ਮਰਦਾਨਗੀ
'ਮਰਦ' ਲਫ਼ਜ਼ ਸੁਣਦੇ ਹੀ ਸਾਡੇ ਜ਼ਿਹਨ ਵਿੱਚ ਇੱਕ ਮਜ਼ਬੂਤ ਤੇ ਕਠੋਰ ਤਸੱਵਰ ਉੱਭਰਦਾ ਹੈ ਜਿਸ ਦੀ ਸਿਰਫ਼ ਭਾਰਤ ਵਿੱਚ ਨਹੀਂ ਦੁਨੀਆ ਦੇ ਅਨੇਕਾਂ ਦੇਸ਼ਾਂ ਵਿੱਚ ਆਪਣੀ ਸੰਪੂਰਨ ਸੱਤਾ ਸਥਾਪਤ ਹੈ। ਹਰ ਖੇਤਰ ਵਿੱਚ ਮੋਹਰੀ, ਇਸ ਤੋਂ ਜ਼ਾਹਿਰ ਹੈ ਕਿ ਜਦ ਉਹ ਇੰਨੀ ਮਜ਼ਬੂਤ ਤੇ ਕਾਬਜ਼ ਸਥਿਤੀ ਵਿੱਚ ਹੈ ਤਾਂ ਉਸ ਨੂੰ ਕੀ ਸਮੱਸਿਆ ਹੋ ਸਕਦੀ ਹੈ? ਪਰ ਕੀ ਸੱਚਮੁੱਚ ਅਜਿਹਾ ਹੈ? ਬਿਲਕੁਲ ਨਹੀਂ। ਮਰਦ ਆਪਣੇ ਹੀ ਰਚੇ ਹੋਏ ਚੱਕਰਵਿਊ ਵਿੱਚ ਫਸਿਆ ਹੋਇਆ ਹੈ। ਜਿਹੜੀ ਉੱਚੀ ਜਗ੍ਹਾ ਉਸ ਨੇ ਆਪਣੇ ਲਈ ਮਿੱਥ ਲਈ ਹੈ, ਓਥੇ ਬਣੇ ਰਹਿਣਾ ਸੌਖ਼ਾ ਨਹੀਂ ਹੈ। ਪ੍ਰਮੁੱਖ ਬਣ ਕੇ ਜਿੱਥੇ ਉਸ ਨੇ ਆਪਣੇ-ਆਪ ਨੂੰ ਮਜ਼ਬੂਤ ਕਰ ਲਿਆ ਹੈ, ਓਥੇ ਘਾਟਾ ਵੀ ਬਹੁਤ ਖਾਧਾ ਹੈ।
ਬਹੁਪੱਖੀ ਵਿਕਾਸ ਤੇ ਸੁਰੱਖਿਆ
[ਸੋਧੋ]ਮਰਦਾਂ ਦੇ ਬਹੁਪੱਖੀ ਵਿਕਾਸ ਤੇ ਸੁਰੱਖਿਆ ਨੂੰ ਸਮਰਪਿਤ ਅੰਤਰਰਾਸ਼ਟਰੀ ਪੁਰਸ਼ ਦਿਵਸ ਹਰ ਸਾਲ 19 ਨਵੰਬਰ ਨੂੰ ਮਨਾਇਆ ਜਾਂਦਾ ਹੈ। ਅੱਠ ਮਾਰਚ ਨੂੰ ਇਸਤਰੀ ਦਿਵਸ ਦੇ ਮੌਕੇ ਮੈਂ ਉਸ ਦੀ ਦਰਦਨਾਕ ਹਾਲਤ ਨੂੰ ਬਿਆਨ ਕਰਦਾ ਲੇਖ 'ਭਾਰਤੀ ਸਮਾਜ ਵਿੱਚ ਔਰਤ ਦੀ ਸਥਿਤੀ' ਲਿਖਿਆ ਸੀ। ਉਸ ਲੇਖ ਨੂੰ ਪੜ੍ਹ ਕੇ ਮੇਰੇ ਭਾਣਜੇ ਨੇ ਕਿਹਾ, “ਮਾਸੀ ਜੀ, ਮੈਂ ਵੀ ਇੱਕ ਲੇਖ ਲਿਖਾਂਗਾ, 'ਭਾਰਤੀ ਸਮਾਜ ਵਿੱਚ ਪੁਰਸ਼ ਦੀ ਸਥਿਤੀ।' ਮੈਂ ਉਸ ਦੀ ਗੱਲ ਹਾਸੇ ਵਿੱਚ ਟਾਲ ਦਿੱਤੀ ਪਰ ਉਹ ਸੰਜੀਦਾ ਸੀ। ਉਸ ਦਾ ਕਹਿਣਾ ਸੀ ਕਿ ਇਸਤਰੀ ਨੂੰ ਜੋ ਸਹੂਲਤਾਂ ਮਿਲਦੀਆਂ ਹਨ, ਉਹ ਪੁਰਸ਼ ਦੀ ਕਿਸਮਤ ਵਿੱਚ ਨਹੀਂ ਹਨ। ਇਸਤਰੀ ਪੜ੍ਹ-ਲਿਖ ਕੇ ਘਰੇ ਰਹੇ ਜਾਂ ਬੁਟੀਕ ਖੋਲ੍ਹਣ ਵਰਗਾ ਕੋਈ ਕੰਮ ਕਰੇ, ਉਸ ਦੀ ਮਰਜ਼ੀ! ਪਰ ਪੁਰਸ਼ ਘਰ ਰਹਿ ਕੇ ਖੇਤੀ ਵਰਗਾ ਕੋਈ ਕੰਮ ਕਰੇ ਜਾਂ ਬਾਹਰ ਨੌਕਰੀ ਜਾਂ ਕੋਈ ਕਾਰੋਬਾਰ ਕਰੇ, ਉਸ ਨੂੰ ਹਰ ਹਾਲ ਘਰ ਅੰਦਰਲੀਆਂ ਤੇ ਬਾਹਰਲੀਆਂ, ਸਭ ਦੀਆਂ ਸਭ ਜ਼ਿੰਮੇਵਾਰੀਆਂ ਚੁੱਕਣੀਆਂ ਪੈਂਦੀਆਂ ਹਨ। ਉਸ ਨੇ ਹਰ ਹਾਲਤ 'ਚ ਘਰ ਦੇ ਹਰ ਜੀਅ ਦੀਆਂ ਲੋੜਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ।
ਸਥਿਤੀ
[ਸੋਧੋ]ਮੈਂ ਸਮਝਦੀ ਹਾਂ, ਇਹ ਸਥਿਤੀ ਪੁਰਸ਼-ਪ੍ਰਧਾਨ ਸਮਾਜ ਨੇ ਖ਼ੁਦ ਹੀ ਪੈਦਾ ਕੀਤੀ ਹੈ। ਜੇ ਉਹ ਇਸਤਰੀ ਨੂੰ ਪਿੱਛੇ ਰੱਖੇਗਾ ਤਾਂ ਜ਼ਾਹਿਰ ਹੈ ਕਿ ਉਸ ਨੂੰ ਆਪ ਵੱਧ ਬੋਝ ਚੁੱਕਣਾ ਪਵੇਗਾ। ਹਰ ਗੱਲ ਦੇ ਦੋ ਪਹਿਲੂ ਹੁੰਦੇ ਹਨ। ਇਸ ਸਥਿਤੀ ਕਾਰਨ ਜੇ ਪੁਰਸ਼ ਨੂੰ ਆਜ਼ਾਦੀ ਵੱਧ ਮਿਲਦੀ ਹੈ ਅਤੇ ਦੁਨੀਆ ਵਿੱਚ ਵਿਚਰਨ ਦੇ ਮੌਕੇ ਵੱਧ ਮਿਲਦੇ ਹਨ ਤਾਂ ਨਾਲ ਹੀ ਜ਼ਿੰਮੇਵਾਰੀ ਵੀ ਵੱਧ ਮਿਲਦੀ ਹੈ।
