ਬੋਲੀ (ਗਿੱਧਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੋਲੀ ਦਾ ਸੰਬਧ ਪੰਜਾਬੀ ਲੋਕ ਨਾਚ ਗਿੱਧੇ ਨਾਲ ਹੈ ਅਤੇ ਬੋਲੀਆਂ ਦਾ ਗਿੱਧੇ ਵਾਂਗ ਪੰਜਾਬੀ ਸੱਭਿਆਚਾਰ ਵਿੱਚ ਮੁੱਖ ਸਥਾਨ ਹੈ। ਬੋਲੀ, ਆਪਣੀ ਭਾਵਨਾਵਾਂ ਨੂੰ ਵਿਅਕਤ ਕਰਨ ਦਾ ਇੱਕ ਲੈਅ-ਬੱਧ ਤਰੀਕਾ ਹੈ ਜਿਸ ਨੂੰ ਖੁਸ਼ੀ ਦੇ ਮੌਕੇ ਉੱਪਰ ਗਾਇਆ ਜਾਂਦਾ ਹੈ। ਬੋਲੀ ਦੇ ਬੋਲਾਂ ਉੱਪਰ ਹੀ ਗਿੱਧੇ ਦੀ ਤਾਲੀ ਵਜੱਦੀ ਹੈ। ਪੰਜਾਬ ਵਿੱਚ ਭਾਂਤ-ਭਾਂਤ ਦੀਆਂ ਬੋਲੀਆਂ ਸੁਣਨ ਨੂੰ ਮਿਲ ਜਾਂਦੀਆਂ ਹਨ। ਵਿਆਹ ਸਮੇਂ ਵੀ ਨਾਨਕਾ ਮੇਲ ਅਤੇ ਦਾਦਕਾ ਮੇਲ ਵਿੱਚ ਬੋਲੀਆਂ ਦਾ ਮੁਕਾਬਲਾ ਹੁੰਦਾ ਹੈ ਅਤੇ ਦੋਹੇਂ ਧਿਰਾਂ ਬੋਲੀਆਂ ਰਾਹੀਂ ਇੱਕ ਦੂਜੇ ਨੂੰ ਟੀਚਰਾਂ ਅਤੇ ਮਖੌਲਾਂ ਕਰਦੇ ਹਨ। ਇਸੇ ਪ੍ਰਕਾਰ ਪੰਜਾਬ ਵਿੱਚ ਹਰੇਕ ਰਿਸ਼ਤੇ ਨਾਲ ਸਬੰਧਿਤ ਬੋਲੀਆਂ ਮਿਲ ਜਾਂਦੀਆਂ ਹਨ ਜਿਵੇਂ: ਦੇਵਰ ਤੇ ਭਾਬੀ, ਸੱਸ ਤੇ ਨੂੰਹ, ਸੋਹਰਾ ਤੇ ਨੂੰਹ, ਜੇਠ ਤੇ ਭਰਜਾਈ, ਨਣਾਨ - ਭਰਜਾਈ ਅਤੇ ਪਤੀ-ਪਤਨੀ ਵਰਗੀਆਂ ਬੋਲੀਆਂ ਹਨ। ਪੰਜਾਬੀਆਂ ਦਾ ਜੀਵਨ-ਅਨੁਰਾਗ ਅਤੇ ਬ੍ਰਹਿਮੰਡ ਨਾਲ਼ ਇਕਸੁਰਤਾ ਦੀ ਚੇਸ਼ਟਾ ਵੀ ਇਹਨਾਂ ਬੋਲੀਆਂ ਵਿੱਚ ਪ੍ਰਗਟ ਹੋਈ ਹੈ। ਮਰਦਾ ਅਤੇ ਇਸਤਰੀਆਂ ਦੀਆ ਬੋਲੀਆਂ ਵੱਖ-ਵੱਖ ਹੁੰਦੀਆਂ ਹਨ ਪਰ ਦੋਹਾਂ ਤਰ੍ਹਾਂ ਦੀਆਂ ਬੋਲੀਆਂ ਵਿੱਚ ਕਈਂ ਥਾਂਈ ਅਨੁਭਵ ਦੀ ਸਾਂਝ ਵੀ ਮਿਲਦੀ ਹੈ।

ਲੰਮੀਆਂ ਬੋਲੀਆਂ[ਸੋਧੋ]

