ਸਮੱਗਰੀ 'ਤੇ ਜਾਓ

ਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਾਣ-ਪਛਾਣ:- ਬੁਝਾਰਤਾਂ ਜਿਨ੍ਹਾਂ ਨੂੰ ਬੁੱਝਣ ਵਾਲੀਆਂ ਬਾਤਾਂ ਵੀ ਕਿਹਾ ਜਾਂਦਾ ਹੈ ਆਦਿ ਕਾਲ ਤੋਂ ਹੀ ਲੋਕ ਜੀਵਨ ਦਾ ਅਨਿੱਖੜਵਾਂ ਅੰਗ ਰਹੀਆਂ ਹਨ। ਇਹ ਆਦਿ ਮਨੁੱਖ ਦੇ ਮੁੱਢਲੇ ਮੰਨੋਰੰਜਨ ਦਾ ਸਾਧਨ ਹੀ ਨਹੀਂ ਰਹੀਆਂ ਬਲਕਿ ਇਹ ਉਹਨਾਂ ਦੇ ਵਸਤੂ ਗਿਆਨ ਨੂੰ ਪ੍ਰਚੰਡ ਕਰਨ ਦਾ ਵੀ ਪ੍ਰਮੁੱਖ ਸਾਧਨ ਸਨ। ਜਿਸ ਤਰ੍ਹਾਂ ਲੋਕ-ਗੀਤ ਲੋਕ ਮਾਨਸ ਦੇ ਮਨੋਭਾਵ ਪ੍ਰਗਟਾਉਣ ਲਈ ਆਪਣਾ ਪ੍ਰਮੁੱਖ ਸਥਾਨ ਰੱਖਦੇ ਹਨ ਉਸੇ ਤਰ੍ਹਾਂ ਬੁਝਾਰਤਾਂ ਵੀ ਲੋਕ ਬੁੱਧੀ ਦਾ ਚਮਤਕਾਰ ਦਿਖਾਉਣ ਲਈ ਵਿਸ਼ੇਸ਼ ਸਥਾਨ ਰੱਖਦੀਆਂ ਹਨ। ਇਹ ਲੋਕ ਸਾਹਿਤ ਦੇ ਮੁੱਢਲੇ ਰੂਪਾਂ ਵਿੱਚੋਂ ਪ੍ਰਮੁੱਖ ਹਨ ਤੇ ਹਨ ਵੀ ਚਸ਼ਮੇ ਦੇ ਪਾਣੀ ਵਾਂਗ ਸੱਜਰੀਆਂ......ਇਹਨਾਂ ਦੀ ਧਾਰਾ ਸਦੀਆਂ ਤੋਂ ਵਹਿੰਦੀ ਆ ਰਹੀ ਹੈ। ਬੁਝਾਰਤਾਂ ਦੇ ਉਤਪਾਦਨ ਅਤੇ ਵਿਕਾਸ ਦੀ ਪਰੰਪਰਾ ਐਨੀ ਹੀ ਪੁਰਾਤਨ ਹੈ ਜਿੰਨਾ ਕਿ ਮਨੁੱਖ ਆਪ ਹੈ। ਇੰਝ ਜਾਪਦਾ ਹੈ ਮਨੁੱਖ ਦੇ ਜਨਮ ਦੇ ਨਾਲ ਹੀ ਇਨ੍ਹਾਂ ਦਾ ਜਨਮ ਹੋਇਆ ਹੋਵੇਗਾ ਜਦੋਂ ਮਨੁੱਖ ਮਾਤਰ ਨੇ ਹੋਸ਼ ਸੰਭਾਲੀ ਹੋਵੇਗੀ ਤਾਂ ਉਸ ਨੇ ਆਪਣੀਆਂ ਦੋ ਪ੍ਰਮੁੱਖ ਮਨੋਵਿਰਤੀਆਂ ਰਾਗ ਅਤੇ ਕੌਤਕ ਪਿਯਤਾ ਦੇ ਅਧੀਨ ਇਹਨਾਂ ਨੂੰ ਵੀ ਸਿਰਜਿਆ ਹੋਵੇਗਾ ਤੇ ਫਿਰ ਇਹ ਧਾਰਾ ਫੁਟ ਤੁਰੀ ਹੋਵੇਗੀ।[1]

