ਸਮੱਗਰੀ 'ਤੇ ਜਾਓ

ਭਾਸ਼ਾ ਵਿਗਿਆਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਭਾਸ਼ਾ ਵਿਗਿਆਨੀ ਤੋਂ ਮੋੜਿਆ ਗਿਆ)

ਭਾਸ਼ਾ ਵਿਗਿਆਨ ਮਨੁੱਖੀ ਭਾਸ਼ਾ ਦੇ ਵਿਗਿਆਨਿਕ ਅਧਿਐਨ ਨੂੰ ਕਿਹਾ ਜਾਂਦਾ ਹੈ।[1][2][3] ਵਿਸ਼ਾ ਵੰਡ ਦੇ ਪੱਖੋਂ ਇਸਨੂੰ ਭਾਸ਼ਾ - ਸੰਰਚਨਾ (ਵਿਆਕਰਨ) ਅਤੇ ਅਰਥਾਂ ਦਾ ਅਧਿਐਨ (semantics) ਵਿੱਚ ਵੰਡਿਆ ਜਾਂਦਾ ਹੈ। ਭਾਸ਼ਾ ਵਿਗਿਆਨ ਦੇ ਅਧਿਏਤਾ ਭਾਸ਼ਾ ਵਿਗਿਆਨੀ ਕਹਾਂਦੇ ਹਨ। ਇਸ ਵਿੱਚ ਭਾਸ਼ਾ ਦਾ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵਿਸ਼ਲੇਸ਼ਣ ਅਤੇ ਵਰਣਨ ਕਰਨ ਦੇ ਨਾਲ ਹੀ ਵੱਖ ਵੱਖ ਭਾਸ਼ਾਵਾਂ ਦਾ ਤੁਲਨਾਤਮਕ ਅਧਿਐਨ ਵੀ ਕੀਤਾ ਜਾਂਦਾ ਹੈ। ਪ੍ਰਾਚੀਨ ਕਾਲ ਵਿੱਚ ਭਾਸ਼ਾ ਵਿਗਿਆਨਿਕ ਅਧਿਐਨ ਮੂਲ ਤੌਰ 'ਤੇ ਭਾਸ਼ਾ ਦੀ ਸਹੀ ਵਿਆਖਿਆ ਕਰਨ ਦੀ ਕੋਸ਼ਿਸ਼ ਦੇ ਰੂਪ ਵਿੱਚ ਸੀ। ਸਭ ਤੋਂ ਪਹਿਲਾਂ ਚੌਥੀ ਸਦੀ ਈਸਾ ਪੂਰਵ ਵਿੱਚ ਪਾਣਿਨੀ ਨੇ ਸੰਸਕ੍ਰਿਤ ਦੀ ਵਿਆਕਰਨ ਲਿਖੀ ਜਿਸ ਦਾ ਨਾਮ ਅਸ਼ਟਅਧਿਆਈ (अष्टाध्यायी) ਹੈ।<ref>पाणिनि की अष्टाध्यायी</ਕਿਸੇ ਵੀ ਅਧਿਐਨ ਨੂੰ ਵਿਗਿਆਨਿਕ ਤਾਂ ਹੀ ਕਿਹਾ ਜਾ ਸਕਦਾ ਹੈ ਜੇਕਰ ਉਹ ਤੱਥਾਂ ਦੇ ਨਿਰੀਖਣ ਉੱਤੇ ਆਧਾਰਿਤ ਹੋਵੇ। ਭਾਸ਼ਾ-ਵਿਗਿਆਨੀ ਭਾਸ਼ਾਈ ਉਚਾਰਨ ਦਾ ਜਿਵੇਂ ਨਿਰੀਖਣ ਕਰਦਾ ਹੈ, ਉਸੇ ਤਰ੍ਹਾਂ ਉਸ ਨੂੰ ਬਿਆਨ ਕਰ ਦਿੰਦਾ ਹੈ। ਉਸ ਦਾ ਕੰਮ ਸਮਾਜ ਵਿੱਚ ਵਰਤੇ ਜਾਣ ਵਾਲੇ ਉਚਾਰਨ ਪਿੱਛੇ ਕਾਰਜਸ਼ੀਲ ਨਿਯਮ ਲੱਭਣਾ ਹੈ। ਮਿਸਾਲ ਵਜੋਂ, ਜੇ ਭਾਸ਼ਾ-ਵਿਗਿਆਨੀ ਕਿਸੇ ਭਾਸ਼ਾ ਦੀ ਧੁਨੀ ਵਿਉਂਤ ਦਾ ਅਧਿਐਨ ਕਰਨ ਲੱਗਦਾ ਹੈ, ਸਭ ਤੋਂ ਪਹਿਲਾਂ ਉਹ ਧੁਨੀਆਤਮਿਕ ਵਰਗੀਕਰਨ ਕਰਦਾ ਹੈ। ਜੇਕਰ ਉਹ ਇਹ ਕਹਿੰਦਾ ਹੈ ਕਿ ਪੰਜਾਬੀ ਵਿੱਚ ਨੀਵੀਂ ਸੁਰ ਮੌਜੂਦ ਹੈ ਤਾਂ ਉਹ ਘੱਟ ਅਤੇ ਕੱਟ ਦੋ ਸ਼ਬਦਾਂ ਨੂੰ ਵਿਰੋਧ ਵਿੱਚ ਰੱਖ ਕੇ ਦੋਹਾਂ ਦੇ ਫ਼ਰਕ ਨੂੰ ਸਥਾਪਿਤ ਕਰਦਾ ਹੈ। ਕੁਝ ਕੁ ਅੰਦਾਜ਼ੇ ਤਾਂ ਪਹਿਲਾਂ ਲਾਉਣੇ ਪੈਂਦੇ ਹਨ ਅਤੇ ਫੇਰ ਉਹਨਾਂ ਨੂੰ ਟੈਸਟ ਕੀਤਾ ਜਾਂਦਾ ਹੈ ਤਾਂ ਜੋ ਕਿਸੇ ਤੱਥ ਦੀ ਹੋਂਦ ਪ੍ਰਤੱਖ ਹੋ ਸਕੇ। ਜੇਕਰ ਇਹ ਅਨੁਮਾਨ ਲਾਇਆ ਜਾਵੇ ਕਿ ਲ ਅਤੇ ਲ਼ ਵਿੱਚ ਕੋਈ ਕਾਰਜੀ ਅੰਤਰ ਨਹੀਂ ਤਾਂ ਸਮਗਰੀ ਤੋਂ ਇਸ ਬਾਰੇ ਨਿਰੀਖਣ ਕੀਤਾ ਜਾਂਦਾ ਹੈ ਜੇਕਰ ਇਹ ਧੁਨੀਆਂ ਸਾਰਥਕ ਸਿੱਧ ਹੋ ਜਾਣ ਤਾਂ ਆਪਣੇ ਵਿਚਾਰ ਬਦਲਣੇ ਪੈਂਦੇ ਹਨ। ਇੱਕ ਭਾਸ਼ਾਈ ਸਿਧਾਂਤ ਨੂੰ ਸਥਾਪਿਤ ਕਰਨ ਲਈ ਕਈ ਮਿਸਾਲਾਂ ਨੂੰ ਪਰਖਣਾ ਭਾਸ਼ਾ ਦੇ ਅਧਿਐਨ ਲਈ ਲਾਜ਼ਮੀ ਹੋ ਜਾਂਦਾ ਹੈ। ਇਸ ਤਰ੍ਹਾਂ ਭਾਸ਼ਾ-ਵਿਗਿਆਨ ਭਾਸ਼ਾ ਦੇ ਵੱਖ-ਵੱਖ ਭਾਸ਼ਾਈ ਨਮੂਨਿਆਂ ਦੀ ਪਰਿਕਲਪਨਾ ਕਰਦੇ ਹੋਏ ਅਤੇ ਇਹਨਾਂ ਦੀ ਪੁਸ਼ਟੀ ਕਰਦੇ ਹੋਏ ਪਰਿਵਰਤਨ ਜਾਂ ਸਵੀਕ੍ਰਿਤੀ ਦੇ ਪੱਧਰ ਤੱਕ ਪਹੁੰਚਦਾ ਹੈ। ਜੇਕਰ ਭਾਸ਼ਾ-ਵਿਗਿਆਨ ਭਾਸ਼ਾ ਦਾ ਵਿਗਿਆਨ ਹੈ ਤਾਂ ਇਸ ਵਿੱਚ ਭਾਸ਼ਾ ਦਾ ਸਮੁੱਚਾ ਇਤਿਹਾਸ, ਉਸ ਦਾ ਹਰ ਰੂਪ ਭਾਸ਼ਾ-ਵਿਗਿਆਨ ਦੇ ਅਧਿਐਨ ਦਾ ਵਿਸ਼ਾ ਬਣ ਜਾਂਦਾ ਹੈ। ਭਾਸ਼ਾ-ਵਿਗਿਆਨ, ਭਾਸ਼ਾ ਦੀ ਅਜਿਹੀ ਤਸਵੀਰ ਦਰਸਾਉਂਦਾ ਹੈ ਜਿਸ ਵਿੱਚ ਭਾਸ਼ਾ ਦੇ ਭਿੰਨ ਭਿੰਨ ਅੰਗਾਂ ਅਤੇ ਸਰੂਪਾਂ ਦਾ ਵਿਵੇਚਨ ਕੀਤਾ ਜਾਂਦਾ ਹੈ, ਜਿਵੇਂ ਧੁਨੀ-ਵਿਗਿਆਨ ਵਿੱਚ ਧੁਨੀਆਂ ਦੇ ਉਚਾਰਨ ਉਹਨਾਂ ਦੀ ਪ੍ਰਕਿਰਤੀ ਬਾਰੇ ਪੂਰੀ ਜਾਣਕਾਰੀ ਮਿਲਦੀ ਹੈ। ਇਸੇ ਤਰ੍ਹਾਂ ਰੂਪ-ਵਿਗਿਆਨ (ਸ਼ਬਦ-ਵਿਗਿਆਨ) ਵਿੱਚ ਧੁਨੀ ਤੋਂ ਲੈ ਕੇ ਸ਼ਬਦਾਂ ਤਕ ਦਾ ਅਧਿਐਨ ਕੀਤਾ ਜਾਂਦਾ ਹੈ।