ਦੂਜੇ ਪਾਸੇ, ਘਰ ਦੇ ਹਾਲਾਤ ਜੇ ਮੰਦੇ ਹੋਣ, ਫਿਰ ਤਾਂ ਘਰ ਦੇ ਪੈਸੇ ਦੀ ਮਾਲਕੀ ਇਸਤਰੀ ਦੇ ਹੱਥ ਕਿੱਥੋਂ ਹੋਣੀ ਸੀ, ਜੇ ਚੰਗੇ ਵੀ ਹੋਣ, ਫਿਰ ਵੀ ਘਰ ਚਲਾਉਂਦੀ ਹੋਣ ਦੇ ਬਾਵਜੂਦ ਪੈਸਾ ਇਸਤਰੀ ਦੇ ਹੱਥ-ਵੱਸ ਨਹੀਂ ਹੁੰਦਾ। ਇਸੇ ਲਈ ਉਸ ਦੀ ਸਥਿਤੀ ਹਮੇਸ਼ਾ ਅਸੁਰੱਖਿਅਤ ਹੀ ਰਹਿੰਦੀ ਹੈ।
ਹਾਲਾਤ
[ਸੋਧੋ]ਇਸ ਸਮਾਜ ਵਿੱਚ ਪੁਰਸ਼ ਹਰ ਖੇਤਰ ਵਿੱਚ ਪ੍ਰਧਾਨ ਤੇ ਪ੍ਰਮੁੱਖ ਹੈ। ਉਹ ਵਿੱਤੀ, ਭਾਵਨਾਤਮਕ, ਸਮਾਜਿਕ ਤੇ ਸਰੀਰਕ ਪੱਖੋਂ ਇਸਤਰੀ ਤੋਂ ਮਜ਼ਬੂਤ ਮੰਨਿਆ ਜਾਂਦਾ ਹੈ ਅਤੇ ਹਾਲਾਤ ਨੇ ਉਸ ਨੂੰ ਮਜ਼ਬੂਤ ਬਣਾਇਆ ਹੋਇਆ ਹੈ। ਇਸ ਸਥਿਤੀ ਕਾਰਨ ਪੁਰਸ਼ ਤੋਂ ਤਾਕਤ, ਮਜ਼ਬੂਤੀ, ਦਲੇਰੀ ਦੀ ਮੰਗ ਵਧੇਰੇ ਕੀਤੀ ਜਾਂਦੀ ਹੈ। ਭਾਰਤੀ ਪੁਰਸ਼ ਨੇ ਖ਼ੁਦ ਨੂੰ ਪ੍ਰਮੁੱਖ ਮੰਨ ਲਿਆ ਹੈ ਤਾਂ ਜ਼ਾਹਿਰ ਹੈ ਇਸ ਪ੍ਰਮੁੱਖਤਾ ਦੇ ਲਾਇਕ ਵੀ ਉਸ ਨੂੰ ਬਣਨਾ ਪਵੇਗਾ। ਨਹੀਂ ਤਾਂ ਉਸ ਦੀ ਮਰਦਾਨਗੀ 'ਤੇ ਪ੍ਰਸ਼ਨ-ਚਿੰਨ੍ਹ ਲੱਗੇਗਾ ਜਿਸ ਨੂੰ ਬਰਦਾਸ਼ਤ ਕਰਨਾ ਉਸ ਦੇ ਵੱਸੋਂ ਬਾਹਰੀ ਗੱਲ ਹੋਵੇਗੀ।
ਜ਼ਿੰੰਮੇਵਾਰੀ
[ਸੋਧੋ]ਪਰਿਵਾਰ ਵਿੱਚ ਭਾਵੇਂ ਕਿੰਨੇ ਵੀ ਜੀਅ ਹੋਣ, ਸਭ ਦਾ ਖ਼ਰਚ ਚੁੱਕਣਾ ਉਸ ਦੀ ਨੈਤਿਕ ਜ਼ਿੰਮੇਵਾਰੀ ਬਣ ਜਾਂਦੀ ਹੈ। ਜੇਕਰ ਉਹ ਇਹ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫ਼ਲ ਰਹਿੰਦਾ ਹੈ ਤਾਂ ਇਹ ਉਸ ਲਈ ਇੱਕ ਵੱਡੀ ਨਮੋਸ਼ੀ ਦਾ ਕਾਰਨ ਬਣਦਾ ਹੈ ਕਿ ਉਹ ਨਿਕੰਮਾ ਹੈ ਜੋ ਆਪਣੇ ਘਰ ਨੂੰ ਵੀ ਸਾਂਭ ਨਹੀਂ ਸਕਿਆ। ਉਹ ਇੱਕ ਕੰਮ ਛੱਡ ਕੇ ਦੂਜਾ ਕਰੇ, ਦੂਜਾ ਛੱਡ ਕੇ ਤੀਜਾ ਕਰੇ, ਕਿੱਦਾਂ ਵੀ ਕਮਾਵੇ, ਚਾਹੇ ਆਪਣਾ ਗੁਰਦਾ ਵੇਚੇ ਜਾਂ ਖ਼ੂਨ ਪਰ ਕਮਾਵੇ ਜ਼ਰੂਰ। ਇਸ ਜ਼ਿੰਮੇਵਾਰੀ ਵਿੱਚ ਅਸਫ਼ਲ ਰਹੇ ਤਾਂ ਉਹ ਖ਼ੁਦਕੁਸ਼ੀ ਤਕ ਕਰ ਲੈਂਦਾ ਹੈ। ਕਿੰਨੇ ਹਜ਼ਾਰ ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ। ਉਨ੍ਹਾਂ ਦੀਆਂ ਪਤਨੀਆਂ ਨੇ ਨਹੀਂ ਕੀਤੀਆਂ, ਭਾਵੇਂ ਰਹਿੰਦੀਆਂ ਉਹ ਵੀ ਉਸੇ ਪਰਿਵਾਰ ਵਿੱਚ ਸਨ। ਪੁਰਸ਼ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਇੱਕ ਮਜ਼ਬੂਤ ਥੰਮ੍ਹ ਹੈ ਜੋ ਨਾ ਕਦੇ ਡੋਲੇਗਾ, ਨਾ ਰੋਵੇਗਾ ਤੇ ਨਾ ਹੀ ਕਮਜ਼ੋਰ ਪਵੇਗਾ। ਉਸ ਨੂੰ ਚਾਹੇ ਕਿੰਨਾ ਵੱਡਾ ਦੁੱਖ ਲੱਗੇ, ਉਹ ਅਣਸਰਦੇ ਨੂੰ ਹੀ ਰੋਵੇਗਾ ਕਿਉਂਕਿ ਪੁਰਸ਼ ਰੋਂਦੇ ਚੰਗੇ ਨਹੀਂ ਲੱਗਦੇ।
ਸਮੱਸਿਆਵਾਂਂ ਨੂੰ ਸਾਝਾਂ ਕਰਨਾ
[ਸੋਧੋ]ਜਦ ਇਸਤਰੀ ਨੂੰ ਕੋਈ ਸਮੱਸਿਆ ਹੁੰਦੀ ਹੈ ਤਾਂ ਉਹ ਦੂਜਿਆਂ ਨਾਲ ਦੁੱਖ ਸਾਂਝਾ ਕਰਦੀ ਹੈ ਪਰ ਪੁਰਸ਼ ਅਜਿਹਾ ਨਹੀਂ ਕਰਦੇ। ਉਹ ਕਿਸੇ ਨਾਲ ਕੋਈ ਗੱਲ ਸਾਂਝੀ ਕਰਨ ਦੀ ਥਾਂ ਸਾਰਾ ਬੋਝ ਚੁੱਪ-ਚਾਪ ਚੁੱਕਣ ਦਾ ਯਤਨ ਕਰਦੇ ਹਨ। ਇਹ ਹਾਲਾਤ ਉਨ੍ਹਾਂ ਦੇ ਤਣਾਅ ਵਿੱਚ ਵਾਧਾ ਕਰਦੇ ਹਨ।
ਜਿੱਥੇ ਦੇਖੋ ਕੰਧਾਂ ਭਰੀਆਂ ਪਈਆਂ ਹਨ “ਮਰਦਾਨਾ ਤਾਕਤ ਹਾਸਲ ਕਰੋ!'' 20-25 ਸਾਲ ਦੇ ਮੁੰਡੇ ਬਿਨਾਂ ਲੋੜ ਇਹ ਦਵਾਈਆਂ ਖਾਣ ਲੱਗਦੇ ਹਨ ਕਿਉਂਕਿ ਬੋਝ ਹੈ ਮਰਦਾਨਗੀ ਸਾਬਤ ਕਰਨ ਦਾ! ਇਸ ਸੋਚ ਦੇ ਬਹੁਤ ਬੁਰੇ ਨਤੀਜੇ ਨਿਕਲਦੇ ਹਨ। ਆਪੇ ਚੁੱਕਿਆ ਇਹ ਬੋਝ ਕਈ ਵਾਰ ਬਰਦਾਸ਼ਤ ਤੋਂ ਇੰਨਾ ਬਾਹਰ ਹੋ ਜਾਂਦਾ ਹੈ ਕਿ ਮੌਤ ਦੀ ਗੋਦ ਹੀ ਇੱਕੋ-ਇਕ ਸਹਾਰਾ ਰਹਿ ਜਾਂਦੀ ਹੈ।
ਬੇਰੁਜ਼ਗਾਰੀ ਦੀ ਸਮੱਸਿਆ
[ਸੋਧੋ]ਸਰਕਾਰੀ ਅੰਕੜਿਆਂ ਅਨੁਸਾਰ 2014 ਵਿੱਚ ਭਾਰਤ ਵਿੱਚ 332 ਲੋਕਾਂ ਨੇ ਨਪੁੰਸਕਤਾ ਕਾਰਨ ਆਤਮਘਾਤ ਕੀਤਾ ਹੈ। ਅਗਲੇ ਸਾਲ 2015 ਵਿੱਚ ਇਹ ਅੰਕੜਾ ਵੱਧ ਕੇ 448 ਹੋ ਗਿਆ। ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਅਨੁਸਾਰ 2015 ਵਿੱਚ ਨਪੁੰਸਕਤਾ ਕਾਰਨ ਹੋਏ 448 ਆਤਮਘਾਤਾਂ ਵਿੱਚ 7 ਛੋਟੀ ਉਮਰ ਦੇ ਮੁੰਡੇ ਤੇ 34 ਬਜ਼ੁਰਗ ਸ਼ਾਮਲ ਸਨ। ਇਸ ਸਬੰਧ ਵਿੱਚ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਨਮੋਸ਼ੀ ਦੇ ਡਰੋਂ ਜਿਨ੍ਹਾਂ ਅਜਿਹੀਆਂ ਖ਼ੁਦਕੁਸ਼ੀਆਂ ਦੀ ਜਾਣਕਾਰੀ ਸਰਕਾਰ ਤਕ ਨਹੀਂ ਪੁੱਜਦੀ, ਉਨ੍ਹਾਂ ਦੀ ਗਿਣਤੀ ਇਸ ਨਾਲੋਂ ਬਹੁਤ ਵੱਧ ਹੋਵੇਗੀ।
ਭਾਰਤੀ ਸਮਾਜ ਵਿੱਚ ਮਰਦ ਦੀ ਜੋ ਸਥਿਤੀ ਹੈ ਜੇ ਉਹ ਉਸ ਵਿੱਚ ਸੰਤੁਲਨ ਨਾ ਬਣਾ ਸਕੇ ਤਾਂ ਉਸ ਨੂੰ ਦੂਹਰੀ ਮਾਰ ਪੈਂਦੀ ਹੈ। ਮੁੰਡੇ ਦੇਖਦੇ ਹਨ ਕਿ ਕੁੜੀਆਂ ਮਾਰ-ਮਾਰ ਕੇ ਉਨ੍ਹਾਂ ਨੂੰ ਪੈਦਾ ਕੀਤਾ ਜਾਂਦਾ ਹੈ ਤਾਂ ਉਹ ਹੰਕਾਰੀ ਹੋ ਜਾਂਦੇ ਹਨ। ਇਹ ਸੋਚ ਉਨ੍ਹਾਂ ਨੂੰ ਚੰਗੇ ਇਨਸਾਨ ਬਣਨ ਤੋਂ ਰੋਕਦੀ ਹੈ।
ਪੁਰਸ਼ ਤੇ ਇਸਤਰੀ ਇੱੱਕ ਬਰਾਬਰ
[ਸੋਧੋ]ਜੇਕਰ ਸਮਾਜ ਵਿੱਚ ਪੁਰਸ਼ ਤੇ ਇਸਤਰੀ ਨੂੰ ਬਰਾਬਰ ਦੇ ਹੱਕ ਮਿਲੇ ਹੋਏ ਹੋਣ ਤਾਂ ਦੋਵਾਂ ਦੀਆਂ ਹਾਲਤਾਂ ਵਿੱਚ ਸੁਧਾਰ ਹੋ ਜਾਵੇਗਾ। ਇਸਤਰੀਆਂ ਦੀਆਂ ਰੀਝਾਂ, ਚਾਅ ਤੇ ਹੁਨਰ ਘਰ ਦੀ ਚਾਰਦੀਵਾਰੀ ਵਿੱਚ ਦਮ ਨਹੀਂ ਤੋੜਨਗੇ ਅਤੇ ਪੁਰਸ਼ ਵੀ ਵਾਧੂ ਬੋਝ ਤੋਂ ਬਚੇਗਾ। ਇਸ ਲਈ ਇਸਤਰੀ ਤੇ ਪੁਰਸ਼, ਦੋਵਾਂ ਲਈ ਇੱਕੋ ਜਿਹੇ ਨੇਮ ਰੱਖਣੇ ਹੋਣਗੇ। ਜ਼ਰੂਰੀ ਗੱਲ ਇਹ ਹੈ ਕਿ ਰਸੋਈ ਦਾ ਕੰਮ ਤੇ ਘਰ ਦਾ ਹੋਰ ਸਾਰਾ ਕੰਮ ਕਰਨਾ, ਬੱਚਿਆਂ ਨੂੰ ਸਾਂਭਣਾ ਆਦਿ ਪੁਰਸ਼ ਲਈ ਕੋਈ ਮਿਹਣਾ ਨਾ ਹੋਵੇ ਅਤੇ ਇਸਤਰੀ ਨੂੰ ਦੇਵੀ ਕਹਿ ਕੇ ਫੋਕਾ ਸ਼ਬਦੀ ਆਦਰ ਦਿੰਦਿਆਂ ਨੀਵੇਂ ਸਥਾਨ ਉੱਤੇ ਰੱਖਣ ਦੀ ਥਾਂ ਆਮ ਇਨਸਾਨ ਵਜੋਂ ਮਾਨਤਾ ਦਿੱਤੀ ਜਾਵੇ। ਨਾਲ ਹੀ ਇਸਤਰੀ ਦੀ ਦਸ਼ਾ ਵਿੱਚ ਵੀ ਸੁਧਾਰ ਹੋਵੇ।
ਉਹ ਹੈਦਰਾਬਾਦ ਤੋਂ ਬਾਹਰ ਰੰਗਾਰੈਡੀ ਜ਼ਿਲ੍ਹੇ ਦੇ ਪਿੰਡ ਕਲੂਰ ਵਿੱਚ ਪਸ਼ੂਆਂ ਦੀ ਸਿਹਤ ਸੰਭਾਲ ਕਰਨ ਵਾਲੀ ਡਾਕਟਰ ਸੀ। ਉਹ ਜਵਾਨ ਸੀ। ਉਸ ਕੋਲ ਸੁਪਨੇ ਸਨ। ਆਪਣਾ ਸੰਸਾਰ ਸੀ। ਉਹਦੇ ਕੋਲ ਗੀਤ ਸਨ। ਉਹ ਰੋਜ਼ ਕਲੂਰ ਤੋਂ ਬਸ ਫੜਦੀ ਤੇ ਟੋਂਡੂਪਲੀ ਨਾਂ ਦੀ ਜਗ੍ਹਾ ਟੋਲ ਪਲਾਜ਼ਾ ਪਹੁੰਚਦੀ, ਜਿੱਥੇ ਉਹਨੇ ਆਪਣਾ ਸਕੂਟਰ ਰੱਖਿਆ ਹੁੰਦਾ ਸੀ। ਸਕੂਟਰ 'ਤੇ ਘਰ ਜਾਂਦੀ। ਹੁਣ ਉਹ ਕਦੇ ਘਰ ਨਹੀਂ ਆਏਗੀ। ਉਹ ਸੀ। ਉਹ ਹੁਣ ਨਹੀਂ ਹੈ। ਡੇਢ ਹਫ਼ਤਾ ਪਹਿਲਾਂ ਚਾਰ ਜਰਵਾਣਿਆਂ ਨੇ ਉਹਦੇ ਨਾਲ ਜਬਰ ਜਨਾਹ ਕਰਕੇ ਉਹਨੂੰ ਕਤਲ ਕਰ ਦਿੱਤਾ। ਉਹਦਾ ਸਰੀਰ ਸਾੜ ਦਿੱਤਾ ਗਿਆ। ਉਹਨੂੰ ਕਤਲ ਕਰਨਾ ਤੇ ਸਾੜਨਾ ਕਿਉਂ ਜ਼ਰੂਰੀ ਸੀ? ਜ਼ਰੂਰੀ ਸੀ ਮਰਦਾਵੀਂ ਧੌਂਸ ਤੇ ਹਉਮੈ ਨੂੰ ਜਿਉਂਦੇ ਰੱਖਣ ਲਈ, ਮਰਦਾਨਗੀ ਦਾ ਝੰਡਾ ਬੁਲੰਦ ਕਰਨ ਲਈ, ਮਰਦ-ਪ੍ਰਧਾਨ ਸੋਚ ਦੀ ਜੈ ਜੈ ਕਾਰ ਲਈ। ਉਹਦੇ ਨਾਲ ਜਬਰ ਜਨਾਹ ਕਰਨ ਵਾਲੇ ਕਾਤਲ ਕੌਣ ਸਨ? ਉਹ ਸਕੂਲਾਂ ਤੋਂ ਹਟੇ ਮੁੰਡੇ ਸਨ, ਆਪਣੀ ਮਰਦਾਨਗੀ 'ਤੇ ਮਾਣ ਕਰਨ ਵਾਲੇ, ਉਸ ਮਰਦਾਨਗੀ ਦਾ ਸਬੂਤ ਲੱਭਣਾ ਤੇ ਪੇਸ਼ ਕਰਨਾ ਉਨ੍ਹਾਂ ਲਈ ਬਹੁਤ ਜ਼ਰੂਰੀ ਸੀ। ਪਰ ਇਸ ਫਰੇਬ ਵਿੱਚ ਨਾ ਆ ਜਾਣਾ ਕਿ ਇਹੋ ਜਿਹੇ ਜ਼ੁਲਮ ਸਕੂਲਾਂ ਤੋਂ ਭੱਜੇ ਹੋਏ ਮੁੰਡੇ ਹੀ ਕਰਦੇ ਹਨ। ਪੜ੍ਹੇ ਲਿਖੇ, ਆਪਣੇ ਆਪ ਨੂੰ ਬੁੱਧੀਜੀਵੀ ਤੇ ਮਾਣ-ਸਨਮਾਨ ਵਾਲੇ ਕਹਾਉਣ ਵਾਲੇ ਮਰਦ ਵੀ ਇਸ ਕੰਮ ਵਿੱਚ ਪਿੱਛੇ ਨਹੀਂ ਰਹਿੰਦੇ। ਮਰਦ ਪਿੱਛੇ ਰਹਿਣਾ ਜਾਣਦੇ ਹੀ ਨਹੀਂ, ਆਖ਼ਰ ਉਹ ਮਰਦ ਹਨ, ਉਨ੍ਹਾਂ ਨੂੰ ਹੱਕ ਹੈ ਕਿ ਔਰਤਾਂ ਨਾਲ ਜਿਵੇਂ ਚਾਹੇ ਸਲੂਕ ਕਰਨ, ਔਰਤਾਂ ਉਨ੍ਹਾਂ ਦੀ ਜਾਇਦਾਦ ਹਨ, ਹੇਠਲੀ ਸ਼੍ਰੇਣੀ ਦੇ ਜੀਵ।
ਕੋਈ ਦੋ ਮਹੀਨੇ ਪੰਜਾਬ ਦੇ ਇੱਕ ਸ਼ਹਿਰ ਵਿੱਚ ਇੱਕ ਵਿਅਕਤੀ ਨੇ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ ਕੀਤਾ ਤੇ ਮਈ ਮਹੀਨੇ ਵਿੱਚ ਇੱਕ ਬਾਪ ਨੇ ਆਪਣੀ ਦਸ ਸਾਲਾ ਧੀ ਨਾਲ। ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ 65 ਸਾਲਾ ਔਰਤ ਨਾਲ ਜਬਰ ਜਨਾਹ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਹੈਦਰਾਬਾਦ ਵਾਲੀ ਘਟਨਾ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਉਨਾਓ ਵਿੱਚ ਜਬਰ ਜਨਾਹ ਕਰਨ ਤੋਂ ਬਾਅਦ ਪੀੜਤ ਕੁੜੀ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਉਹ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ। ਧੂਰੀ, ਲੁਧਿਆਣਾ, ਸੰਗਰੂਰ... ਪੰਜਾਬ। ਦੁਨੀਆ ਵਿੱਚ ਕਿਹੜੀ ਥਾਂ ਹੈ ਜਿੱਥੇ ਇਹ ਭਿਅੰਕਰ ਅਪਰਾਧ ਤੇ ਜ਼ੁਲਮ ਨਹੀਂ ਹੋ ਰਹੇ?
ਢਾਈ ਹਫ਼ਤਿਆਂ ਤੋਂ ਲਾਤੀਨੀ (ਦੱਖਣੀ) ਅਮਰੀਕਾ ਦੇ ਦੇਸ਼ਾਂ ਵਿੱਚ ਚਿੱਲੀ ਦੀਆਂ ਔਰਤਾਂ ਦਾ ਗਾਇਆ ਹੋਇਆ ਇਹ ਗੀਤ 'ਬਲਾਤਕਾਰੀ ਰਸਤੇ ਵਿੱਚ ਹੈ/ਬਲਾਤਕਾਰੀ ਆ ਰਿਹਾ ਹੈ' ਗੂੰਜ ਰਿਹਾ ਹੈ। ਗੀਤ ਦੇ ਬੋਲ ਹਨ:
ਜਬਰ ਜਨਾਹ ਕਰਨ ਵਾਲਾ ਤੂੰ ਏਂ।
ਕਾਤਲ ਤੂੰ ਏਂ!
ਤੂੰ ਏਂ!... ਤੂੰ ਏਂ !... ਤੂੰ ਏਂ !...
ਜਬਰ ਜਨਾਹ ਕਰਨ ਵਾਲਾ ਤੂੰ ਏਂ
ਹਾਂ ਤੂੰ... ਤੂੰ ਏਂ ਜਬਰ ਜਨਾਹ ਕਰਨ ਵਾਲਾ
ਹਾਂ, ਹਾਂ, ਜਬਰ ਜਨਾਹ ਕਰਨ ਵਾਲਾ ਏਂ ਤੂੰ...
ਜਬਰ ਜਨਾਹ ਕਰਨ ਵਾਲਾ ਕੌਣ ਏ?
