ਭੂਟਾਨ ਦਾ ਸੱਭਿਆਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭੂਟਾਨ ਵਿੱਚ ਹੋ ਰਹੀ ਸੰਗੀਤਕ ਪਰੇਡ

ਭੁਟਾਨ ਦੇ ਲੋਕਾਂ ਦਾ ਸੱਭਿਆਚਾਰ ਦੂਸਰੇ ਦੇਸ਼ਾਂ ਨਾਲੋਂ ਕੁਝ ਵੱਖਰਾ ਹੈ। ਉਹ ਆਪਣੇ ਰਾਜੇ ਦਾ ਆਦਰ ਕਰਦੇ ਹਨ। ਲੋਕਾਂ ਨੇ ਆਪਣੀ ਸੋਚ ਤੋਂ ਉੱਪਰ ਉੱਠ ਕੇ ਇਸ ਨੂੰ ਵਧੀਆ ਦੇਸ਼ ਬਣਾ ਦਿੱਤਾ ਹੈ। ਭੁਟਾਨ ਦੇ ਲੋਕ ਸਾਧਾਰਨ ਜੀਵਨ ਬਤੀਤ ਕਰਦੇ ਹਨ। ਉਹਨਾਂ ਦੀ ਡੂੰਘੀ ਅਧਿਆਤਮਿਕਤਾ, ਉਹਨਾਂ ਦੇ ਮੱਠਾਂ ਅਤੇ ਮੰਦਿਰਾਂ ਤੋਂ ਪ੍ਰਾਰਥਨਾ ਚੱਕਰਾਂ ਅਤੇ ਪ੍ਰਾਰਥਨਾ ਝੰਡੀਆਂ ਰਾਹੀਂ ਬਾਹਰ ਆਉਂਦੀ ਹੈ। ਉਹਨਾਂ ਦਾ ਸਾਧਾਰਨ ਸੁਭਾਅ ਅਤੇ ਸਾਫ਼ਦਿਲੀ ਹੀ ਉਹਨਾਂ ਦੇ ਮਨ ਦੀ ਸਕੂਨਤਾ ਦਾ ਰਾਜ਼ ਹੈ।

ਧਰਮ ਅਤੇ ਰੀਤੀ ਰਿਵਾਜ[ਸੋਧੋ]

