ਸਮੱਗਰੀ 'ਤੇ ਜਾਓ

ਮਿੰਨੀ (1988)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਿੰਨੀ (1988) ਇੱਕ ਪੰਜਾਬੀ ਰਸਾਲਾ ਹੈ। ‘ਮਿੰਨੀ’ ਨਿਰੋਲ ਮਿੰਨੀ ਕਹਾਣੀਆਂ ਦਾ ਤ੍ਰੈਮਾਸਿਕ ਪਰਚਾ ਹੈ, ਜੋ ਕਿ ਪਿਛਲੇ 35 ਸਾਲਾਂ ਤੋਂ ਲਗਾਤਾਰ ਪ੍ਰਕਾਸ਼ਿਤ ਹੋ ਰਿਹਾ ਹੈ। ਇਸ ਪਰਚੇ ਦਾ ਕੋਈ ਅੰਕ ਸੰਯੁਕਤ ਅੰਕ ਨਹੀਂ ਆਇਆ ਤੇ ਨਾ ਹੀ ਕਦੇ ਲੇਟ ਆਇਆ ਹੈ। ਇਹ ਸਫ਼ਰ ਆਪਣੇ ਆਪ ਵਿਚ ਇਕ ਮਿਸਾਲ ਹੈ। ਇਸ ਪਰਚੇ ਦੀ ਸ਼ੁਰੂਆਤ ਡਾ. ਸ਼ਿਆਮ ਸੁੰਦਰ ਦੀਪਤੀ ਅਤੇ ਸ਼ਿਆਮ ਸੁੰਦਰ ਅਗਰਵਾਲ ਦੁਆਰਾ ਕੀਤੀ ਗਈ।

‘ਮਿੰਨੀ’ ਪਲੇਠਾ ਅੰਕ ਜਿਸ ਨੂੰ ਪਾਇਲਟ ਅੰਕ (ਸਰਵੇਖਣ ਅੰਕ) ਦਾ ਨਾਂ ਦਿੱਤਾ ਗਿਆ ਸੀ, ਡਾ. ਦੀਪਤੀ ਅਤੇ ਅੱਗਰਵਾਲ ਦੀ ਸੰਪਾਦਨਾ ਹੇਠ 9 ਅਕਤੂਬਰ 1988 ਨੂੰ ਮਿੰਨੀ ਕਹਾਣੀ ਸਮਾਗਮ, ਰਾਮਪੁਰਾ ਫੂਲ ਵਿਖੇ ਜਾਰੀ ਕੀਤਾ ਗਿਆ। ਇਸ ਰਸਾਲੇ ਦਾ ਮੁੱਖ ਉਦੇਸ਼ ਮਿੰਨੀ ਕਹਾਣੀ ਵਿਧਾ ਲਈ ਇੱਕ ਮੰਚ ਤਿਆਰ ਕਰਨਾ, ਵਿਧਾ ਦੀ ਸਥਿਤੀ ਵਿੱਚ ਸੁਧਾਰ ਲਿਆਉਣਾ ਤੇ ਇਸ ਦੇ ਵਿਕਾਸ ਲਈ ਉਪਰਾਲੇ ਕਰਨਾ ਮਿੱਥਿਆ ਗਿਆ। ਰਸਾਲੇ ਦੇ ਅੰਕ 25 (ਅਕਤੂਬਰ 1994) ਤੋ ਬਿਕਰਮਜੀਤ ਨੂਰ ਇਸ ਦੇ ਸੰਪਾਦਕੀ ਮੰਡਲ ਵਿੱਚ ਜੁੜੇ। ਅੰਕ ਨੰ 61 ਤੋਂ 104 ਤੱਕ ਡਾ. ਅਨੂਪ ਸਿੰਘ ‘ਮਿੰਨੀ ਦੇ ਸੰਪਾਦਕੀ ਮੰਡਲ ਵਿਚ ਸ਼ਾਮਿਲ ਰਹੇ। ਅੰਕ ਨੰ 105 ਤੋਂ ਹਰਭਜਨ ਸਿੰਘ ਖੇਮਕਰਨੀ ਇਸ ਦੇ ਸੰਪਾਦਕੀ ਮੰਡਲ ਵਿਚ ਆ ਗਏ। ਇਸ ਦੇ ਨਾਲ ਹੀ ਨੌਜਵਾਨ ਲੇਖਕਾਂ ਜਗਦੀਸ਼ ਰਾਏ ਕੁਲਰੀਆਂ ਅਤੇ ਕੁਲਵਿੰਦਰ ਕੌਸ਼ਲ ਨੂੰ ਵੀ ਇਸ ਦੇ ਸੰਪਾਦਕੀ ਕਾਰਜਾਂ ਨਾਲ ਜੋੜਿਆ ਗਿਆ। ਹੁਣ ਇਸ ਦੇ ਸਹਿਯੋਗੀਆਂ ਦੀ ਚੋਖੀ ਗਿਣਤੀ ਹੈ ਅਤੇ ਇਸ ਨਾਲ ਜੁੜੇ ਮਿੰਨੀ ਕਹਾਣੀ ਲੇਖਕਾਂ ਦਾ ਵੱਡਾ ਕਾਫ਼ਲਾ। ਇਸ ਰਸਾਲੇ ਦਾ ਪਹਿਲਾ ਵਿਸੇਸ਼ਾਂਕ (ਅੰਕ-17) ਪੰਜਾਬ ਸਮੱਸਿਆ ਸੰਬੰਧੀ ਅਕਤੂਬਰ 1992 ਵਿੱਚ ਪ੍ਰਕਾਸ਼ਿਤ ਹੋਇਆ। ਇਸ ਦੇ ਹੁਣ ਤੱਕ ਕੁੱਲ 141 ਅੰਕਾਂ ਵਿੱਚੋ 40 ਅੰਕ ਵਿਸੇਸ਼ਾਂਕਾ ਵਜੋ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਪਰਚੇ ਦੇ ਵਿਸੇਸ਼ਾਂਕਾ ਨੂੰ ਮਿੰਨੀ ਕਹਾਣੀ ਪ੍ਰਤੀ ਵੱਖ- ਵੱਖ ਦਿ੍ਰਸ਼ਟੀਕੋਣਾਂ ਤੋ ਸੋਚ ਕੇ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਦਾ ਸਿਲਵਰ ਜੁਬਲੀ ਅੰਕ ਨੰਬਰ 75 ਇੱਕ ਵੱਡ ਅਕਾਰੀ ਅੰਕ ਵਜੋਂ ਪ੍ਰਕਾਸ਼ਿਤ ਹੋਇਆ, ਇਸ ਵਿੱਚ ਦੇਸ਼ - ਪ੍ਰਦੇਸ਼ ਦੀਆਂ ਮਿੰਨੀ ਕਹਾਣੀਆ ਨੂੰ ਸ਼ਾਮਿਲ ਕੀਤਾ ਗਿਆ ਹੈ।ਪ੍ਰਸਿੱਧ ਸਾਹਿਤਕਾਰ ਮੁਨਸ਼ੀ ਪ੍ਰੇਮ ਚੰਦ, ਸਅਦਤ ਹਸਨ ਮੰਟੋ, ਖਲੀਲ ਜਿਬਰਾਨ ਅਤੇ ਹਰੀ ਸ਼ੰਕਰ ਪਰਿਸਾਈ ਵਰਗੇ ਵਿਦਵਾਨ ਸਾਹਿਤਕਾਰਾਂ ਤੇ ਵਿਸ਼ੇਸ਼ ਅੰਕ ਤਿਆਰ ਕਰਕੇ ਇੰਨਾਂ ਦੀਆਂ ਰਚਨਾਵਾਂ ਨੂੰ ਮਿੰਨੀ ਕਹਾਣੀ ਦੇ ਸੰਦਰਭ ਵਿੱਚ ਵਾਚ ਕੇ ਸਮੀਖਿਆਂ ਕੀਤੀ ਗਈ ਹੈ। ਪੰਜਾਬੀ ਮਿੰਨੀ ਕਹਾਣੀ ਦੇ ਹੁਣ ਤੱਕ ਦੇ ਚਾਰ ਦਹਾਕਿਆ ਦੇ ਰਚਨਾ ਸਫਰ (1972-2012) ਅਥਵਾ ਸਮੁੱਚੇ ਵਿਕਾਸ ਕ੍ਰਮ ਨੂੰ ਤਰਤੀਬ ਬੱਧ ਤਿੰਨ ਭਾਗਾਂ “ਪੰਜਾਬੀ ਮਿੰਨੀ ਕਹਾਣੀ ਦਾ ਸ਼ੁਰੂਆਤੀ ਦੌਰ” (1972-1988), “ਪੰਜਾਬੀ ਮਿੰਨੀ ਕਹਾਣੀ ਦਾ ਵਿਕਾਸ” (1989-2000) ਅਤੇ “ਪੰਜਾਬੀ ਮਿੰਨੀ ਕਹਾਣੀ ਪਛਾਣ ਵੱਲ” (2001-2012) ਵਿੱਚ ਵੰਡ ਕੇ ਇਸ ਰਸਾਲੇ ਦੇ ਤਿੰਨ ਵਿਸ਼ੇਸ਼ਾਂਕ ਅੰਕ ਨੰ 99, 100 ਅਤੇ 101 ਪ੍ਰਕਾਸ਼ਿਤ ਕੀਤੇ ਗਏ ਹਨ। ਇਹਨਾਂ ਅੰਕਾਂ ਦੇ ਪ੍ਰਕਾਸ਼ਿਤ ਹੋਣ ਨਾਲ ਸਮੁੱਚੀ ਪੰਜਾਬੀ ਮਿੰਨੀ ਕਹਾਣੀ ਦੇ ਇਤਿਹਾਸ ਅਤੇ ਵਿਕਾਸ ਕ੍ਰਮ ਅਤੇ ਇਸ ਦੇ ਵਿਸ਼ੇ, ਰੂਪਕ ਅਤੇ ਕਲਾ ਪੱਖ ਵਿੱਚ ਆਈਆ ਤਬਦੀਲੀਆਂ ਦਾ ਜਿੱਥੇ ਭਲੀਭਾਂਤ ਪਤਾ ਚਲਦਾ ਹੈ, ਉੱਥੇ ਇਸ ਵਿਧਾ ਦੀ ਸਥਾਪਤੀ ਦਾ ਡੰਕਾ ਵੀ ਵੱਜਦਾ ਹੈ। ਡਾ. ਸ਼ਿਆਮ ਸੁੰਦਰ ਦੀਪਤੀ ਨੇ ਆਪਣੇ ਇੰਨਾਂ ਸ਼ਬਦਾ ਦੇ ਜ਼ਰੀਏ “ਮਿੰਨੀ ਕਹਾਣੀ ਜਾਂ ਕਿਸੇ ਵੀ ਵਿਧਾ ਨਾਲ ਜੁੜੇ ਆਲੋਚਕ, ਕਿਸੇ ਵੀ ਵਿਧਾ ਦਾ ਵਿਸ਼ਲੇਸਣ ਕਰਨ ਲਈ, ਜੋ ਆਧਾਰ ਮਿੱਥਦੇ ਹਨ, ਉਹ ਸਭ ਦਾ ਵੱਖਰਾ ਹੁੰਦਾ ਹੈ।ਕੋਈ ਦਹਾਕਿਆਂ ਵਿੱਚ ਵੰਡ ਕੇ ਤੇ ਕੋਈ ਇਤਿਹਾਸਕ ਘਟਨਾਵਾਂ ਨਾਲ ਜੋੜ ਕੇ ਕਰਦੇ ਹਨ ਆਦਿ! ਮਿੰਨੀ ਤ੍ਰੈਮਾਸਿਕ ਵੱਲੋਂ ਉਸ ਦੇ 25ਵੇਂ ਵਰੇ ਤੇ, ਮਿੰਨੀ ਤ੍ਰੈਮਾਸਿਕ ਦੇ 100ਵੇਂ ਅੰਕ ਤੇ, ਸੰਪਾਦਕਾਂ ਨੇ ਦੋ ਮੰਤਵ ਲੈ ਕੇ ਇਹ ਕਾਰਜ ਉਲੀਕਿਆ। ਮਿੰਨੀ ਕਹਾਣੀ ਵਿਧਾ ਦੀ ਸ਼ੁਰੂਆਤ ਅਤੇ ਉਭਾਰ ਵੀ ਸਪਸ਼ਟ ਹੋਵੇ ਤੇ “ਮਿੰਨੀ” ਦੇ ਪੱਚੀ ਸਾਲ ਦੇ ਕਾਰਜ ਦਾ ਵੀ ਵਿਸ਼ਲੇਸ਼ਣ ਕੀਤਾ ਜਾਵੇ” ਵਿਸ਼ੇਸ਼ਾਂਕਾ ਦੇ ਉਦੇਸ਼ ਬਾਰੇ ਸਪੱਸ਼ਟ ਕੀਤਾ ਹੈ।ਇਹਨਾਂ ਤਿੰਨੇ ਅੰਕਾਂ ਨੂੰ ‘ਮਿੰਨੀ ਕਹਾਣੀ ਦੇ ਚਾਰ ਦਹਾਕੇ’ ਨਾਮਕ ਵੱਡ ਅਕਾਰੀ ਪੁਸਤਕ ਵਿਚ ਵੀ ਸਾਂਭਿਆ ਗਿਆ ਹੈ।