ਭਾਰਤੀ ਲੋਕਗਾਥਾ
ਲੋਕਗਾਥਾ ਜਾਂ ਕਥਾਤਮਕ ਗੀਤ ਲਈ ਅੰਗਰੇਜ਼ੀ ਵਿਚ ‘ਬੈਲੇਡ’(Ballad) ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਦੀ ਵਿਉਂਤਪਤੀ ਲੈਟਿਨ ਦੇ ‘ਵੇਪਲੇਰ’ ਸ਼ਬਦ ਤੋਂ ਹੋਈ ਹੈ ਜਿਸ ਦਾ ਅਰਥ ਹੈ ‘ਨੱਚਣਾ’। ਸਮੇਂ ਨਾਲ ਇਸ ਦਾ ਪ੍ਰਯੋਗ ਸਿਰਫ ਲੋਕਗਾਥਾਵਾਂ ਲਈ ਕੀਤਾ ਜਾਣ ਲੱਗਿਆ। ਅੰਗਰੇਜ਼ੀ ਸਾਹਿਤਕਾਰਾਂ ਦਾ ਇਸ ਵੱਲ ਜ਼ਿਆਦਾ ਝੁਕਾਅ ਰਿਹਾ ਅਤੇ ਇਹ ਅੰਗਰੇਜ਼ੀ ਸਾਹਿਤ ਦਾ ਲੋਕਪ੍ਰਸਿੱਧ ਕਾਵਿ ਰੂਪ ਬਣ ਗਿਆ।
ਲੋਕਗਾਥਾ ਦੀ ਪਰਿਭਾਸ਼ਾ ਪੇਸ਼ ਕਰਦੇ ਹੋਏ ਵਿਭਿੰਨ ਵਿਦਵਾਨਾ ਨੇ ਭਿੰਨ-ਭਿੰਨ ਵਿਚਾਰ ਪ੍ਰਗਟ ਕੀਤੇ ਹਨ। ਪਰ ਪਰਿਭਾਸ਼ਾਵਾਂ ਵਿਚ ਕੁਝ ਸਮਾਨਤਾਵਾਂ ਮੌਜੂਦ ਹਨ। ਇਸ ਵਿਸ਼ੇ ਨਾਲ ਸਬੰਧਿਤ ਕੁਝ ਪ੍ਰਮੁੱਖ ਵਿਦਵਾਨਾ ਦੇ ਵਿਚਾਰ ਇਸ ਤਰ੍ਹਾਂ ਹਨ-
ਜੀ. ਐੱਨ. ਕਿਟਰੇਜ ਨੇ ਲੋਕਗਾਥਾ ਨੂੰ ਕਥਾਤਮਕ ਗੀਤ ਅਤੇ ਗੀਤਕਥਾ ਕਿਹਾ ਹੈ। ਫ੍ਰੈਂਕ ਸਿਜਵਿਕ ਲੋਕਗਾਥਾ ਨੂੰ ਸਰਲ ਵਰਣਨਾਤਮਕ ਗੀਤ ਮੰਨਦਾ ਹੈ ਜੋ ਕੇਵਲ ਲੋਕਾਂ ਦੀ ਸੰਪੱਤੀ ਹੁੰਦੀ ਹੈ ਅਤੇ ਜਿਸਦਾ ਪ੍ਰਸਾਰ ਮੌਖਿਕ ਰੂਪ ਵਿਚ ਹੁੰਦਾ ਹੈ। ਪ੍ਰੋ. ਐੱਫ. ਬੀ. ਗੁਮੇਰ ਨੇ ਇਸ ਬਾਰੇ ਵਿਸਤ੍ਰਿਤ ਚਰਚਾ ਕੀਤੀ ਹੈ। ਉਸਦੇ ਅਨੁਸਾਰ ਲੋਕਗਾਥਾ ਗਾਉਣ ਦੇ ਲਈ ਲਿਖੀ ਗਈ ਅਜਿਹੀ ਕਵਿਤਾ ਹੈ ਜੋ ਸਮੱਗਰੀ ਦੀ ਦ੍ਰਿਸ਼ਟੀ ਤੋਂ ਵਿਅਕਤੀ ਵਿਸ਼ੇਸ਼ ਰਹਿਤ ਰਹਿੰਦੀ ਹੈ ਅਤੇ ਸੰਭਾਵਿਤ ਉਦਭਵ ਦੀ ਦ੍ਰਿਸ਼ਟੀ ਤੋਂ ਸਮੂਦਾਇਕ ਨਾਚਾਂ ਨਾਲ ਸਬੰਧਿਤ ਰਹਿੰਦੀ ਹੈ ਪਰ ਇਸ ਵਿਚ ਮੌਖਿਕ ਪਰੰਪਰਾ ਹੀ ਪ੍ਰਧਾਨ ਹੈ। ਡਾ. ਮੇਰ ਲੋਕਗਾਥਾ ਨੂੰ ਛੋਟੇ- ਛੋਟੇ ਪਦਾਂ ਵਿਚ ਰਚੀ ਕਵਿਤਾ ਮੰਨਦੇ ਹਨ ਜਿਸ ਵਿਚ ਕੋਈ ਲੋਕਪ੍ਰਸਿੱਧ ਕਥਾ ਵਿਸਥਾਰ ਨਾਲ ਕਹੀ ਗਈ ਹੋਵੇ। ਲੂਸੀ ਪੌਂਡ ਲੋਕਗਾਥਾ ਨੂੰ ਇਕ ਸਧਾਰਨ ਕਥਾਤਮਕ ਗੀਤ ਮੰਨਦਾ ਹੈ ਅਤੇ ਇਸ ਦੀ ਉਤਪਤੀ ਨੂੰ ਭੇਤਪੂਰਨ ਕਹਿੰਦਾ ਹੈ।
ਮਤਲਬ ਇਹ ਹੈ ਕਿ ਲੋਕਗਾਥਾਵਾਂ ਵਿਚ ਗੀਤਾਤਮਕਤਾ ਜ਼ਰੂਰੀ ਹੈ। ਕਥਾਨਕ ਪ੍ਰਭਾਵਸ਼ਾਲੀ ਅਤੇ ਵਿਸਥਾਰ ਭਰਪੂਰ ਹੁੰਦਾ ਹੈ। ਪਰ ਉਹ ਵਿਅਕਤੀਵਹੀਨ ਹੁੰਦੀ ਹੈ ਮਤਲਬ ਉਸਦੇ ਰਚੇਤਾ ਦਾ ਪਤਾ ਨਹੀਂ ਹੁੰਦਾ। ਇਹ ਸਮਾਜ ਦੇ ਕਿਸੇ ਵਰਗ ਅਤੇ ਵਿਅਕਤੀ ਵਿਸ਼ੇਸ਼ ਨਾਲ ਸਬੰਧਿਤ ਨਹੀਂ ਹੈ ਬਲਕਿ ਸੰਪੂਰਨ ਸਮਾਜ ਦੀ ਧਰੋਹਰ ਹੈ। ਇਸ ਦਾ ਉਦਭਵ ਜਨਸਧਾਰਨ ਦੀ ਮੌਖਿਕ ਪਰੰਪਰਾ ਨਾਲ ਹੁੰਦਾ ਹੈ। ਕਾਵਿ ਕਲਾ ਦੀ ਸੁੰਦਰਤਾ ਅਤੇ ਗੁਣਾ ਦਾ ਇਸ ਵਿਚ ਅਭਾਵ ਰਹਿੰਦਾ ਹੈ।
ਭਾਰਤੀ ਲੋਕਗਥਾਵਾਂ
[ਸੋਧੋ]ਭਾਰਤ ਵਿਚ ਲੋਕਗਾਥਾਵਾਂ ਦੀ ਬਹੁਤ ਹੀ ਵੱਡੀ ਅਤੇ ਲੰਬੀ ਪਰੰਪਰਾ ਪਾਈ ਜਾਂਦੀ ਹੈ ਪਰ ਇਸ ਦਾ ਕੋਈ ਨਿਸ਼ਚਿਤ ਨਾਮ ਨਹੀਂ ਹੈ। ਵਿਭਿੰਨ ਭਾਰਤੀ ਭਾਸ਼ਾਵਾਂ ਵਿਚ ਇਸ ਦੇ ਵੱਖ-ਵੱਖ ਨਾਮ ਮਿਲਦੇ ਹਨ। ਮਹਾਂਰਾਸ਼ਟਰ ਵਿਚ ਇਸ ਨੂੰ ‘ਪਾਂਵੜਾ’ ਗੁਜਰਾਜ ਵਿਚ ‘ਕਥਾਗੀਤ’ ਅਤੇ ਰਾਜਸਥਾਨ ਵਿਚ ‘ਗੀਤਕਥਾ’ ਕਹਿੰਦੇ ਹਨ।
