ਸਮੱਗਰੀ 'ਤੇ ਜਾਓ

ਮਾਂਜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਾਂਜਾ ਵਿਆਹ ਨਾਲ ਸਬੰਧਿਤ ਇੱਕ ਰਸਮ ਹੈ। ਇਹ ਸਿੱਪ ਦੇ ਮੋਤੀਆਂ ਵਰਗੀ ਰਸਮ ਵਿਆਹ ਵਾਲੇ ਮੁੰਡੇ ਅਤੇ ਕੁੜੀ ਦੋਹਾਂ ਦੇ ਘਰ ਅਦਾ ਕੀਤੀ ਜਾਂਦੀ ਹੈ। ਜਿਆਦਾਤਰ ਇਹ ਰਸਮ ਪਿੰਡਾਂ ਵਿੱਚ ਪ੍ਰਚਲਿਤ ਰਹੀ ਹੈ। ਦੋਹਾਂ ਇਹ ਰਸਮ ਵਿਆਹ ਤੋਂ ਇੱਕ ਦਿਨ ਪਹਿਲਾ ਮੇਲ ਵਾਲੇ ਦਿਨ ਕੀਤੀ ਜਾਂਦੀ ਹੈ। ਇਸ ਰਸਮ ਨੂੰ ਮਾਈਆਂ ਦੀ ਰਸਮ, ਮਾਂਜੜੇ/ਮਾਈਏ ਪਾਉਣ ਦੀ ਰਸਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।1

ਮਾਂਜਾ

[ਸੋਧੋ]

ਮਾਂਜਾ ਗੁੜ ਜਾ ਸ਼ੱਕਰ ਨਾਲ ਭਰਿਆ ਥਾਲ ਹੁੰਦੈ ਜੋ ਸ਼ਰੀਕੇ ਭਾਈਚਾਰੇ ਦੀਆਂ ਸੁਆਣੀਆਂ ਵਿਆਹ ਵਾਲੇ ਘਰ ਦੇਣ ਜਾਂਦੀਆਂ ਹਨ। ਆਪਣੀ ਪਹੁੰਚ, ਨੀਅਤ ਜਾਂ ਵਰਤੋਂ ਮੁਤਾਬਕ ਹੀ ਮਾਂਜਾ ਦਿੱਤਾ ਜਾਂਦਾ ਹੈ। ਕਿਸੇ ਵੱਡੇ ਜਾਂ ਛੋਟੇ ਪਿੱਤਲ ਜਾਂ ਸਟੀਲ ਦੇ ਥਾਲ ਵਿੱਚ ਗੁੜ ਸ਼ੱਕਰ ਪਾ ਕੇ ਉਸ ਥਾਲ ਨੂੰ, ਕਢਾਈ ਕੀਤੇ ਦੁੱਧ ਚਿੱਟੇ ਸੋਹਣੇ ਰੁਮਾਲ ਨਾਲ ਢਕਿਆ ਜਾਂਦਾ ਜਾਂ ਰੰਗ ਬਰੰਗੇ ਰੇਸ਼ਮੀ ਰੁਮਾਲ ਵੀ ਥਾਲ ਤੇ ਪਾ ਲੈਂਦੀਆਂ। ਗੁੜ ਸ਼ੱਕਰ ਦੇ ਨਾਲ ਪਹਿਲਾਂ-ਪਹਿਲਾਂ ਇੱਕ ਜਾਂ ਦੋ ਰੁਪਏ ਦਿੱਤੇ ਜਾਂਦੇ ਸਨ, ਫਿਰ ਪੰਜ ਦਸ ਤੋਂ ਵਧਕੇ ਇੱਕੀ ਇੱਕਤੀ ਤੱਕ ਪੁੱਜ ਗਏ।

ਮਾਂਜੇ ਦੀ ਰਸਮ

[ਸੋਧੋ]

ਆਂਢਣਾਂ ਗੁਆਂਢਣਾਂ ਇੱਕ ਦੂਜੀ ਨਾਲ ਰਾਬਤਾ ਬਣਾ, ਮਿਥੇ ਸਮੇਂ ਤੇ ਇੱਕਠੀਆਂ ਹੋ ਕੇ ਪੰਜ ਸੱਤ ਜਣੀਆਂ ਦੀ ਟੋਲੀ ਬਣਾ ਕੇ ਆਪੋ ਆਪਣੇ ਥਾਲ ਸਜਾ ਸੁਆਰ ਕੇ ਵਿਆਹ ਵਾਲੇ ਘਰ ਜਾਂਦੀਆ। ਮਾਂਜਾ ਵਿਆਹ ਤੋਂ ਪਹਿਲੇ ਦਿਨ ਦਿੱਤਾ ਜਾਂਦਾ ਜਿਸ ਨੂੰ 'ਮੇਲ' ਦਾ ਦਿਨ ਕਿਹਾ ਜਾਂਦਾ। ਮਾਂਜੇ ਵਿੱਚ ਮਿਸ਼ਰੀ ਦੇ ਕੂਜੇ ਵੀ ਦਿੱਤੇ ਜਾਂਦੇ ਸਨ।1