ਭਾਸ਼ਾ-ਵਿਗਿਆਨੀ ਭਾਸ਼ਾ ਦਾ ਅਧਿਐਨ ਦੋ ਪਹਿਲੂਆਂ ਤੋਂ ਕਰਦਾ ਹੈ। ਇਤਿਹਾਸਿਕ ਅਧਿਐਨ ਅਤੇ ਸਮਕਾਲਿਕ ਅਧਿਐਨ। ਇਤਿਹਾਸਿਕ ਅਧਿਐਨ ਵਿੱਚ ਭਾਸ਼ਾ ਦੇ ਇਤਿਹਾਸਿਕ ਵਿਕਾਸ ਕ੍ਰਮ ਦੇ ਪੜਾਵਾਂ ਦਾ ਅਧਿਐਨ ਕੀਤਾ ਜਾਂਦਾ ਹੈ ਜਿਸ ਵਿੱਚ ਮੂਲਾਤਮਿਕ, ਰੂਪਾਤਮਿਕ, ਰਚਨਾਤਮਿਕ ਅਤੇ ਅਰਥਾਤਮਿਕ ਪੱਧਰਾਂ ਤੇ ਅਧਿਐਨ ਵਿੱਚ ਸਮਕਾਲੀਨ ਭਾਸ਼ਾਵਾਂ ਦੀ ਸੰਰਚਨਾ ਦਾ ਅਧਿਐਨ ਕੀਤਾ ਜਾਂਦਾ ਹੈ। ਮਿਸਾਲ ਵਜੋਂ, ਪੰਜਾਬੀ ਇੱਕ ਮਨੁੱਖੀ ਭਾਸ਼ਾ ਹੈ। ਪੰਜਾਬੀ ਨੂੰ ਮੁੱਖ ਮੰਨ ਕੇ ਉਸ ਦੀਆਂ ਕਈ ਬੋਲੀਆਂ ਮੰਨੀਆਂ ਜਾਂਦੀਆਂ ਹਨ, ਜਿਵੇਂ- ਮਾਝੀ, ਪੁਆਧੀ, ਦੁਆਬੀ, ਮਲਵਈ ਆਦਿ। ਇਹਨਾਂ ਬੋਲੀਆਂ ਨੂੰ ਪੰਜਾਬੀ ਭਾਸ਼ਾ ਦੀਆਂ ਬੋਲੀਆਂ ਮੰਨਣਾ ਇਤਿਹਾਸਿਕ ਦ੍ਰਿਸ਼ਟੀਕੋਣ ਹੈ ਜਦੋਂ ਕਿ ਹਰ ਇੱਕ ਬੋਲੀ ਨੂੰ ਵੱਖੋ-ਵੱਖਰਾ ਮੰਨ ਕੇ ਅਧਿਐਨ ਕਰਨਾ ਸਮਕਾਲਿਕ ਦ੍ਰਿਸ਼ਟੀਕੋਣ ਹੈ। ਸਮਕਾਲੀ ਦ੍ਰਿਸ਼ਟੀ ਦੇ ਅਧੀਨ ਵਰਤਮਾਨ ਵਿੱਚ ਭਿੰਨ-ਭਿੰਨ ਅਧਿਐਨ ਪੱਧਤੀਆਂ ਵਿਕਸਿਤ ਹੋਈਆਂ ਹਨ। ਵਰਣਨਾਤਮਿਕ ਸੰਰਚਨਾਤਮਿਕ, ਤੁਲਨਾਤਮਿਕ ਅਤੇ ਪ੍ਰਯੋਗਾਤਮਿਕ।