ਇਹ ਪੁਲੀਸ ਏ
ਇਹ ਜੱਜ ਨੇ
ਇਹ ਦੇਸ਼ ਦਾ ਸਦਰ ਏ
ਪਿਤਰੀ ਸੱਤਾ (ਮਰਦ ਪ੍ਰਧਾਨ) ਵਾਲੀ ਸੋਚ ਜੱਜ ਬਣੀ ਬੈਠੀ ਏ
ਤੇ ਉਹ ਨਿਆਂ ਕਰਦੀ ਏ
ਕਿ ਅਸੀਂ ਜੰਮੀਆਂ ਕਿਉਂ ਹਾਂ
ਤੇ ਸਾਡੀ ਸਜ਼ਾ ਹੈ-
ਲਗਾਤਾਰ ਜਾਰੀ ਰਹਿੰਦੀ ਹਿੰਸਾ ਜਿਹੜੀ ਤੁਹਾਨੂੰ ਦਿਸਦੀ ਨਹੀਂ
ਸਾਡੀ ਸਜ਼ਾ ਏ ਔਰਤਾਂ ਦਾ ਮਰਨਾ
ਕਾਤਲਾਂ ਨੂੰ ਸਜ਼ਾ ਨਾ ਹੋਣਾ
ਔਰਤਾਂ ਦਾ ਗਾਇਬ ਹੋ ਜਾਣਾ
ਹਾਂ ਇਹ ਸਭ ਸਾਡੀ ਸਜ਼ਾ ਹੈ
ਸਾਡੀ ਸਜ਼ਾ ਹੈ-
ਜਬਰ ਜਨਾਹ
ਤੇ ਉੱਤੋਂ ਮਰਦ ਕਹਿੰਦਾ ਏ
ਮੇਰਾ ਕੋਈ ਕਸੂਰ ਨਹੀਂ
ਕਸੂਰ ਇਸ ਔਰਤ ਦਾ
ਇਸ ਨੂੰ ਪੁੱਛੋ ਇਹ ਉਸ ਵੇਲੇ ਓਥੇ ਕਿਉਂ ਸੀ
ਇਸ ਨੇ ਕਿੱਦਾਂ ਦੇ ਕੱਪੜੇ ਪਾਏ ਹੋਏ ਸਨ
ਮੇਰਾ ਕੋਈ ਦੋਸ਼ ਨਹੀਂ
ਤੇ ਨਾ ਹੀ ਮੇਰੇ ਕੱਪੜਿਆਂ ਦਾ
ਤੇ ਨਾ ਹੀ ਮੇਰੇ ਉਸ ਥਾਂ 'ਤੇ ਮੌਜੂਦ ਹੋਣ ਦਾ
ਕਸੂਰ ਹੈ
ਦਮਨਕਾਰੀ ਮਰਦਾਨਗੀ ਵਿੱਚ ਗੜੁੱਚੀ ਸਰਕਾਰ/ ਰਿਆਸਤ/ ਸਟੇਟ
ਹਾਂ ਤੂੰ ਏਂ ਜਬਰ ਜਨਾਹ ਕਰਨ ਵਾਲਾ...
ਤੂੰ ਏਂ ਹਮਲਾ ਕਰਨ ਵਾਲਾ...
ਹਾਂ ਤੂੰ ਏਂ ਜਬਰ ਜਨਾਹ ਕਰਨ ਵਾਲਾ...
ਹਾਂ ਤੂੰ ਏਂ ਜਬਰ ਜਨਾਹ ਕਰਨ ਵਾਲਾ...
ਹਾਂ...
ਚਿੱਲੀ ਦੀਆਂ ਔਰਤਾਂ ਕਹਿ ਰਹੀਆਂ ਹਨ ''ਇਸ ਵਾਰ ਇਨਕਲਾਬ ਤਾਂ ਹੀ ਹੋਵੇਗਾ ਜੇ ਇਹ ਔਰਤਾਂ ਦਾ (ਨਾਰੀਵਾਦੀ) ਇਨਕਲਾਬ ਹੈ। ਜੇ ਇਹ (ਔਰਤਾਂ ਦਾ ਇਨਕਲਾਬ) ਨਹੀਂ ਹੁੰਦਾ ਤਾਂ ਇਨਕਲਾਬ ਨਹੀਂ ਹੋਵੇਗਾ।''
ਇਹ ਗੀਤ ਪਹਿਲੀ ਵਾਰ 20 ਨਵੰਬਰ ਨੂੰ ਨਾਰੀਵਾਦੀ ਜਥੇਬੰਦੀ ਲਾਸਟੈਸਿਸ (Lastesis) ਦੀਆਂ ਔਰਤਾਂ ਨੇ ਵਾਲਪਰੈਜ਼ੋ (Valparaiso) ਸ਼ਹਿਰ ਵਿੱਚ ਗਾਇਆ। ਔਰਤਾਂ ਇਕੱਠੀਆਂ ਹੋ ਗਈਆਂ ਤੇ ਉਨ੍ਹਾਂ ਦਾ ਦੁੱਖ ਤੇ ਰੋਹ ਗੂੰਜਦਾ ਹੋਇਆ ਗੀਤ ਬਣ ਗਿਆ। ਇਹ ਗੀਤ ਹੈ, ਚੀਖ਼ ਤੇ ਰੋਹ ਤੇ ਦਰਦ ਦੀ ਆਵਾਜ਼ ਹੈ, ਸਿਸਕਦੀ, ਕਰਲਾਉਂਦੀ ਤੇ ਨਾਲ ਹੀ ਲਲਕਾਰਦੀ ਹੋਈ, ਮਰਦ-ਪ੍ਰਧਾਨ ਸੋਚ ਦੀਆਂ ਜੜ੍ਹਾਂ ਨੂੰ ਪੁੱਟਦੀ ਹੋਈ। 26 ਨਵੰਬਰ, ਜਿਹੜਾ ਔਰਤਾਂ ਵਿਰੁੱਧ ਹਿੰਸਾ ਬੰਦ ਕਰਵਾਉਣ ਦੇ ਅੰਤਰਰਾਸ਼ਟਰੀ ਦਿਨ ਵਜੋਂ ਮਨਾਇਆ ਜਾਂਦਾ ਹੈ, ਨੂੰ ਲਾਸਟੈਸਿਸ ਦੀ ਅਗਵਾਈ ਵਿੱਚ ਸੈਂਕੜੇ ਔਰਤਾਂ ਨੇ ਇਹ ਗੀਤ ਚਿੱਲੀ ਦੀ ਰਾਜਧਾਨੀ ਸਾਨਤਿਆਗੋ ਵਿੱਚ ਕੇਂਦਰ ਸਰਕਾਰ ਦੇ ਔਰਤਾਂ ਦੇ ਅਧਿਕਾਰਾਂ ਤੇ ਔਰਤਾਂ ਦੀ ਬਰਾਬਰੀ ਵਾਲੇ ਵਿਭਾਗ ਦੇ ਦਫ਼ਤਰ ਸਾਹਮਣੇ ਗਾਇਆ। ਚਿੱਲੀ ਦੀ ਸੁਪਰੀਮ ਕੋਰਟ ਸਾਹਮਣੇ ਗਾਇਆ ਗਿਆ।
ਚਿੱਲੀ ਦੀਆਂ ਔਰਤਾਂ ਦਾ ਗੀਤ ਲਿਖਣ, ਬਣਾਉਣ ਤੇ ਗਾਉਣ ਪਿੱਛੇ ਬ੍ਰਾਜ਼ੀਲ ਯੂਨੀਵਰਸਿਟੀ ਵਿੱਚ ਪੜ੍ਹਾਉਣ ਵਾਲੀ ਰੀਤਾ ਲਾਰਾ ਸੀਗੈਤੋ ਅਤੇ ਅਜਿਹੀਆਂ ਹੋਰ ਚਿੰਤਕਾਂ ਦੀ ਸੋਚ ਕੰਮ ਕਰ ਰਹੀ ਹੈ। ਲਾਰਾ ਸੀਗੈਤੋ ਨੇ ਔਰਤਾਂ 'ਤੇ ਹੁੰਦੀ ਹਿੰਸਾ ਤੇ ਜ਼ੁਲਮ ਦੀ ਕਹਾਣੀ ਆਪਣੇ ਲੇਖ ''ਇਲਾਕਾ, ਪ੍ਰਭੂਸੱਤਾ ਅਤੇ ਦੂਸਰੀ ਰਿਆਸਤ/ਸਟੇਟ ਦੇ ਅਪਰਾਧ : ਕਤਲ ਕੀਤੀਆਂ ਗਈਆਂ ਔਰਤਾਂ ਦੇ ਸਰੀਰਾਂ 'ਤੇ ਕੀਤੀ ਗਈ ਲਿਖਤ (Territory, Sevoreighty and Crimes of the Second State : The writing on the Body of Murdered Women)'' ਵਿੱਚ ਲਿਖੀ।