ਭਾਰਤੀ ਲੋਕਗਾਥਾਵਾਂ ਅਨੇਕ ਪ੍ਰਕਾਰ ਦੀਆਂ ਹਨ। ਸਥੂਲ ਰੂਪ ਵਿਚ ਇਨ੍ਹਾਂ ਦਾ ਵਰਗੀਕਰਨ ਵਿਸ਼ੇ ਅਤੇ ਆਕਾਰ ਦੀ ਦ੍ਰਿਸ਼ਟੀ ਤੋਂ ਕੀਤਾ ਜਾ ਸਕਦਾ ਹੈ। ਆਕਾਰ ਦੀ ਦ੍ਰਿਸ਼ਟੀ ਤੋਂ ਇਹ ਰਚਨਾਵਾਂ ਲਘੂ ਅਤੇ ਦੀਰਘ ਦੋਵੇਂ ਪ੍ਰਕਾਰ ਦੀਆਂ ਹੁੰਦੀਆਂ ਹਨ। ਕਦੇ-ਕਦੇ ਦੀਰਘ ਕਥਾਵਾਂ ਦਾ ਆਕਾਰ ਪ੍ਰਬੰਧ ਕਾਵਿ ਦੇ ਬਰਾਬਰ ਵੀ ਹੁੰਦਾ ਹੈ।
ਪਰ ਲੋਕਗਾਥਾਵਾਂ ਦਾ ਸਹੀ ਵਰਗੀਕਰਨ ਵਿਸ਼ੇ-ਵਸਤੂ ਦੇ ਆਧਾਰ ਤੋਂ ਹੀ ਹੋਵੇਗਾ। ਡਾ. ਕ੍ਰਿਸ਼ਣਦੇਵ ਉਪਾਦਿਆਇ ਦੇ ਅਨੁਸਾਰ ਇਹ ਤਿੰਨ ਪ੍ਰਕਾਰ ਦੀਆਂ ਹਨ:
1. ਪ੍ਰੇਮਕਥਾਤਮਕ ਗਾਥਾ
2. ਵੀਰਕਥਾਤਮਕ ਗਾਥਾ
3. ਰੋਮਾਂਚ ਕਥਾਤਮਕ ਗਾਥਾ
ਪਹਿਲੇ ਵਰਗ ਦੀਆਂ ਲੋਕਗਥਾਵਾਂ ਵਿਚ ਪ੍ਰੇਮ ਸਬੰਧੀ ਵਰਣਨ ਹੀ ਜ਼ਿਆਦਾ ਰਹਿੰਦਾ ਹੈ। ਪਿਆਰ ਵਿਚ ਉਤਪੰਨ ਅਨੇਕ ਘਟਨਾਵਾਂ ਇਕ ਥਾਂ ’ਤੇ ਸਜਾ ਦਿੱਤੀਆਂ ਜਾਂਦੀਆਂ ਹਨ। ਇਸ ਵਿਚ ਪਿਆਰ ਮੁਸ਼ਕਿਲ ਸਥਿਤੀ ਵਿਚ ਉਤਪੰਨ ਹੁੰਦਾ ਹੈ ਅਤੇ ਉਸੇ ਵਿਚ ਪਲਦਾ ਅਤੇ ਵਧਦਾ ਹੈ। ਇਸੇ ਲਈ ਸੰਘਰਸ਼ ਦੀ ਸਥਿਤੀ ਜ਼ਰੂਰੀ ਹੁੰਦੀ ਹੈ। ਭੋਜਪੁਰੀ ਲੋਕਗਾਥਾਵਾਂ ਵਿਚ ‘ਕੁਸੁਮ ਦੇਵੀ’, ‘ਭਗਵਤੀ ਦੇਵੀ’ ਅਤੇ ‘ਲਚਿਆ’ ਆਦਿ ਗਾਥਾਵਾਂ ਇਸੇ ਤਰ੍ਹਾਂ ਦੀਆਂ ਹਨ। ‘ਬਿਹੁਲਾ ਬਾਲਾ ਲਖੰਦਰ’, ‘ਸ਼ੋਭਾਨਾਇਕਾ ਬਣਜਾਰਾ’ ਅਤੇ ‘ਭਰਥਰੀ ਚਰਿਤ’ ਵਿਚ ਵਿਯੋਗ ਆਪਣੀ ਸਿਖਰ ਅਵਸਥਾ ’ਤੇ ਹੈ। ਰਾਜਸਥਾਨ ਵਿਚ ਪ੍ਰਚਲਿਤ ‘ਢੋਲਾ ਮਾਰੂ’ ਦੀ ਗਾਥਾ ਅਤੇ ਪੰਜਾਬ ਦੀ ‘ਹੀਰ ਰਾਂਝਾ’ ਅਤੇ ‘ਸੋਹਣੀ ਮਹੀਵਾਲ’ ਨਾਮਕ ਗਾਥਾਵਾਂ ਦਿਲ ਨੂੰ ਪਿਘਲਾਉਣ ਵਿਚ ਪੂਰੀ ਤਰ੍ਹਾਂ ਕਾਮਯਾਬ ਰਹਿੰਦੀਆਂ ਹਨ।
ਦੂਜੇ ਵਰਗ ਦੀਆਂ ਗਾਥਾਵਾਂ ਵੀਰ ਕਥਾਤਮਕ ਗਾਥਾਵਾਂ ਹਨ। ਇਨ੍ਹਾਂ ਲੋਕਗਾਥਾਵਾਂ ਵਿਚ ਕਿਸੇ ਵੀਰ ਯੋਧੇ ਦੇ ਸਾਹਸਪੂਰਨ ਕਾਰਨਾਮਿਆਂ ਦਾ ਵਰਣਨ ਹੁੰਦਾ ਹੈ। ਇਸ ਪ੍ਰਕਾਰ ਦੀਆਂ ਲੋਕਗਾਥਾਵਾਂ ਵਿਚ ਉਸ ਬਹਾਦੁਰ ਯੋਧੇ ਦੇ ਚਰਿੱਤਰ ਨੂੰ ਉਭਾਰਿਆ ਜਾਂਦਾ ਹੈ ਜੋ ਨਾਇਕ ਹੁੰਦਾ ਹੈ। ਕਿਸੇ ਜਗ੍ਹਾ ਉਹ ਮੁਸ਼ਕਲ ਵਿਚ ਫਸੀ ਔਰਤ ਦੀ ਰੱਖਿਆ ਕਰਦਾ ਦਿਖਾਈ ਦਿੰਦਾ ਹੈ, ਕਿਸੇ ਜਗ੍ਹਾ ਨਿਆ ਦੀ ਜਿੱਤ ਲਈ ਸੰਘਰਸ਼ ਕਰਦਾ। ਇਸ ਪ੍ਰਕਾਰ ਦੀਆਂ ਗਾਥਾਵਾਂ ਵਿਚ ‘ਆਲਹਾ’ ਸਭ ਤੋਂ ਉੱਪਰ ਹੈ। ‘ਲੋਰਿਕੀ’ ਅਤੇ ‘ਕੁੰਵਰ ਵਿਜੈਮਲ’ ਦੀਆਂ ਗਾਥਾਵਾਂ ਵੀ ਇਸੇ ਵਰਗ ਵਿਚ ਆਉਂਦੀਆਂ ਹਨ।
ਤੀਜੇ ਪ੍ਰਕਾਰ ਦੀਆਂ ਗਾਥਾਵਾਂ ਵਿਚ ਰੋਮਾਂਚ ਜਾਂ ਰੁਮਾਂਸ ਦੀ ਪ੍ਰਧਾਨਤਾ ਹੁੰਦੀ ਹੈ। ਇਸ ਪ੍ਰਕਾਰ ਦੀਆਂ ਗਾਥਾਵਾਂ ਨਾਇਕਾ ਪ੍ਰਧਾਨ ਹੁੰਦੀਆਂ ਹਨ। ਨਾਇਕਾਵਾਂ ਦਾ ਲੌਕਿਕ ਜੀਵਨ ਰੋਮਾਂਚਕਾਰੀ ਘਟਨਾਵਾਂ ਨਾਲ ਭਰਿਆ ਹੁੰਦਾ ਹੈ। ਇਸ ਲੜੀ ਵਿਚ ਪ੍ਰਮੁੱਖ ਤੌਰ ’ਤੇ ਦੋ ਲੋਕ ਗਾਥਾਵਾਂ ਉਲੇਖਯੋਗ ਹਨ- ‘ਸੋਰਠੀ’ ਅਤੇ ‘ਵਿਹੁਲਾ ਬਾਲਾ ਲਖੰਦਰ’। ਇਨ੍ਹਾਂ ਦਾ ਮੁੱਖ ਉਦੇਸ਼ ਸੱਚ ਦੀ ਝੂਠ ਉਪਰ ਜਿੱਤ ਹੈ।