ਮਾਂਜੇ ਵਾਲੀਆਂ ਦੀ ਉਡੀਕ

[ਸੋਧੋ]

ਵਿਆਹ ਵਾਲੇ ਵਿਹੜੇ ਬੜੀ ਰੋਣਕ ਹੁੰਦੀ। ਮਾਂਜੇ ਵਾਲੀਆਂ ਲਈ ਪਹਿਲਾ ਹੀ ਘਰ ਦੀ ਸਵਾਤ ਜਾਂ ਖੁੱਲ੍ਹੇ ਵਿਹੜੇ ਵਿੱਚ ਸਾਫ਼ ਸੁਥਰੇ ਖੇਸ ਦੋੜੇ ਵਿਛਾਏ ਹੁੰਦੇ ਤੇ ਘਰ ਦੀ ਮਾਲਕਣ ਆਪਣੇ ਸ਼ਰੀਕੇ ਭਾਈਚਾਰੇ ਵਾਲੀਆਂ ਨਾਲ ਪਹਿਲਾਂ ਹੀ ਉਹਨਾਂ ਦੀ ਉਡੀਕ ਕਰ ਰਹੀ ਹੁੰਦੀ ਤੇ ਜਿਵੇਂ ਉਡ ਕੇ ਉਹਨਾਂ ਨੂੰ ਮਿਲਦੀ।

ਮਾਂਜਾ ਫੜਨਾ

[ਸੋਧੋ]

ਮਾਂਜੇ ਵਾਲੀਆਂ ਤੋ ਥਾਲ ਅਤੇ ਰੁਪਏ ਪੈਸੇ ਫੜਨ ਦੀ ਡਿਊਟੀ ਤਿੰਨ ਚਾਰ ਜਣੀਆਂ ਦੀ ਪਹਿਲਾਂ ਹੀ ਲਾਈ ਹੁੰਦੀ। ਮਾਲਕਣ ਆਪ ਉਹਨਾਂ ਵਿੱਚ ਬੈਠ ਜਾਂਦੀ ਹੈ। ਮਾਂਜੇ ਵਾਲੀਆਂ ਨੂੰ ਚਾਹ ਪਾਣੀ ਪਿਆਉਂਦੀ ਇੱਕ ਵੱਡੇ ਥਾਲ ਵਿੱਚ ਨਮਕੀਨ ਤੇ ਮਿੱਠੀਆਂ ਸੇਵੀਆਂ ਸ਼ੱਕਰ ਪਾਰੇ ਚਾਹ ਨਾਲ ਦਿੱਤੇ ਜਾਂਦੇ। ਉੱਧਰ ਮਾਂਜਾ ਫੜਨ ਵਾਲੀ 'ਟੀਮ' ਨੇ ਗੁੜ ਸ਼ੱਕਰ ਅੱਡ-ਅੱਡ ਭਾਂਡਿਆਂ ਵਿੱਚ ਪਾਈ ਜਾਣਾ ਤੇ ਮਾਂਜੇ ਵਾਲੇ ਰੁਪਏ ਕਿਸੇ ਰੁਮਾਲ ਜਾਂ ਕਿਸੇ ਲਿਫਾਫੇ 'ਚ ਸਾਂਭੀ ਜਾਣੇ ਜੋ ਬਾਅਦ ਵਿੱਚ ਘਰ ਦੀ ਮਾਲਕਣ ਨੂੰ ਸੰਭਾਲ ਦੇਣੇ। ਦੂਜੀ ਟੀਮ ਘਰ ਦੀ ਮਾਲਕਣ ਦੇ ਸਮਝਾਦੇ ਅਨੁਸਾਰ ਘਰ ਦੇ ਬਣਾਏ ਲੱਡੂ, ਜਲੇਬੀਆਂ, ਖੁਰਮੇ ਜਾਂ ਸੱਕਰ ਪਾਰੇ, ਖਾਲੀ ਕੀਤੇ ਥਾਲਾਂ ਵਿੱਚ ਪਾਈ ਜਾਂਦੀ। ਆਮ ਸਭ ਨੂੰ ਇੱਕ ਗਿਣਤੀ ਰੱਖੀ ਜਾਂਦੀ ਪੰਜ ਸੱਤ ਲੱਡੂ, ਪੰਜ ਸੱਤ ਹੀ ਜਲੇਬੀਆਂ ਤੇ ਮੁੱਠਾਂ ਦੋ ਮੁੱਠਾਂ ਖੁਰਮੇ ਸ਼ੱਕਰਪਾਰਿਆਂ ਦੀਆਂ। ਪਰ ਬਹੁਤੀ ਨੇੜਤਾ ਵਾਲੇ ਪਰਿਵਾਰਾਂ ਲਈ ਮਾਲਕਣ ਨੇ ਪਹਿਲਾਂ ਹੀ ਉਸ 'ਟੀਮ' ਨੂੰ ਹਦਾਇਤਾਂ ਦਿੱਤੀਆਂ ਹੁੰਦੀਆਂ ਕਿ ਕੀਹਨੂੰ ਗਿਆਰਾਂ ਦੀ ਗਿਣਤੀ ਰੱਖਣੀ ਤੇ ਖੁਰਮੇ ਸ਼ੱਕਰਪਾਰੇ ਖੁੱਲ੍ਹੇ ਹੱਥੀ ਪਾਉਣੇ ਨੇ।