ਲੰਮੀਆਂ ਬੋਲੀਆਂ ਸਮੂਹਕ ਰੂਪ ਵਿੱਚ ਗਾਇਆ ਜਾਣ ਵਾਲ਼ਾ ਲੋਕ-ਕਾਵਿ ਹੈ। ਇਸ ਵਿੱਚ ਪਹਿਲੀਆਂ ਤੁਕਾਂ ਦਾ ਤੋਲ ਅਤੇ ਤੁਕਾਂਤ ਲਗ-ਪਗ ਬਰਾਬਰ ਹੁੰਦਾ ਹੈ। ਆਖਰੀ ਤੁਕ ਜਿਸ ਨੂੰ ਤੋੜਾ ਕਿਹਾ ਜਾਂਦਾ ਹੈ ਲਗ-ਪਗ ਅੱਧੀ ਹੁੰਦੀ ਹੈ। ਲੰਮੀ ਬੋਲੀ ਗਾਉਣ ਸਮੇਂ ਪਹਿਲਾਂ ਇੱਕ ਜਣਾ ਬੋਲੀ ਸ਼ੁਰੂ ਕਰਦਾ ਹੈ। ਗਾਉਣ ਸਮੇਂ ਟੋਲੀ ਦੇ ਬਾਕੀ ਮੈਂਬਰ ਨਾਲ਼ੋ-ਨਾਲ਼ ਹੁੰਗਾਰਾ ਭਰਦੇ ਹਨ ਜੋ ਕਈ ਵਾਰੀ ਪ੍ਰਸ਼ਨ ਰੂਪ ਵਿੱਚ ਹੁੰਦਾ ਹੈ। ਜਿਵੇਂ ਜਦੋਂ ਬੋਲੀ ਗਾਉਣ ਵਾਲ਼ਾ ਗਾਉਂਦਾ ਹੈ- 'ਬਾਰ੍ਹੀਂ ਬਰਸੀਂ ਖੱਟਣ ਗਿਆ', ਬਾਕੀ ਟੋਲੀ ਪੁੱਛਦੀ ਹੈ, 'ਕੀ ਖੱਟ ਕੇ ਲਿਆਂਦਾ?' ਜਾਂ ਫਿਰ ਉਹ 'ਬੱਲੇ ਬੱਲੇ' 'ਵਾਹ ਬਈ ਵਾਹ' ਆਦਿ ਬੋਲ ਕੇ ਇਸ ਗਾਇਨ ਨੂੰ ਸਮੂਹਿਕ ਬਣਾਉਂਦੇ ਹਨ। ਜਦੋਂ ਬੋਲੀ ਮੁਕੰਮਲ ਹੋਣ 'ਤੇ ਆਉਂਦੀ ਹੈ ਤਾਂ ਤੋੜੇ ਦੀ ਤੁਕ ਨੂੰ ਭੰਗੜੇ ਜਾਂ ਗਿੱਧੇ ਦੀ ਤਿੱਖੀ ਲੈਅ ਵਿੱਚ ਸਾਰੇ ਰਲ਼ ਕੇ ਗਾਉਂਦੇ ਹਨ। ਇਸ ਨੂੰ ਬੋਲੀ ਗਾਉਣ ਦੀ ਸਿਖਰ ਕਿਹਾ ਜਾਂਦਾ ਹੈ।

ਔਰਤਾਂ ਦੀਆ ਬੋਲੀਆਂ[ਸੋਧੋ]

ਔਰਤਾਂ ਬੋਲੀਆਂ ਨੂੰ ਗਿੱਧੇ ਵਿੱਚ ਗਾਉਂਦੀਆਂ ਹਨ। ਔਰਤਾਂ ਦੀਆਂ ਬੋਲੀਆਂ ਵਿੱਚ ਉਹਨਾਂ ਦੀ ਹਰ ਜੀਵਨ-ਅਵਸਥਾ ਦੇ ਅਨੁਭਵ ਤੇ ਮਾਨਸਿਕਤਾ ਅਤੇ ਜਜ਼ਬਾਤੀ ਘੁਟਣ ਨੂੰ ਪ੍ਰਗਟਾਵਾ ਮਿਲਿਆ ਹੈ।

ਮਰਦਾ ਦੀਆ ਬੋਲੀਆਂ[ਸੋਧੋ]

ਬੋਲੀ ਨੂੰ ਮਰਦ ਵੀ ਗਾਉਂਦੇ ਹਨ, ਮਰਦ ਇਸ ਨੂੰ ਭੰਗੜੇ ਵਿੱਚ ਗਾਉਂਦੇ ਹਨ ਮਰਦਾਂ ਦੀਆਂ ਬੋਲੀਆਂ ਵਿੱਚ ਮਰਦਾਂ ਦੀ ਦਿ੍ਸ਼ਟੀ ਤੋਂ ਸੰਸਾਰ ਨੂੰ ਵੇਖਿਆ ਗਿਆ ਹੈ। ਇਹਨਾਂ ਵਿੱਚ ਇਸਤਰੀ-ਰੂਪ ਦੀ ਵਡਿਆਈ, ਕਿਸਾਨੀ ਜੀਵਨ ਦੇ ਅਨੁਭਵ ਵਿੱਚ ਆਉਂਦੀ ਪ੍ਰਕਿਰਤੀ,ਫ਼ਸਲੀ-ਚਕਰ,ਮੇਲੇ ਤਿਉਹਾਰ,ਆਰਥਿਕ ਤੇ ਸਮਾਜਿਕ ਪਹਿਲੂ ਝਲਕਦੇ ਹਨ।

