ਬੀਰ ਰਸੀ ਕਾਵਿ ਦੀਆਂ ਵੰਨਗੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬੀਰ ਕਾਵਿ[ਸੋਧੋ]

ਪੰਜਾਬ ਦੀ ਭੁਗੋਲਿਕ ਸਥਿਤੀ ਨੇ ਪੰਜਾਬੀਆਂ ਵਿੱਚ ਸ਼ੂਰਬੀਰਤਾ ਤੇ ਇਸ ਨੇ ਪੰਜਾਬੀ ਸਾਹਿਤ ਵਿੱਚ ਬੀਰ-ਰਸੀ ਕਾਵਿ ਨੂੰ ਜਨਮ ਦਿੱਤਾ। ਪੰਜਾਬ ਦੀ ਵੀਰ ਭੂਮੀ ਵਿੱਚ ‘ਵਾਰਾਂ’ ਆਪ ਮੁਹਾਰੀ ਉਪਜ ਸੀ, ਕਿਸੇ ਉਚੇਚੇ ਜਤਨ ਦਾ ਫਲ ਸਰੂਪ ਨਹੀਂ ਸੀ। ਰਾਜਸੀ ਖੇਤਰ ਵਿੱਚ ਪੰਜਾਬ ਜੁੱਧਾਂ ਦਾ ਅਖਾੜਾ ਹੀ ਬਣਿਆ ਰਿਹਾ, ਇਹ ਸਮੁੱਚੇ ਭਾਰਤ ਲਈ ਸੁਰੱਖਿਆ ਦਾ ਕੰਮ ਕਰਦਾ ਰਿਹਾ। ਇਸ ਥਾਂ ਉੱਪਰ ਵਧੇਰੇ ਜੁੱਧ ਹੋਣ ਕਾਰਨ ਇਹ ਇੱਥੇ ਦੇ ਲੋਕਾਂ ਵਿੱਚ ਉਤਸ਼ਾਹ ਪੈਦਾ ਕਰਦਾ ਰਿਹਾ। ਵਧੇਰੇ ਜੁੱਧ ਇੱਥੇ ਹੋਣ ਕਾਰਨ ਵਾਰਾਂ ਵੀ ਖੂਬ ਰਚੀਆਂ ਗਈਆਂ। ਵਾਰਾਂ, ਜਿਹਨਾਂ ਵਿੱਚ ਸੂਰਮਿਆਂ ਦੀ ਬਹਾਦਰੀ ਦਾ ਜਸ ਗਾਇਆ ਜਾਂਦਾ ਹੈ। ਇਹ ਵਾਰਾਂ ਮੁੱਢ ਕਦੀਮ ਤੋਂ ਹੀ ਰਚੀਆਂ ਜਾਂਦੀਆਂ ਰਹੀਆਂ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ 22 ਵਾਰਾਂ ਤੋਂ ਬਿਨ੍ਹਾਂ ਭਾਈ ਗੁਰਦਾਸ ਜੀ ਨੇ ਵੀ ਅਧਿਆਤਮਿਕ, ਸਮਾਜਿਕ ਤੇ ਗੁਰੂ ਮਹਿਮਾ ਆਦਿ ਵਿਸ਼ਿਆਂ ਨਾਲ ਸੰਬੰਧਿਤ 40 ਵਾਰਾਂ ਦੀ ਰਚਨਾ ਕੀਤੀ। ਪੰਜਾਬੀ ਵਿੱਚ ਬੀਰ ਰਸੀ-ਕਾਵਿ, ਵਾਰਾਂ ਤੇ ਜੰਗਨਾਮਿਆਂ ਦੇ ਕਾਵਿ ਰੂਪਾਂ ਵਿੱਚ ਮਿਲਦਾ ਹੈ।