ਭੂਟਾਨੀ ਬੋਧੀ ਭਿਖਸ਼ੂ ਖਿੜਕੀ ਵਿਚੋੰ ਵੇਖਦਾ ਹੋਇਆ

ਭੁਟਾਨ ਵਿੱਚ ਜ਼ਿਆਦਾਤਰ ਲੋਕ ਬੋਧੀ ਧਰਮ ਨਾਲ ਸਬੰਧਤ ਹਨ। ਇਥੇ ਬੋਧੀ ਧਰਮ ਨੌਵੀਂ ਸਦੀ ਵਿੱਚ ਪ੍ਰਚਲਤ ਹੋਇਆ| ਭੁਟਾਨ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਬੋਧੀ ਧਰਮ ਦੀ ਹੋਂਦ ਪਹਾੜੀਆਂ ਦੀਆਂ ਚੋਟੀਆਂ, ਮੱਠਾਂ, ਝਰਨਿਆਂ, ਘਾਟੀਆਂ ਉੱਤੇ ਲਹਿਰਾਉਂਦੇ ਪ੍ਰਾਰਥਨਾ ਝੰਡਿਆਂ ਵਿੱਚ ਵੀ ਝਲਕਦੀ ਹੈ। ਬੋਧੀ ਆਪਣੀ ਨਿੱਜੀ ਜ਼ਿੰਦਗੀ ਤੋਂ ਉੱਪਰ ਉੱਠ ਕੇ ਸਾਰੀ ਕਾਇਨਾਤ ਨੂੰ ਬਰਾਬਰ ਸਨਮਾਨ ਦਿੰਦੇ ਹਨ, ਖ਼ਾਸ ਕਰਕੇ ਅਗਨੀ, ਵਾਯੂ, ਜਲ ਨੂੰ। ਲੋਕ ਮੌਤ ਤੋਂ ਬਾਅਦ ਪੁਨਰ ਜਨਮ ਵਿੱਚ ਵਿਸ਼ਵਾਸ ਰੱਖਦੇ ਹਨ ਲੋਕਾਂ ਲਈ ਮੌਤ ਦਾ ਮਤਲਬ ਦੁਬਾਰਾ ਜਨਮ ਰਾਹੀਂ ਇੱਕ ਨਵੇਂ ਜੀਵਨ ਵਿੱਚ ਪ੍ਰਵੇਸ਼ ਕਰਨਾ ਹੈ। ਇਸ ਕਰਕੇ ਕਿਸੇ ਦੇ ਮਰਨ 'ਤੇ ਬਹੁਤ ਸਾਰੀਆਂ ਰਸਮਾਂ-ਰਿਵਾਜ ਨਿਭਾਏ ਜਾਂਦੇ ਹਨ। ਭੁਟਾਨ ਦੇ ਲੋਕ ਮਿ੍ਤਕ ਸਰੀਰ ਦਾ ਸਸਕਾਰ ਕਰਦੇ ਹਨ ਪਰ ਕਈ ਹਿੱਸਿਆਂ ਵਿੱਚ ਮਿ੍ਤਕ ਸਰੀਰ ਨੂੰ ਪਹਾੜਾਂ ਦੀਆਂ ਚੋਟੀਆਂ 'ਤੇ ਇੰਜ ਹੀ ਰੱਖ ਦਿੱਤਾ ਜਾਂਦਾ ਹੈ ਤਾਂ ਕਿ ਮਰਨ ਤੋਂ ਬਾਅਦ ਸਰੀਰ ਪੰਛੀਆਂ ਅਤੇ ਜਾਨਵਰਾਂ ਦੀ ਖੁਰਾਕ ਵਜੋਂ ਕੰਮ ਆ ਸਕੇ। ਮਰਨ ਤੋਂ ਬਾਅਦ 7ਵਾਂ, 14ਵਾਂ, 21ਵਾਂ ਅਤੇ 49ਵਾਂ ਦਿਨ ਵਿੱਚ ਮਿ੍ਤਕ ਦੇ ਨਾਂਅ ਦੇ ਪ੍ਰਾਰਥਨਾ ਝੰਡੇ ਲਗਾਏ ਜਾਂਦੇ ਹਨ ਅਤੇ ਕਈ ਧਾਰਮਿਕ ਰਸਮਾਂ ਨਿਭਾਈਆਂ ਜਾਂਦੀਆਂ ਹਨ।

ਕੰਮ ਅਤੇ ਖਾਣਪੀਣ[ਸੋਧੋ]