ਡਾ. ਸਤਿਆਵਰਤ ਸਿੰਨਹਾ ਨੇ ਇਨ੍ਹਾਂ ਤਿੰਨਾਂ ਤੋਂ ਇਲਾਵਾ ਇਕ ਹੋਰ ਵਰਗ ਮੰਨਿਆ ਹੈ- ਜੋਗਕਥਾਤਮਕ ਲੋਕ ਗਾਥਾਵਾਂ।
ਕਥਾ ਵਿਚ ਨਾਇਕ ਬਾਅਦ ਵਿਚ ਜੋਗ ਧਾਰਨ ਕਰਕੇ ਜੋਗੀ ਬਣ ਜਾਂਦਾ ਹੈ ਅਤੇ ਸਾਰੀਆਂ ਸੁੱਖ-ਸੁਵਿਧਾਵਾਂ ਛੱਡ ਕੇ ਸੰਸਾਰ ਤੋਂ ਨਿਰਲੇਪ ਹੋ ਜਾਂਦਾ ਹੈ। ਉਨ੍ਹਾਂ ਨੇ ਇਸ ਵਰਗ ’ਚ ‘ਰਾਜਾ ਭਰਥਰੀ’ ਅਤੇ ‘ਰਾਜਾ ਗੋਪੀਚੰਦ’ ਦੀਆਂ ਗਾਥਾਵਾਂ ਨੂੰ ਰੱਖਿਆ ਹੈ।
ਪ੍ਰਮੁੱਖ ਗਾਥਾਵਾਂ ਦਾ ਸੰਖੇਪ ਵਰਣਨ
[ਸੋਧੋ]ਵਿਭਿੰਨ ਭਾਰਤੀ ਭਾਸ਼ਾਵਾਂ ਵਿਚ ਪ੍ਰਧਾਨ ਰੂਪ ਵਿਚ ਕੁਝ ਪ੍ਰਮੁੱਖ ਲੋਕ ਗਾਥਾਵਾਂ ਪ੍ਰਚਲਿਤ ਹਨ। ਇਨ੍ਹਾਂ ਵਿਚੋਂ ਕੁਝ ਪ੍ਰਸਿੱਧ ਲੋਕ ਗਾਥਾਵਾਂ ਦਾ ਵਰਣਨ ਇਸ ਪ੍ਰਕਾਰ ਹੈ-
ਸੋਰਠੀ
[ਸੋਧੋ]ਇਹ ਇਕ ਪ੍ਰੇਮ ਗਾਥਾ ਹੈ। ਆਪਣੀ ਲੋਕ ਪ੍ਰਸਿੱਧੀ ਕਾਰਨ ਇਹ ਭੋਜਪੁਰੀ ਆਂਚਲਿਕਤਾ ਵਿਚ ਬਹੁਤ ਪ੍ਰਚਲਿਤ ਹੈ। ਇਸ ਵਿਚ ‘ਸੋਰਠੀ’ ਅਤੇ ‘ਬ੍ਰਿਜਮਾਰ’ ਦੇ ਪ੍ਰੇਮ ਪ੍ਰਸੰਗਾਂ ਦਾ ਬੜੇ ਵਿਸਥਾਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਵਰਣਨ ਕੀਤਾ ਗਿਆ ਹੈ। ਸੋਰਠੀ ਜਨਮ ਤੋਂ ਬਾਅਦ ਆਪਣੇ ਮਾਤਾ-ਪਿਤਾ ਤੋਂ ਵਿਛੜ ਜਾਂਦੀ ਹੈ ਅਤੇ ਇਕ ਘੁਮਿਆਰ ਦੇ ਘਰ ਪਲਦੀ ਹੈ। ਸੋਰਠੀ ਨੂੰ ਪ੍ਰਾਪਤ ਕਰਨ ਲਈ ਬ੍ਰਿਜਮਾਰ ਅਨੇਕ ਯਤਨ ਕਰਦਾ ਹੈ। ਇਸ ਗਾਥਾ ਨੂੰ ਇਕੱਠੇ ਦੋ ਵਿਅਕਤੀ ਗਾਉਂਦੇ ਹਨ। ਇਸ ਦੇ ਪ੍ਰਕਾਸ਼ਿਤ ਰੂਪ ਵੀ ਭੋਜਪੁਰੀ ਅਤੇ ਮੈਥਿਲੀ ਵਿਚ ਉਪਲਭਦ ਹਨ। ਇਹ ਮਗਹੀ ਵਿਚ ਵੀ ਗਾਈ ਜਾਂਦੀ ਹੈ।
ਸ਼ੋਭਾ ਨਾਇਕਾ ਵਣਜਾਰਾ
[ਸੋਧੋ]ਭਾਰਤੀ ਵਣਜਾਰਿਆਂ ਦੇ ਜੀਵਨ ਨਾਲ ਸਬੰਧਿਤ ਇਹ ਪ੍ਰੇਮਕਥਾ ਬੜੀ ਹੀ ਭਾਵਪੂਰਨ ਹੈ। ‘ਸ਼ੋਭਾ’ ਇਸ ਦਾ ਨਾਇਕ ਹੈ ਜੋ ਵਪਾਰ ਦੇ ਲਈ ਮੋਰੰਗ ਦੇਸ਼ ਜਾਂਦਾ ਹੈ, ਇਸਦੀ ਨਾਇਕਾ ‘ਜਸੁਮਤੀ’ ਹੈ। ਇਸ ਗਾਥਾ ਵਿਚ ਵਿਰਹਾ ਅਤੇ ਪਤੀਵਰਤਾ ਧਰਮ ਦਾ ਬੜਾ ਹੀ ਮਨਮੋਹਕ ਵਰਣਨ ਹੈ। ਇਸ ਵਿਚ ਸਮਾਜਿਕ ਕੁਰੀਤੀਆਂ ਅਤੇ ਅੰਧਵਿਸ਼ਵਾਸ ਵਰਗੀਆਂ ਬੁਰਾਈਆਂ ਉੱਪਰ ਰੌਚਿਕ ਢੰਗ ਨਾਲ ਪ੍ਰਕਾਸ਼ ਪਾਇਆ ਗਿਆ ਹੈ। ਇਸ ਲੋਕ ਗਾਥਾ ਦੇ ਮੈਥਿਲੀ, ਮਗਹੀ ਅਤੇ ਭੋਜਪੁਰੀ ਰੂਪ ਮਿਲਦੇ ਹਨ।
ਆਲਹਾ
[ਸੋਧੋ]ਆਪਣੇ ਮੂਲ ਰੂਪ ਵਿਚ ਇਹ ਬੁੰਦੇਲਖੰਡੀ ਲੋਕਗਾਥਾ ਹੈ। ਇਸ ਦਾ ਸੰਬੰਧ ਆਦਿ ਕਾਲ ਨਾਲ ਮੰਨਿਆ ਜਾਂਦਾ ਹੈ। ‘ਜਗਨਿਕ’ ਦਾ ਇਸ ਦੇ ਰਚੈਤਾ ਦੇ ਰੂਪ ਵਿਚ ਨਾਮ ਲਿਆ ਜਾਂਦਾ ਹੈ। ਇਸ ਲੋਕ ਗਾਥਾ ਦੇ ਨਾਇਕ ‘ਆਲਹਾ’ ਅਤੇ ‘ਊਦਲ’ ਨਾਮਕ ਵੀਰਾਂ ਦਾ ਸਬੰਧ ਮਹੋਬਾ ਦੇ ਰਾਜਾ ਪਰਮਰਦਿਦੇਵ ਨਾਲ ਹੈ। ਮਹੋਬੇ ਦੇ ਅਧਿਕਾਰ ਨੂੰ ਲੈ ਕੇ ਇਨ੍ਹਾਂ ਦੋਹਾਂ ਸੂਰਵੀਰਾਂ ਨੇ ਅਨੇਕ ਭਿਆਨਕ ਯੁੱਧ ਲੜੇ ਅਤੇ ਉਸ ਕਾਲ ਦੇ ਪ੍ਰਸਿੱਧ ਯੋਧੇ ਪ੍ਰਿਥਵੀਰਾਜ ਚੌਹਾਨ ਨੂੰ ਵੀ ਹਰਾਇਆ। ਇਸ ਲੋਕ ਗਾਥਾ ਵਿਚ ਬੀਰ ਰਸ ਦੀ ਪ੍ਰਧਾਨਤਾ ਹੈ ਅਤੇ ਇਹ ਢੋਲ ਅਤੇ ਨਗਾਰੇ ਨਾਲ ਗਾਈ ਜਾਂਦੀ ਹੈ।
