ਬੁੱਕਲ ਮਾਰਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਖੇਸੀ, ਦੁਪੱਟੇ ਅਤੇ ਭੂਰੀ ਦੇ ਉੱਪਰ ਲੈਣ ਦੇ ਇਕ ਢੰਗ ਨੂੰ ਬੁੱਕਲ ਮਾਰਨਾ ਕਹਿੰਦੇ ਹਨ। ਬੁੱਕਲ ਸਰਦੀ ਦੇ ਮੌਸਮ ਵਿਚ ਠੰਡ ਤੋਂ ਬਚਣ ਲਈ ਮਾਰੀ ਜਾਂਦੀ ਹੈ। ਬੁੱਕਲ ਮਾਰਨ ਸਮੇਂ ਖੇਸੀ/ਦੁਪੱਟੇ/ਭੂਰੀ ਦੇ ਇਕ ਲੜ ਨੂੰ ਮੋਢੇ ਉੱਪਰ ਦੀ ਲੈ ਕੇ ਪਿੱਛੇ ਲਮਕਦਾ ਛੱਡਿਆ ਜਾਂਦਾ ਹੈ। ਬੁੱਕਲ ਦੇ ਢੰਗ ਨਾਲ ਉੱਪਰ ਲਏ ਕੱਪੜੇ ਨੂੰ ਬੁੱਕਲ ਮਾਰਨਾ ਕਹਿੰਦੇ ਹਨ। ਬੁੱਕਲ ਦੀਆਂ ਕਈ ਕਿਸਮਾਂ ਹਨ। ਇਕ ਸਿੱਧੀ ਬੁੱਕਲ ਹੁੰਦੀ ਹੈ ਜੋ ਕੱਪੜੇ ਦੇ ਇਕ ਲੜ ਨੂੰ ਖੱਬੇ ਮੋਢੇ ਉੱਪਰ ਦੀ ਲੈ ਕੇ ਪਿੱਛੇ ਲਮਕਦਾ ਛੱਡ ਕੇ ਮਾਰੀ ਜਾਂਦੀ ਹੈ। ਜੋ ਬੁੱਕਲ ਕੱਪੜੇ ਦੇ ਇਕ ਲੜ ਨੂੰ ਸੱਜੇ ਮੋਢੇ ਉੱਪਰ ਦੀ ਲੈ ਕੇ ਪਿੱਛੇ ਲਮਕਦਾ ਛੱਡ ਕੇ ਮਾਰੀ ਜਾਂਦੀ ਹੈ, ਉਸ ਨੂੰ ਪੁੱਠੀ ਬੁੱਕਲ ਕਹਿੰਦੇ ਹਨ। ਜੋ ਬੁੱਕਲ ਢਿੱਲੀ ਜਿਹੀ ਮਾਰੀ ਜਾਂਦੀ ਹੋਵੇ, ਉਸ ਨੂੰ ਢਿੱਲੀ ਬੁੱਕਲ ਕਹਿੰਦੇ ਹਨ। ਜੋ ਬੁੱਕਲ ਕੱਸ ਕੇ ਮਾਰੀ ਜਾਂਦੀ ਹੋਵੇ, ਉਸ ਨੂੰ ਕਸਵੀਂ ਬੁੱਕਲ ਕਹਿੰਦੇ ਹਨ। ਜੋ ਬੁੱਕਲ ਕੱਪੜੇ ਦੇ ਇਕ ਲੜ ਨੂੰ ਖੱਬੇ/ਸੱਜੇ ਮੋਢੇ ਉੱਪਰ ਦੀ ਲੈ ਕੇ ਪਿੱਛੇ ਲਮਕਦਾ ਛੱਡਿਆ ਹੁੰਦਾ ਹੈ ਤੇ ਉਸ ਲੜ ਨੂੰ ਫੇਰ ਖੱਬੇ/ਸੱਜੇ ਮੋਢੇ ਉੱਪਰ ਦੀ ਲੈ ਕੇ ਪਿੱਛੇ ਲਮਕਦਾ ਛੱਡਿਆ ਜਾਵੇ, ਉਸ ਬੁੱਕਲ ਨੂੰ ਦੋਹਰੀ ਬੁੱਕਲ ਕਹਿੰਦੇ ਹਨ। ਦੋਹਰੀ ਬੁੱਕਲ ਮਾਰਨ ਲਈ ਖੇਸੀ/ਦੁਪੱਟੇ/ਭੂਰੀ ਸਾਈਜ਼ ਵਿਚ ਬੜੀ ਹੁੰਦੀ ਹੈ। ਜਿਸ ਬੁੱਕਲ ਨੂੰ ਮਾਰ ਕੇ ਸਿਰਫ਼ ਅੱਖਾਂ ਹੀ ਨੰਗੀਆਂ ਰੱਖੀਆਂ ਜਾਣ, ਉਸ ਬੁੱਕਲ ਨੂੰ ਬੰਦ-ਗੋਭੀ ਬੁੱਕਲ ਕਹਿੰਦੇ ਹਨ।ਬੰਦ-ਗੋਭੀ ਬੁੱਕਲ ਕੱਪੜੇ ਨੂੰ ਸਿਰ ਉੱਪਰ ਰੱਖ ਕੇ ਮਾਰੀ ਜਾਂਦੀ ਹੈ।

ਪਹਿਲੇ ਸਮਿਆਂ ਵਿਚ ਜਦ ਮਨੁੱਖ ਜਾਤੀ ਨੂੰ ਸਵੈਟਰ, ਕੋਟੀਆਂ, ਜਾਕਟ ਅਤੇ ਕੋਟ ਸਿਉਣ ਦੀ ਸੂਝ ਨਹੀਂ ਸੀ, ਉਸ ਸਮੇਂ ਸਰਦੀ ਦੇ ਮੌਸਮ ਵਿਚ ਕਪੜੇ ਦੀਆਂ ਬੁੱਕਲਾਂ ਮਾਰ ਕੇ ਸਰਦੀ ਤੋਂ ਬਚਾ ਕੀਤਾ ਜਾਂ ਸੀ। ਹੁਣ ਸਰਦੀ ਦੇ ਮੌਸਮ ਵਿਚ ਬਹੁਤੇ ਵਿਅਕਤੀ ਸਵੈਟਰ, ਕੋਟੀਆਂ, ਜਾਕਟ ਅਤੇ ਕੋਟ ਪਾਉਂਦੇ ਹਨ। ਇਸ ਲਈ ਹੁਣ ਕੱਪੜੇ ਦੀਆਂ ਬੁੱਕਲਾਂ ਮਾਰਨ ਦਾ ਰਿਵਾਜ਼ ਕਾਫੀ ਘੱਟ ਗਿਆ ਹੈ।[1][2]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. "What is the meaning of the Punjabi word "bukal"?". Quora (in ਅੰਗਰੇਜ਼ੀ). Retrieved 2024-03-31.