ਆਦਿ ਕਾਲ ਦੀਆਂ ਬਹੁਤ ਸਾਰੀਆਂ ਬੁਝਾਰਤਾਂ ਅਮੀਰ ਖੁਸਰੋ ਦੇ ਨਾਂ ਜੁੜੀਆਂ ਹੋਈਆਂ ਹਨ। ਪੁਰਾਣੀਆਂ ਬੁਝਾਰਤਾਂ ਪੁਸ਼ਤ-ਦਰ-ਪੁਸ਼ਤ ਸਾਡੇ ਤਕ ਪੁੱਜੀਆਂ ਹਨ ਤੇ ਲੋਕ-ਮੂੰਹਾਂ ਤੇ ਚੜ੍ਹ ਚੜ੍ਹ ਕੇ ਅੱਜ ਭਾਵੇਂ ਇਨ੍ਹਾਂ ਦਾ ਰੰਗ-ਰੂਪ ਨਵਾਂ ਪ੍ਰਤੀਤ ਹੁੰਦਾ ਹੈ, ਪਰ ਇਨ੍ਹਾਂ ਦੀ ਆਯੂ ਬਹੁਤ ਪੁਰਾਣੀ ਹੈ।[2]

ਪ੍ਰਮੁੱਖ ਵੰਨਗੀਆਂ:- ਪੰਜਾਬੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੁਝਾਰਤਾਂ ਮਿਲਦੀਆਂ ਹਨ। ਇਹ ਪੰਜਾਬੀ ਸੱਭਿਆਚਾਰ ਦਾ ਦਰਪਣ ਹਨ। ਇਹ ਐਨੀਆਂ ਸੁਹਜ-ਭਰਪੂਰ, ਅਦਭੁੱਤ, ਰਸੀਲੀਆਂ ਅਤੇ ਵੰਨ-ਸੰਵਨੀਆਂ ਹਨ ਕਿ ਸ਼ਾਇਦ ਹੀ ਕੋਈ ਅਜਿਹਾ ਵਿਸ਼ਾ ਹੋਵੇ ਜਿਸ ਬਾਰੇ ਪੰਜਾਬੀ ਵਿੱਚ ਬੁਝਾਰਤਾਂ ਨਾ ਹੋਣ। ਮਨੁੱਖੀ ਸਰੀਰ ਦੇ ਅੰਗਾਂ, ਪ੍ਰਕਿਰਤੀ, ਫ਼ਸਲਾਂ, ਬਨਸਪਤੀ, ਜੀਵ-ਜੰਤੂਆਂ, ਘਰੇਲੂ, ਵਸਤਾਂ, ਭਿੰਨ-ਭਿੰਨ ਧੰਦਿਆਂ ਨਾਲ ਸੰਬੰਧਿਤ ਸੰਦਾਂ ਅਤੇ ਵਿਗਿਆਨਕ ਕਾਢਾਂ ਬਾਰੇ ਬੜੀਆਂ ਪਿਆਰੀਆਂ ਤੇ ਸੁਹਜ ਭਰਪੂਰ ਬੁਝਾਰਤਾਂ ਪਾਈਆਂ ਜਾਂਦੀਆਂ ਹਨ।[1] ਡਾ. ਕਰਨੈਲ ਸਿੰਘ ਥਿੰਦ ਨੇ ਆਪਣੀ ਪੁਸਤਕ ਪੰਜਾਬ ਦਾ ਲੋਕ ਵਿਰਸਾ ਵਿੱਚ ਬੁਝਾਰਤਾਂ ਨੂੰ ਹੇਠ ਲਿਖੇ ਵਰਗਾਂ ਵਿੱਚ ਵੰਡਿਆ ਹੈ:-