ਵਾਰ[ਸੋਧੋ]

ਪੰਜਾਬੀ ਦੇ ਵਿਦਵਾਨ ਵਾਰ ਸ਼ਬਦ ਦੀ ਉਤਪੱਤੀ ਨੂੰ ਲੈ ਕੇ ਇੱਕ ਮਤ ਨਹੀਂ ਹਨ। ਭਾਈ ਕਾਨ੍ਹ ਸਿੰਘ ਨਾਭਾ, ਡਾ. ਗੰਡਾ ਸਿੰਘ, ਪ੍ਰੋ. ਸਾਹਿਬ ਸਿੰਘ ਵਾਰ ਸ਼ਬਦ ਦਾ ਮੁੱਢ ਸੰਸਕ੍ਰਿਤ ਵਿਧਾ ਤੋਂ ਹੋਇਆ ਮੰਨਦੇ ਹਨ। ਪਰ ਕਈ ਇਸਨੂੰ ਵਾਰ ਕਰਨਾ, ਹਲਾ ਕਰਨਾ, ਧਾਵਾ ਬੋਲਣਾ ਆਦਿ ਨਾਲ ਜੋੜਦੇ ਪੰਜਾਬੀ ਦਾ ਸ਼ਬਦ ਦਸਦੇ ਹਨ। ਇਹ ਸਾਰੇ ਅਰਥ ਵਾਰ ਦੇ ਲਛਣ ਨਾਲ ਸੰਬੰਧ ਰਖਦੇ ਹਨ ਪਰ ਕੋਈ ਗੱਲ ਉੱਪਰ ਨਹੀਂ ਢੁਕਦੀ ਕਿਉਂਕਿ ਹਲੇ ਲੜਾਈ ਦਾ ਜ਼ਿਕਰ ਜੰਗਨਾਮਿਆ ਵਿੱਚ ਮਿਲਦਾ ਹੈ ਪਰ ਉਹ ਵਾਰਾਂ ਨਹੀਂ ਅਖਵਾ ਸਕਦੀਆਂ। ਵਾਰ ਦਾ ਮਨੋਰਥ ਬੀਰਤਾ ਨਾਲ ਲੜਨ ਵਾਲਿਆਂ ਦੀ ਸ਼ਲਾਘਾ ਅਤੇ ਉਪਮਾ ਕਰ ਕੇ ਬੀਰ ਰਸ ਦਾ ਜਜ਼ਬਾ ਪੈਦਾ ਕਰਨਾ ਅਤੇ ਦੇਸ਼ ਰੱਖਿਆ ਲਈ ਜਾਂ ਜੁਲਮ ਵਿਰੁਧ ਦਲੇਰੀ ਨਾਲ ਲੜਨ ਮਰਨ ਲਈ ਉਤਸ਼ਾਹ ਭਰਨਾ ਹੈ। ਪੰਜਾਬੀ ਵਿੱਚ ਵਾਰਾਂ ਤਿੰਨ ਕਿਸਮ ਦੀਆਂ ਮਿਲਦੀਆਂ ਹਨ:-

ਅਧਿਆਤਮਕ ਵਾਰਾਂ[ਸੋਧੋ]

ਬੀਰ ਰਸੀ ਵਾਰਾਂ[ਸੋਧੋ]

ਸ਼ਿੰਗਾਰ ਵਾਰਾਂ[ਸੋਧੋ]

