ਸਮੱਗਰੀ 'ਤੇ ਜਾਓ

ਬਾਂਦਰ ਦਾ ਤਮਾਸ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਾਂਦਰ ਇਕ ਪ੍ਰਸਿੱਧ ਜਾਨਵਰ ਹੈ ਜੋ ਰੁੱਖਾਂ ਉਪਰ ਰਹਿੰਦਾ ਹੈ। ਮਦਾਰੀ ਬਾਂਦਰ, ਬਾਂਦਰੀ ਨੂੰ ਫੜ ਲੈਂਦੇ ਹਨ ਤੇ ਆਪਣੀ ਰੋਟੀ-ਰੋਜ਼ੀ ਕਮਾਉਣ ਲਈ ਉਨ੍ਹਾਂ ਨੂੰ ਭਾਂਤ-ਭਾਂਤ ਦੇ ਨਾਚ ਤੇ ਤਮਾਸ਼ੇ ਦੇ ਕਰਤਬ ਸਿਖਾ ਲੈਂਦੇ ਹਨ। ਬਾਂਦਰੀ ਦੇ ਘੁੰਗਰੂ ਬੰਨ੍ਹੇ ਹੁੰਦੇ ਹਨ। ਬਾਂਦਰ ਦਾ ਤਮਾਸ਼ਾ ਜ਼ਿਆਦਾ ਬੱਚੇ ਵੇਖਦੇ ਹਨ। ਮਦਾਰੀ ਡੌਰੂ ਵਜਾ ਕੇ ਆਪਣੇ ਆਲੇ-ਦੁਆਲੇ ਘੇਰੇ ਵਿਚ ਬੱਚੇ ਇਕੱਠੇ ਕਰ ਲੈਂਦਾ ਹੈ। ਮਦਾਰੀ ਕੋਲ ਇਕ ਸੋਟੀ ਹੁੰਦੀ ਹੈ। ਬਾਂਦਰ, ਬਾਂਦਰੀ ਦੇ ਗਲਾਂ ਵਿਚ ਰੱਸੀ ਪਾਈ ਹੁੰਦੀ ਹੈ। ਰੱਸੀ ਮਦਾਰੀ ਦੇ ਹੱਥ ਵਿਚ ਫੜੀ ਹੁੰਦੀ ਹੈ।

ਮਦਾਰੀ ਡੌਰੂ ਵਜਾਈ ਜਾਂਦਾ ਹੈ। ਕਦੇ ਬਾਂਦਰੀ ਨੂੰ ਵਹੁਟੀ ਬਣਾ ਕੇ ਸਹੁਰੀਂ ਤੋਰ ਦਿੰਦਾ ਹੈ। ਕਦੇ ਬਾਂਦਰ ਨੂੰ ਬਾਂਦਰੀ ਨਾਲ ਲੜਾਉਂਦਾ ਹੈ। ਕਦੇ ਬਾਂਦਰ, ਬਾਂਦਰੀ ਨੂੰ ਮਨਾਉਂਦਾ ਹੈ। ਕਦੇ ਬਾਂਦਰ ਨੂੰ ਸੋਟੀ ਫੜਾ ਕੇ ਸਹੁਰੀ ਤੋਰ ਦਿੰਦਾ ਹੈ। ਕਦੇ ਬਾਂਦਰ, ਬਾਂਦਰੀ ਦੋਵਾਂ ਤੋਂ ਨਾਚ ਕਰਵਾਉਂਦਾ ਹੈ। ਸਾਰੇ ਕਰਤਬ ਦਿਖਾਉਣ ਤੋਂ ਪਿਛੋਂ ਮਦਾਰੀ ਇਕ ਚਾਦਰ ਧਰਤੀ ਉਪਰ ਵਿਛਾ ਦਿੰਦਾ ਹੈ ਤੇ ਬੱਚਿਆਂ ਨੂੰ ਆਪਣੇ ਆਪਣੇ ਘਰੋਂ ਪੈਸੇ, ਆਟਾ, ਗੁੜ, ਦਾਣੇ ਆਦਿ ਲਿਆਉਣ ਲਈ ਕਹਿੰਦਾ ਹੈ। ਬੱਚੇ ਘਰਾਂ ਤੋਂ ਪੈਸੇ, ਆਟਾ, ਗੁੜ, ਦਾਣੇ ਆਦਿ ਲਿਆ ਕੇ ਚਾਦਰ ਉਪਰ ਰੱਖੀ ਜਾਂਦੇ ਹਨ। ਕਈ ਬੱਚੇ ਬਾਂਦਰ, ਬਾਂਦਰੀ ਦੇ ਖਾਣ ਲਈ ਵੀ ਕੋਈ ਵਸਤ ਲੈ ਆਉਂਦੇ ਹਨ। ਮਦਾਰੀ ਸਾਰੀਆਂ ਵਸਤਾਂ ਇਕੱਠੀਆਂ ਕਰ ਕੇ, ਬਾਂਦਰ, ਬਾਂਦਰੀ ਦੀਆਂ ਰੱਸੀਆਂ ਫੜ ਕੇ ਹੋਰ ਥਾਂ ਤਮਾਸ਼ਾ ਦਿਖਾਉਣ ਲਈ ਚਲਿਆ ਜਾਂਦਾ ਹੈ।ਜਿਥੇ ਪਹਿਲਾਂ ਬਾਂਦਰ ਨਾਲ ਤਮਾਸ਼ਾ ਦਿਖਾ ਕੇ ਮਦਾਰੀ ਆਪਣੇ ਪਰਿਵਾਰ ਦੀ ਰੋਟੀ ਕਮਾ ਲੈਂਦੇ ਸਨ, ਉਥੇ ਹੁਣ ਬਹੁਤ ਘੱਟ ਮਦਾਰੀ ਇਸ ਕਿੱਤੇ ਵਿਚ ਰਹਿ ਗਏ ਹਨ। ਹੁਣ ਸਾਰੇ ਬੱਚੇ ਪੜ੍ਹਦੇ ਹਨ। ਬੱਚਿਆਂ ਕੋਲ ਸਮਾਂ ਵੀ ਘੱਟ ਹੈ ਤੇ ਤਮਾਸ਼ੇ ਵੇਖਣ ਦੀ ਰੁਚੀ ਵੀ ਪਹਿਲੇ ਦੇ ਮੁਕਾਬਲੇ ਘੱਟ ਹੈ।[1][2]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. ਸਾਂਝ, ਸਫ਼ਰ (2016-07-11). "ਸਫ਼ਰ ਸਾਂਝ : ਤਮਾਸ਼ਾ (ਹਾਇਬਨ)". ਸਫ਼ਰ ਸਾਂਝ. Retrieved 2024-03-31.

ਬਾਹਰੀ ਲਿੰਕ

[ਸੋਧੋ]
  • ਬਾਂਦਰ ਦਾ ਤਮਾਸ਼ਾ ਯੂਟਿਊਬ ਉੱਤੇ- [1]