29 ਨਵੰਬਰ ਨੂੰ ਇਹ ਗੀਤ ਮੈਕਸੀਕੋ ਦੇ ਚੌਕ ਵਿੱਚ ਔਰਤਾਂ ਦੀ ਇੱਕ ਟੋਲੀ ਨੇ ਗਾਇਆ ਜਿਨ੍ਹਾਂ ਨੇ ਅੱਖਾਂ 'ਤੇ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਅੱਖਾਂ 'ਤੇ ਪੱਟੀਆਂ ਬੰਨ੍ਹਣਾ ਇਹ ਦੱਸਦਾ ਹੈ ਕਿ ਔਰਤਾਂ ਨੇ ਅੱਖਾਂ 'ਤੇ ਪੱਟੀਆਂ ਨਹੀਂ ਬੰਨ੍ਹੀਆਂ, ਰਿਆਸਤ/ਸਟੇਟ/ਸਰਕਾਰ ਤੇ ਸਮਾਜ ਨੇ ਅੱਖਾਂ 'ਤੇ ਪੱਟੀਆਂ ਬੰਨ੍ਹੀਆਂ ਹੋਈਆਂ ਹਨ, ਇਹ ਹਾਕਮ, ਜੱਜ ਤੇ ਪੁਲੀਸ ਹਨ ਜਿਨ੍ਹਾਂ ਨੇ ਅੱਖਾਂ 'ਤੇ ਪੱਟੀਆਂ ਬੰਨ੍ਹੀਆਂ ਹੋਈਆਂ ਹਨ ਜਿਨ੍ਹਾਂ ਨੂੰ ਔਰਤਾਂ 'ਤੇ ਹੁੰਦੀ ਹਿੰਸਾ ਦਿਸਦੀ ਤੇ ਮਹਿਸੂਸ ਨਹੀਂ ਹੁੰਦੀ।
ਜਿੱਥੇ ਇਸ ਸਬੰਧ ਵਿੱਚ ਸਖ਼ਤ ਕਾਨੂੰਨ ਬਣਾਉਣ, ਜਬਰ ਜਨਾਹ ਕਰਨ ਵਾਲਿਆਂ ਨੂੰ ਸਖ਼ਤ ਅਤੇ ਸੀਮਾਬੱਧ ਤਰੀਕੇ ਨਾਲ ਸਜ਼ਾਵਾਂ ਦੇਣ ਦੀ ਜ਼ਰੂਰਤ ਹੈ, ਉੱਥੇ ਇਸ ਜ਼ੁਲਮ ਨੂੰ ਜਨਮ ਦੇਣ ਵਾਲੀ ਸੋਚ ਵਿਰੁੱਧ ਲੜਨਾ ਵੀ ਜ਼ਰੂਰੀ ਹੈ। ਜਬਰ ਜਨਾਹ ਦਾ ਸ਼ਿਕਾਰ ਹੋਣ ਜਾ ਰਹੀਆਂ ਔਰਤਾਂ ਇਸ ਤੋਂ ਤਾਂ ਹੀ ਬਚ ਸਕਦੀਆਂ ਹਨ ਜੇ ਉਹ ਤਹੱਈਆ ਕਰ ਲੈਣ ਕਿ ਇਹ ਦੁਸ਼ਕਰਮ/ਕੁਕਰਮ ਹੋਣ ਵੇਲੇ ਉਹ ਪੀੜਤ ਅਬਲਾ ਦਾ ਕਿਰਦਾਰ ਨਹੀਂ ਨਿਭਾਉਣਗੀਆਂ, ਉਹ ਲੜਨਗੀਆਂ, ਜਬਰ ਜਨਾਹ ਹੋਣ ਵੇਲੇ ਹੀ ਨਹੀਂ ਸਗੋਂ ਉਸ ਵੇਲੇ ਤੋਂ ਹੀ ਜਦੋਂ ਉਨ੍ਹਾਂ ਨੂੰ ਸ਼ੱਕ ਪੈਂਦਾ ਹੈ ਕਿ ਕੋਈ ਉਨ੍ਹਾਂ ਨਾਲ ਅਜਿਹਾ ਕੁਕਰਮ ਕਰਨ ਜਾ ਰਿਹਾ ਹੈ ਜਾਂ ਅਜਿਹੇ ਸਥਾਨ ਵੱਲ ਲਿਜਾ ਰਿਹਾ ਹੈ ਜਿੱਥੇ ਅਜਿਹਾ ਕਰਨਾ ਸੰਭਵ ਹੈ।
ਇਸ ਦੇ ਨਾਲ ਨਾਲ ਸਮਾਜ ਵਿੱਚ ਪਸਰੀ ਮਰਦ-ਪ੍ਰਧਾਨ ਸੋਚ ਵਿਰੁੱਧ ਵੱਡੀ ਲੜਾਈ ਲੜਨੀ ਪੈਣੀ ਹੈ; ਉਹ ਸੋਚ ਜਿਸ ਵਿੱਚ ਘਰਾਂ ਵਿੱਚ ਪੁੱਤਰ ਨੂੰ ਧੀ ਨਾਲੋਂ ਤਰਜੀਹ ਦਿੱਤੀ ਜਾਂਦੀ ਹੈ, ਧੀਆਂ ਨੂੰ ਗਰਭ ਵਿੱਚ ਹੀ ਕਤਲ ਕਰ ਦਿੱਤਾ ਜਾਂਦਾ ਹੈ, ਪੁੱਤਰ ਨੂੰ ਵੰਸ਼ ਚਲਾਉਣ ਵਾਲਾ ਤੇ ਧੀਆਂ ਨੂੰ ਬੋਝ ਮੰਨਿਆ ਜਾਂਦਾ ਹੈ, ਧੀਆਂ ਨੂੰ ਜਾਇਦਾਦ ਵਿੱਚ ਹਿੱਸਾ ਨਹੀਂ ਮਿਲਦਾ, ਕੁਝ ਕੰਮ (ਰਸੋਈ, ਭਾਂਡੇ ਮਾਂਜਣਾ, ਸਫ਼ਾਈ ਕਰਨਾ) ਔਰਤਾਂ ਦੇ ਕਰਨ ਵਾਲੇ ਸਮਝੇ ਜਾਂਦੇ ਹਨ। ਪੁੱਤਰਾਂ ਦੀ ਖੁਰਾਕ ਤੇ ਸਾਂਭ ਸੰਭਾਲ ਜ਼ਿਆਦਾ ਕੀਤੀ ਜਾਂਦੀ ਹੈ ਅਤੇ ਧੀਆਂ ਵੱਲ ਅਣਗਹਿਲੀ ਵਰਤੀ ਜਾਂਦੀ ਹੈ। ਕੁਝ ਪੇਸ਼ੇ (ਜਿਵੇਂ ਰਿਸੈਪਸ਼ਨਿਸਟ) ਔਰਤਾਂ ਲਈ ਇਸ ਲਈ ਰਾਖਵੇਂ ਕੀਤੇ ਜਾਂਦੇ ਹਨ ਕਿ ਉਹ ਮਰਦ-ਲੁਭਾਊ ਮੁਸਕਰਾਹਟਾਂ ਨਾਲ ਗਾਹਕਾਂ ਨੂੰ ਰਿਝਾਉਣ। ਇਸ਼ਤਿਹਾਰਾਂ ਵਿੱਚ ਔਰਤ ਦੇ ਅਰਧ ਨਗਨ ਸਰੀਰ ਨੂੰ ਕਾਰਾਂ ਤੇ ਵਿਕਰੀ ਦੀਆਂ ਹੋਰ ਵਸਤਾਂ ਦੇ ਨਾਲ ਜੋੜ ਕੇ ਇਸ਼ਤਿਹਾਰੀ ਵਸਤ ਬਣਾਇਆ ਜਾਂਦਾ ਹੈ।
ਔਰਤਾਂ ਨੂੰ ਇਹ ਵੀ ਸਿਖਾਇਆ ਜਾਂਦਾ ਹੈ ਕਿ ਔਰਤਾਂ ਨੂੰ ਘਰ, ਪਰਿਵਾਰ ਤੇ ਸਮਾਜ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ। ਕਿਹੜੀ ਰਜ਼ਾ? ਜਿਹੜੀ ਮਰਦ-ਪ੍ਰਧਾਨ ਸੋਚ ਨੂੰ ਪ੍ਰਵਾਨ ਹੋਵੇ। ਉਸ ਨੂੰ ਆਪਣੇ ਬਦਨ ਅਤੇ ਬੋਲੀ ਵਿੱਚ ਤਮੀਜ਼ ਪੈਦਾ ਕਰਨੀ ਚਾਹੀਦੀ ਹੈ। ਕਿਸ ਤਰ੍ਹਾਂ ਦੀ ਤਮੀਜ਼? ਜਿਸ ਤਰ੍ਹਾਂ ਦੀ ਮਰਦ ਚਾਹੁੰਦੇ ਹਨ। ਮਰਦ-ਪ੍ਰਧਾਨ ਸੋਚ ਦਾ ਅਸਰ ਸਾਡੇ ਸਮਾਜ ਵਿੱਚ ਹੀ ਨਹੀਂ ਸਗੋਂ ਸਭ ਸਮਾਜਾਂ ਵਿੱਚ ਹੈ, ਦੁਨੀਆ ਭਰ ਵਿੱਚ ਹੈ, ਲਈ ਮਸ਼ਹੂਰ ਸਮਾਜ ਸ਼ਾਸਤਰੀ ਐਰਵਿੰਗ ਹੌਫਮੈਨ ਨੇ 1970ਵਿਆਂ ਵਿੱਚ ਕਿਹਾ ਸੀ ''ਧਰਮ ਨਹੀਂ, ਲਿੰਗ ਵਖਰੇਵੇਂ 'ਤੇ ਆਧਾਰਿਤ ਸੋਚ ਲੋਕਾਂ ਦੀ ਅਫ਼ੀਮ ਹੈ। (Gender, not religion, is the opiate of the masses.)"
