ਬਾਸਮਤੀ ਦੀ ਮਹਿਕ
"ਬਾਸਮਤੀ ਦੀ ਮਹਿਕ" | |
---|---|
ਲੇਖਕ ਨਵਤੇਜ ਸਿੰਘ ਪ੍ਰੀਤਲੜੀ | |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਪ੍ਰਕਾਸ਼ਨ ਕਿਸਮ | ਪ੍ਰਿੰਟ |
ਬਾਸਮਤੀ ਦੀ ਮਹਿਕ ਨਵਤੇਜ ਸਿੰਘ ਪ੍ਰੀਤਲੜੀ ਦੀ ਪੰਜਾਬੀ ਕਹਾਣੀ ਹੈ[1] ਜੋ ਇਸੇ ਨਾਮ ਦੇ ਕਹਾਣੀ ਸੰਗ੍ਰਹਿ ਵਿੱਚ ਸ਼ਾਮਲ ਹੈ।[2]
ਕਹਾਣੀ ਦਾ ਸਾਰ
[ਸੋਧੋ]ਸੰਤਾਲੀ ਵਿੱਚ ਪੰਜਾਬ ਦੀ ਵੰਡ ਹੋ ਚੁੱਕੀ ਸੀ। ਰਣਧੀਰ ਨੇ ਅੰਮ੍ਰਿਤਸਰ ਤੋਂ ਦਿੱਲੀ ਆਪਣੇ ਘਰ ਜਾਣਾ ਸੀ। ਗੱਡੀਆਂ ਬੰਦ ਸਨ। ਉਹ ਆਪਣੇ ਦੋਸਤ ਬਲਬੀਰ ਨਾਲ ਉਹਦੇ ਮੋਟਰਸਾਈਕਲ ਉਤੇ ਹੀ ਜਲੰਧਰ ਵੱਲ ਤੁਰ ਪਿਆ। ਬਲਬੀਰ ਨੇ ਵੀ ਦਿੱਲੀ ਜਾਣਾ ਸੀ। ਅੰਮ੍ਰਿਤਸਰੋਂ ਜਲੰਧਰ ਦਾ ਰਾਹ ਹੱਲਿਆਂ ਕਾਰਨ ਖ਼ੂਨ ਖ਼ਰਾਬੇ ਭਰੇ ਦ੍ਰਿਸ਼ਾਂ ਨਾਲ਼ ਭਰੇ ਹੋਏ ਸਨ। ਰਣਧੀਰ ਤੇ ਬਲਬੀਰ ਛੇ ਘੰਟਿਆਂ ਵਿਚ ਜਲੰਧਰ ਸ਼ਹਿਰ ਪੁੱਜੇ। ਬਲਬੀਰ ਨੇ ਛਾਉਣੀ ਆਪਣੇ ਵਾਕਫ਼ ਮੇਜਰ ਨੂੰ ਫੋਨ ਕੀਤਾ ਤਾਂ ਮੇਜਰ ਨੇ ਦੱਸਿਆ ਕਿ ਸਬੱਬ ਨਾਲ ਕੱਲ੍ਹ ਸਵੇਰ ਸਾਰ ਚਾਰ ਵਜੇ ਦਿੱਲੀ ਜਾਣ ਵਾਲੀ ਟਰੱਕ ਵਿਚ ਦੋ ਜਣਿਆਂ ਦੀ ਥਾਂ ਹੈ ਸੀ। ਉਹਨੇ ਬਲਬੀਰ ਨੂੰ ਦੋਸਤ ਸਣੇ ਰਾਤ ਰਹਿਣ ਲਈ ਬੁਲਾ ਲਿਆ। ਅਰਦਲੀ ਨੂੰ ਮੋਟਰਸਾਈਕਲ ਸੰਭਾਲ ਕੇ ਉਨ੍ਹਾਂ ਨੂੰ ਆਪਣੇ ਡਰਾਇੰਗ ਰੂਮ ਵਿਚ ਲੈ ਗਿਆ। ਅੰਦਰ ਮੇਜਰ ਦੇ ਦੋਸਤ ਸ਼ਰਾਬ ਪੀ ਰਹੇ ਸਨ। ਮੇਜਰ ਨੇ ਆਪਣੀ ਪਤਨੀ ਸੁਖਵੰਤ ਨਾਲ਼ ਉਨ੍ਹਾਂ ਦੀ ਜਾਣ-ਪਛਾਣ ਕਰਾਈ। ਕੁਝ ਰਸਮੀ ਗੱਲਾਂ ਪਿੱਛੋਂ ਮੇਜਰ ਸਾਹਿਬ ਤੇ ਬਲਬੀਰ ਪੀਣ ਵਾਲਿਆਂ ਵਿਚ ਜਾ ਸ਼ਾਮਲ ਹੋ ਗਏ। ਰਣਧੀਰ ਪੀਂਦਾ ਨਹੀਂ ਸੀ, ਉਹਨੂੰ ਸੁਖਵੰਤ ਨੇ ਪਾਸੇ ਬਿਠਾ ਲਿਆ। ਸੁਖਵੰਤ ਤੇ ਰਣਧੀਰ ਇੱਕ ਦੂਜੇ ਦੇ ਜਾਣੂੰ ਸਨ, ਇੱਕ ਦੂਜੇ ਦੀ ਮਾਂ ਦਾ ਹਾਲ ਪੁੱਛਦੇ ਸਨ। ਸੁਖਵੰਤ ਰਣਧੀਰ ਤੋਂ ਕਵਿਤਾਵਾਂ ਦਾ ਹਾਲ ਪੁੱਛਦੀ ਹੈ। ਉਹ ਕਹਿੰਦਾ ਹੈ ਕਿ ਰਾਜੀ ਨਹੀਂ। ਅਤੇ ਸੁਖਵੰਤ ਉਸਦੇ ਗੌਣ ਦਾ ਹਾਲ ਪੁੱਛਦਾਹੈ ਤਾਂ ਜਵਾਬ ਮਿਲ਼ਦਾ ਹੈ ਕਿ ਉਹ ਵੀ ਰਾਜ਼ੀ ਨਹੀਂ। ਰਣਧੀਰ ਤੇ ਸੁਖਵੰਤ ਦੋਨੋਂ ਭਾਵੁਕ ਹੋ ਜਾਂਦੇ ਹਨ। ਸੁਖਵੰਤ ਰਣਧੀਰ ਨੂੰ ਪੁੱਛਦੀ ਹੈ ਕਿ ਕੀ ਉਹ ਉਸ ਨਾਲ ਨਾਰਾਜ਼ ਹੈ। ਰਣਧੀਰ ਦਾ ਨਾਰਾਜ਼ਗੀ ਭਰਿਆ ਪ੍ਰਤੀਕਰਮ ਦੇਖ ਕੇ ਉਹ ਮੁਆਫ਼ੀ ਮੰਗਦੀ ਹੈ। “ਤੂੰ ਮੈਨੂੰ ਅਨੰਤ ਬਣਾ ਦਿੱਤਾ, ਅਜਿਹਾ ਹੈ ਤੇਰਾ ਅਨੰਦ।” ਟੈਗੋਰ ਦੀਆਂ ਇਹ ਸਤਰਾਂ ਕਦੇ ਰਣਧੀਰ ਨੇ ਆਪਣੇ ਪਹਿਲੇ ਕਾਵਿ ਸੰਗ੍ਰਹਿ ਉਤੇ ਲਿਖ ਕੇ ਸੁਖਵੰਤ ਨੂੰ ਦਿੱਤੀਆਂ ਸਨ। ਉਹ ਇੱਕ ਮੁਆਫ਼ੀ ਮੰਗਦੀ ਹੈ। ਏਨੇ ਨੂੰ ਮੇਜਰ ਸਾਹਿਬ ਆ ਗਏ ਅਤੇ ਆਪਣੀ ਪਤਨੀ ਨੂੰ ਲੇਟ ਤੱਕ ਜਾਗਦੇ ਨਾ ਰਹਿਣ ਸਲਾਹ ਦੇ ਕੇ ਤੇ ਬੇਬੀ ਦੇ ਫੀਡ ਦੇ ਵਕਤ ਦੀ ਯਾਦ ਕਰਾਕੇ ਜਾਣ ਲਈ ਕਹਿੰਦਾ ਹੈ। ਉਹ ਚਲੀ ਗਈ।
