ਭਿਆਨਕ ਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਿਸੇ ਭਿਅੰਕਰ ਸ਼ੈਅ ਨੂੰ ਵੇਖਣ, ਸੁਣਨ ਕਰਕੇ ਮਨ ਵਿੱਚ ਵਰਤਮਾਨ ਭਯ (ਭੈ) ਜਦੋਂ ਪ੍ਰਬਲ ਰੂਪ ਧਾਰਣ ਪੁਸ਼ਟ ਹੁੰਦਾ ਹੈ ਉਦੋਂ ਭਿਆਨਕ ਰਸ ਦੀ ਅਭਿਵਿਅਕਤੀ ਹੁੰਦੀ ਹੈ। ਭੈ ਇਸਦਾ ਸਥਾਈ ਭਾਵ ਹੈ। ਭੈ ਬਾਰੇ ਲਿਖਿਆ ਹੈ ਕਿ ਚਿੱਤ ਦੀ ਵਿਆਕੁਲਤਾ ਤੋ ਪੈਦਾ ਹੋਈ ਮਨ ਦੀ ਡਾਵਾਂ-ਡੋਲਤਾ (ਅਸਥਿਰਤਾ) ਭੈ ਹੈ। ਜਦੋਂ ਕਿਸੇ ਡਰਾਵਨੇ ਦ੍ਰਿਸ਼, ਜੀਵ-ਜੰਤੂ ਅਤੇ ਪਦਾਰਥ ਨੂੰ ਦੇਖ ਜਾਂ ਉਸਦੇ ਬਾਰੇ ਸੁਣ-ਪੜ੍ਹ ਕੇ ਮਨ ਵਿੱਚ "ਭੈ" ਪੈਦਾ ਹੋ ਜਾਵੇ ਤਾਂ ਉਸਨੂੰ 'ਭਿਆਨਕ' ਰਸ ਕਿਹਾ ਜਾਂਦਾ ਹੈ। ਸ਼ੇਰ, ਸੱਪ ਆਦਿਕ ਮਾਰ-ਖੰਡੇ ਜਾਨਵਰ, ਘੋਰ ਜੰਗਲ, ਸ਼ਮਸ਼ਾਨ, ਦੁਸ਼ਮਣ, ਭੂਤਪ੍ਰੇਤ ਦੀ ਕਲਪਨਾ ਇਸ ਦੇ ਆਲਬੰਨ ਵਿਭਾਵ ਹਨ; ਮਾਰ-ਖੰਡੇ ਪਸ਼ੂਆਂ ਦੀਆ ਹਰਕਤਾਂ, ਦੁਸ਼ਮਣਾ ਦਾ ਭੈ-ਦਾਇਕ ਵਿਵਹਾਰ, ਭਿਆਨਕ ਸਥਾਨ ਦੀ ਇਕਾਂਤ, ਡਰਾਉਣੇ ਜੈਕਾਰੇ ਇਸਦੇ ਉੱਦੀਪਨ ਵਿਭਾਵ ਹਨ। ਰੋਮਾਂਚ, ਕੰਬਣੀ, ਪਸੀਨਾ, ਰੰਗਬਿਰੰਗਾ ਹੋਣਾ, ਰੋਣਾ, ਸ਼ੋਰ ਮਚਾਉਣਾ, ਦਿਲ ਪਿਘਲਾਊ ਬਚਨ ਆਦਿ ਇਸਦੇ ਅਨੁਭਾਵ ਹਨ; ਸ਼ੰਕਾ, ਮੂਰਛਾ, ਦੀਨਤਾ, ਡੋਰ-ਭੋਰ ਹੋਣਾ, ਯਾਦ, ਮਿਰਗੀ ਆਦਿ ਸੰਚਾਰੀ ਭਾਵ ਹਨ।[1]