ਭਾਸ਼ਾ ਦੇ ਆਂਤਰਿਕ ਢਾਂਚੇ ਦਾ ਵਿਸ਼ਲੇਸ਼ਣ ਕਰਨ ਦੇ ਉਦੇਸ਼ ਤੋਂ ਜਿਸ ਭਾਸ਼ਾ ਅਧਿਐਨ ਪੱਧਤੀ ਦਾ ਵਿਕਾਸ ਹੋਇਆ ਉਸ ਨੂੰ ਵਰਣਨਾਤਮਿਕ ਕਿਹਾ ਗਿਆ। ਇਸੇ ਦਿਸ਼ਾ ਵਿੱਚ ਅੱਗੇ ਵਧਦਿਆਂ ਕਿਸੇ ਭਾਸ਼ਾ ਦੇ ਸੰਰਚਨਾ ਤੱਤਾਂ ਦੇ ਸੂਖ਼ਮ ਅਧਿਐਨ ਨੂੰ ਸੰਰਚਨਾਤਮਿਕ ਅਧਿਐਨ ਪੱਧਤੀ ਦਾ ਨਾਂ ਦਿੱਤਾ ਗਿਆ। ਜੇਕਰ ਦੋ ਜਾਂ ਵੱਖ ਭਾਸ਼ਾਵਾਂ ਦੀ ਬਣਤਰ ਦੀ ਆਪਸੀ ਤੁਲਨਾ ਕੀਤੀ ਜਾਵੇ ਤਾਂ ਉਹ ਅਧਿਐਨ ਤੁਲਨਾਤਮਿਕ ਅਧਿਐਨ ਅਖਵਾਉਂਦਾ ਹੈ। ਇਸੇ ਤਰ੍ਹਾਂ ਧੁਨੀਆਂ ਦੇ ਉਚਾਰਨ, ਸ਼੍ਰਵਣ ਅਤੇ ਗ੍ਰਹਿਣ ਦੀ ਸੂਖ਼ਮਤਾ ਨੂੰ ਜਾਣਨ ਲਈ ਭਿੰਨ-ਭਿੰਨ ਵਿਗਿਆਨਿਕ ਤਕਨੀਕੀ ਯੰਤਰਾਂ ਰਾਹੀਂ ਉਚਾਰਨੀ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਨੂੰ ਪ੍ਰਯੋਗਾਤਮਿਕ ਅਧਿਐਨ ਪੱਧਤੀ ਦਾ ਨਾਂ ਦਿੱਤਾ ਜਾਂਦਾ ਹੈ।

