ਬੁਸ਼ਰਾ ਏਜਾਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੁਸ਼ਰਾ ਏਜਾਜ਼ (ਜਨਮ 18 ਜੂਨ 1959) ਪਾਕਿਸਤਾਨ ਦੀ ਪ੍ਰਸਿੱਧ ਲੇਖਿਕਾ ਹੈ। ਉਹ ਸ਼ਾਇਰਾ, ਗਲਪਕਾਰ ਅਤੇ ਰੋਜ਼ਨਾਮਾ ਨਈ ਬਾਤ ਦੀ ਕਾਲਮ ਨਿਗਾਰ ਹੈ।

ਬੁਸ਼ਰਾ ਏਜ਼ਾਜ ਪਾਕਿਸਤਾਨੀ ਪੰਜਾਬੀ ਸਾਹਿਤ ਦਾ ਅਜਿਹਾ ਉਭਰਵਾਂ ਹਸਤਾਖਰ ਹੈ ਜਿਸ ਨੇ ਪਿਛਲੇ ਥੋੜੇ ਸਮੇਂ ਵਿੱਚ ਹੀ ਪੂਰਵੀ ਪੰਜਾਬੀ ਦੇ ਪਾਠਕਾਂ/ਸਮੀਖਿਅਕਾਂ ਦਾ ਧਿਆਨ ਖਿੱਚਿਆ ਹੈ।ਉਹ ਮੂਲ ਰੂਪ ਵਿੱਚ ਉਰਦੂ ਲੇਖਿਕਾ ਹੈ ਪਰ ਪੂਰਵੀ ਅਤੇ ਪੱਛਮੀ ਪੰਜਾਬ ਦੇ ਸਾਹਿਤਕ ਅਦਾਨ-ਪ੍ਰਦਾਨ ਦੁਆਰਾ ਉਪਲਬਧ ਮੌਕਿਆਂ ਨੇ ਉਸ ਨੂੰ ਉਰਦੂ ਤੋਂ ਪੰਜਾਬੀ ਵੱਲ ਆਉਣ ਲਈ ਪ੍ਰੇਰਿਤ ਕੀਤਾ।[1]

ਜੀਵਨ[ਸੋਧੋ]

ਬੁਸ਼ਰਾ ਏਜ਼ਾਜ ਦਾ ਜਨਮ 18 ਜੂਨ 1959 ਨੂੰ ਕੋਟ ਫਜ਼ਲ,ਜ਼ਿਲਾ ਸਰਗੋਧਾ,ਪੰਜਾਬ(ਪਾਕਿਸਤਾਨ) ਵਿੱਚ ਹੋਇਆ।ਸੱਤਵੀਂ ਜਮਾਤ ਵਿੱਚ ਪੜ੍ਹਦਿਆਂ 12 ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਚੌਧਰੀ ਏਜ਼ਾਜ ਅਹਿਮਦ ਨਾਲ ਹੋ ਗਿਆ।ਬੱਚਿਆਂ ਦੀ ਪੜ੍ਹਾਈ ਲਈ ਉਹ ਲਾਹੌਰ ਆ ਗਈ।ਉਸ ਨੇ ਆਪਣੀ ਪੜ੍ਹਾਈ ਵੀ ਸ਼ੁਰੂ ਕਰ ਦਿੱਤੀ।ਬੀ.ਏ. ਤੱਕ ਤਾਲੀਮ ਹਾਸਿਲ ਕੀਤੀ।

ਸਾਹਿਤਕ ਸਫ਼ਰ[ਸੋਧੋ]