ਮਾਈਆਂ ਦੀ ਰਸਮ

[ਸੋਧੋ]

ਮੰਡੇ/ ਕੁੜੀ ਦੇ ਵਿਆਹ ਦੇ ਦਿਨ ਨਿਯਤ ਹੋਣ ਤੋਂ ਪਿੱਛੋਂ ਘਰ ਵਾਲੇ ਅਤੇ ਨਜ਼ਦੀਕੀ ਰਿਸ਼ਤੇਦਾਰ ਮੁੰਡੇ/ ਕੁੜੀ ਨੂੰ ਖਾਣ ਲਈ ਜੋ ਪੰਜੀਰੀ ਦਿੰਦੇ ਹਨ, ਉਸ ਪੰਜੀਰੀ ਨੂੰ ਮਾਈਆਂ ਕਿਹਾ ਜਾਂਦਾ ਹੈ। ਪੰਜੀਰੀ ਘਿਉ, ਆਟਾ ਤੇ ਸ਼ੱਕਰ ਨਾਲ ਬਣਦੀ ਸੀ। ਫੇਰ ਸ਼ੱਕਰ ਦੀ ਥਾਂ ਖੰਡ ਵਰਤੀ ਜਾਣ ਲੱਗੀ। ਜਿਸ ਦਿਨ ਮੁੰਡੇ/ ਕੁੜੀ ਦਾ ਵਿਆਹ ਧਰਿਆ ਜਾਂਦਾ ਹੈ, ਉਸ ਦਿਨ ਤੋਂ ਹੀ ਮੁੰਡੇ/ਕੁੜੀ ਨੂੰ ਮਾਈਏ ਪਿਆ ਕਿਹਾ ਜਾਂਦਾ ਹੈ।2

ਮਾਈਆਂ ਦੇਣ ਦਾ ਮੰਤਵ

[ਸੋਧੋ]

ਮਾਈਆਂ ਦੇਣ ਦਾ ਮੰਤਵ ਮੁੰਡੇ/ ਕੁੜੀ ਨੂੰ ਚੰਗੀ ਖੁਰਾਕ ਦੇ ਕੇ ਉਸ ਦੀ ਚੰਗੀ ਸਿਹਤ ਬਣਾਉਣਾ ਹੁੰਦਾ ਹੈ। ਪਹਿਲੇ ਸਮਿਆਂ ਵਿੱਚ ਘਿਉ ਅਤੇ ਘਿਉ ਨਾਲ ਬਣਾਈਆਂ ਵਸਤਾਂ ਹੀ ਤਾਕਤ ਵਧਾਉਣ ਵਾਲੀਆਂ ਮੰਨੀਆਂ ਜਾਂਦੀਆਂ ਸਨ।2

ਮਾਈਆ ਦੇਣਾ

[ਸੋਧੋ]

ਸਰੀਕੇ ਵਾਲੇ ਤੇ ਖ਼ਾਸ ਮਿਲਵਰਤਣ ਵਾਲੇ ਪਰਿਵਾਰ ਵੀ ਮਾਈਆਂ ਦਿੰਦੇ ਸਨ ਪਰ ਇਨ੍ਹਾਂ ਮਾਈਆਂ ਵਿੱਚ ਆਟੇ ਦਾ ਥਾਲ, ਘਿਉ ਦੀ ਕੌਲੀ ਤੇ ਗੁੜ ਸ਼ਾਮਲ ਹੁੰਦਾ ਸੀ।2

