ਭਾਨ ਸਿੰਘ ਮਾਹੀ
ਭਾਨ ਸਿੰਘ ਮਾਹੀ ਵੀਹਵੀਂ ਸਦੀ ਦੇ ਸੱਤਵੇਂ ਤੇ ਅੱਠਵੇਂ ਦਹਾਕੇ ਦਾ ਸਰਗਰਮ ਪੰਜਾਬੀ ਗਾਇਕ ਹੈ ਜੋ ਪੰਜਾਬੀ ਗਾਇਕੀ ਦੇ ਪਿੜ ਵਿੱਚ ਆਪਣੇ ਗੀਤ 'ਰਾਤੀਂ ਜਾਗ ਹੰਝੂਆਂ ਦਾ ਕਿਸ ਲਾਇਆ, ਦੁੱਧ ਨੂੰ ਮਧਾਣੀ ਪੁੱਛਦੀ’ ਨਾਲ ਸਥਾਪਿਤ ਹੋਇਆ।
ਜੀਵਨ ਤੇ ਗਾਇਕੀ ਦਾ ਸਫ਼ਰ
[ਸੋਧੋ]ਭਾਨ ਸਿੰਘ ਮਾਹੀ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭਲਾਣਾ ਵਿਖੇ ਪਿਤਾ ਸ੍ਰੀ ਕਰਤਾਰ ਸਿੰਘ ਤੇ ਮਾਤਾ ਸ੍ਰੀਮਤੀ ਬਸੰਤ ਕੌਰ ਦੇ ਘਰ 1 ਜਨਵਰੀ 1940 ਨੂੰ ਹੋਇਆ। ਛੋਟੇ ਹੁੰਦਿਆਂ ਹੀ ਉਸਨੂੰ ਗਾਇਕੀ ਨਾਲ ਲਗਾਅ ਸੀ ਤੇ ਕੁਦਰਤੀ ਉਸਦੀ ਆਵਾਜ਼ ਵੀ ਸੁਰੀਲੀ ਸੀ। ਉਹ ਛੋਟਾ ਹੁੰਦਾ ਗੁਰਦੁਆਰੇ ਕੀਰਤਨ ਸੁਣਦਾ ਰਹਿੰਦਾ। ਇੱਕ ਦਿਨ ਉਸਦੀ ਵੱਡੀ ਭਰਜਾਈ ਨੇ ਉਸ ਨੂੰ ਇੱਕ ਸ਼ਬਦ ਯਾਦ ਕਰਵਾ ਦਿੱਤਾ। ਜਦੋਂ ਭਾਨ ਨੇ ਗੁਰਦੁਆਰੇ ਇਹ ਸ਼ਬਦ ਗਾਇਆ ਤਾਂ ਸੰਗਤ ਨੂੰ ਬਹੁਤ ਪਸੰਦ ਆਇਆ। ਇਸੇ ਤਰਾਂ ਹੀ ਉਹ ਸਕੂਲ ਦੀਆਂ ਬਾਲ ਸਭਾਵਾਂ ਵਿੱਚ ਗਾਉਣ ਲੱਗ ਪਿਆ। ਛੋਟੀ ਉਮਰ ਵਿੱਚ ਹੀ ਉਸ ਨੇ ਗਵੰਤਰੀ ਪਾਲ ਸਿੰਘ ਜੰਡਿਆਲਾ ਕੋਲੋਂ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ। ਭਾਨ ਸਿੰਘ ਆਪਣੇ ਉਸਤਾਦ ਨਾਲ ਘੁੰਗਰੂ ਵਜਾਉਂਦਾ ਅਤੇ ਗਾਉਂਦਾ। ਨਾਲ ਨਾਲ ਉਸ ਨੇ ਤੂੰਬੀ ਵਜਾਉਣੀ ਵੀ ਸਿੱਖ ਲਈ। ਉਸਤਾਦ ਨੇ ਭਾਨ ਸਿੰਘ ਨੂੰ ਲੋਕ ਗਾਥਾਵਾਂ ਹੀਰ ਰਾਂਝਾ, ਮਿਰਜ਼ਾ, ਸੱਸੀ, ਸੋਹਣੀ, ਦਹੂਦ ਬਾਦਸ਼ਾਹ, ਦੁੱਲਾ ਭੱਟੀ ਯਾਦ ਕਰਵਾ ਦਿੱਤੀਆਂ। ਇਹ ਸਾਰੀਆਂ ਗਥਾਵਾਂ ਉਸ ਨੇ ਪਾਲ ਸਿੰਘ ਜੰਡਿਆਲਾ ਨਾਲ ਰੇਡੀਓ 'ਤੇ ਗਾਈਆਂ ਤੇ ਭਾਨ ਸਿੰਘ ਮਾਹੀ ਬਣ ਗਿਆ।
