾਰਤ ਦੇ ਕਾਂਗੜਾ, ਚੰਬਾ, ਕੁੱਲੂ ਆਦਿ ਪਹਾੜੀਆਂ ਇਲਾਕਿਆਂ ਵਿੱਚ ਇਸ ਤਰ੍ਹਾਂ ਦੇ ਵਿਆਹ ਹੁੰਦੇ ਹਨ। ਪਰ ਸਭ ਤੋਂ ਵੱਧ ਇਹ ਖ਼ਾਸ ਤੇ ਟੋਡਾ ਕਬੀਲਿਆਂ ਵਿੱਚ ਪ੍ਰਚਲਿੱਤ ਹਨ। ਪੰਜਾਬ ਵਿੱਚ ਇਸ ਤਰ੍ਹਾਂ ਦੇ ਵਿਆਹ ਰਸਮੀ ਤੌਰ `ਤੇ ਭਾਵੇਂ ਨਹੀਂ ਪਰ ਗੈਰ-ਰਸਮੀ ਤੌਰ `ਤੇ ਪ੍ਰਚਲਿੱਤ ਹਨ। ਪੰਜਾਬ ਵਿੱਚ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇੱਕ ਲੜਕੇ ਨੂੰ ਵਿਆਹ ਲੈਣ ਨਾਲ ਸਾਰੇ ਵਿਆਹੇ ਜਾਂਦੇ ਸਨ। ਪੰਜਾਬ ਵਿੱਚ ਬਹੁ-ਪਤੀ ਵਿਆਹ ਛਪੇ ਰੂਪ ਵਿੱਚ ਦੋ ਕਾਰਨਾਂ ਕਰ ਕੇ ਚਲਦੇ ਹਨ। ਪਹਿਲਾ ਇਹ ਕਿ ਇੱਥੇ ਮਰਦਾਂ ਦੇ ਮੁਕਾਬਲੇ ਔਰਤਾਂ ਦਾ ਅਨੁਪਾਤ ਘੱਟ ਹੈ। ਦੂਸਰਾ ਕਈ ਪਰਿਵਾਰਾਂ ਵਿੱਚ ਜ਼ਮੀਨ ਦੇ ਬਟਵਾਰੇ ਨੂੰ ਰੋਕਣ ਦੇ ਲਾਲਚ ਵਿੱਚ ਪਤੀ ਦੇ ਭਰਾ ਨੂੰ ਵਿਆਹ ਨਹੀਂ ਕਰਵਾਉਣ ਦਿੰਦੇ ਜਾਂ ਫਿਰ ਉਸ ਦੇ ਵਿਆਹ ਨੂੰ ਅੜਿੱਕੇ ਡਾਹ ਕੇ ਰੋਕ ਦਿੱਤਾ ਜਾਂਦਾ ਹੈ। ਮਹਾਂਭਾਰਤ ਵਿੱਚ ਦਰੋਪਤੀ ਵੱਲੋਂ ਪੰਜਾਂ ਪਾਂਡਵਾਂ ਨਾਲ ਕਰਵਾਇਆ ਵਿਆਹ ਵੀ ਬਹੁ-ਪਤਨੀ ਦੀ ਇੱਕ ਉਦਾਹਰਨ ਹੈ। ਬਹੁ-ਪਤੀ ਵਿਆਹ ਦੀਆਂ ਅੱਗੋ ਦੋ ਕਿਸਮਾਂ ਹਨ। (ੳ) ਭਰਾਤਰੀ ਵਿਆਹ (ਅ) ਅਭਰਾਤਰੀ ਵਿਆਹ।

ਭਰਾਤਰੀ ਵਿਆਹ

[ਸੋਧੋ]

ਇਸ ਕਿਸਮ ਦੇ ਵਿਆਹ ਵਿੱਚ ਪਤਨੀ ਦੇ ਸਾਰੇ ਪਤੀ ਭਰਾ ਹੁੰਦੇ ਹਨ, ਜਿਵੇਂ ਮਹਾਂਭਾਰਤ ਦੇ ਪਾਂਡਵ। ਫਿਰ ਵੀ ਜੇਕਰ ਗਿਣਤੀ ਘੱਟ ਹੋਵੇ ਤਾਂ ਪਤੀ ਦੇ ਗੋਤ / ਰਿਸ਼ਤੇਦਾਰੀ `ਚੋਂ ਹੋਰ ਲੜਕਿਆ ਨੂੰ ਸ਼ਾਮਿਲ ਕਰ ਲਿਆ ਜਾਂਦਾ ਹੈ। ਭਰਾਤਰੀ ਵਿਆਹ ਵਿੱਚ ਵੱਡਾ ਭਰਾ ਵਿਆਹ ਕਰਵਾਉਂਦਾ ਹੈ ਪਰ ਪਤਨੀ ਸਾਰੇ ਭਰਾਵਾਂ ਦੀ ਸਾਂਝੀ ਹੁੰਦੀ ਹੈ। ਪਤਨੀ ਤੋਂ ਪੈਦਾ ਹੋਈ ਔਲਾਦ ਵੱਡੇ ਭਰਾ ਦੀ ਹੀ ਮੰਨੀ ਜਾਂਦੀ ਹੈ। ਜਾਇਦਾਦ ਦਾ ਵਾਰਸ ਵੀ ਵੱਡਾ ਲੜਕਾ ਹੀ ਬਣਦਾ ਹੈ। ਬਹੁ-ਪਤੀ ਵਿਆਹ ਵਿੱਚੋਂ ਇਹ ਕਿਸਮ ਜ਼ਿਆਦਾ ਪ੍ਰਚਲਿੱਤ ਹੈ।

ਅਭਰਾਤਰੀ ਵਿਆਹ

[ਸੋਧੋ]

ਇਸ ਕਿਸਮ ਦੇ ਵਿਆਹ ਵਿੱਚ ਪਤਨੀ ਦੇ ਪਤੀ ਸਕੇ ਭਰਾ ਨਹੀਂ ਹੁੰਦੇ ਤੇ ਨਾਂ ਹੀ ਸਾਰੇ ਪਤੀ ਇੱਕੋ ਥਾਂ ਤੇ ਰਹਿੰਦੇ ਹਨ। ਪਤਨੀ ਇੱਕ ਪਤੀ ਕੋਲ ਨਿਸ਼ਚਿਤ ਸਮੇਂ ਲਈ ਠਹਿਰਦੀ ਹੈ। ਇਸ ਤੋਂ ਪਿੱਛੋਂ ਦੂਸਰੇ ਪਤੀ ਕੋਲ ਫ਼ਿਰ ਤੀਸਰੇ ਆਦਿ ਕੋਲ। ਜਦੋਂ ਪਤਨੀ ਇੱਕ ਪਤੀ ਕੋਲ ਜਾ ਕੇ ਰਹਿੰਦੀ ਹੈ ਤਾਂ ਉਸ ਦਾ ਦੂਸਰੇ ਪਤੀਆਂ ਨਾਲ ਸੰਪਰਕ ਨਹੀਂ ਹੁੰਦਾ। ਇਸ ਕਿਸਮ ਦੇ ਵਿਆਹ ਦੀ ਸਭ ਤੋਂ ਪ੍ਰਮੁੱਖ ਸਮੱਸਿਆ ਇਹ ਹੈ ਕਿ ਇੱਥੇ ਇਹ ਨਿਸ਼ਚਿਤ ਕਰਨਾ ਮੁਸ਼ਕਿਲ ਹੁੰਦਾ ਹੈ ਕਿ ਔਲਾਦ ਕਿਸ ਪਤੀ ਦੀ ਮੰਨੀ ਜਾਵੇ। ਇਸ ਸੰਬੰਧ ਵਿੱਚ ਕਬੀਲਿਆਂ ਨੇ ਕੁੱਝ ਨਿਯਮ ਬਣਾਏ ਹਨ ਜਿਵੇਂ ਗਰਭਪਤੀ ਔਰਤ ਨੂੰ ਜਿਹੜਾ ਪਤੀ ਕੋਈ ਖਾਸ ਫਲ / ਫੁੱਲ ਭੇਟ ਕਰੇ ਤਾਂ ਪੈਦਾ ਹੋਣਾ ਵਾਲਾ ਬੱਚਾ ਉਸ ਦਾ ਮੰਨਿਆ ਜਾਂਦਾ ਹੈ। ਜਾਂ ਫਿਰ ਪਤੀ ਨੰਬਰ ਅਨੁਸਾਰ ਫੈਸਲਾ ਕਰਦੇ ਹਨ।

ਬਹੁ-ਪਤੀ ਵਿਆਹ ਦੇ ਕਾਰਨ

[ਸੋਧੋ]