(1) ਇਕ-ਤੁਕ ਵਾਲੀਆਂ ਬੁਝਾਰਤਾਂ

(2) ਦੋ-ਤੁਕਾਂ ਵਾਲੀਆਂ ਬੁਝਾਰਤਾਂ

(3) ਬਹੁ-ਤੁਕਾਂ ਵਾਲੀਆਂ ਬੁਝਾਰਤਾਂ

(4) ਇੱਕ ਸ਼ਬਦ ਦੀ ਦੋ ਅਰਥਾਂ ਵਿੱਚ ਵਰਤੋਂ

(5) ਗੱਦ ਰੂਪੀ ਬੁਝਾਰਤਾਂ

(6) ਤੁੁੁੁਕਾਂਤ ਯੁਕਤ ਬੁਝਾਰਤਾਂ

(7) ਸੂਤਰਕ ਪੰਕਤੀਆਂ ਵਾਲੀਆਂ ਬੁਝਾਰਤਾਂ

(8) ਪ੍ਰਸ਼ਨ-ਉੱਤਰ ਸੰਬੰਧੀ ਬੁਝਾਰਤਾਂ

(1) ਇਕ-ਤੁੁਕ ਵਾਲੀਆਂ ਬੁਝਾਰਤਾਂ:-

ਇਕ ਤੁੁਕ ਵਾਲੀਆ ਬੁਝਾਰਤਾਂ ਉਹ ਹੁੰਦੀਆ ਹਨ, ਜਿਸ ਵਿੱਚ ਇੱਕ ਲਾਈਨ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਹ ਬੁਝਾਰਤਾਂ ਅਣਗਿਣਤ ਹਨ, ਜੋ ਕਿ ਪੰਜਾਬੀਆਂ ਦੁਆਰਾ ਪਾਈਆਂ ਜਾਂਦੀਆਂ ਹਨ। ਇਹਨਾਂ ਬੁਝਾਰਤਾਂ ਦਾ ਉੱਤਰ ਦੇਣ ਵਾਲਿਆ ਨੂੰ ਸਿਆਣਾ ਸਮਝਿਆ ਜਾਂਦਾ ਹੈ। ਜੋ ਇਹਨਾਂ ਬੁਝਾਰਤਾਂ ਦਾ ਉੱਤਰ ਨਹੀਂ ਦੇ ਪਾਉਂਦਾ, ਉਨ੍ਹਾਂ ਨੂੰ ਮੂਰਖ ਸਮਝਿਆ ਜਾਂਦਾ ਹੈ। ਇਹ ਇਸ ਤਰ੍ਹਾਂ ਹਨ। ਜਿਵੇਂ:-

1.ਪੰੰਜ ਸਿਰ ਉਸਦੇ ਵੇਖੋ, ਭਾਈ। (ਹੱਥਾ ਇਕੋ ਚੰਗਾ)

2. ਸੁੱਕਾ ਢੀਂਗਰ ਅੰਡੇ ਦੇਵੇ। (ਚਰਖਾ)

3. ਇੱਕ ਬਟੇੇੇਰ ਪੋਲਾ ਪੋਲਾ। (ਕੇਲਾ)

(2) ਦੋ-ਤੁਕਾਂ ਵਾਲੀਆਂ ਬੁਝਾਰਤਾਂ:-

ਦੋ ਤੁੁਕਾਂ ਵਾਲੀਆਂ ਬੁਝਾਰਤਾਂ ਵਿੱਚ ਦੋ ਲਾਈਨਾਂ ਦੀ ਵਰਤੋਂ ਨਾਲ ਬੁਝਾਰਤ ਬੁਝੀ ਜਾਂਦੀ ਹੈ। ਇਹਨਾਂ ਦੋ ਲਾਈਨਾਂ ਵਿੱਚ ਹੀ ਇਸਦਾ ਅਰਥ ਸਪਸ਼ਟ ਹੋ ਜਾਂਦਾ ਹੈ। ਇਹ ਬੁਝਾਰਤਾਂ ਬਹੁਤ ਸਰਲ ਹੁੰਦੀਆਂ ਹਨ।[3]ਜਿਵੇਂ:-

1.ਨਿੱਕੀ ਜਿਹੀ ਕੁੜੀ

ਲੈ ਪਰਾਂਦਾ ਤੁਰੀ। (ਸੂਈ)

2. ਇੱਕ ਜਾਨਵਰ ਐਸਾ

ਜਿਸ ਦੀ ਦੁੰਮ ਪਰ ਪੈਸਾ। (ਮੋਰ)
(3) ਬਹੁ-ਤੁਕਾਂ ਵਾਲੀਆਂ ਬੁਝਾਰਤਾਂ:-

ਇਹ ਬੁਝਾਰਤਾਂ ਉਹ ਹੁੰਦੀਆ ਹਨ, ਜਿਸ ਵਿੱਚ ਇੱਕ ਜਾਂ ਦੋ ਤੁਕਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਸਗੋਂ ਬਹੁ-ਤੁਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਇਸ ਤਰ੍ਹਾਂ ਹਨ:-

1. ਇੱਕ ਥਾਲ ਮੋਤੀਆਂ ਭਰਿਆ

ਸਭ ਦੇ ਸਿਰ ਪਰ ਉਲਟਾ ਧਰਿਆ

ਚਾਰੇ ਪਾਸੇ ਥਾਲ ਉਹ ਫਿਰੇ

ਮੋੋਤੀ ਉਸ ਚੋਂ ਇੱਕ ਨਾ ਕਿਰੇ। (ਅਕਾਸ਼)