ਬੁਸ਼ਰਾ ਏਜ਼ਾਜ ਨੇ ਆਪਣਾ ਸਾਹਿਤਕ ਸਫ਼ਰ 1989-90 ਤੋਂ ਸ਼ੁਰੂ ਕੀਤਾ।ਲਿਖਣ ਦੀ ਸ਼ੁਰੂਆਤ ਉਸਨੇ ਉਰਦੂ ਜ਼ਬਾਨ ਵਿੱਚ ਕੀਤੀ।ਏਜ਼ਾਜ ਦੀ ਜ਼ਿੰਦਗੀ ਦੀ ਅਹਿਮ ਘਟਨਾ ਛੋਟੀ ਉਮਰ ਵਿੱਚ ਸ਼ਾਦੀ ਦਾ ਹੋ ਜਾਣਾ ਤੇ ਮਾਂ ਤੋਂ ਦੂਰ ਹੋਣਾ ਸੀ।ਇਹ ਇਕਲਾਪਾ ਉਸਨੂੰ ਸ਼ਾਇਰੀ ਦੀ ਦਰਗਾਹ ਤੱਕ ਲੈ ਗਿਆ।ਉਹ ਕਹਿੰਦੀ ਹੈ, “ਮਾਂ ਦੀ ਮੁਹਬੱਤ ਉਸ ਦੀ ਲੇਖਣੀ ਦਾ ਮੁੱਖ ਮੁੱਦਾ ਹੈ।”[2]

ਰਚਨਾਵਾਂ[ਸੋਧੋ]

ਸਫਰਨਾਮੇ[ਸੋਧੋ]

  • ਅਰਜ਼ਿ ਹਾਲ
  • ਆਂਖੇ ਦੇਖਤੀ ਰਹਿਤੀ ਹੈਂ
  • ਮੇਰੀ ਹੱਜ ਯਾਤਰਾ

ਕਾਵਿ-ਸੰਗ੍ਰਹਿ[ਸੋਧੋ]

  • ਪੱਬਾਂ ਭਾਰ
  • ਭੁਲੇਖਾ
  • ਖੁਆਬ ਤੋਂ ਜਰਾ ਪਹਿਲਾਂ
  • ਆਖੋਂ ਕਾ ਪਹਿਲਾ ਸੂਰਜ

ਕਹਾਣੀ-ਸੰਗ੍ਰਹਿ[ਸੋਧੋ]

  • ਅੱਜ ਦੀ ਸ਼ਹਿਰਜਾਦ(ਪੰਜਾਬੀ ਅਨੁ.-ਅਨਵਰ ਚਿਰਾਗ)
  • ਕਤਰਨਾਂ ਤੋਂ ਬਣੀ ਔਰਤ(ਪੰਜਾਬੀ ਅਨੁ.- ਮਹੁੰਮਦ ਜਮੀਲ,ਰਾਸ਼ਿਦ ਰਸ਼ੀਦ)
  • ਬਾਰਾਂ ਆਨਿਆਂ ਦੀ ਔਰਤ(ਪੰਜਾਬੀ ਅਨੁ.- ਕੁਲਜੀਤ ਕਪੂਰ)
  • ਕਾਂਗ(ਨਾਵਲ)
  • ਈਮਾਨ ਦੀ ਕਹਾਣੀ(ਨਾਵਲਿਟ)
  • ਰੂਹਾਨੀ ਰਾਹਾਂ ਦਾ ਮੁਸਾਫਿਰ(ਜੀਵਨੀ)
  • ਤਸੱਵੁਰਾਤ(ਵਾਰਤਕ)

ਸਨਮਾਨ[ਸੋਧੋ]

  • ਸ਼ਿਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ 2006,ਭਾਸ਼ਾ ਵਿਭਾਗ,ਪੰਜਾਬ,ਪਟਿਆਲਾ
  • ਆਦਿਬ ਐਵਾਰਡ 2005,ਜਸ਼ਨ-ਏ-ਸਾਹਿਰ,ਅਦੀਬ ਇੰਟਰਨੈਸ਼ਨਲ ਸਾਹਿਰ ਕਲਚਰਲ ਅਕਾਦਮੀ,ਲੁਧਿਆਣਾ
  • ਭਰਾਏ ਹੁਸਨ-ਏ-ਕਾਰ ਕਰਦਰੀ ਐਵਾਰਡ,ਲੋਕ ਅਦਬੀ ਮਜਲਿਸ,ਲਾਹੌਰ

ਸਾਹਿਤਕ ਪੜਚੋਲ[ਸੋਧੋ]