ਮਰਦ-ਪ੍ਰਧਾਨ ਸੋਚ ਦਾ ਵਰਤਾਰਾ ਇਹ ਧਾਰਨਾ ਕਿ ਔਰਤਾਂ ਕਮਜ਼ੋਰ ਹਨ, ਉਨ੍ਹਾਂ ਨੂੰ ਰੱਖਿਆ ਦੀ ਲੋੜ ਹੈ ਅਤੇ ਮਰਦ ਉਨ੍ਹਾਂ ਤੋਂ ਸ਼ਕਤੀਸ਼ਾਲੀ ਹਨ, ਨੂੰ ਔਰਤਾਂ ਦੇ ਮਨਾਂ ਵਿੱਚ ਠੋਸਦਾ ਹੈ। ਔਰਤਾਂ ਬਹੁਤ ਵਾਰ ਇਸ ਸੋਚ ਸਮਝ ਨੂੰ ਸਵੀਕਾਰ ਅਤੇ ਆਤਮਸਾਤ ਕਰ ਲੈਂਦੀਆਂ ਹਨ ਜਿਵੇਂ ਇਸ ਤਰ੍ਹਾਂ ਦੀ ਸਮਝ ਕੋਈ ਅਟੱਲ ਸਮਾਜਿਕ ਵਰਤਾਰਾ ਜਾਂ ਕੁਦਰਤੀ ਨਿਯਮ ਤੇ ਜਿਊਣ ਦਾ ਸਹੀ ਤਰੀਕਾ ਹੋਵੇ।
ਮੱਧਕਾਲੀਨ ਸਮਿਆਂ ਵਿੱਚ ਪੰਜਾਬੀ ਸ਼ਾਇਰਾਂ ਦਮੋਦਰ, ਵਾਰਿਸ ਸ਼ਾਹ ਅਤੇ ਹੋਰਨਾਂ ਨੇ ਹੀਰ ਦੇ ਰੂਪ ਵਿੱਚ ਨਾਬਰੀ ਵਾਲਾ ਕਿਰਦਾਰ ਸਿਰਜਿਆ। ਵਾਰਿਸ ਸ਼ਾਹ ਦੇ ਕਿੱਸੇ ਵਿੱਚ ਜਦ ਹੀਰ ਨੂੰ ਇਸ਼ਕ ਕਰਨ ਤੋਂ ਹਟਕਿਆ ਜਾਂਦਾ ਹੈ ਤਾਂ ਉਸ ਦੇ ਮਨ ਵਿੱਚ ਭਿਣਕ ਪੈ ਜਾਂਦੀ ਹੈ ਕਿ ਉਸ ਨੂੰ ਮਾਰਿਆ ਜਾਵੇਗਾ। ਆਪਣੇ ਵੇਲੇ ਦੀ ਮਰਦ-ਔਰਤ ਸਿਆਸਤ ਨੂੰ ਪਛਾਣਦੀ ਹੋਈ ਹੀਰ ਮੂੰਹੋਂ ਵਾਰਿਸ ਸ਼ਾਹ ਇਹ ਕਹਾਉਂਦਾ ਹੈ, ''ਜਿਨ੍ਹਾਂ ਬੇਟੀਆਂ ਮਾਰੀਆਂ, ਰੋਜ਼ ਕਿਆਮਤ, ਸਿਰੀਂ ਤਿਨਾਂ ਦੇ ਵੱਡਾ ਗੁਨਾਹ ਮੀਆਂ''
ਹੀਰ ਇਸ਼ਕ ਪੁਗਾਉਣ ਲਈ ਮਾਂ, ਪਿਉ, ਭਰਾਵਾਂ, ਚਾਚਿਆਂ, ਸਮਾਜ ਤੇ ਕਾਜ਼ੀ ਨਾਲ ਮੱਥਾ ਲਾਉਂਦੀ ਹੈ। ਭਰਾਵਾਂ ਨੂੰ ਕਹਿੰਦੀ ਹੈ, ''ਅੱਖੀਂ ਲੱਗੀਆਂ, ਮੁੜਨ ਨਾ ਵੀਰ ਮੇਰੇ, ਹੀਰ ਵਾਰ ਘੱਤੀ ਬਲਿਹਾਰੀਆਂ ਵੇ। ਇਹ ਨਸੀਹਤਾਂ ਤੇਰੀਆਂ ਇਉਂ ਦਿਸਣ, ਜਿਉਂ ਰੇਤ ਦੀਆਂ ਕੰਧਾਂ ਸਾਰੀਆਂ ਵੇ... ਵਾਰਿਸ ਸ਼ਾਹ ਮੀਆਂ ਭਾਈ ਵਰਜਦੇ ਨੀ, ਵੇਖ ਇਸ਼ਕ ਬਣਾਈਆਂ ਖਵਾਰੀਆਂ ਵੇ।'' ਤੇ ਮਾਂ ਨੂੰ ਦੱਸਦੀ ਹੈ ''ਵਾਰਿਸ ਸ਼ਾਹ ਨਾ ਮੁੜਾ ਕਲੰਦੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ।'' ਸਹੇਲੀਆਂ ਨਾਲ ਮਿਲ ਕੇ ਚਾਚੇ ਕੈਦੋ ਨੂੰ ਕੁੱਟਦੀ ਹੈ : ''ਝੰਜੋੜ ਸਿਰ ਤੋੜ ਕੇ ਘਤ ਮੂਧਾ, ਲਾਂਗੜ ਪਾੜ ਕੇ ਧੜਾ ਧੜ ਕੁਟਿਉ ਨੇ।'' ਤੇ ਧਰਮ ਨਾਲ ਆਢਾ ਲਾਉਂਦੀ ਹੋਈ ਕਾਜ਼ੀ ਨੂੰ ਕਹਿੰਦੀ ਹੈ, ''ਜਿਹੜੇ ਰਿਸ਼ਵਤਾਂ ਖਾਇ ਕੇ ਹੱਕ ਰੋੜਨ, ਉਹ ਚੋਰ ਉਚਕੜੇ ਰਾਹ ਦੇ ਨੀ।'' ਵਾਰਿਸ ਸ਼ਾਹ ਹੀਰ ਦਾ ਕਿਰਦਾਰ ਸਿਰਜ ਕੇ ਉਸ ਦੀ ਜ਼ੁਬਾਨ 'ਤੇ ਤਾਂ ਇਹ ਬੋਲ ਧਰਦਾ ਹੀ ਹੈ ਪਰ ਨਾਲ ਸਮਾਜ, ਧਰਮ ਤੇ ਸਭਿਆਚਾਰ ਦੀ ਬੇਇਨਸਾਫ਼ੀ 'ਤੇ ਖ਼ੁਦ ਕਰਾਰੀ ਚੋਟ ਕਰਦਾ ਹੈ : ਕਹਿੰਦਾ ਹੈ, ''ਪੈਂਚਾਂ ਪਿੰਡ ਦਿਆਂ ਸੱਚ ਥੀਂ ਤਰਕ ਕੀਤਾ, ਕਾਜ਼ੀ ਰਿਸ਼ਵਤਾਂ ਮਾਰ ਕੇ ਕੋਰ ਕੀਤੇ॥'' ਅਤੇ ''ਦਾੜੀ ਸ਼ੇਖਾਂ ਦੀ, ਛੁਰਾ ਕਸਾਈਆਂ ਦਾ, ਬਹਿ ਪਰੇ ਵਿੱਚ ਪੈਂਚ ਸਦਾਵਦੇ ਨੇ।'' ਪੰਜਾਬੀ ਸਮਾਜ ਦਾ ਦੁਖਾਂਤ ਇਹ ਹੈ ਕਿ ਹੀਰ ਕਿੱਸਿਆਂ ਤੇ ਲੋਕ ਗੀਤਾਂ ਵਿੱਚ ਤਾਂ ਬੋਲਦੀ ਹੈ ਪਰ ਪੰਜਾਬ ਦੇ ਹਕੀਕੀ ਸਮਾਜਿਕ ਜੀਵਨ ਵਿੱਚ ਨਹੀਂ। ਪੰਜਾਬ ਦੀ ਮਰਦ-ਪ੍ਰਧਾਨ ਸੋਚ ਕਹਿੰਦੀ ਹੈ ਕਿ ਹੀਰ ਸਾਡੇ ਘਰ ਨਹੀਂ, ਗਵਾਂਢੀ ਦੇ ਘਰ ਜੰਮੇ।