‘ਪਛਾਣ ਅਤੇ ਪੜਚੋਲ’ ਦੇ ਕ੍ਰਮਵਾਰ ਤਿੰਨ ਅੰਕ ਮਿੰਨੀ ਕਹਾਣੀ ਲੇਖਕਾਂ ਤੇ ਕੇਂਦਰਿਤ ਕਰਕੇ ਇਹਨਾਂ ਵਿਚ ਮਿੰਨੀ ਕਹਾਣੀ ਦੀਆਂ ਤਿੰਨ ਪੀੜੀਆਂ ਦੇ ਪ੍ਰਮੁੱਖ ਲੇਖਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ।ਵੱਡੀ ਗੱਲ ਇਹ ਹੈ ਕਿ ਇਹ ਸਾਰੇ ਅੰਕ ਪੁਸਤਕ ਰੂਪ ਵਿਚ ਵੀ ਪ੍ਰਕਾਸ਼ਿਤ ਹੋਏ ਹਨ। ਇਸ ਅਧੀਨ ਪ੍ਰਮੁੱਖ ਮਿੰਨੀ ਕਹਾਣੀ ਲੇਖਕਾਂ ਦੀਆਂ ਕਿ੍ਰਤਾਂ ਨੂੰ ਅਲੋਚਨਾਤਮਕ ਟਿੱਪਣੀਆਂ ਸਮੇਤ ਸਾਂਭਿਆ ਗਿਆ ਹੈ।‘ਪਛਾਣ ਤੇ ਪੜਚੋਲ’ ਲੜੀ ਤਹਿਤ ਮਿੰਨੀ ਕਹਾਣੀ ਦੇ ਸ਼ੁਰੂਆਤੀ ਦੌਰ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਦੀ ਪ੍ਰਤੀਨਿਧ ਮਿੰਨੀ ਕਹਾਣੀ ਦੇ ਪਾਠ ਦੇ ਨਾਲ ਨਾਲ ਉਸ ਤੇ ਆਲੋਚਨਾਤਾਮਕ ਕਾਰਜ ਵੀ ਕਰਵਾਇਆ ਗਿਆ ਹੈ।

‘ਮਿੰਨੀ’ ਦੇ ਅੰਕ ਨੰਬਰ 120 ਤੋਂ ਬਾਅਦ ਇਸਦੇ ਸੰਪਾਦਕੀ ਮੰਡਲ ਵੱਲੋਂ ਇਹ ਨਿਰਣਾ ਕਰ ਲਿਆ ਸੀ ਕਿ ਇਸ ਨੂੰ ਛੇ-ਮਾਸਿਕ ਕਰ ਦਿੱਤਾ ਜਾਵੇ, ਪਰ ਇਸ ਨੂੰ ਚਾਹੁਣ ਵਾਲਿਆਂ ਨੇ ਸੰਪਾਦਕੀ ਮੰਡਲ ਨੂੰ ਇਹ ਫੈਸਲਾ ਬਦਲਣ ਲਈ ਮਜ਼ਬੂਰ ਕਰ ਦਿੱਤਾ, ਜਿਸਦੇ ਸਿੱਟੇ ਵਜੋਂ ਅੰਕ ਨੰਬਰ 121 ਤੋਂ ‘ਮਿੰਨੀ’ ਤ੍ਰੈਮਾਸਿਕ ਹੀ ਇੱਕ ਨਵੇਂ ਰੂਪ ਵਿਚ ਹਾਜ਼ਿਰ ਹੋਇਆ। ਇਸ ਵਿਚ ਮਿੰਨੀ ਕਹਾਣੀ ਤੇ ਕਈ ਨਵੇਂ ਫੀਚਰ ਸ਼ਾਮਿਲ ਕੀਤੇ ਗਏ। ਪ੍ਰਕਾਸ਼ਨ ਸਮਾਂ ਤਿਮਾਹੀ ਤਾਂ ਰਿਹਾ ਹੀ ਬਲਕਿ ਪੰਨੇ ਵੀ 48 ਤੋਂ 72 ਹੋ ਗਏ। ਇਸ ਵਿਚ ਮਿੰਨੀ ਕਹਾਣੀ ਤੇ ਆਲੋਚਨਾਤਮਕ ਲੇਖਾਂ ਅਤੇ ਲੇਖਕ ਦੀ ਸਿਰਜਣ ਪ੍ਰਕਿ੍ਰਆਂ ਦੇ ਨਾਲ ਨਾਲ ਹਿੰਦੀ ਤੇ ਵਿਦੇਸ਼ੀ ਮਿੰਨੀ ਕਹਾਣੀਆਂ ਦੇ ਪੰਜਾਬੀ ਅਨੁਵਾਦ ਨੂੰ ਵਿਸ਼ੇਸ਼ ਥਾਂ ਦਿੱਤੀ ਗਈ ਹੈ। ਇਸ ਅਦਾਰੇ ਦੀ ਸੋਚ ਕੇਵਲ ਮਿੰਨੀ ਪੱਤਿ੍ਰਕਾ ਪ੍ਰਕਾਸ਼ਿਤ ਕਰਨ ਹਿੱਤ ਤੱਕ ਹੀ ਸੀਮਿਤ ਨਹੀ ਬਲਕਿ ਮਿੰਨੀ ਕਹਾਣੀ ਦੇ ਸਮੁੱਚੇ ਵਿਕਾਸ ਤੱਕ ਹੈ। ਇੰਨਾਂ ਵੱਲੋ ਜਿੱਥੇ ਵੱਖ -ਵੱਖ ਭਾਸ਼ਾਵਾਂ ਦੀਆਂ ਚੌਣਵੀਆਂ ਮਿੰਨੀ ਕਹਾਣੀਆਂ ਦਾ ਅਨੁਵਾਦ ਪੰਜਾਬੀ ਪਾਠਕਾਂ ਤੇ ਲੇਖਕਾਂ ਤੱਕ ਪੁੱਜਦਾ ਕੀਤਾ ਜਾਦਾ ਹੈ, ਉੱਥੇ ਹੀ ਪੰਜਾਬੀ ਲੇਖਕਾਂ ਦੀਆਂ ਕਹਾਣੀਆਂ ਨੂੰ ਦੂਜੀਆਂ ਭਾਸ਼ਾਵਾਂ ਵਿੱਚ ਅੁਨਵਾਦ ਕਰਕੇ ਦੇਸ਼ ਦੇ ਦੂਜੇ ਖਿੱਤਿਆਂ ਤੱਕ ਪਹੁੰਚਾਇਆਂ ਜਾਦਾ ਹੈ। ਅੰਕ 128 ਤੋਂ ਮੌਢੀ ਟੀਮ ਨਿਗਰਾਨ ਦੇ ਰੂਪ ਵਿਚ ਤੇ ਨੌਜਵਾਨ ਲੇਖਕ ਜਗਦੀਸ਼ ਰਾਏ ਕੁਲਰੀਆਂ ਅਤੇ ਕੁਲਵਿੰਦਰ ਕੌਸ਼ਲ ਸੰਪਾਦਕੀ ਕਾਰਜ ਸੰਭਾਲ ਰਹੇ ਹਨ, ਜੋ ਕਿ ਰਸਾਲੇ ਨੂੰ ਨਿਰੰਤਰ ਹੋਰ ਵੀ ਅੱਗੇ ਵਧਾ ਰਹੇ ਹਨ। ਇਨਾਂ ਨੇ ਇਕ ਨਵੀਂ ਸਹਿਯੋਗੀ ਟੀਮ ਵੀ ਤਿਆਰ ਕੀਤੀ ਹੈ, ਜਿਸ ਵਿਚ ਮੁੱਖ ਤੌਰ ਗੁਰਸੇਵਕ ਸਿੰਘ ਰੋੜਕੀ, ਬੀਰ ਇੰਦਰ ਬਨਭੌਰੀ, ਦਰਸ਼ਨ ਸਿੰਘ ਬਰੇਟਾ, ਪਰਮਜੀਤ ਕੌਰ ਸ਼ੇਖੂਪੁਰ ਕਲਾਂ, ਗੁਰਪ੍ਰੀਤ ਕੌਰ, ਮਹਿੰਦਰਪਾਲ ਬਰੇਟਾ, ਡਾ. ਭਵਾਨੀ ਸ਼ੰਕਰ ਗਰਗ ਆਦਿ ਸ਼ਾਮਿਲ ਹਨ, ਉਹ ਵੀ ਰਸਾਲੇ ਦੀ ਪ੍ਰਗਤੀ ਵਿਚ ਯੋਗਦਾਨ ਪਾ ਰਹੇ ਹਨ।

              ਪੰਜਾਬੀ ਮਿੰਨੀ ਕਹਾਣੀ ਨੂੰ ਜਾਨਣ ਤੇ ਸਮਝਣ ਲਈ ਤ੍ਰੈਮਾਸਿਕ ‘ਮਿੰਨੀ’ ਨਾਲ ਸਾਂਝ ਜਰੂਰੀ ਹੈ।