ਸਾਲ 1955 ਵਿੱਚ ਦਸਵੀਂ ਪਾਸ ਕਰਨ ਤੋਂ ਬਾਅਦ ਭਾਨ ਸਿੰਘ ਨੇ ਉਸਤਾਦ ਦੀ ਛਤਰ ਛਾਇਆ ਹੇਠ ਪੰਜਾਬ ਤੋਂ ਬਾਹਰ ਦਿੱਲੀ, ਭੁਪਾਲ, ਕਾਸ਼ੀ, ਬਿਲਾਸਪੁਰ, ਭੁਵਨੇਸ਼ਵਰ, ਕਲਕੱਤੇ ਆਦਿ ਸ਼ਹਿਰਾਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। 1959-60 ਵਿੱਚ ਕਲਕੱਤੇ ਬੈਰਕਪੁਰ ਗੁਰੂਘਰ ਵਿੱਚ ਉਸ ਨੇ ਕੁਝ ਸਮਾਂ ਗ੍ਰੰਥੀ ਦੀ ਸੇਵਾ ਵੀ ਨਿਭਾਈ ਪਰ ਕੁਝ ਸਮੇਂ ਬਾਅਦ ਫਿਰ ਉਹ ਗਾਇਕੀ ਵੱਲ ਪਰਤ ਆਇਆ ਤੇ ਅਖਾੜੇ ਲਾਉਣੇ ਸ਼ੁਰੂ ਕਰ ਦਿੱਤੇ। 1960-61 ਵਿੱਚ ਮਾਹੀ ਨੇ ਜਲੰਧਰ ਰੇਡੀਓ ਸਟੇਸ਼ਨ ਤੋਂ ਗਾਉਣਾ ਸ਼ੁਰੂ ਕਰ ਦਿੱਤਾ। ਇਸ ਸਮੇਂ ਦੌਰਾਨ ਹੀ ਭਾਨ ਸਿੰਘ ਮਾਹੀ ਦਾ ਐਚ.ਐਮ.ਵੀ. ਕੰਪਨੀ ਵਿੱਚ ਸਮਰ ਕਰਤਾਰਪੁਰੀ ਦਾ ਲਿਖਿਆ ਗੀਤ ਰਿਕਾਰਡ ਹੋਇਆ।
ਹੌਲੀ ਹੌਲੀ ਉਸਦਾ ਉਹ ਪੰਜਾਬ ਦੇ ਕਲਾਕਾਰਾਂ ਦੇ ਨਾਲ ਦਿੱਲੀ ਦੇ ਗਾਇਕ ਕਲਾਕਾਰਾਂ ਆਸਾ ਸਿੰਘ ਮਸਤਾਨਾ, ਨਿਰਮਲ ਸਿੰਘ ਨਿਰਮਲ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਮੋਹਣੀ ਨਰੂਲਾ ਨੂੰ ਮਿਲਣ ਲੱਗ ਪਿਆ ਤੇ ਬੰਬਈ ਵੱਸਦੇ ਪੰਜਾਬੀ ਫ਼ਿਲਮੀ ਕਲਾਕਾਰ ਦੇ ਸੱਦੇ ਤੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲੱਗ ਪਿਆ। ਉਸਦੀ ਤੂੰਬੀ ਦੀ ਕਲਾਕਾਰੀ ਕਾਰਨ ਹੀ ਉਸਨੂੰ ਫ਼ਿਲਮ ‘ਚੰਬੇ ਦੀ ਕਲੀ’ ਦੇ ਗੀਤ ‘ਚੁਣ ਚੁਣ ਤਾਰਿਆਂ ਨੂੰ…’ ਜੋ ਮੁਹੰਮਦ ਰਫ਼ੀ ਅਤੇ ਊਸ਼ਾ ਮੰਗੇਸ਼ਕਰ ਨੇ ਗਾਇਆ ਸੀ, ਵਿੱਚ ਤੂੰਬੀ ਵਜਾਉਣ ਦਾ ਮੌਕਾ ਮਿਲਿਆ। ਭਾਨ ਸਿੰਘ ਮਾਹੀ ਨੇ ਜਿੱਥੇ ਪ੍ਰਸਿੱਧ ਸ਼ਾਇਰਾਂ ਦੀਪਕ ਜੈਤੋਈ, ਚਰਨ ਸਿੰਘ ਸਫ਼ਰੀ, ਰਾਮ ਸ਼ਰਨ ਜੋਸ਼ੀਲਾ ਦੇ ਬੋਲਾਂ ਨੂੰ ਆਵਾਜ਼ਾਂ ਦਿੱਤੀਆਂ ਹਨ। ਉਸਨੇ ਪੇਂਡੂ ਅਖਾੜਿਆਂ ਵਿੱਚ ਸਵਰਨ ਲਤਾ, ਰਾਜਿੰਦਰ ਰਾਜਨ, ਚੰਦਰ ਕਾਂਤਾ ਕਪੂਰ ਨਾਲ ਦੋਗਾਣੇ ਵੀ ਗਾਏ।