ਆਚਾਰੀਆ ਭਰਤ ਨੇ-ਵਿਆਜਜਨਯ-ਭ੍ਰਾਂਤਿ ਤੌਂ ਪੈਦਾ ਹੋਣ ਵਾਲਾ ਡਰ (ਅੰਧੇਰੇ ਵਿੱਚ ਰੱਸੀ ਨੂੰ ਸੱਪ ਸਮਝਣਾ); ਅਪਰਾਧਜਨਯ-(ਕਾਲਪਨਿਕ)-(ਕਿਸੇ ਅਪਰਾਧ ਜਾਂ ਗਲਤ ਕੰਮ ਨੂੰ ਕਰਕੇ ਅਨਿਸ਼ਟ ਦੀ ਕਲਪਨਾ ਕਰਕੇ ਪੈਦਾ ਹੋਣ ਵਾਲਾ ਡਰ) ਅਤੇ ਵਿਤ੍ਰਾਸਿਕ (ਡਰ ਪੈਦਾ ਕਰਨ ਵਾਲਾ ਸੇ਼ਰ, ਸੱਪ ਆਦਿ ਨੂੰ ਪ੍ਰਤੱਖ ਦੇਖ ਕੇ) ਪੈਦਾ ਹੋਣ ਵਾਲੇ ਡਰ ਦੇ ਰੂਪ 'ਚ ਭਯਾਨਕ ਰਸ ਨੂੰ ਤਿੰਨ ਤਰ੍ਹਾਂ ਦਾ ਮੰਨਿਆ ਹੈ।[2]

ਉਦਾਹਰਣ:-

ਲਾਗਿ ਲਾਗਿ ਆਗਿ ਭਾਗਿ ਚਲੇ ਜਹਾਂ ਤਹਾਂ

ਬੀਯ ਕੋ ਨ ਮਾਂਯ ਬਾਪ ਪੂਤ ਨ ਸੰਭਾਰਹੀ।

ਛੁਟੇ ਬਾਰ ਬਸਨ ਉਘਾਰੇ ਧੁਮ ਧੁੰਧ ਅੰਧ

ਕਹੈ ਬਾਰੇ ਬੂਢੇ ਬਾਰਿ ਬਾਰਿ ਬਾਰ ਬਾਰ ਹੀ।

ਹਯ ਹਿਨਹਿਨਾਤ ਭਾਗੇ ਜਾਤ ਬਹਰਾਤ ਗਜ,

ਭਾਰੀ ਭੀਰ ਠੇਲਿ ਰੌਦਿ ਰੌਦਿ ਡਾਰਹੀ।

ਨਾਮ ਲੈ ਚਿਲਾਤ ਚਿਲਲਾਤ ਅਕੁਲਾਤ ਅਤਿ,

ਤਾਤ ਤਾਤ ਤੌਸਿਯਤ ਝੌਸਿਅਤ ਝਾਰਹੀ।

ਇਸ ਵਿੱਚ ਹਨੂਮਾਨ ਆਲੰਬਨ ਹਨ, ਉਨ੍ਹਾਂ ਵਲੋ ਲੰਕਾਪੁਰੀ ਵਿੱਚ ਅੱਗ ਲਾਉਣ ਦਾ ਘੋਰ ਕੰਮ ਉਦੀਪਨ ਹਨ, ਉਨ੍ਹਾਂ ਦਾ ਏਧਰ-ਉਧਰ ਭੱਜਣਾ, ਕੁਰਲਾਉਣਾ, ਰੋਣਾ ਆਦਿ ਅਨੁਭਾਵ ਹਨ, ਡਰ, ਦੀਨਤਾ ਆਦਿ ਸੰਚਾਰੀ ਭਾਵ ਹਨ।[3]

ਹਵਾਲੇ[ਸੋਧੋ]

  1. ਧਾਲੀਵਾਲ, ਡਾ.ਪ੍ਰੇਮ ਪ੍ਰਕਾਸ਼ (2019). ਭਾਰਤੀ ਕਾਵਿ ਸ਼ਾਸਤ੍ਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਮਦਾਨ ਪਬਲੀਸ਼ਿੰਗ ਹਾਊਸ. p. 101.
  2. ਸ਼ਰਮਾ, ਪ੍ਰੋ.ਸੁ਼ਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਊਰੋ, ਪਟਿਆਲਾ. p. 174. ISBN 978-81-302-0462-8.
  3. ਸਿੰਘ, ਡਾ.ਪ੍ਰੇਮ ਪ੍ਰਕਾਸ਼ (1998). ਭਾਰਤੀ ਕਾਵਿ ਸ਼ਾਸਤ੍ਰ. ਲੁਧਿਆਣਾ: ਲਾਹੋਰ ਬੁਕ ਸ਼ਾਪ,ਲੁਧਿਆਣਾ. p. 246. ISBN 81-7647-018-X.