ਲੋਰਿਕੀ
[ਸੋਧੋ]ਇਹ ਮੁੱਖ ਰੂਪ ਨਾਲ ਅਹੀਰਾਂ ਦੀ ਲੋਕ ਗਾਥਾ ਹੈ। ਭੋਜਪੁਰੀ ਆਂਚਲਿਕਤਾ ਵਿਚ ਅਹੀਰ ਲੋਕ ਤਿਉਹਾਰਾਂ ਅਤੇ ਸ਼ੁੱਭ ਅਵਸਰਾਂ ’ਤੇ ਲੋਰਿਕੀ ਬੜੇ ਉਤਸ਼ਾਹ ਨਾਲ ਗਾਉਂਦੇ ਹਨ। ਇਹ ਲੋਕ ਗਾਥਾ ਨਾਇਕ ਲੋਰਿਕ ਦੇ ਬਹਾਦਰੀ ਭਰਪੂਰ ਕਾਰਨਾਮਿਆਂ ਨਾਲ ਭਰੀ ਪਈ ਹੈ। ਲੋਰਿਕ ਦਾ ਚਰਿਤਰ ਪ੍ਰਧਾਨ ਹੋਣ ਕਾਰਨ ਹੀ ਇਹ ਗਾਥਾ ਲੋਰਿਕੀ ਦੇ ਨਾਮ ਨਾਲ ਮਸ਼ਹੂਰ ਹੈ। ਲੋਰਿਕ ਦਾ ਮੁੱਖ ਉਦੇਸ਼ ਸਤੀ ਇਸਤਰੀਆਂ ਦਾ ਬਚਾਅ ਅਤੇ ਦੁਸ਼ਟਾਂ ਦਾ ਵਿਨਾਸ਼ ਕਰਨਾ ਸੀ। ਇਹ ਲੋਕਗਾਥਾ ਚਾਰ ਭਾਗਾਂ ਵਿਚ ਗਾਈ ਜਾਂਦੀ ਹੈ। ਇਸ ਵਿਚ ਬੀਰ ਕਾਵਿ ਦੇ ਸਾਰੇ ਗੁਣ ਮੌਜੂਦ ਹਨ। ਇਹ ਮੁੱਖ ਰੂਪ ਵਿਚ ਭੋਜਪੁਰੀ ਖੇਤਰ ਵਿਚ ਹੀ ਗਾਈ ਜਾਂਦੀ ਹੈ ਪਰ ਇਸ ਦੇ ਵੱਖ-ਵੱਖ ਰੂਪ ਮੈਥਿਲੀ, ਛਤੀਸਗੜ੍ਹ ਅਤੇ ਬੰਗਲਾ ਵਿਚ ਵੀ ਮਿਲਦੇ ਹਨ।
ਵਿਜੈਮਲ
[ਸੋਧੋ]ਇਸ ਵਿਚ ਵਿਜੈਮਲ ਦਾ ਮੱਲ ਸੂਰਵੀਰਾਂ ਦੇ ਪ੍ਰਤੀਨਿਧ ਦੇ ਰੂਪ ਵਿਚ ਚਿਤਰਨ ਕੀਤਾ ਗਿਆ ਹੈ। ਇਹ ਵੀ ਇਕ ਵੀਰ ਗਾਥਾ ਹੈ ਜਿਸ ਵਿਚ ਯੁੱਧ ਦੇ ਵਰਣਨ ਦੇ ਨਾਲ ਮੱਲ ਸੂਰਵੀਰਾਂ ਦੀ ਬਹਾਦਰੀ ਦਾ ਵਿਸ਼ੇਸ਼ ਗੁਣਗਾਣ ਕੀਤਾ ਗਿਆ ਹੈ। ਇਸ ਵਿਚ ਵਿਆਹ ਦੇ ਕਾਰਨ ਯੁੱਧ ਹੁੰਦਾ ਹੈ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਲੋਕ ਗਾਥਾ ਮੱਧ ਯੁੱਗ ਦੀ ਹੋਵੇ।
ਬਾਬੂ ਕੁੰਵਰ ਸਿੰਘ ਦੀ ਲੋਕਗਾਥਾ
[ਸੋਧੋ]ਇਹ ਭੋਜਪੁਰੀ ਪ੍ਰਦੇਸ਼ਾਂ ਵਿਚ ਬੜੇ ਉਤਸ਼ਾਹ ਅਤੇ ਰੋਹ ਨਾਲ ਗਾਈ ਜਾਂਦੀ ਹੈ। ਇਹ ਅਮਰ ਗਾਥਾ ਭੋਜਪੁਰੀ ਵੀਰਤਾ ਦੀ ਪ੍ਰਤੀਨਿਧਤਾ ਕਰਦੀ ਹੈ। ਬਾਬੂ ਕੁੰਵਰ ਸਿੰਘ ਬਿਹਾਰ ਦੇ ਜਿਲ੍ਹਾ ਸ਼ਾਹਾਬਾਦ ਦੇ ਇਕ ਭੋਜਪੁਰੀ ਪਿੰਡ ਦੇ ਰਹਿਣ ਵਾਲੇ ਸਨ। ਇਹ ਇਕ ਛੋਟੇ ਜਿਹੇ ਰਾਜ ਦੇ ਰਾਜਾ ਸਨ। 1857 ਦੇ ਸੁਤੰਤਰਤਾ ਸੰਗਰਾਮ ਵਿਚ ਉਹ ਅੰਗਰੇਜ਼ਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ। ਇਹ ਗਾਥਾ ਐਨੀ ਪ੍ਰਭਾਵਸ਼ਾਲੀ ਹੈ ਕਿ ਜਿੱਥੇ ਇਕ ਪਾਸੇ ਸ੍ਰੋਤੇ ਵੀਰਤਾ ਵਿਚ ਝੂਮਣ ਲੱਗ ਜਾਂਦੇ ਹਨ, ਉੱਥੇ ਉਨ੍ਹਾਂ ਦੀਆਂ ਅੱਖਾਂ ਵਿਚ ਪਾਣੀ ਵੀ ਆ ਜਾਂਦਾ ਹੈ। ਅੱਜ ਵੀ ਭੋਜਪੁਰੀ ਆਂਚਲਿਕਤਾ ਵਿਚ ਬਾਬੂ ਕੁੰਵਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਅੰਗਰੇਜ਼ਾਂ ਨਾਲ ਲੋਹਾ ਲੈ ਕੇ ਸੁਤੰਤਰਤਾ ਸੰਗਰਾਮ ਵਿਚ ਦੇਸ਼ਵਾਸੀਆਂ ਦਾ ਸਾਥ ਦਿੱਤਾ ਸੀ।
ਬਿਹੁਲਾ
[ਸੋਧੋ]ਇਸ ਲੋਕਗਾਥਾ ਨੂੰ ਭੋਜਪੁਰੀ ਆਂਚਲਿਕਤਾ ਵਿਚ ਬਿਹੁਲਾ ਬਾਲਾ ਲਖੰਦਰ ਦੇ ਨਾਮ ਨਾਲ ਵੀ ਸੁਣਿਆ ਜਾ ਸਕਦਾ ਹੈ। ਇਸ ਵਿਚ ਔਰਤਾਂ ਦੀ ਪਤੀਵਰਤਾ ਦਾ ਬੜਾ ਹੀ ਪ੍ਰਭਾਵਸ਼ਾਲੀ ਚਿਤਰਣ ਪੇਸ਼ ਹੋਇਆ ਹੈ। ਇਸ ਦਾ ਸਥਾਨ ‘ਸਾਵਿਤਰੀ ਸਤਿਆਵਾਨ’ ਤੋਂ ਕਿਸੇ ਗੱਲੋਂ ਵੀ ਘੱਟ ਨਹੀਂ। ਬਿਹੁਲਾ ਆਪਣੇ ਪਤੀ ਬਾਲਾ ਲਖੰਦਰ, ਜਿਸ ਦੇ ਸੱਪ ਲੜ ਜਾਂਦਾ ਹੈ, ਨੂੰ ਬਚਾਉਣ ਲਈ ਸਵਰਗ ਜਾਂਦੀ ਹੈ ਅਤੇ ਉਥੇ ਆਪਣੀ ਮੰਗ ਨੂੰ ਪ੍ਰਾਪਤ ਕਰਦੀ ਹੈ। ਪੂਰਬੀ ਬਿਹਾਰ ਅਤੇ ਬੰਗਾਲ ਵਿਚ ਨਾਗਪੰਚਮੀ ਦੇ ਦਿਨ ਬਿਹੁਲਾ ਸਤੀ ਦੀ ਪੂਜਾ ਹੁੰਦੀ ਹੈ। ਗਾਉਣ ਵਾਲੇ ਇਸ ਗਾਥਾ ਨੂੰ ਬੜੀ ਹੀ ਸ਼ਰਧਾ ਨਾਲ ਗਾਉਂਦੇ ਹਨ। ਔਰਤਾਂ ਵਿਚ ਇਹ ਗਾਥਾ ਜ਼ਿਆਦਾ ਹਰਮਨ ਪਿਆਰੀ ਹੈ। ਇਸ ਲੋਕ ਗਾਥਾ ਦਾ ਮੈਥਿਲੀ ਅਤੇ ਬੰਗਲਾ ਰੂਪ ਵੀ ਮਿਲਦਾ ਹੈ।
ਰਾਜਾ ਗੋਪੀਚੰਦ
[ਸੋਧੋ]ਰਾਜਾ ਗੋਪੀਚੰਦ ਦਾ ਨਾਮ ਨਾਥ ਸੰਪਰਦਾਇ ਦੇ ਅੰਤਰਗਤ ਇਕ ਵਿਸ਼ੇਸ਼ ਸਥਾਨ ਰੱਖਦਾ ਹੈ। ਇਸ ਨੂੰ ਨੌ ਨਾਥਾਂ ਵਿਚੋਂ ਇਕ ਨਾਥ ਦਾ ਸਥਾਨ ਪ੍ਰਾਪਤ ਹੈ। ਇਸ ਦੀ ਗਾਥਾ ਵਿਸ਼ੇਸ਼ ਤੌਰ ’ਤੇ ਜੋਗੀਆਂ ਵਿਚ ਹੀ ਪ੍ਰਚਲਿਤ ਹੈ। ਗੋਪੀਚੰਦ ਰਾਜਭਾਗ, ਭੋਗਵਿਲਾਸ ਸਭ ਕੁਝ ਛੱਡ ਕੇ ਮਾਤਾ ਮੈਨਾਵਤੀ ਦੇ ਕਹਿਣ ’ਤੇ ਵੈਰਾਗ ਧਾਰਨ ਕਰਕੇ ਜੰਗਲਾਂ ਵਿਚ ਚਲਾ ਜਾਂਦਾ ਹੈ। ਉਸ ਦੇ ਇਸ ਤਿਆਗ ਦੀ ਕਥਾ ਹੀ ਲੋਕਗਾਥਾ ਦੇ ਰੂਪ ਵਿਚ ਪ੍ਰਚਲਿਤ ਹੈ। ਭਾਰਤ ਦੇ ਹਰ ਹਿੱਸੇ ’ਚ ਬੋਲੀਆਂ ਵਿਚ ਵੀ ਗੋਪੀਚੰਦ ਦੀ ਇਹ ਗਾਥਾ ਮਸ਼ਹੂਰ ਹੈ। ਕਿਉਂਕਿ ਗੋਪੀਚੰਦ ਦਾ ਸੰਬੰਧ ਬੰਗਾਲ ਦੇ ਪਾਲ ਵੰਸ਼ ਨਾਲ ਸੀ, ਇਸ ਲਈ ਇਸ ਗਾਥਾ ਦਾ ਸਭ ਤੋਂ ਜ਼ਿਆਦਾ ਪ੍ਰਚਲਨ ਬੰਗਾਲ ਵਿਚ ਹੀ ਹੈ। ਇਹ ਲੋਕਗਾਥਾ ਭੋਜਪੁਰੀ, ਮਗਹੀ, ਮੈਥਿਲੀ, ਪੰਜਾਬੀ, ਸਿੰਧੀ ਆਦਿ ਭਾਸ਼ਾਵਾਂ ਵਿਚ ਵੀ ਪਾਈ ਜਾਂਦੀ ਹੈ।
ਰਾਜਾ ਭਰਥਰੀ
[ਸੋਧੋ]ਰਾਜਾ ਭਰਥਰੀ ਵੀ ਰਾਜਪੰਥੀ ਸੀ। ਨੌ ਨਾਥਾਂ ਵਿਚ ਇਸ ਦਾ ਨਾਮ ਵੀ ਲਿਆ ਜਾਂਦਾ ਹੈ। ਰਾਜਾ ਭਰਥਰੀ ਅਤੇ ਰਾਣੀ ਸਾਮਦੇਈ ਦਾ ਬਿਰਤਾਂਤ ਹੀ ਇਸ ਲੋਕ ਗਾਥਾ ਦਾ ਮੁੱਖ ਵਿਸ਼ਾ ਹੈ। ਇਸ ਗਾਥਾ ਨੂੰ ਜ਼ਿਆਦਾਤਰ ਜੋਗੀ ਹੀ ਗਾਉਂਦੇ ਹਨ। ਰਾਜਾ ਭਰਥਰੀ ਦਾ ਸੰਬੰਧ ਉਜੈਨ ਦੇ ਰਾਜਵੰਸ਼ ਨਾਲ ਸੀ। ਆਉਣ ਵਾਲੇ ਸਮੇਂ ਵਿਚ ਕਿਸੇ ਵਜ੍ਹਾ ਕਰਕੇ ਇਨ੍ਹਾਂ ਨੇ ਗੁਰੂ ਗੋਰਖਨਾਥ ਨੂੰ ਗੁਰੂ ਧਾਰਨ ਕਰ ਲਿਆ ਅਤੇ ਆਪਣੀ ਰਾਣੀ ਨੂੰ ਛੱਡ ਕੇ ਜੋਗੀ ਬਣ ਗਏ। ਇਨ੍ਹਾਂ ਦੇ ਰਚੇ ਕਈ ਗ੍ਰੰਥ ਵੀ ਮਿਲਦੇ ਹਨ। ਇਹ ਧਾਰਨਾ ਵੀ ਹੈ ਕਿ ਇਹ ਰਾਜਾ ਵਿਕਰਮਾਦਿੱਤ ਦੇ ਵੱਡੇ ਭਰਾ ਅਤੇ ਰਾਜਾ ਗੋਪੀਚੰਦ ਦੇ ਭਾਂਣਜੇ ਸਨ।
ਲੋਕਗਾਥਾਵਾਂ ਦੀਆਂ ਵਿਸ਼ੇਸ਼ਤਾਵਾਂ
[ਸੋਧੋ]ਧਿਆਨ ਨਾਲ ਦੇਖਣ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸਾਰੇ ਦੇਸ਼ਾਂ ਦੀਆਂ ਲੋਕਗਾਥਾਵਾਂ ਦੀਆਂ ਵਿਸ਼ੇਸ਼ਤਾਵਾਂ ਸਮਾਨ ਹੁੰਦੀਆਂ ਹਨ। ਲੋਕਗਾਥਾਵਾਂ ਦੀਆਂ ਇਹ ਵਿਸ਼ੇਸ਼ਤਾਵਾਂ ਹੀ ਉਨ੍ਹਾਂ ਨੂੰ ਅਲੰਕ੍ਰਿਤ ਕਾਵਿ ਤੋਂ ਵੀ ਅੱਗੇ ਲੈ ਜਾਂਦੀਆਂ ਹਨ। ਮੁੱਖ ਵਿਸ਼ੇਸ਼ਤਾਵਾਂ ਇਹ ਹਨ-