ਬਹੁ-ਪਤੀ ਵਿਆਹ ਅਜਿਹੇ ਸਮਾਜਾਂ ਵਿੱਚ ਮਿਲਦੇ ਹਨ, ਜਿੱਥੇ ਮਰਦਾਂ ਨਾਲੋਂ ਔਰਤਾਂ ਦੀ ਗਿਣਤੀ ਕਾਫ਼ੀ ਘੱਟ ਹੋਵੇ। ਟੋਡਾ ਇਲਾਕੇ ਵਿੱਚ ਇਹ ਵਿਆਹ ਇਸ ਕਰ ਕੇ ਪ੍ਰਚਲਿੱਤ ਹੋਏ ਕਿਉਂਕਿ ਉੱਥੇ ਪਹਿਲਾਂ ਲੜਕੀ ਨੂੰ ਜਿਉਂਦੇ ਮਾਰ ਦੇਣ ਦਾ ਰਿਵਾਜ਼ ਸੀ। ਸੋ ਇਹ ਸੰਭਵ ਹੈ ਜਦੋਂ ਔਰਤਾਂ ਘੱਟ ਹੋਣਗੀਆਂ ਤਾਂ ਮਰਦਾਂ ਦੇ ਮੇਲ ਲਈ ਅਜਿਹੇ ਵਿਆਹ ਪ੍ਰਚਲਿੱਤ ਹੋਏ ਹੋਣ। ਕਈ ਕਬੀਲਿਆਂ ਵਿੱਚ ਵਿਆਹ ਦੇ ਮੌਕੇ ਕੁੜੀ ਦਾ ਮੁੱਲ ਬਹੁਤ ਜ਼ਿਆਦਾ ਹੈ। ਗਰੀਬੀ ਹੋਣ ਕਰ ਕੇ ਇੱਕਲਾ ਵਿਅਕਤੀ ਪਤਨੀ ਨੂੰ ਖ਼ਰੀਦ ਨਹੀਂ ਸਕਦਾ। ਜਿਹੜੇ ਵਿਅਕਤੀ ਇੱਕਲੇ ਤੌਰ `ਤੇ ਪੈਸੇ ਨਹੀਂ ਦੇ ਸਕਦੇ ਉਹ ਇੱਕਠੇ ਹੋ ਕੇ ਇੱਕ ਪਤਨੀ ਖ਼ਰੀਦ ਲੈਂਦੇ ਹਨ। ਜਾਇਦਾਦ ਦੀ ਵੰਡ ਨੂੰ ਰੋਕਣ ਲਈ ਇਹ ਵਿਆਹ ਕੀਤੇ ਜਾਂਦੇ ਹਨ। ਪੰਜਾਬ ਵਿੱਚ ਗੈਰ ਰਸਮੀ ਬਹੁ-ਪਤੀ ਵਿਆਹ ਦੀ ਪ੍ਰਥਾ ਦੇ ਪ੍ਰਚੱਲਿਤ ਹੋਣ ਲਈ ਇਹ ਪ੍ਰਮੁੱਖ ਕਾਰਨ ਸੀ। ਜ਼ਮੀਨ ਦੀ ਵੰਡ ਨੂੰ ਰੋਕਣ ਲਈ ਘਰ ਦੇ ਇੱਕ ਜਾਂ ਦੋ ਮਰਦ ਮੈਂਬਰ ਬਿਨਾ ਵਿਆਹੇ ਰੱਖ ਲਏ ਜਾਂਦੇ ਸਨ। ਕਈ ਪਹਾੜੀ ਇਲਾਕਿਆਂ ਵਿੱਚ ਇਸ ਤਰ੍ਹਾਂ ਦੇ ਵਿਆਹ ਪਤਨੀ ਦੀ ਸੁਰੱਖਿਆ ਦੇ ਨਤੀਜੇ ਵਜੋਂ ਪੈਦਾ ਹੋਏ। ਘਰ ਦੇ ਮਰਦ ਮੈਂਬਰਾਂ ਨੂੰ ਕਮਾਈ ਲਈ ਬਾਹਰ ਜਾਣਾ ਪੈਂਦਾ ਸੀ ਤੇ ਘਰ ਵਿੱਚ ਪਤਨੀ ਦੀ ਸੁਰੱਖਿਆ ਲਈ ਵੀ ਕਿਸੇ ਮਰਦ ਦੀ ਜ਼ਰੂਰਤ ਪੈਂਦੀ ਸੀ। ਲੜਕੀਆਂ ਦੀ ਘਾਟ ਕਰ ਕੇ ਜ਼ੋਰ ਨਾਲ ਲੜਕੀਆਂ ਖੋਹੀਆਂ ਜਾਂ ਚੋਰੀ ਕੀਤੀਆਂ ਜਾਂਦੀਆਂ ਸਨ।

ਬਹੁ-ਪਤੀ ਵਿਆਹ ਦੇ ਕਾਰਜ

[ਸੋਧੋ]