ਆਧੁਨਿਕ ਦ੍ਰਿਸ਼ਟੀ ਨੇ ਭਾਸ਼ਾ ਅਧਿਐਨ ਦੀਆਂ ਹੋਰਨਾਂ ਕਈ ਪੱਧਤੀਆਂ ਨੂੰ ਜਨਮ ਦਿੱਤਾ ਜਿਵੇਂ ਭਾਸ਼ਾ ਮਨੋ- ਵਿਗਿਆਨ, ਸਮਾਜ ਭਾਸ਼ਾ-ਵਿਗਿਆਨ, ਭਾਸ਼ਾ ਭੂਗੋਲ, ਭਾਸ਼ਾ ਅਧਿਆਪਨ ਆਦਿ। ਵੀਹਵੀਂ ਸਦੀ ਦੇ ਅਰੰਭ ਵਿੱਚ ਯੂਰਪ ਦੇ ਪ੍ਰਸਿੱਧ ਭਾਸ਼ਾ-ਵਿਗਿਆਨੀ ਸੋਸਿਊਰ ਨੇ ਆਧੁਨਿਕ ਭਾਸ਼ਾ-ਵਿਗਿਆਨ ਦੀ ਨੀਂਹ ਰੱਖੀ। ਸੋਸਿਊਰ ਮੁਤਾਬਕ 1. ਭਾਸ਼ਾ ਦਾ ਜੀਵਿਤ ਅਤੇ ਬੋਲ-ਚਾਲ ਦਾ ਰੂਪ ਅਧਿਐਨ ਲਈ ਮਹੱਤਵਪੂਰਨ ਹੈ। 2. ਭਾਸ਼ਾ ਵਿਗਿਆਨ ਸਮਕਾਲੀਨ ਅਤੇ ਇਤਿਹਾਸਿਕ ਦੋ ਤਰ੍ਹਾਂ ਦਾ ਹੁੰਦਾ ਹੈ ਪਰ ਇਸ ਵਿੱਚ ਸਮਕਾਲਿਕ ਵਧੇਰੇ ਮਹੱਤਵਪੂਰਨ ਹੈ 3. ਭਾਸ਼ਾ ਦੇ ਅਧਿਐਨ ਦਾ ਉਦੇਸ਼ ਇਸਦੀ ਅੰਦਰੂਨੀ ਬਣਤਰ ਦੀ ਖੋਜ ਕਰਨਾ ਹੈ। ਆਧੁਨਿਕ ਭਾਸ਼ਾ-ਵਿਗਿਆਨ ਨੂੰ ਗਤੀ ਪ੍ਰਦਾਨ ਕਰਨ ਵਾਲੇ ਦੂਜੇ ਭਾਸ਼ਾ-ਵਿਗਿਆਨੀ ਬੋਆਸ ਸਪੀਰ ਅਤੇ ਬਲੂਮ ਫੀਲਡ ਸਨ। ਬੋਆਸ ਨੇ ਸਮਕਾਲਿਕ ਵਰਣਨਾਤਮਿਕ ਅਧਿਐਨ ਤੇ ਬਲ ਦਿੱਤਾ। ਸਪੀਰ ਨੇ ਮਾਨਵ-ਵਿਗਿਆਨ ਅਤੇ ਸਮਾਜ-ਵਿਗਿਆਨ ਦੇ ਪਰਿਪੇਖ ਵਿੱਚ ਭਾਸ਼ਾ ਦੇ ਅਧਿਐਨ ਤੇ ਜ਼ੋਰ ਦਿੱਤਾ। ਬਲੂਮਫੀਲਡ ਨੇ ਵੀ ਵਰਣਨਾਤਮਿਕ ਭਾਸ਼ਾ-ਵਿਗਿਆਨ ਤੇ ਬਲ ਦਿੱਤਾ।

ਭਾਸ਼ਾ-ਵਿਗਿਆਨ ਦੇ ਕਈ ਸਕੂਲ ਸਨ ਜਿਵੇਂ ਬ੍ਰਿਟਿਸ਼ ਸਕੂਲ, ਲੰਦਨ ਸਕੂਲ, ਅਮਰੀਕੀ ਸਕੂਲ, ਕੋਪਨ ਹਾਗਨ ਅਤੇ ਪਰਾਗ ਸਕੂਲ।

ਹੋਰ ਵੇਖੋ

[ਸੋਧੋ]

ਹਵਾਲੇ

[ਸੋਧੋ]
  1. "Pennsylvania University - Department of Linguistics". Retrieved 13 November 2012.
  2. "Linguistics - IELANGUAGES.COM". Retrieved 13 November 2012.
  3. "IOWA University - Linguistics". Retrieved 13 November 2012.

ਸਰੋਤ: ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