ਬੋਲੀਆਂ ਦਾ ਸਮਾਜਿਕ ਜੀਵਨ ਨਾਲ ਸੰਬੰਧ[ਸੋਧੋ]

ਬੋਲੀਆਂ ਰਿਸ਼ਤਿਆਂ ਤੋਂ ਇਲਾਵਾ ਗਹਿਣਿਆਂ ਉੱਪਰ ਵੀ ਗਾਈਆਂ ਜਾਂਦੀਆਂ ਹਨ, ਜਿਵੇਂ: ਲੌਂਗ, ਵੰਗਾਂ, ਪੰਜੇਬਾਂ, ਨੱਤੀਆਂ, ਕੈਂਠਾ, ਤਵਿਤੀ, ਵਾਲੀਆਂ ਵਰਗੇ ਹਰੇਕ ਗਹਿਣੇ ਤੇ ਬੋਲੀ ਪੈ ਜਾਂਦੀ ਹੈ।!!

ਬੋਲੀਆਂ ਦਾ ਜੀਵਨ ਵਸਤਾਂ ਨਾਲ ਸੰਬੰਧ[ਸੋਧੋ]

ਇਸ ਤੋਂ ਬਿਨਾਂ ਸ਼ਿੰਗਾਰ ਸਮਗਰੀ ਉੱਪਰ ਵੀ ਵੱਖੋ- ਵੱਖਰੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ, ਜਿਵੇਂ: ਸੂਰਮਾ, ਲਾਲੀ, ਪਾਉਡਰ, ਸੁਰਖੀ। ਇਹਨਾਂ ਵਸਤਾਂ ਵਾਂਗ ਪੰਜਾਬੀ ਪਹਿਰਾਵੇ ਉੱਪਰ ਵੀ ਅਨੇਕਾਂ ਬੋਲੀਆਂ ਪਾਈਆਂ ਜਾਂਦੀਆਂ ਹਨ। ਸਮੇਂ ਸਮੇਂ ਅਨੁਸਾਰ ਵਸਤਾਂ, ਰਿਸ਼ਤਿਆਂ, ਪਹਿਰਾਵੇ, ਗਹਿਣਿਆਂ, ਸਮਗਰੀਆਂ ਉੱਪਰ ਨਵੀਆਂ ਬੋਲੀਆਂ ਬਣਦੀਆਂ ਰਹਿੰਦੀਆਂ ਹਨ।

ਪੰਜਾਬੀ ਬੋਲੀਆਂ[ਸੋਧੋ]

ਜੇ ਜੱਟੀਏ ਜੱਟ ਕੁੱਟਣਾ ਹੋਵੇ
ਕੁੱਟੀਏ ਸੰਦੂਕਾਂ ਓਹਲੇ
ਪਹਿਲਾ ਜੱਟ ਤੋਂ ਦਾਲ ਦਲਾਈਏ
ਫੇਰ ਦਲਾਈਏ ਛੋਲੇ 
ਜੱਟੀਏ ਦੇ ਦਬਕਾ ਜੱਟ ਨਾ ਬਰਾਬਰ ਬੋਲੇ
ਬੱਗੀ ਘੋੜੀ ਵਾਲਿਆ ਮੈਂ ਬੱਗੀ ਹੁੰਦੀ ਜਾਨੀ ਆਂ
ਤੇਰਾ ਗਮ ਖਾ ਗਿਆ ਮੈਂ ਅੱਧੀ ਹੁੰਦੀ ਜਾਨੀ ਆਂ
ਆਪ ਤਾਂ ਮੁੰਡੇ ਨੇ ਕੈਂਠਾ ਵੀ ਕਰਾ ਲਿਆ
ਸਾਨੂੰ ਵੀ ਕਰਾਦੇ ਛਲੇ ਮੁੰਡਿਆ 
ਭਾਵੇਂ ਲਾ ਬੱਠਲਾਂ ਨੂੰ ਥੱਲੇ ਮੁੰਡਿਆ
ਮੇਰੀ ਸੱਸ ਬੜੀ ਕਪੱਤੀ 
ਪੈਰੀਂ ਪਾਉਣ ਨਾ ਦੇਵੇ ਜੁੱਤੀ
ਮੈਂ ਵੀ ਜੁੱਤੀ ਪਾਉਣੀ ਆ
ਮੁੰਡਿਆ ਰਾਜੀ ਰਹਿ ਜਾ 
ਗੁੱਸੇ ਤੇਰੀ ਮਾਂ ਖੜਕੋਣੀ ਆ
ਸੱਸ ਮੇਰੀ ਨੇ ਮੁੰਡੇ ਜੰਮੇ
ਜੰਮ ਜੰਮ ਭਰਤੀ ਛਾਉਣੀ
ਨੀ ਜੱਦ ਮੂਤਣ ਬਹਿੰਦੇ
ਕਿਲੇ ਦੀ ਕਰਦੇ ਰੌਣੀ

ਹਵਾਲੇ[ਸੋਧੋ]