ਬਹੁ-ਪਤੀ ਵਿਆਹ ਦਾ ਮੁੱਖ ਕਾਰਜ ਪਰਿਵਾਰ ਦੀ ਜ਼ਮੀਨ / ਜਾਇਦਾਦ ਨੂੰ ਵੰਡਣ ਤੋਂ ਰੋਕਣਾ ਹੈ। ਜਦੋਂ ਸਾਰੇ ਭਰਾ ਇੱਕਠੇ ਰਹਿਣਗੇ ਤਾਂ ਉਹਨਾਂ ਦੀ ਕਮਾਈ ਵੀ ਇੱਕ ਥਾਂ `ਤੇ ਰਹੇਗੀ। ਇਸ ਵਿਆਹ ਦਾ ਇਹ ਫ਼ਾਇਦਾ ਸੀ ਕਿ ਵਿਆਹ ਉੱਪਰ ਖ਼ਰਚ ਘੱਟ ਹੁੰਦਾ ਸੀ। ਜਿਸ ਤੋਂ ਉਲਟ ਜੇਕਰ ਸਾਰੇ ਮਰਦ ਮੈਂਬਰ ਵਿਆਹੇ ਜਾਣ ਤਾਂ ਵਿਆਹਾਂ ਦੇ ਖਰਚ ਤੋਂ ਇਲਾਵਾ ਵੱਖਰੇ ਪਰਿਵਾਰ ਵੀ ਹੋਂਦ ਵਿੱਚ ਆਉਣ ਦੀ ਸੰਭਾਵਨਾ ਹੁੰਦੀ ਹੈ। ਬਹੁ-ਪਤੀ ਵਿਆਹ ਵਿੱਚ ਪਰਿਵਾਰ ਦਾ ਆਰਥਿਕ ਪੱਧਰ ਉੱਚਾ ਹੁੰਦਾ ਹੈ। ਕਿਉਂਕਿ ਪਰਿਵਾਰ ਦੇ ਸਾਰੇ ਕਮਾਉ ਮੈਂਬਰਾਂ ਦੀ ਕਮਾਈ ਇੱਕੋ ਥਾਂ `ਤੇ ਰਹਿੰਦੀ ਹੈ। ਇਸ ਕਰ ਕੇ ਕਮਾਈ ਦੇ ਸਹਾਰੇ ਆਪਣਾ ਚੰਗਾ ਜੀਵਨ ਬਤੀਤ ਕਰ ਸਕਦੇ ਹਨ। ਇਸ ਤਰ੍ਹਾਂ ਦੇ ਵਿਆਹ ਨਾਲ ਬੱਚਿਆਂ ਦੀ ਸਹੀ ਦੇਖਭਾਲ ਵੀ ਹੋ ਸਕਦੀ ਹੈ। ਸਾਰੇ ਭਰਾ ਬੱਚਿਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਇੱਕ ਤਰ੍ਹਾਂ ਦੇ ਪਰਿਵਾਰ ਵਿੱਚ ਔਰਤਾਂ ਦੀ ਆਪਸੀ ਲੜਾਈ ਨਾ ਹੋਣ ਕਰ ਕੇ ਸ਼ਾਂਤੀ ਦਾ ਮਾਹੌਲ ਹੁੰਦਾ ਹੈ। ਸਾਰੇ ਬੱਚਿਆਂ ਨਾਲ ਇੱਕ ਮਾਂ ਦੀ ਮਮਤਾ ਜੁੜੀ ਹੁੰਦੀ ਹੈ। ਬਹੁ-ਪਤੀ ਵਿਆਹ ਬਹੁ-ਪਤਨੀ ਵਿਆਹ ਦੇ ਮੁਕਾਬਲੇ ਜਨ-ਸੰਖਿਆ ਨੂੰ ਸੀਮਿਤ ਰੱਖਣ ਵਿੱਚ ਵੀ ਆਪਣਾ ਯੋਗਦਾਨ ਪਾਉਂਦਾ ਹੈ। ਇਸ ਤਰ੍ਹਾਂ ਦੇ ਵਿਆਹ ਵਿੱਚ ਇੱਕੋ ਪਤਨੀ ਹੋਣ ਕਰ ਕੇ ਬੱਚੇ ਘੱਟ ਹੁੰਦੇ ਹਨ। ਸਹਾਇਕ ਪੁਸਤਕਾਂ ‘ਭਾਰਤੀ ਸਮਾਜ ਦੇ ਮੂਲ ਅਧਾਰ`, ਡਾ. ਗੁਰਮੀਤ ਸਿੰਘ ਸਿੱਧੂ, ਅਦਬ ਪ੍ਰਕਾਸ਼ਨ, ਪਟਿਆਲਾ। ‘ਸਮਾਜ ਵਿਗਿਆਨ`, ਸਚਦੇਵਾ ਗੁਪਤਾ