ਮੇਜਰ ਸਾਹਿਬ ਰਣਧੀਰ ਨੂੰ ਸੁਖਵੰਤ ਦੀਆਂ ਕਿਤਾਬਾਂ ਦੀ ਅਲਮਾਰੀ ਵੱਲ ਧਿਆਨ ਦਵਾ ਕੇ ਕਿਤਾਬਾਂ ਨਾਲ ਹੀ ਦਿਲ ਲਾ ਲੈਣ ਦੀ ਸਲਾਹ ਦਿੱਤੀ। ਫਿਰ ਮੇਜਰ ਸਾਹਿਬ ਵਾਪਸ ਆਪਣੀ ਮਹਿਫ਼ਲ ਵਿਚ ਜਾ ਰਲੇ। ਸੁਖਵੰਤ ਦੀਆਂ ਕਿਤਾਬਾਂ ਵਿੱਚ ਰਣਧੀਰ ਆਪਣਾ ਪਹਿਲਾ ਕਾਵਿ ਸੰਗ੍ਰਿਹ ਦੇਖਦਾ ਹੈ ਅਤੇ ਉਸ ਦਾ ਪਹਿਲਾ ਵਰਕਾ ਫੋਲਿਆ, ਤਾਂ ਉਹਨੂੰ ਦਿਸਿਆ: ਸੁਖਵੰਤ! ਤੂੰ ਮੈਨੂੰ ਅਨੰਤ ਬਣਾ ਦਿੱਤਾ, ਅਜਿਹਾ ਹੈ ਤੇਰਾ ਅਨੰਦ -ਰਣਧੀਰ ਕਿਤਾਬਾਂ ਵਿੱਚ ਉਹਦਾ ਦੂਜਾ ਅਤੇ ਤੀਜਾ ਸੰਗ੍ਰਹਿ ਵੀ ਸੀ, ਤੇ ਉਹਦੀਆਂ ਕਵਿਤਾਵਾਂ ਵਾਲੇ ਰਿਸਾਲੇ ਵੀ। ਸੁਖਵੰਤ ਨੇ ਦੋ ਵਾਰ ਕਿਹਾ ਸੀ, “ਧੀਰ, ਤੂੰ ਮੈਨੂੰ ਮੁਆਫ਼ ਕਰ ਦੇ, ਮੇਰੀ ਕਮਜ਼ੋਰੀ ਨੇ ਤੈਨੂੰ ਬੜਾ ਦੁੱਖ ਦਿੱਤਾ ਏ।” ਉਹ ਯਾਦਾਂ ਵਿੱਚ ਵਹਿ ਜਾਂਦਾ ਹੈ। ਸਵੇਰੇ ਸੁਖਵੰਤ ਦੇ ਉਠਣ ਤੋਂ ਪਹਿਲਾਂ ਰਣਧੀਰ ਨੇ ਚਲੇ ਜਾਣਾ ਸੀ। ਉਹਦੀ ਇਹ ਮੰਗ ਹੁਣ ਉਹ ਕਿਸ ਤਰ੍ਹਾਂ ਪੂਰੀ ਕਰ ਸਕੇਗਾ। ਸੰਖੇਪ ਜਿਹੀ ਮਿਲਣੀ ਵਿੱਚ ਜਦੋਂ ਸੰਗਦੀ ਸੰਗਦੀ ਖੁਸ਼ਬੋਆਂ ਦੀ ਨਦੀ ਉਹਦੇ ਵੱਲ ਵਗਣ ਲੱਗੀ ਸੀ, ਤਾਂ ਸ਼ਰਾਬ ਦੀ ਹਵਾੜ ਨੇ ਬੰਨ੍ਹ ਮਾਰ ਦਿੱਤਾ ਸੀ। ਝੂਰਦਾ ਹੋਇਆ ਰਣਧੀਰ ਵਰਾਂਡੇ ਵਿਚ ਬਿਸਤਰੇ ਉਤੇ ਲੇਟ ਕੇ ਅੱਠ ਵਰ੍ਹੇ ਪਹਿਲ਼ਾਂ ਸੁਖਵੰਤ ਨਾਲ਼ ਹੋਈ ਪਹਿਲੀ ਮੁਲਾਕਾਤ ਯਾਦ ਕਰਦਾ ਹੈ ਜਦੋਂ ਉਥੇ ਰਣਧੀਰ ਨੇ ਘੋਰ ਉਦਾਸੀ ਵਾਲ਼ੀ ਕਵਿਤਾ ਸੁਣਾਈ ਸੀ ਤੇ ਸੁਖਵੰਤ ਨੇ ਰਣਧੀਰ ਨੂੰ ਪੁੱਛਿਆ ਸੀ, “ਕੀ ਤੁਸੀਂ ਸੱਚੀ-ਮੁੱਚੀਂ ਏਨੇ ਹੀ ਉਦਾਸ ਹੋ ਜਿੰਨੀ ਤੁਹਾਡੀ ਕਵਿਤਾ ਏ? ਮੇਰਾ ਜੀਅ ਨਹੀਂ ਕਰਦਾ ਕਿ ਤੁਸੀਂ ਏਨੇ ਉਦਾਸ ਹੋਵੋ।” ਤੇ ਸੁਖਵੰਤ ਦੀਆਂ ਅੱਖਾਂ ਨਿਸੰਗ ਉਹਦੇ ਵੱਲ ਤੱਕ ਰਹੀਆਂ ਸਨ। ਰਣਧੀਰ ਚੁੱਪ ਰਿਹਾ ਸੀ। ਏਸ ਤੱਕਣੀ ਤੇ ਏਸ ਚੁੱਪ ਤੋਂ ਉਨ੍ਹਾਂ ਦੋਵਾਂ ਦੀ ਸਾਂਝੀ ਜ਼ਿੰਦਗੀ ਸ਼ੁਰੂ ਹੋਈ ਸੀ। ਤੇ ਫੇਰ ਉਹ ਦੋਵੇਂ ਬੀ ਏ ਕਰ ਕੇ ਐਮ ਏ ਵਿਚ ਇਕੱਠੇ ਇਕੋ ਕਾਲਜ ਵਿਚ ਪੜ੍ਹੇ ਸਨ। ਵੰਨ-ਸਵੰਨੀਆਂ ਕਿਤਾਬਾਂ ਨੇ ਦੋਵਾਂ ਦਿਲਾਂ ਵਿਚਾਲੇ ਬੜਾ ਪਿਆਰਾ ਤੇ ਨਿੱਗਰ ਪੁਲ ਉਸਾਰ ਲਿਆ ਸੀ। ਰਣਧੀਰ ਦੀ ਕਵਿਤਾ ਸੁਖਵੰਤ ਨੂੰ ਬੜੀ ਚੰਗੀ ਲੱਗਦੀ ਸੀ। ਰਣਧੀਰ ਨੂੰ ਸੁਖਵੰਤ ਦਾ ਗਾਉਣਾ ਬੜਾ ਚੰਗਾ ਲੱਗਦਾ ਸੀ! ਤੇ ਫੇਰ ਉਹ ਦੋਵੇਂ ਸਾਰੇ ਕਾਲਜ ਵਿਚ ਟੈਨਿਸ ਦੇ ਜੇਤੂ ਖਿਡਾਰੀ ਹੋ ਗਏ। ਸਾਂਝ ਗੂੜ੍ਹੀ ਹੁੰਦੀ ਗਈ। ਕਾਲਜ ਦੀ ਪੜ੍ਹਾਈ ਮੁਕਾ ਲੈਣ ਪਿਛੋਂ ਇਕ ਵਾਰ ਸੁਖਵੰਤ ਰਣਧੀਰ ਦੇ ਪਿੰਡ ਆਈ ਸੀ। ਉਹ ਇਕੱਠੇ ਸੈਰ ਕਰਨ ਲਈ ਬਾਹਰ ਪੈਲੀਆਂ ਵੱਲ ਦੂਰ ਨਿਕਲ ਗਏ ਸਨ। ਸੁਖਵੰਤ ਨੇ ਬਾਸਮਤੀ ਦੀ ਪੈਲੀ ਪਹਿਲੀ ਵਾਰ ਦੇਖੀ ਸੀ। ਸੁਖਵੰਤ ਨੇ ਬਾਸਮਤੀ ਦੀਆਂ ਮੁੰਜਰਾਂ ਵਿਚੋਂ ਦੂਧੀਆ ਦਾਣੇ ਕੱਢ ਕੇ ਰਣਧੀਰ ਦੇ ਮੂੰਹ ਵਿਚ ਪਾਏ ਤੇ ਫੇਰ ਆਪਣੇ ਮੂੰਹ ਵਿਚ। ਉਸਦਾ ਪਿਓ ਚੌਲਾਂ ਦਾ ਉਘਾ ਵਪਾਰੀ ਸੀ ਅਤੇ ਉਹ ਬਾਸਮਤੀ ਦੀ ਪੂੰਜੀ ਉਤੇ ਪਲ ਕੇ ਏਡੀ ਹੋਈ ਸੀ, ਪਰ ਉਸਨੇ ਬਾਸਮਤੀ ਪਹਿਲਾਂ ਕਦੇ ਨਹੀਂ ਵੇਖੀ ਤੇ ਬਾਸਮਤੀਆਂ ਉਗਾਣ ਵਾਲਿਆਂ ਨੇ ਪੂੰਜੀ ਕਦੇ ਨਹੀ ਦੇਖੀ ਸੀ। ਦੋਵੇਂ ਇਕ ਦੂਜੇ ਦੇ ਨਾਲ਼ ਬਹੁਤ ਨੇੜਤਾ ਮਹਿਸੂਸ ਕਰਦੇ ਹਨ। ਬਾਸਮਤੀ ਦੀ ਮਹਿਕ ਤੇ ਜ਼ਿੰਦਗੀ ਦੇ ਨਵੇਂ ਇਰਾਦਿਆਂ ਦੇ ਨਸ਼ਾ ਵਿੱਚ ਦੋਵਾਂ ਦੇ ਬੁੱਲ੍ਹ ਜੁੜ ਗਏ।
ਫਿਰ ਮਾਪਿਆਂ ਨੇ ਇਨਕਲਾਬੀ ਕਵੀ ਰਣਧੀਰ ਨਾਲ਼ ਸੁਖਵੰਤ ਦੀ ਨੇੜਤਾ ਨੂੰ ਤੋੜਨ ਲਈ ਉਸ ਨੂੰ ਦੂਰ ਬੰਬਈ ਉਹਦੇ ਵੱਡੇ ਭਰਾ ਕੋਲ ਭੇਜ ਦਿੱਤਾ। ਕੁਝ ਦੇਰ ਸੁਖਵੰਤ ਡਟੀ ਰਹੀ। ਜਦੋਂ ਕੋਈ ਰਣਧੀਰ ਦਾ ਨਾਂ ਲਏ, ਉਹਦੀ ਮਾਂ ਨੂੰ ਗਸ਼ ਪੈ ਜਾਂਦੀ। ਉਹਦਾ ਪਿਓ ਉਹਦੇ ਨਾਲ ਬੋਲਣਾ ਬੰਦ ਕਰ ਦਿੰਦਾ। ਚਾਰ ਵਰ੍ਹਿਆਂ ਪਿਛੋਂ ਸੁਖਵੰਤ ਦੀ ਕਿਸੇ ਫੌਜੀ ਅਫ਼ਸਰ ਨਾਲ ਵਿਆਹ ਦੀ ਖ਼ਬਰ ਮਿਲ਼ੀ। ਅੱਜ ਜ਼ਿੰਦਗੀ ਦੇ ਵਿਸ਼ਾਲ ਰਾਹਾਂ ਉਤੇ ਰਣਧੀਰ ਸੁਖਵੰਤ ਨੂੰ ਕੁਝ ਪਲਾਂ ਲਈ ਮਿਲ਼ ਪਿਆ ਸੀ। ਜਦੋਂ ਲੜਖੜਾਂਦੇ ਬਲਬੀਰ ਨੂੰ ਮੇਜਰ ਸਾਹਿਬ ਨਾਲ ਦੇ ਬਿਸਤਰੇ ਉਤੇ ਛੱਡਣ ਆਏ ਤਾਂਦੂਰ ਦੂਰ ਤੱਕ ਸ਼ਰਾਬ ਦੀ ਹਵਾੜ ਖਿੱਲਰ ਗਈ। ਬਾਸਮਤੀ ਦੀ ਮਹਿਕ ਉਸ ਨੂੰ ਦੂਰ ਬਹੁਤ ਦੂਰ ਮਹਿਸੂਸ ਹੁੰਦੀ ਹੈ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |