ਸਮੱਗਰੀ 'ਤੇ ਜਾਓ

ਭੰਗੀਮਾਜਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭੰਗੀਮਾਜਰਾ ਚੰਡੀਗੜ੍ਹ ਰਾਜ ਦਾ ਇੱਕ ਪਿੰਡ ਸੀ ਜੋ ਅੱਜ ਦੇ ਨਕਸ਼ੇ ਮੁਤਾਬਿਕ ਸੈਕਟਰ 6 ਬਣਦਾ ਹੈ। ਵਰਤਮਾਨ ਸਮੇਂ ਵਿੱਚ ਇੱਥੇ ਪੰਜਾਬ ਰਾਜ ਭਵਨ ਉਸਰਿਆ ਹੋਇਆ ਹੈ। ਚੰਡੀਗੜ੍ਹ ਵਸਾਉਣ ਲਈ 1952 ਵਿੱਚ ਪਹਿਲਾਂ 17 ਪਿੰਡਾਂ ਦਾ ਉਜਾੜਾ ਹੋਇਆ ਸੀ। ਦੂਜੇ ਉਠਾਲੇ ਵਿੱਚ 11 ਪਿੰਡ ਉੱਜੜ ਗਏ ਸਨ। ਇਨ੍ਹਾਂ ਪਿੰਡਾਂ ਵਿੱਚੋਂ ਭੰਗੀਮਾਜਰਾ ਵੀ ਇੱਕ ਸੀ। ਇਸ ਪਿੰਡ ਨੂੰ ਰਾਮਨਗਰ ਵੀ ਕਿਹਾ ਜਾਂਦਾ ਸੀ। ਇਸ ਪਿੰਡ ਦੇ ਉੱਜੜੇ ਲੋਕਾਂ ਨੂੰ ਤੰਗੌਰੀ, ਲਖਨੌਰ, ਬੀਪੁਰ, ਚਿਤਾਮਲੀ, ਮਨੀਮਾਜਰਾ, ਕੁਰਾਲੀ, ਸੁੰਡਰੜਿਆਂ ਆਦਿ ਪਿੰਡਾਂ ਵਿੱਚ ਵਾਸਾ ਕਰਨਾ ਪਿਆ। ਚੰਡੀਗੜ੍ਹ ਵਿੱਚ ਪੰਜਾਬ ਰਾਜ ਭਵਨ ਪਿੰਡ ਭੰਗੀਮਾਜਰਾ ਦੀ ਥਾਂ ’ਤੇ ਉੱਸਰਿਆ ਹੋਇਆ ਹੈ। ਸੁਖਨਾ ਝੀਲ ਵੀ ਇਸ ਪਿੰਡ ਦੀ ਜੂਹ ਦਾ ਹਿੱਸਾ ਬਣੀ। ਝੀਲ ’ਤੇ ਪੁਰਾਣਾ ਪਿੱਪਲ ਪਿੰਡ ਦੀ ਨਿਸ਼ਾਨੀ ਹੈ।

ਪਿੰਡ ਬਾਰੇ ਜਾਣਕਾਰੀ

[ਸੋਧੋ]

ਉਜਾੜੇ ਸਮੇਂ ਸਰਕਾਰ ਨੇ ਲੋਕਾਂ ਨੂੰ ਮੁੜ ਵਸੇਬੇ ਲਈ ਜ਼ਮੀਨ ਤਾਂ ਦੇ ਦਿੱਤੀ ਪਰ ਹੋਰ ਕੋਈ ਸਹੂਲਤ ਨਹੀਂ ਦਿੱਤੀ। ਇਸ ਪਿੰਡ ਦੇ ਲੋਕਾਂ ਨੂੰ ਤੰਗੌਰੀ, ਲਖਨੌਰ, ਬੀਪੁਰ, ਚਿਤਾਮਲੀ, ਮਨੀਮਾਜਰਾ, ਕੁਰਾਲੀ, ਸੁੰਡਰੜਿਆਂ ਆਦਿ ਪਿੰਡਾਂ ਵਿੱਚ ਜ਼ਮੀਨ ਮਿਲਣ ’ਤੇ ਆਪਣਾ ਟਿਕਾਣਾ ਕਰਨਾ ਪਿਆ। ਪੰਜਾਬ ਰਾਜ ਭਵਨ ਬਣ ਜਾਣ ਕਾਰਣ ਪਿੰਡ ਲੋਪ ਹੋ ਗਿਆ ਤੇ ਪਿੰਡ ਦਾ ਭਾਈਚਾਰਾ ਤੇ ਵਿਰਸਾ ਖਿੰਡ-ਪੁੰਡ ਗਿਆ। ਇਸ ਪਿੰਡ ਦਾ ਰਕਬਾ ਲਗਪਗ 700 ਸੀ। ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਮੱਕੀ, ਕਣਕ, ਛੋਲੇ, ਕਮਾਦ ਤੇ ਮੂੰਗਫਲੀ ਦੀਆਂ ਫ਼ਸਲਾਂ ਬੀਜੀਆਂ ਜਾਂਦੀਆਂ ਸਨ। ਜ਼ਿਮੀਂਦਾਰਾਂ ਨੂੰ ਬਲਦ ਰੱਖਣ ਦਾ ਸ਼ੌਕ ਹੁੰਦਾ ਸੀ ਤੇ ਕਈ ਘਰਾਣਿਆਂ ਵਿੱਚ ਬਲਦਾਂ ਦੀਆਂ ਕਈ ਜੋੜੀਆਂ ਸਨ। ਆਪਸ ਵਿੱਚ ਤੇ ਰਿਸ਼ਤੇਦਾਰੀਆਂ ’ਚ ਬਲਦਾਂ ਦੀਆਂ ਜੋੜੀਆਂ ਆਬਤ ਲਈ ਜਾਂਦੀਆਂ ਸਨ। ਬਾਬਾ ਨੰਦ ਸਿੰਘ ਤੇ ਛੱਜਾ ਸਿੰਘ ਦੇ ਘਰਾਣੇ ਬਲਦ ਰੱਖਣ ਲਈ ਮਸ਼ਹੂਰ ਸਨ। ਲੋਕਾਂ ਨੂੰ ਘੋੜੀਆਂ ਰੱਖਣ ਦਾ ਸ਼ੌਕ ਵੀ ਸੀ। ਕਈ ਖਾਨਦਾਨੀ ਬੰਦੇ ਘੋੜੀਆਂ ’ਤੇ ਸਵਾਰ ਹੋ ਕੇ ਰਿਸ਼ਤੇਦਾਰੀਆਂ ਵਿੱਚ ਜਾਂਦੇ ਸਨ। ਇਸ ਪਿੰਡ ਤੋਂ ਮਨਸਾ ਦੇਵੀ ਦਾ ਮੰਦਰ ਵੀ ਬਹੁਤਾ ਦੂਰ ਨਹੀਂ ਪੈਂਦਾ ਸੀ। ਲੋਕਾਂ ਨੂੰ ਹਰ ਸਾਲ ਮਨਸਾ ਦੇਵੀ ਦੇ ਮੇਲੇ ’ਤੇ ਜਾਣ ਦਾ ਚਾਅ ਹੁੰਦਾ ਸੀ। ਸੁੱਖ ਉਤਾਰਨ ਲਈ ਮੰਦਰ ਵਿੱਚ ਛੇਲੀਆਂ ਚੜ੍ਹਾਈਆਂ ਜਾਂਦੀਆਂ ਸਨ। ਕਬੱਡੀ ਖੇਡਣ ਲਈ ਪਿੰਡ ਦੇ ਗੱਭਰੂ ਖੂਬ ਸਰੀਰ ਕਮਾਉਂਦੇ। ਪਿੰਡ ਦੇ ਜ਼ਿਆਦਾਤਰ ਲੋਕਾਂ ਦਾ ਗੋਤ ਛੜਾਨ ਸੀ। ਇਸ ਪਿੰਡ ਦੀਆਂ ਸ਼ਾਨਦਾਰ ਹਵੇਲੀਆਂ ਹੁੰਦੀਆਂ ਸਨ, ਜਿਹਨਾਂ ਕਰਕੇ ਹਵੇਲੀਆਂ ਵਾਲੇ ਜ਼ਿਮੀਂਦਾਰਾਂ ਦਾ ਪਿੰਡ ਆਖਿਆ ਜਾਂਦਾ ਸੀ।

ਪਿੰਡ ਦੇ ਲੋਕ

[ਸੋਧੋ]

ਇਸ ਪਿੰਡ ਦੇ ਕਈ ਵਿਅਕਤੀ ਚੰਗੇ ਅਹੁਦਿਆਂ ’ਤੇ ਰਹੇ ਹਨ। ਕਈ ਨਾਮਵਰ ਵਿਅਕਤੀਆਂ ਵਿੱਚ ਨੰਬਰਦਾਰ ਲਛਮਣ ਸਿੰਘ, ਜੋਗਿੰਦਰ ਸਿੰਘ ਜੋਗੀ, ਮਹਿੰਦਰ ਸਿੰਘ, ਮਾਸਟਰ ਹਰਦਿਆਲ ਸਿੰਘ, ਡਾ. ਸ਼ੇਰ ਸਿੰਘ, ਡਾ. ਨਿਰਮਲ ਸਿੰਘ, ਸੁਖਜੀਤ ਸਿੰਘ ਸੁੱਖੀ, ਮੇਹਰ ਸਿੰਘ, ਸਿਧਾਂਤ ਇੰਜੀਨੀਅਰ ਦੀਦਾਰ ਸਿੰਘ,ਗੁਰਦਿੱਤ ਸਿੰਘ ਤੇ ਬਜ਼ੁਰਗ ਭਾਗ ਸਿੰਘ ਦਾ ਨਾਂ ਜ਼ਿਕਰਯੋਗ ਹੈ। ਪਿੰਡ ਦੀ ਦਾਈ ਸੁਰਤੋ ਮਾਈ ਸਭ ਦੀ ਹਰਮਨ-ਪਿਆਰੀ ਸੀ।

ਪੰਜਾਬ ਰਾਜ ਭਵਨ ਵਿੱਚ ਬਸੀਆਂ ਪਿੰਡ ਦੀਆਂ ਯਾਦਾਂ

[ਸੋਧੋ]

ਪੰਜਾਬ ਰਾਜ ਭਵਨ ਵਿੱਚ ਪੁਰਾਣਾ ਖੂਹ ਹੁੰਦਾ ਸੀ। ਖੂਹ ’ਚੋਂ ਪਾਣੀ ਭਰਨ ਲਈ ਦੋ ਬੰਦੇ ਲੱਜ ਨੂੰ ਚੁੱਕਦੇ ਸਨ। ਕਈ ਸਾਲ ਪਹਿਲਾਂ ਖੂਹ ਪੂਰ ਦਿੱਤਾ ਗਿਆ। ਰਾਜ ਭਵਨ ਦੀ ਪਾਰਕਿੰਗ ਵਾਲੀ ਥਾਂ ’ਤੇ ਬਾਹਰ ਦੋ ਪੁਰਾਣੇ ਬੋਹੜ, ਇੱਕ ਪਿੱਪਲ ਤੇ ਇੱਕ ਨਿੰਮ ਪਿੰਡ ਦੀ ਯਾਦ ਸਾਂਭੀ ਬੈਠੇ ਹਨ। ਸੁਖਨਾ ਝੀਲ ਵੀ ਇਸ ਪਿੰਡ ਦੀ ਜੂਹ ਦਾ ਹਿੱਸਾ ਬਣੀ। ਸੈਕਟਰ-6 ਵਿੱਚ ਸਥਿਤ ਰਾਜ ਭਵਨ ਲਗਪਗ 20 ਕਿੱਲਿਆਂ ਵਿੱਚ ਫੈਲਿਆ ਹੋਇਆ ਹੈ। ਇਸ ਵਿੱਚ ਮੋਟਰ ਪਾਰਕਿੰਗ ਹੈ, ਜਿੱਥੇ ਕਦੇ ਪਿੰਡ ਦਾ ਟੋਭਾ ਹੁੰਦਾ ਸੀ। ਝੀਲ ’ਤੇ ਪੁਰਾਣਾ ਪਿੱਪਲ ਪਿੰਡ ਦੀ ਨਿਸ਼ਾਨੀ ਦਾ ਚਿੰਨ੍ਹ ਹੈ।