2. ਲੌਂਗ ਇਲਾਇਚੀ ਨਹਾਉਣ ਚੱਲੇ

ਲਾਚੀ ਮਾਰੀ ਟੁੱਭੀ

ਲੌਂਗ ਸਿਰੋ ਸਿਰ ਪਿੱਟਣ

ਹਾਇ ਹਾਇ ਲਾਚੀ ਡੁਬੀ।(ਲੱਜ ਤੇ ਘੜਾ)[4]

(4) ਇੱਕ ਸ਼ਬਦ ਦੀ ਦੋ ਅਰਥਾਂ ਵਿੱਚ ਵਰਤੋਂ:-

ਕੁੁਝ ਬੁਝਾਰਤਾਂ ਅਜਿਹੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਵਿੱਚ ਇੱਕ ਸ਼ਬਦ ਦੀ ਦੋ ਅਰਥਾਂ ਵਿੱਚ ਵਰਤੋਂ ਕੀਤੀ ਜਾਂਦੀ ਹੈ। ਜਿਵੇਂ:-

ਪੰੰਜ ਮੱਝਾਂ ਦੋ ਕੱਟੀਆਂ

ਤਿੰਨ ਪੂੂਲੇ ਲਿਆਈਆਂ ਜੱਟੀਆਂ

ਪੂੂੂਲਾ-ਪੂੂੂਲਾ ਪਾਉਣਾ

ਭੰੰਨ ਕੇ ਨਹੀਂ ਗੁਆਉਣਾ।

ਅਤੇ

ਇਕ ਆਜੜੀ ਜੰਗਲ ਧਾਇਆ

ਤਿੰਨ ਲੈ ਗਿਆ ਚਾਰ ਲੈ ਆਇਆ

ਨਾ ਵਧੀ ਤੇ ਨਾ ਫੁਲੀ

ਚੌੌੌਥੀ ਬਕਰੀ ਕਿੱਥੋਂ ਰਲੀ ? (ਇੱਥੇ ਚਾਰ ਦਾ ਅਰਥ ਚੁਗਣ ਤੋਂ ਹੈ)[3]

(5) ਗੱੱਦ ਰੂਪੀ ਬੁਝਾਰਤਾਂ:-

ਗੱੱਦ ਰੂਪੀ ਬੁਝਾਰਤਾਂ ਨੂੰ ਤੁਕਾਂਤ ਮੁਕਤ ਬੁਝਾਰਤਾਂ ਵੀ ਕਹਿੰਦੇ ਹਨ। ਪੰਜਾਬੀ ਵਿੱਚ ਕਈ ਅਜਿਹੀਆਂ ਹਨ, ਜਿਨ੍ਹਾਂ ਵਿੱਚ ਤੁਕਾਂਤ ਰੱਖਣ ਦੀ ਜਾਂ ਗੱਦ ਰੱਖਣ ਦੀ ਲੋੜ ਮਹਿਸੂਸ ਨਹੀਂ ਕੀਤੀ ਗਈ। ਜਿਵੇਂ:-

1.ਅੰੰਨੀ ਕੋਠੜੀ, ਪੰਜ ਚੋਰ।

2. ਤੂੂੰ ਚੱਲ ਮੈਂ ਆਇਆ।

(6) ਤੁਕਾਂਤ ਯੁੁੁਕਤ ਬੁਝਾਰਤਾਂ:-

ਬੁਝਾਰਤਾਂ ਦੀ ਇੱਕ ਹੋੋੋਰ ਵੰਨਗੀ ਹੈ, ਜਿਸਨੂੰ ਤੁਕਾਂਤ ਯੁਕਤ ਬੁਝਾਰਤਾਂ ਦੇ ਨਾਂ ਵਜੋਂ ਜਾਣਿਆ ਜਾਂਦਾ ਹੈ। ਜਿਵੇਂ:-

1.ਹਨੇਰ ਹਨੇਰ ਘੁੱਪ ਥੰਮੀਆਂ

ਨੂੂੰਹ ਨੇ ਮਾਰੀ ਟੱਕਰ ਸਹੁਰਾ ਜੰਮਿਆ। (ਕੁੰਜੀ ਜੰਦਰਾ)

2. ਦੋ ਕਬੂਤਰ ਜੋੜੇ, ਜੋੜੀ ਖੰਭ ਉਨ੍ਹਾਂ ਦੇ ਕਾਲੇ।

ਚਾਲ ਉਨ੍ਹਾਂ ਦੀ ਅਟਕੀ ਮਟਕੀ, ਰੱਬ ਉਨ੍ਹਾਂ ਨੂੰ ਪਾਲੇ। (ਅੱਖਾਂ)[2]