ਇਮਾ ਦਾਤਸ਼ੀ (ཨེ་མ་དར་ཚིལ།) ਚਾਵਲਾਂ ਨਾਲ

ਭੁਟਾਨ ਦੇ ਅਸਲੀ ਰੰਗ ਉਸ ਦੀ ਮਿੱਟੀ ਵਿੱਚ ਸਮਾਏ ਹੋਏ ਹਨ। ਭੁਟਾਨ ਦੇ 70 ਫੀਸਦੀ ਲੋਕ ਖੇਤੀਬਾੜੀ ਅਤੇ ਪਸ਼ੂ ਪਾਲਣ ਕਿੱਤੇ ਨਾਲ ਜੁੜੇ ਹੋਏ ਹਨ ਪਰ ਪਣ-ਬਿਜਲੀ ਦਾ ਨਿਰਯਾਤ ਅਤੇ ਸੈਰਸਪਾਟਾ ਦੇਸ਼ ਦੇ ਮੁੱਖ ਸਾਧਨ ਹਨ। ਚੌਲ ਇਥੋਂ ਦਾ ਮੁੱਖ ਭੋਜਨ ਹੈ। ਸੂਰ ਅਤੇ ਮੁਰਗੇ ਦਾ ਮਾਸ ਮਾਸਾਹਾਰੀ ਲੋਕਾਂ ਦੀ ਵਿਸ਼ੇਸ਼ ਪਸੰਦ ਹੈ। ਸਬਜ਼ੀਆਂ ਵਿੱਚ ਪਾਲਕ, ਕੱਦੂ, ਸ਼ਲਗਮ, ਮੂਲੀਆਂ, ਟਮਾਟਰ, ਪਿਆਜ਼, ਆਲੂ, ਫਲੀਆਂ ਅਤੇ ਦਰਿਆਈ ਬੂਟੀ ਇਥੇ ਦੇ ਲੋਕਾਂ ਦੀ ਵਿਸ਼ੇਸ਼ ਪਸੰਦ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜੌਂ, ਫਾਫਰਾ ਦੀ ਕਾਸ਼ਤ ਕੀਤੀ ਜਾਂਦੀ ਹੈ। 'ਫਿਡਲ ਹੈੱਡ ਫਰਨ' (ਘਾਹ) ਦੀ ਸਬਜ਼ੀ ਲੋਕਾਂ ਦੀ ਖ਼ਾਸ ਪਸੰਦ ਹੈ। ਭੁਟਾਨ ਦੇ ਲੋਕ ਮਿਰਚਾਂ ਦੇ ਦੀਵਾਨੇ ਹਨ। ਮਿਰਚਾਂ ਕੇਵਲ ਮਸਾਲੇ ਦੇ ਤੌਰ 'ਤੇ ਨਹੀਂ ਬਲਕਿ ਸਬਜ਼ੀ ਦੇ ਤੌਰ 'ਤੇ ਵਰਤੀਆਂ ਜਾਂਦੀਆਂ ਹਨ। ਲਾਲ, ਹਰੀਆਂ, ਮੋਟੀਆਂ, ਪਤਲੀਆਂ, ਲੰਮੀਆਂ, ਗੋਲ, ਸੁੱਕੀਆਂ ਉਬਾਲੀਆਂ, ਪਾਊਡਰ ਅਤੇ ਆਚਾਰੀ ਮਿਰਚਾਂ ਹਰੇਕ ਪਕਵਾਨ ਦਾ ਅਹਿਮ ਹਿੱਸਾ ਹਨ। 