ਮਾਈਆਂ ਪਾਉਣਾ

[ਸੋਧੋ]

ਮੁੰਡੇ ਜਾਂ ਕੁੜੀ ਦੇ ਤਿੰਨ ਜਾ ਪੰਜ ਦਿਨ ਪਹਿਲਾ ਚੋਲ ਪਕਾ ਕੇ ਸ਼ਰੀਕੇ ਵਿੱਚ ਵੰਡੇ ਜਾਂਦੇ ਹਨ। ਇਸ ਰੀਤ ਨੂੰ ਮਾਈਆਂ ਪਾਉਣਾ ਕਹਿੰਦੇ ਹਨ। ਸ਼ਰੀਕੇ ਦੀਆਂ ਤੇ ਆਂਢ-ਗੁਆਂਢ ਦੀਆਂ ਜਨਾਨੀਆਂ ਇੱਕਠੀਆਂ ਹੋ ਕੇ ਚੱਕੀ ਵਿੱਚ ਗਲਾ ਪਾ ਕੇ ਪੀਹਦੀਆਂ ਹੋਈਆਂ ਇਹ ਗੀਤ ਗਾ ਕੇ ਪੂਰਬ ਪੱਛਮ ਭਾਵ ਇੱਕ ਦੂਜੇ ਤੋਂ ਦੂਰ ਵੱਸ ਦੇ ਘਰਾਣਿਆ ਦਾ ਹੋਣ ਵਾਲਾ ਮੇਲ ਚੇਤੇ ਕਰਾ ਦਿੰਦੀਆਂ ਹਨ:- ਕਿੱਥੋਂ ਲਿਆਦੇ ਚੱਕੇ ਵੇ ਕਿੱਥੋ ਲਿਆਂਦਾ ਹੱਥਾ। ਧੁਰੋਂ ਲਾਹੌਰੇ ਚੱਕੀ ਲਿਆਂਦੀ ਵਾਣ ਕਰੀਰੋ ਹੱਥਾ। ਕਿਹੜੇ ਰਾਜੇ ਚੱਕੀ ਲਿਆਂਦੀ ਕਿਹੜੀ ਰਾਣੀ ਪੀਸੇ ਬਾਬੇ ਰਾਜੇ ਚੱਕੀ ਲਿਆਂਦੀ ਅੰਮਾਂ ਰਾਣੀ ਪੀਸੇ।3

ਮਾਂਜੜੇ/ ਮਾਈਏ ਪਾਉਣ ਦੀ ਰਸਮ

[ਸੋਧੋ]

ਸ਼ਰੀਕੇ ਬਰਾਦਰੀ ਵਲੋ ਵੀ ਵਿਆਹੁੜੀ/ ਵਿਆਹੁੜੇ ਨੂੰ ਵਾਰੀ-ਵਾਰੀ ਘਰੇ ਬੁਲਾ ਕੇ ਉਹਨਾਂ ਨੂੰ ਪਰਿਵਾਰ ਸਮੇਂਤ ਰੋਟੀ ਪਾਣੀ ਵਰਜਿਆ ਜਾਂਦਾ (ਖਾਣੇ ਦੀ ਦਾਅਵਤ ਦਿੱਤੀ ਜਾਂਦੀ) ਜਿਸ ਵਿੱਚ ਚੌਲ ਸ਼ੱਕਰ, ਦੇਸੀ ਘਿਉ ਅਤੇ ਮਾਹਾਂ ਦੀ ਦਾਲ ਆਦਿ ਵਿਸ਼ੇਸ਼ ਤੌਰ 'ਤੇ ਪਰੋਸੇ ਜਾਂਦੇ ਅਤੇ ਠੂਠੀਆਂ ਆਦਿ ਦੇ ਸ਼ਗਨ ਵੀ ਦਿੱਤੇ ਜਾਂਦੇ ਇਸ ਸਭ ਨੂੰ ਮਾਂਜੜੇ/ ਮਾਈਏਂ ਪਾਉਣ ਦੀ ਰਸਮ ਕਿਹਾ ਜਾਂਦਾ।4

ਵਿਤੀ ਮਦਦ

[ਸੋਧੋ]

ਮਾਂਜਾ ਮੱਧ-ਵਰਗੀ ਪਰਿਵਾਰਾਂ ਲਈ ਵਿੱਤੀ ਮਦਦ ਹੁੰਦਾ। ਸਾਲ ਛਿਮਾਹੀ ਗੁੜ ਸ਼ੱਕਰ ਨਾ ਮੁੱਕਦਾ ਤੇ ਮਾਂਜੇ ਵਾਲੇ ਰੁਪਏ ਪੈਸੇ ਘਰ ਦੀ ਸੁਆਣੀ ਆਪਣੇ ਹੱਥ ਹੇਠ ਰੱਖਦੀ ਤੇ ਕਿਤੇ ਅੋਖ ਸੌਖ ਵੇਲੇ ਕੱਢਦੀ।1 ਦਰਅਸਲ ਪਹਿਲੇ ਸਮਿਆਂ ਵਿੱਚ ਖੇਤੀ ਮੀਹਾਂ ਤੇ ਨਿਰਭਰ ਹੋਣ ਕਰ ਕੇ ਆਈ ਚਲਾਈ ਹੀ ਚਲਦੀ ਸੀ। ਇਸ ਲਈ ਮੁੰਡੇ/ ਕੁੜੀਆਂ ਦੇ ਵਿਆਹ ਸਾਰੇ ਰਿਸ਼ਤੇਦਾਰ ਅਤੇ ਸ਼ਰੀਕੇ ਵਾਲੇ ਮਿਲ ਕੇ ਕਰਦੇ ਸਨ। ਮਾਈਆਂ ਵਿੱਚ ਵਿਆਹ ਜੋਗਾ ਆਟਾ, ਘਿਉ ਤੇ ਗੁੜ ਇੱਕਠਾ ਹੋ ਜਾਂਦਾ ਸੀ। ਉਹਨਾਂ ਸਮਿਆਂ ਵਿੱਚ ਬਰਾਤਾਂ ਲਈ ਗੁੜ ਦਾ ਕੜਾਹ ਹੀ ਮਠਿਆਈ ਹੁੰਦਾ ਸੀੇ। ਰਿਸ਼ੇਤਦਾਰਾਂ ਅਤੇ ਸ਼ਰੀਕੇ ਵਾਲਿਆਂ ਦੇ ਨਿਉਂਦੇ ਨਾਲ ਰੂਪੈ ਕੱਠੇ ਹੋ ਜਾਂਦੇ ਸਨ।2

ਭਾਈਚਾਰਕ ਸਾਂਝ

[ਸੋਧੋ]

ਮਾਂਜੇ ਦੇਣ ਲੈਣ ਨਾਲ ਭਾਈਚਾਰਕ ਸਾਂਝ ਬਣੀ ਰਹਿੰਦੀ, ਇੱਕ ਦੂਜੇ ਨਾਲ ਮੇਲ-ਜੋਲ ਬਣਿਆ ਰਹਿੰਦਾ। ਇੱਕ ਦੇ ਘਰ ਵਿਆਹ ਹੁੰਦਾ ਸਰਿਆਂ ਨੂੰ ਚਾਅ ਚੜ੍ਹਿਆ ਹੁੰਦਾ।1

ਹਵਾਲੇ

[ਸੋਧੋ]
  • ਪਰਮਜੀਤ ਕੌਰ ਸਰਹਿੰਦ, ਪੰਜਾਬੀ ਤਿੱਥ ਤਿਉਹਾਰ ਤੇ ਰਸਮੋ- ਰਿਵਾਜ ਚਾਨਣ ਦੀ ਨਾਨਕ ਛੱਕ, ਲੋਕਗੀਤ ਪ੍ਰਕਾਸ਼ਨ, ਪੰਨਾ- 155-156-157
  • ਡਾ. ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀ ਸਟਾਰ ਬੂਕਸ ਪ੍ਰਾਈਵੇਟ ਲਿਮਟਿਡ ਪੰਨਾ- 414-415
  • ਡਾ. ਮਹਿੰਦਰ ਸਿੰਘ ਬਿਰਦੀ, ਡੱਗੋ ਰੁਮਾਣਾ ਸਾਡਾ ਪਿੰਡ ਇੱਕ ਸਰਬ ਪੱਖੀ ਅਧਿਐਨ, ਪ੍ਰਕਾਸ਼ਕ: ਸਮੂਹ ਰੁਮਾਣੇ ਭਾਈਚਾਰਾ ਪਿੰਡ ਡੱਗੋ ਰੁਮਾਣਾ ਪੰਨਾ-286
  • ਲਖਵਿੰਦਰ ਸਿੰਘ ' ਰਈਆ ਹਵੇਲੀਆਣਾ, ਮੈਨੂੰ ਨਵਾਂ ਸਵੇਰਾ ਕੀ ਜਾਣੇ? ਨਵੀਨ ਪ੍ਰਕਾਸ਼ਨ ਅੰਮ੍ਰਿਤਸਰ ਪੰਨਾ-91