ਅਧਿਆਤਮਕ ਵਾਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਆਈਆਂ 22 ਵਾਰਾਂ, ਭਾਈ ਗੁਰਦਾਸ ਦੀਆਂ ਵਾਰਾਂ ਤੇ ਕਵੀ ਖੁਸ਼ਹਾਲ ਚੰਦ ਦੀ ਕਲਿਆਨ ਦੀ ਵਾਰ ਸ਼ਾਮਿਲ ਕੀਤੀ ਜਾ ਸਕਦੀ ਹੈ। ਬੀਰ ਰਸੀ ਵਾਰਾਂ ਵਿੱਚ ਪੂਰਵ ਨਾਨਕ ਕਾਲ ਦੀਆਂ ਵਾਰਾਂ ਤੋਂ ਛੁਣ ਚੰਡੀ ਦੀ ਵਾਰ, ਨਜਾਬਤ ਦੀ ਵਾਰ, ਅਨੰਦਪੁਰ ਦੀ ਵਾਰ, ਲਵ-ਕੁਸ਼ ਦੀ ਵਾਰ, ਚਠਿਆ ਦੀ ਵਾਰ, ਗਦਰ ਦੀ ਵਾਰ, ਅਤੇ ਭਾਰਤ-ਪਾਕ ਜੰਗ ਦੀਆਂ ਵਾਰਾਂ ਸ਼ਾਮਲ ਕੀਤੀਆ ਜਾਂ ਸਕਦੀਆਂ ਹਨ। ਵਰਤਮਾਨ ਸਮੇਂ ਵਿੱਚ ਵੀ ਬਹੁਤ ਚੰਗੀਆਂ ਵਾਰਾਂ ਲਿਖੀਆਂ ਗਈਆਂ ਹਨ ਜਿਹਨਾਂ ਵਿੱਚ ਨਾਨਕ ਸਿੰਘ ਦੁਆਰਾਂ ਲਿਖੀ ‘ਵਾਰ ਬਾਂਕਾ ਸ਼ਾਹ ਮਵਾਰ’ ਜੋ ਚੰਨ ਦੇ ਭਾਰਤ ਤੇ ਆਕਰਸ਼ਣ ਸਮੇਂ ਲਿਖੀ ਗਈ ਸਰਵ ਸ਼੍ਰੋਮਣੀ ਕਹੀ ਜਾ ਸਕਦੀ ਹੈ। ਪੰਜਾਬੀ ਵਾਰ ਦਾ ਇਤਿਹਾਸ ਵੀ ਉਹਨਾਂ ਪੁਰਾਣਾ ਹੈ ਜਿਤਨਾ ਕਿ ਪੰਜਾਬ ਦੇਸ਼ ਪਰਯੁਧ ਖੇਤਰ ਬਣਿਆ ਰਹਿਣ ਕਾਰਨ ਪੰਜਾਬੀਆਂ ਨੇ ਆਪਣੇ ਬਹੁ-ਮੁਲੇ ਸਾਹਿਤ ਦੀ ਸੰਭਾਲ ਨਾਲ ਬਹੁਤ ਘੱਟ ਧਿਆਨ ਦਿੱਤਾ ਹੈ। ਇਸ ਲਈ ਬਹੁਤ ਸਾਰੀਆਂ ਵਾਰਾਂ ਹੁਣ ਅਲੋਪ ਹਨ। ਜੋ ਸਾਨੂੰ ਪ੍ਰਾਪਤ ਹੁੰਦੀਆਂ ਹਨ ਉਹ ਵੀ ਪੁਰਾਤਨ ਸਰਸੀਆਂ ਅਤੇ ਢਾਡੀਆਂ ਪਾਸੋ ਸੁਣ ਕੇ ਇਕੱਤਰ ਕੀਤੀਆਂ ਹੋਈਆਂ ਹਨ। ਉਸ ਸਮੇਂ ਸਾਹਿਤਕਾਰ ਦਾ ਦ੍ਰਿਸ਼ਟੀਕੋਣ ਬੜਾ ਸੀਮਤ ਸੀ। ਸਿੱਖ ਗੁਰੂ ਸਾਹਿਬਾਨ ਨੇ ਆਪਣੇ ਧਾਰਮਕ ਤੇ ਅਧਿਆਤਮਕ ਵਿਚਾਰ ਪ੍ਰਗਟ ਕਰਨ ਲਈ ਵਾਰ ਕਾਵਿ-ਰੂਪ ਦੀ ਵਰਤੋਂ ਵੀ ਕੀਤੀ। ਇਹ ਕਿਸੇ ਦੁਨਆਵੀ ਯੁੱਧ ਦੀ ਵਾਰਤਾ ਨਹੀਂ ਨਾ ਹੀ ਕਿਸੇ ਬਹਾਦਰ ਵਿਅਕਤੀ ਦਾ ਜਸ ਹੈ। ਇਸ ਵਿੱਚ ਨਾਇਕ ਵੀ ਕੋਈ ਸੰਸਾਰੀ ਪੁਰਸ਼ ਨਹੀਂ, ਪਰ ਫਿਰ ਵੀ ਅਸੀ ਇਸਨੂੰ ਵਾਰ ਦੇ ਘੇਰੇ ਵਿੱਚ ਸ਼ਾਮਲ ਕਰਦੇ ਹਾਂ। ਕਿਉਂਕਿ ਇਸ ਵਿੱਚ ਅਕਾਲ ਪੁਰਖ, ਗੁਰੂ, ਗੁਰਮੁਖਾਂ ਸੰਤਾ ਤੇ ਭਲੇ ਪੁਰਸ਼ਾਂ ਆਦਿ ਦਾ ਜਸ ਜਰੂਰ ਹੈ, ਇਨ੍ਹਾਂ ਵਿੱਚ ਸਚ ਤੇ ਕੂੜ, ਗੁਰਮੁਖ ਤੇ ਮਨਮੁਖ ਸ਼ੁਭ ਗੁਣਾਂ ਤੇ ਔਗੁਣਾਂ ਅਤੇ ਮਨੁਖੀ ਆਤਮਾ ਦਾ ਕੰਮ ਕੋ੍ਰਧ ਲੋਭ ਮੋਹ ਤੇ ਹੰਕਾਰ ਨਾਲ ਸੰਘਰਸ਼ ਵਿਖਾਇਆ ਗਿਆ ਹੈ। ਇਨ੍ਹਾਂ ਵਾਰਾਂ ਦਾ ਨਾਇਕ ਵਾਹਿਗੁਰੂ ਆਪ ਹੈ ਜਾਂ ਵਾਹਿਗੁਰੂ ਨਾਲ ਮਿਲਾਉਣ ਵਾਲਾ ਸਤਿਗੁਰੂ’ ਕਿਤੇ-ਕਿਤੇ ਵਾਹਿਗੁਰੂ ਦਾ ਭਰਾਤ ਜਾਂ ਮਨੁੱਖੀ ਆਤਮਾ ਵੀ ਨਾਇਕ ਮੰਨੀ ਗਈ ਹੈ। ਬਹੁਤੀਆਂ ਵਾਰਾਂ ਵਾਹਿਗੁਰੂ ਤੇ ਗੁਰੂ ਦੀ ਸਿਫਤ ਸਲਾਹ ਨਾਲ ਭਰਪੂਰ ਹਨ।

ਜੰਗਨਾਮਾ[ਸੋਧੋ]

ਜੰਗਨਾਮਾ ਤੇ ਵਾਰ ਪੰਜਾਬੀ ਵਿੱਚ ਦੋ ਵੱਖ-ਵੱਖ ਕਾਵਿ ਰੂਪ ਹਨ। ਜਿਹਨਾਂ ਵਿੱਚ ਯੁੱਧ ਜਾਂ ਜੰਗ ਦਾ ਵਰਣਨ ਹੁੰਦਾ ਹੈ। ਕੁਝ ਲੇਖਕਾਂ ਨੇ ਇਨ੍ਹਾਂ ਨੂੰ ਇਕੋ ਰੂਪ ਸਮਝ ਕੇ ਇਨ੍ਹਾਂ ਨੂੰ ਇਕੱਠਾ ਕਰ ਦਿੱਤਾ ਹੈ। ਪਰ ਇਨ੍ਹਾਂ ਵਿੱਚ ਸੂਖਮ ਅੰਤਰ ਹੈ। ਜਿੱਥੇ ਹਰੇਕ ਵਾਰ ਨੂੰ ਜੰਗਨਾਮੇ ਦਾ ਨਾਂ ਦਿੱਤਾ ਜਾ ਸਕਦਾ ਹੈ ਉੱਥੇ ਹਰੇਕ ਜੰਗਨਾਮੇ ਨੂੰ ਵਾਰ ਨਹੀਂ ਆਖਿਆ ਜਾ ਸਕਦਾ। ਵਾਰ ਲਈ ਪਉੜੀ ਛੰਦ ਮੁਕਰਰ ਹੈ ਪਰ ਜੰਗਨਾਮੇ ਬੈਂਤਾ ਵਿੱਚ ਤੇ ਮਸਨਵੀ ਦੀ ਤਰਜ਼ ਉੱਥੇ ਲਿਖੇ ਵੀ ਮਿਲਦੇ ਹਨ। ਪੰਜਾਬੀ ਵਿੱਚ ਕੁਝ ਜੰਗਨਾਮੇ ਸਥਾਨਕ ਲੜਾਈਆ ਨਾਲ ਸੰਬੰਧਿਤ ਹਨ।ਸ਼ਾਹ ਮੁਹੰਮਦ ਨੇ ਸਿੱਖਾਂ ਤੇ ਅੰਗ੍ਰੇਜ਼ਾਂ ਦੀ ਲੜਾਈ ਦਾ ਜੰਗਨਾਮਾ ਲਿਖਿਆ ਜਿਸ ਵਿੱਚ ਅੰਗ੍ਰੇਜਾਂ ਤੇ ਸਿੱਖਾਂ ਦੀ ਲੜਾਈ ਦੀ ਹੂ-ਬ-ਰੂ ਤਸਵੀਰ ਹੀ ਨਹੀਂ ਪੇਸ਼ ਹੁੰਦੀ ਜਿਸ ਵਿੱਚ ਡੋਗਰੀਆਂ ਦੀ ਗਦਾਰੀ, ਸਿੱਖਾਂ ਦੀ ਬਹਾਦਰੀ ਅਤੇ ਸ਼ਾਹ ਮੁਹੰਮਦ ਦੀ ਪੰਜਾਬ-ਭਗਤੀ ਪ੍ਰਗਟ ਹੁੰਦੀ ਹੈ। ਪੰਜਾਬੀ ਵਿੱਚ ਜੰਗਨਾਮੇ ਬਹੁਤ ਘੱਟ ਹਨ। ਅਸਲ ਵਿੱਚ ਭਾਈ ਵੀਰ ਸਿੰਘ ਤੋਂ ਪਹਿਲਾਂ ਕਵੀਆਂ ਨੇ ਬ੍ਰਜ ਭਾਸ਼ਾ ਨੂੰ ਆਪਣੇ ਵਿਚਾਰਾਂ ਦਾ ਮਾਧਿਅਮ ਬਣਾਇਆ ਸੀ। ਪੰਜਾਬੀ ਭਾਸ਼ਾ ਵਿੱਚ ਜਿਤਨੀ ਰਚਨਾ ਮੁਸਲਮਾਨ ਕਵੀਆਂ ਕੀਤੀ ਹੈ, ਉਤਨੀ ਨਾ ਹਿੰਦੂਆ ਨਾ ਸਿੱਖਾਂ ਨੇ ਕੀਤੀ ਹੈ। ਮੁਸਲਮਾਨ ਕਵੀਆਂ ਵਲੋਂ ਲਿਖੇ ਜੰਗਨਾਮੇ ਵਧੇਰੇ ਕਰ ਕੇ ਹਜ਼ਰਤ ਇਮਾਮ ਹੁਸੈਨ ਦੀ ਬਣਨਾ ਨਾਲ ਸੰਬੰਧਿਤ ਹਨ। ਜਿਸ ਵਿੱਚ ਹਜ਼ਰਤ ਹੁਸੈਨ ਆਪਣੇ ਕੇਵਲ 72 ਸਾਥੀਆਂ ਨਾਲ ਕਰਬਲੇ ਦੇ ਰੇਗਿਸਥਾਨ ਵਿੱਚ ਯਜ਼ੀਦ ਦੇ ਭਾਰੀ ਕਣਕ ਨਾਲ ਲੜਦਾ ਸ਼ਹੀਦ ਹੋਇਆ ਸੀ। ਪੰਜਾਬੀ ਜੰਗਨਾਮਿਆ ਦਾ ਵਿਸ਼ਾ ਵਧੇਰੇ ਕਰ ਕੇ ਇਕੋ ਹੈ ਅਤੇ ਇਹ ਆਮ ਤੌਰ 'ਤੇ ਹਰ ਸਾਲ ਮੁਹੱਹਮ ਉੱਤੇ ਪੜ੍ਹ ਕੇ ਸੁਣਾਉਣ ਲਈ ਅਤੇ ਲੋਕਾਂ ਦੇ ਦਿਲਾਂ ਵਿੱਚ ਉਸ ਘਟਨਾ ਦੀ ਯਾਦ ਤਾਜ਼ਾ ਕਰ ਕੇ ਉਹਨਾਂ ਵਿੱਚ ਕਰੁਣਾ ਰਸ ਭਰਨ ਲਈ ਹੀ ਲਿਖੇ ਜਾਂਦੇ ਹਨ। ਕਈ ਥਾਂ ਇਤਨਾਂ ਕਰੁਣਾ ਰਸ ਭਰਿਆ ਹੈ ਕਿ ਪਥਰ-ਚਿਤ ਮਨੁਖ ਵੀ ਭਾਵੇਂ ਉਸ ਦੀ ਇਸਲਾਮ ਦੇ ਆਗੂਆ ਨਾਲ ਜਜ਼ਬਾਤੀ ਸਾਂਝ ਹੋਵੇ ਜਾਂ ਨਾ ਅਥਰੂ ਬਿਨ੍ਹਾਂ ਨਹੀਂ ਰਹਿ ਸਕਦਾ। ਪੰਜਾਬੀ ਜੰਗਨਾਮਾ ਸਭ ਤੋਂ ਪਹਿਲਾਂ ਪੀਰ ਮੁਹੰਮਦ ਕਾਸਬੀ ਨੇ 1592 ਈ. ਵਿੱਚ ਲਿਖਿਆ। ਹਾਫਿਜ਼ ਬਰਖੁਰਦਾਰ ਜੋ ਔਰੰਗਜ਼ੇਬ ਦੇ ਸਮੇਂ ਹੋਇਆ ਨੇ ਵੀ ਇਸ ਵਿਸ਼ੇ ਉੱਤੇ ਕਲਮ ਚਲਾਈ ਹੈ। ਮੁਕਬਲ ਹਾਮਦ, ਅਹਿਮਦਯਾਰ, ਸ਼ਾਹ ਚਰਾਮ, ਇਕਬਾਲ ਕਾਇਮ, ਮੁਹੰਮਦ ਬਖ਼ਸ਼, ਅਮੀਰ ਅਲੀ ਜਲੰਧਰੀ, ਆਦਿ ਬਹੁਤ ਸਾਰੇ ਮੁਸਲਮਾਨ ਕਵੀਆਂ ਨੇ ਇਸਲਾਮੀ ਜੰਗਨਾਮੇ ਲਿਖੇ ਹਨ। ਮੁਕਬਲ ਦਾ ਜੰਗਨਾਮਾ 1160 ਈ. ਵਿੱਚ ਲਿਖਿਆ ਜੋ ਬਹੁਤ ਹਰਮਨ ਪਿਆਰਾ ਹੋਇਆ। ਇਹ ਜੰਗਨਾਮਾ ਬੋਲੀ, ਰਵਾਨੀ, ਸ਼ਬਦ ਅਲੰਕਾਰ ਤੇ ਹੋਰ ਕਾਵਿ-ਗੁਣਾ ਦੇ ਪੱਖ ਤੋਂ ਉਸ ਦੇ ਹਰ ਦੇ ਟਾਕਰੇ ਤੇ ਵਧੇਰੇ ਸਫਲ ਰਚਨਾ ਹੈ।