'ਈਮਾਦਾਸ਼ੀ' 'ਈਮਾ' ਅਰਥਾਤ 'ਮਿਰਚ' ਅਤੇ 'ਦਾਸ਼ੀ' ਅਰਥਾਤ ਪਨੀਰ ਭੁਟਾਨ ਦਾ ਰਾਸ਼ਟਰੀ ਪਕਵਾਨ ਹੈ। ਇਹ ਪਕਵਾਨ ਦੁੱਧ ਅਤੇ ਪਨੀਰ ਵਿੱਚ ਮਿਰਚਾਂ ਉਬਾਲ ਕੇ ਬਣਾਇਆ ਜਾਂਦਾ ਹੈ ਅਤੇ ਇਸ ਨੂੰ ਲਾਲ ਰੰਗ ਦੇ ਚੌਲ, ਜੋ ਕਿ ਭੁਟਾਨ ਦੇ ਖ਼ਾਸ ਹਨ, ਨਾਲ ਖਾਧਾ ਜਾਂਦਾ ਹੈ। 'ਸ਼ਿਆ' (ਚਾਹ) ਦਾ ਜ਼ਾਇਕਾ ਮਿਰਚਾਂ ਦੇ ਪਕੌੜੇ, ਮਿਰਚਾਂ ਦੀ ਚਟਨੀ ਅਤੇ 'ਜ਼ਾਵੂ' (ਭੁੱਜੇ ਹੋਏ ਚੌਲ) ਦੇ ਨਾਲ ਲਿਆ ਜਾਂਦਾ ਹੈ। ਪਰ ਚਾਹ ਵਿੱਚ ਚੀਨੀ ਅਤੇ ਦੁੱਧ ਨਹੀਂ ਸਗੋਂ ਚਾਹਪੱਤੀ ਦੇ ਨਾਲ 'ਯਾਕ' ਦੇ ਦੁੱਧ ਦਾ ਮੱਖਣ ਅਤੇ ਨਮਕ ਪਾਇਆ ਜਾਂਦਾ ਹੈ। ਭੁਟਾਨ ਦੇ ਲੋਕਾਂ ਨੂੰ ਪਨੀਰ ਵਿਸ਼ੇਸ਼ ਤੌਰ 'ਤੇ ਪਸੰਦ ਹੈ। ਯਾਕ ਦੇ ਦੁੱਧ ਦਾ ਪਨੀਰ ਸੁਕਾ ਕੇ ਸਖ਼ਤ ਕੀਤਾ ਜਾਂਦਾ ਹੈ ਅਤੇ ਫਿਰ ਉਸ ਨੂੰ 'ਟਾਫੀ' ਵਾਂਗ ਚੂਸਿਆ ਜਾਂਦਾ ਹੈ। ਇਸ ਨੂੰ ਕਿਸੇ ਸਬਜ਼ੀ ਵਿੱਚ ਨਹੀਂ ਪਾਇਆ ਜਾਂਦਾ। ਭੁਟਾਨੀ ਲੋਕ 'ਡੋਮਾ' (ਪਾਨ) ਦੇ ਬਹੁਤ ਸ਼ੌਕੀਨ ਹਨ, ਇਸ ਨੂੰ ਤੋਹਫ਼ੇ ਵਜੋਂ ਵੀ ਦਿੱਤਾ ਜਾਂਦਾ ਹੈ। ਭੁਟਾਨੀ ਪਾਨ ਵਿੱਚ ਸਿਰਫ਼ ਤਿੰਨ ਚੀਜ਼ਾਂ ਹੀ ਪਾਉਂਦੇ ਹਨ—ਪਾਨ ਦਾ ਪੱਤਾ, ਸੁਪਾਰੀ ਅਤੇ ਨਿੰਬੂ।

ਪਹਿਰਾਵਾ[ਸੋਧੋ]

ਭੂਟਾਨ ਦੀਆਂ ਔਰਤਾਂ ਇੱਕ ਖਾਸ ਪਹਿਰਾਵੇ ਵਿੱਚ

ਭੁਟਾਨ ਦੇ ਲੋਕਾਂ ਦਾ ਰਾਸ਼ਟਰੀ ਪਹਿਰਾਵਾ ਪੁਰਸ਼ਾਂ ਲਈ 'ਗੋ' ਅਤੇ ਮਹਿਲਾਵਾਂ ਲਈ 'ਕੀਰਾ' ਹੈ। ਸਾਰੇ ਭੁਟਾਨੀ ਲੋਕ ਸਰਕਾਰੀ ਦਫ਼ਤਰਾਂ, ਸਕੂਲਾਂ ਅਤੇ ਆਮ ਤੇ ਖ਼ਾਸ ਮੌਕਿਆਂ 'ਤੇ ਰਾਸ਼ਟਰੀ ਪਹਿਰਾਵਾ ਪਹਿਨਦੇ ਹਨ। ਪੁਰਸ਼, ਮਹਿਲਾਵਾਂ ਅਤੇ ਬੱਚੇ ਰੰਗਦਾਰ ਕਿਸਮ ਦੇ ਭੁਟਾਨੀ ਕੱਪੜੇ ਤੋਂ ਬਣਿਆ ਰਵਾਇਤੀ ਪਹਿਰਾਵਾ ਪਹਿਨਦੇ ਹਨ। ਪੁਰਸ਼ ਗੋਡਿਆਂ ਤੱਕ ਲੰਬਾਈ ਵਾਲਾ ਪਹਿਰਾਵਾ ਜਿਸ ਨੂੰ 'ਗੋ' ਕਿਹਾ ਜਾਂਦਾ ਹੈ, ਜੋ ਰਵਾਇਤੀ ਬੈਲਟ ਨਾਲ ਕਮਰ ਤੱਕ ਬੰਨਿ੍ਹਆ ਹੁੰਦਾ ਹੈ ਅਤੇ ਗੋਡਿਆਂ ਤੱਕ ਕਢਾਈ ਵਾਲੇ ਬੂਟ ਪਹਿਨਦੇ ਹਨ। ਮਹਿਲਾਵਾਂ ਪੈਰਾਂ ਤੱਕ ਲੰਮਾ ਪਹਿਰਾਵਾ ਪਹਿਨਦੀਆਂ ਹਨ, ਜਿਸ ਨੂੰ 'ਕੀਰਾ' ਕਿਹਾ ਜਾਂਦਾ ਹੈ ਅਤੇ ਇਸ ਦੇ ਨਾਲ 'ਟੋਗੋ' ਨਾਮਕ ਛੋਟੀ ਜੈਕਟ ਪਹਿਨਦੀਆਂ ਹਨ। ਦਫਤਰਾ ਦੇ ਕੇਂਦਰਾਂ ਵਿੱਚ ਜਾਂਦੇ ਹਨ ਤਾਂ ਲੰਮਾ 'ਸਕਾਰਫ' ਪਹਿਨਦੇ ਹਨ। ਵੱਖ-ਵੱਖ ਰੰਗਾਂ ਦੇ ਸਕਾਰਫ, ਪਹਿਨਣ ਵਾਲੇ ਦੇ ਪੱਧਰ ਜਾਂ ਅਹੁਦੇ ਦੀ ਮਹੱਤਤਾ ਦਰਸਾਉਂਦੇ ਹਨ। ਪੀਲੇ ਰੰਗ ਦਾ ਸਕਾਰਫ ਕੇਵਲ ਰਾਜੇ ਜਾਂ ਮੁੱਖ ਗ੍ਰੰਥੀ ਦੁਆਰਾ ਹੀ ਪਾਇਆ ਜਾ ਸਕਦਾ ਹੈ, ਜਦੋਂ ਕਿ ਆਮ ਲੋਕਾਂ ਦੀ ਸਫੈਦ ਸਕਾਰਫ ਹੀ ਪਹਿਨਣਾ ਹੁੰਦਾ ਹੈ। ਮਹਿਲਾਵਾਂ ਪੁਰਸ਼ਾਂ ਦੇ ਨਾਲੋਂ ਸਮਾਨਤਾ ਅਤੇ ਆਜ਼ਾਦੀ ਦਾ ਜ਼ਿਆਦਾ ਅਨੰਦ ਮਾਣਦੀਆਂ ਹਨ, ਇਥੇ ਵਿਰਾਸਤੀ ਜਾਇਦਾਦ ਦੇ ਅਧਿਕਾਰ ਵਧੇਰੇ ਕਰਕੇ ਲੜਕੀ ਨੂੰ ਹੀ ਦਿੱਤੇ ਜਾਂਦੇ ਹਨ। ਭੁਟਾਨ ਦੇ ਕਈ ਵਰਗਾਂ ਵਿੱਚ ਵਿਆਹ ਤੋਂ ਬਾਅਦ ਲੜਕਾ ਲੜਕੀ ਦੇ ਨਾਲ ਉਸ ਦੇ ਪੇਕੇ ਘਰ ਵਿੱਚ ਰਹਿੰਦਾ ਹੈ ਅਤੇ ਜੇਕਰ ਉਹਨਾਂ ਦਾ ਤਲਾਕ ਹੋ ਜਾਵੇ ਤਾਂ ਫਿਰ ਲੜਕਾ ਆਪਣੇ ਮਾਂ-ਬਾਪ ਦੇ ਘਰ ਵਾਪਸ ਚਲਾ ਜਾਂਦਾ ਹੈ।

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]