1977 ਵਿੱਚ ਉਹ ਅਮਰੀਕਾ ਚਲਾ ਗਿਆ ਤੇ ਅੱਜ ਕੱਲ੍ਹ ਵੀ ਉਹ ਨਿਊਯਾਰਕ (ਅਮਰੀਕਾ) ਵਿੱਚ ਰਹਿ ਰਿਹਾ ਹੈ।
ਪ੍ਰਸਿੱਧ ਗੀਤ
[ਸੋਧੋ]- ਸ਼ਹਿਰ ਨੂੰ ਨਾ ਜਾਈਂ ਗੋਰੀਏ,
ਪੈਰੀਂ ਪਾ ਕੇ ਸਲੀਪਰ ਕਾਲੇ,
ਜਿਣਸਾਂ ਦਾ ਮੁੱਲ ਦੱਸਣਾ,
ਭੁੱਲ ਜਾਣਗੇ ਸ਼ਹਿਰ ਦੇ ਲਾਲੇ।
- ਰਾਤੀਂ ਜਾਗ ਹੰਝੂਆਂ ਦਾ ਕਿਸ ਲਾਇਆ,
ਦੁੱਧ ਨੂੰ ਮਧਾਣੀ ਪੁੱਛਦੀ,
ਕੀਹਦਾ ਢੋਲ ਰੁੱਠੜਾ ਨੀਂ ਘਰ ਆਇਆ,
ਦੁੱਧ ਨੂੰ ਮਧਾਣੀ ਪੁੱਛਦੀ।
- ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ ਰਾਂਝਣਾ,
ਸਾਥੋਂ ਝੱਲੀਆਂ ਨਾ ਜਾਣ ਇਹ ਜੁਦਾਈਆਂ ਰਾਂਝਣਾ।
- ਕਿੱਥੋਂ ਤੇ ਆਈ ਕਾਲੀ ਬੱਦਲੀ ਸੁਦਾਗਰ ਮੀਆਂ,
ਕਿੱਥੋਂ ਤੇ ਆਇਆ ਸਾਵਣ ਮੀਂਹ
ਓ ਪੁੰਨੂੰ ਮੇਰਿਆ, ਕਿੱਥੋਂ ਤੇ ਆਇਆ ਸਾਵਣ ਮੀਂਹ।
- ਤੇਰੇ ਕੰਨਾਂ ਨੂੰ ਸੋਹਣੇ ਬੁੰਦੇ ਨੀਂ ਹੱਥੀਂ ਲਾਈ ਅੱਜ ਮਹਿੰਦੀ
ਰੰਗ ਮਹਿੰਦੀ ਦਾ ਕੱਚਾ ਨੀਂ ਮਹਿੰਦੀ ਲੱਥ ਲੱਥ ਪੈਂਦੀ।
- ਰੰਗ ਜੋਗੀਆ ਟਸਰ ਦਾ ਨਾਲਾ,
ਗੋਰੀ ਦੇ ਪਸੰਦ ਆ ਗਿਆ।
- ਫੁੱਲ ਚਿੜੀਆਂ ਕੰਘੀ ਨਾਲ ਪਾਵੇ,
ਚਾਅ ਮੁਕਲਾਵੇ ਦਾ।
- ਲਾਡੋ ਸੱਸ ਦੀ ਨਜ਼ਰ ਨਾ ਆਵੇ,
ਮੱਸਿਆ ਸਵੇਰ ਦੀ ਵਗੇ।
- ਭਾਬੀਏ ਨੀਂ ਘੁੰਡ ਕੱਢ ਲੈ,
ਵੈਰੀ ਰੂਪ ਦਾ ਸੁਣੀਂਦਾ ਜੱਗ ਨੀਂ।
- ਵੰਗ ਛਣਕੀ ਵੰਗਾਂ ਦੇ ਨਾਲ ਵੱਜ ਕੇ,
ਗੋਰੀ ਨਿਕਲੀ ਹਵੇਲੀ ਵਿੱਚੋਂ ਸੱਜ ਕੇ,
ਮਿੱਤਰਾਂ ਦਾ ਮਨ ਮੋਹ ਲਿਆ।
- ਨੀਂ ਗੁੱਤਾਂ ਨੂੰ ਵਲਾਵੇਂ ਮਾਰ ਲੈ,
ਤੰਗ ਹੋ ਜੇ ਨਾ ਜਹਾਨ ਕਿਤੇ ਸਾਰਾ।
- ਤੇਰੀ ਸਿਖਰੋਂ ਪੀਂਘ ਟੁੱਟ ਜਾਵੇ,
ਨੀਂ ਨਿੰਮ ਨਾਲ ਝੂਟਦੀਏ।
- ਹੌਲੀ ਪੀਂਘ ਝੂਟ ਮੁਟਿਆਰੇ,
ਨੀਂ ਲੱਕ ਨਾ ਮਰੋੜਾ ਖਾ ਜਾਵੇ
- ਟੁੱਟ ਜਾਣ ਰੱਬ ਕਰਕੇ ਨੀਂ ਤੇਰੇ ਨਵੇਂ ਗਜਰੇ ਮੁਟਿਆਰੇ,
- ਸਿਖਰ ਦੁਪਹਿਰੇ ਗੋਰੀਏ,
ਪਾਉਂਦੀ ਪਿੰਡ ’ਚ ਫਿਰੇਂ ਲਿਸ਼ਕਾਰੇ।