ਬਾਥੂ ਮੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਾਥੂ ਮੰਦਰ, ਜਿਸ ਨੂੰ ਸਥਾਨਕ ਲੋਕ 'ਬਾਥੂ ਦੀ ਗੜ੍ਹੀ'[1] ਅਤੇ 'ਬਾਥੂ ਦੀ ਲੜੀ' ਨਾਵਾਂ ਨਾਲ ਜਾਣਦੇ ਹਨ।

ਭਵਨ ਨਿਰਮਾਣ[ਸੋਧੋ]

ਅੱਠਵੀਂ ਸਦੀ ਵਿੱਚ ਕਾਂਗੜੇ[2] ਦੇ ਰਾਜੇ ਵੱਲੋਂ ਬਣਾਈਆਂ ਅਨੇਕਾਂ ਚੌਂਕੀਆਂ ਤੇ ਗੜ੍ਹੀਆਂ ਵਿਚੋਂ ਬਾਥੂ ਹੀ ਹਾਲੇ ਤੱਕ ਕਾਇਮ ਹੈ। ਇਸ ਦੀ ਵਿਉਂਤਬੰਦੀ ਅਤੇ ਮਜ਼ਬੂਤੀ ਆਪਣੇ-ਆਪ ਵਿੱਚ ਉਸ ਵੇਲੇ ਦੀ ਭਵਨ ਨਿਰਮਾਣ ਕਲਾ ਦਾ ਨਮੂਨਾ ਹੈ। ਮੰਦਰ ਕੋਲੋਂ ਕਦੇ ਬਿਆਸ ਦਰਿਆ ਲੰਘਦਾ ਸੀ ਅਤੇ ਇਸ ਦੇ ਮੁੱਖ ਦੁਆਰ ਦੇ ਸਾਹਮਣੇ ਇੱਕ ਪੌੜੀਦਾਰ ਖੂਹ ਜਾਂ ਬਾਉਲੀ ਬਣਾਈ ਗਈ ਸੀ, ਜਿਸ ਦੀਆਂ ਅੰਦਰੂਨੀ ਕੰਧਾਂ ਉੱਤੇ ਸ਼ਾਨਦਾਰ ਨੱਕਾਸ਼ੀ ਕੀਤੀ ਗਈ, ਜਿਸ ਰਾਹੀਂ ਪੌਰਾਣਿਕ ਕਥਾਵਾਂ ਨੂੰ ਬੜੀ ਸ਼ਿੱਦਤ ਨਾਲ ਦਰਸਾਇਆ ਗਿਆ ਹੈ। ਇਸ ਦੇ ਲਹਿੰਦੇ ਪਾਸੇ ਦੋ ਪ੍ਰਵੇਸ਼ ਦੁਆਰ ਹਨ ਅਤੇ ਦੂਹਰੀ ਚਾਰਦੀਵਾਰੀ ਕੀਤੀ ਗਈ ਸੀ ਅਤੇ ਉੱਤਰ-ਪੂਰਬੀ ਕੋਨੇ ਵਿੱਚ ਕਰੀਬ 75 ਫੁੱਟ ਉੱਚਾ ਚੌਕਸੀ ਮੀਨਾਰ ਬਣਾਇਆ ਗਿਆ ਸੀ। ਜਿਥੇ ਇਸ ਗੜ੍ਹੀ ਦੀਆਂ ਜ਼ਿਆਦਾਤਰ ਇਮਾਰਤਾਂ ਹੁਣ ਖੰਡਰ ਬਣ ਚੁੱਕੀਆਂ ਹਨ ਅਤੇ ਹਰ ਸਾਲ ਨਸ਼ਟ ਹੋ ਰਹੀਆਂ ਹਨ, ਉੱਥੇ ਮੁੱਖ ਮੰਦਰ ਅਤੇ ਲਹਿੰਦੇ ਪਾਸੇ ਸਥਿਤ 6 ਮੰਦਰ ਤੇ ਮੀਨਾਰ ਹਾਲੇ ਵੀ ਕਾਫ਼ੀ ਮਜ਼ਬੂਤ ਹਨ।

ਦੰਦ ਕਥਾਵਾਂ[ਸੋਧੋ]

