ਭੜੋਲਾ
ਭੜੋਲਾ ਅਨਾਜ ਸੰਭਾਲ ਕੇ ਰੱਖਣ ਲਈ ਮਿੱਟੀ ਨਾਲ ਬਣਾਏ ਇੱਕ ਕਿਸਮ ਦੇ ਢੋਲ ਨੂੰ ਕਿਹਾ ਜਾਂਦਾ ਹੈ।[1] ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ 20ਵੀਂ ਸਦੀ ਦੇ ਸੱਤਵੇਂ ਅੱਠਵੇਂ ਦਹਾਕੇ ਤੱਕ ਭੜੋਲੇ-ਭੜੋਲੀਆਂ ਦਾ ਪ੍ਰਚਲਨ ਰਿਹਾ ਹੈ। ਉਸ ਤੋਂ ਬਾਅਦ ਲੋਹੇ ਦੀਆਂ ਚਾਦਰਾਂ ਤੋਂ ਬਣਾਏ ਢੋਲ ਵਰਤੋਂ ਵਿੱਚ ਆਉਣ ਲੱਗ ਪਏ। ਭੜੋਲੇ-ਭੜੋਲੀਆਂ ਦੀ ਵਰਤੋਂ ਹੁਣ ਲਗਪਗ ਖਤਮ ਹੀ ਹੈ।
ਤਸਵੀਰ
[ਸੋਧੋ]ਅੰਨ ਨੂੰ ਜਿਸ ਤੂੜੀ ਮਿੱਟੀ ਨਾਲ ਬਣਾਏ ਬੜੇ ਢੋਲ ਵਿਚ ਰੱਖਿਆ ਜਾਂਦਾ ਸੀ, ਉਸ ਨੂੰ ਭੜੋਲਾ ਕਹਿੰਦੇ ਸਨ। ਆਮ ਤੌਰ 'ਤੇ ਭੜੋਲੇ ਵਿਚ ਛੋਲੇ, ਮੋਠ, ਮੂੰਗੀ, ਮਾਂਹ ਆਦਿ ਦੀਆਂ ਦਾਲਾਂ ਰੱਖੀਆਂ ਜਾਂਦੀਆਂ ਸਨ। ਭੜੋਲਾ ਢੋਲ ਦੀ ਸ਼ਕਲ ਦਾ ਹੁੰਦਾ ਸੀ ਜਿਸ ਦਾ ਵਿਆਸ ਢਾਈ ਕੁ ਫੁੱਟ ਹੁੰਦਾ ਸੀ। ਉਚਾਈ ਪੰਜ ਕੁ ਫੁੱਟ ਹੁੰਦੀ ਸੀ।
ਭੜੋਲਾ ਬਣਾਉਣ ਲਈ ਕਾਲੀ ਮਿੱਟੀ ਵਿਚ ਕੂੜੀ ਮਿਲਾ ਕੇ ਘਾਣੀ ਤਿਆਰ ਕੀਤੀ ਜਾਂਦੀ ਸੀ। ਸਭ ਤੋਂ ਹੇਠਾਂ ਟੁੱਟੀ ਚਾਟੀ ਦਾ ਕੰਢਾ ਰੱਖਿਆ ਜਾਂਦਾ ਸੀ। ਇਸ ਨੂੰ ਕਲੰਡਰ ਕਹਿੰਦੇ ਸਨ। ਕੰਢੇ ਉਪਰ ਜਿੰਨੇ ਸਾਈਜ਼ ਦਾ ਭੜੋਲਾ ਬਣਾਉਣਾ ਹੁੰਦਾ ਸੀ, ਪਹਿਲਾਂ ਉਹ ਥੱਲਾ ਤਿਆਰ ਕੀਤਾ ਜਾਂਦਾ ਸੀ। ਫੇਰ ਥੋੜਾ ਥੋੜਾ ਕਰਕੇ ਭੜਲ ਦੀ ਉਸਾਰੀ ਕੀਤੀ ਜਾਂਦੀ ਸੀ। ਜਿਵੇਂ ਜਿਵੇਂ ਉਸਾਰੀ ਸੁੱਕਦੀ ਜਾਂਦੀ ਸੀ, ਉਸ ਉਪਰ ਹੋਰ ਉਸਾਰੀ ਕੀਤੀ ਜਾਂਦੀ ਸੀ। ਜਦ ਉਸਾਰੀ ਪੂਰੀ ਹੋ ਜਾਂਦੀ ਸੀ ਤਾਂ ਭੜਲੇ ਦੀ ਉਪਰਲੇ ਹਿੱਸੇ ਨੂੰ ਥੋੜਾ ਜਿਹਾ ਅੰਦਰ ਵੱਲ ਝੁਕਾ ਦਿੱਤਾ ਜਾਂਦਾ ਸੀ। ਭੜੋਲੇ ਨੂੰ ਉਪਰੋਂ ਢੱਕਣ ਲਈ ਚਾਪੜ ਬਣਾਇਆ ਜਾਂਦਾ ਸੀ। ਭੜੋਲੇ ਵਿਚ ਪਾਈ ਵਸਤ ਨੂੰ ਕੱਢਣ ਲਈ ਜਾਂ ਤਾਂ ਥੱਲੇ ਦੇ ਨੇੜੇ ਮੋਰੀ ਰੱਖੀ ਜਾਂਦੀ ਸੀ। ਜਾਂ ਚਾਪੜ ਨੂੰ ਚੱਕ ਕ ਵਸਤ ਨੂੰ ਕੱਢ ਲਿਆ ਜਾਂਦਾ ਸੀ। ਜਦ ਭੜੋਲਾ ਤੇ ਚਾਪੜ ਚੰਗੀ ਤਰ੍ਹਾਂ ਸੁੱਕ ਜਾਂਦੇ ਸਨ ਤਾਂ ਫੇਰ ਉਸ ਉਪਰ ਨਿਰੀ ਮਿੱਟੀ ਫੇਰੀ ਜਾਂਦੀ ਸੀ। ਉਸ ਤੋਂ ਬਾਅਦ ਪਾਂਡੂ ਮਿੱਟੀ ਦਾ ਪਰੋਲਾ ਫੇਰ ਕੇ ਭੜੋਲੇ ਨੂੰ ਚਮਕਾ ਦਿੱਤਾ ਜਾਂਦਾ ਸੀ। ਕਈ ਜਨਾਨੀਆਂ ਭੜੋਲੇ ਉਪਰ ਲਾਜਵਰ ਰੰਗ ਨਾਲ ਜਾਂ ਹੋਰ ਰੰਗ ਨਾਲ ਵੇਲ ਬੂਟੇ ਆਦਿ ਪਾ ਦਿੰਦੀਆਂ ਸਨ। ਹੁਣ ਅੰਨ ਰੱਖਣ ਲਈ ਲੋਹੇ ਦੇ ਢੋਲ ਬਣਾਏ ਜਾਂਦੇ ਹਨ। ਤੂੜੀ ਮਿੱਟੀ ਨਾਲ ਹੁਣ ਕੋਈ ਵੀ ਭੜੋਲਾ ਨਹੀਂ ਬਣਾਉਂਦਾ।[2]
ਹਵਾਲੇ
[ਸੋਧੋ]- ↑ "ਭੜੋਲਾ - ਪੰਜਾਬੀ ਪੀਡੀਆ". punjabipedia.org. Retrieved 2020-08-28.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).