ਕੌੜੀਆਂ ਸਚਿਆਈਆਂ ਦਾ ਸਾਹਮਣਾ
[ਸੋਧੋ]ਕੁਝ ਹੋਰ ਕੌੜੀਆਂ ਸਚਿਆਈਆਂ ਦਾ ਸਾਹਮਣਾ ਵੀ ਕਰਨਾ ਚਾਹੀਦਾ ਹੈ। ਪਰਿਵਾਰ ਅਤੇ ਸਮਾਜ ਦੇ ਨਾਲ ਨਾਲ ਧਰਮ ਵੀ ਲਿੰਗ ਆਧਾਰਿਤ ਮਰਦ-ਪ੍ਰਧਾਨ ਸੋਚ ਨੂੰ ਪ੍ਰਵਾਨ ਕਰਾਉਣ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ। ਲਗਭਗ ਸਾਰੇ ਧਰਮਾਂ ਵਿੱਚ ਧਾਰਮਿਕ ਰੀਤੀ ਰਿਵਾਜ਼ਾਂ ਨੂੰ ਨਿਭਾਉਣ ਦੇ ਹੱਕ ਜ਼ਿਆਦਾਤਰ ਮਰਦਾਂ ਨੂੰ ਦਿੱਤੇ ਗਏ ਹਨ। ਧਾਰਮਿਕ ਅਸਥਾਨਾਂ ਦੀ ਨਿਗਰਾਨੀ, ਸਾਂਭ-ਸੰਭਾਲ ਤੇ ਉੱਥੋਂ ਤਕ ਔਰਤਾਂ ਦੀ ਪਹੁੰਚ ਨੂੰ ਨਿਯਮਬੱਧ ਕਰਨ ਦੇ ਅਧਿਕਾਰ ਵੀ ਮਰਦਾਂ ਕੋਲ ਹਨ। ਪੁਰਾਤਨ ਧਰਮਾਂ ਜਿਨ੍ਹਾਂ ਵਿੱਚ ਦੇਵੀ ਦੇਵਤੇ ਦੁਨਿਆਵੀ ਮਰਦ-ਔਰਤ ਰਿਸ਼ਤਿਆਂ ਦਾ ਜਟਿਲ ਪਰਤੌਅ ਸਨ, ਨੂੰ ਛੱਡ ਕੇ ਨਵੇਂ ਧਰਮਾਂ ਵਿੱਚ ਦੁਨੀਆ ਬਣਾਉਣ ਵਾਲੀ ਅਲੌਕਿਕ ਸ਼ਕਤੀ ਦੀ ਕਲਪਨਾ ਵੀ ਬਹੁਤੀ ਵਾਰੀ ਮਰਦ ਰੂਪ ਵਿੱਚ ਕੀਤੀ ਗਈ ਹੈ। ਬਹੁਤ ਸਾਰੇ ਧਰਮਾਂ ਵਿੱਚ ਔਰਤਾਂ ਨੇ ਧਾਰਮਿਕ ਰੀਤੀ ਰਿਵਾਜ ਤੇ ਰਸਮਾਂ ਨਿਭਾਉਣ ਦੇ ਹੱਕ ਪਾਉਣ ਲਈ ਜੱਦੋਜਹਿਦ ਕੀਤੀ ਹੈ ਪਰ ਉਨ੍ਹਾਂ ਦੀ ਸਫ਼ਲਤਾ ਬਹੁਤ ਸੀਮਤ ਰਹੀ ਹੈ (ਇੰਗਲੈਂਡ ਦੇ ਐਂਗਲੀਕਨ ਚਰਚ ਵਿੱਚ ਔਰਤਾਂ ਨੂੰ ਪਾਦਰੀ ਬਣਾਇਆ ਜਾ ਰਿਹਾ ਹੈ)। ਬਹੁਤੀ ਵਾਰ ਔਰਤਾਂ ਦੇ ਹੱਕਾਂ ਨੂੰ ਇਸ ਲਈ ਮਾਨਤਾ ਨਹੀਂ ਦਿੱਤੀ ਜਾਂਦੀ ਕਿ ਰਵਾਇਤਾਂ ਅਤੇ ਮਰਿਆਦਾ ਇਸ ਦੀ ਇਜਾਜ਼ਤ ਨਹੀਂ ਦਿੰਦੀਆਂ।
ਮੇਰੀ ਪੰਜਾਬੀਆਂ ਅੱਗੇ ਬੇਨਤੀ ਹੈ ਕਿ ਉਹ ਯੂ ਟਿਊਬ 'ਤੇ ਪਿਆ ਚਿੱਲੀ ਦੀਆਂ ਔਰਤਾਂ ਦਾ ਗੀਤ ਜ਼ਰੂਰ ਸੁਣਨ ਤੇ ਦੇਖਣ, ਮੈਂ ਆਪਣੀਆਂ ਧੀਆਂ ਭੈਣਾਂ ਨੂੰ ਕਹਿੰਦਾ ਹਾਂ ਇਹ ਗੀਤ ਸੁਣ ਕੇ ਉਹ ਆਪਣਾ ਗੀਤ ਬਣਾਉਣ, ਗਲੀਆਂ ਬਜ਼ਾਰਾਂ ਵਿੱਚ ਨਿਕਲਣ, ਮਰਦ ਦੀ ਤਾਕਤ ਨੂੰ ਦੁਰਕਾਰਦੇ ਤੇ ਲਲਕਾਰਦੇ ਗੀਤ ਗਾਉਣ। ਇਹ ਗੀਤ ਚਿੱਲੀ ਦੀਆਂ ਹੀਰਾਂ ਨੇ ਗਾਇਆ ਹੈ, ਪੰਜਾਬ ਅਤੇ ਬਾਕੀ ਦੁਨੀਆ ਦੀਆਂ ਹੀਰਾਂ ਨੂੰ ਵੀ ਆਪੋ ਆਪਣੇ ਗੀਤ ਗਾਉਣ ਲਈ ਅੱਗੇ ਆਉਣਾ ਪੈਣਾ ਹੈ। ਮਰਦ-ਪ੍ਰਧਾਨ ਸੋਚ ਨਾਲ ਲੜਨ ਦਾ ਇਹੀ ਇਕੋ ਇੱਕ ਤਰੀਕਾ ਹੈ। ਦੁਨੀਆ ਭਰ ਦੀਆਂ ਹੀਰਾਂ ਨੂੰ ਬਰਾਬਰੀ ਲਈ ਸੰਘਰਸ਼ ਕਰਨਾ ਪੈਣਾ ਹੈ। ਅਜੇ ਤੀਕ ਉਹ ਆਪਣੇ ਆਪਣੇ ਕਿੱਸਿਆਂ ਵਿੱਚ ਕੈਦ ਹਨ।[1]
- ↑ ਨਿਕਿਤਾ, ਅਰੋੜਾ (2019). "ਪੰਜਾਬੀ ਟ੍ਰਿਬਿਊਨ".