· ਲੇਖਕ ਦਾ ਪਤਾ ਨਾ ਹੋਣਾ
· ਪ੍ਰਮਾਣਿਕ ਮੂਲ ਪਾਠ ਦਾ ਨਾ ਮਿਲਣਾ
· ਸੰਗੀਤ ਅਤੇ ਕਦੇ-ਕਦੇ ਨਾਚ ਦੀ ਵਰਤੋਂ
· ਸਥਾਨਿਕ ਪ੍ਰਭਾਵ
· ਮੌਖਿਕਤਾ
· ਅਲੰਕ੍ਰਿਤ ਸ਼ੈਲੀ ਦਾ ਅਭਾਵ ਅਤੇ ਸੁਭਾਵਿਕਤਾ ਦਾ ਅੰਸ਼
· ਉਪਦੇਸ਼ਾਂ ਦਾ ਅਭਾਵ
· ਰਚੈਤਾ ਦੇ ਵਿਅਕਤਿਤਵ ਦਾ ਅਭਾਵ
· ਲੰਬੀ ਕਥਾਵਸਤੂ
· ਸ਼ੁਰੂਆਤੀ ਪੰਕਤੀਆਂ ਦਾ ਵਾਰ-ਵਾਰ ਦੁਹਰਾਉ
· ਇਤਿਹਾਸਕ ਦ੍ਰਿਸ਼ਟੀ ਤੋਂ ਸੰਦੇਹਪੂਰਨ
ਲੋਕ ਗਾਥਾਵਾਂ ਦੀ ਸਭ ਤੋਂ ਉਲੇਖਯੋਗ ਵਿਸ਼ੇਸ਼ਤਾ ਇਹ ਹੈ ਕਿ ਇਸ ਦਾ ਲੇਖਕ ਅਗਿਆਤ ਹੁੰਦਾ ਹੈ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਇਨ੍ਹਾਂ ਦੇ ਲੇਖਕ ਲਾਪ੍ਰਵਾਹ ਸਨ ਲੰਬੀਆਂ-ਲੰਬੀਆਂ ਲੋਕ ਗਾਥਾਵਾਂ ਦੀ ਰਚਨਾਂ ਤੋਂ ਬਾਅਦ ਆਪਣਾ ਨਾਮ ਲਿਖਣਾ ਭੁੱਲ ਜਾਂਦੇ ਸਨ। ਇਹੀ ਕਾਰਨ ਹੈ ਕਿ ਪਰੰਪਰਾ ਤੋਂ ਚੱਲੀਆਂ ਆਉਂਦੀਆਂ ਲੋਕ ਗਾਥਾਵਾਂ ਵਿਚ ਜਦੋਂ ਲੋਕ ਆਪਣੇ ਵੱਲੋਂ ਕੁਝ ਜੋੜ ਦਿੰਦੇ ਹਨ ਤਾਂ ਉਸ ਦਾ ਪਤਾ ਹੀ ਨਹੀਂ ਲੱਗਦਾ। ਇਨ੍ਹਾਂ ਲੋਕ ਗਾਥਾਵਾਂ ਵਿਚ ਤਤਕਾਲੀਨ ਸਮਾਜਿਕ ਸਥਿਤੀਆਂ ਦੀ ਝਲਕ ਮਿਲਦੀ ਹੈ।
ਲੋਕ ਗਾਥਾਵਾਂ ਵਿਚ ਪ੍ਰਮਾਣਿਕ ਮੂਲ ਪਾਠ ਦਾ ਅਭਾਵ ਰਹਿੰਦਾ ਹੈ। ਰਚੈਤਾ ਦੇ ਅਗਿਆਤ ਹੋਣ ਕਾਰਨ ਇਹ ਸੁਭਾਵਿਕ ਵੀ ਹੈ। ਪ੍ਰਾਪਤ ਲੋਕ ਗਾਥਾਵਾਂ ਦੇ ਲੇਖਕ ਇਕ ਵਾਰੀ ਲੋਕ ਗਾਥਾਵਾਂ ਦੀ ਰਚਨਾ ਕਰਕੇ ਉਸ ਨੂੰ ਸਮਾਜ ਦੇ ਹਵਾਲੇ ਕਰ ਦਿੰਦੇ ਹਨ ਅਤੇ ਖੁਦ ਪਿੱਛੇ ਹਟ ਜਾਂਦੇ ਹਨ, ਉਸ ਤੋਂ ਬਾਅਦ ਲੋਕ ਗਾਥਾਵਾਂ ਦੀ ਇਕ ਅਜਿਹੀ ਨਿਰੰਤਰ ਧਾਰਾ ਪ੍ਰਵਾਹਿਤ ਹੋਣ ਲਗ ਪੈਂਦੀ ਹੈ ਜਿਸ ਦਾ ਕਦੇ ਅੰਤ ਨਹੀਂ ਹੁੰਦਾ। ਲੋਕ ਗਾਥਾਵਾਂ ਨੂੰ ਹਰੇਕ ਯੁੱਗ ਆਪਣੀ ਨਿੱਜੀ ਸੰਪਤੀ ਸਮਝਦਾ ਹੈ ਅਤੇ ਹਰੇਕ ਗਵੱਈਆ ਆਪਣੀ ਇੱਛਾ ਅਨੁਸਾਰ ਇਸ ਵਿਚ ਕੁਝ ਨਾ ਕੁਝ ਜੋੜਦਾ ਰਹਿੰਦਾ ਹੈ। ਜਿਵੇਂ-ਜਿਵੇਂ ਲੋਕ ਗਾਥਾਵਾਂ ਇਕ ਗਵੱਈਏ ਤੋਂ ਦੂਸਰੇ ਗਵੱਈਏ ਤਕ ਜਾਂਦੀਆਂ ਹਨ, ਇਨ੍ਹਾਂ ਵਿਚ ਪਰਿਵਰਤਨ ਹੁੰਦਾ ਰਹਿੰਦਾ ਹੈ। ਇਸ ਪ੍ਰਕਾਰ ਇਨ੍ਹਾਂ ਦੇ ਪ੍ਰਮਾਣਿਕ ਪਾਠ ਦਾ ਮਿਲਣਾ ਲਗਭਗ ਅਸੰਭਵ ਹੁੰਦਾ ਹੈ।
ਲੋਕ ਗਾਥਾਵਾਂ ਵਿਚ ਸੰਗੀਤ ਦਾ ਹੋਣਾ ਵੀ ਜ਼ਰੂਰੀ ਹੈ। ਕਿਉਂਕਿ ਇਸ ਵਿਚ ਸੂਖਮ ਭਾਵਾਂ ਦੀ ਅਭਿਵਿਅਕਤੀ ਨਹੀਂ ਹੁੰਦੀ, ਇਸ ਲਈ ਇਸ ਵਿਚ ਸਾਹਿਤਿਕਤਾ ਦਾ ਅਭਾਵ ਹੁੰਦਾ ਹੈ। ਜਦਕਿ ਪ੍ਰਾਚੀਨ ਭਾਰਤੀ ਲੋਕ ਗਾਥਾਵਾਂ ਵਿਚ ਨਾਚ ਦੀ ਸ਼ਮੂਲੀਅਤ ਵੀ ਜ਼ਰੂਰੀ ਸੀ, ਪਰ ਹੌਲੀ-ਹੌਲੀ ਇਹ ਗੌਣ ਹੁੰਦਾ ਗਿਆ ਅਤੇ ਅੱਜ ਦੇ ਸਮੇਂ ਵਿਚ ਤਾਂ ਬਿਲਕੁਲ ਵੀ ਦਿਖਾਈ ਨਹੀਂ ਦਿੰਦਾ।