(7) ਸੂਤਰਕ ਪੰਕਤੀਆਂ ਵਾਲੀਆਂ ਬੁਝਾਰਤਾਂ:-

ਇਸ ਸ੍ਰੇਣੀ ਵਿੱਚ ਉਹ ਬੁਝਾਰਤਾਂ ਆਉਂਦੀਆਂ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਸੂਤਰਕ ਸਤਰਾਂ ਨੂੰ ਪ੍ਰਗਟਾਇਆ ਜਾਂਦਾ ਹੈ। ਜਿਵੇਂ:-

1.ਬਾਤ ਪਾਵਾਂ ਬਤੋਲੀ ਪਾਵਾਂ।

2.ਇਕ ਬਾਤ ਕਰਤਾਰੋ ਪਾਈਏ।

(8) ਪ੍ਰਸ਼ਨ-ਉੱਤਰ ਨਾਲ ਸੰਬੰਧਿਤ ਬੁਝਾਰਤਾਂ:-

ਕੁਝ ਬੁਝਾਰਤਾਂ ਅਜਿਹੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਦੇ ਪਹਿਲੇ ਭਾਗ ਵਿੱਚ ਪ੍ਰਸ਼ਨ ਕੀਤਾ ਜਾਂਦਾ ਹੈ ਅਤੇ ਦੂਜੇ ਭਾਗ ਵਿੱਚ ਉਸਦਾ ਉੱਤਰ ਦਿੱਤਾ ਜਾਂਦਾ ਹੈ।ਜਿਵੇਂ:-

ਪ੍ਰਸ਼ਨ:- ਅੱੱਠ ਪੱਤਣ ਨੇ ਬੇੜੀਆਂ, ਕੋਈ ਪਾਣੀ ਘੁੰਮਣ ਘੇਰ

ਜੇ ਤੂੰ ਬਹੁਤ ਚਤਰ ਹੈ, ਦਸ ਪਾਣੀ ਕਿਤਨੇ ਸੇਰ

ਉੱੱਤਰ- "ਅੱੱਠ ਪੱਤਣ ਨੌਂ ਬੇੜੀਆਂ, ਪਾਣੀ ਘੁੰਮਣ ਘੇਰ

ਜਿਤਨੇ ਪਤ ਨੇ ਬਣੋਬਨਾਸ ਦੇ, ਪਾਣੀ ਉਤਨੇ ਸੇਰ।"[5]

ਹਵਾਲੇ

[ਸੋਧੋ]
  1. 1.0 1.1 ਡਾ. ਭੁਪਿੰਦਰ ਸਿੰਘ ਖਹਿਰਾ, ਡਾ. ਸੁਰਜੀਤ ਸਿੰਘ (2016). ਲੋਕਧਾਰਾ ਦੀ ਭੂਮਿਕਾ. Patiala: ਰਾਜਪੁਰਾ ਪ੍ਰਿੰਟਿੰਗ ਪ੍ਰੈਸ. pp. 52, 54. ISBN 81-302-0207-7.
  2. 2.0 2.1 ਡਾ. ਪਰਮਿੰਦਰ ਸਿੰਘ (2013). ਪੰਜਾਬੀ ਸਾਹਿਤ ਦਾ ਇਤਿਹਾਸ. Patiala: ਬਲ ਪ੍ਰਿੰਟਰਜ਼. p. 21. ISBN 81-7380-009-X.
  3. 3.0 3.1 ਡਾ. ਕਰਨੈਲ ਸਿੰਘ ਥਿੰਦ (1996). ਪੰਜਾਬ ਦਾ ਲੋਕ ਵਿਰਸਾ. Patiala: ਪਬਲੀਕੇਸ਼ਨ ਬਿਊਰੋ. pp. 157, 158. ISBN 978-81-934-1639-6.
  4. ਸ੍ਰੀਮਤੀ ਰਜਿੰਦਰ ਚੌਹਾਨ (2015). ਲਾਜ਼ਮੀ ਪੰਜਾਬੀ. Jalandhar: ਨਿਊ ਵਰਮਾ ਪ੍ਰਿੰਟਿੰਗ ਪ੍ਰੈਸ. p. 97. ISBN 978-81-8401-389-4.
  5. ਡਾ.ਗੁਰਵਿੰਦਰ ਸਿੰਘ (2005). ਪੰਜਾਬੀ ਬੁਝਾਰਤਾਂ. Jalandhar: ਲੋਕਗੀਤ ਪ੍ਰਕਾਸ਼ਨ. pp. 58, 57. ISBN 978-81-8401-343-6.