  • ਮੰਦਰ ਬਾਰੇ ਪ੍ਰਚੱਲਿਤ ਦੰਦ ਕਥਾਵਾਂ ਅਨੁਸਾਰ ਇਹ ਮੀਨਾਰ ਅਸਲ ਵਿੱਚ ਪਾਂਡਵਾਂ ਨੇ ਸਵਰਗ ਤੱਕ ਪੌੜੀਆਂ ਲਾਉਣ ਲਈ ਬਣਾਇਆ ਸੀ। ਇਸ ਵਿਚਲੇ ਮੰਦਰਾਂ ਦੀ ਲੜੀ ਵਿੱਚ ਪੰਜ ਪਾਂਡਵਾਂ ਅਤੇ ਮਾਤਾ ਕੁੰਤੀ ਦੇ ਮੰਦਰ ਸ਼ਾਮਿਲ ਹਨ। ਮੁੱਖ ਮੰਦਰ ਸ੍ਰੀ ਕ੍ਰਿਸ਼ਨ ਜੀ ਨਾਲ ਸਬੰਧਤ ਹੈ।
  • ਇਸ ਮੰਦਰ ਵਿੱਚ ਧੰਨਾ ਭਗਤ ਵੱਲੋਂ ਉਗਾਈ ਕਣਕ ਵਿਚੋਂ ਇੱਕ ਦਾਣਾ ਰੱਖਿਆ ਗਿਆ, ਜਿਸ ਦੀ ਬਕਾਇਦਾ ਪੂਜਾ ਕੀਤੀ ਜਾਂਦੀ ਸੀ। ਮੰਦਰ ਦੇ ਉਜੜਨ ਮਗਰੋਂ ਇਸ ਦਾਣੇ ਨੂੰ ਪੁਜਾਰੀ ਆਪਣੇ ਨਾਲ ਮੁਕੇਰੀਆਂ ਨੇੜੇ ਪੰਡੋਰੀ ਮਹੰਤਾਂ ਦੀ ਲੈ ਗਏ। ਉੱਥੇ ਇਹ ਅਜੇ ਵੀ ਸੁਰੱਖਿਅਤ ਰੱਖਿਆ ਗਿਆ ਹੈ।

ਪਾਣੀ 'ਚ ਮੰਦਰ ਦਾ ਡੁਬਣਾ[ਸੋਧੋ]

ਕਾਂਗੜਾ ਘਾਟੀ ਵਿਚੋਂ ਸਦੀਆਂ ਤੋਂ ਆਪਣੀ ਰਵਾਨੀ ਨਾਲ ਵਹਿੰਦੇ ਦਰਿਆ ਬਿਆਸ ਉੱਪਰ ਜਦੋਂ ਤਲਵਾੜਾ ਤੋਂ ਕਰੀਬ 8 ਕਿਲੋਮੀਟਰ ਦੂਰ ਪੌਂਗ ਨਾਮਕ ਸਥਾਨ ਉੱਤੇ ਬੰਨ੍ਹ ਬਣਾਉਣ ਦੀ ਯੋਜਨਾ ਉਲੀਕੀ ਗਈ ਤਾਂ ਭਵਿੱਖ ਵਿੱਚ ਬਣਨ ਵਾਲੀ ਕਰੀਬ 60 ਕਿਲੋਮੀਟਰ ਲੰਮੀ ਮਹਾਰਾਣਾ ਪ੍ਰਤਾਪ ਸਾਗਰ ਝੀਲ ਦੀ ਮਾਰ ਹੇਠ ਆਏ ਲੋਕਾਂ ਨੇ ਆਪਣੀਆਂ ਨਜ਼ਰਾਂ ਸਾਹਮਣੇ ਆਪਣੇ ਘਰਾਂ, ਖੇਤਾਂ ਤੇ ਮੰਦਰਾਂ ਨੂੰ ਹੌਲੀ-ਹੌਲੀ ਜਲ ਮਗਨ ਹੁੰਦਿਆਂ ਵੇਖਿਆ। ਇਹ ਮੰਦਰ ਹਰ ਸਾਲ ਪਾਣੀ ਵਿੱਚ ਡੁੱਬਦਾ ਹੈ ਅਤੇ ਦਸੰਬਰ ਤੱਕ ਪਾਣੀ ਦਾ ਪੱਧਰ ਘਟਣ ਨਾਲ ਮੁੜ ਬਾਹਰ ਆ ਜਾਂਦਾ ਹੈ। ਮੰਦਰ ਦੇ ਬੁਰਜ ਉੱਤੇ ਖਲੋ ਕੇ ਇਸ ਖ਼ੂਬਸੂਰਤ ਵਾਦੀ ਦਾ ਮਨਮੋਹਕ ਨਜ਼ਾਰਾ ਵੇਖਿਆ ਜਾ ਸਕਦਾ ਹੈ। ਇੱਥੇ ਘੁੰਮਣ ਲਈ ਦਸੰਬਰ ਤੋਂ ਫ਼ਰਵਰੀ ਤੱਕ ਦਾ ਮੌਸਮ ਬੇਹੱਦ ਸੁਹਾਵਣਾ ਹੁੰਦਾ ਹੈ। ਇਸ ਦੌਰਾਨ ਇਹ ਝੀਲ ਪ੍ਰਵਾਸੀ ਪੰਛੀਆਂ ਦਾ ਰੈਣ ਬਸੇਰਾ ਬਣੀ ਹੁੰਦੀ ਹੈ ਅਤੇ ਸਾਰਾ ਚੌਗਿਰਦਾ ਸਵਰਗ ਦੇ ਹਾਣ ਦਾ ਬਣਿਆ ਜਾਪਦਾ ਹੈ। ਅਤੀਤ ਅਤੇ ਵਰਤਮਾਨ ਦੇ ਦਿਸਹੱਦੇ ਉੱਤੇ ਖਲੋਤਾ ਇਹ ਮੰਦਿਰ ਆਪਣੇ ਰਚਣਹਾਰਿਆਂ ਦੀ ਬੇਮਿਸਾਲ ਕਾਰੀਗਰੀ ਦਾ ਖਾਮੋਸ਼ ਗਵਾਹ ਹੈ।