ਬਿਸਤਰੇ ਇਕੱਠੇ ਕਰਨੇ
ਸੌਣ ਲਈ ਵਿਛਾਏ ਜਾਣ ਵਾਲੇ ਕਪੜਿਆਂ ਨੂੰ ਬਿਸਤਰਾ ਕਹਿੰਦੇ ਹਨ। ਬਿਸਤਰੇ ਦੋ ਕਿਸਮ ਦੇ ਹੁੰਦੇ ਹਨ। ਇਕ ਗਰਮੀ ਦਾ ਬਿਸਤਰਾ ਹੁੰਦਾ ਹੈ ਜਿਸ ਵਿਚ ਦਰੀ, ਵਿਛਾਈ, ਸਰ੍ਹਾਣਾ ਤੇ ਉੱਤੇ ਲੈਣ ਨੂੰ ਪਤਲੀ ਚਾਦਰ ਹੁੰਦੀ ਹੈ। ਇਕ ਸਰਦੀ ਦਾ ਬਿਸਤਰਾ ਹੁੰਦਾ ਹੈ ਜਿਸ ਵਿਚ ਦਰੀ, ਗਦੈਲਾ, ਵਿਛਾਈ, ਸਰ੍ਹਾਣਾ ਤੇ ਉੱਤੇ ਲੈਣ ਲਈ ਰਜਾਈ ਹੁੰਦੀ ਹੈ। ਅੱਜ ਤੋਂ ਕੋਈ 60 ਕੁ ਸਾਲ ਪਹਿਲਾਂ ਲੋਕਾਂ ਵਿਚ ਪਿਆਰ ਤੇ ਮੇਲ ਮਿਲਾਪ ਬਹੁਤ ਸੀ। ਪਰ ਲੋਕਾਂ ਦੀ ਆਮਦਨ ਥੋੜ੍ਹੀ ਹੁੰਦੀ ਸੀ ਜਿਸ ਨਾਲ ਗੁਜਾਰੇ ਹੀ ਚਲਦੇ ਸਨ। ਇਸ ਲਈ ਲੋਕ ਮਿਲ ਕੇ ਮੁੰਡੇ/ਕੁੜੀਆਂ ਦੇ ਵਿਆਹ ਕਰਦੇ ਸਨ। ਉਨ੍ਹਾਂ ਸਮਿਆਂ ਵਿਚ ਵਿਆਹ ਹਫ਼ਤਾ-ਹਫ਼ਤਾ ਚੱਲਦੇ ਰਹਿੰਦੇ ਸਨ। ਵਿਆਹ ਤੋਂ ਇਕ ਦੋ ਦਿਨ ਪਹਿਲਾਂ ਰਿਸ਼ਤੇਦਾਰ/ਮੇਲ ਆਉਣਾ ਸ਼ੁਰੂ ਹੋ ਜਾਂਦਾ ਸੀ। ਦੋ ਤਿੰਨ ਦਿਨ ਬਰਾਤਾਂ ਰਹਿੰਦੀਆਂ ਸਨ। ਵਿਆਹ ਤੋਂ ਪਿੱਛੋਂ ਵੀ ਇਕ ਦੋ ਦਿਨ ਮੇਲ ਰਹਿ ਜਾਂਦਾ ਸੀ। ਇਸ ਲਈ ਵਿਆਹ ਵਾਸਤੇ ਸਾਰੇ ਪਿੰਡ ਵਿਚੋਂ ਬਿਸਤਰੇ ਇਕੱਠੇ ਕੀਤੇ ਜਾਂਦੇ ਸਨ।
ਪਰਿਵਾਰ ਦੇ ਤੇ ਭਾਈਚਾਰੇ ਦੇ 7/8 ਮੁੰਡੇ ਇਕੱਠੇ ਹੁੰਦੇ ਸਨ। ਇਕ ਕਾਪੀ ਲਈ ਜਾਂਦੀ ਸੀ। ਕਾਲੀ ਸਿਆਹੀ ਵਾਲੀ ਦਵਾਤ ਲਈ ਜਾਂਦੀ ਸੀ। ਮੋਟੇ ਨਿੱਬ ਵਾਲਾ ਇਕ ਡਰੰਕ ਲਿਆ ਜਾਂਦਾ ਸੀ। ਗਰਮੀ ਦੇ ਮੌਸਮ ਵਿਚ ਗਰਮੀ ਵਾਲੇ ਬਿਸਤਰੇ ਇਕੱਠੇ ਕੀਤੇ ਜਾਂਦੇ ਸਨ ਤੇ ਸਰਦੀ ਦੇ ਮੌਸਮ ਵਿਚ ਸਰਦੀ ਵਾਲੇ। ਜਿਸ ਪਰਿਵਾਰ ਵਿਚੋਂ ਬਿਸਤਰ ਲਿਆ ਜਾਂਦਾ ਸੀ, ਕਾਪੀ ਉਪਰ ਉਸ ਘਰ ਦੇ ਮੈਂਬਰ ਦੇ ਨਾਂ ਲੜੀਵਾਰ ਲਿਖਿਆ ਜਾਂਦਾ ਸੀ। ਲੜੀ ਦਾ ਨੰਬਰ ਲਏ ਬਿਸਤਰੇ ਦੇ ਹਰ ਕੱਪੜੇ ਉੱਪਰ ਲਿਖਿਆ ਜਾਂਦਾ ਸੀ। ਇਸ ਤਰ੍ਹਾਂ ਜਿੰਨੇ ਬਿਸਤਰਿਆਂ ਦੀ ਲੋੜ ਹੁੰਦੀ ਸੀ, ਉਨ੍ਹੇ ਬਿਸਤਰੇ ਇਕੱਠੇ ਕਰ ਲਏ ਜਾਂਦੇ ਸਨ। ਕਾਪੀ ਉੱਪਰ ਦਰਜ ਕਰ ਲੈਂਦੇ ਸਨ। ਵਿਆਹ ਤੋਂ ਪਿੱਛੋਂ ਜਿਨ੍ਹਾਂ ਮੁੰਡਿਆਂ ਨੇ ਬਿਸਤਰੇ ਇਕੱਠੇ ਕੀਤੇ ਹੁੰਦੇ ਸਨ, ਉਹੀ ਮੁੰਡੇ ਬਿਸਤਰੇ ਘਰੀਂ-ਘਰੀਂ ਵਾਪਸ ਦੇ ਆਉਂਦੇ ਸਨ। ਜੇਕਰ ਬਰਾਤੀ ਜਾਂ ਮੇਲ ਵਾਲੇ ਕਿਸੇ ਬਿਸਤਰੇ ਉੱਪਰ ਉਛਾਲੀ ਕਰ ਕੇ ਬਿਸਤਰਾ ਖ਼ਰਾਬ ਕਰ ਦਿੰਦੇ ਸਨ ਤਾਂ ਪਰਿਵਾਰ ਵਾਲੇ ਉਹ ਬਿਸਤਰਾ ਧੋ ਕੇ, ਸੁਕਾ ਕੇ ਪਰਿਵਾਰ ਨੂੰ ਵਾਪਸ ਕਰਦੇ ਸਨ। ਹੁਣ ਬਰਾਤ ਸਵੇਰ ਨੂੰ ਆਉਂਦੀ ਹੈ ਤੇ ਸ਼ਾਮ ਨੂੰ ਮੁੜ ਜਾਂਦੀ ਹੈ। ਇਸ ਕਰਕੇ ਬਰਾਤ ਲਈ ਬਿਸਤਰਿਆਂ ਦੀ ਲੋੜ ਹੀ ਨਹੀਂ ਪੈਂਦੀ। ਬਹੁਤੇ ਰਿਸ਼ਤੇਦਾਰਾਂ ਕੋਲ ਆਪਣੇ ਆਉਣ ਜਾਣ ਦੇ ਸਾਧਨ ਹਨ। ਇਸ ਲਈ ਬਹੁਤ ਥੋੜ੍ਹੇ ਰਿਸ਼ਤੇਦਾਰ ਰਾਤ ਨੂੰ ਠਹਿਰਦੇ ਹਨ। ਇਸ ਲਈ ਜਿੰਨੇ ਕੁ ਬਿਸਤਰਿਆਂ ਦੀ ਲੋੜ ਹੁੰਦੀ ਹੈ, ਉਨੇ ਕੁ ਬਿਸਤਰੇ ਪਰਿਵਾਰ ਵਾਲੇ ਆਂਢ-ਗੁਆਂਢ ਤੋਂ ਇਕੱਠੇ ਕਰ ਲੈਂਦੇ ਹਨ।ਜਾਂ ਅੱਜਕਲ੍ਹ ਬਿਸਤਰੇ ਕਿਰਾਏ ਤੇ ਵੀ ਮਿਲ ਜਾਂਦੇ ਹਨ। ਇਸ ਲਈ ਬਿਸਤਰੇ ਇਕੱਠੇ ਕਰਨ ਦਾ ਰਿਵਾਜ ਵੀ ਹੁਣ ਪਹਿਲਿਆਂ ਦੇ ਮੁਕਾਬਲੇ ਬਹੁਤ ਹੀ ਘੱਟ ਗਿਆ ਹੈ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.