ਬੁਸ਼ਰਾ ਏਜ਼ਾਜ ਨੇ ਆਪਣੀਆਂ ਕਹਾਣੀਆਂ ਵਿੱਚ ਨਾਰੀ ਮਨ ਦੀਆਂ ਵਿਭਿੰਨ ਪਰਤਾਂ ਅਤੇ ਉਸ ਦੇ ਵਜੂਦ ਨਾਲ ਵਾਬਸਤਾ ਸਮਾਜਿਕ ਸਮੱਸਿਆਵਾਂ ਨੂੰ ਬਿਆਨ ਕੀਤਾ ਹੈ।ਉਸ ਦੀਆਂ ਕਹਾਣੀਆਂ ਸਹਿਜ,ਸੰਜਮ ਤੇ ਸਤੁੰਲਨ ਦੀਆਂ ਧਾਰਨੀ ਹਨ।[3] ਬੁਸ਼ਰਾ ਏਜ਼ਾਜ ਦਾ ਅਨੁਭਵ ਵਿਸ਼ਾਲ ਹੈ ਅਤੇ ਭਾਸ਼ਾ ਉੱਪਰ ਉਸ ਦੀ ਪੂਰੀ ਪਕੜ ਹੈ।ਉਹ ਇੱਕ ਚੰਗੀ ਕਹਾਣੀਕਾਰ ਹੋਣ ਤੋਂ ਇਲਾਵਾ ਇੱਕ ਚੰਗੀ ਸ਼ਾਇਰਾ ਹੋਣ ਦੇ ਨਾਤੇ ਉਸ ਜ਼ਜ਼ਬੇ ਦੀਆਂ ਪਰਤਾਂ ਨੂੰ ਖੋਲਦੀ ਚਲੀ ਜਾਂਦੀ ਹੈ ਜਿਸ ਨੇ ਉਸ ਨੂੰ ਕਲਾਤਮਿਕ ਸਿਰਜਣਾ ਲਈ ਮਜਬੂਰ ਕੀਤਾ।[4] ਉਹ ਇੱਕੋ ਵੇਲੇ ਪਰੰਪਰਾਵਾਦੀ ਹੁੰਦੀ ਹੋਈ ਵੀ ਆਧੁਨਿਕ ਹੈ ਅਤੇ ਆਧੁਨਿਕ ਹੁੰਦੀ ਹੋਈ ਵੀ ਪਰੰਪਰਾਵਾਦੀ ਹੈ।[5] ਔਰਤ ਹੋਣ ਦੇ ਕਰ ਕੇ ਉਹ ਔਰਤ ਦੀਆਂ ਮਜ਼ਬੂਰੀਆਂ ਨੂੰ ਸਿਰਫ਼ ਬੌਧਿਕ ਤੌਰ 'ਤੇ ਸਮਝਦੀ ਹੀ ਨਹੀਂ ਬਲਕਿ ਭਾਵੁਕ ਤੌਰ 'ਤੇ ਵੀ ਮਹਿਸੂਸ ਕਰਦੀ ਹੈ।[6]

ਹਵਾਲੇ[ਸੋਧੋ]

  1. ਡਾ. ਸੁਰਜੀਤ ਸਿੰਘ,ਬੁਸ਼ਰਾ ਏਜ਼ਾਜ ਦੀ ਸਾਹਿਤ ਚੇਤਨਾ
  2. ਡਾ. ਸੁਖਦੇਵ ਸਿੰਘ,ਬੋਝੇ‘ਚ ਰੱਬ ਵਾਲੀ ਬੁਸ਼ਰਾ ਏਜ਼ਾਜ-ਇੱਕ ਮੁਲਾਕਾਤ
  3. ਡਾ. ਕੁਲਜੀਤ ਕਪੂਰ, ਬਾਰਾਂ ਆਨਿਆਂ ਦੀ ਔਰਤ ਕਹਾਣੀ ਦੀ ਭੂਮਿਕਾ
  4. ਅਹਿਮਦ ਨਦੀਮ ਕਾਸਮੀ, ਅੱਜ ਦੀ ਸੁਹਿਰਜਾਦ
  5. ਡਾ.ਅਨਵਰ ਚਿਰਾਗ,ਅੱਜ ਦੀ ਸੁਹਿਰਜਾਦ (ਭੂਮਿਕਾ)
  6. ਡਾ.ਦਲੀਪ ਕੌਰ ਟਿਵਾਣਾ, ਬੁਸ਼ਰਾ ਏਜ਼ਾਜ ਸਾਹਿਤ ਚਿੰਤਨ