ਲੋਕ ਗਾਥਾਵਾਂ ਚਾਹੇ ਕਿਥੋਂ ਦੀਆਂ ਵੀ ਹੋਣ, ਕਿਸੇ ਵਿਸ਼ੇਸ਼ ਖੇਤਰ ਵਿਚ ਪਹੁੰਚ ਕੇ ਉਥੋਂ ਦੀਆਂ ਵਿਸ਼ੇਸ਼ਤਾਵਾਂ ਅਪਣਾ ਹੀ ਲੈਂਦੀਆਂ ਹਨ। ਉਨ੍ਹਾਂ ਦਾ ਨਿਰਮਾਣ ਕਿਸੇ ਘਟਨਾ ਕਾਰਨ ਹੀ ਹੁੰਦਾ ਹੈ ਅਤੇ ਇਨ੍ਹਾਂ ਵਿਚ ਉਥੋਂ ਦੇ ਵਾਤਾਵਰਣ ਅਤੇ ਸਥਾਨਿਕਤਾ ਦਾ ਸਮਾਵੇਸ਼ ਹੋ ਜਾਂਦਾ ਹੈ। ‘ਲੋਰਿਕੀ’ ਵਿਚ ਬਿਹਾਰ ਦੇ ਕਈ ਪਿੰਡਾਂ ਦਾ ਸਪਸ਼ਟ ਵਰਣਨ ਮਿਲਦਾ ਹੈ। ‘ਢੋਲਾਮਾਰੂ’ ਦੀ ਲੋਕ ਗਾਥਾ ਵਿਚ ਉੱਠ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਉਥੋਂ ਦਾ ਯਾਤਾਯਾਤ ਸਾਧਨ ਹੀ ਉੱਠ ਹੈ। ਪਹਾੜੀ ਖੇਤਰਾਂ ਵਿਚ ਕਿਉਂਕਿ ਠੰਡ ਜ਼ਿਆਦਾ ਪੈਂਦੀ ਹੈ ਇਸ ਲਈ ਉਥੋਂ ਦੀਆਂ ਕੁੜੀਆਂ ਆਪਣੇ ਪਿਤਾ ਨੂੰ ਕਹਿੰਦੀਆਂ ਹਨ ਕਿ(ਲੋਕ ਗਾਥਾਵਾਂ ਦੇ ਅੰਤਰਗਤ) ਮੇਰਾ ਵਿਆਹ ਅਜਿਹੀ ਜਗ੍ਹਾ ਨਾ ਕਰਿਓ ਜਿੱਥੇ ਗਰਮੀ ਜ਼ਿਆਦਾ ਪੈਂਦੀ ਹੋਵੇ ਅਤੇ ਪਸੀਨੇ ਨਾਲ ਤੰਗ ਹੋਵਾਂ। ਮੈਥਲੀ ਲੋਕ ਗਾਥਾਵਾਂ ਵਿਚ ਉਥੋਂ ਦੀਆਂ ਸਥਾਨਕ ਪ੍ਰਥਾਵਾਂ ਦੀ ਝਾਕੀ ਦੇਖਣ ਨੂੰ ਮਿਲਦੀ ਹੈ।
ਭਾਰਤ ਵਿਚ ਮੌਖਿਕ ਪਰੰਪਰਾ ਪ੍ਰਾਚੀਨ ਕਾਲ ਤੋਂ ਹੀ ਚੱਲੀ ਆ ਰਹੀ ਹੈ। ਵੈਦਿਕ ਸਾਹਿਤ ਵੀ ਇਸੇ ਗੁਰੂ-ਚੇਲੇ ਦੀ ਪਰੰਪਰਾ ਨਾਲ ਅੱਗੇ ਵਧਿਆ ਅਤੇ ਬਾਅਦ ਵਿਚ ਲਿਪੀਬਧ ਕੀਤਾ ਗਿਆ। ਲੋਕ ਗਾਥਾਵਾਂ ਲਿਪੀਬਧ ਨਹੀਂ ਹੁੰਦੀਆਂ ਸੀ ਬਲਕਿ ਮੌਖਿਕ ਰੂਪ ਵਿਚ ਹੀ ਚਲੀਆਂ ਆ ਰਹੀਆਂ ਸੀ। ਅਸਲ ਵਿਚ ਇਨ੍ਹਾਂ ਦੀ ਮਹੱਤਤਾ ਹੀ ਉਦੋਂ ਤਕ ਹੈ ਜਦੋਂ ਤਕ ਇਹ ਲਿਪੀਬਧ ਨਾ ਹੋਣ। ਲਿਪੀਬਧ ਹੋਣ ਤੋਂ ਬਾਅਦ ਇਨ੍ਹਾਂ ਦਾ ਵਿਸਥਾਰ ਰੁੱਕ ਜਾਂਦਾ ਹੈ ਅਤੇ ਇਨ੍ਹਾਂ ਦੀ ਸੁਭਾਵਿਕਤਾ ਨਸ਼ਟ ਹੋ ਜਾਂਦੀ ਹੈ। ਕਾਰਨ ਇਹ ਹੈ ਕਿ ਜਦੋਂ ਤਕ ਇਹ ਮੌਖਿਕ ਪਰੰਪਰਾ ਵਿਚ ਰਹਿੰਦੀਆਂ ਹਨ ਉਦੋਂ ਤਕ ਲੋਕ ਦੀ ਸਮੱਗਰੀ ਰਹਿੰਦੀਆਂ ਹਨ ਪਰ ਜਦੋਂ ਲਿਪੀਬਧ ਹੋ ਜਾਂਦੀਆਂ ਹਨ ਤਾਂ ਸਾਹਿਤ ਦੀ ਸੰਪਤੀ ਹੋ ਜਾਂਦੀਆਂ ਹਨ।
ਲੋਕ ਗਾਥਾਵਾਂ ਦਿਲ ਦੀ ਆਵਾਜ਼ ਹੁੰਦੀਆਂ ਹਨ। ਇਨ੍ਹਾਂ ਵਿਚ ਆਪਣੇ ਆਪ ਹੀ ਮਧੁਰਤਾ ਅਤੇ ਸੁਭਾਵਿਕਤਾ ਆ ਜਾਂਦੀ ਹੈ। ਇਨ੍ਹਾਂ ਵਿਚ ਅਲੰਕ੍ਰਿਤ ਸ਼ੈਲੀ ਦੇ ਅਭਾਵ ਦਾ ਕਾਰਨ ਇਹ ਹੈ ਕਿ ਇਹ ਕਿਸੇ ਵਿਅਕਤੀ ਵਿਸ਼ੇਸ਼ ਦੀ ਸੰਪਤੀ ਨਾ ਹੋ ਕੇ ਸੰਪੂਰਨ ਸਮਾਜ ਦੀ ਸੰਪਤੀ ਹੁੰਦੀਆਂ ਹਨ। ਕਿਉਂਕਿ ਇਨ੍ਹਾਂ ਦੀ ਉਤਪਤੀ ਪ੍ਰਾਚੀਨ ਕਾਲ ਤੋਂ ਹੋਈ ਹੈ ਅਤੇ ਉਸ ਸਮੇਂ ਅਲੰਕ੍ਰਿਤ ਰੂਪ ਦਾ ਵਿਕਾਸ ਨਹੀਂ ਹੋਇਆ ਸੀ ਸ਼ਾਇਦ ਇਸ ਲਈ ਇਸ ਦੀ ਸ਼ੈਲੀ ਅਲੰਕ੍ਰਿਤ ਨਹੀਂ ਹੈ।
ਲੋਕ ਗਾਥਾਵਾਂ ਵਿਚ ਉਪਦੇਸ਼ਾਤਮਕ ਪ੍ਰਵਿਰਤੀ ਦਾ ਬਿਲਕੁਲ ਹੀ ਅਭਾਵ ਪਾਇਆ ਜਾਂਦਾ ਹੈ। ਲੋਕਜੀਵਨ ਦਾ ਸੰਪੂਰਨ ਚਿਤਰ ਪੇਸ਼ ਕਰਨਾ ਹੀ ਇਨ੍ਹਾਂ ਦਾ ਉਦੇਸ਼ ਹੈ। ਲੋਕ ਗਾਥਾ ਦਾ ਗਾਇਣ ਕਰਨਾ ਹੀ ਗਾਉਣ ਵਾਲੇ ਦਾ ਕਾਰਜ ਹੈ। ਇਸ ਤੋਂ ਕੁਝ ਪ੍ਰਾਪਤ ਕਰਨਾ ਸ੍ਰੋਤਿਆਂ ਦਾ ਕੰਮ ਹੈ।
ਲੋਕ ਗਾਥਾਵਾਂ ਵਿਚ ਲੇਖਕ ਦੇ ਵਿਅਕਤਿਤਵ ਦਾ ਪੂਰਨ ਅਭਾਵ ਹੁੰਦਾ ਹੈ। ਕਿਉਂਕਿ ਇਨ੍ਹਾਂ ਗਾਥਾਵਾਂ ਦੇ ਰਚੈਤਾ ਬਾਰੇ ਨਿਸ਼ਚਿਤ ਤੌਰ ’ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਇਕ ਵਿਅਕਤੀ ਹੈ, ਇਸ ਲਈ ਉਸ ਦੇ ਵਿਅਕਤਿਤਵ ਦਾ ਪ੍ਰਭਾਵ ਵੀ ਸਮਾਜ ਉੱਤੇ ਨਹੀਂ ਪੈਂਦਾ। ਇਨ੍ਹਾਂ ਵਿਚ ਕੇਵਲ ਵਿਸ਼ੇ ਦੀ ਪ੍ਰਧਾਨਤਾ ਹੁੰਦੀ ਹੈ, ਲੇਖਕ ਦੇ ਵਿਅਕਤਿਤਵ ਦੀ ਨਹੀਂ।
ਇਨ੍ਹਾਂ ਗਾਥਾਵਾਂ ਦਾ ਕਥਾਨਕ ਬਹੁਤ ਵਿਸਤ੍ਰਤ ਹੁੰਦਾ ਹੈ। ਕਿਉਂਕਿ ਕਥਾਤਮਕ ਗੀਤਾਂ ਨੂੰ ਹੀ ਲੋਕ ਗਾਥਾ ਕਹਿੰਦੇ ਹਨ ਇਸ ਲਈ ਕਥਾ ਦੇ ਵਿਸਥਾਰ ਨਾਲ ਹੀ ਗਾਥਾ ਦਾ ਵਿਸਥਾਰ ਵੀ ਵੱਧ ਜਾਂਦਾ ਹੈ।
ਇਸ ਦੇ ਵਿਸਥਾਰ ਦਾ ਦੂਜਾ ਕਾਰਨ ਇਹ ਹੋ ਸਕਦਾ ਹੈ ਕਿ ਇਸ ਨੂੰ ਸਮਾਜ ਆਪਣੀ ਸੰਪਤੀ ਸਮਝਦਾ ਹੈ ਅਤੇ ਆਪਣੀ ਮਨਮਰਜੀ ਨਾਲ ਕੁਝ ਨਾ ਕੁਝ ਵਾਧਾ ਕਰ ਦਿੰਦਾ ਹੈ। ਕਿਉਂਕਿ ਲੋਕ ਗਾਥਾ ਦਾ ਉਦੇਸ਼ ਕੇਵਲ ਕਥਾ ਕਹਿਣਾ ਹੁੰਦਾ ਹੈ ਇਸ ਲਈ ਇਹ ਬਹੁਤ ਲੰਬੀ ਹੋ ਜਾਂਦੀ ਹੈ।
ਲੋਕ ਗਾਥਾ ਦੀ ਇਕ ਮਹੱਤਵਪੂਰਨ ਵਿਸ਼ੇਸ਼ਤਾ ਉਸ ਦੀਆਂ ਸ਼ੁਰੂਆਤੀ ਤੁਕਾਂ ਦਾ ਦੁਹਰਾਓ ਹੈ। ਗਾਥਾ ਨੂੰ ਆਨੰਦਦਾਇਕ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਗੀਤਾ ਨੂੰ ਦੁਰਹਾ ਕੇ ਗਾਉਣ ਦਾ ਰਿਵਾਜ ਪਾਇਆ ਜਾਂਦਾ ਹੈ। ਇਨ੍ਹਾਂ ਦੀ ਇਸ ਪ੍ਰਵਿਰਤੀ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਗਾਥਾਵਾਂ ਸਮੂਹਿਕ ਰੂਪ ’ਚ ਗਾਈਆਂ ਜਾਂਦੀਆਂ ਸੀ। ਇਸ ਪ੍ਰਵਿਰਤੀ ਦੇ ਕੁਝ ਲਾਭ ਵੀ ਹਨ। ਗਾਥਾ ਨੂੰ ਗਾਉਣ ਲਈ ਜਦੋਂ ਦੋ ਵਰਗ ਇਕੱਠੇ ਹੁੰਦੇ ਹਨ ਤਾਂ ਸ਼ੁਰੂਆਤੀ ਤੁਕਾਂ ਦੇ ਦੁਹਰਾਓ ਨਾਲ ਵਾਤਾਵਰਨ ਆਨੰਦਿਤ ਹੋ ਜਾਂਦਾ ਹੈ ਅਤੇ ਦੂਜਾ ਵਰਗ ਵੀ ਉਦਾਸੀਨਤਾ ਤੋਂ ਬਚ ਜਾਂਦਾ ਹੈ। ਇਸ ਪ੍ਰਵਿਰਤੀ ਨਾਲ ਸ੍ਰੋਤਿਆਂ ਨੂੰ ਨੀ ਆਨੰਦ ਦੀ ਅਨੁਭੂਤੀ ਹੁੰਦੀ ਹੈ ਅਤੇ ਗਾਇਣ ਵਾਲੇ ਵੀ ਰਾਹਤ ਅਤੇ ਉਤਸ਼ਾਹ ਅਨੁਭਵ ਕਰਦੇ ਹਨ।
ਇਨ੍ਹਾਂ ਲੋਕ ਗਾਥਾਵਾਂ ਦਾ ਇਤਿਹਾਸਿਕਤਾ ਨਾਲ ਜ਼ਿਆਦਾ ਸੰਬੰਧ ਨਹੀਂ ਹੁੰਦਾ, ਅਤੇ ਜੇਕਰ ਕਿਸੇ ਤਰ੍ਹਾਂ ਇਨ੍ਹਾਂ ਦਾ ਇਤਿਹਾਸਿਕ ਆਧਾਰ ਮਿਲ ਵੀ ਜਾਂਦਾ ਹੈ ਤਾਂ ਉਹ ਸੰਦੇਹਯੁਕਤ ਹੁੰਦਾ ਹੈ। ‘ਆਲਹਾ’, ‘ਰਾਜਾ ਗੋਪੀਚੰਦ’, ‘ਰਾਜਾ ਭਰਥਰੀ’, ‘ਬਾਬੂ ਕੁੰਵਰ ਸਿੰਘ’ ਆਦਿ ਲੋਕ ਗਾਥਾਵਾਂ ਦਾ ਤਾਂ ਇਤਿਹਾਸ ਵਿਚ ਕੁਝ ਜ਼ਿਕਰ ਮਿਲਦਾ ਹੈ ਪਰ ‘ਸ਼ੋਭਾਨਾਇਕ ਬਣਜਾਰਾ’, ‘ਲੋਰਿਕੀ’, ‘ਸੋਰਠੀ’ ਆਦਿ ਦਾ ਇਤਿਹਾਸ ਵਿਚ ਕੋਈ ਵਰਣਨ ਨਹੀਂ ਮਿਲਦਾ।
ਸੰਦਰਭ ਪੁਸਤਕਾਂ
[ਸੋਧੋ]· भोजपुरी लोकगाथा: डॉ. सत्य्व्रत सिन्हा
· लोकसाहित्य की भूमिका: डॉ. कृष्णदेव उपाध्याय
· नाथ संप्रदाय: डॉ. हजारीप्रसाद व्दिवेदी
· भोजपुरी भाषा और साहित्य: डॉ. उदय नारायण तिवारी